ਈਰਾਨ ਦਾ ਪਾਕਿਸਤਾਨ ਦੇ ਬਲੂਚਿਸਤਾਨ ਵਿੱਚ ਖਾੜਕੂ ਟਿਕਾਣਿਆਂ ਉੱਪਰ ਹਮਲਾ

Wednesday, Jan 17, 2024 - 09:51 AM (IST)

ਈਰਾਨ ਦਾ ਪਾਕਿਸਤਾਨ ਦੇ ਬਲੂਚਿਸਤਾਨ ਵਿੱਚ ਖਾੜਕੂ ਟਿਕਾਣਿਆਂ ਉੱਪਰ ਹਮਲਾ

ਪਾਕਿਸਤਾਨ ਦਾ ਕਹਿਣਾ ਹੈ ਕਿ ਗੁਆਂਢੀ ਦੇਸ ਈਰਾਨ ਵੱਲੋਂ ਮੰਗਲਵਾਰ ਨੂੰ ਹੋਏ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਹੋਈ ਹੈ।

ਈਰਾਨ ਦੀ ਫ਼ੌਜ ਨਾਲ ਸਬੰਧਤ ਖ਼ਬਰ ਏਜੰਸੀ ਮੁਤਾਬਕ ਈਰਾਨ ਨੇ ਕਿਹਾ ਸੀ ਕਿ ਉਸ ਨੇ ਕੱਟੜਪੰਥੀ ਸਮੂਹ ਜੈਸ਼ ਅਲ-ਅਦਲ ਨਾਲ ਜੁੜੇ ਦੋ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਹਾਲਾਂਕਿ ਪਾਕਿਸਤਾਨ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਹਮਲੇ ਨੂੰ “ਗੈਰ-ਕਨੂੰਨੀ” ਕਾਰਵਾਈ ਦੱਸਿਆ ਹੈ ਅਤੇ ਕਿਹਾ ਹੈ ਕਿ ਇਸਦੇ “ਗੰਭੀਰ ਸਿੱਟੇ” ਨਿਕਲ ਸਕਦੇ ਹਨ।

ਪਿਛਲੇ ਦਿਨਾਂ ਦੌਰਾਨ ਈਰਾਨ ਵੱਲੋਂ ਹਮਲੇ ਦਾ ਨਿਸ਼ਾਨਾ ਬਣਾਇਆ ਜਾਣ ਵਾਲਾ ਪਾਕਿਸਤਾਨ— ਇਰਾਕ ਅਤੇ ਸੀਰੀਆ ਤੋਂ ਬਾਅਦ ਤੀਜਾ ਦੇਸ ਹੈ।

ਈਰਾਨ ਨੇ ਪਾਕਿਸਤਾਨ ਉੱਪਰ ਪਹਿਲੀ ਵਾਰ ਹਮਲਾ ਕੀਤਾ ਹੈ। ਇਸ ਮਿਜ਼ਾਈਲ ਹਮਲੇ ਨੂੰ ਮੰਗਲਵਾਰ ਨੂੰ ਅੰਜਾਮ ਦਿੱਤਾ ਗਿਆ।

ਇਸ ਵਿੱਚ ਪਾਕਿਸਤਾਨ ਦੇ ਈਰਾਨ ਨਾਲ ਲਗਦੇ ਸਰਹੱਦੀ ਸੂਬੇ ਬਲੂਚਿਸਤਾਨ ਦੇ ਇੱਕ ਪਿੰਡ ਨੂੰ ਨਿਸ਼ਾਨਾ ਬਣਾਇਆ ਗਿਆ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਤਲਖ਼ ਬਿਆਨ ਵਿੱਚ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਨੂੰ “ਈਰਾਨ ਵੱਲੋਂ ਆਪਣੇ ਹਵਾਈ ਖੇਤਰ ਦੀ ਬਿਨਾਂ ਕਿਸੇ ਉਕਸਾਹਟ ਦੇ ਕੀਤੀ ਗਈ ਉਲੰਘਣਾ” ਦੱਸਿਆ ਹੈ।

ਪਾਕਿਸਤਾਨ ਨੇ ਇਸ ਹਮਲੇ ਨੂੰ “ਨਾਕਾਬਲੇ ਬਰਦਾਸ਼ਤ” ਦੱਸਦਿਆਂ ਕਿਹਾ ਹੈ “ਇਸ ਤੋਂ ਵੀ ਵਧੇਰੇ ਚਿੰਤਾਜਨਕ ਹੈ ਕਿ ਇਹ ਗੈਰ-ਕਨੂੰਨੀ ਕਾਰਵਾਈ ਪਾਕਿਸਤਾਨ ਅਤੇ ਈਰਾਨ ਦਰਮਿਆਨ ਗੱਲਬਾਤ ਦੇ ਕਈ ਰਾਹ ਮੌਜੂਦ ਹੋਣ ਦੇ ਬਾਵਜੂਦ ਵਾਪਰਿਆ ਹੈ।”

ਪਾਕਿਸਤਾਨ ਨੇ ਈਰਾਨ ਦੇ ਵਿਦੇਸ਼ ਮੰਤਰਾਲੇ ਦੇ “ਸਬੰਧਤ ਸੀਨੀਅਰ ਅਧਿਕਾਰੀਆਂ” ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਪਾਕਿਸਤਾਨ ਨੇ ਬਿਆਨ ਵਿੱਚ ਕਿਹਾ ਹੈ, “ਪਾਕਿਸਤਾਨ ਦੀ ਪ੍ਰਭੂਸੱਤਾ ਦੀ ਸ਼ਰੇਆਮ ਉਲੰਘਣਾ ਦੇ ਸਿੱਟਿਆਂ ਦੀ ਪੂਰੀ ਜ਼ਿੰਮੇਵਾਰੀ ਈਰਾਨ ਦੀ ਹੋਵੇਗੀ।”

ਇਸ ਤੋਂ ਪਹਿਲਾਂ ਸੋਮਵਾਰ ਨੂੰ ਉੱਤਰੀ ਇਰਾਕ ਦੇ ਇਰਬਿਲ ਸ਼ਹਿਰ ਉੱਪਰ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਕੀਤੇ ਸਨ ਜਿਨ੍ਹਾਂ ਦੀ ਅਮਰੀਕਾ ਨੇ ਵੀ ਨਿੰਦਾ ਕੀਤੀ ਹੈ।

ਈਰਾਨ ਦੇ ਇਹ ਹਮਲੇ ਪੱਛਮੀ ਏਸ਼ੀਆ ਵਿੱਚ ਪਹਿਲਾਂ ਤੋਂ ਜਾਰੀ ਸੰਕਟ ਦੇ ਦਰਮਿਆਨ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਪਹਿਲਾਂ ਹੀ ਈਰਾਨ ਅਤੇ ਇਸਜ਼ਰਾਈਲ ਦਰਮਿਆਨ ਪੈਂਦੀ ਗਾਜ਼ਾ ਪੱਟੀ ਉੱਪਰ ਈਰਾਨ ਦੇ ਹਮਲੇ ਜਾਰੀ ਹਨ।

ਪਿਛਲੇ ਸਾਲ 7 ਅਕਤੂਬਰ ਤੋਂ ਜਾਰੀ ਇਹ ਹਮਲੇ ਈਰਾਨ ਨੇ ਫ਼ਲਸਤੀਨ ਸ਼ਹਿ ਹਾਸਲ ਕੱਟੜਪੰਥੀ ਸਮੂਹ ਹਮਾਸ ਖਿਲਾਫ਼ ਕੀਤੇ ਹਨ।

ਈਰਾਨ ਨੇ ਕਿਹਾ ਹੈ ਕਿ ਉਹ ਵੱਡੇ ਝਮਲੇ ਵਿੱਚ ਨਹੀਂ ਪੈਣਾ ਚਾਹੁੰਦਾ। ਈਰਾਨ ਮੁਤਾਬਕ “ਐਕਸਸ ਆਫ ਰਿਜ਼ਸਟੈਂਸ” ਵਿੱਚ ਸ਼ਾਮਲ ਸਮੂਹ, ਫ਼ਲਸਤੀਨੀਆਂ ਨਾਲ ਏਕਤਾ ਦਾ ਪ੍ਰਗਟਾਵਾ ਕਰਨ ਲਈ ਉਸ ਉੱਪਰ ਹਮਲੇ ਕਰ ਰਹੇ ਸਨ।

ਬਲੋਚਿਸਤਾਨ ਵਿੱਚ ਪਾਕਿਸਤਾਨੀ ਰੇਂਜਰ
AFP
ਮੰਗਲਵਾਰ ਦੇ ਮਿਜ਼ਾਈਲੀ ਹਮਲੇ ਤੋਂ ਪਹਿਲਾਂ ਕਦੇ ਈਰਾਨ ਨੇ ਪਾਕਿਸਤਾਨ ਉੱਪਰ ਇਸ ਤਰ੍ਹਾਂ ਹਮਲਾ ਨਹੀਂ ਕੀਤਾ ਹੈ

ਲਿਬਨਾਨ ਦੀ ਹਿਜ਼ਬੁੱਲ੍ਹਾ ਮੂਵਮੈਂਟ ਅਤੇ ਇਜ਼ਰਾਈਲੀ ਫ਼ੌਜਾਂ ਦਰਮਿਆਨ ਸਰਹੱਦ ਦੇ ਆਰ ਪਾਰ ਤੋਂ ਦੁਵੱਲੀ ਗੋਲੀਬਾਰੀ ਹੋਈ।

ਸ਼ੀਆ ਲੜਾਕਿਆਂ ਨੇ ਇਰਾਕ ਅਤੇ ਸੀਰੀਆ ਵਿੱਚ ਟਿਕੀਆਂ ਬੈਠੀਆਂ ਅਮਰੀਕੀ ਫੌਜਾਂ ਉੱਪਰ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ। ਜਦਕਿ ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ।

ਰਿਪੋਰਟਾਂ ਮੁਤਾਬਕ ਇਜ਼ਰਾਈਲੀ ਹਮਲਿਆਂ ਵਿੱਚ ਲਿਬਨਾਨ ਵਿੱਚ ਰਹਿੰਦਾ ਇੱਕ ਹਮਾਸ ਆਗੂ ਮਾਰਿਆ ਗਿਆ ਹੈ। ਜਦਕਿ ਸੀਰੀਆ ਵਿੱਚ ਰੈਵਲੂਸ਼ਨਰੀ ਗਾਰਡ ਦੇ ਕਮਾਂਡਰ ਦੀ ਮੌਤ ਹੋ ਗਈ ਹੈ।

ਇਸੇ ਤਰ੍ਹਾਂ ਅਮਰੀਕਾ ਨੇ ਇੱਕ ਹਵਾਈ ਹਮਲੇ ਵਿੱਚ ਇਰਾਕੀ ਲੜਾਕਿਆਂ ਦੇ ਆਗੂ ਨੂੰ ਮਾਰ ਦਿੱਤਾ ਹੈ ਅਤੇ ਯਮਨ ਵਿੱਚ ਹੂਤੀ ਬਾਗੀਆਂ ਦੇ ਕੁਝ ਟਿਕਾਣਿਆਂ ਉੱਤੇ ਬੰਬਾਰੀ ਕੀਤੀ ਹੈ।

ਪਾਕਿਸਤਾਨ ਅਤੇ ਈਰਾਨ ਕਈ ਦਹਾਕਿਆਂ ਤੋਂ ਜੈਸ਼ ਅਲ-ਅਦਲ ਸਮੇਤ ਹਥਿਆਰਬੰਦ ਸਮੂਹਾਂ ਨਾਲ ਜੂਝ ਰਹੇ ਹਨ।

ਦੋਵਾਂ ਦੇਸਾਂ ਦਰਮਿਆਨ ਲਗਭਗ 900 ਕਿੱਲੋਮੀਟਰ ਲੰਬੀ ਸਰਹੱਦ ਹੈ। ਇਸ ਸਰਹੱਦ ਉੱਪਰ ਇਨ੍ਹਾਂ ਸਮੂਹਾਂ ਦੀ ਮੌਜੂਦਗੀ ਦੋਵਾਂ ਦੇਸਾਂ ਲਈ ਹੀ ਚਿੰਤਾ ਦਾ ਵਿਸ਼ਾ ਰਹੀ ਹੈ।

ਈਰਾਨ ਨੇ ਕਿਹਾ ਕਿਹਾ ਹੈ ਕਿ ਜੈਸ਼ ਅਲ-ਅਦਲ ਦਾ ਸੰਬੰਧ ਪਿਛਲੇ ਮਹੀਨੇ ਸਰਹੱਦ ਦੇ ਕੋਲ ਹੋਏ ਹਮਲੇ ਨਾਲ ਜੋੜਿਆ ਹੈ। ਇਸ ਹਮਲੇ ਵਿੱਚ ਇੱਕ ਦਰਜਨ ਈਰਾਨੀ ਅਧਿਕਾਰੀਆਂ ਦੀ ਮੌਤ ਹੋਈ ਸੀ।

ਹਮਲੇ ਤੋਂ ਬਾਅਦ ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਕਿਹਾ ਸੀ ਕਿ ਹਮਲੇ ਲਈ ਜ਼ਿੰਮੇਵਾਰ ਖਾੜਕੂ ਪਾਕਿਸਤਾਨ ਦੀ ਤਰਫ਼ੋਂ ਈਰਾਨ ਵਿੱਚ ਦਾਖਲ ਹੋਏ ਸਨ।

ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਦੇ ਮੁਤਾਬਕ ਜੈਸ਼ ਅਲ-ਅਦਲ ਸਿਸਤਾਨ- ਬਲੋਚਿਸਤਾਨ ਤੋਂ ਚੱਲ ਰਿਹਾ “ਸਭ ਤੋਂ ਸਰਗਰਮ ਅਤੇ ਪ੍ਰਭਾਵਸ਼ਾਲੀ” ਸੁੰਨੀ ਖਾੜਕੂ ਸਮੂਹ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)



Related News