ਦਿਲਜੀਤ, ਸੱਤੀ ਤੇ ਹਿਮਾਂਸ਼ੀ ਦੀਆਂ ਮੈਨਜਰ ਕੁੜੀਆਂ ਇੰਝ ਸਾਂਭਦੀਆਂ ਹਨ ਕਲਾਕਾਰਾਂ ਦੇ ਨਖਰੇ ਤੇ ਮੂਡ
Friday, Jan 26, 2024 - 01:35 PM (IST)
ਕਿਸੇ ਕਲਾਕਾਰ ਦੀ ਵਧਦੀ ਪ੍ਰਸਿੱਧੀ ਅਤੇ ਵਧਦੀ ਪਹੁੰਚ ਦੇ ਪਿੱਛੇ ਕਲਾਕਾਰ ਦੇ ਹੁਨਰ, ਲਗਨ ਅਤੇ ਮਿਹਨਤ ਦੇ ਨਾਲ-ਨਾਲ ਇੱਕ ਸਟੀਕ ਮੈਨੇਜਮੈਂਟ ਦਾ ਵੀ ਯੋਗਦਾਨ ਹੁੰਦਾ ਹੈ।
ਕਲਕਾਰਾਂ ਦੀ ਮੈਨੇਜਮੈਂਟ ਕਰਨ ਵਾਲਿਆਂ ਨੂੰ ਆਰਟਿਸਟ ਮੈਨੇਜਰ ਜਾਂ ਟੈਲੰਟ ਮੈਨੇਜਰ ਕਿਹਾ ਜਾਂਦਾ ਹੈ।
ਇਨ੍ਹਾਂ ਦਾ ਕੰਮ ਕਲਾਕਾਰ ਦੀ ਇਮੇਜ ਬਿਲਡਿੰਗ(ਖਾਸ ਅਕਸ ਬਣਾਉਣ ਅਤੇ ਬਣਾਈ ਰੱਖਣ), ਸਟਾਈਲਿੰਗ, ਸੋਸ਼ਲ ਮੀਡੀਆ ਤੇ ਮੀਡੀਆ ਮੈਨੇਜਮੈਂਟ, ਵੱਖ ਵੱਖ ਬਰਾਂਡਜ਼ ਨਾਲ ਡੀਲਜ਼ ਕਰਵਾਉਣ, ਸ਼ੋਅ ਬੁੱਕ ਕਰਨ, ਸ਼ੋਅ ਨੂੰ ਪੂਰੀ ਤਿਆਰੀ ਦੇ ਨਾਲ ਨੇਪਰੇ ਚਾੜ੍ਹਣ, ਸ਼ੈਡਿਊਲ ਮੈਨੇਜ ਕਰਨ, ਕਲਾਕਾਰ ਲਈ ਬਿਹਤਰ ਤੋਂ ਬਿਹਤਰ ਮੌਕੇ ਤਲਾਸ਼ਣਾ ਅਤੇ ਕਰੀਅਰ ਨੂੰ ਹੋਰ ਵੱਡਾ ਕਰਨ ਲਈ ਕੋਸ਼ਿਸ਼ਾਂ ਕਰਨਾ ਹੁੰਦਾ ਹੈ।
ਕਈ ਮੈਨੇਜਰ ਇਹ ਸਭ ਕੁਝ ਇਕੱਲਿਆਂ ਸਾਂਭਦੇ ਹਨ ਅਤੇ ਕਈਆਂ ਦੇ ਨਾਲ ਛੋਟੀ ਜਾਂ ਵੱਡੀ ਟੀਮ ਹੁੰਦੀ ਹੈ।
ਪੰਜਾਬੀ ਮਨੋਰੰਜਨ ਜਗਤ ਵਿੱਚ ਟੈਲੰਟ ਮੈਨੇਜਰ ਵਜੋਂ ਕੰਮ ਕਰਨ ਵਾਲੀਆਂ ਕੁੜੀਆਂ ਗਿਣੀਆਂ ਚੁਣੀਆਂ ਹੀ ਹਨ, ਜੋ ਵਿਅਕਤੀਗਤ ਤੌਰ ‘ਤੇ ਕਿਸੇ ਕਲਾਕਾਰ ਲਈ ਕੰਮ ਕਰ ਰਹੀਆਂ ਹਨ। ਜੋ ਕੁੜੀਆਂ ਪ੍ਰਮੁਖ ਤੌਰ ‘ਤੇ ਇਸ ਖੇਤਰ ਵਿਚ ਹਨ, ਉਨ੍ਹਾਂ ਬਾਰੇ ਜਾਣਦੇ ਹਾਂ।
ਸਬੱਬ ਨਾਲ ਇੰਟਰਨ ਤੋਂ ਸਤਿੰਦਰ ਸੱਤੀ ਦੀ ਮੈਨੇਜਰ ਬਣੀ ਸੰਦੀਪ ਵਿਰਕ
ਸੰਦੀਪ ਵਿਰਕ ਮਹਿਜ਼ 27 ਸਾਲ ਦੀ ਮੁਟਿਆਰ ਹੈ। ਉਹ ਪਿਛਲੇ ਅੱਠ ਸਾਲ ਤੋਂ ਸਤਿੰਦਰ ਸੱਤੀ ਦੇ ਮੈਨੇਜਰ ਹਨ। ਲੇਖਕ ਨਵੀ ਫ਼ਿਰੋਜ਼ਪੁਰ ਵਾਲਾ ਨਾਲ ਵੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰਾ ਵਾਮਿਕਾ ਗੱਬੀ ਅਤੇ ਹੁਣ ਕੈਬਨਿਟ ਮੰਤਰੀ ਬਣ ਚੁੱਕੇ ਅਨਮੋਲ ਗਗਨ ਮਾਨ ਦੇ ਗਾਇਕੀ ਕਰੀਅਰ ਦੌਰਾਨ ਉਨ੍ਹਾਂ ਨਾਲ ਵੀ ਕੰਮ ਕਰ ਚੁੱਕੇ ਹਨ।
ਸੰਦੀਪ ਹਰਿਆਣਾ ਦੇ ਕੈਥਲ ਨਾਲ ਸਬੰਧਤ ਪੰਜਾਬੀ ਪਰਿਵਾਰ ਤੋਂ ਹਨ, ਪਰ ਕਾਫ਼ੀ ਸਮੇਂ ਤੋਂ ਉਨ੍ਹਾਂ ਦਾ ਪਰਿਵਾਰ ਮੋਹਾਲੀ ਰਹਿੰਦਾ ਹੈ। ਉਨ੍ਹਾਂ ਨੇ ਚਿਤਕਾਰਾ ਯੁਨੀਵਰਸਿਟੀ ਤੋਂ ਪਬਲਿਕ ਰਿਲੇਸ਼ਨਜ਼ ਵਿੱਚ ਸਪੈਸ਼ਲਾਈਜ਼ੇਸ਼ਨ ਨਾਲ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਗਰੈਜੁਏਸ਼ਨ ਕੀਤੀ ਹੈ।
ਇਸ ਤੋਂ ਬਾਅਦ ਪੰਜਾਬੀ ਯੁਨੀਵਰਸਿਟੀ ਤੋਂ ਜਨ ਸੰਚਾਰ ਅਤੇ ਪੱਤਰਕਾਰੀ ਵਿੱਚ ਪੋਸਟ ਗਰੈਜੁਏਸ਼ਨ ਕੀਤੀ। ਪੜ੍ਹਾਈ ਦੌਰਾਨ ਇੱਕ ਕੰਪਨੀ ਨਾਲ ਟਰੇਨਿੰਗ ਦੌਰਾਨ ਉਨ੍ਹਾਂ ਨੇ ਪੰਜਾਬੀ ਸਿਲੈਬ੍ਰਿਟੀਜ਼ ਦੀ ਇੱਕ ਸਪੋਰਟਜ਼ ਲੀਗ ਵਿੱਚ ਕੰਮ ਕੀਤਾ।
ਇੱਥੋਂ ਇੱਕ ਟੀਮ ਦੇ ਮਾਲਿਕ ਨੇ ਸੰਦੀਪ ਦਾ ਕੰਮ ਦੇਖ ਕੇ ਅਦਾਕਾਰਾ ਮੈਂਡੀ ਤੱਖੜ ਦੀ ਮੈਨੇਜਮੈਂਟ ਸੰਭਾਲਨ ਦੀ ਪੇਸ਼ਕਸ਼ ਦਿੱਤੀ, ਜਿਸ ਤੋਂ ਸੰਦੀਪ ਦੇ ਇਸ ਕਰੀਅਰ ਦੀ ਸ਼ੁਰੂਆਤ ਹੋਈ।
ਸੰਦੀਪ ਨੇ 2016 ਤੋਂ ਅਦਾਕਾਰਾ ਮੈਂਡੀ ਤੱਖੜ ਨਾਲ ਇਸ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੰਦੀਪ ਦੱਸਦੇ ਹਨ ਕਿ ਉਹ ਮੈਂਡੀ ਦੀ ਫ਼ਿਲਮ ‘ਰੱਬ ਦਾ ਰੇਡੀਓ’ ਦੌਰਾਨ ਉਨ੍ਹਾਂ ਨਾਲ ਜੁੜੇ ਸਨ।
ਇਸ ਤੋਂ ਬਾਅਦ ਹੁਣ ਤੱਕ ਉਹ ਸਤਿੰਦਰ ਸੱਤੀ ਨਾਲ ਕੰਮ ਕਰ ਰਹੇ ਹਨ। ਉਹ ਦੱਸਦੇ ਹਨ ਕਿ ਸੱਤੀ ਜੀ ਦੇ ਸ਼ੋਅ ਤਾਂ ਲਗਾਤਾਰ ਚੱਲ ਹੀ ਰਹੇ ਸਨ, ਪਰ ਸੋਸ਼ਲ ਮੀਡੀਆ ਜ਼ਰੀਏ ਸੱਤੀ ਜੀ ਦਾ ਨਵਾਂ ਸਫਰ ਸ਼ੁਰੂ ਕਰਨ ਵਿੱਚ ਉਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ। ਜਿਸ ਤੋਂ ਬਾਅਦ ਲਿਸ਼ਕਾਰੇ ਵਾਲੇ ਸਤਿੰਦਰ ਸੱਤੀ ਨੂੰ ਪ੍ਰੇਰਣਾਦਾਇਕ ਵੀਡੀਓਜ਼ ਲਈ ਵੀ ਜਾਣਿਆ ਪਛਾਣਿਆ ਜਾਣ ਲੱਗਿਆ।
ਇੰਟਰਵਿਊ ਲਈ ਹਿਮਾਂਸ਼ੀ ਖੁਰਾਣਾ ਨੂੰ ਮਿਲਣ ਮਗਰੋਂ ਮੈਨੇਜਰ ਬਣੇ ਨਿਧੀ
ਗਾਇਕ ਅਤੇ ਮਾਡਲ ਹਿਮਾਂਸ਼ੀ ਖੁਰਾਣਾ ਦੇ ਮੈਨੇਜਰ ਨਿਧੀ ਹਨ ਜੋ ਕਿ ਪਿਛਲੇ 9 ਸਾਲ ਤੋਂ ਉਨ੍ਹਾਂ ਨਾਲ ਕੰਮ ਕਰ ਰਹੇ ਹਨ। ਨਿਧੀ ਜਲੰਧਰ ਨਾਲ ਸਬੰਧਤ ਹਨ। ਪਹਿਲਾਂ ਉਹ ਇੱਕ ਵੈਬ ਪੋਰਟਲ ਵਿੱਚ ਨੌਕਰੀ ਕਰਦੇ ਸਨ। ਉੱਥੇ ਉਨ੍ਹਾਂ ਨੇ ਹਿਮਾਂਸ਼ੀ ਖੁਰਾਣਾ ਦਾ ਇੰਟਰਵਿਊ ਕੀਤਾ ਸੀ, ਉਦੋਂ ਉਹ ਪਹਿਲੀ ਵਾਰ ਹਿਮਾਂਸ਼ੀ ਨੂੰ ਮਿਲੇ ਸਨ।
ਫਿਰ ਨਿਧੀ ਆਪਣਾ ਕਰੀਅਰ ਬਦਲਣ ਬਾਰੇ ਸੋਚ ਰਹੇ ਸਨ ਅਤੇ ਉਸੇ ਦੌਰਾਨ ਹਿਮਾਂਸ਼ੀ ਨੂੰ ਵੀ ਮੈਨੇਜਰ ਦੀ ਲੋੜ ਸੀ। ਇਸ ਤਰ੍ਹਾਂ ਉਨ੍ਹਾਂ ਦੇ ਜੁੜਨ ਦਾ ਸਬੱਬ ਬਣਿਆ ਅਤੇ ਨਿਧੀ, ਹਿਮਾਂਸ਼ੀ ਦੀ ਮੈਨੇਜਰ ਵਜੋਂ ਕੰਮ ਕਰਨ ਲੱਗੇ।
ਨਿਧੀ ਕਹਿੰਦੇ ਹਨ ਕਿ ਮੈਨੇਜਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਕਲਾਕਾਰ ਲਈ ਚੰਗੇ ਤੋਂ ਚੰਗਾ ਕੰਮ ਲਿਆ ਕੇ ਦੇਵੇ। ਪਰ ਮੈਨੇਜਰ ਦੀ ਭੂਮਿਕਾ ਸਿਰਫ਼ ਕੰਮ ਲਿਆ ਕੇ ਦੇਣ ਜਾਂ ਸ਼ੂਟ ਮੈਨੇਜ ਕਰਨ ਤੱਕ ਨਹੀਂ ਹੈ ਬਲਕਿ ਪ੍ਰੋਫੈਸ਼ਨਲ ਕੰਮ ਤੋਂ ਵੱਧ ਕੇ ਕਲਾਕਾਰ ਨੂੰ ਸਮਝਣਾ ਵੀ ਹੁੰਦਾ ਹੈ।
ਨਿਧੀ ਨੇ ਦੱਸਿਆ, ”ਹਿਮਾਂਸ਼ੀ ਹਮੇਸ਼ਾ ਕਹਿੰਦੇ ਹਨ ਕਿ ਜੇ ਮੈਂ ਕੋਈ ਵੀ ਸਮੱਸਿਆ 100 ਫੀਸਦੀ ਝੱਲੀ ਹੈ, ਤਾਂ 99 ਫੀਸਦੀ ਉਸ ਸਮੱਸਿਆ ਨੂੰ ਨਿਧੀ ਨੇ ਵੀ ਝੱਲਿਆ ਹੈ। ”
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਹਿਮਾਂਸ਼ੀ ਨਾਲ ਪਰਿਵਾਰ ਵਾਲਾ ਰਿਸ਼ਤਾ ਬਣ ਗਿਆ ਹੈ, ਉਹ ਇਕੱਠੇ ਹੀ ਘੁੰਮਣ ਜਾਂਦੇ ਹਨ ਅਤੇ ਜ਼ਿੰਦਗੀ ਦੇ ਕਈ ਉਤਰਾਅ ਚੜ੍ਹਾਅ ਉਨ੍ਹਾਂ ਨੇ ਇਕੱਠਿਆਂ ਦੇਖੇ ਹਨ।
ਉਹ ਕਹਿੰਦੇ ਹਨ ਕਿ ਹਿਮਾਂਸ਼ੀ ਦੇ ਕੰਮ ਜਾਂ ਕਰੀਅਰ ਬਾਰੇ ਕੋਈ ਵੀ ਫ਼ੈਸਲਾ ਉਹ ਥੋਪਦੇ ਨਹੀਂ ਹਨ, ਬਲਕਿ ਦੋਹਾਂ ਦੀ ਸਹਿਮਤੀ ਨਾਲ ਹੀ ਫ਼ੈਸਲਾ ਲਿਆ ਜਾਂਦਾ ਹੈ।
ਨਿਧੀ ਕਹਿੰਦੇ ਹਨ, “ਇਸ ਖੇਤਰ ਵਿੱਚ ਹਰ ਦਿਨ ਕੁਝ ਨਵਾਂ ਕਰਨ ਨੂੰ ਮਿਲਦਾ ਹੈ ਅਤੇ ਨਵੀਂ ਚੁਣੌਤੀ ਨੂੰ ਹੱਲ ਕਰ ਰਹੇ ਹੁੰਦੇ ਹਾਂ, ਇਹ ਮੈਨੂੰ ਚੰਗਾ ਲੱਗਦਾ ਹੈ।”
ਰੇਡੀਓ ਹੋਸਟ ਤੋਂ ਟੈਲੰਟ ਮੈਨੇਜਰ ਬਣੀ ਵਾਨੀ ਜਿੰਦਲ
ਜੈਸਮਿਨ ਸੈਂਡਲਿਸ ਨੂੰ ਸਾਲ 2016 ਤੋਂ ਵਾਨੀ ਜਿੰਦਲ ਮੈਨੇਜ ਕਰ ਰਹੇ ਸਨ। ਵਾਨੀ ਪਿਛਲੇ ਸਾਲ ਤੋਂ ਉਨ੍ਹਾਂ ਨਾਲ਼ੋਂ ਵੱਖ ਹੋਏ ਹਨ ਅਤੇ ਹੁਣ ਇੱਕ ਟੈਲੰਟ ਮੈਨੇਜਮੈਂਟ ਕੰਪਨੀ ਨਾਲ ਕੰਮ ਕਰਦੇ ਹਨ ਅਤੇ ਗਾਇਕਾ ਅਸੀਸ ਕੌਰ ਦੇ ਮੈਨੇਜਰ ਹਨ।
ਵਾਨੀ ਮੁਹਾਲੀ ਨਾਲ ਹੀ ਸਬੰਧਤ ਹਨ। ਉਨ੍ਹਾਂ ਨੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਦੌਰਾਨ ਕਾਲਜ ਅੱਧ-ਵਿਚਾਲੇ ਹੀ ਛੱਡ ਦਿੱਤਾ ਸੀ।
ਵਾਨੀ ਨੇ ਦੱਸਿਆ ਕਿ ਉਹ ਇੱਕ ਰੇਡੀਓ ਲਈ ਸ਼ੋਅ ਹੋਸਟ ਕਰਦੇ ਸਨ। ਸ਼ੋਅ ਦੌਰਾਨ ਉਨ੍ਹਾਂ ਨੂੰ ਜੈਸਮਿਨ ਦਾ ਗੀਤ ਚਲਾਉਣ ਲਈ ਇੱਕ ਸ੍ਰੋਤੇ ਨੇ ਸਿਫ਼ਾਰਿਸ਼ ਕੀਤੀ ਜਿਸ ਤੋਂ ਉਨ੍ਹਾਂ ਨੂੰ ਜੈਸਮਿਨ ਬਾਰੇ ਪਤਾ ਲੱਗਿਆ।
ਫਿਰ ਵਾਨੀ ਨੇ ਜੈਸਮਿਨ ਦੇ ਹੋਰ ਗੀਤ ਸੁਣੇ ਅਤੇ ਉਨ੍ਹਾਂ ਨੂੰ ਇੰਟਰਵਿਊ ਲਈ ਪਹੁੰਚ ਕੀਤੀ। ਇਸ ਤਰ੍ਹਾਂ ਹੌਲੀ-ਹੌਲੀ ਉਹ ਇੱਕ-ਦੂਜੇ ਦੇ ਸੰਪਰਕ ਵਿੱਚ ਆਏ।
ਉਨ੍ਹਾਂ ਨੇ 2016 ਵਿੱਚ ਜੈਸਮਿਨ ਸੈਂਡਲਿਸ ਦੀ ਮੈਨੇਜਮੈਂਟ ਸੰਭਾਲ਼ੀ ਸੀ। ਜਿਸ ਵਿਚ ਵਾਨੀ ਦੱਸਦੇ ਹਨ ਕਿ ਉਨ੍ਹਾਂ ਨੇ ਸ਼ੋਅ ਬੁਕਿੰਗਜ਼ ਤੋਂ ਲੈ ਕੇ, ਈਵੈਂਟ ਮੈਨੇਜਮੈਂਟ ਵੀ ਦੇਖੀ, ਗਾਣੇ ਕਿਸ ਤਰ੍ਹਾਂ ਕਰਨੇ ਹਨ, ਕਿਸ ਤਰ੍ਹਾਂ ਈਮੇਜ ਕਰੀਏਟ ਕਰਨੀ ਹੈ ਵਗੈਰਾ ਸਾਰੇ ਕੰਮ ਕੀਤੇ।
ਉਹ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਨਾਲ ਟੀਮ ਸੀ ਪਰ 2019 ਤੋਂ 2023 ਤੱਕ ਉਨ੍ਹਾਂ ਨੇ ਇਕੱਲਿਆਂ ਮੈਨੇਜ ਕੀਤਾ।
ਵਾਨੀ ਕਹਿੰਦੇ ਹਨ ਕਿ ਕਲਾਕਾਰ ਕੀ ਚਾਹੁੰਦਾ ਹੈ, ਉਸ ਮੁਤਾਬਕ ਮੈਨੇਜਰ ਉਸ ਲਈ ਕੰਮ ਲਿਆਉਂਦਾ ਹੈ। ਉਹ ਕਹਿੰਦੇ ਹਨ, “ਮੈਨੂੰ ਵੀ ਕੰਮ ਕਰਨ ਦੀ ਅਜ਼ਾਦੀ ਮਿਲੀ ਅਤੇ ਮੈਂ ਇਸ ਖੇਤਰ ਵਿੱਚ ਆਪਣੀ ਥਾਂ ਬਣਾਈ।”
ਵਾਨੀ ਮੁਤਾਬਕ ਜੇਕਰ ਆਰਟਿਸਟ ਅਤੇ ਮੈਨੇਜਰ ਦਾ ਵਿਜ਼ਨ ਮੇਲ ਖਾ ਜਾਂਦਾ ਹੈ ਤਾਂ ਤੁਸੀਂ ਲੰਬਾ ਸਫਰ ਤੈਅ ਕਰਦੇ ਹੋ।
ਹੁਣ ਉਹ ਅਸੀਸ ਕੌਰ ਨੂੰ ਮੈਨੇਜ ਕਰਦੇ ਹਨ, ਜੋ ਮੂਲ ਰੂਪ ਤੋਂ ਹਰਿਆਣਾ ਦੇ ਪੰਜਾਬੀ ਪਰਿਵਾਰ ਨਾਲ ਸਬੰਧਤ ਹਨ। ਅਸੀਸ ਕੌਰ ਨੇ ਪੰਜਾਬੀ ਗੀਤ ਵੀ ਕੀਤੇ ਹਨ ਅਤੇ ਹਿੰਦੀ ਗੀਤ ਵੀ ਕਰ ਰਹੇ ਹਨ।
ਵਾਨੀ ਹੁਣ ਅਸੀਸ ਕੌਰ ਦੀ 360 ਡਿਗਰੀ ਮੈਨੇਜਮੈਂਟ ਵੇਖਦੇ ਹਨ। ਹੁਣ ਉਹ ਅਸੀਸ ਕੌਰ ਦੇ ਸ਼ੋਅ ਕਰਵਾਉਣ ਤੋਂ ਲੈ ਕੇ, ਕੰਟੈਂਟ ਅਤੇ ਈਮੇਜ ਬਿਲਡਿੰਗ ਦਾ ਸਾਰਾ ਕੰਮ ਦੇਖਦੇ ਹਨ।
ਵਾਨੀ ਦਾ ਕਹਿਣਾ ਹੈ, “ਕਲਾਕਾਰ ਬਹੁਤ ਮੂਡੀ ਹੁੰਦੇ ਹਨ। ਇੱਕ ਮੈਨੇਜਰ ਨੇ ਉਨ੍ਹਾਂ ਦਾ ਮੂਡ ਵੀ ਸਮਝਣਾ ਹੈ ਪਰ ਸਮੇਂ ਸਿਰ ਕੰਮ ਵੀ ਦੇਣਾ ਹੁੰਦਾ ਹੈ। ਆਪਸੀ ਰਿਸ਼ਤੇ ਦੇ ਨਾਲ-ਨਾਲ ਮੈਨੇਜਰ ਦਾ ਥੋੜ੍ਹਾ ਕਠੋਰ ਹੋਣਾ ਵੀ ਜ਼ਰੂਰੀ ਹੈ, ਕਿਉਂਕਿ ਜਿਸ ਤੋਂ ਪੈਸੇ ਲਏ ਹੁੰਦੇ ਹਨ, ਉਸ ਨੂੰ ਸਮੇਂ ਸਿਰ ਕੰਮ ਦੇਣਾ ਵੀ ਮੈਨੇਜਰ ਦਾ ਜਿੰਮਾ ਹੁੰਦਾ ਹੈ।”
ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ
ਗਲੋਬਲ ਪੰਜਾਬੀ ਸਟਾਰ ਅਤੇ ਸਫਲਤਾ ਦੀ ਸਿਖਰ ‘ਤੇ ਬੈਠੇ ਦਿਲਜੀਤ ਦੋਸਾਂਝ ਦੀ ਮੈਨੇਜਰ ਇੱਕ ਮੁਟਿਆਰ ਸੋਨਾਲੀ ਸਿੰਘ ਹੈ। ਸੋਨਾਲੀ ਨੇ ਇਸ ਖੇਤਰ ਵਿੱਚ ਖਾਸ ਪਛਾਣ ਅਤੇ ਮੁਕਾਮ ਹਾਸਿਲ ਕੀਤਾ ਹੈ।
ਇੱਕ ਇੰਟਰਵਿਊ ਵਿੱਚ ਸੋਨਾਲੀ ਨੇ ਕਿਹਾ ਸੀ ਕਿ ਕਈ ਮਸਲਿਆਂ ’ਤੇ ਦਿਲਜੀਤ ਅਤੇ ਉਨ੍ਹਾਂ ਦੀ ਰਾਏ ਵੱਖੋ-ਵੱਖ ਵੀ ਹੋ ਜਾਂਦੀ ਹੈ, ਫਿਰ ਉਹ ਵਿਚਾਰ ਵਿਟਾਂਦਰਾ ਕਰਦੇ ਹਨ ਪਰ ਆਖ਼ਰੀ ਫ਼ੈਸਲਾ ਦਿਲਜੀਤ ਦਾ ਹੀ ਹੁੰਦਾ ਹੈ।
ਹੁਣ ਸੋਨਾਲੀ ਸਿੰਘ ਟੈਲੰਟ ਮੈਨੇਜਮੈਂਟ ਸਬੰਧੀ ਆਪਣੇ ਕੋਰਸ ਵੀ ਲਿਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿੱਪਲ ਇਫੈਕਟ ਸਟੂਡੀਓਜ਼ ਬਣਾਇਆ ਹੈ ਜਿਸ ਜ਼ਰੀਏ ਉਹ ਆਰਟਿਸਟ ਮੈਨੇਜਮੈਂਟ ਤੋਂ ਇਲਾਵਾ ਲਾਈਵ ਈਵੈਂਟ, ਫ਼ਿਲਮ ਅਤੇ ਐਡ ਫ਼ਿਲਮ ਪ੍ਰੋਡਕਸ਼ਨ ਵਿੱਚ ਵੀ ਪੈਰ ਧਰ ਰਹੇ ਹਨ।
ਉਨ੍ਹਾਂ ਬਾਰੇ ਜਾਨਣ ਲਈ ਅਸੀਂ ਨਿੱਜੀ ਤੌਰ ''''ਤੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੋਨਾਲੀ ਦੇ ਰੁਝੇਵਿਆਂ ਕਾਰਨ ਇਹ ਸੰਭਵ ਨਹੀਂ ਹੋ ਸਕਿਆ।
ਟੈਲੰਟ ਮੈਨੇਜਮੈਂਟ ਦੇ ਖੇਤਰ ਵਿੱਚ ਕੁੜੀਆਂ ਦੀ ਗਿਣਤੀ ਘੱਟ ਕਿਉਂ ?
ਜਿਨ੍ਹਾਂ ਕੁੜੀਆਂ ਬਾਰੇ ਉੱਪਰ ਜ਼ਿਕਰ ਹੋਇਆ ਹੈ, ਹੋ ਸਕਦਾ ਹੈ ਪੰਜਾਬੀ ਮਨੋਰੰਜਨ ਜਗਤ ਦੇ ਇਸ ਖੇਤਰ ਵਿੱਚ ਇਨ੍ਹਾਂ ਤੋਂ ਇਲਾਵਾ ਇੱਕਾ-ਦੁੱਕਾ ਕੁੜੀਆਂ ਹੋਰ ਵੀ ਹੋਣ, ਪਰ ਮੁੱਖ ਤੌਰ ’ਤੇ ਜਿਨ੍ਹਾਂ ਬਾਰੇ ਪਤਾ ਲੱਗ ਸਕਿਆ, ਉਹ ਇਹੀ ਹਨ।
ਹਾਲਾਂਕਿ ਟੈਲੰਟ ਮੈਨੇਜਮੈਂਟ ਕੰਪਨੀਆਂ ਵਿੱਚ ਕਈ ਕੁੜੀਆਂ ਨੌਕਰੀ ਕਰਦੀਆਂ ਹਨ।
ਸੰਦੀਪ ਵਿਰਕ ਕਹਿੰਦੇ ਹਨ “ਪੰਜਾਬ ਵਿੱਚ ਟੈਲੰਟ ਮੈਨੇਜਮੈਂਟ ਸ਼ਬਦ ਹੀ ਬੜਾ ਨਵਾਂ ਹੈ। ਸਾਡੀ ਇੰਡਸਟਰੀ ਵਿੱਚ ਮੈਨੇਜਰ ਸ਼ਬਦ ਤਾਂ ਵਰਤਿਆ ਹੀ ਬਹੁਤ ਘੱਟ ਜਾਂਦਾ ਹੈ। ਮਾਮੇ, ਮਾਸੀ, ਚਾਚਾ, ਤਾਇਆਂ ਦੇ ਮੁੰਡੇ ਆਮ ਤੌਰ ‘ਤੇ ਕਲਾਕਾਰਾਂ ਦੇ ਨਾਲ ਹੁੰਦੇ ਹਨ, ਉਨ੍ਹਾਂ ਦੀ ਇਸ ਵਿਚ ਮੁਹਾਰਤ ਹੋਵੇ ਭਾਵੇਂ ਨਾ। ਇਸ ਦਾ ਕਾਰਨ ਇਹ ਵੀ ਹੈ ਕਿ ਨਿੱਜਤਾ ਅਤੇ ਕਈ ਹੋਰ ਮਸਲਿਆਂ ਕਾਰਨ ਹਰ ਕੋਈ ਆਪਣੇ ਨਜਦੀਕੀ ਨੂੰ ਹੀ ਆਲੇ-ਦੁਆਲੇ ਰੱਖਣਾ ਚਾਹੁੰਦਾ ਹੈ।”
ਉਹ ਕਹਿੰਦੇ ਹਨ ਕਿ ਕੁੜੀਆਂ ਸਮੇਤ ਹੋਰ ਲੋਕ ਇਸ ਖੇਤਰ ਵਿਚ ਆਉਣਾ ਤਾਂ ਚਾਹੁੰਦੇ ਹਨ, ਪਰ ਹਰ ਕਿਸੇ ਨੂੰ ਰਾਹ ਜਾਂ ਮੌਕਾ ਨਹੀਂ ਮਿਲਦਾ।
ਨਿਧੀ ਕਹਿੰਦੇ ਹਨ ਕਿ ਜਾਂ ਤਾਂ ਕੁੜੀਆਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਵੀ ਇਸ ਖੇਤਰ ਵਿਚ ਆ ਸਕਦੀਆਂ ਹਨ।
ਉਹ ਕਹਿੰਦੇ ਹਨ, “ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਵਿੱਚ ਕੁੜੀਆਂ ਦੇ ਪਰਿਵਾਰ ਉਨ੍ਹਾਂ ਨੌਕਰੀਆਂ ਵਿੱਚ ਹੀ ਕੁੜੀਆਂ ਨੂੰ ਭੇਜਣਾ ਚਾਹੁੰਦੇ ਹਨ ਜਿੱਥੇ ਲੇਟ ਰਾਤ ਤੱਕ ਘਰੋਂ ਬਾਹਰ ਨਾ ਰਹਿਣਾ ਪਵੇ, ਜ਼ਿਆਦਾ ਟਰੈਵਲਿੰਗ ਨਾ ਕਰਨੀ ਪਵੇ। ਭਾਵੇਂ ਤੁਸੀਂ ਕੁਆਰੇ ਹੋ ਜਾਂ ਵਿਆਹੇ, ਸਵੇਰ ਜਾ ਕੇ ਸ਼ਾਮ ਨੂੰ ਘਰ ਮੁੜ ਆਉਣ ਵਾਲੀਆਂ ਨੌਕਰੀਆਂ ਨੂੰ ਹੀ ਕੁੜੀਆਂ ਲਈ ਪਹਿਲ ਦਿੱਤੀ ਜਾਂਦੀ ਹੈ। ਸ਼ਾਇਦ ਇੱਜ਼ਤ ਵੀ ਉਨ੍ਹਾਂ ਨੌਕਰੀਆਂ ਵਿੱਚ ਜ਼ਿਆਦਾ ਮਿਲਦੀ ਹੈ।”
ਵਾਨੀ ਕਹਿੰਦੇ ਹਨ ਕਿ ਪੰਜਾਬੀ ਮਨੋਰੰਜਨ ਜਗਤ ਵਿੱਚ ਕੈਮਰੇ ਦੇ ਸਾਹਮਣੇ ਅਤੇ ਕੈਮਰੇ ਦੇ ਪਿੱਛੇ ਹੋਰ ਕਈ ਖੇਤਰਾਂ ਵਿੱਚ ਤਾਂ ਕੁੜੀਆਂ ਹਨ, ਪਰ ਟੈਲੰਟ ਮੈਨੇਜਮੈਂਟ ਵਿੱਚ ਕੁੜੀਆਂ ਬਹੁਤ ਘੱਟ ਹਨ। ਉਹ ਕਹਿੰਦੇ ਹਨ ਕਿ ਹੁਣ ਇਸ ਖੇਤਰ ਬਾਰੇ ਪਤਾ ਜ਼ਰੂਰ ਲੱਗ ਰਿਹਾ ਹੈ, ਪਰ ਬੰਬੇ ਵੀ ਹਾਲੇ ਆਦਮੀਆਂ ਦੇ ਮੁਕਾਬਲੇ ਬੀਬੀਆਂ ਦਾ ਅਨੁਪਾਤ ਇਸ ਖੇਤਰ ਵਿੱਚ ਕਾਫ਼ੀ ਘੱਟ ਹੈ।
ਵਾਨੀ ਕਹਿੰਦੇ ਹਨ ਕਿ ਸਾਡੇ ਪੰਜਾਬੀ ਪਰਿਵਾਰਾਂ ਵਿੱਚ ਇਸ ਇੰਡਸਟਰੀ ਨੂੰ ਲੈ ਕੇ ਹੀ ਕਈ ਖ਼ਦਸ਼ੇ ਹੁੰਦੇ ਹਨ, ਬਾਕੀ ਨੌਕਰੀ ਦਾ ਸਮਾਂ ਕੋਈ ਫਿਕਸ ਨਹੀਂ ਹੁੰਦਾ ਇਸ ਲਈ ਪਰਿਵਾਰਾਂ ਤੋਂ ਇਜਾਜ਼ਤ ਮਿਲ਼ਣਾ ਹੀ ਵੱਡੀ ਚੁਣੌਤੀ ਹੁੰਦੀ ਹੈ ਜਿਸ ਕਰਕੇ ਕੁੜੀਆਂ ਇਸ ਖੇਤਰ ਵਿੱਚ ਘੱਟ ਆਉਂਦੀਆਂ ਹਨ।
ਕੀ ਮਹਿਲਾ ਮੈਨੇਜਰਾਂ ਦੀਆਂ ਚੁਣੌਤੀਆਂ ਪੁਰਸ਼ ਮੈਨੇਜਰਾਂ ਨਾਲ਼ੋਂ ਵੱਖਰੀਆਂ ਹਨ ?
ਸਾਡਾ ਸਮਾਜ ਹਾਲੇ ਵੀ ਮਰਦ ਪ੍ਰਧਾਨ ਹੋਣ ਕਰਕੇ, ਔਰਤਾਂ ਨੂੰ ਵੱਖਰੀ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਟੈਲੰਟ ਮੈਨੇਜਮੈਂਟ ਦਾ ਖੇਤਰ ਵੀ ਇਸ ਤੋਂ ਅਛੂਤ ਨਹੀਂ ਹੈ।
ਸੰਦੀਪ ਵਿਰਕ ਕਹਿੰਦੇ ਹਨ, “ਆਪਣੇ ਪੰਜਾਬ ਵਿੱਚ ਆਮ ਤੌਰ ‘ਤੇ ਮੁੰਡੇ ਰਾਤ ਨੂੰ ਪਾਰਟੀਆਂ ਕਰਦੇ ਹਨ, ਇਕੱਠੇ ਬੈਠਦਿਆਂ ਗੱਲਬਾਤਾਂ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਡੀਲਜ਼ ਉੱਥੇ ਹੁੰਦੀਆਂ ਹਨ। ਅਜਿਹੀਆਂ ਕਈ ਥਾਂਵਾਂ ‘ਤੇ ਅਸੀਂ ਕੁੜੀਆਂ ਨਹੀਂ ਬੈਠ ਸਕਦੀਆਂ।”
“ਅਸੀਂ ਕੁੜੀਆਂ ਬਹੁਤ ਸਾਰੀਆਂ ਥਾਂਵਾਂ ਉੱਤੇ ਸਾਹਮਣੇ ਵਾਲੇ ਨੂੰ ਖੁਸ਼ ਨਹੀਂ ਕਰ ਸਕਦੀਆਂ, ਜਿਸ ਨਾਲ ਲੌਬਿੰਗ ਵਿੱਚ ਕਿਤੇ ਨਾ ਕਿਤੇ ਖ਼ਲਾਅ ਰਹਿ ਜਾਂਦਾ ਹੈ। ਜੇ ਹੋਰ ਕੁੜੀਆਂ ਇਸ ਖੇਤਰ ਵਿੱਚ ਆਉਣਗੀਆਂ, ਜਿੱਥੇ ਜਿਸ ਨਾਲ ਡੀਲ ਕਰਨੀ ਹੈ ਉਹ ਵੀ ਕੁੜੀ ਹੋਵੇ ਤਾਂ ਸਾਡੇ ਲਈ ਸੌਖਾ ਹੋਵੇਗਾ।”
ਉਹ ਕਹਿੰਦੇ ਹਨ ਕਿ ਹਾਲਾਂਕਿ ਉਨ੍ਹਾਂ ਨੇ ਕਈ ਥਾਈਂ ਕਈ ਆਦਮੀਆਂ ਵਿੱਚ ਇਕੱਲੀ ਰਹਿ ਕੇ ਵੀ ਕੰਮ ਕੀਤਾ ਹੋਇਆ ਹੈ, ਇਸ ਪੱਖੋਂ ਕਿਤੇ ਕਿਸੇ ਤਰ੍ਹਾਂ ਦੀ ਬਦਤਮੀਜ਼ੀ ਦਾ ਸਾਹਮਣਾ ਨਹੀਂ ਹੋਇਆ, ਪਰ ਨੈਟਵਰਕਿੰਗ ਚੁਣੌਤੀ ਰਹਿੰਦੀ ਹੈ।
ਸੰਦੀਪ ਕਹਿੰਦੇ ਹਨ ਕਿ ਕਈ ਵਾਰ ਸਾਹਮਣੇ ਵਾਲਾ ਕੁੜੀਆਂ ਨੂੰ ਓਨੀ ਗੰਭੀਰਤਾ ਨਾਲ ਨਹੀਂ ਲੈਂਦਾ, ਪਰ ਦਿਲਜੀਤ ਦੇ ਮੈਨੇਜਰ ਸੋਨਾਲੀ ਸਿੰਘ ਨੇ ਇਸ ਸੋਚ ਨੂੰ ਬਦਲਣ ਵਿੱਚ ਬਹੁਤ ਯੋਗਦਾਨ ਪਾਇਆ ਹੈ।
ਵਾਨੀ ਜਿੰਦਲ ਕਹਿੰਦੇ ਹਨ ਕਿ ਮਨੋਰੰਜਨ ਖੇਤਰ ਵਿੱਚ ਵੈਸੇ ਵੀ ਜ਼ਿਆਦਾਤਰ ਆਦਮੀ ਹਨ, ਇਸ ਲਈ ਕੁੜੀਆਂ ਨੂੰ ਬਹੁਤਾ ਗੰਭੀਰਤਾ ਨਾਲ ਵੀ ਨਹੀਂ ਲਿਆ ਜਾਂਦਾ।
ਉਹ ਕਹਿੰਦੇ ਹਨ, “ਮੈਂ ਕਿਉਂਕਿ ਮੈਨੇਜ ਵੀ ਫੀਮੇਲ ਕਲਾਕਾਰਾਂ ਨੂੰ ਹੀ ਕੀਤਾ ਹੈ ਤਾਂ ਇਸ ਕੇਸ ਵਿੱਚ ਹੋਰ ਜ਼ੋਰਦਾਰ ਤਰੀਕੇ ਨਾਲ ਤੁਹਾਨੂੰ ਆਪਣੀ ਗੱਲ ਰੱਖਣੀ ਪੈਂਦੀ ਹੈ। ਕਲਾਕਾਰ ਵੀ ਕੁੜੀ ਅਤੇ ਮੈਨੇਜਰ ਵੀ ਕੁੜੀ ਹੋਵੇ ਤਾਂ ਲੋਕ ਬਹੁਤ ਘੱਟ ਗੰਭੀਰਤਾ ਨਾਲ ਲੈਂਦੇ ਹਨ, ਤੁਹਾਨੂੰ ਆਪਣੇ ਕੰਮ ਅਤੇ ਤਜਰਬੇ ਨਾਲ ਰੁਤਬਾ ਹਾਸਿਲ ਕਰਨਾ ਪੈਂਦਾ ਹੈ।"
ਵਾਨੀ ਕਹਿੰਦੇ ਹਨ ਕਿ ਜੇ ਤੁਹਾਡੇ ਕਲਾਕਾਰ ਨੂੰ ਜਾਂ ਤੁਹਾਨੂੰ ਥਾਂ ਮਿਲ ਜਾਂਦੀ ਹੈ ਤਾਂ ਕੰਮ ਸੌਖਾ ਹੋ ਜਾਂਦਾ ਹੈ , ਪਰ ਸ਼ੁਰੂਆਤ ਵਿੱਚ ਕੁੜੀਆਂ ਨੂੰ ਮੁੰਡਿਆਂ ਨਾਲ਼ੋਂ ਵੱਧ ਮਿਹਨਤ ਕਰਨੀ ਪੈਂਦੀ ਹੈ।
ਨਿਧੀ ਕਹਿੰਦੇ ਹਨ ਕਿ ਕੁੜੀਆਂ ਨੇ ਜੇਕਰ ਇਸ ਕਰੀਅਰ ਵਿੱਚ ਅੱਗੇ ਵਧਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਨੂੰ ਪਿੱਛੇ ਕਰਨਾ ਪੈਂਦਾ ਹੈ।
ਉਹ ਕਹਿੰਦੇ ਹਨ, “ਤੁਸੀਂ ਰਾਤ ਨੂੰ ਲੇਟ ਵੀ ਕੰਮ ਕਰਨਾ ਹੈ, ਅਚਾਨਕ ਕਿਤੇ ਜਾਣਾ ਵੀ ਪੈ ਸਕਦਾ ਹੈ। ਜਿਸ ਕਰਕੇ ਤੁਹਾਡੀ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ। ਮੈਨੂੰ ਲਗਦਾ ਹੈ ਆਦਮੀਆਂ ਨੂੰ ਇਸ ਸਮੱਸਿਆ ਦਾ ਸਾਹਮਣਾ ਇੰਨਾਂ ਨਹੀਂ ਕਰਨਾ ਪੈਂਦਾ। ਬਾਕੀ ਇਹ ਹੈ ਕਿ ਕੁਝ ਪਾਉਣ ਲਈ ਕੁਝ ਖੋਹਣਾ ਵੀ ਪੈਂਦਾ ਹੈ।"
ਹਿਮਾਂਸ਼ੀ ਦੇ ਮੈਨੇਜਰ ਨਿਧੀ ਦਾ ਕਹਿਣਾ ਹੈ ਕਿ ਜੇਕਰ ਇੱਕ ਲੜਕੀ ਹੀ ਲੜਕੀ ਨੂੰ ਮੈਨੇਜ ਕਰ ਰਹੀ ਹੈ ਤਾਂ ਉਸ ਲਈ ਸਿੱਧਾ ਕਿਸੇ ਕੋਲ ਜਾ ਕੇ ਕੰਮ ਵੀ ਨਹੀਂ ਮੰਗ ਸਕਦੇ, ਕਿਉਂਕਿ ਮਹਿਲਾ ਕਲਾਕਾਰਾਂ ਲਈ ਹਾਲੇ ਵੀ ਸੋਚ ਪੂਰੀ ਤਰ੍ਹਾਂ ਬਦਲੀ ਨਹੀਂ ਹੈ।
ਉਹ ਕਹਿੰਦੇ ਹਨ ਕਿ ਜੇਕਰ ਕਿਸੇ ਫੀਮੇਲ ਕਲਾਕਾਰ ਨੂੰ ਕੋਈ ਆਦਮੀ ਮੈਨੇਜ ਕਰ ਰਿਹਾ ਹੋਵੇ, ਤਾਂ ਉਸ ਲਈ ਕੰਮ ਮੰਗਣਾ ਵੀ ਅਸਾਨ ਹੁੰਦਾ ਹੈ।
ਇੱਕ ਇੰਟਰਵਿਊ ਵਿੱਚ ਦਿਲਜੀਤ ਦੇ ਮੈਨੇਜਰ ਸੋਨਾਲੀ ਸਿੰਘ ਨੇ ਕਿਹਾ ਸੀ ਕਿ ਇਸ ਖੇਤਰ ਵਿੱਚ ਔਰਤਾਂ ਨੂੰ ਦੇਰ ਰਾਤ ਕੰਮ ਕਰਨ, ਆਦਮੀਆਂ ਨਾਲ ਘਿਰੇ ਰਹਿਣ, ਜ਼ਿਆਦਾ ਟਰੈਵਲਿੰਗ ਕਰਨ ਲਈ ਜੱਜ ਕੀਤਾ ਜਾਂਦਾ ਹੈ।
ਉਹ ਇਹ ਵੀ ਕਹਿੰਦੇ ਹਨ ਕਿ ਇਸ ਮੁਕਾਮ ''''ਤੇ ਆ ਕੇ ਹੁਣ ਉਨ੍ਹਾਂ ਲਈ ਹਾਲਾਤ ਅਤੇ ਲੋਕਾਂ ਦਾ ਨਜ਼ਰੀਆ ਜ਼ਰੂਰ ਬਦਲਿਆ ਹੈ।
ਕਈ ਚੁਣੌਤੀਆਂ ਟੈਲੰਟ ਮੈਨੇਜਰ ਵਜੋਂ ਕੰਮ ਕਰ ਰਹੇ ਮੁੰਡਿਆਂ ਅਤੇ ਕੁੜੀਆਂ ਲਈ ਇੱਕੋ ਜਿਹੀਆਂ ਹੀ ਹਨ। ਜਿਵੇਂ ਕਿ ਕਿਸੇ ਵੀ ਰੁਕਾਵਟ ਦੇ ਬਾਵਜੂਦ ਸਮੇਂ ਸਿਰ ਕਲਾਕਾਰ ਦੀ ਪ੍ਰਫੌਰਮੈਂਸ ਸ਼ੁਰੂ ਕਰਵਾਉਣਾ ਵਗੈਰਾ।
ਸੰਦੀਪ ਕਹਿੰਦੇ ਹਨ, “ਕਈ ਵਾਰ ਕਿਸੇ ਮਸਲੇ ‘ਤੇ ਸਾਹਮਣੇ ਵਾਲਾ ਕਲਾਈਂਟ ਵੀ ਅੜ ਜਾਂਦਾ ਹੈ ਅਤੇ ਕਲਾਕਾਰ ਵੀ ਅੜ ਜਾਂਦਾ ਹੈ, ਇਸ ਮੌਕੇ ਦੋਹਾਂ ਨੂੰ ਖੁਸ਼ ਰੱਖਦਿਆਂ ਹੱਲ ਕੱਢਣਾ ਕਈ ਵਾਰ ਚੁਣੌਤੀ ਬਣ ਜਾਂਦਾ ਹੈ।”
ਕਈ ਵਾਰ ਸ਼ੋਅ ਪਹਿਲਾਂ ਤੋਂ ਬੁੱਕ ਹੁੰਦਾ ਹੈ, ਪਰ ਨਿੱਜੀ ਕਾਰਨਾਂ ਕਰਕੇ, ਪਰਿਵਾਰਕ ਸਮੱਸਿਆ ਕਰਕੇ ਕਲਾਕਾਰ ਪ੍ਰਫੌਰਮ ਕਰਨ ਦੀ ਮਾਨਸਿਕ ਸਥਿਤੀ ਵਿੱਚ ਨਹੀਂ ਹੁੰਦਾ, ਪਰ ਉਸ ਵੇਲੇ ਕਲਾਕਾਰ ਦਾ ਮੂਡ ਸਹੀ ਕਰਨਾ ਵੀ ਚੁਣੌਤੀ ਬਣ ਜਾਂਦਾ ਹੈ।
ਨਿਧੀ ਕਹਿੰਦੇ ਹਨ ਕਿ ਹੋ ਸਕਦਾ ਹੈ ਇੱਕ ਚੁਣੌਤੀ ਸਾਰੇ ਹੀ ਮੈਨੇਜਰਾਂ ਦੇ ਸਾਹਮਣੇ ਆਉਂਦੀ ਹੋਵੇ, ਪਰ ਫੀਮੇਲ ਕਲਾਕਾਰਾਂ ਦੇ ਮੈਨੇਜਰਾਂ ਤੋਂ ਲੋਕ ਕਲਾਕਾਰ ਦੀ ਨਿੱਜੀ ਜ਼ਿੰਦਗੀ ਬਾਰੇ ਸਵਾਲ ਬਹੁਤ ਪੁੱਛਦੇ ਹਨ, ਜਿਨ੍ਹਾਂ ਦਾ ਨਾ ਤਾਂ ਉਹ ਜਵਾਬ ਦੇ ਸਕਦੇ ਹੁੰਦੇ ਹਨ ਅਤੇ ਨਾ ਹੀ ਸਾਹਮਣੇ ਵਾਲੇ ਨੂੰ ਜਵਾਬ ਦੇਣ ਤੋਂ ਸਾਫ਼ ਮਨ੍ਹਾ ਕਰ ਸਕਦੇ ਹਨ।
ਕਿਸੇ ਹੋਰ ਨੂੰ ਸਟਾਰ ਬਣਾਉਣ ਨਾਲ ਮੈਨੇਜਰ ਨੂੰ ਕੀ ਮਿਲਦਾ ਹੈ?
ਇੱਕ ਟੈਲੰਟ ਮੈਨੇਜਰ ਕਿਸੇ ਦੇ ਕਰੀਅਰ ਨੂੰ ਲਗਾਤਾਰ ਵੱਡਾ ਕਰਨ ਦਾ ਸੁਫਨਾ ਦੇਖਦਾ ਹੈ ਅਤੇ ਉਸ ਸੁਫਨਾ ਪੂਰਾ ਕਰਨ ਲਈ ਕੰਮ ਕਰਦਾ ਹੈ। ਅਜਿਹੇ ਵਿੱਚ ਕੀ ਆਪਣੀ ਪਛਾਣ ਅਣਗੌਲੇ ਜਾਣ ਦਾ ਡਰ ਹੁੰਦਾ ਹੈ ?
ਇਸ ਸਵਾਲ ਦਾ ਜਵਾਬ ਵੱਖੋ-ਵੱਖ ਲੋਕਾਂ ਲਈ ਵੱਖਰਾ ਹੋ ਸਕਦਾ ਹੈ। ਕਈ ਲੋਕ ਇਸ ਸਫਰ ਵਿੱਚ ਆਪਣਾ ਅਕਸ ਗਵਾਚਣ ਦਾ ਡਰ ਮਹਿਸੂਸ ਕਰਦੇ ਹਨ। ਕਈ ਲੋਕ ਆਪਣੇ ਕਲਾਕਾਰ ਨੂੰ ਮੁਕਾਮ ਹਾਸਿਲ ਕਰਦੇ ਵੇਖਣ ਵਿੱਚ ਖੁਸ਼ੀ ਤੇ ਸੰਤੁਸ਼ਟੀ ਮਹਿਸੂਸ ਕਰਦੇ ਹਨ।
ਸੰਦੀਪ ਵਿਰਕ ਕਹਿੰਦੇ ਹਨ, “ਮੈਂ ਆਪਣੇ ਕਰੀਅਰ ਵਿੱਚ ਬੜੇ ਲੋਕ ਸਟਾਰ ਬਣਦੇ ਦੇਖੇ ਹਨ। ਜਿਹੜੇ ਬੰਦੇ ਨਾਲ ਤੁਸੀਂ ਸ਼ੁਰੂਆਤ ਤੋਂ ਜੁੜੇ ਹੁੰਦੇ ਹੋ, ਉਸ ਨੂੰ ਸਟਾਰ ਬਣਦਾ ਦੇਖਣ ਵਿੱਚ ਮੈਨੂੰ ਬੜੀ ਖੁਸ਼ੀ ਹੁੰਦਾ ਹੈ, ਇਹੋ ਜਿਹੀ ਸੰਤੁਸ਼ਟੀ ਕੋਈ ਨਹੀਂ ਹੈ।”
ਸਿਰਫ਼ ਇੰਨਾਂ ਹੈ ਕਿ ਟੈਲੰਟ ਮੈਨੇਜਰਜ਼ ਦੀ ਇੰਨੀ ਪਛਾਣ ਨਹੀਂ ਬਣ ਪਾਉਂਦੀ, ਅਤੇ ਜ਼ਿਆਦਾਤਰ ਲੋਕਾਂ ਵਿੱਚ ਇਸ ਚੀਜ਼ ਦੀ ਭੁੱਖ ਹੁੰਦੀ ਵੀ ਨਹੀਂ।
ਸੰਦੀਪ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਵੇਂ ਕਲਾਕਾਰਾਂ ਨਾਲ ਕੰਮ ਕਰਨਾ ਬੇਹਦ ਪਸੰਦ ਹੈ ਕਿਉਂਕਿ ਜਦੋਂ ਤੁਸੀਂ ਨਵੇਂ ਕਲਾਕਾਰ ਲਈ ਕੰਮ ਕਰਦੇ ਹੋ ਤਾਂ ਤੁਸੀਂ ਉਨ੍ਹਾਂ ਦਾ ਕਰੀਅਰ ਸਿਫ਼ਰ ਤੋਂ ਸ਼ੁਰੂ ਹੁੰਦਿਆਂ ਅਤੇ ਉਨ੍ਹਾਂ ਨੂੰ ਕਾਮਯਾਬੀ ਦੀ ਬੁਲੰਦੀ ‘ਤੇ ਪਹੁੰਚਦਿਆਂ ਦੇਖਦੇ ਹੋ।
ਵਾਨੀ ਕਹਿੰਦੇ ਹਨ ਕਿ ਸ਼ੌਹਰਤ ਇੱਕ ਕਲਾਕਾਰ ਨੂੰ ਹੀ ਮਿਲਦੀ ਹੈ, ਸੀਨ ਦੇ ਪਿੱਛੇ ਕੰਮ ਕਰਨ ਕਰਕੇ ਟੈਲੰਟ ਮੈਨੇਜਰ ਦਾ ਕੰਮ ‘ਥੈਂਕਲੈੱਸ'''' ਹੁੰਦਾ ਹੈ, ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਖੁਦ ਨੂੰ ਕਿੰਨਾ ਤੇ ਕਿਵੇਂ ਅੱਗੇ ਲੈ ਕੇ ਜਾਣਾ ਹੈ।
ਜਿਨ੍ਹਾਂ ਟੈਲੰਟ ਮੈਨੇਜਰਾਂ ਨਾਲ ਅਸੀਂ ਗੱਲ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ਤੁਸੀਂ ਚੰਗਾ ਪੈਸਾ ਵੀ ਕਮਾ ਸਕਦੇ ਹੋ। ਕਈ ਲੋਕ ਤਨਖਾਹ ‘ਤੇ ਕੰਮ ਕਰਦੇ ਹਨ ਪਰ ਕਈ ਲੋਕ ਕਮਿਸ਼ਨ ‘ਤੇ ਕੰਮ ਕਰਦੇ ਹਨ।
ਤੁਸੀਂ ਕਲਾਕਾਰ ਲਈ ਕੋਈ ਡੀਲ ਕਰਵਾਉਂਦੇ ਹੋ ਅਤੇ ਤੈਅ ਪ੍ਰਤੀਸ਼ਤ ਮੁਤਾਬਕ ਕਮਿਸ਼ਨ ਹਾਸਲ ਕਰਦੇ ਹੋ। ਸੰਦੀਪ ਨੇ ਦੱਸਿਆ ਕਿ ਹਰ ਕਿਸੇ ਨੇ ਕਮਿਸ਼ਨ ਦਾ ਆਪਣਾ ਪ੍ਰਤੀਸ਼ਤ ਤੈਅ ਕੀਤਾ ਹੁੰਦਾ ਹੈ।
ਉਦਾਹਰਨ ਵਜੋਂ ਜੇ ਕੋਈ 10 ਫੀਸਦੀ ਕਮਿਸ਼ਨ ‘ਤੇ ਕੰਮ ਕਰ ਰਿਹਾ ਹੈ ਅਤੇ ਉਸ ਨੇ ਕਿਸੇ ਬਰਾਂਡ ਨਾਲ ਕਲਾਕਾਰ ਦੀ ਇੱਕ ਕਰੋੜ ਦੀ ਡੀਲ ਕਰਵਾ ਦਿੱਤੀ, ਤਾਂ 10 ਫੀਸਦੀ ਦੇ ਹਿਸਾਬ ਨਾਲ 10 ਲੱਖ ਮੈਨੇਜਰ ਨੂੰ ਮਿਲਦਾ ਹੈ।
ਕਲਾਕਾਰਾਂ ਲਈ ਮੈਨੇਜਰ ਜ਼ਰੂਰੀ ਕਿਉਂ ਹਨ ?
ਪਹਿਲਾਂ ਪੰਜਾਬੀ ਕਲਾਕਾਰ ਆਪਣੇ ਖ਼ਿੱਤੇ ਤੱਕ ਸੀਮਿਤ ਸਨ, ਪਰ ਹੁਣ ਗਲੋਬਲ ਮਾਰਕਿਟ ਬਣ ਰਹੀ ਹੈ। ਸਾਡੇ ਕਲਾਕਾਰ ਗਲੋਬਲ ਥਾਂਵਾਂ ‘ਤੇ ਸ਼ੋਅ ਕਰ ਰਹੇ ਹਨ। ਜੇ ਕੋਈ ਆਪਣੇ ਦਾਇਰੇ ਤੋਂ ਨਿੱਕਲਣਾ ਚਾਹੁੰਦਾ ਹੈ ਉੱਥੇ ਟੈਲੰਟ ਮੈਨੇਜਰਾਂ ਦੀ ਲੋੜ ਹੈ।
ਇਸ ਤੋਂ ਇਲਾਵਾ ਇਹ ਕਿ ਕਲਾਕਾਰ ਨੇ ਆਪਣੀ ‘ਐਕਸਕਲਿਉਸਿਵਿਟੀ’ ਯਾਨੀ ਵਿਸ਼ੇਸ਼ਤਾ ਬਰਕਰਾਰ ਰੱਖਣੀ ਹੁੰਦੀ ਹੈ ਜਿਸ ਕਰਕੇ ਉਹ ਹਰ ਜਗ੍ਹਾ ਨਜ਼ਰ ਨਹੀਂ ਆ ਸਕਦਾ।ਕਲਾਕਾਰ ਲਈ ਸਿੱਧਾ ਕਿਸੇ ਕੋਲ਼ੋਂ ਕੰਮ ਮੰਗਣਾ ਜਾਂ ਪੈਸੇ ਸਬੰਧੀ ਡੀਲ ਕਰਨਾ ਵੀ ਠੀਕ ਨਹੀਂ ਰਹਿੰਦਾ।
ਇਸ ਤੋਂ ਇਲਾਵਾ ਆਪਣੀ ਕਲਾ ਨਿਖਾਰਨ ਅਤੇ ਪੇਸ਼ਕਾਰੀ ਕਰਨ ਦੇ ਨਾਲ-ਨਾਲ ਸ਼ੈਡਿਊਲ ਮੈਨੇਜ ਕਰਨਾ, ਸੋਅ ਬੁੱਕ ਕਰਨਾ ਜਾਂ ਸ਼ੋਅ ਦੀਆਂ ਤਿਆਰੀਆਂ ਵੱਲ ਧਿਆਨ ਦੇਣਾ, ਹੋਰ ਡੀਲਜ਼ ਲਈ ਵੱਖ-ਵੱਖ ਲੋਕਾਂ ਨਾਲ ਮੀਟਿੰਗਾਂ ਕਰਨਾ ਅਤੇ ਪੈਸੇ ਦਾ ਹਿਸਾਬ ਕਿਤਾਬ ਰੱਖਣਾ, ਸਭ ਕੁਝ ਕਲਾਕਾਰ ਲਈ ਕਰਨਾ ਸੌਖਾ ਨਹੀਂ ਹੈ।
ਇਸ ਲਈ ਕਲਾਕਾਰਾਂ ਨੂੰ ਮੈਨੇਜਰਾਂ ਦੀ ਲੋੜ ਪੈਂਦੀ ਹੈ ਅਤੇ ਟੈਲੰਟ ਮੈਨੇਜਰ ਵਜੋਂ ਮੁਹਾਰਤ ਵਾਲੇ ਲੋਕ ਕਲਾਕਾਰ ਦੇ ਕਰੀਅਰ ਨੂੰ ਹੋਰ ਵੱਡਾ ਕਰਨ ਵਿੱਚ ਮਦਦ ਕਰਦੇ ਹਨ।
ਸੰਦੀਪ ਵਿਰਕ ਕਹਿੰਦੇ ਹਨ, "ਪੰਜਾਬ ਵਿੱਚ ਵੱਡੇ ਬਰਾਂਡਜ਼ ਨਾਲ ਕਲਾਕਾਰਾਂ ਦੀ ਐਸੋਸੀਏਸ਼ਨ ਬਹੁਤ ਘੱਟ ਹੈ। ਵੱਡੇ ਗਲੋਬਲ ਬਰਾਂਡਜ਼ ਅਤੇ ਪੰਜਾਬੀ ਕਲਾਕਾਰਾਂ ਵਿਚਕਾਰ ਦੂਰੀ ਘੱਟ ਕਰਨ ਲਈ ਸਾਨੂੰ ਵਧੀਆ ਟੈਲੰਟ ਮੈਨੇਜਰਜ਼ ਦੀ ਲੋੜ ਹੈ। ਉਨ੍ਹਾਂ ਤੱਕ ਪਹੁੰਚ ਕਰਨਾ, ਉਨ੍ਹਾਂ ਨੂੰ ਆਪਣੇ ਕਲਾਕਾਰ ਨਾਲ ਐਸੋਸੀਏਟ ਕਰਨ ਲਈ ਪ੍ਰਭਾਵਿਤ ਕਰਨਾ, ਆਪਣੇ ਕਲਾਕਾਰ ਦੀ ਈਮੇਜ ਨੂੰ ਬਰਾਂਡ ਮੁਤਾਬਕ ਵਧਾਉਣਾ, ਇਹ ਸਭ ਕੰਮ ਟੈਲੰਟ ਮੈਨੇਜਰ ਕਰਦੇ ਹਨ।”
ਵਾਨੀ ਕਹਿੰਦੇ ਹਨ ਕਿ ਇਹ ਫੀਲਡ ਹੀ ਅਜਿਹਾ ਹੈ ਕਿ ਕਾਲਕਾਰ ਖੁਦ ਨੂੰ ਉਸ ਜਗ਼੍ਹਾ ‘ਤੇ ਨਹੀਂ ਰੱਖ ਸਕਦਾ ਜਿੱਥੇ ਡੀਲਜ਼ ਹੋਣ ਜਾਂ ਪੇਮੈਂਟ ਦੀ ਗੱਲ ਕਰਨੀ ਹੋਵੇ। ਉਹ ਕਹਿੰਦੇ ਹਨ ਕਿ ਕਲਾਕਾਰ ਹਰ ਥਾਂ ’ਤੇ ਮੌਜੂਦ ਵੀ ਨਹੀਂ ਹੋ ਸਕਦਾ। ਉਹ ਖੁਦ ਆਪਣੇ ਲਈ ਕੰਮ ਨਹੀਂ ਮੰਗ ਸਕਦਾ, ਖ਼ੁਦ ਪਲਾਨਿੰਗ ਕਰਕੇ ਕਰੀਅਰ ਵਿੱਚ ਅੱਗੇ ਨਹੀਂ ਵਧ ਸਕਦਾ। ਕਲਾਕਾਰ ਨੂੰ ਐਕਸਕਲਿਊਸਿਵ ਹੀ ਰਹਿਣਾ ਪੈਂਦਾ ਹੈ।
ਉਹ ਦੱਸਦੇ ਹਨ ਕਿ ਕਲਾਕਾਰ ਨੇ ਗਾਣਾ ਬਣਾ ਦਿੱਤਾ, ਪਰ ਇਸ ਨੂੰ ਮਾਰਕਿਟ ਵਿੱਚ ਕਿਵੇਂ ਰੱਖਣਾ ਹੈ, ਇਸ ਬਾਰੇ ਉਹ ਦੁਚਿੱਤੀ ਵਿੱਚ ਹੀ ਰਹਿੰਦੇ ਹਨ। ਉੱਥੇ ਟੈਲੰਟ ਮੈਨੇਜਰ ਦੀ ਲੋੜ ਪੈਂਦੀ ਹੈ।
ਵਾਨੀ ਕਹਿੰਦੇ ਹਨ ਕਿ ਇਸ ਕੰਮ ਵਿੱਚ ਪੈਸੇ ਦਾ ਲੈਣ-ਦੇਣ ਵੀ ਹੁੰਦਾ ਹੈ ਇਸ ਲਈ ਕਲਾਕਾਰ ਅਤੇ ਕਲਾਈਂਟ ਵਿਚਕਾਰ ਗੱਲਬਾਤ ਲਈ ਟੈਲੰਟ ਮੈਨੇਜਮੈਂਟ ਬਹੁਤ ਜ਼ਰੂਰੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)