ਲੈਨਿਨ ਦੇ ਦਿਮਾਗ ਨੂੰ 30,000 ਕਤਰਿਆਂ ''''ਚ ਸਾਂਭ ਕੇ ਸੋਵੀਅਤ ਆਗੂ ਕੀ ਸਾਬਤ ਕਰਨਾ ਚਾਹੁੰਦੇ ਸਨ

Sunday, Jan 21, 2024 - 04:35 PM (IST)

ਲੈਨਿਨ ਦੇ ਦਿਮਾਗ ਨੂੰ 30,000 ਕਤਰਿਆਂ ''''ਚ ਸਾਂਭ ਕੇ ਸੋਵੀਅਤ ਆਗੂ ਕੀ ਸਾਬਤ ਕਰਨਾ ਚਾਹੁੰਦੇ ਸਨ
ਲੈਨਿਨ ਦੀ ਸਾਂਭੀ ਹੋਈ ਲਾਸ਼
Getty Images
ਲੈਨਿਨ ਦੀ ਮੌਤ ਮਗਰੋਂ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਉਨ੍ਹਾਂ ਦਾ ਦਿਮਾਗ ਕੱਢ ਲਿਆ ਸੀ।

ਕੀ ਪ੍ਰਤਿਭਾ ਵਿਕਸਿਤ ਕੀਤੀ ਜਾ ਸਕਦੀ ਹੈ ਜਾਂ ਜਮਾਂਦਰੂ ਹੀ ਹੁੰਦੀ ਹੈ?

ਇਹ ਸਵਾਲ ਸਦੀਆਂ ਤੋਂ ਸਾਇੰਸਦਾਨਾਂ ਅਤੇ ਫਿਲਾਸਫਾਂ ਨੂੰ ਪਰੇਸ਼ਾਨ ਕਰਦਾ ਰਿਹਾ ਹੈ। ਹਾਲਾਂਕਿ, 100 ਸਾਲ ਪਹਿਲਾਂ ਰੂਸ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ।

ਅਜਿਹਾ ਕਰਨ ਲਈ ਇੱਕ ਇਤਿਹਾਸਕ ਘਟਨਾ ਦਾ ਸਹਾਰਾ ਲਿਆ ਗਿਆ। ਸੋਵੀਅਤ ਯੂਨੀਅਨ ਦੇ ਮੋਢੀ ਵਲਾਦੀਮੀਰ ਇਲਿਚ ਲੈਨਿਨ ਦੀ ਮੌਤ..।

ਬਾਲਸ਼ਵਿਕ ਆਗੂ ਲੈਨਿਨ ਦੀ 21 ਜਨਵਰੀ 1924 ਨੂੰ ਮੌਤ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਕਰਾਂ ਨੇ ਤਜਵੀਜ਼ ਕੀਤੀ ਕਿ ਲੈਨਿਨ ਦਾ ਦਿਮਾਗ ਕੱਢ ਕੇ ਸੁਰੱਖਿਅਤ ਕਰ ਲਿਆ ਜਾਵੇ।

ਇਸ ਉੱਪਰ ਅਧਿਐਨ ਕਰਕੇ ਉਸ ਦੀ “ਪ੍ਰਤਿਭਾ” ਦਿਮਾਗ ਵਿੱਚ ਕਿੱਥੇ ਪਈ ਹੋਈ ਸੀ, ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਸੋਵੀਅਤ ਸਰਕਾਰ ਵੱਲੋਂ ਇਸ ਦੀ ਪ੍ਰਵਾਨਗੀ ਦੇ ਦਿੱਤੀ ਗਈ ਅਤੇ ਇਸ ਖੋਜ ਲਈ ਇੱਕ ਵੱਖਰੀ ਸੰਸਥਾ ਵੀ ਕਾਇਮ ਕਰ ਦਿੱਤੀ ਗਈ।

ਇੱਕ ਸਦੀ ਬਾਅਦ ਲੈਨਿਨ ਦਾ ਦਿਮਾਗ ਕਿੱਥੇ ਹੈ ਅਤੇ ਉਸ ਅਧਿਐਨ ਦੇ ਕੀ ਸਿੱਟੇ ਨਿਕਲੇ?

ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਲਈ ਬੀਬੀਸੀ ਮੁੰਡੋ ਨੇ ਇਤਿਹਾਸਕਾਰਾਂ ਅਤੇ ਲੈਨਿਨ ਦੇ ਦਿਮਾਗ ਉੱਪਰ ਖੋਜ ਕਰਨ ਵਾਲੇ ਦਿਮਾਗ ਵਿਗਿਆਨੀਆਂ ਨਾਲ ਗੱਲਬਾਤ ਕੀਤੀ ਸੀ।

ਅਮਰੀਕੀ ਇਤਿਹਾਸਕਾਰ ਪੌਲ ਰੌਡਰਿਕ ਗਰੇਗਰੀ ਮੁਤਾਬਕ, “ਲੈਨਿਨ ਦਾ ਦਿਮਾਗ ਸੰਭਾਲਣ ਦੀ ਕਹਾਣੀ ਸਿਹਤ ਮੰਤਰੀ ਨਿਕਲਾਈ ਸਿਮਾਸ਼ਕੋ ਅਤੇ ਸਟਾਲਿਨ ਦੇ ਨਿੱਜੀ ਸਹਾਇਕ ਇਵਾਨ ਤੋਵਸਤੁਖ਼ਾ ਵੱਲੋਂ ਇਸ ਬਾਰੇ ਪੋਲਿਟ ਬਿਊਰੋ ਨੂੰ ਦਿੱਤੇ ਸੁਝਾਅ ਤੋਂ ਹੋਈ। ਉਨ੍ਹਾਂ ਦਾ ਵਿਚਾਰ ਸੀ ਕਿ ਦਿਮਾਗ ਨੂੰ ਕੱਢ ਕੇ ਅਧਿਐਨ ਲਈ ਬਰਲਿਨ, ਜਰਮਨੀ ਭੇਜਿਆ ਜਾਵੇ।”

ਗਰੇਗਰੀ ਨੇ ਇੱਕ ਕਿਤਾਬ ‘ਲੈਨਿਨਜ਼ ਬਰੇਨ ਐਂਡ ਅਦਰ ਸਟੋਰੀਜ਼ ਫਰਾਮ ਸੋਵੀਅਤ ਸੀਕਰੇਟ ਆਰਕਾਈਵ’ ਵੀ ਲਿਖੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਸੋਵੀਅਤ ਵਿੱਚ ਦਿਮਾਗ ਵਿਗਿਆਨੀਆਂ ਦੀ ਕਮੀ ਸੀ।

ਇਸ ਲਈ ਸੋਵੀਅਤ ਅਧਿਕਾਰੀਆਂ ਨੇ ਅੰਗ ਦੇ ਵਿਸ਼ਲੇਸ਼ਣ ਲਈ ਜਰਮਨੀ ਦੇ ਸਰੀਰ ਵਿਗਿਆਨੀ ਔਸਕਰ ਵੋਗਤ (1870-1959) ਨੂੰ ਸੱਦਾ ਭੇਜਿਆ।

ਇੱਕ ਅਣਚਾਹਿਆ ਮਹਿਮਾਨ

ਦਿਮਾਗ ਵਿਗਿਆਨੀ
Getty Images
ਵੋਗਤ ਜਰਮਨੀ ਦੇ ਇੱਕ ਮੰਨੇ ਪ੍ਰਮੰਨੇ ਦਿਮਾਗ ਵਿਗਿਆਨੀ ਸਨ

ਵੋਗਤ ਇੱਕ ਮੰਨੇ ਪ੍ਰਮੰਨੇ ਦਿਮਾਗ ਵਿਗਿਆਨੀ ਸਨ, ਜਿਨ੍ਹਾਂ ਨੇ ਐਂਪਰਰ ਵਿਲਹਮ ਇੰਸਟੀਚਿਊਟ ਆਫ ਬਰੇਨ ਰਿਸਰਚ ਦੀ ਸਥਾਪਨਾ ਕੀਤੀ ਸੀ ਅਤੇ ਫਿਰ ਉਸਦੇ ਨਿਰਦੇਸ਼ਕ ਵੀ ਰਹੇ ਸਨ।

ਹੁਣ ਇਸ ਸੰਸਥਾ ਦਾ ਨਾਮ ਮੈਕਸ ਪਲੈਂਕ ਸੋਸਾਈਟੀ ਹੈ, ਜੋ ਕਿ ਇੱਕ ਵਕਾਰੀ ਸੰਸਥਾ ਹੈ ਅਤੇ ਜਰਮਨੀ ਦੇ ਕਈ ਵਿਗਿਆਨਕ ਖੋਜ ਕੇਂਦਰਾਂ ਨੂੰ ਜੋੜਦੀ ਹੈ।

ਸਪੇਨ ਦੀ ਯੂਨੀਵਰਸਿਟੀ ਆਫ ਸਲਮਾਨਸਾ ਵਿੱਚ ਦਿਮਾਗ ਵਿਗਿਆਨ ਦੇ ਜੀਵ ਵਿਗਿਆਨ ਦੇ ਪ੍ਰੋਫੈਸਰ ਜੋਸੇ ਰਮਾਓਂ ਐਲੋਨਸੋ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਉਸ ਸਮੇਂ ਜਰਮਨੀ ਦਾ ਵਿਗਿਆਨਕ ਪੱਧਰ ਸਭ ਤੋਂ ਵਧੀਆ ਸੀ ਅਤੇ ਸਭ ਤੋਂ ਜ਼ਿਆਦਾ ਨੋਬਲ ਜੇਤੂ ਵੀ ਉੱਥੋਂ ਹੀ ਸਨ।”

ਐਲੋਨਸੋ ਨੇ ਆਪਣੀ ਕਿਤਾਬ ''''ਦਿ ਹਿਸਟਰੀ ਆਫ ਬਰੇਨ'''' ਲਈ ਇਸ ਵਿਸ਼ੇ ਵਿੱਚ ਅਧਿਐਨ ਕੀਤੇ ਸਨ।

ਉਹ ਦੱਸਦੇ ਹਨ, “ਉਸ ਸਮੇਂ ਹਾਲਾਂਕਿ ਵੋਗਤ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਵਿੱਚ ਕੁਝ ਝਿਜਕ ਰਹੇ ਸਨ ਪਰ ਜਰਮਨੀ ਦੀ ਸਰਕਾਰ ਨੇ ਉਨ੍ਹਾਂ ਨੂੰ ਇਸ ਲਈ ਮਨਾਇਆ। ਉਹ ਸੋਵੀਅਤ ਨਾਲ ਆਪਣੇ ਰਿਸ਼ਤੇ ਵਧੀਆ ਰੱਖਣਾ ਚਾਹੁੰਦੇ ਸਨ। ਅਸਲ ਵਿੱਚ ਉਹ ਸੋਵੀਅਤ ਰਾਹੀਂ ਉਨ੍ਹਾਂ ਪਾਬੰਦੀਆਂ ਤੋਂ ਬਚਣ ਦਾ ਕੋਈ ਰਾਹ ਲੱਭਣਾ ਚਾਹੁੰਦੇ ਸਨ ਜੋ ਉਸ ਨੂੰ ਪਹਲੇ ਵਿਸ਼ਵ ਯੁੱਧ ਤੋਂ ਬਾਅਦ ਹਥਿਆਰ ਵਿਕਸਤ ਕਰਨ ਤੋਂ ਰੋਕ ਰਹੀਆਂ ਸਨ।”

ਹਾਲਾਂਕਿ, ਬਾਅਦ ਵਿੱਚ ਲੈਨਿਨ ਦਾ ਦਿਮਾਗ ਬਰਲਿਨ ਲਿਉਣ ਦੀ ਯੋਜਨਾ ਵਿਚਾਲੇ ਹੀ ਛੱਡ ਦਿੱਤੀ ਗਈ।

ਗਰੇਗਰੀ ਦੱਸਦੇ ਹਨ, “ਸਟਾਲਿਨ ਨੂੰ ਇਸ ਪ੍ਰਕਿਰਿਆ ਵਿੱਚ ਕਿਸੇ ਵਿਦੇਸ਼ੀ ਨੂੰ ਸ਼ਾਮਲ ਕਰਨ ਦਾ ਵਿਚਾਰ ਪਸੰਦ ਨਹੀਂ ਆਇਆ ਸੀ। ਕਿਉਂਕਿ ਉਹ ਇਸ ਨੂੰ ਕਾਬੂ ਨਹੀਂ ਕਰ ਸਕਦੇ ਸਨ।”

ਲੈਨਿਨ ਦਾ ਦਿਮਾਗ ਮੌਤ ਸਮੇਂ ਕਿਸ ਤਰ੍ਹਾਂ ਦਾ ਸੀ?

ਲੈਨਿਨ ਦੇ ਦਿਮਾਗ ਦਾ ਕਤਰਾ
Getty Images
ਲੈਨਿਨ ਦੇ ਦਿਮਾਗ ਦੇ ਕੋਈ 30000 ਟੁਕੜੇ ਕੀਤੇ ਗਏ ਅਤੇ ਸ਼ੀਸ਼ੇ ਦੀਆਂ ਸਲਾਈਡਾਂ ਵਿੱਚ ਰੱਖੇ ਗਏ।

ਸੋਵੀਅਤ ਲੀਡਰਸ਼ਿਪ ਦੇ ਕੁਝ ਹਿੱਸਿਆਂ ਵੱਲੋਂ ਚੁੱਕੇ ਗਏ ਇਤਰਾਜ਼ਾਂ ਦੇ ਬਾਵਜੂਦ ਵੋਗਤ ਨੂੰ ਆਖਰ ਇਸ ਜਾਂਚ ਵਿੱਚ ਸ਼ਾਮਲ ਹੋਣ ਲਈ ਕਹਿ ਹੀ ਦਿੱਤਾ ਗਿਆ।

ਉਨ੍ਹਾਂ ਨੂੰ ਲੈਨਿਨ ਦੇ ਦਿਮਾਗ ਦੇ ਅਧਿਐਨ ਲਈ ਦਿਮਾਗ ਦੇ 30,953 ਕਤਰਿਆਂ ਵਿੱਚੋਂ ਇੱਕ ਕਤਰਾ ਦਿੱਤਾ ਗਿਆ। ਇਸ ਟੁਕੜੇ ਨੂੰ ਉਹ ਜਰਮਨੀ ਵਿੱਚ ਆਪਣੀ ਪ੍ਰਯੋਗਸ਼ਾਲਾ ਵਿੱਚ ਲਿਜਾ ਸਕਦੇ ਸਨ।

ਇਸ ਦੇ ਬਦਲੇ ਵਿੱਚ ਮਾਸਕੋ ਨੇ ਵੋਗਤ ਨੂੰ ਕਿਹਾ ਕਿ ਉਹ ਦਿਮਾਗ ਵਿਗਿਆਨ ਦੇ ਖੇਤਰ ਵਿੱਚ ਰੂਸੀ ਡਾਕਟਰਾਂ ਨੂੰ ਸਿਖਲਾਈ ਦੇਣ ਅਤੇ ਰਸ਼ੀਅਨ ਬਰੇਨ ਇੰਸਟੀਚਿਊਟ ਸਥਾਪਤ ਕਰਨ ਵਿੱਚ ਅਗਵਾਈ ਕਰਨ। ਇਸ ਇੰਸਟਿਚੀਊਟ ਦਾ ਨਾਮ ਹੁਣ ''''ਰਸ਼ੀਅਨ ਅਕੈਡਮੀ ਆਫ ਮੈਡੀਕਲ ਸਾਇੰਸਜ਼'''' ਹੈ।

ਹਾਲਾਂਕਿ, ਆਉਣ ਵਾਲੇ ਸਾਲਾਂ ਵਿੱਚ ਵੋਗਤ ਦੀ ਨਾਜ਼ੀ ਸ਼ਾਸ਼ਨ ਨਾਲ ਅਣਬਣ ਹੋ ਗਈ ਅਤੇ ਉਨ੍ਹਾਂ ਨੂੰ ਜਰਮਨੀ ਵਿੱਚ ਆਪਣੇ ਕੁਝ ਅਹੁਦਿਆਂ ਤੋਂ ਵੀ ਹੱਥ ਧੋਣਾ ਪਿਆ। ਇਸ ਤੋਂ ਇਲਾਵਾ ਇਸ ਨਾਲ ਸਟਾਲਿਨ ਨੂੰ ਵੀ ਉਨ੍ਹਾਂ ਤੋਂ ਹੱਥ ਛੁਡਾਉਣ ਦਾ ਬਹਾਨਾ ਮਿਲ ਗਿਆ।

ਐਲੋਨਸੋ ਦੱਸਦੇ ਹਨ ਕਿ ਵਿਦੇਸ਼ੀ ਸ਼ਮੂਲੀਅਤ ਬਾਰੇ ਸੋਵੀਅਤ ਦੇ ਖਦਸ਼ੇ ਬੇਬੁਨਿਆਦ ਨਹੀਂ ਸਨ। ਮਿਸਾਲ ਵਜੋਂ 1930ਵਿਆਂ ਦੌਰਾਨ ਜਰਮਨੀ ਦੀ ਸਰਕਾਰ ਨੇ ਕਿਹਾ ਕਿ ਲੈਨਿਨ ਬੀਮਾਰ ਸਨ ਅਤੇ ਉਨ੍ਹਾਂ ਦਾ ਦਿਮਾਗ “ਸਵਿਸ ਚੀਜ਼" ਵਰਗਾ ਲਗਦਾ ਸੀ।

ਬੈਲਜੀਅਮ ਦੇ ਖੋਜੀ ਐਲ. ਵਾਂ ਬੋਗਰਤ ਅਤੇ ਏ. ਡਿਵੁਲਫ਼ ਮੁਤਾਬਕ, ਇਸੇ ਕਾਰਨ ਦੂਜਾ ਵਿਸ਼ਵ ਯੁੱਧ ਜਦੋਂ ਖਤਮ ਹੋਣ ਵਾਲਾ ਸੀ ਤਾਂ ਮਾਸਕੋ ਨੇ ਵੋਗਤ ਤੋਂ ਲੈਨਿਨ ਦੇ ਦਿਮਾਗ ਦਾ ਨਮੂਨਾ ਹਾਸਲ ਕਰਨ ਲਈ ਇਕ ਗੁਪਤ ਮਿਸ਼ਨ ਵੀ ਚਲਾਇਆ।

ਐਲੋਨਸੋ ਦੱਸਦੇ ਹਨ, “ਸੋਵੀਅਤ ਨੂੰ ਡਰ ਸੀ ਕਿ ਵੋਗਤ ਤੋਂ ਇਹ ਨਮੂਨਾ ਅਮਰੀਕੀਆਂ ਦੇ ਹੱਥ ਲੱਗ ਸਕਦਾ ਹੈ। ਜੋ ਲੈਨਿਨ ਨੂੰ ਬਦਨਾਮ ਕਰਨ ਲਈ ਕਹਿਣਗੇ ਕਿ ਉਨ੍ਹਾਂ ਨੂੰ ਸਿਫਲੀਜ਼ ਸੀ ਜਾਂ ਉਹ ਪ੍ਰਤਿਭਾਵਾਨ ਨਹੀਂ ਸਨ।”

ਸਟਾਲਿਨ
Getty Images
ਸਟਾਲਿਨ ਸ਼ੁਰੂ ਵਿੱਚ ਨਹੀਂ ਚਾਹੁੰਦੇ ਸਨ ਕਿ ਲੈਨਿਨ ਦੇ ਦਿਮਾਗ ਦੀ ਖੋਜ ਵਿੱਚ ਕਿਸੇ ਵਿਦੇਸ਼ੀ ਨੂੰ ਸ਼ਾਮਲ ਕੀਤਾ ਜਾਵੇ

ਵੋਗਤ ਦੀ ਸੋਵੀਅਤ ਨੂੰ ਖੁਸ਼ ਕਰਨ ਦੀ ਨਾਕਾਮ ਕੋਸ਼ਿਸ਼

ਲੈਨਿਨ ਦਾ ਕਾਰਟੂਨ
Getty Images
ਜਰਮਨੀ ਨੇ ਲੈਨਿਨ ਨੂੰ ਅਜਿਹਾ ਬੀਮਾਰ ਵਿਅਕਤੀ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਦਾ ਦਿਮਾਗ "ਸਵਿਸ ਚੀਜ਼" ਵਰਗਾ ਸੀ।

ਸੰਨ 1920 ਦਾ ਦਹਾਕਾ ਖਤਮ ਹੁੰਦੇ-ਹੁੰਦੇ ਵੋਗਤ ਨੇ ਆਪਣੇ ਅਧਿਐਨ ਦੇ ਨਤੀਜੇ ਯੂਰਪ ਦੀ ਇੱਕ ਕਾਨਫਰੰਸ ਵਿੱਚ ਪੇਸ਼ ਕੀਤੇ।

ਉਨ੍ਹਾਂ ਨੇ ਆਪਣੀ ਵਿਆਖਿਆ ਵਿੱਚ ਕਿਹਾ ਕਿ ਮਰਹੂਮ ਆਗੂ ਦਾ ਦਿਮਾਗ ਚੰਚਲ ਸੀ ਅਤੇ ਉਨ੍ਹਾਂ ਦੀ “ਵਿਚਾਰਾਂ ਵਿੱਚ ਸੰਬੰਧ ਸਥਾਪਿਤ ਕਰਨ ਅਤੇ ਸਚਾਈ ਪ੍ਰਤੀ ਸਮਝ” ਅਦਭੁਤ ਸੀ। ਇਸੇ ਕਾਰਨ ਲੈਨਿਨ ਨੂੰ “ਸੰਬੰਧ ਸਥਾਪਿਤ ਕਰਨ ਦੇ ਵਿਚਾਰ ਦਾ ਖਿਡਾਰੀ” ਕਿਹਾ ਜਾਂਦਾ ਹੈ।

ਦੇਖਣ ਨੂੰ ਤਾਂ ਵੋਗਤ ਨੇ ਰੂਸ ਨੂੰ ਉਹ ਦੇ ਦਿੱਤਾ ਸੀ ਜੋ ਉਹ ਚਾਹੁੰਦਾ ਸੀ ਪਰ ਸੋਵੀਅਤ ਆਗੂ ਇਸ ਤੋਂ ਖੁਸ਼ ਨਹੀਂ ਸਨ।

ਕਿਉਂਕਿ ਦਿਮਾਗ ਦੇ ਜਿਸ ਹਿੱਸੇ (ਦਿਮਾਗ ਦੇ ਕੁਝ ਖਾਸ ਨਿਊਰੋਨਾਂ) ਦੇ ਅਧਿਐਨ ਦੇ ਹਵਾਲੇ ਨਾਲ ਵੋਗਤ ਇਹ ਕਹਿ ਰਹੇ ਸਨ ਕਿ ਉਸ ਦੀ ਇੱਕ ਵਿਆਖਿਆ ਇਹ ਵੀ ਸੀ ਕਿ ਲੈਨਿਨ ਪਛੜੀ ਬੁੱਧੀ ਵਾਲੇ ਸਨ।

ਐਲੋਨਸੋ ਮੁਤਾਬਕ, “ਵੋਗਤ ਦੇ ਨਤੀਜਿਆਂ ਦੀ ਤੀਬਰ ਆਲੋਚਨਾ ਹੋਈ ਕਿਉਂਕਿ ਇਹ ਮੰਨਿਆ ਗਿਆ ਕਿ ਉਨ੍ਹਾਂ ਨੇ ਸੋਵੀਅਤ ਨੂੰ ਉਹੀ ਦੱਸਿਆ ਹੈ ਜੋ ਉਹ ਸੁਣਨਾ ਚਾਹੁੰਦੇ ਸਨ ਕਿ ਲੈਨਿਨ ਦਾ ਦਿਮਾਗ ਵਿਲੱਖਣ ਅਤੇ ਅਸਧਾਰਨ ਸੀ।”

ਐਲੋਨਸੋ ਅੱਗੇ ਦੱਸਦੇ ਹਨ,“ਸੋਵੀਅਤ ਅਧਿਕਾਰੀਆਂ ਦਾ ਮੰਨਣਾ ਸੀ ਕਿ ਲੈਨਿਨ ਸਭ ਤੋਂ ਮਹਾਨ ਪ੍ਰਤਿਭਾਵਾਨ ਸਨ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਲੈਨਿਨ ਦੇ ਦਿਮਾਗ ਵਿੱਚ ਕੁਝ ਅਜਿਹੀਆਂ ਵਿਸ਼ੇਸ਼ਤਾਵਾਂ ਜ਼ਰੂਰ ਸਨ ਜੋ ਉਨ੍ਹਾਂ ਨੂੰ ਕਿਸੇ ਵੀ ਹੋਰ ਮਨੁੱਖ ਨਾਲੋਂ ਅਲੱਗ ਕਰਦੀਆਂ ਸਨ।”

ਵੋਗਤ ਦੀ ਧਾਰਨਾ ਸੀ ਕਿ ਕਿਸੇ ਵਿਅਕਤੀ ਦੇ ਦਿਮਾਗ ਦੀ ਬਣਤਰ (ਅਕਾਰ ਅਤੇ ਰੂਪ) ਦਾ ਉਸਦੀ ਬੁੱਧੀ ਨਾਲ ਸਿੱਧਾ ਸੰਬੰਧ ਹੁੰਦਾ ਹੈ।

ਲੈਨਿਨ ਤੋਂ ਇਲਾਵਾ ਹੋਰ ਵੀ ਦਿਮਾਗ ਕੱਢੇ ਗਏ

ਲੈਨਿਨ
Getty Images
ਕੀ ਲੈਨਿਨ ਨੇ ਆਪਣੀ ਪੂਜਾ ਦਾ ਰਾਹ ਖ਼ੁਦ ਆਪਣੇ ਜਿਉਂਦੇ ਜੀਅ ਹੀ ਖੋਲ੍ਹਿਆ ਸੀ।

ਲੈਨਿਨ ਦੇ ਜੀਵਨੀਕਾਰਾਂ ਨੇ ਪਹਿਲੀ ਗੱਲ ਨੂੰ ਤਾਂ ਨਜ਼ਰ ਅੰਦਾਜ਼ ਕਰ ਦਿੱਤਾ। ਇਸ ਦੇ ਮੁਕਾਬਲੇ ਉਨ੍ਹਾਂ ਨੇ ਇਹ ਚੁੱਕ ਲਿਆ ਕਿ ਉਨ੍ਹਾਂ ਨੂੰ ਸੱਤ ਭਾਸ਼ਾਵਾਂ ਆਉਂਦੀਆਂ ਸਨ ਅਤੇ ਉਹ ਕਿਸੇ ਅਖ਼ਬਾਰ ਲਈ ਵੀ ਇੱਕ ਘੰਟੇ ਵਿੱਚ ਲੇਖ ਲਿਖ ਮਾਰਦੇ ਸਨ।

ਬੋਲਸ਼ੈਵਿਕ ਆਗੂ ਦੀ ਪ੍ਰਤਿਭਾ ਦੀਆਂ ਜੜ੍ਹਾਂ ਦੀ ਖੋਜ ਲਗਭਗ ਇੱਕ ਦਹਾਕੇ ਤੋਂ ਜ਼ਿਆਦਾ ਚਲਦੀ ਰਹੀ। ਹੁਣ ਤੁਲਨਾ ਕਰਨ ਲਈ ਹੋਰ ਮਨੁੱਖੀ ਦਿਮਾਗ ਇਕੱਠੇ ਕਰਨ ਦੀ ਲੋੜ ਸੀ।

ਇਸੇ ਲਈ ਅੱਜ ਮਾਸਕੋ ਅਕੈਡਮੀ ਆਫ ਮੈਡੀਕਲ ਸਾਇੰਸਿਜ਼ ਵਿੱਚ ਨਾ ਸਿਰਫ ਲੈਨਿਨ ਦਾ ਦਿਮਾਗ ਸਗੋਂ ਸਰੀਰ ਵਿਗਿਆਨੀ ਇਵਾਨ ਪਾਵਲੋਵ, ਐਰੋਨੋਟੀਕਲ ਇੰਜੀਨੀਅਰ ਕੋਨਸਟੈਂਟਿਨ ਤਸੀਓਲਕੋਵਸਕੀ ਅਤੇ ਲੇਖਕ ਮੈਕਿਸਮ ਗੋਰਖੀ ਦੇ ਦਿਮਾਗ ਵੀ ਜ਼ਿੰਦੇ ਕੁੰਜੀ ਦੇ ਅੰਦਰ ਪਏ ਹਨ।

ਪੈਵਲੋਵ ਉਹੀ ਹਨ ਜਿਨ੍ਹਾਂ ਨੇ ਕੁੱਤੇ ਉੱਤੇ ਖੋਜ ਕਰਕੇ ਕਲਾਸੀਕਲ ਕੰਡਿਸ਼ਨਿੰਗ ਦਾ ਸਿਧਾਂਤ ਦਿੱਤਾ। ਇਸ ਬਾਰੇ ਉਨ੍ਹਾਂ ਨੇ ਬੇਹੱਦ ਦਿਲਚਸਪ ਪ੍ਰਯੋਗ ਕੀਤੇ।

ਹਾਲਾਂਕਿ, ਲੈਨਿਨ ਦੇ ਦਿਮਾਗ ਦੀ ਤੁਲਨਾ ਸਿਰਫ ਬੁੱਧੀਮਾਨ ਲੋਕਾਂ ਦੇ ਦਿਮਾਗ ਨਾਲ ਹੀ ਨਹੀਂ ਕੀਤੀ ਗਈ ਸਗੋਂ ਦਸ ਸਧਾਰਨ ਲੋਕਾਂ ਦੇ ਦਿਮਾਗ ਨਾਲ ਵੀ ਕੀਤੀ ਗਈ। ਪਰ ਇਸ ਤੁਲਨਾਤਮਿਕ ਅਧਿਐਨ ਦੇ ਨਤੀਜੇ ਕਦੇ ਜਨਤਕ ਨਹੀਂ ਕੀਤੇ ਗਏ ਅਤੇ ਸੋਵੀਅਤ ਦੇ ਕੁਝ ਸਿਰਮੌਰ ਅਧਿਕਾਰੀਆਂ ਨਾਲ ਹੀ ਸਾਂਝੇ ਕੀਤੇ ਗਏ।

ਗਰੇਗਰੀ ਮੁਤਾਬਕ,“ਹੂਵਰ ਇੰਸਟੀਚਿਊਟ ਵਿੱਚ ਉਸ 63 ਪੰਨਿਆਂ ਦੀ ਰਿਪੋਰਟ ਦੀ ਇੱਕ ਕਾਪੀ ਪਈ ਹੈ ਜੋ ਪੋਲਿਟ ਬਿਊਰੋ ਨੂੰ ਸੋਂਪੀ ਗਈ ਸੀ। ਰਿਪੋਰਟ ਦੀ ਹਾਲਤ ਖਰਾਬ ਹੈ ਅਤੇ ਇਸ ਵਿੱਚ ਬਹੁਤ ਜ਼ਿਆਦਾ ਵਿਗਿਆਨਕ ਭਾਸ਼ਾ ਅਤੇ ਬਿਨਾ ਸਿਰ ਪੈਰ ਦੀਆਂ ਗੱਲਾਂ ਹਨ। ਹਾਲਾਂਕਿ, ਇਸ ਵਿੱਚ ਨਤੀਜਾ ਕੱਢਿਆ ਗਿਆ ਹੈ ਕਿ ਲੈਨਿਨ ਆਪਣੇ ਜੀਵਨ ਦੇ ਆਖਰੀ ਦਿਨਾਂ ਤੱਕ ਇੱਕ ਪ੍ਰਤਿਭਾਵਾਨ ਵਿਅਕਤੀ ਸੀ। ਬਾਵਜੂਦ ਇਸਦੇ ਕਿ ਉਨ੍ਹਾਂ ਨੂੰ ਚਾਰ ਦੌਰੇ ਪਏ ਸਨ ਅਤੇ ਦੂਜੇ ਦੇ ਕਾਰਨ ਤਾਂ ਉਹ ਬਿਲਕੁਲ ਹੀ ਅਸਰੱਥ ਹੋ ਗਏ ਸਨ।”

ਲੈਨਿਨ
Getty Images
ਲੈਨਿਨ ਨੂੰ ਚਾਰ ਦੌਰੇ ਪਏ ਸਨ ਅਤੇ ਦੂਜੇ ਦੌਰੇ ਤੋਂ ਬਾਅਦ ਤਾਂ ਉਹ ਬਿਲਕੁਲ ਹੀ ਅਸਮਰੱਥ ਹੋ ਗਏ ਸਨ।

ਉਹ ਅੱਗੇ ਦੱਸਦੇ ਹਨ, “ਇਸ ਨੂੰ ਪੜ੍ਹਨਾ ਕਿਸੇ ਕੌਮਿਕ ਨੂੰ ਪੜ੍ਹਨ ਵਰਗਾ ਸੀ ਪਰ ਅਜਿਹਾ ਲੱਗ ਰਿਹਾ ਸੀ ਕਿ (ਇਸਦੇ ਲੇਖਕ) ਜੋ ਨਤੀਜਾ ਉਹ ਕੱਢਣਾ ਚਾਹੁੰਦੇ ਸਨ, ਉਸ ਲਈ ਮਨ-ਘੜਤ ਗੱਲਾਂ ਘੜ ਰਹੇ ਸਨ।”

ਭਾਵੇਂ ਲੈਨਿਨ ਦਾ ਦਿਮਾਗ ਉਸ ਸਮੇਂ ਦੇ ਕੁਝ ਲੇਖਕਾਂ ਦੇ ਦੋ-ਦੋ ਕਿੱਲੋ ਦੇ ਦਿਮਾਗਾਂ ਦੇ ਮੁਕਾਬਲੇ ਮਹਿਜ਼ 1.3 ਕਿੱਲੋਗ੍ਰਾਮ ਦਾ ਹੀ ਸੀ। ਫਿਰ ਵੀ ਸੋਵੀਅਤ ਸਾਇੰਸਦਾਨਾਂ ਨੇ ਨਤੀਜਾ ਕੱਢਿਆ ਕਿ ਲੈਨਿਨ ਦਾ ਦਿਮਾਗ ਆਪਣੀ ਬਣਤਰ ਕਾਰਨ ਵਿਸ਼ੇਸ਼ ਸੀ। ਖਾਸ ਕਰ ਉਨ੍ਹਾਂ ਦੇ ਦਿਮਾਗ ਦਾ ਮੂਹਰਲਾ ਹਿੱਸਾ। ਜੋ ਉਨ੍ਹਾਂ ਵਰਗੇ ਤੀਖਣ ਬੁੱਧੀ ਵਾਲੇ ਵਿਅਕਤੀ ਦੇ ਅਨੁਕੂਲ ਸੀ।

ਐਲਨਸੋ, ਲੈਨਿਨ ਦੇ ਦਿਮਾਗ ਬਾਰੇ ਵੋਗਤ ਅਤੇ ਉਨ੍ਹਾਂ ਤੋਂ ਬਾਅਦ ਦੇ ਸਾਰੇ ਲੋਕਾਂ ਦੇ ਨਤੀਜਿਆਂ ਨੂੰ ਰੱਦ ਕਰਦੇ ਹਨ।

ਉਹ ਸਮਝਾਉਂਦੇ ਹਨ, “ਕੋਈ ਨਹੀਂ ਮੰਨਦਾ ਕਿ ਕਿਸੇ ਦੇ ਦਿਮਾਗ ਦੇ ਅਕਾਰ ਅਤੇ ਰੂਪ ਦਾ ਬੁੱਧੀ ਨਾਲ ਕੋਈ ਲੈਣਾ-ਦੇਣਾ ਹੈ। ਅਜਿਹੇ ਵੱਡੇ ਦਿਮਾਗਾਂ ਵਾਲੇ ਵੀ ਲੋਕ ਹਨ ਜਿਨ੍ਹਾਂ ਨੇ ਕਲਾ ਅਤੇ ਸਾਇੰਸ ਵਿੱਚ ਮਹਾਨ ਕੰਮ ਕੀਤੇ ਹਨ ਅਤੇ ਅਜਿਹਾ ਕਰਨ ਵਾਲੇ ਛੋਟੇ ਦਿਮਾਗਾਂ ਵਾਲੇ ਵੀ ਮੌਜੂਦ ਹਨ।”

ਐਲਨਸੋ ਕਹਿੰਦੇ ਹਨ ਕਿ ਅਸੀਂ ਅੱਜ ਵੀ ਇਹ ਚਰਚਾ ਕਰ ਰਹੇ ਹਾਂ ਕਿ ਬੁੱਧੀ ਆਖਰ ਅਸੀਂ ਕਹਿੰਦੇ ਕਿਸ ਨੂੰ ਹਾਂ।

“ਵੈਨ ਗਫ਼ ਨੂੰ ਕਲਾ ਕੇ ਖੇਤਰ ਵਿੱਚ ਮਹਾਨ ਸਮਝਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਸਨ। ਨਿਊਟਨ ਨਾਲ ਵੀ ਅਜਿਹਾ ਹੀ ਹੋਇਆ। ਜਿਨ੍ਹਾਂ ਨੂੰ ਸਭ ਤੋਂ ਵਧੀਆ ਸਾਇੰਸਦਾਨ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦਾ ਕੋਈ ਦੋਸਤ ਨਹੀਂ ਸੀ ਅਤੇ ਜ਼ਿਆਦਾਤਰ ਜ਼ਿੰਦਗੀ ਪੈਸਾ ਹੋਣ ਦੇ ਬਾਵਜੂਦ ਦੁੱਖਾਂ ਵਿੱਚ ਲੰਘੀ।"

ਇੱਕ ਸਿਆਸੀ ਹਥਿਆਰ

ਲੈਨਿਨ ਅਤੇ ਸਟਾਲਿਨ
Getty Images
ਲੈਨਿਨ ਨੂੰ ਅਮਰ ਕਰਨਾ ਨਵੇਂ ਸਥਾਪਤ ਸੋਵੀਅਤ ਸੰਘ ਉੱਪਰ ਆਪਣੀ ਪਕੜ ਮਜ਼ਬੂਤ ਕਰਨ ਲਈ ਸਟਾਲਿਨ ਦੀ ਯੋਜਨਾ ਦਾ ਹਿੱਸਾ ਸੀ।

ਸੰਨ 1991 ਵਿੱਚ ਸੋਵੀਅਤ ਦੇ ਪਤਨ ਤੋਂ ਬਾਅਦ ਲੈਨਿਨ ਦੇ ਦਿਮਾਗ ਦਾ ਅਧਿਐਨ ਕਰਨ ਵਾਲੇ ਕੁਝ ਸਾਇੰਸਦਾਨਾਂ ਨੇ ਸੋਵੀਅਤ ਦੇ ਸਰਕਾਰੀ ਸਟੈਂਡ ਤੋਂ ਵੱਖਰੀਆਂ ਸੁਰਾਂ ਅਲਾਪਣੀਆਂ ਸ਼ੁਰੂ ਕਰ ਦਿੱਤੀਆਂ।

ਡਾ਼ ਓਲੇਗ ਐਡਰੀਅਨੋਵ ਉਸ ਕੇਂਦਰ ਦੇ ਨਿਰਦੇਸ਼ਕ ਰਹੇ ਹਨ ਜਿਸ ਵਿੱਚ ਲੈਨਿਨ ਦਾ ਦਿਮਾਗ ਸਾਂਭਿਆ ਪਿਆ ਹੈ। ਉਨ੍ਹਾਂ ਨੇ 1993 ਵਿੱਚ ਤਸਲੀਮ ਕੀਤਾ ਸੀ, “ਇਸ ਦਾ ਮੱਥਾ ਵਾਕਈ ਵੱਡਾ ਸੀ ਅਤੇ ਪਿਰਾਮਿਡਲ ਨਿਊਰੋਨਜ਼ ਦੀ ਤਾਦਾਦ ਵੀ ਬਹੁਤ ਜ਼ਿਆਦਾ ਸੀ। ਹੁਣ, ਇਸਦਾ ਕੀ ਮਤਲਬ ਹੋਇਆ? ਅਸੀਂ ਸਿਰਫ ਕਿਆਸ ਲਗਾ ਸਕਦੇ ਹਾਂ (...) ਉਸ ਦਿਮਾਗ ਬਾਰੇ ਕੁਝ ਵੀ ਖਾਸ ਨਹੀਂ ਹੈ।”

ਰੂਸੀ ਸਾਇੰਸਦਾਨ ਨੇ ਬ੍ਰਿਟੇਨ ਦੀ ਪ੍ਰੈੱਸ ਨੂੰ ਦੱਸਿਆ, ਮੈਂ ਨਹੀਂ ਸਮਝਦਾ ਕਿ ਉਹ ਕੋਈ ਪ੍ਰਤਿਭਾਵਾਨ ਵਿਅਕਤੀ ਸਨ।

ਲੈਨਿਨ ਦੇ ਦਿਮਾਗ ਦਾ ਅਧਿਐਨ ਕਰਨਾ ਵੀ ਇੱਕ ਸਿਆਸੀ ਹਥਿਆਰ ਸੀ ਜਿਸ ਦੀ ਵਰਤੋਂ ਸਟਾਲਿਨ ਨੇ ਆਪਣੇ-ਆਪ ਨੂੰ ਸੋਵੀਅਤ ਦੇ ਬਾਨੀ ਦੇ ਉੱਤਰਾਧਿਕਾਰੀ ਵਜੋਂ ਮਜ਼ਬੂਤ ਕਰਨ ਲਈ ਕੀਤੀ।

ਲੈਨਿਨ ਦੇ ਦਿਮਾਗ ਦਾ ਮੋਮ ਦਾ ਮਾਡਲ
Getty Images
ਲੈਨਿਨ ਦੇ ਦਿਮਾਗ ਦਾ ਮੋਮ ਦਾ ਮਾਡਲ

ਗਰੇਗਰੀ ਦੱਸਦੇ ਹਨ, “ਸਟਾਲਿਨ ਨਾ ਸਿਰਫ ਇਹ ਸਾਬਤ ਚਾਹੁੰਦੇ ਸਨ ਕਿ ਲੈਨਿਨ ਇੱਕ ਪ੍ਰਤਿਭਾਵਾਨ, ਸਨ ਸਗੋਂ ਉਹ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਉਸਦੇ ਵਿਆਖਿਆਕਾਰ ਵਜੋਂ ਸੱਤਾ ਦੇ ਉਸ ਸੰਘਰਸ਼ ਵਿੱਚ ਆਪਣੀ ਸਥਿਤੀ ਵੀ ਮਜ਼ਬੂਤ ਕਰਨੀ ਚਾਹੁੰਦੇ ਸਨ, ਜੋ ਲੈਨਿਨ ਦੀ ਮੌਤ ਤੋਂ ਤੁਰੰਤ ਬਾਅਦ ਸ਼ੁਰੂ ਹੋ ਗਿਆ ਸੀ।”

ਹਾਲਾਂਕਿ, ਸਟਾਲਿਨ ਨੇ ਸੱਤਾ ਦੇ ਹਥਿਆਰ ਵਜੋਂ ਸਿਰਫ ਲੈਨਿਨ ਦੇ ਦਿਮਾਗ ਨੂੰ ਹੀ ਨਹੀਂ ਸੀ ਵਰਤਿਆ। ਉਨ੍ਹਾਂ ਨੇ ਲੈਨਿਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਇੱਛਾ ਕਿ ਉਨ੍ਹਾਂ ਦੀ ਲਾਸ਼ ਨੂੰ ਸਾਂਭ ਕੇ ਨਾ ਰੱਖਿਆ ਜਾਵੇ ਵੀ ਨਜ਼ਰਅੰਦਾਜ਼ ਕੀਤੀ।

ਇਸਦੇ ਉਲਟ ਸਟਾਲਿਨ ਨੇ ਲੈਨਿਨ ਦੀ ਲਾਸ਼ ਦੀ ਮਮੀ ਬਣਵਾਈ ਅਤੇ ਉਸ ਨੂੰ ਲੋਕਾਂ ਦੇ ਦੇਖਣ ਲਈ ਅਜਾਇਬਘਰ ਵਿੱਚ ਰਖਵਾਇਆ। ਜਿੱਥੇ ਉਨ੍ਹਾਂ ਦਾ ਸਰੀਰ ਅਜੇ ਵੀ ਪਿਆ ਹੈ।

ਹਾਲਾਂਕਿ, ਕਿਊਬਨ ਇਤਿਹਾਸਕਾਰ ਅਰਮਾਂਡੋ ਚਾਗੁਏਸੇਡਾ ਵਰਗੇ ਮਾਹਰ ਮੰਨਦੇ ਹਨ ਕਿ ਲੈਨਿਨ ਨੇ ਜਿਉਂਦੇ ਜੀ ਹੀ ਖੁਦ ਦੇ ਦੈਵੀਕਰਨ ਦੀ ਰਾਹ ਦੇ ਦਿੱਤੀ ਸੀ।

ਉਹ ਕਹਿੰਦੇ ਹਨ,“ਲੈਨਿਨ ਨੇ ਇੱਕ ਸਮੁੱਚਤਾਵਾਦੀ ਸਰਕਾਰ ਦੀ ਨੀਂਹ ਰੱਖੀ ਸੀ। ਪ੍ਰਚਾਰ-ਪ੍ਰਸਾਰ (ਪ੍ਰਾਪੋਗੈਂਡਾ) ਉਸਦੇ ਥੰਮਾਂ ਵਿੱਚੋਂ ਹੈ।”

ਉਹ ਅੱਗੇ ਦੱਸਦੇ ਹਨ,“ਇੱਕ ਗੱਲ ਹੁੰਦੀ ਹੈ ਜੋ ਆਗੂ ਕਹਿੰਦੇ ਹਨ ਅਤੇ ਦੂਜੀ ਜੋ ਅਮਲ ਵਿੱਚ ਲਿਆਂਦੀ ਜਾਂਦੀ ਹੈ। ਇਹ ਸਾਰੇ ਆਗੂ— ਲੈਨਿਨ, ਫੀਲਦ ਕਾਸਤਰੋ ਅਤੇ ਮਾਓ ਜੇ ਤੁੰਗ ਨੇ ਕਿਹਾ ਕਿ ਉਹ ਆਪਣੀ ਸ਼ਖਸ਼ੀਅਤ ਦੇ ਦੁਆਲੇ ਕੋਈ ਸੰਪਰਦਾਇ ਨਹੀਂ ਚਾਹੁੰਦੇ ਪਰ ਇਹ ਤਾਂ ਸਿਰਫ ਕਿਹਾ ਗਿਆ ਸੀ ਜਦਕਿ ਆਪਣੀ ਅਸਲੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਆਪਣੀ ਸ਼ਖਸ਼ੀਅਤ ਦੁਆਲੇ ਇੱਕ ਸੰਪਰਦਾਇ ਬਣਾਏ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਜਾਰੀ ਰਹੇ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News