ਪੂਰੇ ਸਰੀਰ ਉੱਤੇ ਰਾਮ ਨਾਮ ਖੁਣਵਾਉਣਾ ਵਾਲਾ ਸਮਾਜ ਜਿਨ੍ਹਾਂ ਨੂੰ ਰਾਮ-ਰਾਮ ਜਪਣ ਲਈ ਕਾਨੂੰਨੀ ਲੜਾਈ ਲੜਨੀ ਪਈ

Monday, Jan 22, 2024 - 08:20 AM (IST)

ਪੂਰੇ ਸਰੀਰ ਉੱਤੇ ਰਾਮ ਨਾਮ ਖੁਣਵਾਉਣਾ ਵਾਲਾ ਸਮਾਜ ਜਿਨ੍ਹਾਂ ਨੂੰ ਰਾਮ-ਰਾਮ ਜਪਣ ਲਈ ਕਾਨੂੰਨੀ ਲੜਾਈ ਲੜਨੀ ਪਈ
ਰਾਮਨਾਮੀ ਭਾਈਚਾਰਾ
Daily Chhattisgarh
ਰਾਮਨਾਮੀ ਆਪਣੇ ਪੂਰੇ ਸਰੀਰ ਉੱਤੇ ਰਾਮ ਰਾਮ ਖੁਣਵਾਉਂਦੇ ਹਨ

ਛੱਤੀਸਗੜ੍ਹ ਵਿੱਚ ਕਸਡੋਲ ਦੇ ਰਹਿਣ ਵਾਲੇ ਗੁਲਾਰਾਮ ਰਾਮਨਾਮੀ ਇਨ੍ਹੀ ਦਿਨੀ ‘ਵੱਡੇ ਭਜਨ ਮੇਲੇ’ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।

ਪਿਛਲੇ 100 ਸਾਲਾਂ ਤੋਂ ਵੀ ਵੱਧ ਸਮੇਂ ਤੋਂ, ਮਹਾਨਦੀ ਦੇ ਕਿਨਾਰੇ ਹਰ ਸਾਲ ਤਿੰਨ ਦਿਨਾਂ ਦਾ ਇੱਕ ਅਨੋਖਾ ਭਜਨ ਮੇਲਾ ਲੱਗਦਾ ਹੈ।

ਇਸ ਸਾਲ 21 ਤੋਂ 23 ਜਨਵਰੀ ਤੱਕ ਇਹ ਮੇਲਾ ਕਰਵਾਇਆ ਜਾ ਰਿਹਾ ਹੈ।

ਗੁਲਾਰਾਮ ਰਾਮਨਾਮੀ ਕਹਿੰਦੇ ਹਨ, “ਇਸ ਮੇਲੇ ਵਿੱਚ ਤਿੰਨ ਦਿਨ ਬਾਅਦ ਹਜ਼ਾਰਾਂ ਲੋਕ ਵੱਖੋ-ਵੱਖਰੇ ਅਤੇ ਸਮੂਹਿਕ ਤੌਰ ਉੱਤੇ ਰਮਾਇਣ ਦਾ ਪਾਠ ਕਰਦੇ ਹਨ, ਸਮਝ ਲਉ ਕਿ ਪੂਰਾ ਰਾਮ-ਮਏ ਰਹਿੰਦਾ ਹੈ, ਸੁਣਿਆ ਹੈ ਕਿ ਇਸੇ ਤਰੀਕ ਨਾਲ ਅਯੁੱਧਿਆ ਦੇ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਕਰਵਾਈ ਜਾ ਰਹੀ ਹੈ।”

ਅਸਲ ਵਿੱਚ ਗੁਲਰਾਮ ਛੱਤੀਸਗੜ੍ਹ ਦੇ ਉਸ ਰਾਮਨਾਮੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਜਿਸ ਦੀ ਪਛਾਣ ਪੂਰੇ ਸਰੀਰ ਉੱਤੇ ਰਾਮ-ਰਾਮ ਖੁਣਵਾਉਣ ਜਾਂ ਪੱਕੇ ਤੌਰ ਉੱਤੇ ਲਿਖਵਾਉਣ ਕਾਰਨ ਹੈ।

ਇਹ ਆਪਣੇ ਪੂਰੇ ਸਰੀਰ ਉੱਤੇ ਰਾਮ ਰਾਮ ਖੁਣਵਾਉਂਦੇ ਹਨ।

ਕਿਵੇਂ ਹੋਈ ਭਾਈਚਾਰੇ ਦੀ ਸ਼ੁਰੂਆਤ

ਰਾਮਨਾਮੀ ਭਾਈਚਾਰਾ
DAILY CHHATTISHGARH
ਰਾਮਨਾਮੀਆਂ ਵਿੱਚ ਪੂਰੇ ਸਰੀਰ ਉੱਤੇ ਰਾਮ-ਨਾਮ ਖੁਣਵਾਉਣ ਦੀ ਰਵਾਇਤ ਹੌਲੀ-ਹੌਲੀ ਘੱਟ ਰਹੀ ਹੈ

ਮੱਧ ਭਾਰਤ ਵਿੱਚ ਨਿਰਗੁਣ ਭਗਤੀ ਦੇ ਤਿੰਨ ਵੱਡੇ ਅੰਦੋਲਨ ਮੰਨੇ ਜਾਂਦੇ ਹਨ, ਜਿਸ ਦਾ ਕੇਂਦਰ ਛੱਤੀਸਗੜ੍ਹ ਰਿਹਾ ਹੈ।

ਰਾਮਨਾਮੀ ਭਾਈਚਾਰੇ ਇਨ੍ਹਾਂ ਤਿੰਨੇ ਅੰਦੋਲਨਾਂ ਵਿੱਚ ਸ਼ਾਮਲ ਹੋਇਆ, ਜਦਕਿ ਉਨ੍ਹਾਂ ਨੂੰ ਕਥਿਤ ਤੌਰ ਉੱਤੇ ਅਛੂਤ ਮੰਨਿਆ ਜਾਂਦਾ ਹੈ।

ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ ਦੇ ਰਹਿਣ ਵਾਲੇ ‘ਗੁਰੂ-ਸ਼ਿਸ਼’ ਧਰਮ ਦਾਸ ਅਤੇ ੳਨ੍ਹਾਂ ਦੇ ਪੁੱਤਰ ਗੁਰੂ ਚੁਰਾਮਨਦਾਸ ਨੂੰ ਮੱਧ ਭਾਰਤ ਵਿੱਚ ਕਬੀਰ ਪੰਥ ਦੇ ਪ੍ਰਚਾਰ ਅਤੇ ਇਸ ਨੂੰ ਸਥਾਪਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।

ਛੱਤੀਸਗੜ੍ਹ ਦੇ ਦਾਮਾਖੇੜਾ ਵਿੱਚ ਕਬੀਰਪੰਥੀਆਂ ਦਾ ਵੱਡਾ ਆਸ਼ਰਮ ਹੈ।

ਕਬੀਰਧਾਮ ਜ਼ਿਲ੍ਹੇ ਵਿੱਚ ਵੀ ਕਬੀਰਪੰਥੀ ਸਮਾਜ ਦਾ ਵੱਡਾ ਕੇਂਦਰ ਹੈ।

ਛੱਤੀਸਗੜ੍ਹ ਵਿੱਚ ਕਬੀਰਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ।

ਕਬੀਰ ਦੇ ਹੀ ਚੇਲੇ ਜੀਵਨਦਾਸ ਦੇ ਵੱਲੋਂ 16ਵੀਂ ਸਦੀ ਵਿੱਚ ਉੱਤਰ ਪ੍ਰਦੇਸ਼ ਵਿੱਚ ਸਤਨਾਮ ਪੰਥ ਦੀ ਸਥਾਪਨਾ ਦੇ ਸਬੂਤ ਮਿਲਦੇ ਹਨ।

ਹਾਲਾਂਕਿ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਦਾਦੂ ਦਿਆਲ ਦੇ ਚੇਲੇ ਜਗਜੀਵਨਦਾਸ ਨੇ 17ਵੀਂ ਸਦੀ ਵਿੱਚ ਸਤਨਾਮ ਪੰਥ ਦੀ ਸਥਾਪਨਾ ਕੀਤੀ ਸੀ।

ਪਰ ਛੱਤੀਸਗੜ੍ਹ ਵਿੱਚ 1820 ਦੇ ਨੇੜੇ ਤੇੜੇ ਬਾਬਾ ਗੁਰੂਘਾਸੀਦਾਸ ਨੇ ਸਤਨਾਮ ਪੰਥ ਦੀ ਸਥਾਪਨਾ ਕੀਤੀ।

ਰਾਮਨਾਮੀ
Getty Images
ਰਾਮਨਾਮੀ ਭਾਈਚਾਰੇ ਦੀ ਇਹ ਸ਼ੁਰੂਆਤ 1870 ਦੇ ਨੇੜੇ ਤੇੜੇ ਹੋਈ ਸੀ

ਕਬੀਰਪੰਥ ਅਤੇ ਸਤਨਾਮੀ ਸਮਾਜ ਦੀ ਸਥਾਪਨਾ ਦੇ ਸਮੇਂ ਦੇ ਵੇਲੇ ਹੀ ਇਹ ਕਿਹਾ ਜਾਂਦਾ ਹੈ ਕਿ ਅਛੂਤ ਕਹਿ ਕੇ ਮੰਦਿਰ ਵਿੱਚ ਦਾਖ਼ਲ ਹੋਣ ਤੋਂ ਮਨ੍ਹਾ ਕਰਨ ਉੱਤੇ ਪਰਸ਼ੂਰਾਮ ਨਾਮ ਦੇ ਨੌਜਵਾਨ ਨੇ ਮੱਥੇ ਉੱਤੇ ਰਾਮ-ਰਾਮ ਖੁਣਵਾ ਕੇ ਇਸ ਰਾਮਨਾਮੀ ਪੰਥ ਦੀ ਸ਼ੁਰੂਆਤ ਕੀਤੀ।

ਹਾਲਾਂਕਿ ਰਾਮਨਾਮੀ ਪੰਥ ਦੇ ਕੁਝ ਬਜ਼ੁਰਗ ਦੱਸਦੇ ਹਨ ਕਿ 19ਵੀਂ ਸਦੀ ਵਿੱਚ ਜਾਂਜਗੀਰ ਚਾਂਪਾ ਜ਼ਿਲ਼੍ਹੇ ਦੇ ਚਾਰਪਾਰਾ ਪਿੰਡ ਵਿੱਚ ਪੈਦਾ ਹੋਏ ਪਰਸ਼ੂਰਾਮ ਨੇ ਪਿਤਾ ਦੇ ਪ੍ਰਭਾਵ ਵਿੱਚ ਮਾਨਸ ਦਾ ਪਾਠ ਕਰਨਾ ਸਿੱਖਿਆ ਪਰ 30 ਸਾਲ ਦੀ ਉਮਰ ਦੇ ਹੁੰਦਿਆਂ ਹੁੰਦਿਆਂ ਉਨ੍ਹਾਂ ਨੂੰ ਕੋਈ ਚਮੜੀ ਦੀ ਬਿਮਾਰੀ ਲੱਗ ਗਈ ਹੈ।

ਇਹ ਮੰਨਿਆ ਜਾਂਦਾ ਹੈ ਕਿ ਇਸੇ ਦੌਰਾਨ ਇੱਕ ਰਾਮਾਨੰਦੀ ਸਾਧੂ ਰਾਮਦੇਵ ਦੇ ਸੰਪਰਕ ਵਿੱਚ ਆਉਣ ਨਾਲ ਉਨ੍ਹਾਂ ਦੀ ਬਿਮਾਰੀ ਵੀ ਖ਼ਤਮ ਹੋਈ ਅਤੇ ਉਨ੍ਹਾਂ ਦੀ ਛਾਤੀ ਉੱਤੇ ਰਾਮ-ਰਾਮ ਆਪਣੇ ਆਪ ਖੁਣਿਆ ਗਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਰਾਮ-ਰਾਮ ਦੇ ਨਾਮ ਦੇ ਜਾਪ ਦਾ ਪ੍ਰਚਾਰ-ਪ੍ਰਸਾਰ ਕਰਨਾ ਸ਼ੁਰੂ ਕੀਤਾ।

ਕਹਿੰਦੇ ਹਨ ਕਿ ਉਨ੍ਹਾਂ ਦੇ ਪ੍ਰਭਾਵ ਵਿੱਚ ਆ ਕੇ ਪਿੰਡ ਦੇ ਕੁਝ ਲੋਕਾਂ ਨੇ ਆਪਣੇ ਮੱਥੇ ਉੱਤੇ ਰਾਮ-ਰਾਮ ਖੁਣਵਾ ਲਿਆ ਅਤੇ ਖੇਤੀਬਾੜੀ ਤੋਂ ਇਲਾਵਾ ਬਚੇ ਹੋਏ ਸਮੇਂ ਵਿੱਚ ਮੰਡਲਾਂ ਵਿੱਚ ਰਾਮ-ਰਾਮ ਦਾ ਭਜਨ ਕਰਨਾ ਸ਼ੁਰੂ ਕੀਤਾ।

ਇਨ੍ਹਾਂ ਲੋਕਾਂ ਨੇ ਦੂਜੇ ਸਾਧੂਆਂ ਵਾਂਗ ਸ਼ਾਕਾਹਾਰੀ ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਅਤੇ ਸ਼ਰਾਬ ਪੀਣੀ ਵੀ ਬੰਦ ਕਰ ਦਿੱਤੀ।

ਰਾਮਨਾਮੀ ਭਾਈਚਾਰੇ ਦੀ ਇਹ ਸ਼ੁਰੂਆਤ 1870 ਦੇ ਨੇੜੇ ਤੇੜੇ ਹੋਈ ਸੀ।

ਕੱਪੜਿਆਂ ਉੱਤੇ ਵੀ ਰਾਮ ਨਾਮ

ਰਾਮਨਾਮੀ ਭਾਈਚਾਰਾ
DAILY CHHATTISHGARH
ਖੁਣਵਾਉਣ ਵਾਲੇ ਜਾਂ ਨਾ ਖੁਣਵਾਉਣ ਵਾਲਿਆਂ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੁੰਦਾ

ਇਸ ਪੰਥ ਦੇ ਲੋਕਾਂ ਨੇ ਆਪਣੇ ਕਪੜਿਆਂ ਉੱਤੇ ਵੀ ਰਾਮ-ਨਾਮ ਲਿਖਣਾ ਸ਼ੁਰੂ ਕਰ ਦਿੱਤਾ। ਚਾਦਰ, ਸ਼ੌਲ, ਤੌਲੀਏ ਸਭ ਥਾਂ ਉੱਤੇ ਰਾਮ-ਰਾਮ ਲਿਖਣ ਦੀ ਰਵਾਇਤ ਸ਼ੁਰੂ ਹੋਈ।

ਰਾਮਨਾਮੀ ਪੰਥ ਦੇ ਚੈਤਰਾਮ ਕਹਿੰਦੇ ਹਨ, “ਸਾਡੇ ਬਾਬਾ ਦੱਸਦੇ ਸੀ ਕਿ ਮੱਥੇ ਉੱਤੇ ਅਤੇ ਦੇਹ ਉੱਤੇ ਰਾਮ-ਰਾਮ ਲਿਖੇ ਹੋਣ ਤੋਂ ਨਾਰਾਜ਼ ਕਈ ਲੋਕਾਂ ਨੇ ਰਾਮਨਾਮੀਆਂ ਉੱਤੇ ਹਮਲੇ ਕੀਤੇ।"

"ਉਨ੍ਹਾਂ ਦੇ ਸਰੀਰ ਉੱਤੇ ਖੁਣੇ ਹੋਏ ਰਾਮ-ਰਾਮ ਨੂੰ ਮਿਟਾਉਣ ਲਈ ਗਰਮ ਸਲਾਖਾਂ ਵਰਤੀਆਂ ਗਈਆਂ। ਕੱਪੜਿਆਂ ਨੂੰ ਅੱਗ ਲਾਈ ਗਈ, ਪਰ ਰਾਮ-ਰਾਮ ਨੂੰ ਕੋਈ ਸਾਡੇ ਦਿਲ ਵਿੱਚੋਂ ਕਿਵੇਂ ਮਿਟਾਉਂਦਾ?”

ਇਸ ਦੇ ਜਵਾਬ ਵਿੱਚ ਪੂਰੇ ਸਰੀਰ ਉੱਤੇ ਪੱਕੇ ਤੌਰ ਉੱਤੇ ਰਾਮ-ਰਾਮ ਨੂੰ ਖੁਦਵਾਉਣ ਦੀ ਰਵਾਇਤ ਸ਼ੁਰੂ ਹੋਈ।

ਰਮਾਇਣ ਤੋਂ ਸਾਖ਼ਰਤਾ

ਗੁਲਾਰਾਮ ਰਾਮਨਾਮੀ ਦੱਸਦੇ ਹਨ, “ਉਦੋਂ ਦੇ ਸਮਾਜ ਵਿੱਚ ਜੋ ਵਰਣ ਵੰਡ ਸੀ ਉਸ ਵਿੱਚ ਕਥਿਤ ਤੌਰ ਉੱਤੇ ਸ਼ੂਦਰ ਭਾਈਚਾਰੇ ਵਾਲਿਆਂ ਨੂੰ ਮੰਦਿਰ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਸੀ, ਰਾਮ ਰਾਮ ਜਪਣ ਦਾ ਹੱਕ ਤੱਕ ਨਹੀਂ ਸੀ।”

“ਰਾਮਨਾਮੀ ਭਾਈਚਾਰੇ ਦੀ ਸ਼ੁਰੂਆਤ ਤੋਂ ਬਾਅਦ ਸਾਨੂੰ ਰਾਮ ਦਾ ਭਜਨ ਕਰਨ ਦਾ ਹੱਕ ਮਿਲਿਆ, ਇਸ ਦੇ ਨਾਲ ਰਮਾਇਣ ਦੇ ਕਾਰਨ, ਸਾਡੇ ਬਜ਼ੁਰਗਾਂ ਨੇ ਪੜ੍ਹਨਾ ਲਿਖਣਾ ਸਿੱਖਿਆ।”

ਉਨ੍ਹਾਂ ਦੱਸਿਆ, “ਸਕੂਲਾਂ ਵਿੱਚ ਜਾਣ ਦਾ ਹੱਕ ਤਾਂ ਸ਼ੂਦਰਾਂ ਨੂੰ ਪਹਿਲਾਂ ਹੀ ਨਹੀਂ ਸੀ ਅਜਿਹੇ ਵਿੱਚ ਰਮਾਇਣ ਸਾਖ਼ਰਤਾ(ਪੜ੍ਹਾਈ) ਦਾ ਵੱਡਾ ਕਾਰਨ ਬਣਿਆ।”

ਗੁਲਾਰਾਮ ਦੱਸਦੇ ਹਨ ਕਿ ਰਾਮ ਦਾ ਨਾਮ ਲੈਣ ਕਾਰਨ ਉਨ੍ਹਾਂ ਦੇ ਬਜ਼ੁਰਗਾਂ ਨੂੰ ਅਦਾਲਤ ਤੱਕ ਦੇ ਚੱਕਣ ਲਾਉਣੇ ਪਏ।

ਇਲਜ਼ਾਮ ਸੀ ਕਿ ਉਨ੍ਹਾਂ ਨੇ ਰਾਮ ਦਾ ਨਾਮ ਲੈਣ ਕਾਰਨ ਰਾਮ ਦਾ ਨਾਮ ਅਪਵਿੱਤਰ ਹੋ ਰਿਹਾ ਹੈ।

ਗੁਲਾਰਾਮ ਦਾ ਕਹਿਣਾ ਹੈ, “ਸਾਡੇ ਲੋਕਾਂ ਨੇ ਅਦਾਲਤ ਵਿੱਚ ਤਰਕ ਦਿੱਤਾ ਕਿ ਅਸੀਂ ਜਿਸ ਰਾਮ ਨੂੰ ਧਿਆਉਂਦੇ ਹਾਂ ਉਹ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਪੁੱਤਰ ਰਾਮ ਨਹੀਂ ਬਲਕਿ ਉਹ ਰਾਮ ਹਨ ਜੋ ਸਾਰਿਆਂ ਵਿੱਚ ਮੌਜੂਦ ਹਨ।”

ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਸਰਗੁਣ ਰਾਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਰਾਏਪੁਰ ਦੇ ਸੈਸ਼ਨ ਜੱਜ ਨੇ ਅਖ਼ੀਰ 12 ਅਕਤੂਬਰ 1912 ਨੂੰ ਫ਼ੈਸਲਾ ਸੁਣਾਇਆ ਕਿ ਰਾਮਨਾਮੀ ਨਾ ਤਾਂ ਕਿਸੇ ਮੰਦਿਰ ਵਿੱਚ ਜਾ ਰਹੇ ਹਨ ਅਤੇ ਨਾ ਹੀ ਹਿੰਦੂ ਪ੍ਰਤੀਕਾਂ ਦੀ ਪੂਜਾ ਕਰ ਰਹੇ ਹਨ।

ਅਜਿਹੇ ਵਿੱਚ ਉਨ੍ਹਾਂ ਨੂੰ ਆਪਣੇ ਧਾਰਮਿਕ ਕੰਮਾਂ ਤੋਂ ਰੋਕਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਰਾਮਨਾਮੀਆਂ ਦੇ ਮੇਲੇ ਵਿੱੱਚ ਸੁਰੱਖਿਆ ਪ੍ਰਬੰਧਾਂ ਦੇ ਵੀ ਹੁਕਮ ਬਾਅਦ ਵਿੱਚ ਜਾਰੀ ਕੀਤੇ ਗਏ।

ਰਾਮਨਾਮੀ ਭਾਈਚਾਰਾ
DAILY CHHATTISHGARH
ਨਵੀਂ ਪੀੜ੍ਹੀ ਭਜਨ ਵਿੱਚ ਸ਼ਾਮਲ ਤਾਂ ਹੋਣਾ ਚਾਹੁੰਦੀ ਹੈ ਪਰ ਖੁਣਵਾਉਣਾ ਨਹੀਂ ਚਾਹੁੰਦੀ।

ਗੁਲਾਰਾਮ ਕਹਿੰਦੇ ਹਨ, “ਸਾਡੀ ਮਾਨਤਾ ਹੈ ਕਿ ਜਦੋਂ ਦਸ਼ਰਥ ਪੁੱਤਰ ਰਾਮ ਨੇ ਜਨਮ ਨਹੀਂ ਲਿਆ ਸੀ ਉਦੋਂ ਵੀ ਰਾਮ ਤਾਂ ਸੀ ਹੀ, ਉਹ ਇੱਕ ਨਿਰਗੁਣ ਰਾਮ ਸਨ, ਅਸੀਂ ਵੀ ਆਪਣੇ ਸਰੀਰ ਨੂੰ ਮੰਦਿਰ ਬਣਾ ਲਿਆ ਹੈ।”

“ਅਸੀਂ ਵੀ ਚਾਰ ਵੇਦ, ਛੇ ਸ਼ਾਸਤਰ, 9 ਵਿਆਕਰਣ ਅਤੇ 18 ਪੁਰਾਣ ਪੜ੍ਹੇ ਹਨ, ਪਰ ਇਸ ਸਭ ਦਾ ਸਾਰ ਰਾਮ-ਰਾਮ ਹੀ ਸਾਡੇ ਲਈ ਮਹੱਤਵਪੂਰਨ ਹੈ।”

ਰਾਮਨਾਮੀ ਸਮਾਜ ਵਿੱਚ ਪੰਡਿਤ ਜਾਂ ਮਹੰਤ ਦੀ ਰਵਾਇਤ ਨਹੀਂ ਹੈ। ਇਸ ਸਮਾਜ ਵਿੱਚ ਮੰਦਿਰ ਜਾਂ ਮੂਰਤੀ ਪੂਜਾ ਦੀ ਵੀ ਥਾਂ ਨਹੀਂ ਹੈ। ਸਮਾਜ ਵਿੱਚ ਗੁਰੂ ਚੇਲਾ ਰਵਾਇਤ ਵੀ ਨਹੀਂ ਹੈ। ਇੱਥੋਂ ਤੱਕ ਕਿ ਭਜਨ ਜਿਵੇਂ ਪ੍ਰੋਗਰਾਮਾਂ ਵਿੱਚ ਵੀ ਔਰਤ ਅਤੇ ਮਰਦ ਦਾ ਫ਼ਰਕ ਨਹੀਂ ਹੈ।

ਰਾਮਨਾਮੀ ਸਮਾਜ ਦੇ ਇੱਕ ਬਜ਼ੁਰਗ ਦੱਸਦੇ ਹਨ ਕਿ ਉਨ੍ਹਾਂ ਦੇ ਸਮਾਜ ਵਿੱਚ ਕਈ ਦਹਾਕੇ ਪਹਿਲਾਂ ਰਾਮ-ਰਸਿਕ ਗੀਤਾ ਵੀ ਲਿਖੀ ਗਈ ਸੀ। ਪਰ ਗੱਲ ਰਾਮ-ਰਾਮ ਉੱਤੇ ਅੜ ਗਈ ਅਤੇ ਉਨ੍ਹਾਂ ਦੇ ਸਮਾਜ ਵਿੱਚ ਹੀ ਇਹ ਗੀਤਾ ਬਾਰੇ ਉਨੀ ਗੱਲ ਨਹੀਂ ਹੁੰਦੀ।

ਉਹ ਕਹਿੰਦੇ, “ਅਸੀਂ ਆਪਣੇ ਭਜਨਾਂ ਵਿੱਚ ਮਾਨਸ ਜਾਂ ਰਮਾਇਣ ਵੀ ਪੜ੍ਹਦੇ ਹਾਂ ਪਰ ਉਸ ਦੇ ਬਹੁਤ ਸਾਰੇ ਹਿੱਸਿਆਂ ਤੋਂ ਅਸੀਂ ਸਹਿਮਤ ਨਹੀਂ ਹਾਂ, ਸਾਡੀ ਦਿਲਚਸਪੀ ਕਥਾ ਵਿੱਚ ਨਹੀਂ ਹੈ, ਅਸੀਂ ਬਾਲਕਾਂਡ ਵਿੱਚ ਨਾਮ ਮਹਾਤਮ ਅਤੇ ਉੱਤਰਕਾਂਡ ਵਿੱਚ ਦੀਪਕਸਾਗਰ ਇਸ ਲਈ ਗਾਉਂਦੇ ਹਨ, ਕਿਉਂਕਿ ਉਸ ਵਿੱਚ ਰਾਮ ਦੇ ਨਾਮ ਦਾ ਮਹੱਤਵ ਦਰਸਾਇਆ ਗਿਆ ਹੈ।”

ਨਵੀਂ ਪੀੜ੍ਹੀ ਦੂਰ ਹੋ ਰਹੀ

ਰਾਮਨਾਮੀ ਭਾਈਚਾਰਾ
GETTY IMAGES

ਰਾਮਨਾਮੀਆਂ ਵਿੱਚ ਪੂਰੇ ਸਰੀਰ ਉੱਤੇ ਰਾਮ-ਨਾਮ ਖੁਣਵਾਉਣ ਦੀ ਰਵਾਇਤ ਹੌਲੀ-ਹੌਲੀ ਘੱਟ ਰਹੀ ਹੈ। ਪੂਰੇ ਸਰੀਰ ਉੱਤੇ ਖੁਣਵਾਉਣ ਵਿੱਚ ਲਗਭਗ ਇੱਕ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ।

ਪੂਰੇ ਸਰੀਰ ਉੱਤੇ ਖੁਣਵਾਉਣ ਵਾਲਿਆਂ ਨੂੰ ‘ਨਖ਼ ਸ਼ਿਖ਼ ਕਿਹਾ ਜਾਂਦਾ ਹੈ।ਖੁਣਵਾਉਣ ਦਾ ਇਹ ਕੰਮ ਵੀ ਰਾਮਨਾਮੀ ਸਮਾਜ ਦੇ ਲੋਕ ਹੀ ਕਰਦੇ ਹਨ।

ਨਵੀਂ ਪੀੜ੍ਹੀ ਭਜਨ ਵਿੱਚ ਸ਼ਾਮਲ ਤਾਂ ਹੋਣਾ ਚਾਹੁੰਦੀ ਹੈ ਪਰ ਖੁਣਵਾਉਣਾ ਨਹੀਂ ਚਾਹੁੰਦੀ।

ਇੱਕ ਨੌਜਵਾਨ ਰਾਮਜਤਨ ਕਹਿੰਦੇ ਹਨ, “ਪਹਿਲਾਂ ਲੋਕ ਖੇਤੀ-ਕਿਸਾਨੀ ਉੱਤੇ ਨਿਰਭਰ ਸਨ ਤਾਂ ਉਨ੍ਹਾਂ ਨੂੰ ਖੁਣਵਾਉਣ ਨਾਲ ਫ਼ਰਕ ਨਹੀਂ ਸੀ ਪੈਂਦਾ, ਪਰ ਨਵੀਂ ਪੀੜ੍ਹੀ ਨੂੰ ਕਮਾਉਣ ਲਈ, ਨੌਕਰੀ ਕਰਨ ਲਈ ਬਾਹਰ ਜਾਣਾ ਪੈਂਦਾ ਹੈ।”

“ਖੁਣਵਾਉਣ ਤੋਂ ਬਾਅਦ ਕੰਮ ਕਰਨਾ ਮੁਸ਼ਕਲ ਹੈ, ਕਈ ਨੌਕਰੀਆਂ ਵਿੱਚ ਇਸ ਦੀ ਮਨਾਹੀ ਵੀ ਹੈ, ਇਹੀ ਕਾਰਨ ਹੈ ਕਿ ਨਵੀਂ ਪੀੜ੍ਹੀ ਖੁਣਵਾਉਣ ਤੋਂ ਬਚਦੀ ਹੈ।”

ਹਾਲਾਂਕਿ ਖੁਣਵਾਉਣ ਵਾਲੇ ਜਾਂ ਨਾ ਖੁਣਵਾਉਣ ਵਾਲਿਆਂ ਵਿੱਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੁੰਦਾ।

ਵਿਵਹਾਰ ਦੀ ਸ਼ੁੱਧਤਾ ਅਤੇ ਰਾਮ ਪ੍ਰਤੀ ਸ਼ਰਧਾ ਨੂੰ ਵੱਧ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਪਰ ਸਮਾਜਿਕ-ਰਾਜਨੀਤਕ ਖੇਤਰ ਵਿੱਚ ਕਾਰਜਸ਼ੀਲਤਾ ਨੂੰ ਲੈ ਕੇ ਇਸ ਭਾਈਚਾਰੇ ਵਿੱਚ ਕੋਈ ਉਤਸ਼ਾਹ ਨਜ਼ਰ ਨਹੀਂ ਆਉਂਦਾ।

ਰਾਮਨਾਮੀ ਸਮਾਜ ਦੇ ਕੁੰਜਰਾਮ ਨੇ 1967 ਦੀਆਂ ਚੋਣਾਂ ਵਿੱਚ ਸਾਰੰਗਗੜ੍ਹ ਤੋਂ ਜਿੱਤ ਹਾਸਲ ਕੀਤੀ ਸੀ। ਕਾਂਗਰਸ ਦੇ ਉਮੀਦਵਾਰ ਕੁੰਜਰਾਮ ਨੂੰ 19094 ਵੋਟਾਂ ਮਿਲੀਆਂ ਸਨ ਜਦਕਿ ਜਨਸੰਘ ਦੇ ਕੰਠਾਰਾਮ ਨੂੰ ਮਹਿਜ਼ 2601 ਵੋਟਾਂ ਮਿਲੀਆਂ ਸਨ।

ਦੋਵਾਂ ਦੇ ਵਿੱਚ ਹਾਰ-ਜਿੱਤ ਦਾ ਫਰਕ 67.23 ਫ਼ੀਸਦ ਵੋਟਾਂ ਦਾ ਸੀ ਜੋ ਅੱਜ ਵੀ ਇੱਕ ਰਿਕਾਰਡ ਹੈ।

ਪਰ ਕੁੰਜਰਾਮ ਤੋਂ ਬਾਅਦ ਰਾਮਨਾਮੀ ਸਮਾਜ ਦੇ ਘੱਟ ਲੋਕਾਂ ਨੇ ਹੀ ਰਾਜਨੀਤੀ ਵਿੱਚ ਹੱਥ ਅਜ਼ਮਾਇਆ।

ਫਿਲਹਾਲ ਤਾਂ ਰਾਮਨਾਮੀ ਸਮਾਜ ਆਪਣੀ ਉਸ ਵੇਗ ਵਿੱਚ ਵਗ ਰਿਹਾ ਹੈ ਜਿਸ ਵਿੱਚ ਜੀਵਨ ਦਾ ਸਾਰ ਸਿਰਫ਼ ਰਾਮ ਨਾਮ ਹੈ ਅਤੇ ਜਿਸ ਦੇ ਹਿੱਸੇ ਦੇ ਰਾਮ ਅਯੁੱਧਿਆ ਵਿੱਚ ਨਹੀਂ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News