ਗੁਰੂ ਗੋਬਿੰਦ ਸਿੰਘ: ਮੁਗਲਾਂ ਖ਼ਿਲਾਫ਼ ਆਖ਼ਰੀ ਜੰਗ ਲਈ ਖਿਦਰਾਣੇ ਦੀ ਢਾਬ ਦੀ ਚੋਣ ਕਿਉਂ ਕੀਤੀ ਗਈ ਸੀ
Wednesday, Jan 17, 2024 - 11:06 AM (IST)
‘ਖਿਦਰਾਣੇ ਦੀ ਢਾਬ’ ਮੌਜੂਦਾ ਮੁਕਤਸਰ ਸਾਹਿਬ, ਪੰਜਾਬ ਦਾ ਉਹ ਇਲਾਕਾ ਹੈ, ਜਿੱਥੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦੇ ਸੰਘਰਸ਼ ਦੀ ਆਖ਼ਰੀ ਲੜਾਈ ਲੜੀ ਸੀ।
ਹਰ ਸਾਲ ਜਨਵਰੀ ਵਿੱਚ ਇੱਥੇ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਗੁਰੂ ਦੇ ‘‘ਮੁਰੀਦਾਂ ਤੇ ਸ਼ਹੀਦਾਂ’’ ਨੂੰ ਯਾਦ ਕੀਤਾ ਜਾਂਦਾ ਹੈ।
ਸਿੱਖ ਇਤਿਹਾਸ ਦੇ ਹਵਾਲਿਆਂ ਮੁਤਾਬਕ ਇਸੇ ਜੰਗ ਵਿੱਚ ਗੁਰੂ ਸਾਹਿਬ ਨੂੰ ਲਿਖਤੀ ਬੇਦਾਵਾ ਦੇ ਕੇ ਗਏ 40 ਸਿੱਖਾਂ ਨੇ ਮਾਈ ਭਾਗੋ ਦੀ ਅਗਵਾਈ ਵਿੱਚ ਲੜਾਈ ਲੜੀ ਅਤੇ ਆਪਣੀਆਂ ਜਾਨਾਂ ਵਾਰ ਕੇ ‘40 ਮੁਕਤਿਆਂ’’ ਦੀ ਪਦਵੀ ਹਾਸਲ ਕੀਤੀ ਸੀ।
ਇਨ੍ਹਾਂ ਦੀ ਯਾਦ ਵਿੱਚ ਇਨ੍ਹਾਂ ‘ਮੁਕਤਿਆਂ’ ਕਾਰਨ ਹੀ ਮੁਕਤਸਰ ਸਾਹਿਬ ਵਿੱਚ ਹਰ ਸਾਲ ਮਾਘ ਮਹੀਨੇ ਦੀ ਸੰਗਰਾਦ ਮੌਕੇ ਮੇਲਾ ਲੱਗਦਾ ਹੈ।
17 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਵੀ ਹੈ, ਇਸ ਮੌਕੇ ਅਸੀਂ ਗੁਰੂ ਸਾਹਿਬ ਦੇ ਜੀਵਨ ਦੀ ਆਖਰੀ ਲੜਾਈ ਬਣੀ ‘ਖਿਦਰਾਣੇ ਦੀ ਢਾਬ ਦੀ ਲੜਾਈ’ ਦਾ ਜ਼ਿਕਰ ਕਰ ਰਹੇ ਹਾਂ।
ਖਾਲਸਾ ਸਾਜਨਾ ਤੇ ਜੰਗਾਂ ਦਾ ਸਿਲਸਿਲਾ
ਗੁਰੂ ਗੋਬਿੰਦ ਸਿੰਘ ਨੇ ਜਿਉਂ ਹੀ 30 ਮਾਰਚ, 1699 ਈ. (ਪਹਿਲੀ ਬਿਸਾਖ ਸੰਮਤ 1756 ਬਿ.) ਨੂੰ ਖਾਲਸੇ ਦੀ ਸਾਜਨਾ ਕੀਤੀ, ਇਸ ਤੋਂ ਪਿੱਛੋਂ ਤਕਰੀਬਨ ਡੇਢ ਕੁ ਸਾਲ ਦਾ ਸਮਾਂ ਹੀ ਬੀਤਿਆ ਸੀ।
ਸੰਨ 1700 ਈ. ਸਾਲ ਦੇ ਅੱਠਵੇਂ ਮਹੀਨੇ ਅਗਸਤ ਵਿਚ ਮੁਗ਼ਲ ਸਾਮਰਾਜ ਵੱਲੋਂ ਆਨੰਦਪੁਰ ਸਾਹਿਬ ਉੱਪਰ ਹਮਲਾ ਕਰ ਦਿੱਤਾ ਗਿਆ।
ਇਹ ਹਮਲਾ ਅਜਿਹਾ ਹੋਇਆ ਕਿ ਇਸ ਤੋਂ ਬਾਅਦ ਹਮਲਿਆਂ ਦੀ ਝੜੀ ਹੀ ਲੱਗ ਗਈ ਸੀ।
ਇਤਿਹਾਸਕ ਵੇਰਵੇ ਦੱਸਦੇ ਹਨ ਕਿ ਪਹਿਲਾਂ-ਪਹਿਲਾਂ ਇਹ ਹਮਲੇ ਪਹਾੜੀ ਰਾਜਿਆਂ ਵੱਲੋਂ ਕੀਤੇ ਗਏ ਸਨ ਪਰ ਖਾਲਸਾ ਉਨ੍ਹਾਂ ਦੇ ਹਰ ਹਮਲੇ ਨੂੰ ਪਛਾੜ ਦਿੰਦਾ ਰਿਹਾ।
ਪਛਾੜੇ ਜਾਣ ਕਰਕੇ ਮੁਗ਼ਲ ਫੌਜਾਂ ਵੀ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਹੁੰਦੀਆਂ ਰਹੀਆਂ ਸਨ।
ਜਦੋਂ ਫੇਰ ਵੀ ਖਾਲਸੇ ਨੂੰ ਆਨੰਦਪੁਰ ਸਾਹਿਬ ਵਿੱਚੋਂ ਖਦੇੜਿਆ ਨਾ ਜਾ ਸਕਿਆ ਸੀ ਤਾਂ ਸਰਹਿੰਦ ਅਤੇ ਲਾਹੌਰ ਦੇ ਸੂਬਿਆਂ ਦੀਆਂ ਫੌਜਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲੱਗ ਪਈਆਂ ਸਨ।
ਇਸ ਤਰ੍ਹਾਂ ਜਦੋਂ ਮੁਗ਼ਲ ਅਤੇ ਪਹਾੜੀ ਫੌਜਾਂ ਦਾ ਜ਼ੋਰ ਵਧਣ ਲੱਗ ਪਿਆ ਸੀ ਤਾਂ ਖਾਲਸੇ ਨੂੰ ਹੋਰ ਲੰਮੇਰੇ ਸਮੇਂ ਲਈ ਮੁਕਾਬਲਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ।
ਫਲਸਰੂਪ 1705 ਈ. ਦੇ ਅਖੀਰ ਵਿੱਚ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਨੂੰ ਖਾਲੀ ਕਰਨਾ ਪੈ ਗਿਆ ਸੀ।
ਇਹ ਜੰਗ 1700 ਈ. ਦੇ ਤਕਰੀਬਨ ਅੱਧ ਤੋਂ ਲੈ ਕੇ 1705 ਈ. ਦੇ ਅੰਤ ਤੱਕ ਲਗਾਤਾਰ ਸਾਢੇ ਪੰਜ ਸਾਲਾਂ ਤੱਕ ਚੱਲਦੀ ਰਹੀ ਸੀ।
ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਪੁਰ ਛੱਡਣਾ
ਗੁਰੂ ਗੋਬਿੰਦ ਸਿੰਘ ਵਲੋਂ ਮੁਗਲ ਹਾਕਮ ਔਰੰਗਜ਼ੇਬ ਨੂੰ ਲਿਖੇ ਪੱਤਰ ‘ਜ਼ਫ਼ਰਨਾਮੇ’ ਵਿੱਚ ਅਨੰਦਪੁਰ ਸਾਹਿਬ ਦੇ ਜੰਗੀ ਹਾਲਾਤ ਦਾ ਵਿਸਥਾਰਤ ਵੇਰਵਾ ਮਿਲਦਾ ਹੈ।
ਜ਼ਫ਼ਰਨਾਮੇ ਮੁਤਾਬਕ ਆਨੰਦਪੁਰ ਸਾਹਿਬ ਨੂੰ ਖਾਲੀ ਕਰਨ ਲਈ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਵੱਲੋਂ ਗੁਰੂ ਗੋਬਿੰਦ ਸਿੰਘ ਨਾਲ ਕੁਝ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ਤਹਿਤ ਆਨੰਦਪੁਰ ਸਾਹਿਬ ਨੂੰ ਛੱਡਿਆ ਗਿਆ ਸੀ।
ਪਰ ਜਿਉਂ ਹੀ 1705 ਦੇ ਅੰਤ ਵਿੱਚ ਉਨ੍ਹਾਂ ਆਨੰਦਪੁਰ ਸਾਹਿਬ ਛੱਡਿਆ ਸੀ ਤਾਂ ਤੁਰੰਤ ਹੀ ਮੁਗ਼ਲ ਫੌਜਾਂ ਵੱਲੋਂ ਬਾਦਸ਼ਾਹ ਦੇ ਕੀਤੇ ਗਏ ਕੌਲ-ਇਕਰਾਰਾਂ ਨੂੰ ਭੁਲਾ ਕੇ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਸਿੰਘਾਂ ਉੱਪਰ ਹਮਲਾ ਕਰ ਦਿੱਤਾ ਗਿਆ ਸੀ।
ਸਿੱਟੇ ਵਜੋਂ ਆਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਤੱਕ ਪਹੁੰਚਦਿਆਂ ਦਸਵੇਂ ਗੁਰੂ ਦੇ ਜਥੇ ਦੇ ਵੱਡੀ ਗਿਣਤੀ ਸਿੰਘ ਲੜਦੇ ਹੋਏ ‘‘ਜਾਨਾਂ ਵਾਰ’’ ਗਏ ਸਨ।
ਗੁਰੂ ਗੋਬਿੰਦ ਸਿੰਘ ਸਿਰਫ਼ 40 ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਵਿੱਚ ਪਹੁੰਚੇ ਸਨ। ਇਹ ਸਾਰੀ ਕਾਰਵਾਈ ਇੱਕੋ ਦਿਨ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਹੀ ਸੀ। ਇਸੇ ਦਿਨ ਦੀ ਸ਼ਾਮ ਨੂੰ ਚਮਕੌਰ ਦੀ ਗੜ੍ਹੀ ਨੂੰ ਘੇਰ ਲਿਆ ਗਿਆ ਸੀ।
ਤਕਰੀਬਨ ਅੱਧੀ ਰਾਤ ਤੱਕ ਗੁਰੂ ਦੇ ਸਿੰਘਾਂ ਨੇ ਮੁਗ਼ਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਅੱਧੀ ਰਾਤ ਦੇ ਸਮੇਂ ਗੁਰੂ ਆਪਣੇ ਸਿੰਘਾਂ ਨਾਲ ਮਰੋ ਅਤੇ ਮਾਰੋ ਦੇ ਇਰਾਦੇ ਨਾਲ, ਧੁੱਸ ਦੇ ਕੇ ਗੜ੍ਹੀ ਵਿਚੋਂ ਨਿਕਲੇ ਅਤੇ ਲੜਦੇ-ਲੜਾਉਂਦੇ ਵੈਰੀ ਦਲਾਂ ਨੂੰ ਚੀਰਦੇ ਹੋਏ ਘੇਰੇ ਵਿੱਚੋਂ ਨਿਕਲ ਗਏ ਸਨ।
ਇਤਿਹਾਸਕ ਵੇਰਵੇ ਦੱਸਦੇ ਹਨ ਕਿ ਇਸ ਤਰ੍ਹਾਂ ਲੜਦਿਆਂ ਅਤੇ ਨਿਕਲਦਿਆਂ ਦੋ ਵੱਡੇ ਸਾਹਿਬਜ਼ਾਦੇ, ਅਜੀਤ ਸਿੰਘ ਅਤੇ ਜੁਝਾਰ ਸਿੰਘ , ਤਿੰਨ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਅਤੇ ਗੁਰੂ ਦੇ 37 ਸਿੰਘ ਜਾਨਾਂ ਵਾਰ ਗਏ।
ਗੁਰੂ ਗੋਬਿੰਦ ਸਿੰਘ ਨਾਲ ਬਚ ਕੇ ਨਿਕਲ ਜਾਣ ਵਾਲੇ ਸਿਰਫ਼ ਤਿੰਨ ਸਿੰਘ ਸਨ, ਜਿਨ੍ਹਾਂ ਵਿੱਚ ਭਾਈ ਦਯਾ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਹੀ ਸਨ।
ਦੋ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਸਮੇਤ ਪਹਿਲਾੰ ਹੀ ਸਰਸਾ ਨਦੀ ਨੂੰ ਪਾਰ ਕਰਨ ਸਮੇਂ ਵਿਛੱੜ ਚੁੱਕੇ ਸਨ।
ਔਰੰਗਜ਼ੇਬ ਨੂੰ ਪੱਤਰ ਤੇ ਲੜਾਈ ਦੀ ਤਿਆਰੀ
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਸਿੰਘਾਂ ਦਾ ਅਥਾਹ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਸੀ।
ਇਸ ਸਮੇਂ ਤਕ ਗੁਰੂ ਗੋਬਿੰਦ ਸਿੰਘ ਸਿਰਫ਼ ਸਵੈ-ਰੱਖਿਆ ਵਜੋਂ ਹੀ ਲੜਦੇ ਆ ਰਹੇ ਸਨ।
ਸਵੈ-ਰੱਖਿਆ ਲਈ ਲੜਨ ਅਤੇ ਔਰੰਗਜ਼ੇਬ ਦੇ ਵਾਅਦਿਆਂ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੀ।
ਕਈ ਇਤਿਹਾਸਕ ਵੇਰਵਿਆਂ ਵਿੱਚ ਇਹ ਜ਼ਿਕਰ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਨੇ ਹਮਲਾਵਰ ਰੂਪ ਵਿੱਚ ਹੋ ਕੇ ਜੰਗ ਲੜਨ ਲਈ ਸੋਚਿਆ ਤਾਂ ਕਿ ਬਾਦਸ਼ਾਹ ਨੂੰ ਪਤਾ ਲੱਗ ਜਾਵੇ ਕਿ ਸਵੈ-ਰੱਖਿਆ ਦੇ ਵਿਚਾਰ ਨਾਲ ਲੜੀ ਗਈ ਲੜਾਈ ਅਤੇ ਹਮਾਲਵਰ ਹੋ ਕੇ ਲੜੀ ਗਈ ਲੜਾਈ ਵਿੱਚ ਕੀ ਫ਼ਰਕ ਹੁੰਦਾ ਹੈ।
ਇਹੀ ਦੱਸਣ ਲਈ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਇੱਕ ਪੱਤਰ ਵੀ ਲਿਖਿਆ ਸੀ।
ਇਸ ਪੱਤਰ ਵਿਚ ਦੱਸਿਆ ਗਿਆ ਸੀ ਕਿ ਹੁਣ ਤੱਕ ਉਹ (ਗੁਰੂ ਗੋਬਿੰਦ ਸਿੰਘ) ਬਾਦਸ਼ਾਹ ਦੇ ਵਾਅਦਿਆਂ ਉੱਪਰ ਵਿਸ਼ਵਾਸ ਕਰਕੇ ਹੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਆਏ ਸਨ ਅਤੇ ਸਵੈ-ਰੱਖਿਆ ਦੇ ਵਿਚਾਰ ਅਨੁਸਾਰ ਹੀ ਵਿਚਰਦੇ ਆਏ ਸਨ, ਫਿਰ ਵੀ ਉਨ੍ਹਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਹੈ।
ਹੁਣ ਇੱਕ ਲੜਾਈ ਉਹ ਪੂਰਾ ਹਮਲਾਵਰ ਹੋ ਕੇ ਲੜਨਗੇ।
ਉਨ੍ਹਾਂ ਦੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤਕ ਮੁਗ਼ਲ ਫੌਜਾਂ ਨੂੰ ਪੰਜਾਬ ਵਿੱਚੋਂ ਖਦੇੜ ਨਹੀਂ ਦਿੱਤਾ ਜਾਵੇਗਾ। ਇਹ ਲੜਾਈ ਚਮਕੌਰ ਦੀ ਲੜਾਈ ਤੋਂ 20-21 ਦਿਨਾਂ ਬਾਅਦ ਹੀ ਖਿਦਰਾਣੇ ਦੀ ਢਾਬ ''''ਤੇ ਲੜੀ ਗਈ ਸੀ।
ਮਾਲਵੇ ਵਿੱਚ ਲਾਮਬੰਦੀ
ਇਸ ਲੜਾਈ ਦੀ ਜਾਣਕਾਰੀ ਸਾਨੂੰ ਜ਼ਫ਼ਰਨਾਮੇ ਵਿਚੋਂ, ਸਮਕਾਲੀ ਲਿਖਤ ਸ੍ਰੀ ਗੁਰ ਸੋਭਾ ਵਿਚੋਂ, ਮਾਲਵਾ ਦੇਸ ਰਟਨ ਦੀ ਸਾਖੀ ਪੋਥੀ ਵਿਚੋਂ ਅਤੇ ਅੰਗਰੇਜ਼ ਲੇਖਕ ਮੈਕ ਗਰੈਗਰ ਦੀ ਲਿਖਤ ਵਿਚੋਂ ਮਿਲਦੀ ਹੈ।
ਇਨ੍ਹਾਂ ਸਰੋਤਾਂ ਵਿੱਚ ਉਪਲੱਬਧ ਜਾਣਕਾਰੀ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਮਾਲਵੇ ਦੇ ਪਿੰਡਾਂ ਵਿਚੋਂ ਨਵੇਂ ਸਿੰਘਾਂ ਦੀ ਭਰਤੀ ਕਰਦੇ ਹੋਏ ਅਤੇ ਮਾਲਵੇ ਦੇ ਜੱਟ-ਜਿਮੀਂਦਾਰਾਂ ਦੀਆਂ ਫੌਜਾਂ ਇਕੱਠੀਆਂ ਕਰਦੇ ਹੋਏ ਇਕ ਅਜਿਹੀ ਥਾਂ ਦੀ ਭਾਲ ਵਿਚ ਜਾ ਰਹੇ ਸਨ, ਜਿਹੜੀ ਲੜਾਈ ਦੇ ਪੱਖੋਂ ਬਹੁਤ ਸਹਾਇਕ ਹੋਵੇ।
ਯਾਦ ਰਹੇ ਕਿ ਸਾਰੇ ਮਾਲਵੇ ਖੇਤਰ ਵਿੱਚ ਜੱਟ-ਜ਼ਿਮੀਂਦਾਰਾਂ ਦਾ ਹੀ ਰਾਜ ਸੀ। ਜੱਟ ਜ਼ਿਮੀਂਦਾਰਾਂ ਵਿੱਚੋਂ ਸਭ ਤੋਂ ਤਕੜੇ ਬੈਰਾੜ ਜੱਟ ਸਨ। ਇਨ੍ਹਾਂ ਦਾ ਰਾਜ ਮਾਲਵੇ ਦੇ ਬਹੁਤ ਵੱਡੇ ਹਿੱਸੇ ਉੱਪਰ ਸੀ।
ਨਤੀਜੇ ਵਜੋਂ ਗੁਰੂ ਗੋਬਿੰਦ ਸਿੰਘ ਨੇ ਖਿਦਰਾਣੇ ਦੀ ਢਾਬ ਤੱਕ ਪਹੁੰਚਦਿਆਂ ਹੋਇਆ, ਬਹੁਤ ਵੱਡੀ ਫੌਜ ਖੜ੍ਹੀ ਕਰ ਲਈ ਸੀ।
ਜੰਗ ਲਈ ਖਿਦਰਾਣੇ ਦੀ ਢਾਬ ਦੀ ਚੋਣ ਕਿਉਂ
ਇਸੇ ਦੌਰਾਨ ਇਹ ਵੀ ਜਾਣਕਾਰੀ ਮਿਲ ਗਈ ਸੀ ਕਿ ਲੜਾਈ ਲਈ ਸਭ ਤੋਂ ਵਧੀਆ ਥਾਂ ਖਿਦਰਾਣੇ ਦੀ ਢਾਬ ਹੈ। ਇਸ ਦੇ ਦੋ ਵੱਡੇ ਫਾਇਦੇ ਸਨ।
ਇੱਕ ਤਾਂ 30-40 ਕੋਹਾਂ ਦੇ ਖੇਤਰ ਵਿੱਚ ਇਹੀ ਇੱਕੋ ਢਾਬ ਸੀ, ਜਿਥੇ ਪਾਣੀ ਪਰਾਪਤ ਹੋ ਸਕਦਾ ਸੀ। ਗੁਰੂ ਗੋਬਿੰਦ ਸਿੰਘ ਨੇ ਇਸ ਢਾਬ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ।
ਦੂਜਾ ਵੱਡਾ ਫਾਇਦਾ ਇਸ ਥਾਂ ਦਾ ਇਹ ਸੀ ਕਿ ਇਹ ਥਾਂ ਸਰਹਿੰਦ ਦੇ ਵਜ਼ੀਰ ਖਾਂ ਦੀ ਸੂਬੇਦਾਰੀ ਤੋਂ ਬਾਹਰ ਸੀ।
ਮਲਵਈ ਜੱਟਾਂ ਨੂੰ ਇਸ ਸਾਰੀ ਥਾਂ ਦਾ ਭੇਤ ਸੀ ਅਤੇ ਮਾਲਵੇ ਦੇ ਸਭ ਜੱਟ-ਜ਼ਿਮੀਂਦਾਰ ਸਿੱਖ ਧਰਮ ਨੂੰ ਮੰਨਣ ਵਾਲੇ ਸਨ।
ਖਿਦਰਾਣੇ ਜ਼ਿਮੀਂਦਾਰ ਦੀ ਇਹ ਢਾਬ ਸੀ। ਇਥੇ ਗੁਰੂ ਗੋਬਿੰਦ ਸਿੰਘ ਜੰਗੀ ਮੋਰਚੇ ਬਣਾ ਕੇ ਬੈਠ ਗਏ ਸਨ।
ਮੁਗ਼ਲ ਫੌਜਾਂ ਚਮਕੌਰ ਸਾਹਿਬ ਤੋਂ ਹੀ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਲੱਗੀਆਂ ਹੋਈਆਂ ਸਨ, ਕਿਉਂਕਿ ਮਾਲਵੇ ਦੇ ਪਿੰਡਾਂ ਵਿਚ ਹਿੰਦੂਆਂ-ਸਿੱਖਾਂ ਦਾ ਜ਼ੋਰ ਸੀ। ਇਸ ਲਈ ਮੁਗ਼ਲ ਫੌਜਾਂ ਪਿੰਡਾਂ ਵਿਚੋਂ ਲੋਕਾਂ ਦੀ ਮਦਦ ਹਾਸਲ ਨਹੀਂ ਕਰ ਸਕੀਆਂ ਸਨ।
ਜਿਉਂ ਹੀ ਮੁਗ਼ਲ ਫੌਜਾਂ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਪੂਰੀਆਂ ਫੌਜਾਂ ਨਾਲ ਖਿਦਰਾਣੇ ਦੀ ਢਾਬ ਉੱਪਰ ਮੋਰਚੇ ਬਣਾ ਕੇ ਬੈਠ ਗਏ ਹਨ ਤਾਂ ਨਾ ਉਹ ਵਾਪਸ ਮੁੜ ਸਕਦੀਆਂ ਸਨ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਉੱਪਰ ਹਮਲਾ ਕਰ ਸਕਦੀਆਂ ਸਨ।
ਉਨ੍ਹਾਂ ਨੂੰ ਇਹ ਪਤਾ ਸੀ ਕਿ ਮਾਲਵੇ ਦੇ ਸਭ ਜੱਟ-ਜ਼ਿਮੀਂਦਾਰ ਗੁਰੂ ਗੋਬਿੰਦ ਸਿੰਘ ਦੀ ਮਦਦ ਕਰ ਰਹੇ ਹਨ।
ਖਿਦਰਾਣੇ ਦੀ ਜੰਗ ਵਿੱਚ ਜਿੱਤ
ਅਖੀਰ ਮੁਗਲ ਫੌਜਾਂ ਨੇ ਗੁਰੂ ਗੋਬਿੰਦ ਸਿੰਘ ਉੱਪਰ ਹਮਲਾ ਕਰ ਦਿੱਤਾ।
ਚਾਰੇ ਪਾਸਿਆਂ ਤੋਂ ਜੰਗਲਾਂ-ਬੰਨਿਆਂ ਵਿੱਚ ਛੁਪੇ ਹੋਏ ਸਿੱਖ, ਮੁਗ਼ਲ ਫੌਜ ਉੱਪਰ ਟੁੱਟ ਪਏ ਸਨ। ਇੱਕੋ ਦਿਨ ਦੀ ਲੜਾਈ ਵਿੱਚ ਮੁਗ਼ਲ ਫੌਜਾਂ ਨੂੰ ਭਜਾ ਦਿੱਤਾ ਗਿਆ ਸੀ। ਫਤਿਹ ਗੁਰੂ ਗੋਬਿੰਦ ਸਿੰਘ ਦੀ ਹੋਈ।
ਗੁਰੂ ਗੋਬਿੰਦ ਸਿੰਘ ਤਿੰਨ ਦਿਨਾਂ ਤੱਕ ਖਿਦਰਾਣੇ ਦੀ ਢਾਬ ਉੱਤੇ ਰਹੇ। ਜੰਗ ਦੌਰਾਨ ਮਾਰੇ ਗਏ ਸਿੰਘਾਂ ਦਾ ਸਸਕਾਰ ਕੀਤਾ ਅਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਵੀ ਕੀਤੀਆਂ।
ਫਿਰ ਇੱਕ ਜੇਤੂ-ਅੰਦਾਜ਼ ਵਿੱਚ ਖਿਦਰਾਣੇ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਪਿੰਡਾਂ ਵਿਚੋਂ ਦੀ ਹੁੰਦੇ ਹੋਏ ਤਲਵੰਡੀ ਸਾਬੋ ਕੀ ਵਿਖੇ ਪਹੁੰਚੇ। ਤਲਵੰਡੀ ਸਾਬੋ ਕੀ ਬੈਰਾੜ ਜੱਟਾਂ ਦੀ ਸਰਦਾਰੀ ਦਾ ਕੇਂਦਰ ਸੀ।
ਇਹ ਚੌਧਰੀ ਡੱਲ ਸਿੰਘ ਬੈਰਾੜ ਦੀ ਰਾਜਧਾਨੀ ਸੀ। ਇੱਥੇ ਗੁਰੂ ਗੋਬਿੰਦ ਸਿੰਘ ਨੌ ਮਹੀਨਿਆਂ ਤੋਂ ਵੀ ਵੱਧ ਸਮੇਂ ਲਈ ਰਹੇ ਸਨ।
ਇੱਥੇ ਰਹਿੰਦਿਆਂ ਗੁਰੂ ਗੋਬਿੰਦ ਸਿੰਘ ਨੇ ਸਭ ਤੋਂ ਪਹਿਲਾਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ। ਇਸ ਜ਼ਫ਼ਰਨਾਮੇ ਰਾਹੀਂ ਔਰੰਗਜ਼ੇਬ ਨੂੰ ਕੌਲ-ਇਕਰਾਰ ਤੋੜਨ ਦੀਆਂ ਲਾਹਣਤਾਂ ਪਾਈਆਂ ਗਈਆਂ ਸਨ।
ਦੂਜੇ ਨੰਬਰ ’ਤੇ ਇਹ ਲਿਖਿਆ ਗਿਆ ਕਿ ਔਰੰਗਜ਼ੇਬ ਮੈਂ ਤੇਰੇ ਨਾਲ ਮੁਲਾਕਾਤ ਕਰਨ ਲਈ ਨਹੀਂ ਆਵਾਂਗਾ ਬਲ ਕਿ ਤੂੰ ਮੇਰੇ ਨਾਲ ਮੁਲਾਕਾਤ ਕਰਨ ਲਈ ਇਥੇ ਮਾਲਵੇ ਵਿਚ ਆ।
ਇੱਥੋਂ ਦੀ ਸਾਰੀ ਬੈਰਾੜ ਕੌਮ ਮੇਰੇ ਹੀ ਹੁਕਮ ਵਿੱਚ ਹੈ। ਜ਼ਫ਼ਰਨਾਮੇ ਦੇ ਸ਼ੇਅਰ ਹਨ :
ਕਿ ਤਸ਼ਰੀਫ਼ ਕਰ ਕਸਬਾ ਕਾਂਗੜ ਕੁਨਦ।।
ਵਜਾਂ ਪਸ ਮੁਲਾਕਾਤ ਬਾਹਮ ਸ਼ਵਦ।।58।।
ਨ ਜ਼ੱਰਾ ਦਰੀਂ ਰਾਹ-ਏ-ਖ਼ਤਰਾ ਤੁਰਾਸਤ।।
ਹਮਾਂ ਕੌਮਿ ਬੈਰਾੜ ਹੁਕਮ-ਏ-ਮਰਾਸਤ।।59।।
ਇਸ ਤਰ੍ਹਾਂ ਜਿਹੜੀ ਜੰਗ 1700 ਈ. ਦੇ ਅੱਧ ਵਿੱਚ ਸ਼ੁਰੂ ਹੋਈ ਸੀ, ਖਿਦਰਾਣੇ ਦੀ ਢਾਬ ਦੀ ਲੜਾਈ ਇਸ ਜੰਗ ਦਾ ਸਿੱਖਰ ਸੀ। ਇਸ ਵਿੱਚ ਗੁਰੂ ਗੋਬਿੰਦ ਸਿੰਘ ਦੀ ਫਤਿਹ ਹੋਈ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)