ਕੈਨੇਡਾ ਮਗਰੋਂ ਪਾਕਿਸਤਾਨ ਨੇ ਭਾਰਤ ’ਤੇ ਆਪਣੇ ਨਾਗਰਿਕਾਂ ਦੇ ਕਤਲ ਦੇ ਇਲਜ਼ਾਮ ਲਾਏ, ਭਾਰਤ ਨੇ ਦਿੱਤਾ ਇਹ ਜਵਾਬ
Friday, Jan 26, 2024 - 03:35 PM (IST)
ਭਾਰਤ ਨੇ ਪਾਕਿਸਤਾਨ ਵੱਲੋਂ ਸਾਲ 2023 ਵਿੱਚ ਉਸਦੀ ਧਰਤੀ ਉੱਪਰ ਦੋ ਨਾਗਰਿਕਾਂ ਦੇ ਕਤਲ ਦੇ ਇਲਜ਼ਾਮ ਨੂੰ ਝੂਠ ਕਰਾਰ ਦਿੰਦਿਆਂ ਖਾਰਜ ਕੀਤਾ ਹੈ।
ਪਾਕਿਸਤਾਨ ਦੇ ਇਸ ਦਾਅਵੇ ਤੋਂ ਕਈ ਮਹੀਨੇ ਪਹਿਲਾਂ ਕੈਨੇਡਾ ਨੇ ਆਪਣੀ ਧਰਤੀ ਉੱਪਰ ਵੱਖਵਾਦੀ ਸਿੱਖ ਆਗੂ ਹਰਜੀਤ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਅਨਸਰਾਂ ਦੀ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਸੀ।
ਭਾਰਤ ਨੇ ਇਹ ਇਲਜ਼ਾਮ ਵੀ ਖਾਰਜ ਕੀਤਾ ਸੀ ਅਤੇ ਉਦੋਂ ਤੋਂ ਹੀ ਦੋਵਾਂ ਦੇਸਾਂ ਦੇ ਕੂਟਨੀਤਿਕ ਰਿਸ਼ਤੇ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ।
ਵੀਰਵਾਰ ਨੂੰ ਇਸਲਾਮਾਬਾਦ ਨੇ ਉਸ ਕੋਲ ਪਾਕਿਸਤਾਨ ਵਿੱਚ ਹੋਏ ਦੋ ਕਤਲਾਂ ਦੇ ਭਾਰਤੀ ਏਜੰਟਾਂ ਨਾਲ ਸੰਬੰਧ ਹੋਣ ਦੇ “ਭਰੋਸੇਯੋਗ ਸਬੂਤ” ਹੋਣ ਦਾ ਦਾਅਵਾ ਕੀਤਾ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ "ਬਦਨੀਤੀ ਪੂਰਨ ਭਾਰਤ ਵਿਰੋਧੀ ਪ੍ਰਚਾਰ" ਕਿਹਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਇਨ੍ਹਾਂ ਦੋ ਮੌਤਾਂ ਵਿੱਚ ਸਤੰਬਰ 2023 ਵਿੱਚ ਰਾਵਲਕੋਟ ਸ਼ਹਿਰ ਵਿੱਚ ਮੁਹੰਮਦ ਰਿਆਜ਼ ਅਤੇ ਅਕਤੂਬਰ 2023 ਵਿੱਚ ਸਿਆਲਕੋਟ ਸ਼ਹਿਰ ਵਿੱਚ ਸ਼ਾਹਿਦ ਲਤੀਫ਼ ਦੀ ਹੱਤਿਆ ਸ਼ਾਮਲ ਹੈ।
ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਮਸਜਿਦ ਵਿੱਚ ਨਮਾਜ਼ ਪੜ੍ਹਦੇ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਕਿ ਦੂਜੇ ਨੂੰ ਇੱਕ ਮਸਜਿਦ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਨਾ ਹੀ ਇਨ੍ਹਾਂ ਲੋਕਾਂ ਦੀ ਪਛਾਣ ਦਾ ਖੁਲਾਸਾ ਕੀਤਾ ਅਤੇ ਨਾ ਹੀ ਭਾਰਤ ਵੱਲੋਂ ਕਥਿਤ ਤੌਰ ’ਤੇ ਆਪਣੇ ਕੱਟੜ ਵਿਰੋਧੀ ਦੀ ਧਰਤੀ ਉੱਤੇ ਆਪਣੇ ਏਜੰਟ ਭੇਜ ਕੇ ਕਤਲ ਕਰਵਾਉਣ ਦਾ ਕੋਈ ਕਾਰਨ ਹੀ ਦੱਸਿਆ।
ਵਿਦੇਸ਼ ਸਕੱਤਰ ਮੁਹੰਮਦ ਸਾਈਰਸ ਕਾਜ਼ੀ ਨੇ ਕਤਲਾਂ ਨੂੰ "ਅਸਵੀਕਾਰਨਯੋਗ" ਅਤੇ "ਆਪਣੀ ਪ੍ਰਭੂਸੱਤਾ ਦੀ ਉਲੰਘਣਾ" ਦੱਸਿਆ।
ਉਨ੍ਹਾਂ ਨੇ ਕਿਹਾ, "ਸਾਡੇ ਕੋਲ ਦੋ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਦਸਤਾਵੇਜ਼ੀ, ਵਿੱਤੀ ਅਤੇ ਫੋਰੈਂਸਿਕ ਸਬੂਤ ਹਨ, ਜਿਨ੍ਹਾਂ ਨੇ ਇਨ੍ਹਾਂ ਕਤਲਾਂ ਦੀ ਸਾਜ਼ਿਸ਼ ਰਚੀ ਸੀ।"
ਵਿਦੇਸ਼ ਸਕੱਤਰ ਨੇ ਅੱਗੇ ਕਿਹਾ ਕਿ ਭਾਰਤ ਨੂੰ "ਕੌਮਾਂਤਰੀ ਕਾਨੂੰਨ ਦੀ ਘੋਰ ਉਲੰਘਣਾ" ਲਈ "ਜਵਾਬਦੇਹ" ਬਣਾਇਆ ਜਾਣਾ ਚਾਹੀਦਾ ਹੈ।
ਭਾਰਤ ਦੀ ਪ੍ਰਤੀਕਿਰਿਆ
ਭਾਰਤ ਨੇ ਸਿੱਧੇ ਤੌਰ ''''ਤੇ ਪਾਕਿਸਤਾਨ ਦੇ ਇਲਜ਼ਾਮ ਵਿਸ਼ੇਸ਼ਾਂ ਬਾਰੇ ਤਾਂ ਕੁਝ ਨਹੀਂ ਕਿਹਾ ਪਰ ਦੇਸ ਨੂੰ "ਅੱਤਵਾਦ, ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਕੌਮਾਂਤਰੀ ਗਤੀਵਿਧੀਆਂ ਦਾ ਕੇਂਦਰ" ਕਿਹਾ।
ਭਾਰਤੀ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ, "ਭਾਰਤ ਅਤੇ ਕਈ ਹੋਰ ਦੇਸਾਂ ਨੇ ਪਾਕਿਸਤਾਨ ਨੂੰ ਸਾਵਧਾਨ ਕਰਦੇ ਹੋਏ ਜਨਤਕ ਤੌਰ ''''ਤੇ ਚੇਤਾਵਨੀ ਦਿੱਤੀ ਹੈ ਕਿ ਉਹ ਅੱਤਵਾਦ ਅਤੇ ਹਿੰਸਾ ਦੇ ਆਪਣੇ ਸੱਭਿਆਚਾਰ ਵੱਲੋਂ ਖਾਧਾ ਜਾਵੇਗਾ।"
ਕਾਜ਼ੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਹੋਏ ਕਤਲ ਕੈਨੇਡਾ ਅਤੇ ਅਮਰੀਕਾ ਵਿੱਚ ਹੋਈਆਂ ਕੋਸ਼ਿਸ਼ਾਂ ਦੇ ਵਰਗੇ ਹੀ ਸਨ - ਹਾਲਾਂਕਿ ਉਹ ਇਲਜ਼ਾਮ ਸਿੱਖਾਂ ਦੇ ਕਤਲ ਜਾਂ ਕਤਲ ਦੀ ਕੋਸ਼ਿਸ਼ ਬਾਰੇ ਸਨ ਨਾ ਕਿ ਮੁਸਲਮਾਨਾਂ ਦੇ।
ਨਵੰਬਰ 2023 ਵਿੱਚ, ਅਮਰੀਕਾ ਨੇ ਕਿਹਾ ਕਿ ਉਸਨੇ ਇੱਕ ਭਾਰਤੀ ਵਿਅਕਤੀ ਵੱਲੋਂ ਨਿਊਯਾਰਕ ਵਿੱਚ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਕਰਨ ਦੀ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਜੋ ਖ਼ਾਲਿਸਤਾਨ, ਜਾਂ ਇੱਕ ਵੱਖਰੇ ਸਿੱਖ ਰਾਜ ਦੀ ਵਕਾਲਤ ਕਰਦਾ ਸੀ।
ਨਿਖਿਲ ਗੁਪਤਾ ਨੂੰ ਕਥਿਤ ਤੌਰ ''''ਤੇ ਕਿਸੇ ਭਾਰਤੀ ਅਧਿਕਾਰੀ ਦੁਆਰਾ ਇਸ ਬਾਰੇ ਹਦਾਇਤਾਂ ਦਿੱਤੀਆਂ ਸਨ। ਹਾਲਾਂਕਿ ਉਸ ਅਧਿਕਾਰੀ ਦਾ ਨਾਮ ਨਹੀਂ ਲਿਆ ਗਿਆ ਅਤੇ ਨਾ ਉਸ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਉਸ ਨੇ ਕਥਿਤ ਕਤਲ ਦੀ ਸਾਜ਼ਿਸ਼ ਨੂੰ ਸਭ ਤੋਂ ਸੀਨੀਅਰ ਪੱਧਰ ''''ਤੇ ਭਾਰਤ ਕੋਲ ਚੁੱਕਿਆ ਹੈ। ਭਾਰਤ ਨੇ ਕਿਹਾ ਕਿ ਉਸਨੇ "ਅਮਰੀਕੀ ਸਰਕਾਰ ਵੱਲੋਂ ਉਜਾਗਰ ਕੀਤੀਆਂ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨ" ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਬਣਾ ਦਿੱਤੀ ਹੈ।
ਪਾਕਿਸਤਾਨ ਦਾ ਇਹ ਦਾਅਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੂਨ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਵੱਖਵਾਦੀ ਸਿੱਖ ਆਗੂ ਦੇ ਕਤਲ ਨਾਲ ਭਾਰਤ ਸਰਕਾਰ ਨੂੰ ਜੋੜਨ ਵਾਲੇ “ਭਰੋਸੇਯੋਗ” ਸਬੂਤ ਹੋਣ ਦੇ ਕੁਝ ਮਹੀਨਿਆਂ ਬਾਅਦ ਆਇਆ ਹੈ। ਭਾਰਤ ਨੇ ਇਨ੍ਹਾਂ ਕਤਲਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ।
ਇਨ੍ਹਾਂ ਇਲਜ਼ਾਮਾਂ ਕਾਰਨ ਦੋਵਾਂ ਦੇਸਾਂ ਦੇ ਆਪਸੀ ਸਬੰਧਾਂ ਵਿੱਚ ਵੱਡਾ ਵਿਗੜ ਗਿਆ।
1980 ਦੇ ਦਹਾਕੇ ਵਿੱਚ ਸਿੱਖ ਬਹੁਗਿਣਤੀ ਵਾਲੇ ਪੰਜਾਬ ਸੂਬੇ ਵਿੱਚ ਉੱਠੀ ਹਥਿਆਰਬੰਦ ਬਗਾਵਤ ਦੇ ਨਾਲ ਖਾਲਿਸਤਾਨ ਲਹਿਰ ਭਾਰਤ ਵਿੱਚ ਆਪਣੇ ਸਿਖਰ ''''ਤੇ ਪਹੁੰਚ ਗਈ ਸੀ।
ਹਾਲਾਂਕਿ ਇਸ ਲਹਿਰ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਹੁਣ ਭਾਰਤ ਵਿੱਚ ਇਸਦੀ ਗੂੰਜ ਬਹੁਤ ਘੱਟ ਹੈ। ਫਿਰ ਵੀ ਕੈਨੇਡਾ, ਆਸਟਰੇਲੀਆ ਅਤੇ ਬ੍ਰਿਟੇਨ ਵਰਗੇ ਦੇਸਾਂ ਦੇ ਸਿੱਖ ਡਾਇਸਪੋਰਾ ਵਿੱਚ ਕੁਝ ਲੋਕਾਂ ਇਸ ਦਾ ਜ਼ਿਕਰ ਕਰਦੇ ਰਹਿੰਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)