ਫਗਵਾੜਾ ਦੇ ਗੁਰਦੁਆਰਾ ਸਾਹਿਬ ਵਿੱਚ ਕਤਲ ਹੋਇਆ ਵਿਅਕਤੀ ਕੌਣ ਸੀ, ਪੁਲਿਸ ਦੀ ਜਾਂਚ ਕਿੱਥੇ ਪਹੁੰਚੀ
Friday, Jan 19, 2024 - 08:36 PM (IST)
ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ 15 ਜਨਵਰੀ ਦੀ ਰਾਤ ਨੂੰ ਹੋਏ ਕਤਲ ਦੀ ਵਾਰਦਾਤ ਬਾਰੇ ਪੁਲਿਸ ਦੀ ਜਾਂਚ ਹਾਲੇ ਜਾਰੀ ਹੈ।
ਮ੍ਰਿਤਕ ਵਿਅਕਤੀ ਦੀ ਪਛਾਣ ਵਿਸ਼ਾਲ ਕਪੂਰ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਲਈ ਭੇਜ ਦਿੱਤਾ ਸੀ।ਮੁਲਜ਼ਮ ਨਿਹੰਗ ਬਾਣੇ ਵਿੱਚ ਸੀ।
16 ਜਨਵਰੀ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ।
ਇਹ ਐਫਆਈਆਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਬਿਆਨਾਂ ਦੇ ਅਧਾਰ ਉੱਤੇ ਦਰਜ ਕੀਤੀ ਗਈ ਸੀ।
ਗ੍ਰੰਥੀ ਗੁਰਜੰਟ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਇੱਕ ਨੌਜਵਾਨ 15 ਜਨਵਰੀ ਦੀ ਰਾਤ ਗੁਰਦੁਆਰਾ ਸਾਹਿਬ ਦੀ ਟਾਇਲਟ ਵਿੱਚ ਵੜ ਗਿਆ ਤੇ ਕਈ ਤਰ੍ਹਾਂ ਦੇ ਦਾਅਵੇ ਕਰਨ ਲੱਗਾ।
ਉਨ੍ਹਾਂ ਅੱਗੇ ਇਲਜ਼ਾਮ ਲਗਾਇਆ ਸੀ ਕਿ ਇਹ ਵਿਅਕਤੀ ਬੇਅਦਬੀ ਕਰਨ ਦੇ ਇਰਾਦੇ ਨਾਲ ਆਇਆ ਸੀ।
ਗ੍ਰੰਥੀ ਮੁਤਾਬਕ ਪਿੱਛੇ ਗੁਰਦੁਆਰੇ ਵਿੱਚ ਠਹਿਰੇ ਇੱਕ ਨਿਹੰਗ ਨੇ ਫੜ੍ਹੇ ਗਏ ਸ਼ੱਕੀ ਵਿਅਕਤੀ ਦਾ ਕਤਲ ਕਰ ਦਿੱਤਾ।
ਕਤਲ ਹੋਇਆ ਵਿਅਕਤੀ ਕੌਣ ਸੀ
ਕਪੂਰਥਲਾ ਦੀ ਐਸਐਸਪੀ ਵਤਸਲਾ ਗੁਪਤਾ ਵੱਲੋਂ ਬੀਬੀਸੀ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਟੀਮ ਨੇ ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਕਰ ਲਈ ਹੈ।
ਪੁਲਿਸ ਨੇ ਦੱਸਿਆ ਕਿ ਵਿਸ਼ਾਲ ਕਪੂਰ ਦਾ ਜਨਮ ਪਸ਼ਚਿਮਪੁਰੀ, ਦਿੱਲੀ ਵਿੱਚ ਹੋਇਆ ਸੀ।
ਵਤਸਲਾ ਗੁਪਤਾ ਨੇ ਅੱਗੇ ਦੱਸਿਆ, “ਵਿਸ਼ਾਲ ਕਪੂਰ ਦੇ ਪਿਤਾ ਦਾ ਨਾਂ ਦਵਿੰਦਰ ਕਪੂਰ ਸੀ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ।"
ਪੁਲਿਸ ਨੇ ਦੱਸਿਆ ਕਿ ਵਿਸ਼ਾਲ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਫਗਵਾੜਾ ਵਿਖੇ 8-10 ਸਾਲ ਰਿਹਾ। ਫਿਰ, ਉਹ ਆਪਣੀ ਦਾਦੀ ਨਾਲ ਦਿੱਲੀ ਚਲਾ ਗਿਆ ਅਤੇ ਇੱਥੇ ਕੁਝ ਸਮਾਂ ਰਿਹਾ।
ਪੁਲਿਸ ਨੇ ਅੱਗੇ ਦੱਸਿਆ, “ਆਪਣੀ ਦਾਦੀ ਦੀ ਮੌਤ ਤੋਂ ਬਾਅਦ ਵਿਸ਼ਾਲ ਦਿੱਲੀ ਦੀਆਂ ਗਲੀਆਂ ਵਿੱਚ ਇੱਕ ਬੇਸਹਾਰਾ ਬਣ ਕੇ ਰਹਿਣ ਲੱਗ ਪਿਆ ਜਿੱਥੇ ਉਸਨੂੰ ਦਿੱਲੀ ਵਿੱਚ ਹੀ ਇੱਕ ਗੈਰ ਸਰਕਾਰੀ ਸੰਸਥਾ ਨੇ ਬਚਾਇਆ ਸੀ।"
ਪੁਲਿਸ ਮੁਤਾਬਕ ਵਿਸ਼ਾਲ ਇੱਥੋਂ ਚਲਾ ਗਿਆ ਅਤੇ ਇਸ ਮਗਰੋਂ ਉਹ ਕਿੱਥੇ ਰਿਹਾ ਇਸ ਬਾਰੇ ਜਾਣਕਾਰੀ ਨਹੀਂ ਹੈ।
ਕਿਹੜੀਆਂ ਧਾਰਾਵਾਂ ਹੇਠ ਮਾਮਲਾ ਦਰਜ ਹੋਇਆ
ਪੁਲਿਸ ਵੱਲੋਂ ਮੁਲਜ਼ਮ ਉੱਤੇ ਹੇਠ ਲਿਖੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਭਾਰਤੀ ਦੰਡ ਸੰਹਿਤਾ ਦੀ ਧਾਰਾ 304: ਇਹ ਉਸ ਵੇਲੇ ਦਰਜ ਕੀਤੀ ਜਾਂਦੀ ਹੈ ਜਦੋਂ ਗੈਰ-ਇਰਾਦਤਨ ਕਤਲ ਦਾ ਮਾਮਲਾ ਹੋਵੇ, ਜੇਕਰ ਕਤਲ ਦੀ ਧਾਰਾ ਜੋੜੀ ਜਾਂਦੀ ਹੈ, ਤਾਂ ਇਹ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕੀਤੀ ਜਾਵੇਗੀ।
ਧਾਰਾ 295ਏ: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ।
ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਗੁਰਿੰਦਰ ਸਿੰਘ ਢਿੱਲੋਂ (ਕਾਨੂੰਨ ਵਿਵਸਥਾ) ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਮੁਲਜ਼ਮ ਉੱਤੇ ਕਤਲ ਦੀ ਧਾਰਾ ਲਗਾਈ ਜਾਵੇਗੀ ਜਾਂ ਨਹੀਂ ਇਹ ਜਾਂਚ ਤੋਂ ਬਾਅਦ ਦੱਸਿਆ ਜਾਵੇਗਾ।
ਘੱਟ ਗਿਣਤੀ ਕਮਿਸ਼ਨ ਨੇ ਰਿਪੋਰਟ ਮੰਗੀ
ਇਸ ਮਾਮਲੇ ਬਾਰੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਤੋਂ 7 ਦਿਨਾਂ ਵਿੱਚ ਰਿਪੋਰਟ ਮੰਗੀ ਹੈ।
ਇਕਬਾਲ ਸਿੰਘ ਲਾਲਪੁਰਾ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ, “ਕੌਮੀ ਘੱਟ ਗਿਣਤੀ ਕਮਿਸ਼ਨ ਦੇ ਧਿਆਨ ਵਿਚ ਆਇਆ ਹੈ ਕਿ ਗੁਰਦੁਆਰਾ ਛੇਵੀਂ ਪਾਤਸ਼ਾਹੀ, ਚੌੜਾ ਖੂਹ, ਫਗਵਾੜਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦਾ ਰਮਨਦੀਪ ਸਿੰਘ ਉਰਫ ਮੰਗੂ ਮੱਠ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਕਤਲ ਕਰ ਦਿੱਤਾ ਗਿਆ।"
ਉਨ੍ਹਾਂ ਨੇ ਅੱਗੇ ਲਿਖਿਆ, “ਇਹ ਪਤਾ ਲੱਗਾ ਹੈ ਕਿ ਇਸ ਵਿਅਕਤੀ ਨੂੰ ਪਹਿਲਾਂ ਗੁਰਦੁਆਰੇ ਦੇ ਸੇਵਾਦਾਰ ਨੇ ਘੇਰ ਲਿਆ ਸੀ ਅਤੇ ਤਿੰਨ ਘੰਟੇ ਤੱਕ ਉਨ੍ਹਾਂ ਦੀ ਹਿਰਾਸਤ ਵਿੱਚ ਸੀ।"
"ਪੁਲਿਸ ਨੂੰ ਸੂਚਨਾ ਦਿੱਤੀ ਗਈ। ਹਾਲਾਂਕਿ ਉਨ੍ਹਾਂ ਨੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ। ਤਿੰਨ ਘੰਟਿਆਂ ਬਾਅਦ, ਦੋਸ਼ੀ ਨੂੰ ਗੁਰਦੁਆਰੇ ਦੇ ਅੰਦਰ ਮਾਰ ਦਿੱਤਾ ਗਿਆ ਜੋ ਕਿ ਪਵਿੱਤਰ ਸਥਾਨ ਦੀ ਇੱਕ ਹੋਰ ਬੇਅਦਬੀ ਹੋ ਸਕਦੀ ਹੈ।"
"ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਤੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਕਸਦ ਜਾਂ ਅਜਿਹੀ ਕਿਸੇ ਸਾਜ਼ਿਸ਼ ਬਾਰੇ ਜਾਣਕਾਰੀ ਮਿਲੀ ਹੋ ਸਕਦੀ ਹੈ।”
ਇਸ ਸਬੰਧੀ ਕਮਿਸ਼ਨ ਵੱਲੋਂ 25 ਜਨਵਰੀ ਤੱਕ ਵਿਸਥਾਰਤ ਰਿਪੋਰਟ ਮੰਗੀ ਗਈ ਹੈ।
ਜਾਂਚ ਟੀਮ ਅੱਗੇ ਕੀ ਸਵਾਲ
ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਰਿਮਾਂਡ ਉੱਤੇ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਇਹ ਸਪਸ਼ਟ ਹੋਵੇਗਾ ਕਿ ਕਤਲ ਦੀ ਧਾਰਾ ਲੱਗੇਗੀ ਜਾਂ ਨਹੀਂ।
ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਪੁਲਿਸ ਟੀਮ ਦੀ ਅਗਵਾਈ ਫਗਵਾੜਾ ਦੇ ਪੁਲਿਸ ਕਪਤਾਨ ਗੁਰਪ੍ਰੀਤ ਵੱਲੋਂ ਕੀਤੀ ਜਾ ਰਹੀ ਹੈ।
ਜਾਂਚ ਦੀ ਨਿਗਰਾਨੀ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਜਲੰਧਰ ਰੇਂਜ) ਐਸ ਭੂਪਤੀ ਅਤੇ ਕਪੂਰਥਲਾ ਦੀ ਸੀਨੀਅਰ ਪੁਲਿਸ ਕਪਤਾਨ ਵਤਸਲਾ ਗੁਪਤਾ ਵੱਲੋਂ ਕੀਤੀ ਜਾ ਰਹੀ ਹੈ।
ਇਸ ਜਾਂਚ ਟੀਮ ਵੱਲੋਂ ਕਈ ਪੱਖਾਂ ਉੱਤੇ ਪੜਤਾਲ ਕੀਤੀ ਜਾਵੇਗੀ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਇਹ ਘਟਨਾ ਕਿਸੇ ਸਾਜ਼ਿਸ਼ ਦਾ ਹਿੱਸਾ ਹੈ।
ਇਹ ਵੀ ਜਾਂਚ ਦੇ ਦਾਇਰੇ ਵਿੱਚ ਹੈ ਕਿ ਮ੍ਰਿਤਕ ਵਿਅਕਤੀ ਨੂੰ ਕਿਸੇ ਨੇ ਇਤਰਾਜ਼ਯੋਗ ਕਾਰਵਾਈ ਲਈ ਰਿਸ਼ਵਤ ਦਿੱਤੀ ਸੀ ਜਾਂ ਨਹੀਂ।
ਇਹ ਕੋਈ ਸਾਜ਼ਿਸ਼ ਸੀ ਅਤੇ ਕੀ ਉਸ ਵਿਅਕਤੀ ਨੂੰ ਕਿਸੇ ਨੇ ਇਤਰਾਜ਼ਯੋਗ ਕੰਮ ਕਰਨ ਲਈ ਰਿਸ਼ਵਤ ਦਿੱਤੀ ਸੀ ਜਾਂ ਨਹੀਂ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)