ਬਿਕਰਮ ਬਰਾੜ : ਵਿੱਕੀ ਗੌਂਡਰ, ਮੂਸੇਵਾਲਾ ਦੇ ਕਤਲ ਦੇ ਮੁਲਜ਼ਮਾਂ ਸਣੇ 30 ਪੁਲਿਸ ਮੁਕਾਬਲੇ ਕਰਨ ਵਾਲੇ ਅਫ਼ਸਰ ਦਾ ਪਿਛੋਕੜ ਤੇ ਵਿਵਾਦ

Saturday, Jan 27, 2024 - 08:20 AM (IST)

ਬਿਕਰਮਜੀਤ ਸਿੰਘ ਬਰਾੜ
BBC
ਬਿਕਰਮਜੀਤ ਸਿੰਘ ਬਰਾੜ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਅਧਿਕਾਰੀ ਹਨ

ਪੰਜਾਬ ਪੁਲਿਸ ਦੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਇਸ ਸਾਲ ਗਣਤੰਤਰ ਦਿਹਾੜੇ ਮੌਕੇ ਰਾਸ਼ਟਰਪਤੀ ਬਹਾਦਰੀ ਮੈਡਲ ਹਾਸਲ ਕਰਨ ਕਾਰਨ ਚਰਚਾ ਵਿੱਚ ਆ ਗਏ ਹਨ।

ਵੈਸੇ ਤਾਂ ਪੁਲਿਸ ਅਧਿਕਾਰੀਆਂ ਨੂੰ ਬਹਾਦਰੀ ਲਈ ਸਰਕਾਰੀ ਸਨਮਾਨ ਮਿਲਣੇ ਕੋਈ ਨਵੀਂ ਗੱਲ ਨਹੀਂ ਹੈ ਪਰ ਡੀਐੱਸਪੀ ਬਰਾੜ ਦੀ ਚਰਚਾ ਇਸ ਲਈ ਹੋਰ ਰਹੀ ਹੈ ਕਿਉਂਕਿ ਇਹ ਉਨ੍ਹਾਂ ਦਾ ਚੌਥਾ ਰਾਸ਼ਟਰਪਤੀ ਮੈਡਲ ਹੈ।

ਪੰਜਾਬ ਵਿੱਚ ਗੈਂਗਸਟਰਜ਼ ਖ਼ਿਲਾਫ਼ ਸੂਬਾ ਪੁਲਿਸ ਦੇ ਮੋਹਰੀ ਅਫ਼ਸਰ ਵਜੋਂ ਜਾਣੇ ਜਾਂਦੇ ਬਿਕਰਮਜੀਤ ਬਰਾੜ ਨੂੰ ''''ਪੁਲਿਸ ਮੁਕਾਬਲਿਆਂ ਦਾ ਮਾਹਰ'''' ਸਮਝਿਆ ਜਾਂਦਾ ਹੈ।

ਉਹ ਕਥਿਤ ਗੈਂਗਸਟਰਾਂ ਖ਼ਿਲਾਫ਼ ਕੀਤੇ ਗਏ 30 ਪੁਲਿਸ ਮੁਕਾਬਲਿਆਂ ਵਿੱਚ ਸ਼ਾਮਲ ਰਹੇ ਹਨ, ਜਿਸ ਵਿੱਚ 11 ਕਥਿਤ ਗੈਂਗਸਟਰਾਂ ਦੀ ਮੌਤ ਹੋਈ ਹੈ।

ਡੀਐੱਸਪੀ ਬਰਾੜ ਜਿਹੜੇ ਪੁਲਿਸ ਮੁਕਾਬਲਿਆਂ ਕਾਰਨ ਚਰਚਾ ਵਿੱਚ ਆਏ ਸਨ, ਉਨ੍ਹਾਂ ਵਿੱਚੋਂ ਇੱਕ ਪੰਜਾਬ ਵਿੱਚ ਅਤਿ ਲੋੜੀਂਦੇ ਗੈਂਗਸਟਰ ਵਿੱਕੀ ਗੌਂਡਰ ਖ਼ਿਲਾਫ਼ ਸੀ ਅਤੇ ਦੂਜਾ ਪੰਜਾਬੀ ਪੌਪ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਕਥਿਤ ਕਾਤਲਾਂ ਨੂੰ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲਾ।

ਐਂਟੀ ਗੈਂਗਸਟਰ ਟਾਸਕ ਫੋਰਸ ਦਾ ਅਫ਼ਸਰ

ਬਿਕਰਮਜੀਤ ਸਿੰਘ ਬਰਾੜ
BBC
ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਬਰਾੜ ਨੇ ਉਸ ਟੀਮ ਦੀ ਅਗਵਾਈ ਕੀਤੀ ਸੀ, ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਥਿਤ ਤੌਰ ''''ਤੇ ਸ਼ਾਮਲ ਦੋਵੇਂ ਮੁਲਜ਼ਮਾਂ ਦਾ ਪਿੱਛਾ ਕੀਤਾ ਸੀ

ਬਿਕਰਮਜੀਤ ਸਿੰਘ ਬਰਾੜ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਅਧਿਕਾਰੀ ਹਨ।

ਬਰਾੜ ਦੀ ਅਗਵਾਈ ਵਿੱਚ ਹੀ ਏਜੀਟੀਐੱਫ਼ ਟੀਮ ਨੇ ਸਿੱਧੂ ਮੂਸੇਵਾਲਾ ਦੇ ਕਥਿਤ ਕਾਤਲਾਂ - ਮਨੂੰ ਕੁੱਸਾ ਅਤੇ ਜਗਰੂਪ ਰੂਪਾ ਨੂੰ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ। ਇਸੇ ਪੁਲਿਸ ਮੁਕਾਬਲੇ ਕਾਰਨ ਬਰਾੜ ਦੇ ਨਾਲ ਚਾਰ ਹੋਰ ਏਜੀਟੀਐਫ ਜਵਾਨਾਂ, ਨੂੰ ਵੀ ਸਨਮਾਨਿਤ ਕੀਤਾ ਗਿਆ ਹੈ।

ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਬਰਾੜ ਨੇ ਉਸ ਟੀਮ ਦੀ ਅਗਵਾਈ ਕੀਤੀ ਸੀ, ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਕਥਿਤ ਤੌਰ ''''ਤੇ ਸ਼ਾਮਲ ਦੋਵੇਂ ਮੁਲਜ਼ਮਾਂ ਦਾ ਪਿੱਛਾ ਕੀਤਾ ਸੀ।

ਪੁਲਿਸ ਦੇ ਦਾਅਵੇ ਮੁਤਾਬਕ 29 ਮਈ, 2022 ਨੂੰ ਮਾਨਸਾ ਵਿੱਚ ਹੋਏ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਮੰਨੂ ਅਤੇ ਜਗਰੂਪ ਸਿੰਘ ਉਰਫ਼ ਰੂਪਾ ਅਟਾਰੀ ਸਰਹੱਦ ਨੇੜੇ ਪਿੰਡ ਹੁਸ਼ਿਆਰ ਨਗਰ ਵਿੱਚ ਲੁਕੇ ਹੋਏ ਸਨ।

ਜਦੋਂ ਡੀਐੱਸਪੀ ਬਰਾੜ ਦੀ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਇਸ ਦੌਰਾਨ ਹੋਏ ਪੁਲਿਸ ਮੁਕਾਬਲੇ ਦੌਰਾਨ ਦੋਵੇਂ ਮਾਰੇ ਗਏ ਸਨ।

ਰਾਸ਼ਟਰਪਤੀ ਮੈਡਲ ਹਾਸਲ ਕਰਨ ਵਾਲਿਆਂ ਦੀ ਲਿਸਟ
Press Information Bureau

ਬਿਕਰਮਜੀਤ ਸਿੰਘ ਬਰਾੜ ਦੇ ਨਾਲ ਡੀਐਸਪੀ ਦਲਬੀਰ ਸਿੰਘ, ਐੱਸਆਈ ਰਾਹੁਲ ਸ਼ਰਮਾ, ਏਐੱਸਆਈ ਜਗਜੀਤ ਸਿੰਘ, ਏਐੱਸਆਈ ਬਲਜਿੰਦਰ ਸਿੰਘ, ਏਐੱਸਆਈ ਮਲਕੀਤ ਸਿੰਘ, ਹੈੱਡ ਕਾਂਸਟੇਬਲ ਸੁਰਿੰਦਰਪਾਲ ਸਿੰਘ ਅਤੇ ਮਰਹੂਮ ਸੀਨੀਅਰ ਕਾਂਸਟੇਬਲ ਮਨਦੀਪ ਸਿੰਘ (ਮਰਨ ਉਪਰੰਤ) ਨੂੰ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

ਏਜੀਟੀਐੱਫ ਦੇ ਮੁਖੀ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਪ੍ਰਮੋਦ ਬਾਨ ਨੂੰ ਸਹਾਇਕ ਇੰਸਪੈਕਟਰ ਜਨਰਲ ਆਫ਼ ਪੁਲਿਸ ਸਵਰਨਦੀਪ ਸਿੰਘ ਦੇ ਨਾਲ ਇਸ ਸਾਲ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ ਲਈ ਚੁਣਿਆ ਗਿਆ ਹੈ।

ਪੰਜਾਬ ਪੁਲਿਸ
X/DGP Punjab Police
ਡੀਐੱਸਪੀ ਬਿਕਰਮ ਬਰਾੜ ਨੂੰ ਮਿਲਣ ਵਾਲੇ ਸਨਮਾਨ ਬਾਰੇ ਪੰਜਾਬ ਪਲਿਸ ਦਾ ਇੱਕ ਪੁਰਾਣਾ ਟਵੀਟ

ਵਿੱਕੀ ਗੌਂਡਰ ਦਾ ਪੁਲਿਸ ਮੁਕਾਬਲਾ ਤੇ ਵਿਵਾਦ

26 ਜਨਵਰੀ, 2018 ਨੂੰ ਪੰਜਾਬ ਦੇ ਸਭ ਤੋਂ ਵੱਧ ਲੋੜੀਂਦੇ ਗੈਂਗਸਟਰਾਂ ਵਿੱਚੋਂ ਇੱਕ, ਵਿੱਕੀ ਗੌਂਡਰ ਅਤੇ ਉਸ ਦੇ ਸਹਿਯੋਗੀ ਪ੍ਰੇਮਾ ਲਾਹੌਰੀਆ ਪੰਜਾਬ-ਰਾਜਸਥਾਨ ਸਰਹੱਦ ਨੇੜੇ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ।

ਵਿੱਕੀ ਗੌਂਡਰ ਪੰਜਾਬ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਕਤਲ, ਅਗਵਾ ਅਤੇ ਲੁੱਟ-ਖੋਹ ਦੇ ਦਰਜਨ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ।

ਪੁਲਿਸ ਉਦੋਂ ਦਾਅਵਾ ਕੀਤਾ ਸੀ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਗੌਂਡਰ ਪੰਜਾਬ-ਰਾਜਸਥਾਨ ਸਰਹੱਦੀ ਖੇਤਰ ਦੇ ਨੇੜੇ ਹੈ ਅਤੇ ਪੁਲਿਸ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਉਪਮੰਡਲ ਦੇ ਪਿੰਡ ਹਿੰਦੂਮਲ ਕੋਟ ਵਿਖੇ ਉਸ ਨੂੰ ਫੜਨ ਲਈ ਕਾਰਵਾਈ ਕੀਤੀ।

ਉਨ੍ਹਾਂ ਦੱਸਿਆ ਸੀ ਕਿ ਗੋਲੀਬਾਰੀ ''''ਚ ਇਕ ਸਬ-ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ ਸਮੇਤ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।

ਇਸ ਆਪਰੇਸ਼ਨ ਦੀ ਅਗਵਾਈ ਕਰਨ ਵਾਲਾ ਪੁਲਿਸ ਅਫਸਰ ਬਿਕਰਮਜੀਤ ਸਿੰਘ ਬਰਾੜ ਹੀ ਸੀ।

ਵਿੱਕੀ ਗੌਂਡਰ
Alamy
ਵਿੱਕੀ ਗੌਂਡਰ ਦੀ ਪੁਰਾਣੀ ਤਸਵੀਰ।

ਉਸ “ਪੁਲਿਸ ਮੁਕਾਬਲੇ’’ ਉੱਤੇ ਤਿੱਖਾ ਵਿਵਾਦ ਵੀ ਖੜ੍ਹਾ ਹੋਇਆ ਸੀ। ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਭੁੱਲਰ ਨੇ ਇਲਜ਼ਾਮ ਲਾਇਆ ਸੀ ਕਿ ਗੌਂਡਰ ਉਸ ਦੇ ਸੰਪਰਕ ਵਿੱਚ ਸੀ ਅਤੇ ਉਹ ਆਤਮ ਸਮਰਪਣ ਕਰਨਾ ਚਾਹੁੰਦਾ ਸੀ।

ਉਨ੍ਹਾਂ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਸੀ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਮੁਕਾਬਲਾ ਫਰਜ਼ੀ ਸੀ ਜਾਂ ਇਹ ਅਸਲ ਵਿੱਚ ਹੋਇਆ ਸੀ।

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਬਰਾੜ ਅਤੇ ਗੌਂਡਰ ਸਕੂਲ ਦੇ ਦਿਨਾਂ ਵਿੱਚ ਇਕੱਠੇ ਪੜ੍ਹਦੇ ਸਨ ਅਤੇ ਇਸ ਲਈ ਇੱਕ ਦੂਜੇ ਦੇ ਸੰਪਰਕ ਵਿੱਚ ਸਨ।

ਪੁਲਿਸ ਅਤੇ ਬਿਕਰਮ ਬਰਾੜ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।

ਬਿਕਰਮ ਬਰਾੜ ਨੂੰ 2020 ਦੇ ਗਣਤੰਤਰ ਦਿਵਸ ''''ਤੇ ਬਹਾਦਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਉਨ੍ਹਾਂ ਦਾ ਦੂਜਾ ਬਹਾਦਰੀ ਤਮਗਾ ਸੀ।

ਹੋਰ ਮੈਡਲ

ਬਿਕਰਮਜੀਤ ਸਿੰਘ ਬਰਾੜ ਨੇ ਸਾਲ 2010 ਵਿੱਚ ਸਮਰਾਲਾ ਬੱਸ ਸਟੈਂਡ ਵਿਖੇ ਲਾਈਵ ਐਨਕਾਊਂਟਰ ਵਿੱਚ ‘ਗੈਂਗਸਟਰ’ ਰਾਜੀਵ ਰਾਜਾ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਸੀ।

ਇਸ ਲਈ ਸਾਲ 2011 ਵਿੱਚ ਉਨ੍ਹਾਂ ਨੂੰ ਪਹਿਲਾ ਬਹਾਦਰੀ ਮੈਡਲ ਮਿਲਿਆ ਸੀ।

ਇਸ ਪੁਲਿਸ ਕਾਰਵਾਈ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ ਸੀ ਅਤੇ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ।

ਸੁਤੰਤਰਤਾ ਦਿਵਸ ''''ਤੇ ਸਾਲ 2021 ਵਿੱਚ ਬਿਕਰਮਜੀਤ ਸਿੰਘ ਬਰਾੜ ਨੂੰ ਤੀਜਾ ਬਹਾਦਰੀ ਤਮਗਾ ਦਿੱਤਾ ਗਿਆ ਸੀ।

ਉਹਨਾਂ ਨੇ 7 ਫਰਵਰੀ, 2019 ਨੂੰ ਪੀਰਮੁਛੱਲਾ ਜ਼ੀਰਕਪੁਰ ਦੇ ਇੱਕ ਫਲੈਟ ਵਿੱਚ ਪੁਲਿਸ ਕਾਰਵਾਈ ਕਰਕੇ ਇੱਕ ਗੈਂਗਸਟਰ ਅੰਕਿਤ ਭਾਦੂ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਇਸੇ ਲਈ ਉਨ੍ਹਾਂ ਨੇ ਤੀਜਾ ਬਹਾਦਰੀ ਮੈਡਲ ਹਾਸਲ ਕੀਤਾ ਸੀ।

ਇਹ ਗੈਂਗਸਟਰ ਪੰਜਾਬ, ਦਿੱਲੀ, ਰਾਜਸਥਾਨ ਅਤੇ ਹਰਿਆਣਾ ਵਿੱਚ ਕਈ ਅਪਰਾਧਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਇਸ ਨੇ ਇੱਕ ਵਿਅਕਤੀ ਅਤੇ ਉਸ ਦੀਆਂ ਦੋ ਨਾਬਾਲਗ ਧੀਆਂ ਨੂੰ ਬੰਧਕ ਬਣਾ ਲਿਆ ਸੀ, ਇਸ ਪੁਲਿਸ ਕਾਰਵਾਈ ਦੌਰਾਨ ਉਨ੍ਹਾਂ ਨੂੰ ਵੀ ਬਚਾਇਆ ਗਿਆ ਸੀ। ਇਸ ਪੁਲਿਸ ਕਾਰਵਾਈ ਵਿੱਚ ਦੋ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ।

ਪੰਜਾਬ ਪਲਿਸ
X/ Punjab Police India
ਡੀਐੱਸਪੀ ਬਿਕਰਮ ਬਰਾੜ ਨੂੰ ਮਿਲਣ ਵਾਲੇ ਸਨਮਾਨ ਬਾਰੇ ਪੰਜਾਬ ਪਲਿਸ ਦਾ ਇੱਕ ਪੁਰਾਣਾ ਟਵੀਟ

ਚੌਥਾ ਬਹਾਦਰੀ ਮੈਡਲ

ਬਿਕਰਮਜੀਤ ਸਿੰਘ ਬਰਾੜ ਨੂੰ ਮਿਲਿਆ ਇਹ ਚੌਥਾ ਬਹਾਦਰੀ ਮੈਡਲ ਹੈ।

ਇਹ ਮੈਡਲ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਦੋ ਕਥਿਤ ਗੈਂਗਸਟਰਾਂ ਦਾ ਪੁਲਿਸ ਮੁਕਾਬਲੇ ਵਿੱਚ ਸਾਹਮਣਾ ਕਰਨ ਲਈ ਦਿੱਤਾ ਗਿਆ ਹੈ।

ਦਰਅਸਲ 20 ਜੁਲਾਈ 2022 ਨੂੰ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਵਿਖੇ ਦੋ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਅਤੇ ਜਗਰੂਪ ਸਿੰਘ ਉਰਫ਼ ਰੂਪਾ ਨੂੰ ਭਾਰੀ ਗੋਲੀਬਾਰੀ ਤੋਂ ਬਾਅਦ ਮਾਰਨ ਦਾ ਦਾਅਵਾ ਕੀਤਾ ਗਿਆ ਸੀ।

ਪੁਲਿਸ ਕਾਰਵਾਈ ਵਿੱਚ ਵੀ ਬਰਾੜ ਹੀ ਇਸ ਆਪਰੇਸ਼ਨ ਦੀ ਅਗਵਾਈ ਕਰ ਰਿਹਾ ਸੀ ਅਤੇ ਅਹਿਮ ਭੂਮਿਕਾ ਨਿਭਾ ਰਿਹਾ ਸੀ।

ਇਸ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਗੈਂਗਸਟਰ ਇਕਾਂਤ ਫਾਰਮ ਹਾਊਸ ਵਿੱਚ ਲੁਕੇ ਹੋਏ ਸਨ ਅਤੇ ਛੱਤ ਤੋਂ ਏਕੇ 47 ਰਾਈਫਲ ਅਤੇ ਵਿਦੇਸ਼ੀ ਸੈਮੀ-ਆਟੋਮੈਟਿਕ ਪਿਸਤੌਲਾਂ ਨਾਲ ਫਾਇਰਿੰਗ ਕਰ ਰਹੇ ਸਨ।

ਚਾਰ ਪੁਲਿਸ ਮੁਲਾਜ਼ਮ ਅਤੇ ਇੱਕ ਕੈਮਰਾਮੈਨ ਵੀ ਮੁਕਾਬਲੇ ਵਿਚ ਜ਼ਖ਼ਮੀ ਹੋ ਗਏ।

ਪੰਜਾਬ ਪਲਿਸ
X/ Punjab Police

ਬਿਕਰਮ ਬਰਾੜ ਦਾ ਪਿਛੋਕੜ

ਪੁਲਿਸ ਦੇ ਦਾਇਰੇ ਤੋਂ ਬਾਹਰ ਸ਼ਾਇਦ ਬਹੁਤੇ ਲੋਕਾਂ ਨੂੰ ਇਹ ਜਾਣਕਾਰੀ ਘੱਟ ਹੀ ਹੋਵੇਗੀ ਕਿ ਬਿਕਰਮਜੀਤ ਬਰਾੜ ਪੁਲਿਸ ਸੁਪਰਡੈਂਟ ਬਲਦੇਵ ਸਿੰਘ ਬਰਾੜ ਦਾ ਪੁੱਤਰ ਹੈ, ਜਿਸ ਨੂੰ ਖਾਲਿਸਤਾਨੀ ਲਹਿਰ ਦੌਰਾਨ ਖਾੜਕੂਆਂ ਨੇ ਕਥਿਤ ਤੌਰ ਉੱਤੇ ਮਾਰ ਦਿੱਤਾ ਸੀ।

ਇਹ ਘਟਨਾ 1988 ਦੀ ਹੈ। ਉਦੋਂ ਪਟਿਆਲਾ ਦੇ ਐੱਸਐੱਸਪੀ ਸੀਤਲ ਦਾਸ ਐੱਸਪੀ ਬਲਦੇਵ ਸਿੰਘ ਬਰਾੜ ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂਆਂ ਨਾਲ ਸਬੰਧ ਰੱਖਣ ਵਾਲੇ ਕੁਝ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੇ ਸਨ।

ਇਨ੍ਹਾਂ ਅਫਸਰਾਂ ਨੂੰ ਸਿਵਲ ਲਾਈਨਜ਼, ਪਟਿਆਲਾ ਦੇ ਥਾਣੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

ਬਰਾੜ ਨੇ ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਤੋਂ ਪੜ੍ਹਾਈ ਕੀਤੀ ਅਤੇ ਫਿਰ ਮਹਿੰਦਰਾ ਕਾਲਜ, ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ।

ਉਹ 2002 ਵਿੱਚ ਪੰਜਾਬ ਪੁਲਿਸ ਵਿੱਚ ਏਐੱਸਆਈ ਵਜੋਂ ਭਰਤੀ ਹੋਇਆ ਸੀ। ਫਿਰ ਉਹ ਸਾਲ 2018 ਵਿੱਚ ਪ੍ਰੋਬੇਸ਼ਨਰ ਡੀਐਸਪੀ ਵਜੋਂ ਭਰਤੀ ਹੋਏ ਸੀ।

ਪੁਲਿਸ ਮੁਕਾਬਲਾ ਮਾਹਰ ਕਹੇ ਜਾਣ ਬਾਰੇ

ਕੀ ਉਹ ਖੁਦ ਨੂੰ ਐਨਕਾਊਂਟਰ ਸਪੈਸ਼ਲਿਸਟ ਮੰਨਦੇ ਹਨ ? ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹ ਹੱਸਦੇ ਹੋਏ ਕਹਿੰਦੇ ਹਨ, “ਨਹੀਂ, ਅਜਿਹਾ ਨਹੀਂ ਹੈ। ਇਹ ਹਮੇਸ਼ਾ ਇੱਕ ਟੀਮ ਹੁੰਦੀ ਹੈ, ਜੋ ਮਿਲ ਕੇ ਤਾਲਮੇਲ ਨਾਲ ਕੰਮ ਕਰਦੀ ਹੈ। ”

ਬਿਕਰਮ ਬਰਾੜ ਕਹਿੰਦੇ ਹਨ, “ਸਾਡੀ ਟੀਮ ਨੇ ਹੁਣ ਤੱਕ 15 ਬਹਾਦਰੀ ਦੇ ਤਗਮੇ ਜਿੱਤੇ ਹਨ। ਅਸੀਂ 2010 ਤੋਂ ਇਕੱਠੇ ਹਾਂ।"

ਰਾਸ਼ਟਰਪਤੀ ਮੈਡਲ ਕਿਉਂ ਮਿਲਦਾ ਹੈ

ਪ੍ਰੈੱਸ ਇਨਫਰਮੇਸ਼ਨ ਬਿਊਰੌ ਮੁਤਾਬਕ ਬਹਾਦਰੀ ਲਈ ਰਾਸ਼ਟਰਤੀ ਮੈਡਲ ਜਾਨ ਅਤੇ ਮਾਲ ਦੀ ਰਾਖੀ ਲਈ ਕੀਤੇ ਗਏ ਬਹਾਦਰੀ ਦੇ ਕਾਰਨਾਮੇ ਲਈ ਮਿਲਦਾ ਹੈ। ਇਹ ਉਨ੍ਹਾਂ ਮੁਲਾਜ਼ਮਾਂ ਨੂੰ ਵੀ ਮਿਲਦਾ ਹੈ ਜੋ ਕਿਸੇ ਅਪਰਾਧ ਨੂੰ ਰੋਕਣ ਜਾਂ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਆਪਣੇ ਡਿਊਟੀ ਮੁਤਾਬਕ ਭੂਮਿਕਾ ਨਿਭਾਉਣ।

ਇਸ ਸਾਲ ਬਹਾਦਰੀ ਲਈ 277 ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।



Related News