16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਚਿੰਗ ਸੈਂਟਰਾਂ ''''ਚ ਦਾਖ਼ਲਾ ਨਾ ਦੇਣ ਬਾਰੇ ਮੰਤਰਾਲੇ ਦੀਆਂ ਕੀ ਹਦਾਇਤਾਂ ਹਨ
Sunday, Jan 21, 2024 - 12:05 PM (IST)
ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਨੇ ਨਿੱਜੀ ਕੋਚਿੰਗ ਸੈਟਰਾਂ ਵਿੱਚ ਕਲਾਸਾਂ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ।
ਇਹ ਹਦਾਇਤਾਂ ਇਨ੍ਹਾਂ ਕਲਾਸਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀਆਂ ਗਈਆਂ ਹਨ।
ਵਿਦਿਆਰਥੀਆਂ ਵਿੱਚ ਵਧਦੀਆਂ ਖੁਦਕੁਸ਼ੀ ਦੀਆਂ ਘਟਨਾਵਾਂ, ਕੋਚਿੰਗ ਸੈਂਟਰਾਂ ਵਿੱਚ ਵਾਪਰਦੀਆਂ ਅੱਗ ਲੱਗਣ ਦੀਆਂ ਘਟਨਾਵਾਂ, ਸਹੂਲਤਾਂ ਦੀ ਕਮੀ ਵਰਗੇ ਮੁੱਦਿਆਂ ਦਾ ਵੀ ਇਨ੍ਹਾਂ ਹਦਾਇਤਾਂ ਵਿੱਚ ਧਿਆਨ ਰੱਖਿਆ ਗਿਆ ਹੈ।
ਪੱਤਰ ਵਿੱਚ ਭਾਰਤ ਸਰਕਾਰ ਨੇ ਗੈਰ ਕਨੂੰਨੀ ਢੰਗ ਨਾਲ ਵਧਦੇ ਕੋਚਿੰਗ ਸੈਂਟਰਾਂ ਵੱਲ ਵੀ ਧਿਆਨ ਦਿੱਤਾ ਹੈ।
ਨਿਯਮਾਂ ਵਿੱਚ ਕੀ ਕਿਹਾ ਗਿਆ ਹੈ?
ਨਿਯਮਾਂ ਵਿੱਚ ਕੋਚਿੰਗ ਕਲਾਸਾਂ ਦੀ ਫੀਸ, ਜਮਾਤ ਕਮਰਿਆਂ, ਅਧਿਆਪਨ ਵਿਧੀਆਂ, ਅਧਿਆਪਕਾਂ, ਕਲਾਸਾਂ ਦੀ ਇਸ਼ਿਤਿਹਾਰਬਾਜ਼ੀ ਵਰਗੇ ਮਸਲਿਆਂ ਬਾਰੇ ਵਿਸਥਾਰ ਵਿੱਚ ਨਿਯਮ ਜਾਰੀ ਕੀਤੇ ਗਏ ਹਨ।
ਪ੍ਰੋਸਪੈਕਟਸ(ਦਾਖ਼ਲਾ ਦਸਤਾਵੇਜ਼) ਵਿੱਚ ਕਿਸੇ ਕਲਾਸ ਦੇ ਵਿਦਿਆਰਥੀਆਂ ਦੀ ਗਿਣਤੀ ਸਹੀ-ਸਹੀ ਲਿਖੀ ਜਾਵੇਗੀ।
ਕੋਚਿੰਗ ਸੈਂਟਰਾਂ ਤੋਂ ਉਮੀਦ ਕੀਤੀ ਗਈ ਹੈ ਕਿ ਉਹ ਇਹ ਜਾਣਕਾਰੀ ਆਪਣੀ ਵੈਬਸਾਈਟ ਉੱਤੇ ਪ੍ਰਕਾਸ਼ਿਤ ਕਰਨਗੇ।
ਕੋਚਿੰਗ ਕਲਾਸਾਂ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਸਕੇਗਾ।
ਕੋਚਿੰਗ ਸੈਂਟਰਾਂ ਦੀ ਵੈਬਸਾਈਟ ਹੋਣੀ ਚਾਹੀਦੀ ਹੈ ਜਿਸ ਉੱਪਰ ਟਿਊਟਰ (ਅਧਿਆਪਕ) ਦੀ ਯੋਗਤਾ, ਸਿਲੇਬਸ, ਕੋਰਸ ਪੂਰਾ ਹੋਣ ਵਿੱਚ ਲੱਗਣ ਵਾਲਾ ਸਮਾਂ, ਹੋਸਟਲ ਦੀ ਸਹੂਲਤ ਅਤੇ ਫੀਸ ਦਾ ਵੇਰਵਾ ਹੋਣਾ ਚਾਹੀਦਾ ਹੈ।
16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਕੋਚਿੰਗ ਸੈਂਟਰਾਂ ਵਿੱਚ ਦਾਖਲਾ ਨਹੀਂ ਲੈ ਸਕਣਗੇ ਜਾਂ 12ਵੀਂ ਦੀ ਪ੍ਰੀਖਿਆ ਤੋਂ ਬਾਅਦ ਹੀ ਵਿਦਿਆਰਥੀ ਕੋਚਿੰਗ ਸੈਂਟਰਾਂ ਵਿੱਚ ਦਾਖਲਾ ਲੈ ਸਕਣਗੇ।
ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਔਖਿਆਈ ਦੇ ਪੱਧਰ, ਸਿਲੇਬਸ, ਤਿਆਰੀ ਵਿੱਚ ਲੱਗਣ ਵਾਲੀ ਮਿਹਨਤ ਅਤੇ ਯਤਨਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਵਿਦਿਆਰਥੀਆਂ ਨੂੰ ਵਿੱਦਿਅਕ ਮਾਹੌਲ, ਸੱਭਿਆਚਾਰਕ ਰਹਿਣ-ਸਹਿਣ, ਸੱਚਾਈ, ਸਕੂਲੀ ਪ੍ਰੀਖਿਆਵਾਂ ਦੀ ਤਿਆਰੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਜਾਗਰੂਕ ਕੀਤਾ ਜਾਵੇਗਾ।
ਵਿਦਿਆਰਥੀਆਂ ਨੂੰ ਚੁਣਨ ਲਈ ਬਦਲਵੇਂ ਕਰੀਅਰ ਬਦਲ ਵੀ ਮੁੱਹਈਆ ਕਰਵਾਏ ਜਾਣਗੇ, ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਬੇਲੋੜੇ ਬੋਝ ਤੋਂ ਬਚਾਇਆ ਜਾ ਸਕੇ ਅਤੇ ਉਹ ਬਦਲਵੇਂ ਰਾਹਾਂ ਨੂੰ ਵੀ ਚੁਣ ਸਕਣ।
ਵਿਦਿਆਰਥੀਆਂ ਦੀ ਤਿਆਰੀ ਨੂੰ ਜਾਂਚਣ ਲਈ ਮੌਕ(ਨਕਲੀ)-ਪ੍ਰੀਖਿਆਵਾਂ ਲਈਆਂ ਜਾ ਸਕਦੀਆਂ ਹਨ।
ਕੋਚਿੰਗ ਸੈਂਟਰ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਤੋਂ ਲਾਈਆਂ ਗਈਆਂ ਉਮੀਦਾਂ ਬਾਰੇ ਜਾਣੂ ਕਰਵਾ ਸਕਦੇ ਹਨ।
ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰ ਉਨ੍ਹਾਂ ਨੂੰ ਆਉਣ ਵਾਲੇ ਬਦਲਾਂ ਅਤੇ ਰਸਤਿਆਂ ਬਾਰੇ ਵੀ ਦੱਸਣਗੇ।
ਕੋਚਿੰਗ ਸੈਂਟਰਾਂ ਵਿੱਚ ਦਾਖਲੇ ਦਾ ਮਤਲਬ ਮੈਡੀਕਲ, ਇੰਜੀਨੀਅਰਿੰਗ, ਕਾਨੂੰਨ, ਮੈਨੇਜਮੈਂਟ ਦੇ ਕਾਲਜਾਂ ਵਿੱਚ ਦਾਖਲੇ ਦੀ ਗਾਰੰਟੀ ਨਹੀਂ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਸ ਤੋਂ ਜਾਣੂ ਕਰਵਾਇਆ ਜਾਵੇ।
ਕੋਚਿੰਗ ਸੈਂਟਰ ਸਮੇਂ-ਸਮੇਂ ਸਿਰ ਮਨੋਵਿਗਿਆਨੀਆਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਬਾਰੇ ਵਰਕਸ਼ਾਪ ਅਤੇ ਲੈਕਚਰਾਂ ਦਾ ਪ੍ਰਬੰਧ ਕਰਨਗੇ।
ਕੋਚਿੰਗ ਸੈਂਟਰ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਪੜ੍ਹਾਉਣ ਵਿਧੀ, ਕੋਰਸ ਦੀ ਮਿਆਦ ਅਤੇ ਕੋਚਿੰਗ ਸੈਂਟਰ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਜਾਗਰੂਕ ਕਰਨਗੇ।
ਮਾਪੇ ਸੈਂਟਰ ਵਾਲਿਆਂ ਨਾਲ ਬੱਚਿਆਂ ਉੱਪਰ ਪਾਏ ਜਾਣ ਵਾਲੇ ਬੇਲੋੜੇ ਤਣਾਅ ਅਤੇ ਉਮੀਦਾਂ ਦੇ ਬੋਝ ਦੇ ਨਾਂਹਮੁਖੀ ਅਸਰਾਂ ਬਾਰੇ ਸੈਂਟਰ ਨਾਲ ਰਾਬਤਾ ਕਰ ਸਕਦੇ ਹਨ।
ਕੋਚਿੰਗ ਸੈਂਟਰ ਵੱਲੋਂ ਲਏ ਪਰਚਿਆਂ ਦੇ ਨਤੀਜੇ ਜਨਤਕ ਨਹੀਂ ਕੀਤੀ ਜਾ ਸਕਦੇ।
ਇਨ੍ਹਾਂ ਟੈਸਟਾਂ ਦੇ ਅੰਕਾਂ ਦੀ ਵਰਤੋਂ ਸਮੇਂ-ਸਮੇਂ ਉੱਤੇ ਵਿਦਿਆਰਥੀਆਂ ਦੀ ਤਿਆਰੀ ਅਤੇ ਕਾਰਗੁਜ਼ਾਰੀ ਦੇ ਮੁਲਾਂਕਣ ਲਈ ਹੀ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ ਮੰਦੇ ਵੱਲ ਜਾ ਰਹੀ ਹੋਵੇ ਉਨ੍ਹਾਂ ਦਾ ਹਦਾਇਤਾਂ ਮੁਤਾਬਕ ਮਾਰਗ-ਦਰਸ਼ਨ ਕੀਤਾ ਜਾਣਾ ਚਾਹੀਦਾ ਹੈ।
ਫੀਸ ਬਾਰੇ ਹਦਾਇਤਾਂ ਵਿੱਚ ਕੀ ਕਿਹਾ ਗਿਆ ਹੈ ?
ਵੱਖੋ-ਵੱਖ ਕੋਰਸਾਂ ਲਈ ਵਸੂਲੀ ਜਾਣ ਵਾਲੀ ਫੀਸ ਜਾਇਜ਼ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਲਈ ਗਈ ਫੀਸ ਦੀ ਬਣਦੀ ਰਸੀਦ ਵੀ ਦਿੱਤੀ ਜਾਣੀ ਚਾਹੀਦੀ ਹੈ।
ਜੇ ਕੋਈ ਵਿਦਿਆਰਥੀ ਅੱਧ-ਵਿਚਾਲੇ ਕੋਰਸ ਛੱਡ ਕੇ ਚਲਾ ਜਾਂਦਾ ਹੈ ਤਾਂ ਕੋਚਿੰਗ ਸੈਂਟਰ ਉਸਦੀ ਬਕਾਇਆ ਟਿਊਸ਼ਨ ਫੀਸ ਜੇ ਵਿਦਿਆਰਥੀ ਹੋਸਟਲ ਵਿੱਚ ਰਹਿ ਰਿਹਾ ਹੋਵੇ ਤਾਂ ਉਸਦੀ ਸਮੇਤ ਹੋਸਟਲ ਅਤੇ ਮੈੱਸ ਫੀਸ ਦਸ ਦਿਨਾਂ ਦੇ ਅੰਦਰ ਪ੍ਰੋ-ਰੋਟਾ ਅਧਾਰ ''''ਤੇ ਵਾਪਸ ਕਰੇਗਾ।
ਇੱਕ ਵਾਰ ਰਜਿਸਟਰੇਸ਼ਨ ਹੋ ਜਾਣ ਤੋਂ ਬਾਅਦ ਫੀਸ ਜਾਂ ਕੋਰਸਾਂ ਵਿੱਚ ਵਾਧਾ ਨਹੀਂ ਕੀਤਾ ਜਾ ਸਕੇਗਾ।
ਇਮਾਰਤ ਅਤੇ ਕੋਚਿੰਗ ਕਲਾਸਾਂ ਵਿੱਚ ਅੱਗ ਤੋਂ ਸੁਰੱਖਿਆ ਬਾਰੇ ਕੋਡ ਅਤੇ ਇਮਾਰਤੀ ਸੁਰੱਖਿਆ ਬਾਰੇ ਕੋਡ ਵਗੈਰਾ ਦੀ ਪਾਲਣਾ ਲਾਜ਼ਮੀ ਹੋਵੇਗੀ।
ਵਿਦਿਆਰਥੀਆਂ ਦੀ ਮਦਦ ਲਈ ਡਾਕਟਰੀ ਸਹੂਲਤਾਂ ਅਤੇ ਮੁੱਢਲੀ ਸਹਾਇਤਾ ਦੀ ਕਿੱਟ ਰੱਖਣਾ ਲਾਜ਼ਮੀ ਹੋਵੇਗਾ।
ਇਸ ਤੋਂ ਇਲਾਵਾ ਇਮਾਰਤ ਦਾ ਹਰੇਕ ਕਮਰਾ, ਹਵਾਦਾਰ, ਬਿਜਲੀ ਰੋਧੀ, ਹੋਣਾ ਚਾਹੀਦਾ ਹੈ। ਕਮਰਿਆਂ ਵਿੱਚ ਢੁਕਵੀਂ ਮਾਤਰਾ ਵਿੱਚ ਧੁੱਪ ਆਉਂਦੀ ਹੋਵੇ।
ਕੋਚਿੰਗ ਸੈਂਟਰ ਦੀਆਂ ਸਹੂਲਤਾਂ ਵਿੱਚ ਪੀਣ ਵਾਲਾ ਸਾਫ ਪਾਣੀ, ਸ਼ਿਕਾਇਤ ਪੇਟੀ, ਸੀਸੀਟੀਵੀ ਕੈਮਰੇ ਅਤੇ ਜਨਾਨਾ ਅਤੇ ਮਰਦਾਨਾ ਵੱਖੋ-ਵੱਖ ਪਖਾਨੇ ਵੀ ਹੋਣੇ ਚਾਹੀਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)