ਹਰਦਿੱਤ ਸਿੰਘ ਮਲਿਕ: ਪਹਿਲੇ ‘ਫਲਾਇੰਗ ਸਿੱਖ’ ਜਿਨ੍ਹਾਂ ਦੇ ਜੰਗੀ ਜਹਾਜ਼ ਉੱਤੇ 400 ਗੋਲੀਆਂ ਲੱਗੀਆਂ ਪਰ ਫਿਰ ਵੀ ਬਚ ਗਏ
Tuesday, Jan 16, 2024 - 08:21 AM (IST)
“ਇੱਕ ਜਰਮਨ ਨੇ ਮੇਰੇ ਉੱਤੇ ਘਾਤ ਲਾਈ, ਮੇਰੀ ਸੱਜੀ ਲੱਤ ਵਿੱਚ ਗੋਲੀ ਲੱਗੀ, ਇਸ ਮਗਰੋਂ ਮੈਂ ਉਸ ਉੱਤੇ ਫਾਇਰ ਕੀਤੇ ਅਤੇ ਉਸ ਦੇ ਲਟ-ਲਟ ਬਲਣ ਦਾ ਆਨੰਦ ਲਿਆ”
“ਮੇਰੇ ਲੱਗਣ ਵਾਲੀ ਗੋਲੀ ਜਹਾਜ਼ ਦੇ ਪੈਟਰੋਲ ਟੈਂਕ ਦੇ ਭਰੇ ਹੋਏ ਹਿੱਸੇ ਵਿੱਚੋਂ ਨਿਕਲੀ ਸੀ, ਜੇਕਰ ਇਹ ਥੋੜ੍ਹੀ ਉੱਪਰ ਹੁੰਦੀ ਤਾਂ ਜਹਾਜ਼ ਵਿੱਚ ਧਮਾਕਾ ਹੋ ਜਾਣਾ ਸੀ।”
“ਚਾਰ ਜਰਮਨ ਜੰਗੀ ਜਹਾਜ਼ ਮੇਰੇ ਪਿੱਛੇ ਲੱਗੇ ਹੋਏ ਸਨ, ਉਹ ਵਾਰੋ-ਵਾਰੀ ਮੇਰੇ ਵੱਲ ਗੋਲੀਬਾਰੀ ਕਰ ਰਹੇ ਹਨ।”
“ਮੈਂ ਬਿਲਕੁਲ ਤਿੱਤਰ ਵਾਂਗ ਭੱਜਦਾ ਹੋਇਆ ਖੰਭ ਹਿਲਾ ਰਿਹਾ ਸੀ ਅਤੇ ਉੱਡਣ ਤੋਂ ਅਸਮਰੱਥ ਸੀ, ਪਹਿਲੇ ਕੁਝ ਪਲਾਂ ਦੌਰਾਨ ਮੈਨੂੰ ਲੱਗਾ ਕਿ ਮੈਨੂੰ ਮਾਰ ਦਿੱਤਾ ਜਾਵੇਗਾ।”
“ਜਦੋਂ ਇਹ ਨਹੀਂ ਹੋਇਆ ਤਾਂ ਮੈਨੂੰ ਲੱਗਾ ਜਿਵੇਂ ਮੈਂ ਕਿਸੇ ਦੈਵੀ ਰੱਖਿਆ ਹੇਠ ਹੋਵਾਂ, ਮੈਨੂੰ ਦੱਸਿਆ ਗਿਆ ਕਿ ਮੇਰੇ ਜਹਾਜ਼ ਉੱਤੇ 400 ਤੋਂ ਵੱਧ ਗੋਲੀਆਂ ਲੱਗੀਆਂ ਸਨ।”
ਇਹ ਸ਼ਬਦ ਪਹਿਲੀ ਵਿਸ਼ਵ ਜੰਗ ਲੜਨ ਵਾਲੇ ਹਰਦਿੱਤ ਸਿੰਘ ਮਲਿਕ ਦੇ ਹਨ, ਜੋ ਉਨ੍ਹਾਂ ਦੀ ਸਵੈਜੀਵਨੀ ‘ਏ ਲਿਟਲ ਵਰਕ-ਏ ਲਿਟਲ ਪਲੇਅ’ ਵਿਚ ਦਰਜ ਹਨ।
ਅਣਵੰਡੇ ਪੰਜਾਬ ਦੇ ਜ਼ਿਲ੍ਹੇ ਰਾਵਲਪਿੰਡੀ ’ਚ ਜਨਮੇ ਹਰਦਿੱਤ ਸਿੰਘ ਮਲਿਕ ਨੂੰ ਪਹਿਲੇ ‘ਫਲਾਇੰਗ ਸਿੱਖ’ ਹੋਣ ਦਾ ਮਾਣ ਹਾਸਲ ਹੈ।
ਉਹ ਪਹਿਲੀ ਵਿਸ਼ਵ ਜੰਗ ਵਿੱਚ ਰੌਇਲ ਏਅਰ ਫੋਰਸ ਦਾ ਹਿੱਸਾ ਬਣਨ ਵਾਲੇ ਚੋਣਵੇਂ ਭਾਰਤੀਆਂ ਵਿੱਚੋਂ ਇੱਕ ਸਨ, ਉਹ ਪਹਿਲੇ ਦਸਤਾਰਧਾਰੀ (ਸਿੱਖ) ਪਾਇਲਟ ਸਨ।
ਆਪਣੇ ਬਚਣ ਦੀ ਘਟਨਾ ਬਾਰੇ ਉਨ੍ਹਾਂ ਬਾਅਦ ਵਿੱਚ ਲਿਖਿਆ, “ਇਸ ਕਰਾਮਾਤ ਦਾ ਮੇਰੇ ਜੀਵਨ ਉੱਤੇ ਡੂੰਘਾ ਅਸਰ ਹੋਇਆ ਮੈਨੂੰ ਇਸ ਗੱਲ ਉੱਤੇ ਯਕੀਨ ਹੋਇਆ ਕਿ ਤੁਹਾਡੀ ਮੌਤ ਉਦੋਂ ਹੀ ਹੁੰਦੀ ਹੈ, ਜਦੋਂ ਰੱਬ ਚਾਹੇ।”
ਦਸਤਾਰਧਾਰੀ ਹੋਣ ਕਾਰਨ ਉਨ੍ਹਾਂ ਦਾ ਇਹ ਸਫ਼ਰ ਮੁਸ਼ਕਲਾਂ ਭਰਿਆ ਸੀ, ਪਰ ਉਨ੍ਹਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਿਆ ਅਤੇ ‘ਫਲਾਇੰਗ ਹੋਬਗੋਬਲਿਨ’ ਤੇ ਹੋਰ ਕਈ ਸਿਰਲੇਖਾਂ ਹੇਠ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ।
‘ਅਸਮਾਨਾਂ ਦਾ ਸ਼ੇਰ’
ਹਰਦਿੱਤ ਸਿੰਘ ਮਲਿਕ ਦਾ ਜਨਮ 23 ਨਵੰਬਰ 1894 ਵਿੱਚ ਪੰਜਾਬ ਦੇ ਰਾਵਲਪਿੰਡੀ ਵਿੱਚ ਹੋਇਆ ਸੀ।
ਰਾਵਲਪਿੰਡੀ ਉਸ ਵੇਲੇ ਪੰਜਾਬ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਬਣਾਈਆਂ ਗਈਆਂ ਛੇ ਛਾਉਣੀਆਂ ਵਿੱਚੋਂ ਇੱਕ ਸੀ।
ਇੱਥੇ ਉਨ੍ਹਾਂ ਦੇ ਪਿਤਾ ਸਰਦਾਰ ਮੋਹਨ ਸਿੰਘ ਇੰਜੀਨੀਅਰ ਵਜੋਂ ਤੈਨਾਤ ਸਨ, ਅਤੇ ਇਲਾਕੇ ਵਿੱਚ ਚੰਗਾ ਰਸੂਖ਼ ਰੱਖਦੇ ਸਨ।
ਇੱਕ ਰੱਜੇ-ਪੁੱਜੇ ਘਰ ਵਿੱਚ ਜੰਮੇ ਹੋਣ ਕਰਕੇ ਉਨ੍ਹਾਂ ਨੂੰ ਸ਼ੁਰੂਆਤ ਵਿੱਚ ਹੀ ਪਾਏਦਾਰ ਪੱਛਮੀ ਵਿੱਦਿਆ ਮਿਲੀ।
ਇੱਕ ਜਹਾਜ਼ ਦੇ ਪਾਇਲਟ ਬਣਨ ਮਗਰੋਂ ਉਹ ਜਿੱਥੇ ਪਟਿਆਲਾ ਰਿਆਸਤ ਦੇ ‘ਪ੍ਰਧਾਨ ਮੰਤਰੀ’ ਰਹੇ, ਉੱਥੇ ਹੀ ਭਾਰਤ ਦੀ ਅਜ਼ਾਦੀ ਤੋਂ ਬਾਅਦ ਕੈਨੇਡਾ ਦੇ ਪਹਿਲੇ ਹਾਈ ਕਮਿਸ਼ਨਰ ਵੀ ਬਣੇ।
ਮਰਹੂਮ ਲੇਖਕ ਖ਼ੁਸ਼ਵੰਤ ਸਿੰਘ ਨੇ ਹਰਦਿੱਤ ਸਿੰਘ ਨੂੰ ਆਪਣੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਸਿੱਖਾਂ ਵਿੱਚੋਂ ਇੱਕ ਦੱਸਿਆ ਸੀ।
ਪਹਿਲੀ ਵਿਸ਼ਵ ਜੰਗ ਦੇ ਇਤਿਹਾਸਕਾਰ ਸਟੀਫਨ ਬਾਰਕਰ ਨੇ ਹਰਦਿੱਤ ਸਿੰਘ ਮਲਿਕ ਬਾਰੇ ‘ਲਾਇਨ ਆਫ਼ ਦਿ ਸਕਾਈਜ਼’ ਕਿਤਾਬ ਲਿਖੀ ਹੈ।
ਉਹ ਲਿਖਦੇ ਹਨ, ‘‘ਹਾਲਾਂਕਿ ਹਰਦਿੱਤ ਸਿੰਘ ਮਲਿਕ ਮਹਿਜ਼ 14 ਸਾਲ ਦੀ ਉਮਰ ਵਿੱਚ ਹੀ ਇੰਗਲੈਂਡ ਚਲੇ ਗਏ ਸਨ, ਪਰ ਆਪਣੇ ਘਰ ਦੇ ਮਾਹੌਲ ਕਾਰਨ ਉਹ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ।’’
ਆਪਣੀ ਸਵੈ ਜੀਵਨੀ ‘ਏ ਲਿਟਲ ਵਰਕ, ਏ ਲਿਟਲ ਪਲੇਅ’ ਵਿੱਚ ਹਰਦਿੱਤ ਸਿੰਘ ਮਲਿਕ ਆਪਣੇ ਪਰਿਵਾਰ ਬਾਰੇ ਲਿਖਦੇ ਹਨ, “ਮੇਰੀ ਮਾਂ ਬਹੁਤ ਧਾਰਮਿਕ ਖਿਆਲਾਂ ਵਾਲੇ ਸਨ, ਉਨ੍ਹਾਂ ਨੇ ਮੇਰੀ ਜ਼ਿੰਦਗੀ ’ਤੇ ਕਾਫੀ ਡੂੰਘਾ ਪ੍ਰਭਾਵ ਪਾਇਆ। ਮੇਰੇ ਪਿਤਾ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਿਆ ਕਰਦੇ ਸਨ।”
ਉਨ੍ਹਾਂ ਦੀ ਮਾਂ ਦਾ ਨਾਮ ਲਾਜਵੰਤੀ ਭਗਤ ਸੀ।
ਸਟੀਫਨ ਬਾਰਕਰ ਲਿਖਦੇ ਹਨ ਕਿ ਆਪਣੇ ਸ਼ੁਰੂਆਤੀ ਸਾਲ ਰਾਵਲਪਿੰਡੀ ਵਿੱਚ ਗੁਜ਼ਾਰਨ ਨਾਲ ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਨੂੰ ਨੇੜਿੳਂ ਸਮਝਣ ਦਾ ਮੌਕਾ ਮਿਲਿਆ।
ਉਹ ਅੱਗੇ ਲਿਖਦੇ ਹਨ, ਹਰਦਿੱਤ ਸਿੰਘ ਉਸ ਵੇਲੇ ਦੀ ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤ ਸੰਤ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ ਹੇਠ ਆਏ ਸਨ, ਉਨ੍ਹਾਂ ਦਾ ਦਿੱਤਾ ਕੜਾ ਉਨ੍ਹਾਂ ਨੇ ਤਾਉਮਰ ਸੰਭਾਲ ਕੇ ਰੱਖਿਆ ਸੀ।
ਫੌਜੀ ਇਤਿਹਾਸਕਾਰ ਸੋਮਨਾਥ ਸਪਰੂ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਸੀ ਕਿ ਜੇਕਰ ਉਨ੍ਹਾਂ ਦੀ ਮੁਲਾਕਾਤ ਸੰਤ ਅਤਰ ਸਿੰਘ ਨਾਲ ਨਾ ਹੋਈ ਹੁੰਦੀ ਤਾਂ ਉਨ੍ਹਾਂ ਦੀ ਜ਼ਿੰਦਗੀ ਵੱਖਰੀ ਹੋਣੀ ਸੀ।
ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਰਾਵਲਪਿੰਡੀ ਵਿੱਚ ਹੋਏ ਇੱਕ ਜਲਸੇ ਵਿੱਚ ਲਾਲਾ ਲਾਜਪਤ ਰਾਏ, ਜਿਹੇ ਅਜ਼ਾਦੀ ਘੁਲਾਟੀਏ ਵੀ ਦੇਖੇ ਸਨ।
14 ਸਾਲਾਂ ਦੀ ਉਮਰ ਵਿੱਚ ਇੰਗਲੈਂਡ
ਬਾਰਕਰ ਲਿਖਦੇ ਹਨ ਕਿ ਹਾਲਾਂਕਿ ਅਠਾਰਾਂ ਸਾਲ ਜਾਂ ਇਸ ਤੋਂ ਵੱਧ ਦੇ ਭਾਰਤੀ ਲੜਕਿਆਂ ਦਾ ਯੂਕੇ ਵਿੱਚ ਪੜ੍ਹਾਈ ਲਈ ਜਾਣਾ ਆਮ ਗੱਲ ਸੀ ਪਰ ਇੱਕ 14 ਸਾਲ ਦੇ ਬੱਚੇ ਵੱਲੋਂ ਆਪਣੀ ਸਕੂਲੀ ਵਿੱਦਿਆ ਅਤੇ ਹੋਰ ਪੜ੍ਹਾਈ ਲਈ ਯੂਕੇ ਜਾਣ ਬਾਰੇ ਬਹੁਤ ਘੱਟ ਲੋਕ ਸੋਚਦੇ ਸਨ।
ਈਸਟਬੌਰਨ ਕਾਲਜ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰਦਿੱਤ ਸਿੰਘ ਨੇ ਆਕਸਫੋਰਡ ਦੇ ਬੈਲੀਓਲ ਕਾਲਜ ਵਿੱਚ ਆਪਣੀ ਪੜ੍ਹਾਈ ਕੀਤੀ, ਇੱਥੇ ਉਹ ਅਜਿਹੀਆਂ ਕਈ ਸ਼ਖ਼ਸੀਅਤਾਂ ਦੇ ਸੰਪਰਕ ਵਿੱਚ ਆਏ, ਜਿਨ੍ਹਾਂ ਨੇ ਅੱਗੇ ਜਾ ਕੇ ਵੱਡੇ ਰੁਤਬੇ ਹਾਸਲ ਕੀਤੇ।
ਹਰਦਿੱਤ ਸਿੰਘ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਖੇਡ ਵਿੱਚ ਦਿਲਚਸਪੀ ਰੱਖਦੇ ਸਨ,ਉਹ ਇੰਗਲੈਂਡ ਆ ਕੇ ਵੀ ਕ੍ਰਿਕਟ ਖੇਡਦੇ ਰਹੇ ਅਤੇ ਕਾਲਜ ਦੀ ਟੀਮ ਦੇ ਕਪਤਾਨ ਵੀ ਬਣੇ।
ਉਹ ਗੌਲਫ਼ ਦੇ ਚੰਗੇ ਖਿਡਾਰੀ ਵਜੋਂ ਵੀ ਜਾਣੇ ਜਾਂਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਗੌਲਫ ਏਸ਼ੀਆ ਸੁਸਾਇਟੀ ਵੱਲੋਂ ਵੀ ਉਨ੍ਹਾਂ ਬਾਰੇ ਲੇਖ ਛਾਪਿਆ ਗਿਆ ਸੀ।
ਈਸਟਬੌਰਨ ਕਾਲਜ ਵਿੱਚ ਬਿਤਾਇਆ, ਉਨ੍ਹਾਂ ਦਾ ਸਮਾਂ ਵੀ ਕਾਫੀ ਯਾਦਗਾਰੀ ਸੀ, ਇੱਥੇ ਉਹ ਕਾਲਜ ਦੀ ਟੀਮ ਵੱਲੋਂ ਕ੍ਰਿਕਟ ਖੇਡਦੇ ਸਨ। ਉਨ੍ਹਾਂ ਦੇ ਨਾਲ ਖੇਡਦੇ ਖਿਡਾਰੀਆਂ ਵਿੱਚੋਂ ਇੱਕ ਨਾਂਅ ਦਲਪਤ ਸਿੰਘ ਸੀ ਜੋ ਬਾਅਦ ਵਿੱਚ ਜੋਧਪੁਰ ਲਾਂਸਰ ਦੇ ਮੇਜਰ ਬਣੇ ਅਤੇ ਫਲਸਤੀਨ ਵਿੱਚ ਲੜੀ ਗਈ ਬੈਟਲ ਆਫ ਹਾਇਫਾ 1918 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਉਨ੍ਹਾਂ ਨੇ ਬੈਲੀਓਲ ਕਾਲਜ ਵਿੱਚ ਆਧੁਨਿਕ ਯੂਰਪੀ ਇਤਿਹਾਸ ਦੀ ਸਿੱਖਿਆ ਲਈ ਸੀ।
ਕਿਵੇਂ ਬਣੇ ਹਵਾਈ ਫੌਜ ਦਾ ਹਿੱਸਾ
1917 ਵਿੱਚ ਜਦੋਂ ਉਹ ਬੈਲੀਓਲ ਕਾਲਜ ਵਿੱਚ ਪੜ੍ਹਦੇ ਸਨ, ਉਨ੍ਹਾਂ ਦੇ ਵਧੇਰੇ ਸਾਥੀ ਪਹਿਲੇ ਵਿਸ਼ਵ ਯੁੱਧ ਵਿੱਚ ਭਾਗ ਲੈਣ ਲਈ ਚਲੇ ਗਏ ਸਨ।
ਹਰਦਿੱਤ ਵੀ ਆਪਣੇ ਸਾਥੀਆਂ ਵਾਂਗ ਜੰਗ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ।
ਉਹ ਫਰਾਂਸ ਵਿੱਚ ਰੈੱਡ ਕਰਾਸ ਵਿੱਚ ਐਂਬੂਲੈਂਸ ਦੇ ਡਰਾਈਵਰ ਵਜੋਂ ਕੰਮ ਕਰਨ ਲੱਗੇ। ਉਨ੍ਹਾਂ ਨੇ ਇੱਥੋਂ ਦੇ ਕੋਗਨੈਕ ਸ਼ਹਿਰ ਤੋਂ ਕੰਮ ਕਰਨਾ ਸ਼ੁਰੂ ਕੀਤਾ।
ਸਟੀਫਨ ਲਿਖਦੇ ਹਨ ਕਿ 21 ਸਾਲ ਦੀ ਉਮਰ ਵਿੱਚ ਫਰਾਂਸ ਪਹੁੰਚੇ ਹਰਦਿੱਤ ਸਿੰਘ ਮਲਿਕ ਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਸੀ ਕਿ ਉਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਥੇ ਭਾਰਤ ਦੇ ਰਾਜਦੂਤ ਬਣਕੇ ਆਉਣਗੇ।
ਫਰਾਂਸ ਪਹੁੰਚਣ ਦੇ ਆਪਣੇ ਤਜਰਬੇ ਬਾਰੇ ਹਰਦਿੱਤ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ, “ਮੇਰੇ ਮਨ੍ਹਾ ਕਰਨ ਦੇ ਬਾਅਦ ਵੀ ਉੱਥੇ ਹਸਪਤਾਲ ਵਿੱਚ ਲੋਕਾਂ ਨੂੰ ਲੱਗਾ ਕਿ ਜਿਵੇਂ ਮੈਂ ਕੋਈ ਭਾਰਤੀ ਮਹਾਰਾਜਾ ਹਾਂ।”
ਬਾਰਕਰ ਲਿਖਦੇ ਹਨ, ‘‘ਫਰੈਂਚ ਰੈੱਡ ਕਰਾਸ ਵਿੱਚ ਕੰਮ ਕਰਕੇ ਹਰਦਿੱਤ ਸਿੰਘ ਨੇ ਯੁੱਧ ਵਿੱਚ ਹਿੱਸਾ ਲਿਆ, ਪਰ ਸ਼ੁਰੂਆਤ ਤੋਂ ਹੀ ਲੜਾਈ ਵਿੱਚ ਸਿੱਧਾ ਉੱਤਰਨਾ ਚਾਹੁੰਦੇ ਸਨ।’’
ਉਹ ਫ਼ਰਾਂਸ ਵਿੱਚ ਆਪਣੇ ਦੋਸਤਾਂ ਨੂੰ ਪੁੱਛਦੇ ਰਹਿੰਦੇ ਕਿ ਉਹ ਫਰਾਂਸ ਦੀ ਹਵਾਈ ਫੌਜ ਦਾ ਹਿੱਸਾ ਕਿਵੇਂ ਬਣ ਸਕਦੇ ਹਨ ।
ਉਹ ਲਿਖਦੇ ਹਨ ਕਿ ਉਸ ਵੇਲੇ ਜਹਾਜ਼ ਇੰਨੇ ਮਜ਼ਬੂਤ ਨਹੀਂ ਹੁੰਦੇ ਸਨ, ਇਹ ਫਾਈਬਰ ਅਤੇ ਲੱਕੜ ਦੇ ਬਣੇ ਹੋਏ ਹੁੰਦੇ ਸਨ।
ਉਨ੍ਹਾਂ ਦੀ ਪਹਿਲੀ ਤੈਨਾਤੀ ਐਲਡਰਸ਼ੌਟ, ਹੈਂਫਸ਼ਿਅਰ ਵਿੱਚ ਹੋਈ ਸੀ। ਆਪਣੀ ਸਵੈਜੀਵਨੀ ਵਿੱਚ ਉਹ ਲਿਖਦੇ ਹਨ ਕਿ ਇੱਥੇ ਰਹਿਣ ਦੇ ਹਾਲਾਤ ਬਹੁਤ ਮਾੜੇ ਸਨ।
ਬਾਰਕਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਸਰਦਾਰ ਮਲਿਕ ਨੂੰ ਹਵਾਈ ਫੌਜ ਦਾ ਹਿੱਸਾ ਫੌਜੀ ਨਿਯਮਾਂ ਨੂੰ ਤੋੜ ਕੇ ਬਣਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਵਿਸ਼ਵ ਜੰਗ ਲੜਦਿਆਂ ਬ੍ਰਿਟੇਨ ਕੋਲ ਹਵਾਈ ਫੌਜ ਦੇ ਪਾਇਲਟਾਂ ਦੀ ਇੰਨੀ ਘਾਟ ਹੋ ਗਈ ਕਿ ਉਹ ਭਾਰਤੀਆਂ ਨੂੰ (ਜੋ ਉਸ ਵੇਲੇ ਬ੍ਰਿਟੇਨ ਦੀ ਇੱਕ ਬਸਤੀ ਸੀ) ਭਰਤੀ ਕਰਨ ਬਾਰੇ ਸੋਚਣ ਲੱਗੇ।
"ਇਹ ਭਰਤੀ ਅਕਤੂਬਰ 1916 ਨੂੰ ਸ਼ੁਰੂ ਹੋਈ ਅਤੇ ਮਾਰਚ 1917 ਤੱਕ ਚੱਲੀ। ਇਸ ਵਿੱਚ ਪੰਜ ਭਾਰਤੀਆਂ ਨੂੰ ਭਰਤੀ ਕੀਤਾ ਗਿਆ ਸੀ, ਇਨ੍ਹਾਂ ਵਿੱਚ ਹਰਦਿੱਤ ਸਿੰਘ ਮਲਿਕ ਇਕੱਲੇ ਸਿੱਖ ਸਨ।"
ਪੱਗ ਲਈ ਸੰਘਰਸ਼
ਹਰਦਿੱਤ ਸਿੰਘ ਮਲਿਕ ਨੇ ਆਪਣੀ ਕਾਬਲੀਅਤ ਸਦਕਾ ਹਰ ਥਾਂ ਉੱਤੇ ਪ੍ਰਵਾਨਗੀ ਹਾਸਲ ਕੀਤੀ। ਪਰ ਕਈ ਮੌਕਿਆਂ ਉੱਤੇ ਉਨ੍ਹਾਂ ਨੂੰ ਆਪਣੀ ਦਸਤਾਰ ਲਈ ਸੰਘਰਸ਼ ਕਰਨਾ ਪਿਆ।
ਬ੍ਰਿਟਿਸ਼ ਏਅਰ ਫੋਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੀ ਇੱਕ ਘਟਨਾ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ਵਿੱਚ ਕਰਦੇ ਹਨ।
‘‘ਫੌਜੀ ਵਰਦੀ ’ਚ ਸ਼ਾਮਲ ਟੋਪੀ ਪਾਉਣ ਦੀ ਥਾਂ ਮੈਂ ਆਪਣੀ ਪੱਗ ਖਾਕੀ ਰੰਗ ਦੀ ਰੰਗਾ ਲਈ।
“ਇੱਕ ਸਾਰਜੈਂਟ ਮੇਜਰ ਨੇ ਮੈਨੂੰ ਪੱਗ ਵਿੱਚ ਦੇਖਿਆ ਅਤੇ ਮੈਨੂੰ ਪੁੱਛਿਆ ਕਿ ਮੇਰੀ ਟੋਪੀ ਕਿੱਥੇ ਹੈ, ਇਸ ਮਗਰੋਂ ਅਫ਼ਸਰ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਸਿੱਖ ਹੋਣ ਕਰਕੇ ਮੇਰੇ ਲਈ ਪੱਗ ਬੰਨ੍ਹਣੀ ਜ਼ਰੂਰੀ ਹੈ।”
“ਇੱਕ ਹੋਰ ਅਫ਼ਸਰ ਨੇ ਉੱਥੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।”
“ਇਹ ਮਸਲਾ ਬਾਅਦ ਵਿੱਚ ਵਾਰ ਉੱਚ ਅਧਿਕਾਰੀਆਂ ਵੱਲੋਂ ਵਿਚਾਰਿਆ ਗਿਆ, ਫਿਰ ਮੈਨੂੰ ਪੱਗ ਬੰਨ੍ਹਣ ਦੀ ਇਜ਼ਾਜ਼ਤ ਮਿਲ ਗਈ ਸੀ।”
ਆਪਣੇ ਕਾਲਜ ਵਿੱਚ ਵਾਪਰੀ ਇੱਕ ਘਟਨਾ ਬਾਰੇ ਉਹ ਲਿਖਦੇ ਹਨ, “ਰਾਤ ਦੇ ਖਾਣੇ ਤੋਂ ਬਾਅਦ ਪੰਜ ਛੇ ਮੁੰਡਿਆਂ ਨੇ ਮੈਨੂੰ ਘੇਰ ਲਿਆ ਅਤੇ ਮੈਨੂੰ ਪੱਗ ਲਾਹੁਣ ਲਈ ਕਿਹਾ ਅਤੇ ਉਨ੍ਹਾਂ ਕਿਹਾ ਕਿ ਉਹ ਵੇਖਣਾ ਚਾਹੁੰਦੇ ਹਨ ਕਿ ਇਸ ਦੇ ਥੱਲੇ ਕੀ ਹੈ।”
“ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਸਿੱਖ ਹਾਂ ਅਤੇ ਆਪਣੀ ਪੱਗ ਨਹੀਂ ਲਾਹਾਂਗਾ, ਉਹ ਮੇਰੀ ਪੱਗ ਲਾਹੁਣ ਲਈ ਮੇਰੇ ਵੱਲ ਵਧੇ, ਮੈਨੂੰ ਬਹੁਤ ਗੁੱਸਾ ਆਇਆ, ਮੈਂ ਉਨ੍ਹਾਂ ਦੇ ਸਾਹਮਣੇ ਇਕੱਲਾ ਹੀ ਸੀ।”
“ਪਰ ਮੈਂ ਬਹੁਤ ਸ਼ਾਂਤ ਲਹਿਜ਼ੇ ਵਿੱਚ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਰੋਕ ਨਹੀਂ ਸਕਦਾ, ਪਰ ਉਹ ਪਹਿਲਾ ਸ਼ਖ਼ਸ ਜੋ ਮੇਰੀ ਪੱਗ ਨੂੰ ਹੱਥ ਲਾਏਗਾ, ਮੈਂ ਉਸ ਨੂੰ ਕਦੇ ਨਾ ਕਦੇ ਕਿਸੇ ਤਰੀਕੇ ਮਾਰ ਦੇਵਾਂਗਾ।”
ਹਰਦਿੱਤ ਸਿੰਘ ਅੱਗੇ ਲਿਖਦੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਸੀ ਕਿ ਸਿੱਖ ਕਿਰਪਾਨ ਰੱਖਦੇ ਹਨ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਇਸ ਮਜ਼ਾਕ ਨੂੰ ਮੈਂ ਗੰਭੀਰਤਾ ਨਾਲ ਲਵਾਂਗਾ ਅਤੇ ਉਹ ਪਿੱਛੇ ਹੱਟ ਗਏ।”
ਜਦੋਂ ਜਿਨਾਹ ਨੂੰ ਮਿਲੇ
ਹਰਦਿੱਤ ਸਿੰਘ ਮਲਿਕ ਜਦੋਂ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਸਨ, ਉਸ ਵੇਲੇ ਉਨ੍ਹਾਂ ਦੀ ਇੱਕ ਬੈਠਕ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਨਾਲ ਹੋਈ ਸੀ।
ਇਹ ਬੈਠਕ ਨਵੀਂ ਦਿੱਲੀ ਵਿੱਚ ਭਗਵਾਨ ਦਾਸ ਰੋਡ ਉੱਤੇ ਹਰਦਿੱਤ ਸਿੰਘ ਮਲਿਕ ਦੇ ਭਰਾ ਤੇਜਾ ਸਿੰਘ ਮਲਿਕ ਦੇ ਘਰ ਹੋਈ ਸੀ।
ਮਲਿਕ ਨੇ ਇਸ ਬੈਠਕ ਬਾਰੇ ਦੱਸਿਆ ਸੀ, “ਇਹ ਇਤਿਹਾਸਕ ਬੈਠਕ ਹੁਣ ਤੱਕ ਦੀ ਮੇਰੀ ਸਭ ਤੋਂ ਦਿਲਚਸਪ ਬੈਠਕ ਸੀ।”
ਜਿਨਾਹ ਬਗੈਰ ਕਿਸੇ ਸਲਾਹਕਾਰ ਦੇ ਆਏ ਸਨ, ਜਦਕਿ ਸਾਡੀ ਧਿਰ ਵਿੱਚ ਮਹਾਰਾਜਾ ਭੁਪਿੰਦਰ ਸਿੰਘ, ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਮੈਂ ਸੀ।”
ਹਰਦਿੱਤ ਸਿੰਘ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ ਕਿ ਜਿਨਾਹ ਸਿੱਖਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨਾ ਚਾਹੁੰਦੇ ਸਨ, ਉਨ੍ਹਾਂ ਨੇ ਸਾਨੂੰ ਕਿਹਾ ਕਿ ਉਹ ਆਪਣੀਆਂ ਮੰਗਾਂ ਲੈ ਕੇ ਆਉਣ ਅਤੇ ਉਹ ਇਨ੍ਹਾਂ ਨੂੰ ਮਨਜ਼ੂਰ ਕਰ ਲੈਣਗੇ।
ਮੈਂ ਉਨ੍ਹਾਂ ਨੂੰ ਪੁੱਛਿਆ ਕੇ ਜਦੋਂ ਤੁਸੀਂ ਨਹੀਂ ਰਹੋਗੇ ਤਾਂ ਤੁਹਾਡੇ ਵਾਅਦੇ ਕੌਣ ਪੂਰੇ ਕਰੇਗਾ ਤਾਂ ਜਿਨਾਹ ਨੇ ਜਵਾਬ ਦਿੱਤਾ ਸੀ, “ਮੇਰਾ ਕਿਹਾ ਪਾਕਿਸਤਾਨ ਵਿੱਚ ਰੱਬ ਦਾ ਕਥਨ ਹੋਵੇਗਾ।’’
ਉਹ ਲਿਖਦੇ ਹਨ, “ਅਜਿਹਾ ਹੰਕਾਰ ਪਾਗਲਪਣ ਜਿਹਾ ਸੀ।”
‘1984 ਦੀ ਫੌਜੀ ਕਾਰਵਾਈ ਤੋਂ ਬਾਅਦ ਉਦਾਸ ਰਹਿਣ ਲੱਗੇ’
ਨਵੰਬਰ 1985 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਖ਼ੁਸ਼ਵੰਤ ਸਿੰਘ ਨੇ ਹਿੰਦੁਸਤਾਨ ਟਾਈਮਜ਼ ਅਖ਼ਬਾਰ ਵਿੱਚ ਲਿਖਿਆ ਕਿ "ਮੈਂ ਅਜਿਹੇ ਬਹੁਤ ਘੱਟ ਲੋਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨਾ ਕੁਝ ਸਮੇਟਿਆ ਹੋਵੇਗਾ।"
ਉਨ੍ਹਾਂ ਲਿਖਿਆ ਕਿ ਹਰਦਿੱਤ ਸਿੰਘ ਮਲਿਕ ਸਭ ਤੋਂ ਸੋਹਣੇ ਸਰਦਾਰਾਂ ਵਿੱਚ ਇੱਕ ਸਨ।
ਖ਼ੁਸ਼ਵੰਤ ਸਿੰਘ ਅੱਗੇ ਲਿਖਦੇ ਹਰ ਕਿ ਹਰਦਿਤ ਸਿੰਘ ਮਲਿਕ ਨੂੰ ਕਈ ਕਿਸਮ ਦੀ ਵਾਈਨ ਇਕੱਠੀ ਕਰਨ ਦਾ ਸ਼ੌਂਕ ਸੀ, ਇਸ ਦੇ ਨਾਲ-ਨਾਲ ਹੀ ਉਹ ਖ਼ਾਸ ਕਿਸਮ ਦੇ ਖਾਣਿਆਂ ਦੇ ਵੀ ਸ਼ੌਕੀਨ ਸਨ।
ਉਨ੍ਹਾਂ ਲਿਖਿਆ ਕਿ ਹਰਦਿੱਤ ਸਿੰਘ ਮਲਿਕ ਨਹਿਰੂ ਅਤੇ ਇੰਦਰਾ ਗਾਂਧੀ ਦੇ ਵੀ ਪ੍ਰਸ਼ੰਸਕ ਸਨ, ਪਰ ਜਦੋਂ ਫੌਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਦਾਖ਼ਲ ਹੋਈ ਤਾਂ ਉਨ੍ਹਾਂ ਦਾ ਦਿਲ ਵਲੂੰਧਰਿਆ ਗਿਆ, ਉਹ ਫਿਰ ਕਦੇ ਪਹਿਲਾਂ ਜਿਹੇ ਸ਼ਖ਼ਸ ਨਹੀਂ ਰਹੇ।
ਖ਼ੁਸ਼ਵੰਤ ਸਿੰਘ ਲਿਖਦੇ ਹਨ ਕਿ ਹਰਦਿੱਤ ਸਿੰਘ ਇਸ ਮਗਰੋਂ ਹਮੇਸ਼ਾ ਉਦਾਸ ਰਹਿਣ ਲੱਗੇ।
ਉਨ੍ਹਾਂ ਅੱਗੇ ਲਿਖਿਆ ਸੀ ਕਿ ਇਤਫਾਕਨ ਅਜਿਹਾ ਹੋਇਆ ਕਿ ਇੰਦਰਾ ਗਾਂਧੀ ਦੇ ਕਤਲ ਵਾਲੇ ਦਿਨ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿੱਥੇ ਬਾਹਰ ਭੀੜ ਸਿੱਖਾਂ ਦੇ ਖੂਨ ਦੀ ਪਿਆਸੀ ਘੁੰਮ ਰਹੀ ਸੀ, ਇਸੇ ਦੌਰਾਨ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ ਸੀ।
ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਨਹੀਂ ਦੱਸੀ ਸੀ।
ਉਨ੍ਹਾਂ ਦੇ ਸਸਕਾਰ ਬਾਰੇ ਖ਼ੁਸ਼ਵੰਤ ਸਿੰਘ ਨੇ ਲਿਖਿਆ ਕਿ ਹਰਦਿੱਤ ਸਿੰਘ ਦੀ ਪਤਨੀ ਪ੍ਰਕਾਸ਼ ਕੌਰ ਦੇ ਕਹਿਣ ‘ਤੇ ਰਾਗੀਆਂ ਨੇ ਖ਼ੁਸ਼ੀ ਅਤੇ ਖੇੜੇ ਵਾਲੇ ਸ਼ਬਦ ਗਾਏ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)