ਬੋਤਲ ਵਾਲੇ ਪਾਣੀ ਤੋਂ ਲੈ ਕੇ ਖਾਣੇ ’ਚ ਫੈਲ ਚੁੱਕੀ ਪਲਾਸਟਿਕ ਕਿੰਨੀ ਖ਼ਤਰਨਾਕ ਹੈ

Monday, Jan 22, 2024 - 02:35 PM (IST)

ਬੋਤਲ ਵਾਲੇ ਪਾਣੀ ਤੋਂ ਲੈ ਕੇ ਖਾਣੇ ’ਚ ਫੈਲ ਚੁੱਕੀ ਪਲਾਸਟਿਕ ਕਿੰਨੀ ਖ਼ਤਰਨਾਕ ਹੈ
ਪਾਣੀ
Getty Images

ਪੀਣ ਵਾਲਾ ਪਾਣੀ ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤਾਂ ’ਚੋਂ ਇੱਕ ਹੈ।

ਜਦੋਂ ਕਦੇ ਵੀ ਅਸੀਂ ਸਫ਼ਰ ਕਰਦੇ ਹਾਂ ਜਾਂ ਫਿਰ ਅਜਿਹੀ ਥਾਂ ’ਤੇ ਹੁੰਦੇ ਹਾਂ ਜਿੱਥੇ ਸਾਫ਼ ਪਾਣੀ ਦੀ ਕਿਲੱਤ ਹੁੰਦੀ ਹੈ ਜਾਂ ਸਾਫ਼ ਪਾਣੀ ਉਪਲਬਧ ਨਹੀਂ ਹੁੰਦਾ ਹੈ, ਉੱਥੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਬੋਤਲਬੰਦ ਪਾਣੀ ਹੀ ਮਿਲ ਜਾਵੇ।

ਅਸੀਂ ਇਹ ਮੰਨਦੇ ਹਾਂ ਕਿ ਇਸ ਪਾਣੀ ’ਚ ਕੋਈ ਗੰਦਗੀ ਨਹੀਂ ਹੋਵੇਗੀ। ਪਰ ਇਸ ਪਾਣੀ ਦੇ ਅੰਦਰ ਮਾਈਕ੍ਰੋਪਲਾਸਟਿਕ ਭਾਵ ਪਲਾਸਟਿਕ ਦੇ ਅਣਗਿਣਤ ਛੋਟੇ-ਛੋਟੇ ਕਣ ਹੋ ਸਕਦੇ ਹਨ।

ਬੀਬੀਸੀ ਫਿਊਚਰ ’ਤੇ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਅਤੇ ਰਟਗਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਬੋਤਲਬੰਦ ਪਾਣੀ ’ਚ ਪਹਿਲਾਂ ਦੇ ਅੰਦਾਜ਼ੇ ਦੀ ਤੁਲਨਾ ’ਚ 100 ਗੁਣਾ ਜ਼ਿਆਦਾ ਮਾਈਕ੍ਰੋਪਲਾਸਟਿਕ ਹੋ ਸਕਦੇ ਹਨ।

ਉਨ੍ਹਾਂ ਦੀ ਖੋਜ ’ਚ ਪਤਾ ਲੱਗਿਆ ਕਿ ਇੱਕ ਲੀਟਰ ਪਾਣੀ ’ਚ ਲਗਭਗ ਢਾਈ ਲੱਖ ਨੈਨੋ-ਪਲਾਸਟਿਕ ਕਣ ਹੋ ਸਕਦੇ ਹਨ।

ਇਨ੍ਹਾਂ ਖੋਜਕਰਤਾਵਾਂ ਨੇ ਜਦੋਂ ਪਾਣੀ ਦੇ ਤਿੰਨ ਬ੍ਰਾਂਡਾਂ ਦੀਆਂ ਬੋਤਲਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ 1 ਲੀਟਰ ’ਚ 1 ਲੱਖ 10 ਹਜ਼ਾਰ ਤੋਂ 4 ਲੱਖ ਨੈਨੋ-ਪਲਾਸਟਿਕ ਕਣ ਮਿਲੇ।

ਵਿਗਿਆਨੀਆਂ ਦੇ ਅਨੁਸਾਰ ਪਾਣੀ ’ਚ ਜ਼ਿਆਦਾਤਰ ਪਲਾਸਟਿਕ ਕਣ ਉਸੇ ਬੋਤਲ ਤੋਂ ਹੀ ਘੁਲੇ ਸਨ।

ਭਾਰਤ ’ਚ ਮਾਈਕ੍ਰੋ ਪਲਾਸਟਿਕ ਦਾ ਪ੍ਰਦੂਸ਼ਣ

ਪਲਾਸਟਿਕ ਦੇ ਟੁਕੜੇ
Getty Images

ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੋਗੇ ਤਾਂ ਤੁਹਾਨੂੰ ਪਲਾਸਟਿਕ ਦੀਆਂ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਣਗੀਆਂ।

ਅਜਿਹੀਆਂ ਹੀ ਚੀਜ਼ਾਂ ਦੇ ਬਰੀਕ ਟੁੱਕੜੇ ਜਦੋਂ ਬਹੁਤ ਹੀ ਛੋਟੇ ਆਕਾਰ ’ਚ ਟੁੱਟ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਾਈਕ੍ਰੋ ਪਲਾਸਟਿਕ ਕਿਹਾ ਜਾਂਦਾ ਹੈ।

ਆਮ ਤੌਰ ’ਤੇ 5 ਮਿਲੀਮੀਟਰ ਤੋਂ ਛੋਟੇ ਟੁੱਕੜੇ ਮਾਈਕ੍ਰੋ ਪਲਾਸਟਿਕ ਕਹਿਲਾਉਂਦੇ ਹਨ। ਕੁਝ ਟੁੱਕੜੇ ਤਾਂ ਇਸ ਤੋਂ ਵੀ ਛੋਟੇ ਹੁੰਦੇ ਹਨ, ਜਿੰਨ੍ਹਾਂ ਨੂੰ ਨੈਨੋ ਪਲਾਸਟਿਕ ਕਿਹਾ ਜਾਂਦਾ ਹੈ।

ਇਹ ਦੋਨੋਂ ਕਿਸਮਾਂ ਆਸਾਨੀ ਨਾਲ ਨਜ਼ਰ ਨਹੀਂ ਆਉਂਦੀਆਂ ਹਨ। ਪਰ ਇਹ ਦੁਨੀਆ ਦੇ ਲਗਭਗ ਹਰ ਹਿੱਸੇ ’ਚ ਮੌਜੂਦ ਹਨ। ਫਿਰ ਭਾਂਵੇ ਉਹ ਨਦੀਆਂ ਦਾ ਪਾਣੀ ਹੋਵੇ, ਸਮੁੰਦਰ ਦਾ ਤਲ ਜਾਂ ਫਿਰ ਅੰਟਾਰਕਟਿਕਾ ’ਚ ਜੰਮੀ ਬਰਫ਼ ਹੋਵੇ।

ਮਾਈਕ੍ਰੋ ਪਲਾਸਿਟਿਕ ਬਾਰੇ
BBC

ਆਈਆਈਟੀ ਪਟਨਾ ਦੀ ਇੱਕ ਖੋਜ ’ਚ ਮੀਂਹ ਦੇ ਪਾਣੀ ’ਚ ਵੀ ਮਾਈਕ੍ਰੋ ਪਲਾਸਟਿਕ ਕਣ ਮਿਲੇ ਹਨ।

ਇਸੇ ਤਰ੍ਹਾਂ ਦੀ ਹੀ ਇੱਕ ਹੋਰ ਖੋਜ ’ਚ ਪਤਾ ਲਗਿਆ ਹੈ ਕਿ ਭਾਰਤ ’ਚ ਤਾਜ਼ਾ ਪਾਣੀ ਦੇ ਸਰੋਤ ਜਿਵੇਂ ਨਦੀਆਂ ਅਤੇ ਝੀਲਾਂ ’ਚ ਵੀ ਮਾਈਕ੍ਰੋ ਪਲਾਸਟਿਕ ਮਿਲ ਰਹੇ ਹਨ। ਇਨ੍ਹਾਂ ’ਚ ਫਾਈਬਰ, ਛੋਟੇ ਟੁੱਕੜੇ ਅਤੇ ਫੋਮ ਸ਼ਾਮਲ ਹੈ।

ਇਸ ਖੋਜ ਦੇ ਅਨੁਸਾਰ ਫੈਕਟਰੀਆਂ ’ਚੋਂ ਨਿਕਲਣ ਵਾਲੇ ਗੰਦੇ ਪਾਣੀ ਅਤੇ ਸ਼ਹਿਰੀ ਇਲਾਕਿਆਂ ’ਚੋਂ ਨਿਕਲਣ ਵਾਲੇ ਪਲਾਸਟਿਕ ਵੇਸਟ ਵਰਗੇ ਕਈ ਕਾਰਨਾਂ ਨਾਲ ਇਹ ਸਥਿਤੀ ਬਣੀ ਹੈ।

ਕੀ ਹਨ ਮਾਈਕ੍ਰੋ ਪਲਾਸਟਿਕ ਦੇ ਖਤਰੇ

ਇੱਕ ਸਮੱਸਿਆ ਤਾਂ ਇਹ ਵੀ ਹੈ ਕਿ ਪੀਣ ਵਾਲੇ ਪਾਣੀ ਵਿੱਚ ਵੀ ਮਾਈਕ੍ਰੋ ਪਲਾਸਟਿਕ ਹੋ ਸਕਦੇ ਹਨ। ਪਰ ਦੂਜੀ ਸਮੱਸਿਆ ਇਹ ਵੀ ਹੈ ਕਿ ਅਜੇ ਤੱਕ ਪੱਕੇ ਤੌਰ ’ਤੇ ਇਹ ਪਤਾ ਨਹੀਂ ਲੱਗਿਆ ਹੈ ਕਿ ਮਨੁੱਖ ਦੇ ਸਰੀਰ ’ਤੇ ਮਾਈਕ੍ਰੋ ਪਲਾਸਟਿਕ ਦਾ ਕੀ ਪ੍ਰਭਾਵ ਪੈਂਦਾ ਹੈ।

ਸਾਲ 2019 ’ਚ ਵਿਸ਼ਵ ਸਿਹਤ ਸੰਗਠਨ ਨੇ ਇੱਕ ਸਮੀਖਿਆ ਕੀਤੀ ਸੀ ਅਤੇ ਸਮਝਣ ਦਾ ਯਤਨ ਕੀਤਾ ਸੀ ਕਿ ਮਾਈਕ੍ਰੋ ਪਲਾਸਟਿਕ ਜੇਕਰ ਮਨੁੱਖੀ ਸਰੀਰ ਦੇ ਅੰਦਰ ਚਲਾ ਜਾਂਦਾ ਹੈ ਤਾਂ ਕਿਹੜੇ ਖਤਰੇ ਪੈਦਾ ਹੋ ਸਕਦੇ ਹਨ।

ਪਰ ਸੀਮਤ ਖੋਜਾਂ ਦੇ ਕਾਰਨ ਵਿਸ਼ਵ ਸਿਹਤ ਸੰਗਠਨ ਕਿਸੇ ਵੀ ਨਤੀਜੇ ’ਤੇ ਨਹੀਂ ਪਹੁੰਚ ਸਕਿਆ। ਫਿਰ ਵੀ ਉਸ ਨੇ ਅਪੀਲ ਕੀਤੀ ਸੀ ਕਿ ਪਲਾਸਟਿਕ ਦੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ।

ਦਿੱਲੀ ਦੇ ਪੁਸ਼ਪਾਂਜਲੀ ਮੈਡੀਕਲ ਸੈਂਟਰ ਦੇ ਸੀਨੀਅਰ ਡਾਕਟਰ ਮਨੀਸ਼ ਸਿੰਘ ਨੇ ਬੀਬੀਸੀ ਸਹਿਯੋਗੀ ਆਦਰਸ਼ ਰਾਠੌਰ ਨੂੰ ਦੱਸਿਆ ਕਿ ਮਾਈਕ੍ਰੋ ਪਲਾਸਟਿਕ ਦੇ ਖਤਰਿਆਂ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਲਈ ਇਸ ਮੁੱਦੇ ’ਤੇ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ, “ ਮਾਈਕ੍ਰੋ ਪਲਾਸਟਿਕ ਦੇ ਖਤਰਿਆਂ ਬਾਰੇ ਅਜੇ ਸੀਮਤ ਖੋਜ ਸਾਹਮਣੇ ਆਈ ਹੈ। ਕੁਝ ਖੋਜਾਂ ਅਜਿਹੀਆਂ ਵੀ ਹਨ ਕਿ ਇਹ ਸਾਡੀਆਂ ਐਂਡੋਕਰੀਨ ਗ੍ਰੰਥੀਆਂ (ਹਾਰਮੋਨ ਪੈਦਾ ਕਰਨ ਵਾਲੀਆਂ ਗ੍ਰੰਥੀਆਂ) ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਭਵਿੱਖ ’ਚ ਪਤਾ ਲੱਗੇਗਾ ਕਿ ਮਾਈਕ੍ਰੋ ਪਲਾਸਟਿਕ ਬਹੁਤ ਗੰਭੀਰ ਨੁਕਸਾਨ ਕਰ ਸਕਦੇ ਹਨ, ਇਸ ਲਈ ਹੁਣ ਤੋਂ ਹੀ ਸੁਚੇਤ ਰਹਿਣ ਦੀ ਜ਼ਰੂਰਤ ਹੈ।”

ਹਰ ਥਾਂ ’ਤੇ ਮਾਈਕ੍ਰੋ ਪਲਾਸਟਿਕ

ਮਾਈਕ੍ਰੋ ਪਲਾਸਟਿਕ ਪਾਣੀ ਤੋਂ ਇਲਾਵਾ ਉਸ ਥਾਂ ’ਤੇ ਵੀ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜਿੱਥੇ ਖੇਤੀ ਹੁੰਦੀ ਹੈ।

ਅਮਰੀਕਾ ’ਚ ਸਾਲ 2022 ’ਚ ਇੱਕ ਜਾਂਚ ਕੀਤੀ ਗਈ ਸੀ। ਇਸ ਦੇ ਅਨੁਸਾਰ ਸੀਵਰੇਜ ਸਲੱਜ ਨੂੰ ਜਦੋਂ ਫਸਲਾਂ ਦੇ ਲਈ ਖਾਦ ਵੱਜੋਂ ਵਰਤਿਆ ਜਾਂਦਾ ਹੈ ਤਾਂ ਉਸ ’ਚ ਮੌਜੂਦ ਮਾਈਕ੍ਰੋ ਪਲਾਸਟਿਕ ਦੇ ਕਾਰਨ 80 ਹਜ਼ਾਰ ਵਰਗ ਕਿਲੋਮੀਟਰ ਵਾਹੀਯੋਗ ਜ਼ਮੀਨ ਦੂਸ਼ਿਤ ਹੋ ਗਈ ਸੀ। ਇਸ ਸਲੱਜ ’ਚ ਮਾਈਕ੍ਰੋ ਪਲਾਸਟਿਕ ਤੋਂ ਇਲਾਵਾ ਕੁਝ ਅਜਿਹੇ ਰਸਾਇਣ ਵੀ ਮੌਜੂਦ ਸਨ, ਜੋ ਕਿ ਕਦੇ ਵੀ ਸੜਦੇ ਨਹੀਂ ਹਨ ਭਾਵ ਉਸੇ ਸਥਿਤੀ ’ਚ ਮੌਜੂਦ ਰਹਿੰਦੇ ਹਨ।

ਦੂਜੇ ਪਾਸੇ ਬ੍ਰਿਟੇਨ ’ਚ ਕਾਰਡਿਫ ਯੂਨੀਵਰਸਿਟੀ ਨੇ ਪਾਇਆ ਸੀ ਕਿ ਯੂਰਪ ’ਚ ਹਰ ਸਾਲ ਖੇਤੀ ਵਾਲੀ ਜ਼ਮੀਨ ’ਚ ਖਰਬਾਂ ਮਾਈਕ੍ਰੋ ਪਲਾਸਟਿਕ ਕਣ ਮਿਲਦੇ ਹਨ ਜੋ ਕਿ ਹਰ ਨਿਵਾਲੇ/ਬੁਰਕੀ ਦੇ ਨਾਲ ਲੋਕਾਂ ਦੇ ਸਰੀਰ ਦੇ ਅੰਦਰ ਤੱਕ ਪਹੁੰਚ ਰਹੇ ਹਨ।

ਬੀਬੀਸੀ ਫਿਊਚਰ ਦੇ ਲਈ ਇਸਾਬੇਲ ਗੇਰੇਟਸਨ ਲਿਖਦੇ ਹਨ ਕਿ ਕੁਝ ਪੌਦੇ ਅਜਿਹੇ ਹਨ, ਜਿਨ੍ਹਾਂ ’ਚ ਦੂਜਿਆਂ ਦੇ ਮੁਕਾਬਲੇ ਮਾਈਕ੍ਰੋ ਪਲਾਸਟਿਕ ਜ਼ਿਆਦਾ ਹੁੰਦੇ ਹਨ।

ਦਰਅਸਲ ਕੁਝ ਖੋਜਾਂ ਦੱਸਦੀਆਂ ਹਨ ਕਿ ਜੜ੍ਹਾਂ ਵਾਲੀਆਂ ਸਬਜ਼ੀਆਂ ’ਚ ਮਾਈਕ੍ਰੋ ਪਲਾਸਟਿਕ ਜ਼ਿਆਦਾ ਹੁੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਪੱਤਿਆਂ ਵਾਲੀਆਂ ਸਬਜ਼ੀਆਂ ’ਚ ਮਾਈਕ੍ਰੋ ਪਲਾਸਟਿਕ ਘੱਟ ਹੋਣਗੇ, ਜਦਕਿ ਮੂਲੀ ਅਤੇ ਗਾਜਰ ਵਰਗੀਆਂ ਸਬਜ਼ੀਆਂ ’ਚ ਜ਼ਿਆਦਾ।

ਮਾਈਕ੍ਰੋ ਪਲਾਸਟਿਕ ਤੋਂ ਕਿਵੇਂ ਬਚਿਆ ਜਾਵੇ?

ਮਾਈਕ੍ਰੋ ਪਲਾਸਟਿਕ
Getty Images

ਡਾਕਟਰ ਮਨੀਸ਼ ਸਿੰਘ ਦਾ ਕਹਿਣਾ ਹੈ ਕਿ ਸਮੱਸਿਆ ਇਹ ਵੀ ਹੈ ਕਿ ਭਾਰਤ ’ਚ ਜ਼ਿਆਦਾਤਰ ਥਾਵਾਂ ’ਤੇ ਕੂੜਾ-ਕਰਕਟ ਦੇ ਨਿਪਟਾਰੇ ਦੀ ਕੋਈ ਉਚਿਤ ਵਿਵਸਥਾ ਨਹੀਂ ਹੈ। ਇਸੇ ਕਰਕੇ ਮਾਈਕ੍ਰੋ ਪਲਾਸਟਿਕ ਨਦੀਆਂ ਅਤੇ ਵਾਹੀਯੋਗ ਜ਼ਮੀਨਾਂ ਤੱਕ ਪਹੁੰਚ ਰਿਹਾ ਹੈ।

ਉਨ੍ਹਾਂ ਨੇ ਕਿਹਾ, “ ਖਾਣ-ਪੀਣ ਦੀਆਂ ਅਣਗਿਣਤ ਚੀਜ਼ਾਂ ਪਲਾਸਿਟਕ ’ਚ ਪੈਕ ਹੁੰਦੀਆਂ ਹਨ। ਫਿਰ ਸਮੱਸਿਆ ਇਹ ਹੈ ਕਿ ਲੋਕ ਘਰਾਂ ’ਚ ਪਲੇਟ ਅਤੇ ਚੌਪਿੰਗ ਬੋਰਡਾਂ ’ਚ ਵੀ ਪਲਾਸਟਿਕ ਦੀ ਵਰਤੋਂ ਕਰਦੇ ਹਨ। ਇਸ ਸਭ ਤੋਂ ਬਚਣਾ ਚਾਹੀਦਾ ਹੈ। ਪਰ ਸਰਕਾਰ ਨੂੰ ਵੀ ਇਸ ਮੁੱਦੇ ’ਤੇ ਧਿਆਨ ਦੇਣਾ ਚਾਹੀਦਾ ਹੈ।”

ਪਲਾਸਟਿਕ ਅਤੇ ਸਬੰਧਤ ਉਤਪਾਦਾਂ ਦੀ ਵਰਤੋਂ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੇ 1 ਜੁਲਾਈ, 2022 ’ਚ ਸਿੰਗਲ ਯੂਜ਼ ਭਾਵ ਇੱਕ ਵਾਰ ਵਰਤੋਂ ’ਚ ਆਉਣ ਵਾਲੀ ਪਲਾਸਟਿਕ ’ਤੇ ਰੋਕ ਲਗਾ ਦਿੱਤੀ ਸੀ।

ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਆਯਾਤ, ਭੰਡਾਰਨ ਅਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਦੁਨੀਆ ਦੇ ਕਈ ਦੇਸ਼ ਪਹਿਲਾਂ ਹੀ ਇਹ ਪਹਿਲ ਕਰ ਚੁੱਕੇ ਸਨ।

ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਾਇਓਡੀਗ੍ਰੇਡੇਬਲ ਵਿਕਲਪ ਸਮੱਸਿਆ ਨੂੰ ਹੋਰ ਗੰਭੀਰ ਕਰ ਰਹੇ ਹਨ। ਬ੍ਰਿਟੇਨ ਦੀ ਪਲਾਈਮਾਊਥ ਯੂਨੀਵਰਸਿਟੀ ਦੇ ਵਿਗਆਨੀਆਂ ਨੇ ਵੇਖਿਆ ਕਿ ਜਿਨ੍ਹਾਂ ਬੈਗਾਂ ’ਤੇ ਬਾਇਓਡੀਗ੍ਰੇਡੇਬਲ ਲਿਖਿਆ ਹੁੰਦਾ ਹੈ, ਉਨ੍ਹਾਂ ਨੂੰ ਸੜਨ ’ਚ ਵੀ ਕਈ ਸਾਲ ਲੱਗ ਜਾਂਦੇ ਹਨ।

ਇੰਨਾ ਹੀ ਨਹੀਂ, ਉਹ ਵੀ ਛੋਟੇ-ਛੋਟੇ ਟੁੱਕੜਿਆਂ ’ਚ ਟੁੱਟ ਜਾਂਦੇ ਹਨ ਅਤੇ ਪ੍ਰਦੂਸ਼ਣ ਫੈਲਾਉਂਦੇ ਹਨ।

ਮਾਈਕ੍ਰੋ ਪਲਾਸਟਿਕ ਕਾਣ-ਪੀਣ ਦੀਆਂ ਚੀਜ਼ਾਂ ’ਚ ਨਾ ਮਿਲੇ, ਇਸ ਦੇ ਲਈ ਸ਼ੀਸ਼ੇ ਦੀਆਂ ਬੋਤਲਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪਰ ਬੀਬੀਸੀ ਫਿਊਚਰ ਦੇ ਲਈ ਇਸਾਬੇਲ ਗੇਰੇਟਸੇਨ ਲਿਖਦੇ ਹਨ ਕਿ ਭਾਵੇਂ ਕੱਚ ਦੀਆਂ ਬੋਤਲਾਂ ਨੂੰ ਕਈ ਵਾਰ ਰੀਸਾਈਕਲ ਕੀਤਾ ਜਾ ਸਕਦਾ ਹੈ, ਪਰ ਕੱਚ ਬਣਾਉਣ ਦੇ ਲਈ ਸਿਲਿਕਾ (ਰੇਤ ) ਦੀ ਵਰਤੋਂ ਹੁੰਦੀ ਹੈ। ਅਜਿਹੀ ਸਥਿਤੀ ’ਚ ਇਸ ਦੀ ਪ੍ਰਕਿਰਿਆ ’ਚ ਵੀ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ।

ਅਤੇ ਫਿਰ ਸਮੱਸਿਆ ਸਿਰਫ ਮਾਈਕ੍ਰੋ ਪਲਾਸਟਿਕ ਦੀ ਹੀ ਨਹੀਂ ਹੈ, ਸਗੋਂ ਮਾਈਕ੍ਰੋ ਫ਼ਾਈਬਰ ਦੀ ਵੀ ਹੈ। ਪਾਣੀ, ਸਮੁੰਦਰੀ ਲੂਣ ਅਤੇ ਬੀਅਰ ’ਚ ਵੀ ਮਾਈਕ੍ਰੋ ਫ਼ਾਈਬਰ ਪਾਏ ਗਏ ਹਨ ਅਤੇ ਇਨ੍ਹਾਂ ਦਾ ਵੱਡਾ ਹਿੱਸਾ ਕੱਪੜਿਆਂ ’ਚੋਂ ਆਉਂਦਾ ਹੈ।

ਮਾਈਕ੍ਰੋ ਪਲਾਸਟਿਕ
Getty Images

ਕਿਵੇਂ ਘਟਾਇਆ ਜਾ ਸਕਦਾ ਹੈ ਪ੍ਰਦੂਸ਼ਣ

ਬੀਬੀਸੀ ਫਿਊਚਰ ’ਤੇ ਪ੍ਰਕਾਸ਼ਿਤ ਇੱਕ ਲੇਖ ਦੇ ਅਨੁਸਾਰ ਮਾਈਕ੍ਰੋ ਪਲਾਸਟਿਕ ਦੇ ਖ਼ਤਰਿਆਂ ਨੂੰ ਘੱਟ ਕਰਨ ਦੀ ਦਿਸ਼ਾ ’ਚ ਇੱਕ ਉਮੀਦ ਜ਼ਰੂਰ ਉਜਾਗਰ ਹੋਈ ਹੈ।

ਖੋਜਕਰਤਾਵਾਂ ਨੇ ਅਜਿਹੇ ਫੰਗਸ ਅਤੇ ਬੈਕਟੀਰੀਆ ਦੀ ਪਛਾਣ ਕੀਤੀ ਹੈ ਜੋ ਪਲਾਸਟਿਕ ਨੂੰ ਸਾੜਨ ’ਚ ਮਦਦ ਕਰਦੇ ਹਨ।

ਇਸੇ ਤਰ੍ਹਾਂ ਬੀਟਲ (ਗੁਬਰੈਲੇ) ਦੀ ਇੱਕ ਕਿਸਮ ਦਾ ਲਾਰਵਾ ਪੋਲੀਸਟਰੀਨ (ਪਲਾਸਟਿਕ ਦੀ ਕਿਸਮ) ਨੂੰ ਖ਼ਤਮ/ਕੰਪੋਜ਼ ਕਰ ਸਕਦਾ ਹੈ।

ਇਸ ਤੋਂ ਇਲਾਵਾ ਪਾਣੀ ਨੂੰ ਵਿਸ਼ੇਸ਼ ਤਰ੍ਹਾਂ ਦੇ ਫਿਲਟਰਾਂ ਅਤੇ ਰਸਾਇਣਕ ਟ੍ਰੀਟਮੈਂਟ ਜ਼ਰੀਏ ਵੀ ਸ਼ੁੱਧ ਕੀਤਾ ਜਾ ਸਕਦਾ ਹੈ।

ਪਰ ਡਾ. ਮਨੀਸ਼ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਉਪਾਵਾਂ ਨਾਲੋਂ ਬਿਹਤਰ ਹੈ ਕਿ ਇੱਕ ਪਾਸੇ ਤਾਂ ਸਰਕਾਰ ਪਲਾਸਟਿਕ ਦੀ ਵਰਤੋਂ ਘਟਾਉਣ ’ਤੇ ਨੀਤੀਆਂ ਬਣਾਵੇ ਅਤੇ ਦੂਜੇ ਪਾਸੇ ਲੋਕ ਵੀ ਆਪੋ ਆਪਣੇ ਪੱਧਰ ’ਤੇ ਪਲਾਸਟਿਕ ’ਤੇ ਨਿਰਭਰਤਾ ਘੱਟ ਕਰਨ।

ਉਨ੍ਹਾਂ ਦਾ ਕਹਿਣਾ ਹੈ, “ ਜਿਵੇਂ ਕਿ ਜੂਟ ਜਾਂ ਕੱਪੜੇ ਦੇ ਥੈਲਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਕੱਪੜੇ ਖਰੀਦ ਦੇ ਸਮੇਂ ਵੀ ਸਿੰਥੈਟਿਕ ਫ਼ਾਈਬਰ ਦੇ ਕੱਪੜੇ ਦੀ ਬਜਾਏ ਸੂਤੀ ਕੱਪੜਿਆਂ ਨੂੰ ਤਰਜੀਹ ਦਿਓ। ਪਲਾਸਟਿਕ ਦੇ ਕੂੜੇ ਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਘੱਟ ਕਰੀਏ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News