ਪਠਾਨਕੋਟ ਦਾ 28 ਸਾਲਾ ਨੌਜਵਾਨ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋਇਆ, ''''ਕਾਨੂੰਨੀ ਤਰੀਕੇ ਕਹਿ ਕੇ ਡੌਂਕੀ ਰੂਟ ਰਾਹੀਂ ਭੇਜਿਆ ਗਿਆ''''

Monday, Jan 22, 2024 - 04:35 PM (IST)

ਜਗਮੀਤ ਸਿੰਘ
BBC/ Gurpreet Chawla

ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਜਗਮੀਤ ਸਿੰਘ ਨੂੰ ਆਪਣੇ ਘਰੋਂ ਅਮਰੀਕਾ ਲਈ ਰਵਾਨਾ ਹੋਏ ਕਰੀਬ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ।

ਜਗਮੀਤ ਸਿੰਘ ਨੇ ਐਮਬੀਏ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ।

ਪਰਿਵਾਰ ਮੁਤਾਬਕ ਆਪਣੀ ਯੋਗਤਾ ਮੁਤਾਬਕ ਨੌਕਰੀ ਨਾ ਮਿਲਣ ਕਰਕੇ ਜਗਮੀਤ ਨੇ ਵਿਦੇਸ਼ ਜਾਣ ਦਾ ਫ਼ੈਸਲਾ ਲਿਆ ਸੀ।

ਜਗਮੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਟ੍ਰੈਵਲ ਏਜੰਟ ਨਾਲ ਜਗਮੀਤ ਨੂੰ ਕਾਨੂੰਨੀ ਤਰੀਕੇ ਵਿਦੇਸ਼ ਭੇਜਣ ਦਾ ਕਰਾਰ ਹੋਇਆ ਸੀ, ਪਰ ਉਸ ਨੂੰ ਡੰਕੀ ਰੂਟ ਰਾਹੀਂ ਭੇਜਿਆ ਗਿਆ।

ਹੁਣ ਜਗਮੀਤ ਸਿੰਘ ਪਿਛਲੇ ਕਰੀਬ ਇੱਕ ਮਹੀਨੇ ਤੋਂ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਦੱਸਿਆ ਜਾ ਰਿਹਾ ਹੈ।

ਜਗਮੀਤ ਦੀ ਉਡੀਕ ਵਿੱਚ ਉਨ੍ਹਾਂ ਦੀ ਭੈਣ ਅਤੇ ਹੋਰ ਪਰਿਵਾਰਕ ਮੈਂਬਰ ਉਸ ਦੀ ਸਲਾਮਤੀ ਦੀ ਅਰਦਾਸ ਕਰ ਰਹੇ ਹਨ।

ਜਗਮੀਤ ਦਾ ਪਰਿਵਾਰ ਨਾਲ ਆਖ਼ਰੀ ਵਾਰੀ ਸੰਪਰਕ 19 ਦਸੰਬਰ ਨੂੰ ਹੋਇਆ ਸੀ।

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਧੇਰ ਵਿੱਚ ਜਨਮੇ ਜਗਮੀਤ ਸਿੰਘ ਛੋਟੇ ਹੁੰਦੇ ਤੋਂ ਆਪਣੇ ਚਾਚੇ ਜੋਗਿੰਦਰ ਸਿੰਘ ਕੋਲ ਪਠਾਨਕੋਟ ਹੀ ਰਹੇ ਅਤੇ ਉਥੇ ਹੀ ਉਨ੍ਹਾਂ ਨੇ ਮੁੱਢਲੀ ਸਿਖਿਆ ਲਈ ਉਚੇਰੀ ਪੜ੍ਹਾਈ ਕੀਤੀ।

''''ਡੌਂਕੀ ਰੂਟ ਬਾਰੇ ਸੁਣਿਆ ਤਾਂ ਕੰਬ ਉੱਠੇ''''

ਜਗਮੀਤ ਸਿੰਘ
BBC/ Gupreet Chawla

ਜਗਮੀਤ ਸਿੰਘ ਦੇ ਪਿਤਾ ਅਨੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਿਸ਼ਤੇਦਾਰਾਂ ਅਤੇ ਹੋਰਾਂ ਕੋਲੋਂ ਕਰਜ਼ਾ ਲੈ ਕੇ ਜਗਮੀਤ ਸਿੰਘ ਨੂੰ ਅਮਰੀਕਾ ਭੇਜਣ ਲਈ 45 ਲੱਖ ਰੁਪਏ ਦਾ ਪ੍ਰਬੰਧ ਕੀਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 15 ਲੱਖ ਰੁਪਏ ਐਡਵਾਂਸ ਦਿੱਤੇ ਸਨ।

ੳਨ੍ਹਾਂ ਦੱਸਿਆ, “ਜਗਮੀਤ ਸਿੰਘ ਨੂੰ ਪਹਿਲਾਂ ਨਵੰਬਰ ਵਿੱਚ ਦਿੱਲੀ ਲਿਜਾਇਆ ਗਿਆ, ਉੱਥੇ ਉਨ੍ਹਾਂ ਨੂੰ ਕੁਝ ਦਿਨ ਰੱਖਿਆ ਗਿਆ ਜਿਸ ਮਗਰੋਂ ਉਨ੍ਹਾਂ ਨੂੰ ਗਿਆਨਾ ਵਿੱਚ ਭੇਜਿਆ ਗਿਆ।”

ਉਨ੍ਹਾਂ ਦੱਸਿਆ, “19 ਦਸੰਬਰ ਨੂੰ ਜਗਮੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੋਲੰਬੀਆ ਪਹੁੰਚ ਚੁੱਕੇ ਹਨ ਤੇ ਇਸ ਤੋਂ ਬਾਅਦ ਇੱਕ ਸਮੂਹ, ਜਿਸ ਵਿੱਚ ਪੰਜਾਬੀ ਵੀ ਹਨ, ਵਿੱਚ ਉਨ੍ਹਾਂ ਨੂੰ ਪਨਾਮਾ ਦੇ ਜੰਗਲ ਰਾਹੀਂ ਅਮਰੀਕਾ ਦੀ ਸਰਹੱਦ ਤੱਕ ਲਿਜਾਂਦਾ ਜਾਵੇਗਾ।”

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਗਮੀਤ ਨੂੰ ਡੌਂਕੀ ਰੂਟ ਰਾਹੀਂ ਲਿਜਾਂਦਾ ਜਾਵੇਗਾ ਤਾਂ ਉਹ ਇੱਕ ਦਮ ਕੰਬ ਗਏ।

ਜਗਮੀਤ ਸਿੰਘ
BBC/Gurpreet Chawla
ਜਗਮੀਤ ਦੀ ਆਪਣੀ ਭੈਣ ਕੋਲੋਂ ਰੱਖਣੀ ਬੰਨਵਾਉਂਦਿਆਂ ਦੀ ਪੁਰਾਣੀ ਤਸਵੀਰ

ਇਸ ਮਗਰੋਂ ਉਨ੍ਹਾਂ ਨੇ ਏਜੰਟ ਨੂੰ ਫੋਨ ਕੀਤਾ ਅਤੇ ਇਸ ਬਾਰੇ ਪੁੱਛਿਆ ਤਾਂ ਉਸ ਨੇ ਉਨ੍ਹਾਂ ਨੂੰ ਵਿਸ਼ਵਾਸ ਦਿੱਤਾ ਕਿ ਜਗਮੀਤ ਸਹੀ ਸਲਾਮਤ ਅਮਰੀਕਾ ਪਹੁੰਚ ਜਾਵੇਗਾ।

ਉਨ੍ਹਾਂ ਦੱਸਿਆ ਕਿ ਏਜੰਟ ਹੁਣ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਿਹਾ।

ਉਹ ਦੱਸਦੇ ਹਨ, “ਇਸ ਮਗਰੋਂ ਅਸੀਂ ਜਗਮੀਤ ਨਾਲ ਗਏ ਹੋਰਨਾਂ ਪਰਿਵਾਰਾਂ ਨਾਲ ਸੰਪਰਕ ਕੀਤਾ ਇਸ ਮਗਰੋਂ ਇਹ ਸਾਹਮਣੇ ਆਇਆ ਕਿ ਜਗਮੀਤ ਪਨਾਮਾ ਦੇ ਜੰਗਲਾਂ ਵਿੱਚ ਗੁਆਚ ਗਿਆ ਹੈ।”

ਉਹ ਦੱਸਦੇ ਹਨ ਕਿ ਏਜੰਟ ਆਪਣੇ ਘਰ ਨੂੰ ਤਾਲਾ ਲਗਾ ਕੇ ਫਰਾਰ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਆਖ਼ਰੀ ਲੋਕੇਸ਼ਨ ਵੀ ਪਨਾਮਾ ਦੇ ਜੰਗਲ ਦੀ ਹੈ।

ਪਰਿਵਾਰ ਵਾਲੇ ਰਾਜ਼ੀ ਨਹੀਂ ਸਨ

ਜਗਮੀਤ ਸਿੰਘ
BBC/ Gupreet Chawla

ਜਗਮੀਤ ਸਿੰਘ ਦੀ ਛੋਟੀ ਭੈਣ ਪ੍ਰਭਪ੍ਰੀਤ ਕੌਰ ਭਾਵੁਕ ਹੁੰਦੀ ਆਖਦੀ ਹੈ ਕਿ 19 ਦਸੰਬਰ ਨੂੰ ਪਰਿਵਾਰ ਨੂੰ ਫੋਨ ਕਰਕੇ ਉਨ੍ਹਾਂ ਦੇ ਭਰਾ ਨੇ ਕਿਹਾ ਸੀ ਉਹ ਅਗੇ ਜਾ ਰਿਹਾ ਹੈ ਅਤੇ ਜਲਦ ਨੈੱਟਵਰਕ ਮਿਲਣ ਤੇ ਫੋਨ ਕਰੇਗਾ ਲੇਕਿਨ ਮੁੜ ਫੋਨ ਨਹੀਂ ਆਇਆ।

ਉਹ ਕਹਿੰਦੇ ਹਨ ਕਿ ਹੁਣ ਉਨ੍ਹਾਂ ਦਾ ਸਾਰਾ ਦਿਨ ਇਸੇ ਉਡੀਕ ''''ਚ ਨਿਕਲ ਜਾਂਦਾ ਹੈ ਕਿ ਕਦੋਂ ਫੋਨ ਆਵੇਗਾ।

ਜਗਮੀਤ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਸਨ ਕਿ ਜਗਮੀਤ ਵਿਦੇਸ਼ ਜਾਵੇ।

ਜਗਮੀਤ ਸਿੰਘ ਦੇ ਪਿਤਾ ਅਨੂਪ ਸਿੰਘ ਭਾਵੁਕ ਹੁੰਦੇ ਆਖਦੇ ਹਨ ਕਿ ਉਨ੍ਹਾਂ ਨੂੰ ਹਰ ਪਲ ਇਹ ਉਡੀਕ ਰਹਿੰਦੀ ਹੈ ਕਿ ਪੁੱਤ ਦਾ ਕੋਈ ਸੁਨੇਹਾ ਆ ਜਾਵੇ। ਉਨ੍ਹਾਂ ਲਈ ਇੱਕ-ਇੱਕ ਦਿਨ ਗੁਜ਼ਾਰਨਾ ਬਹੁਤ ਮੁਸ਼ਕਲ ਹੈ।

ਜਗਮੀਤ ਸਿੰਘ ਦੇ ਪਿਤਾ ਅਨੂਪ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਟ੍ਰੇਵਲ ਏਜੰਟ ਉਨ੍ਹਾਂ ਵਲੋਂ ਸ਼ਿਕਾਇਤ ਕੀਤੇ ਜਾਣ ਤੋਂ ਪਹਿਲਾ ਹੀ ਵਿਦੇਸ਼ ਭੱਜ ਗਿਆ ਹੈ।

ਦਿੱਲੀ ਤੋਂ ਹੀ ਵਾਪਸ ਆਉਣ ਬਾਰੇ ਫੋਨ ਕੀਤਾ ਸੀ

ਜਗਮੀਤ ਸਿੰਘ
BBC/ Gupreet Chawla
ਜਗਮੀਤ ਸਿੰਘ ਪਿਛਲੇ ਕਰੀਬ ਇਕ ਮਹੀਨੇ ਤੋਂ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਦੱਸਿਆ ਜਾ ਰਿਹਾ ਹੈ

ਜਗਮੀਤ ਸਿੰਘ ਦੇ ਚਾਚਾ ਜਸਪਾਲ ਸਿੰਘ ਦੱਸਦੇ ਹਨ ਕਿ ਜਗਮੀਤ ਨੂੰ ਜਦੋਂ 15 ਦਿਨ ਦਿੱਲੀ ਬਿਠਾਈ ਰੱਖਿਆ ਗਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਵਾਪਸ ਆਉਣ ਬਾਰੇ ਕਿਹਾ ਸੀ। ਜਗਮੀਤ ਦੇ ਪਿਤਾ ਨੇ ਵੀ ਕਿਹਾ ਸੀ ਕਿ ਉਸ ਦੇ ਵਾਪਸ ਆਉਣ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ।

ਉਹ ਦੱਸਦੇ ਹਨ ਕਿ ਅਗਲੇ ਹੀ ਦਿਨ ਗਿਆਨਾ ਦੀ ਫਲਾਈਟ ਦੀਆਂ ਟਿਕਟਾਂ ਆ ਗਈਆਂ ਅਤੇ ਉਹ ਚਲਾ ਗਿਆ।

ਉਹ ਕਹਿੰਦੇ ਹਨ ਕਿ ਏਜੰਟ ਨੇ ਵੀ ਉਨ੍ਹਾਂ ਦੇ ਪੁੱਤਰ ਦੀ ਭਾਲ ਵਿੱਚ ਕੋਈ ਸਹਿਯੋਗ ਨਹੀਂ ਕੀਤਾ ਅਤੇ ਪਰਿਵਾਰ ਸਮੇਤ ਫਰਾਰ ਹੋ ਗਿਆ।

ਬੀਬੀਸੀ
BBC

ਪੁਲਿਸ ਨੇ ਮਾਮਲਾ ਦਰਜ ਕੀਤਾ

ਜ਼ਿਲ੍ਹਾ ਪਠਾਨਕੋਟ ਦੇ ਡੀਐਸਪੀ ਸਿਟੀ ਸੁਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਇੱਕ ਨੌਜਵਾਨ ਜਗਮੀਤ ਸਿੰਘ ਨੂੰ ਟਰੈਵਲ ਏਜੰਟ ਵੱਲੋਂ ਡੌਂਕੀ ਜ਼ਰੀਏ ਅਮਰੀਕਾ ਭੇਜਿਆ ਗਿਆ ਹੈ ਅਤੇ ਇਹ ਨੌਜਵਾਨ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ ਹੈ।

ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਕੀਤੇ ਜਾਣ ਉੱਤੇ ਪੁਲਿਸ ਨੇ ਟ੍ਰੈਵਲ ਏਜੰਟ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਵਿਰੁੱਧ ਧਾਰਾ 420 (ਧੋਖਾਧੜੀ) 346 (ਬੰਦੀ ਬਣਾਉਣ) ਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

ਡੌਂਕੀ ਰੂਟ ਕੀ ਹੁੰਦਾ ਹੈ

ਡੌਂਕੀ
Getty Images
ਸੰਕੇਤਕ ਤਸਵੀਰ

ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨ ਨੂੰ ਏਜੰਟ ਕਈ ਰਸਤਿਆਂ ਰਾਹੀਂ ਅਮਰੀਕਾ ਲੈ ਕੇ ਜਾਂਦੇ ਹਨ।

ਸਭ ਤੋਂ ਪਹਿਲਾਂ ਇਨ੍ਹਾਂ ਨੂੰ ਲਾਤੀਨੀ ਅਮਰੀਕੀ ਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਹੈ, ਇਸ ਦਾ ਕਾਰਨ ਹੈ ਇਹਨਾਂ ਦੇ ਦੇਸ਼ਾਂ ਦੀ ਸੌਖੀ ਵੀਜ਼ਾ ਪ੍ਰਣਾਲੀ।

ਡੌਂਕੀ ਰਾਹੀਂ ਅਮਰੀਕਾ ਪਹੁੰਚੇ ਅਤੇ ਫਿਰ ਉੱਥੋਂ ਡਿਪੋਰਟ ਹੋਏ ਇੱਕ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਏਜੰਟ ਕੁਝ ਨੂੰ ਪਹਿਲਾਂ ਏਕਵਾਡੋਰ ਲੈ ਕੇ ਜਾਂਦੇ ਹਨ, ਉੱਥੋਂ ਡੌਂਕੀ ਰਾਹੀਂ ਕੋਲੰਬੀਆ ਅਤੇ ਫਿਰ ਪਨਾਮਾ।

ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟਾ ਰੀਕਾ ਅਤੇ ਇੱਥੋਂ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ।

ਨਿਕਾਰਾਗੁਆ ਤੋਂ ਹੌਂਡੂਰਸ ਵਿੱਚ ਐਂਟਰੀ ਕਰਵਾਈ ਜਾਂਦੀ ਹੈ। ਇੱਥੋਂ ਫਿਰ ਗੁਆਟੇਮਾਲਾ ਤੇ ਮੈਕਸੀਕੋ ਪਹੁੰਚਿਆ ਜਾਂਦਾ ਹੈ।

ਮੈਕਸੀਕੋ ਪਹੁੰਚਣ ਤੋਂ ਬਾਅਦ ਸਰਹੱਦ ਪਾਰ ਕਰ ਕੇ ਨੌਜਵਾਨ ਅਮਰੀਕਾ ਵਿੱਚ ਦਾਖਲ ਹੁੰਦੇ ਹਨ।

ਕੁਝ ਏਜੰਟ ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਰਾਹੀਂ ਵੀ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਹਨ।

ਡੌਂਕੀ ਦਾ ਪੈਂਡਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਡੌਂਕਰ ਦੀ ਸੈਟਿੰਗ ਅਤੇ ਉਸ ਦਾ ਨੈੱਟਵਰਕ ਕਿਸ ਦੇਸ਼ ਵਿੱਚ ਚੰਗਾ ਹੈ।

ਡੌਂਕਰ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਨੌਜਵਾਨਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News