ਆਈਲੈਟਸ ਕਰਕੇ ਪਤੀ ਨੂੰ ਵਿਦੇਸ਼ ਨਾ ਲੈ ਕੇ ਜਾਣ ''''ਤੇ ਪਤਨੀ ਖ਼ਿਲਾਫ਼ ਕੇਸ, ਜਾਣੋ ਕੋਰਟ ਨੇ ਕੀ ਕਿਹਾ

Thursday, Jan 25, 2024 - 07:05 PM (IST)

ਸੰਕੇਤਕ ਤਸਵੀਰ
Getty Images

ਸੰਗਰੂਰ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਵਿਰੁੱਧ ਧੋਖਾਧੜੀ ਦੀ ਐੱਫਆਈਆਰ ਦਰਜ ਕਰਵਾਈ ਸੀ ਜਿਸ ਵਿੱਚ ਉਸ ਨੇ ਇਲਜ਼ਾਮ ਲਗਾਇਆ ਉਹ (ਪਤਨੀ) ਉਸ ਨੂੰ ਵਿਆਹ ਤੋਂ ਪਹਿਲਾਂ ਕੀਤੇ ਗਏ ਕਰਾਰ ਮੁਤਾਬਕ ਆਸਟ੍ਰੇਲੀਆ ਨਹੀਂ ਲੈ ਕੇ ਗਈ।

ਇਸ ਦੇ ਨਾਲ ਹੀ ਉਸ ਨੇ ਦਾਅਵਾ ਕੀਤਾ ਉਸ ਨੇ ਆਪਣੀ ਪਤਨੀ ''''ਤੇ 30 ਲੱਖ ਰੁਪਏ ਦਾ ਖਰਚ ਕੀਤਾ ਸੀ।

ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਐੱਫਆਈਆਰ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਔਰਤ ਵਿਰੁੱਧ ਕੋਈ ਵੀ ਕਾਰਵਾਈ ਨਿਆਂ ਦਾ ਘਾਣ ਹੋਵੇਗਾ।

ਹਾਈ ਕੋਰਟ ਨੇ ਕੀ ਹੁਕਮ ਦਿੱਤੇ ਹਨ ਤੇ ਇਸ ਲਈ ਕੀ ਤਰਕ ਦਿੱਤਾ ਹੈ। ਇਸ ਦੀ ਗੱਲ ਕਰਾਂਗੇ ਪਰ ਪਹਿਲਾਂ ਵੇਖਦੇ ਹਾਂ ਕਿ ਮਾਮਲਾ ਕੀ ਹੈ।

ਐੱਫਆਈਆਰ ਵਿੱਚ ਕੀ ਹੈ

ਅਮਨਦੀਪ ਸਿੰਘ ਵੱਲੋਂ ਕੀਤੀ ਸ਼ਿਕਾਇਤ ''''ਚ ਉਸ ਨੇ ਇਲਜ਼ਾਮ ਲਾਇਆ ਕਿ ਉਸ ਦਾ ਵਿਆਹ ਰਾਜਵਿੰਦਰ ਕੌਰ ਨਾਲ ਇਸ ਆਪਸੀ ਰਜ਼ਾਮੰਦੀ ਨਾਲ ਹੋਇਆ ਸੀ ਕਿ ਉਹ ਪੜ੍ਹਾਈ ਦੇ ਆਧਾਰ ’ਤੇ ਆਈਲੈਟਸ ਪਾਸ ਕਰਕੇ ਵਿਦੇਸ਼ ਜਾਵੇਗੀ।

ਉਸ ਤੋਂ ਬਾਅਦ ਅਮਨਦੀਪ ਉਸ ਦਾ ਪਾਲਣ-ਪੋਸ਼ਣ ਕਰੇਗਾ ਅਤੇ ਸਾਰਾ ਖਰਚਾ ਉਹ ਹੀ ਚੁੱਕੇਗਾ।

ਵਿਆਹ 12 ਦਸੰਬਰ 2014 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਰਾਜਵਿੰਦਰ ਕੌਰ ਨੇ ਕੋਚਿੰਗ ਲਈ, ਜ਼ਰੂਰੀ ਇਮਤਿਹਾਨ ਪਾਸ ਕੀਤੇ ਅਤੇ ਫਿਰ ਸਟੱਡੀ ਵੀਜ਼ਾ ''''ਤੇ ਆਸਟ੍ਰੇਲੀਆ ਚਲੀ ਗਈ।

ਐੱਫਆਈਆਰ ਦੇ ਅਨੁਸਾਰ, ਅਮਨਦੀਪ ਨੇ ਰਾਜਵਿੰਦਰ ਕੌਰ ਦੇ ਆਸਟ੍ਰੇਲੀਆ ਵਿੱਚ ਰਹਿਣ ਦੇ ਖਰਚੇ ਤੋਂ ਇਲਾਵਾ ਕੋਚਿੰਗ, ਟਿਕਟਾਂ, ਸਿਖਲਾਈ, ਆਦਿ ਦੇ ਸਾਰੇ ਖਰਚੇ ਚੁੱਕੇ ਹਨ।

ਹਾਲਾਂਕਿ, ਬਾਅਦ ''''ਚ ਰਾਜਵਿੰਦਰ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਉਸ ਨੇ 17 ਲੱਖ ਦੀ ਰਕਮ ਉਸਦੇ ਖਾਤੇ ਵਿੱਚ ਐੱਫਡੀ ਵਜੋਂ ਜਮ੍ਹਾ ਕਰਵਾਉਣ ਦੀ ਮੰਗ ਕੀਤੀ।

ਇਲਜ਼ਾਮ ਲਗਾਇਆ ਗਿਆ ਸੀ ਕਿ ਸ਼ਿਕਾਇਤਕਰਤਾ ਨੇ 30 ਲੱਖ ਰੁਪਏ ਖਰਚ ਕੀਤੇ ਪਰ ਉਸ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਉਸ ਦੇ ਪਿਤਾ ਨੇ ਅਮਨਦੀਪ ਨੂੰ ਕਿਹਾ ਕਿ ਹੁਣ ਉਸ ਦਾ ਕੁੜੀ ਨਾਲ ਕੋਈ ਸਬੰਧ ਨਹੀਂ ਹੈ।

ਸੰਕੇਤਕ ਤਸਵੀਰ
Getty Images

ਕੀ ਕਹਿਣਾ ਹੈ ਔਰਤ ਦੇ ਪਰਿਵਾਰ ਦਾ

ਔਰਤ ਦੇ ਪਰਿਵਾਰ ਦਾ ਦਾਅਵਾ ਹੈ ਕਿ ਵਿਆਹ ਦੇ ਸਮੇਂ ਰਾਜਵਿੰਦਰ ਡੀਐੱਮਸੀ ਲੁਧਿਆਣਾ ਵਿੱਚ ਬਤੌਰ ਨਰਸ ਕੰਮ ਕਰਦੀ ਸੀ।

ਵਿਆਹ ਤੋਂ ਬਾਅਦ ਉਸ ਨੇ ਉਹੀ ਨੌਕਰੀ ਮੁੜ ਸ਼ੁਰੂ ਕਰ ਦਿੱਤੀ ਅਤੇ ਅਮਨਦੀਪ ਨਾਲ ਕਿਰਾਏ ਦੇ ਮਕਾਨ ''''ਚ ਰਹਿਣ ਲੱਗੀ।

ਰਾਜਵਿੰਦਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਅਮਨਦੀਪ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਸ ਦਾ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕਰਨ ਲੱਗਾ।

ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਕੁੜੀ ਦਾ ਏਟੀਐੱਮ ਕਾਰਡ ਅਮਨਦੀਪ ਕੋਲ ਸੀ, ਜੋ ਉਸ ਦੀ ਆਮਦਨੀ ਦੇ ਸਾਰੇ ਪੈਸੇ ਕਢਵਾ ਲੈਂਦਾ ਸੀ। ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਪਰ ਉਹ ਆਪਣੇ ਵਿਆਹੁਤਾ ਘਰ ਨੂੰ ਬਰਕਰਾਰ ਰੱਖਣ ਲਈ ਚੁੱਪ ਰਹੀ।

ਫਰਵਰੀ 2018 ਵਿੱਚ ਉਹ ਤਿੰਨ ਮਹੀਨਿਆਂ ਦੇ ਕੋਰਸ ਲਈ ਆਸਟ੍ਰੇਲੀਆ ਗਈ ਸੀ ਅਤੇ 1600 ਡਾਲਰ ਦੀ ਫੀਸ ਕੁੜੀ ਦੇ ਪਿਤਾ ਨੇ ਅਦਾ ਕੀਤੀ ਸੀ ਹਾਲਾਂਕਿ ਇਹ ਰਕਮ ਅਮਨਦੀਪ ਦੇ ਨਾਮ ਅਤੇ ਖਾਤੇ ਵਿੱਚ ਦਿਖਾਈ ਗਈ ਸੀ।

ਉਨ੍ਹਾਂ ਨੇ ਅੱਗੇ ਦਲੀਲ ਦਿੱਤੀ ਕਿ ਅਮਨਦੀਪ ਦਾ ਕਦੇ ਵੀ ਆਸਟ੍ਰੇਲੀਆ ਜਾਣ ਦਾ ਇਰਾਦਾ ਨਹੀਂ ਸੀ, ਕਿਉਂਕਿ ਉਹ ਭਾਰਤ ਵਿੱਚ ਇੱਕ ਆਰਾਮਦਾਇਕ ਜੀਵਨ ਬਤੀਤ ਕਰਨਾ ਚਾਹੁੰਦਾ ਸੀ।

ਹਾਲਾਂਕਿ, ਵਿਆਹ ਸਮੇਂ ਆਪਸੀ ਸਹਿਮਤੀ ਬਣੀ ਸੀ ਕਿ ਅਮਨਦੀਪ ਉਸ ਦਾ ਸਾਰਾ ਖਰਚਾ ਉਠਾਏਗਾ ਪਰ ਉਸ ਨੇ ਕਦੇ ਵੀ ਉਸ ਦੀ ਮਦਦ ਨਹੀਂ ਕੀਤੀ।

ਪਟੀਸ਼ਨਕਰਤਾਵਾਂ ਨੇ ਖਰਚੇ ਦਰਸਾਉਣ ਲਈ ਉਸ ਦੇ ਪਿਤਾ ਵੱਲੋਂ ਰਾਜਵਿੰਦਰ ਦੇ ਹੱਕ ਵਿੱਚ ਕੀਤੇ ਲੈਣ-ਦੇਣ ਦੇ ਵੇਰਵੇ ਦਿੱਤੇ ਹਨ।

ਇਹ ਵੀ ਇਲਜ਼ਾਮ ਹੈ ਕਿ ਅਮਨਦੀਪ ਵੱਲੋਂ ਦਿੱਤੀ ਗਈ ਪਰੇਸ਼ਾਨੀ ਕਾਰਨ ਉਸਨੇ ਉਸਦੇ ਖ਼ਿਲਾਫ਼ ਸ਼ਿਕਾਇਤ ਕੀਤੀ ਅਤੇ ਜਵਾਬੀ ਕਾਰਵਾਈ ਵਜੋਂ ਅਮਨਦੀਪ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ।

ਬੀਬੀਸੀ
BBC

ਪੰਚਾਇਤ ਨੇ ਦਖ਼ਲ ਦਿੱਤਾ

ਜਨਵਰੀ 2019 ਵਿੱਚ ਸਮਾਜ ਦੇ ਪਤਵੰਤੇ ਲੋਕਾਂ ਵਿੱਚ ਸਮਝੌਤਾ ਹੋ ਗਿਆ, ਜਿਸ ਅਨੁਸਾਰ ਅਮਨਦੀਪ, ਰਾਜਵਿੰਦਰ ਦਾ ਖਰਚਾ ਚੁੱਕਣ ਲਈ ਰਾਜ਼ੀ ਹੋ ਗਿਆ ਅਤੇ ਕਿਹਾ ਕਿ ਉਹ ਖ਼ੁਦ ਆਸਟ੍ਰੇਲੀਆ ਜਾਵੇਗਾ ਅਤੇ ਦੋਵੇਂ ਧਿਰਾਂ ਇੱਕ-ਦੂਜੇ ਵਿਰੁੱਧ ਦਰਜ ਸ਼ਿਕਾਇਤਾਂ ਵਾਪਸ ਲੈਣਗੀਆਂ।

ਉਕਤ ਸਮਝੌਤਾ ਮੰਨਣ ਦੀ ਬਜਾਏ ਅਮਨਦੀਪ ਨੇ ਪਟੀਸ਼ਨਰਾਂ ਨੂੰ ਪਰੇਸ਼ਾਨ ਕਰਨ ਲਈ ਐੱਫਆਈਆਰ ਦਰਜ ਕਰਵਾਈ ਹੈ।

ਪੰਚਾਇਤੀ ਸਮਝੌਤੇ ਅਨੁਸਾਰ ਰਾਜਵਿੰਦਰ ਕੌਰ ਅਤੇ ਅਮਨਦੀਪ ਕੌਰ ਵਿਚਕਾਰ ਗ਼ਲਤਫ਼ਹਿਮੀ ਹੋ ਗਈ ਸੀ ਅਤੇ ਹੁਣ ਇਹ ਫ਼ੈਸਲਾ ਹੋਇਆ ਹੈ ਕਿ ਰਾਜਵਿੰਦਰ ਕੌਰ ਆਸਟ੍ਰੇਲੀਆ ਵਿੱਚ ਹੀ ਰਹੇਗੀ ਅਤੇ ਵਾਪਸ ਭਾਰਤ ਨਹੀਂ ਆਵੇਗੀ।

ਰਾਜਵਿੰਦਰ ਕੌਰ ਦੇ ਹੁਣ ਤੱਕ ਦੇ ਖਰਚੇ ਅਤੇ ਦੋ ਮਹੀਨਿਆਂ ਦੇ ਹੋਰ 3 ਲੱਖ ਰੁਪਏ ਦੇ ਖਰਚੇ ਅਮਨਦੀਪ ਸਿੰਘ ਵੱਲੋਂ ਅਦਾ ਕੀਤੇ ਜਾਣਗੇ। ਜੇਕਰ ਅਮਨਦੀਪ ਸਿੰਘ ਆਸਟ੍ਰੇਲੀਆ ਨਹੀਂ ਜਾਵੇਗਾ ਤਾਂ ਉਹ ਖਰਚੇ ਲਈ 50,000/- ਰੁਪਏ ਪ੍ਰਤੀ ਮਹੀਨਾ ਅਦਾ ਕਰੇਗਾ। ਅਮਨਦੀਪ ਸਿੰਘ ਆਪਣੇ-ਆਪ ਆਸਟ੍ਰੇਲੀਆ ਜਾਣ ਲਈ ਪਾਬੰਦ ਹੋਵੇਗਾ।

ਪੁਲਿਸ ਦੀ ਜਾਂਚ

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਅਮਨਦੀਪ ਨੇ ਰਾਜਵਿੰਦਰ ਦਾ ਸਾਰਾ ਖਰਚਾ ਚੁੱਕਿਆ, ਉਸ ਨੂੰ ਆਸਟ੍ਰੇਲੀਆ ਭੇਜਿਆ ਅਤੇ ਉਹ ਅਮਨਦੀਪ ਨੂੰ ਆਸਟ੍ਰੇਲੀਆ ਲੈ ਜਾਣ ਦਾ ਵਾਅਦਾ ਪੂਰਾ ਕਰਨ ਵਿੱਚ ਅਸਫਲ ਰਹੀ।

ਸਮਝੌਤੇ ਬਾਰੇ ਪੁਲਿਸ ਨੇ ਦਲੀਲ ਦਿੱਤੀ ਕਿ ਇਹ ਜਵਾਬਦੇਹ ''''ਤੇ ਬੇਲੋੜਾ ਦਬਾਅ ਪਾ ਕੇ ਪ੍ਰਾਪਤ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਉਕਤ ਸਮਝੌਤੇ ''''ਤੇ ਰਾਜਵਿੰਦਰ ਕੌਰ ਦੇ ਦਸਤਖ਼ਤ ਨਹੀਂ ਹਨ, ਇਸ ਲਈ ਇਹ ਜਾਇਜ਼ ਨਹੀਂ ਹੈ।

ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਅਨੁਸਾਰ, ਰਾਜਵਿੰਦਰ ਅਤੇ ਉਸ ਦੇ ਪਿਤਾ ਨੇ ਉਸਨੂੰ ਆਸਟ੍ਰੇਲੀਆ ਲੈ ਕੇ ਜਾਣ ਦੇ ਬਹਾਨੇ 30 ਲੱਖ ਰੁਪਏ ਦੀ ਧੋਖਾਧੜੀ ਕੀਤੀ ਸੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ
BBC

''''ਆਪਣੀ ਪਤਨੀ ''''ਤੇ ਖਰਚੇ ਪੈਸੇ''''

ਪਰ ਹਾਈ ਕੋਰਟ ਨੇ ਕਿਹਾ, "ਭਾਵੇਂ ਇਹ ਮੰਨ ਲਿਆ ਜਾਵੇ ਕਿ ਕੋਚਿੰਗ, ਸਿਖਲਾਈ, ਟਿਕਟਾਂ ਜਾਂ ਆਸਟ੍ਰੇਲੀਆ ਵਿੱਚ ਰਹਿਣ ਲਈ ਲੋੜੀਂਦੇ ਖਰਚੇ ਸ਼ਿਕਾਇਤਕਰਤਾ (ਪਤੀ) ਦੁਆਰਾ ਕੀਤੇ ਗਏ ਸਨ, ਇਹ ਪਹਿਲੀ ਨਜ਼ਰ ਵਿੱਚ ਧੋਖਾਧੜੀ ਦਾ ਮਾਮਲਾ ਨਹੀਂ ਬਣਦਾ ਹੈ। ਜਿਵੇਂ ਕਿ ਰਕਮ ਇੱਕ ਪਤੀ ਦੁਆਰਾ ਆਪਣੀ ਪਤਨੀ ''''ਤੇ ਖਰਚ ਕੀਤੀ ਗਈ ਸੀ।

ਅਦਾਲਤ ਨੇ ਇਹ ਵੀ ਕਿਹਾ, “ਭਾਵੇਂ ਇਹ ਮੰਨ ਲਿਆ ਜਾਵੇ ਕਿ ਇਹ ਖਰਚਾ ਅਮਨਦੀਪ ਵੱਲੋਂ ਇਸ ਭਰੋਸੇ ''''ਤੇ ਕੀਤਾ ਗਿਆ ਸੀ ਕਿ ਰਾਜਵਿੰਦਰ ਦੇ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਉਹ ਉਸ ਲਈ ਸਪਾਊਸ ਵੀਜ਼ਾ ਲਈ ਅਪਲਾਈ ਕਰੇਗੀ ਅਤੇ ਅਮਨਦੀਪ ਨੇ ਉਕਤ ਵਾਅਦਾ ਪੂਰਾ ਨਹੀਂ ਕੀਤਾ, ਫਿਰ ਵੀ ਕੋਈ ਜੁਰਮ ਨਹੀਂ ਹੋਇਆ।"

ਰਾਜਵਿੰਦਰ ਕੌਰ ਦੇ ਪਿਤਾ ਗੁਰਤੇਜ ਸਿੰਘ ਅਤੇ ਅਮਨਦੀਪ ਸਿੰਘ ਵਿਚਕਾਰ ਜਨਵਰੀ 2019 ''''ਚ ਸਮਝੌਤਾ ਹੋਇਆ ਸੀ।

ਅਦਾਲਤ ਨੇ ਕਿਹਾ ਕਿ ਅਮਨਦੀਪ ਨੇ ਉਪਰੋਕਤ ਪੰਚਾਇਤੀ ਨੂੰ ਇਸ ਬਹਾਨੇ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ''''ਤੇ ਰਾਜਵਿੰਦਰ ਕੌਰ ਦੇ ਦਸਤਖ਼ਤ ਨਹੀਂ ਹਨ।

ਹਾਲਾਂਕਿ, ਇਸ ਅਦਾਲਤ ਨੇ ਇਸ ਇਤਰਾਜ਼ ਨੂੰ ਖ਼ਾਰਿਜ ਕਰਦੇ ਹੋਏ ਐੱਫਆਈਆਰ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News