ਬੱਚਿਆਂ ਦਾ ਸਮੇਂ ਤੋਂ ਪਹਿਲਾਂ ਸਰੀਰਕ ਵਿਕਾਸ ਕਿਹੜੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ
Saturday, Jan 20, 2024 - 08:36 AM (IST)
ਸਮੇਂ ਵਿੱਚ ਬਦਲਾਅ ਦੇ ਨਾਲ-ਨਾਲ ਬੱਚਿਆਂ ਦਾ ਸਰੀਰਕ ਵਿਕਾਸ ਵੀ ਪਹਿਲਾਂ ਨਾਲੋਂ ਤੇਜ਼ੀ ਨਾਲ ਹੋ ਰਿਹਾ ਹੈ।
ਅੱਜਕੱਲ 10 ਸਾਲ ਦੇ ਬੱਚੇ ਕੋਲ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਜ਼ਰੂਰਤ ਤੋਂ ਜ਼ਿਆਦਾ ਜਾਣਕਾਰੀ ਹੁੰਦੀ ਹੈ, ਜੋ ਕਿ ਇੰਨੀ ਸਹੀ ਨਹੀਂ ਹੈ।
ਇਸ ਲੇਖ ਵਿੱਚ ''''ਪ੍ਰੀਕੋਸ਼ੀਅਸ ਪਿਊਬਰਟੀ'''' ਯਾਨਿ ਕਿ ਸਮੇਂ ਤੋਂ ਪਹਿਲਾਂ ਬੱਚਿਆਂ ਦਾ ਸਰੀਰਕ ਵਿਕਾਸ ਹੋਣ ਜਾਂ ਫਿਰ ਸਮੇਂ ਤੋਂ ਪਹਿਲਾਂ ਹਾਰਮੋਨਜ਼ ਵਿੱਚ ਬਦਲਾਅ ਹੋਣ ਬਾਰੇ ਚਰਚਾ ਕਰਾਂਗੇ।
ਇਸਤਰੀ ਰੋਗਾਂ ਦੇ ਮਾਹਰ ਡਾਕਟਰ ਸ਼ਿਵਾਨੀ ਗਰਗ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ।
ਸਮੇਂ ਤੋਂ ਪਹਿਲਾਂ ਸਰੀਰਕ ਵਿਕਾਸ ਦੇ ਕੀ ਸੰਕੇਤ
‘ਪ੍ਰੀਕੋਸ਼ੀਅਸ ਪਿਊਬਰਟੀ’ ਵਿਸ਼ੇਸ਼ ਕਰਕੇ ਕੁੜੀਆਂ ’ਚ ਬਹੁਤ ਹੀ ਆਮ ਹੁੰਦੀ ਜਾ ਰਹੀ ਹੈ।
ਇਸ ਬਾਰੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਉਮਰ ਤੋਂ ਪਹਿਲਾਂ ਪਿਊਬਰਟੀ ਵੱਲ ਵੱਧ ਰਹੇ ਹਨ?
ਮਾਹਵਾਰੀ ਦੇ ਸ਼ੁਰੂ ਹੋਣ ਦਾ ਸਹੀ ਸਮਾਂ ਉਹ 10 ਤੋਂ 13 ਸਾਲ ਦਾ ਹੁੰਦਾ ਹੈ ਅਤੇ ਇਹ ਹੀ ਉਚਿਤ ਸਮਾਂ ਹੁੰਦਾ ਹੈ।
ਪਰ ਜੇਕਰ ਮਾਹਵਾਰੀ 8 ਸਾਲ ਤੋਂ ਪਹਿਲਾਂ ਆ ਰਹੀ ਹੈ ਜਾਂ ਇਹ ਵੇਖਿਆ ਜਾ ਸਕਦਾ ਹੈ ਬੱਚੀ ਦੀ ਛਾਤੀ ਦਾ ਵਿਕਾਸ 6-7 ਸਾਲ ਦੀ ਉਮਰ ’ਚ ਹੋਣ ਲੱਗ ਪਿਆ ਹੈ।
ਛਾਤੀ ਦੇ ਵਿਕਾਸ ਤੋਂ ਬਾਅਦ ਆਉਣ ਵਾਲੇ 1-2 ਸਾਲਾਂ ’ਚ ਉਨ੍ਹਾਂ ਨੂੰ ਮਾਹਵਾਰੀ ਆ ਹੀ ਜਾਂਦੀ ਹੈ।
ਇੰਨ੍ਹਾਂ ਦੋਵੇਂ ਹੀ ਸਥਿਤੀਆਂ ਨੂੰ ‘ਪ੍ਰੀਕੋਸ਼ੀਅਸ ਪਿਊਬਰਟੀ’ ਕਿਹਾ ਜਾਂਦਾ ਹੈ।
ਟਾਈਮ ਤੋਂ ਪਹਿਲਾਂ ਪੀਰੀਅਡਜ਼ ਕਾਰਨ ਕਿਹੜੀਆਂ ਦਿੱਕਤਾਂ ਹੋ ਸਕਦੀਆਂ ਹਨ ?
ਜੇਕਰ ਸਮੇਂ ਤੋਂ ਪਹਿਲਾਂ ਕੁੜੀਆਂ ’ਚ ਮਾਹਵਾਰੀ ਆਉਂਦੀ ਹੈ ਤਾਂ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈੈ।
ਇਹ ਸਥਿਤੀ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਮਾਨਸਿਕ ਵਿਕਾਸ ਕਿਵੇਂ ਪ੍ਰਭਾਵਿਤ ਹੁੰਦਾ ਹੈ?
ਵਕਤ ਤੋਂ ਪਹਿਲਾਂ ਸਰੀਰਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਵੀ ਜ਼ਰੂਰ ਪ੍ਰਭਾਵਿਤ ਹੁੰਦਾ ਹੈ।
ਕਿਉਂਕਿ ਜਦੋਂ ਬੱਚਾ ਵੇਖਦਾ ਹੈ ਕਿ ਉਸ ਦੀਆਂ ਸਹੇਲੀਆਂ ਜਾਂ ਉਸ ਦੀਆਂ ਉਮਰ ਦੀਆਂ ਕੁੜੀਆਂ ਦੇ ਪੀਰੀਅਡਸ ਅਜੇ ਸ਼ੁਰੂ ਨਹੀਂ ਹੋਏ ਹਨ ਅਤੇ ਉਸ ਦੇ ਤਾਂ ਪਹਿਲਾਂ ਹੀ ਸ਼ੁਰੂ ਹੋ ਗਏ ਹਨ, ਅਜਿਹੀ ਸਥਿਤੀ ’ਚ ਬੱਚਾ ਤੁਲਨਾ ਕਰਦਾ ਹੈ।
ਇਸ ਕਰਕੇ ਉਹ ਤਣਾਅ ਦਾ ਵੀ ਸ਼ਿਕਾਰ ਹੋ ਸਕਦਾ ਹੈ।
ਹੋਰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ?
ਇਸ ਤੋਂ ਇਲਾਵਾ ਕਿਉਂਕਿ ਹਾਰਮੋਨਜ਼ ਵਿਕਸਿਤ ਹੋ ਚੁੱਕੇ ਹਨ ਅਤੇ ਬੱਚਾ ਸਮੇਂ ਤੋਂ ਪਹਿਲਾਂ ‘ਇੰਮਪਲਸਿਵ’ ਹੋ ਸਕਦਾ ਹੈ ਭਾਵ ਕਿ ਉਹ ਆਪਣੀਆਂ ਭਾਵਨਾਂਵਾਂ ਉੱਤੇ ਆਪਣਾ ਕੰਟ੍ਰੋਲ ਗੁਆ ਸਕਦਾ ਹੈ।
ਇਸ ਕਰਕੇ ਕਈ ਬੱਚੇ ਸਰੀਰਕ ਸਬੰਧ ਵੀ ਜਲਦੀ ਸ਼ੁਰੂ ਕਰ ਦਿੰਦੇ ਹਨ।
ਜਿਸ ਨਾਲ ਕਿ ਹੋਰ ਕਈ ਅਹਿਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਯੋਨੀ ’ਚ ਚਿੱਟਾ ਪਾਣੀ ਪੈਣ ਦੀ ਸਮੱਸਿਆ ਤੇ ਅਣਚਾਹਿਆ ਗਰਭਧਾਰਨ ਆਦਿ ਦਾ ਖ਼ਤਰਾ ਵੀ ਵੱਧ ਸਕਦਾ ਹੈ।
ਸਮੇਂ ਤੋਂ ਪਹਿਲਾਂ ਵਿਕਸਿਤ ਹੋਣ ਕਰਕੇ ਬੱਚਿਆਂ ਨੂੰ ਸਿਗਰਟਨੋਸ਼ੀ ਜਾਂ ਸ਼ਰਾਬ ਦੀ ਆਦਤ ਵੀ ਪੈ ਸਕਦੀ ਹੈ।
ਮੌਜੂਦਾ ਸਮੇਂ ‘ਪ੍ਰੀਕੋਸ਼ੀਅਸ ਪਿਊਬਰਟੀ’ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵਧਦੀ ਜਾ ਰਹੀ ਹੈ।
ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਵੀ ਝਾਤ ਮਾਰੀ ਹੋਵੇਗੀ ਤਾਂ ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਕੁੜੀਆਂ ’ਚ ਸਮੇਂ ਤੋਂ ਪਹਿਲਾਂ ਹੀ ਮਾਹਵਾਰੀ ਸ਼ੁਰੂ ਹੋ ਰਹੀ ਹੈ।
''''ਪ੍ਰੀਕੋਸ਼ੀਅਸ ਪਿਊਬਰਟੀ'''' ਦੇ ਕਾਰਨ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ ?
ਪ੍ਰੀਕੋਸ਼ੀਅਸ ਪਿਊਬਰਟੀ ਦਾ ਸਭ ਤੋਂ ਮਹੱਤਵਪੂਰਣ ਕਾਰਨ ਭਾਰ ਵੱਧਣਾ ਹੈ।
ਜਿਹੜੀਆਂ ਕੁੜੀਆਂ ਮੋਟਾਪੇ ਦਾ ਸ਼ਿਕਾਰ ਹਨ ਉਨ੍ਹਾਂ ’ਚ ਹਾਰਮੋਨਜ਼ ਛੇਤੀ ਵਿਕਸਿਤ ਹੁੰਦੇ ਹਨ। ਇਸ ਲਈ ਮੋਟਾਪਾ/ਓਬੇਸਟੀ ‘ਪ੍ਰੀਕੋਸ਼ੀਅਸ ਪਿਊਬਰਟੀ’ ਦਾ ਮੁੱਖ ਕਾਰਨ ਹੈ।
ਜੇਕਰ 6 ਤੋਂ 10 ਸਾਲ ਦੀ ਉਮਰ ਦੀ ਕੁੜੀ ਦਾ ਭਾਰ ਆਮ ਵਰਗਾ ਰਹੇ ਤਾਂ ‘ਪ੍ਰੀਕੋਸ਼ੀਅਸ ਪਿਊਬਰਟੀ’ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।
ਭਾਰ ਵਧਣ ਦੇ ਕਾਰਨ
ਆਖ਼ਰ ਬੱਚਿਆਂ ’ਚ ਮੋਟਾਪਾ ਕਿਉਂ ਵੱਧਦਾ ਜਾ ਰਿਹਾ ਹੈ ਤਾਂ ਇਸ ਦਾ ਜਵਾਬ ਹੈ - ਸਕ੍ਰੀਨ ਟਾਈਮ।
ਬੱਚੇ ਜ਼ਿਆਦਾ ਸਮਾਂ ਟੀਵੀ ਅੱਗੇ ਬੈਠੇ ਰਹਿੰਦੇ ਹਨ ਜਾਂ ਮੋਬਾਇਲ ਵੇਖਦੇ ਰਹਿੰਦੇ ਹਨ।
ਸਕ੍ਰੀਨ ਟਾਈਮ ਵੱਧਣ ਦੇ ਕਰਕੇ ਬੱਚਿਆਂ ਦੀ ਘਰ ਤੋਂ ਬਾਹਰ ਜਾ ਕੇ ਖੇਡਣ ਦੀ ਆਦਤ ਕਾਫੀ ਹੱਦ ਤੱਕ ਛੁੱਟ ਗਈ ਹੈ। ਅਜਿਹੀ ਸਥਿਤੀ ਉਨ੍ਹਾਂ ਦੀ ਸਥਿਤੀ ਪ੍ਰਭਾਵਿਤ ਹੋ ਰਹੀ ਹੈ।
ਇਸ ਤੋਂ ਇਲਾਵਾ ਜੰਕ ਭੋਜਨ ਖਾਣਾ, ਫਲ ਅਤੇ ਸਬਜ਼ੀਆਂ ਬਹੁਤ ਘੱਟ ਖਾਣੀਆਂ ਜਾਂ ਸਹੀ ਢੰਗ ਨਾਲ ਨਾ ਖਾਣਾ, ਮੈਦੇ ਵਾਲੀਆਂ ਚੀਜ਼ਾਂ ਜਾਂ ਪ੍ਰੋਸੈਸਡ ਫੂਡ ਜ਼ਿਆਦਾ ਖਾਣਾ, ਸ਼ੂਗਰ ਵੱਧ ਖਾਣੀ ਭਾਰ ਉੱਤੇ ਅਸਰ ਪਾਉਂਦੇ ਹਨ।
ਇਸ ਨਾਲ ਹਾਰਮੋਨਜ਼ ਵਿੱਚ ਗੜਬੜ ਵੀ ਹੁੰਦੀ ਹੈ।
ਬਚਾਅ ਲਈ ਕੀ ਕਰੋ?
ਬੱਚਿਆਂ ਨੂੰ ਖੇਡ ਜਾਂ ਹੋਰ ਸਰੀਰਕ ਗਤੀਵਿਧਿਆਂ ਵਿੱਚ ਸ਼ਾਮਲ ਕਰੋ।
ਟੀਵੀ ਜਾਂ ਮੋਬਾਈਲ ਅੱਗੇ ਜ਼ਿਆਦਾ ਸਮਾਂ ਨਾ ਬਿਤਾਉਣ ਦਿਓ, ਕਿਉਂਕਿ ਮੋਬਾਇਲ ਜਾਂ ਸਕ੍ਰੀਨ ਦੀ ਬਲੂ ਲਾਈਟ ਦਿਮਾਗ ਨੂੰ ਜ਼ਿਆਦਾ ਐਕਟਿਵ ਕਰ ਦਿੰਦੀ ਹੈ।
ਜਿਸ ਕਾਰਨ ਬੱਚੇ ਸਹੀ ਸਮੇਂ ’ਤੇ ਸੋ ਨਹੀਂ ਪਾਉਂਦੇ ਜਾਂ ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ ਹੈ
ਇਸ ਲਈ ਸਕ੍ਰੀਨ ਟਾਈਮ ਦਾ ਸਮਾਂ ਨਿਰਧਾਰਤ ਕਰੋ, ਘੱਟ ਤੋਂ ਘੱਟ ਸਕ੍ਰੀਨ ਵੇਖਣ ਦੀ ਇਜਾਜ਼ਤ ਦਿਓ।
ਹਰ ਦਿਨ 30 ਮਿੰਟ ਤੋਂ ਇੱਕ ਘੰਟੇ ਦਾ ਹੀ ਸਮਾਂ ਹੀ ਬੱਚਿਆ ਲਈ ਬਹੁਤ ਹੁੰਦਾ ਹੈ, ਕਿਉਂਕਿ ਜਿੰਨ੍ਹਾਂ ਸਮਾਂ ਸਕ੍ਰੀਨ ‘ਤੇ ਬਿਤਾਇਆ ਜਾਵੇਗਾ ਉਹ ਉਨ੍ਹਾਂ ਦੀਆਂ ਅੱਖਾਂ ਅਤੇ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਬੱਚਿਆਂ ਖ਼ਾਸ ਕਰਕੇ ਕੁੜੀਆਂ ਨੂੰ ‘ਪ੍ਰੀਕੋਸ਼ੀਅਸ ਪਿਊਬਰਟੀ’ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਬਚਾਇਆ ਜਾ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)