ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪੱਤਰ ਲਿਖਦਿਆਂ ਔਰੰਗਜ਼ੇਬ ਨੇ ਕਿਹਾ, ‘ਮੇਰੀ ਸੱਤਾ ਨੂੰ ਚੁਣੌਤੀ ਨਾ ਦੇਣਾ, ਨਹੀਂ ਤਾਂ ਮੈਂ ਖ਼ੁਦ ਹਮਲੇ ਦੀ ਅਗਵਾਈ ਕਰਾਂਗਾ’
Monday, Jan 15, 2024 - 02:51 PM (IST)
ਸ੍ਰੀ ਗੁਰੂ ਗੋਬਿੰਦ ਸਿੰਘ ਸਿਰਫ਼ 9 ਸਾਲਾਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਟਿਆ ਹੋਇਆ ਸਿਰ ਅੰਤਿਮ ਸਸਕਾਰ ਦੇ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ ਸੀ।
ਉਨ੍ਹਾਂ ਦੇ ਪਿਤਾ ਦੀ ਸ਼ਹਾਦਤ ਨੇ ਉਮਰ ਭਰ ਉਨ੍ਹਾਂ ਦੇ ਨਜ਼ਰੀਏ ਨੂੰ ਪ੍ਰਭਾਵਿਤ ਕੀਤਾ।
ਇਤਿਹਾਸ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਅਕਸ ਇੱਕ ਲੰਮੇ-ਪਤਲੇ, ਵਧੀਆ ਕੱਪੜੇ ਪਾਉਣ ਵਾਲੇ ਅਤੇ ਕਈ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਲੈਸ ਇੱਕ ਪ੍ਰਭਾਵਸ਼ਾਲੀ ਵਿਅਕਤੀ ਦਾ ਸੀ।
ਤਸਵੀਰਾਂ ’ਚ ਉਨ੍ਹਾਂ ਦੇ ਖੱਬੇ ਹੱਥ ’ਤੇ ਹਮੇਸ਼ਾ ਇੱਕ ਚਿੱਟੇ ਰੰਗ ਦਾ ਬਾਜ਼ ਅਤੇ ਪੱਗ ’ਚ ਇੱਕ ਕਲਗੀ ਲੱਗੀ ਵਿਖਾਈ ਦਿੰਦੀ ਹੈ।
19 ਸਾਲ ਦੀ ਉਮਰ ਤੱਕ ਉਨ੍ਹਾਂ ਨੇ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿਆ ਸੀ।
ਖੁਸ਼ਵੰਤ ਸਿੰਘ ਆਪਣੀ ਮਸ਼ਹੂਰ ਕਿਤਾਬ ‘ਦਿ ਹਿਸਟਰੀ ਆਫ਼ ਦਿ ਸਿੱਖਸ’ ’ਚ ਲਿਖਦੇ ਹਨ, “ਇਸ ਦੌਰਾਨ ਉਨ੍ਹਾਂ ਨੂੰ ਸੰਸਕ੍ਰਿਤ ਅਤੇ ਫ਼ਾਰਸੀ ਪੜ੍ਹਾਈ ਗਈ। ਹਿੰਦੀ ਅਤੇ ਪੰਜਾਬੀ ਭਾਸ਼ਾ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਉਂਦੀ ਸੀ।"
"ਉਨ੍ਹਾਂ ਨੇ ਘੋੜ ਸਵਾਰੀ ਕਰਨਾ ਅਤੇ ਬੰਦੂਕ ਚਲਾਉਣਾ ਵੀ ਸਿੱਖਿਆ। ਉਨ੍ਹਾਂ ਨੇ ਚਾਰ ਭਾਸ਼ਾਵਾਂ ’ਚ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਕਈ ਵਾਰ ਤਾਂ ਉਹ ਇੱਕ ਹੀ ਕਵਿਤਾ ’ਚ ਚਾਰੇ ਭਾਸ਼ਾਵਾਂ ਦੀ ਵਰਤੋਂ ਕਰਦੇ ਸਨ।”
ਖੁਸ਼ਵੰਤ ਸਿੰਘ ਲਿਖਦੇ ਹਨ, “ਉਨ੍ਹਾਂ ਨੇ ਹਿੰਦੂ ਧਰਮ ਸ਼ਾਸਤਰ ਦੀਆਂ ਕਈ ਕਹਾਣੀਆਂ ਨੂੰ ਆਪਣੇ ਸ਼ਬਦਾਂ ’ਚ ਪਰੋਇਆ ਹੈ। ਉਨ੍ਹਾਂ ਦੀ ਪਸੰਦੀਦਾ ਕਹਾਣੀ ਚੰਡੀ ਦੀ ਵਾਰ ਸੀ, ਜੋ ਕਿ ਦੈਂਤਾਂ ਦਾ ਨਾਸ਼ ਕਰਦੀ ਸੀ।"
"ਉਨ੍ਹਾਂ ਬਾਰੇ ’ਚ ਮਸ਼ਹੂਰ ਸੀ ਕਿ ਉਨ੍ਹਾਂ ਦੇ ਤੀਰਾਂ ਦੇ ਸਿਰੇ ਸੋਨੇ ਦੇ ਬਣੇ ਹੁੰਦੇ ਸਨ ਤਾਂ ਜੋ ਮ੍ਰਿਤਕ ਦੇ ਪਰਿਵਾਰ ਦਾ ਖਰਚ ਉਸ ਤੀਰ ਨੂੰ ਵੇਚ ਕੇ ਮਿਲ ਸਕੇ।”
ਗੁਰੂ ਗੋਬਿੰਦ ਸਿੰਘ ਦੀ ਪਹਿਲੀ ਜਿੱਤ
ਗੁਰੂ ਗੋਬਿੰਦ ਨੂੰ ਪਹਿਲੀ ਚੁਣੌਤੀ ਉਨ੍ਹਾਂ ਦੇ ਗੁਆਂਢੀ ਪਹਾੜੀ ਰਾਜ ਬਿਲਾਸਪੁਰ ਦੇ ਰਾਜਾ ਭੀਮ ਚੰਦ ਤੋਂ ਮਿਲੀ ਸੀ। ਭੀਮ ਚੰਦ ਨੂੰ ਗੁਰੂ ਗੋਬਿੰਦ ਸਿੰਘ ਦੀ ਲੋਕਾਂ ’ਚ ਪ੍ਰਸਿੱਧੀ ਬਿਲਕੁਲ ਵੀ ਗਵਾਰਾ ਨਹੀਂ ਸੀ।
ਭੀਮ ਚੰਦ ਇਸ ਲਈ ਵੀ ਉਨ੍ਹਾਂ ਤੋਂ ਨਾਰਾਜ਼ ਸੀ ਕਿਉਂਕਿ ਇੱਕ ਵਾਰ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਆਪਣਾ ਹਾਥੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਰਾਜੇ ਨੇ ਆਨੰਦਪੁਰ ਸਾਹਿਬ ’ਤੇ ਹਮਲਾ ਕਰ ਦਿੱਤਾ, ਜਿਸ ’ਚ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।
ਪਤਵੰਤ ਸਿੰਘ ਆਪਣੀ ਕਿਤਾਬ ‘ਦਿ ਸਿੱਖਸ’ ’ਚ ਲਿਖਦੇ ਹਨ, “ਸਿੱਖ ਧਰਮ ’ਚ ਹਿੰਦੂ ਧਰਮ ਦੇ ਉਲਟ ਸਾਰੀਆਂ ਜਾਤੀਆਂ ਨੂੰ ਬਰਾਬਰ ਮਹੱਤਵ ਦਿੱਤਾ ਗਿਆ ਸੀ, ਇਸ ਲਈ ਉੱਚ ਜਾਤੀ ਦੇ ਜਗੀਰਦਾਰੀ ਸੋਚ ਰੱਖਣ ਵਾਲੇ ਲੋਕਾਂ ਨਾਲ ਉਨ੍ਹਾਂ ਦਾ ਟਕਰਾਵ ਲਾਜ਼ਮੀ ਹੀ ਸੀ।"
"ਗੁਆਂਢੀ ਰਾਜਾਂ ਦੇ ਸਰਦਾਰਾਂ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆ ਰਹੀ ਸੀ ਕਿਉਂਕਿ ਭਵਿੱਖ ’ਚ ਜਮਹੂਰੀ ਸਿੱਖ ਕਦਰਾਂ-ਕੀਮਤਾਂ ਉਨ੍ਹਾਂ ਦੇ ਜਗੀਰਦਾਰੀ ਹੱਕਾਂ ਲਈ ਖ਼ਤਰਾ ਸਾਬਤ ਹੋ ਸਕਦੀਆਂ ਸਨ।”
1685 ’ਚ ਗੁਰੂ ਗੋਬਿੰਦ ਸਿੰਘ ਨੇ ਗੁਆਂਢੀ ਸਿਰਮੌਰ ਰਿਆਸਤ ਦੇ ਰਾਜਾ ਮੇਦਿਨੀ ਪ੍ਰਕਾਸ਼ ਦੀ ਮੇਜ਼ਬਾਨੀ ਕਬੂਲ ਕੀਤੀ। ਉਹ ਉੱਥੇ ਤਿੰਨ ਸਾਲਾਂ ਤੱਕ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਹਿਣ ਲਈ ਯਮੁਨਾ ਨਦੀ ਦੇ ਕੰਢੇ ਇੱਕ ਥਾਂ ਦੀ ਚੋਣ ਕੀਤੀ, ਜਿਸ ਦਾ ਨਾਮ ਸੀ ਪਾਉਂਟਾ।
ਇੱਥੇ ਹੀ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਅਜੀਤ ਸਿੰਘ ਦਾ ਜਨਮ ਹੋਇਆ ਸੀ। ਇੱਥੇ ਉਨ੍ਹਾਂ ਨੂੰ ਇੱਕ ਵਾਰ ਫਿਰ ਜੰਗ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਭੀਮ ਚੰਦ ਅਤੇ ਫ਼ਤਿਹ ਸ਼ਾਹ ਦੀ ਫੌਜ ਨੇ ਸਾਂਝੇ ਤੌਰ ’ਤੇ ਉਨ੍ਹਾਂ ’ਤੇ ਹਮਲਾ ਬੋਲਿਆ।
ਇਹ ਜੰਗ ਪਾਉਂਟਾ ਸਾਹਿਬ ਤੋਂ 6 ਮੀਲ ਦੀ ਦੂਰੀ ’ਤੇ ਭੰਗਾਣੀ ਵਿਖੇ ਹੋਈ ਸੀ। ਇਸ ਲੜਾਈ ’ਚ ਵੀ ਇਨ੍ਹਾਂ ਰਾਜਿਆਂ ਨੂੰ ਹਾਰ ਦਾ ਸੁਆਦ ਚੱਖਣਾ ਪਿਆ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਕਿੰਨੇ ਤਾਕਤਵਰ ਹਨ।”
ਖਾਲਸੇ ਦੀ ਸਥਾਪਨਾ
1699 ਦੇ ਸ਼ੂਰੂ ’ਚ ਉਨ੍ਹਾਂ ਨੇ ਸਾਰੇ ਹੀ ਸਿੱਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਵਿਸਾਖੀ ਦੇ ਮੌਕੇ ’ਤੇ ਆਨੰਦਪੁਰ ਸਾਹਿਬ ਵਿਖੇ ਇੱਕਠੇ ਹੋਣ।
ਇੱਕਠੀ ਹੋਈ ਭੀੜ ਦੇ ਸਾਹਮਣੇ ਹੀ ਉਨ੍ਹਾਂ ਨੇ ਆਪਣੀ ਮਿਆਨ ’ਚੋਂ ਤਲਵਾਰ ਕੱਢੀ ਅਤੇ ਐਲਾਨ ਕੀਤਾ ਕਿ ਅਜਿਹੇ ਪੰਜ ਲੋਕ ਸਾਹਮਣੇ ਆਉਣ ਜੋ ਕਿ ਧਰਮ ਦੀ ਰੱਖਿਆ ਖ਼ਾਤਰ ਆਪਣੀ ਜਾਨ ਤੱਕ ਕੁਰਬਾਨ ਕਰਨ ਲਈ ਤਿਆਰ ਹਨ।
ਪਤਵੰਤ ਸਿੰਘ ਲਿਖਦੇ ਹਨ, “ਸਭ ਤੋਂ ਪਹਿਲਾਂ ਲਾਹੌਰ ਦੇ ਦਇਆ ਰਾਮ ਅੱਗੇ ਆਏ। ਗੁਰੂ ਗੋਬਿੰਦ ਸਿੰਘ ਉਨ੍ਹਾਂ ਨੂੰ ਨਾਲ ਦੇ ਤੰਬੂ ’ਚ ਲੈ ਗਏ। ਉਨ੍ਹਾਂ ਤੋਂ ਬਾਅਦ ਹਸਤੀਨਾਪੁਰ ਦੇ ਧਰਮਦਾਸ, ਦਵਾਰਕਾ ਦੇ ਮੋਹਕਮ ਚੰਦ, ਜਗਨਨਾਥ ਦੇ ਹਿੰਮਤ ਅਤੇ ਬਿਦਰ ਦੇ ਸਾਹਿਬ ਚੰਦ ਅੱਗੇ ਆਏ।”
ਤੰਬੂ ਦੇ ਬਾਹਰ ਸਾਰੇ ਲੋਕ ਬਹੁਤ ਹੀ ਉਤਸੁਕਤਾ ਨਾਲ ਉਨ੍ਹਾਂ ਪੰਜਾਂ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਸਨ। ਫਿਰ ਗੁਰੂ ਗੋਬਿੰਦ ਸਿੰਘ ਦੀ ਤਲਵਾਰ ’ਚੋਂ ਲਹੂ ਟਕਪਦਾ ਵੇਖ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ।
ਪਤਵੰਤ ਸਿੰਘ ਅੱਗੇ ਲਿਖਦੇ ਹਨ, “ਕੁਝ ਸਮੇਂ ਬਾਅਦ ਗੁਰੁ ਗੋਬਿੰਦ ਸਿੰਘ ਇਨ੍ਹਾਂ ਪੰਜਾਂ ਨੂੰ ਲੈ ਕੇ ਬਾਹਰ ਆਏ। ਇੰਨ੍ਹਾਂ ਪੰਜਾਂ ਨੇ ਕੇਸਰੀ ਰੰਗ ਦੇ ਕੱਪੜੇ ਅਤੇ ਪੱਗ ਬੰਨ੍ਹੀ ਹੋਈ ਸੀ। ਫਿਰ ਜਾ ਕੇ ਲੋਕਾਂ ਨੂੰ ਮਹਿਸੂਸ ਹੋਇਆ ਕਿ ਗੁਰੂ ਗੋਬਿੰਦ ਸਿੰਘ ਨੇ ਉਨ੍ਹਾਂ ਨੂੰ ਮਾਰਿਆ ਨਹੀਂ ਸੀ।"
"ਉਹ ਤਾਂ ਉਨ੍ਹਾਂ ਦੀ ਹਿੰਮਤ ਅਤੇ ਸਾਹਸ ਦੀ ਪਰਖ ਕਰ ਰਹੇ ਸਨ। ਗੁਰੁ ਜੀ ਨੇ ਇੰਨ੍ਹਾਂ ਪੰਜਾਂ ਨੂੰ ‘ਪੰਜ ਪਿਆਰਿਆਂ’ ਦਾ ਨਾਮ ਦਿੱਤਾ।”
ਗੁਰੁ ਗੋਬਿੰਦ ਸਿੰਘ ਨੇ ਇੱਕ ਕੜਾਹੇ ’ਚ ਜਲ ਭਰ ਕੇ ਉਸ ’ਚ ਪਤਾਸੇ ਪਾ ਕੇ ਆਪਣੀ ਕਿਰਪਾਨ ਨਾਲ ਹਿਲਾਇਆ ਅਤੇ ਉਨ੍ਹਾਂ ਪੰਜਾਂ ਪਿਆਰਿਆਂ ਨੂੰ ਇੱਕ ਬਾਟੇ ’ਚ ਉਹ ਅੰਮ੍ਰਿਤ ਪਾ ਕੇ ਛਕਾਇਆ। ਇਹ ਪੰਜੇ ਲੋਕ ਵੱਖ-ਵੱਖ ਹਿੰਦੂ ਜਾਤੀਆਂ ਨਾਲ ਸਬੰਧ ਰੱਖਦੇ ਸਨ।
ਇਸ ਬਾਟੇ ’ਚ ਤਿਆਰ ਕੀਤੇ ਅੰਮ੍ਰਿਤ ਦਾ ਸੰਕੇਤਕ ਅਰਥ ਸੀ ਕਿ ਇਸ ਅੰਮ੍ਰਿਤ ਨੂੰ ਪੀ ਕੇ ਉਹ ਪੰਜੇ ਜਾਤੀ ਰਹਿਤ ਖਾਲਸੇ ਦੇ ਮੈਂਬਰ ਬਣ ਗਏ ਹਨ। ਉਨ੍ਹਾਂ ਸਾਰਿਆਂ ਦਾ ਹਿੰਦੂ ਨਾਮ ਬਦਲ ਕੇ ਉਨ੍ਹਾਂ ਨੂੰ ਉਪਨਾਮ ‘ਸਿੰਘ’ ਦਿੱਤਾ ਗਿਆ।
ਪੰਜ ਕਕਾਰ
ਖਾਲਸੇ ਦੇ ਲਈ ਪੰਜ ਨਿਯਮ ਬਣਾਏ ਗਏ ਸਨ, ਜਿਨ੍ਹਾਂ ਦਾ ਪਹਿਲਾਂ ਅੱਖਰ ਸੀ ‘ਕ’। ਇਸ ਲਈ ਇਨ੍ਹਾਂ ਨੂੰ ‘ਪੰਜ ਕਕਾਰ’ ਦਾ ਨਾਮ ਦਿੱਤਾ ਗਿਆ। ਇਹ ਸਨ- ਕੇਸ, ਕੰਘਾ, ਕਛਹਿਰਾ, ਕੜ੍ਹਾ ਅਤੇ ਕਿਰਪਾਨ।
ਖੁਸ਼ਵੰਤ ਸਿੰਘ ਲਿਖਦੇ ਹਨ, “ਪੰਜ ਪਿਆਰਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਸਿਰ ਅਤੇ ਦਾੜੀ ਦੇ ਵਾਲ ਨਹੀਂ ਕਟਵਾਉਣਗੇ। ਉਨ੍ਹਾਂ ਨੂੰ ਸਿਰ ਦੇ ਵਾਲਾਂ ’ਚ ਇੱਕ ਲੱਕੜੀ ਦਾ ਕੰਘਾ ਰੱਖਣ ਲਈ ਕਿਹਾ ਗਿਆ ਤਾਂ ਜੋ ਉਹ ਆਪਣੇ ਵਾਲਾਂ ਨੂੰ ਵਿਵਸਥਿਤ ਢੰਗ ਨਾਲ ਰੱਖ ਸਕਣ।"
"ਇਸ ਦੇ ਨਾਲ ਹੀ ਉਨ੍ਹਾਂ ਨੂੰ ਕਛਹਿਰਾ, ਜੋ ਕਿ ਗੋਡਿਆਂ ਤੱਕ ਹੁੰਦਾ ਹੈ, ਉਸ ਨੂੰ ਪਾਉਣ ਦੀ ਵੀ ਹਦਾਇਤ ਕੀਤੀ ਗਈ। ਉਨ੍ਹਾਂ ਸਮਿਆਂ ’ਚ ਸੈਨਿਕ ਇਸ ਨੂੰ ਪਹਿਨਦੇ ਸਨ।"
"ਪੰਜ ਪਿਆਰਿਆਂ ਨੂੰ ਆਪਣੇ ਸੱਜੇ ਹੱਥ ’ਚ ਸਰਬ ਲੋਹ ਦਾ ਕੜਾ ਲਾਜ਼ਮੀ ਤੌਰ ’ਤੇ ਪਾਉਣ ਦੀ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਇਨ੍ਹਾਂ ਜੁਝਾਰੂ ਸਿੰਘਾਂ ਨੂੰ ਹਮੇਸ਼ਾ ਆਪਣੇ ਨਾਲ ਇੱਕ ਕਿਰਪਾਨ ਰੱਖਣ ਲਈ ਵੀ ਕਿਹਾ ਗਿਆ।”
ਇੰਨ੍ਹਾਂ ਪੰਜ ਕਕਾਰਾਂ ਨੂੰ ਧਾਰਨ ਕਰਨ ਤੋਂ ਇਲਾਵਾ ਉਨ੍ਹਾਂ ’ਤੇ ਸਿਗਰਟਨੋਸ਼ੀ, ਤੰਬਾਕੂ ਦਾ ਸੇਵਨ ਕਰਨ ਅਤੇ ਸ਼ਰਾਬ ਪੀਣ ’ਤੇ ਵੀ ਪਾਬੰਦੀ ਲਗਾਈ ਗਈ ਸੀ।
ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਪਰ-ਇਸਤਰੀ ਦਾ ਸਨਮਾਨ ਕਰਨਗੇ। ਅਖ਼ੀਰ ’ਚ ਉਨ੍ਹਾਂ ਨੇ ਇੱਕ ਨਵੀਂ ਕਿਸਮ ਦੀ ਫਤਿਹ/ਨਮਸਕਾਰ ਦਾ ਆਗਾਜ਼ ਕੀਤਾ- ‘ਵਾਹਿਗੁਰੂ ਗੋਬਿੰਦ ਸਿੰਘ ਕਾ ਖਾਲਸਾ, ਵਾਹਿਗੁਰੂ ਗੋਬਿੰਦ ਸਿੰਘ ਕੀ ਫਤਿਹ’।
ਔਰੰਗਜ਼ੇਬ ਨਾਲ ਪੱਤਰ-ਵਿਹਾਰ
1701 ਤੋਂ 1704 ਦਰਮਿਆਨ ਸਿੱਖਾਂ ਅਤੇ ਪਹਾੜੀ ਰਾਜਿਆਂ ਵਿਚਾਲੇ ਝੜਪਾਂ ਹੁੰਦੀਆਂ ਰਹੀਆਂ।
ਅਖ਼ੀਰ ਬਿਲਾਸਪੁਰ ਦੇ ਰਾਜਾ ਭੀਮ ਚੰਦ ਦੇ ਪੁੱਤਰ ਅਤੇ ਵਾਰਸ ਅਜਮੇਰ ਚੰਦ ਨੇ ਦੱਖਣ ਵੱਲ ਜਾ ਕੇ ਔਰੰਗਜ਼ੇਬ ਨਾਲ ਮੁਲਾਕਾਤ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ’ਚੋਂ ਹਟਾਉਣ ਦੇ ਲਈ ਮਦਦ ਮੰਗੀ।
ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਚਿੱਠੀ ਭੇਜੀ, ਜਿਸ ’ਚ ਉਸ ਨੇ ਲਿਖਿਆ , “ਤੁਹਾਡਾ ਅਤੇ ਮੇਰਾ ਧਰਮ ਇੱਕ ਪ੍ਰਮਾਤਮਾ ’ਚ ਵਿਸ਼ਵਾਸ ਰੱਖਦਾ ਹੈ। ਸਾਡੇ ਦੋਵਾਂ ਵਿਚਕਾਰ ਗਲਤਫਹਿਮੀ ਕਿਉਂ ਹੋਣੀ ਚਾਹੀਦੀ ਹੈ?"
"ਤੁਹਾਡੇ ਕੋਲ ਮੇਰੀ ਪ੍ਰਭੂਸੱਤਾ, ਈਨ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ, ਜੋ ਕਿ ਮੈਨੂੰ ਅੱਲ੍ਹਾ ਨੇ ਦਿੱਤੀ ਹੈ। ਜੇਕਰ ਤੁਹਾਨੂੰ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਮੇਰੇ ਦਰ ’ਤੇ ਆ ਸਕਦੇ ਹੋ। ਮੈਂ ਤੁਹਾਡੇ ਨਾਲ ਇੱਕ ਧਾਰਮਿਕ ਵਿਅਕਤੀ ਵਾਂਗਰ ਪੇਸ਼ ਆਵਾਂਗਾ। ਪਰ ਮੇਰੀ ਸੱਤਾ ਨੂੰ ਚੁਣੌਤੀ ਨਾ ਦੇਣਾ, ਨਹੀਂ ਤਾਂ ਮੈਂ ਖ਼ੁਦ ਹਮਲੇ ਦੀ ਅਗਵਾਈ ਕਰਾਂਗਾ।”
ਇਸ ਪੱਤਰ ਦਾ ਜਵਾਬ ਦਿੰਦਿਆਂ ਗੁਰੂ ਗੋਬਿੰਦ ਸਿੰਘ ਨੇ ਲਿਖਿਆ, “ਦੁਨੀਆ ’ਚ ਸਿਰਫ਼ ਇੱਕ ਸਰਬਸ਼ਕਤੀਮਾਨ ਪ੍ਰਮਾਤਮਾ ਹੈ, ਜਿਸ ’ਤੇ ਮੈਂ ਅਤੇ ਤੁਸੀਂ ਦੋਵੇਂ ਹੀ ਨਿਰਭਰ ਹਾਂ। ਪਰ ਤੁਸੀਂ ਇਸ ਨੂੰ ਨਹੀਂ ਮੰਨਦੇ ਹੋ ਅਤੇ ਉਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਜਾਂ ਉਨ੍ਹਾਂ ਨਾਲ ਭੇਦ-ਭਾਵ ਕਰਦੇ ਹੋ, ਜਿਨ੍ਹਾਂ ਦਾ ਧਰਮ ਤੁਹਾਡੇ ਤੋਂ ਵੱਖਰਾ ਹੈ।"
"ਪ੍ਰਮਾਤਮਾ ਨੇ ਮੈਨੂੰ ਇਨਸਾਫ਼, ਨਿਆਂ ਬਹਾਲ ਕਰਨ ਲਈ ਹੀ ਇਸ ਦੁਨੀਆ ’ਤੇ ਭੇਜਿਆ ਹੈ। ਸਾਡੇ ਵਿਚਕਾਰ ਸ਼ਾਂਤੀ ਕਿਵੇਂ ਹੋ ਸਕਦੀ ਹੈ, ਜਦੋਂ ਕਿ ਮੇਰੇ ਅਤੇ ਤੁਹਾਡੇ ਰਸਤੇ ਹੀ ਬਿਲਕੁਲ ਵੱਖਰੇ ਹਨ।”
ਇਸ ਤੋਂ ਬਾਅਦ ਔਰੰਗਜ਼ੇਬ ਨੇ ਦਿੱਲੀ, ਸਰਹਿੰਦ ਅਤੇ ਲਾਹੌਰ ਦੇ ਆਪਣੇ ਗਵਰਨਰਾਂ ਨੂੰ ਹੁਕਮ ਦਿੱਤੇ ਕਿ ਉਹ ਗੁਰੂ ਗੋਬਿੰਦ ਸਿੰਘ ’ਤੇ ਕਾਬੂ ਪਾਉਣ ਲਈ ਆਪਣੇ ਸਾਰੇ ਸੈਨਿਕਾਂ ਨੂੰ ਲਗਾ ਦਿਓ।
ਜਾਰੀ ਕੀਤੇ ਹੁਕਮ ’ਚ ਕਿਹਾ ਗਿਆ ਕਿ ਪਹਾੜੀ ਰਾਜਿਆਂ ਦੇ ਸੈਨਿਕ ਵੀ ਮੁਗ਼ਲ ਫੌਜ ਦੇ ਨਾਲ ਹੀ ਲੜਨਗੇ ਅਤੇ ਗੁਰੂ ਗੋਬਿੰਦ ਸਿੰਘ ਨੂੰ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰਨਗੇ।
ਗੁਰੂ ਗੋਬਿੰਦ ਸਿੰਘ ਨੇ ਜੰਗ ਦੀ ਤਿਆਰੀ ਕੀਤੀ ਪੂਰੀ
ਤੈਅ ਹੋਇਆ ਕਿ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਨ ਦੀ ਅਗਵਾਈ ਹੇਠ ਮੁਗ਼ਲ ਅਤੇ ਪਹਾੜੀ ਰਾਜਿਆਂ ਦੀ ਫੌਜ ਅਨੰਦਪੁਰ ਸਾਹਿਬ ਵੱਲ ਕੂਚ ਕਰੇਗੀ।
ਇਹ ਸੁਣਦੇ ਹੀ ਗੁਰੂ ਗੋਬਿੰਦ ਸਿੰਘ ਨੇ ਭਾਈ ਮੁਖੀਆ ਅਤੇ ਭਾਈ ਪਰਸਾ ਜੀ ਨੂੰ ਹੁਕਮਨਾਮਾ ਜਾਰੀ ਕਰਕੇ ਘੋੜ ਸਵਾਰਾਂ, ਪੈਦਲ ਸੈਨਿਕਾਂ ਅਤੇ ਹਿੰਮਤੀ ਨੌਜਵਾਨਾਂ ਨਾਲ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਲਈ ਕਿਹਾ।
ਕੁਰੂਕਸ਼ੇਤਰ ਦੇ ਮੇਲੇ ਅਤੇ ਅਫ਼ਗਾਨਿਸਤਾਨ ਤੋਂ ਘੋੜਿਆਂ ਦਾ ਇੰਤਜ਼ਾਮ ਕੀਤਾ ਗਿਆ।
ਸਿਪਹਾਸਲਾਰਾਂ ਨੇ ਫੌਜ ਨੂੰ ਮਜ਼ਬੂਤ ਕਰਨ, ਖ਼ਾਸ ਤੌਰ ’ਤੇ ਨਵੇਂ ਰੰਗਰੂਟਾਂ ਨੂੰ ਸਿਖਲਾਈ ਦੇਣ, ਲੜਾਈ ਲਈ ਯੋਜਨਾ ਬਣਾਉਣ ’ਚ ਆਪਣੀ ਪੂਰੀ ਵਾਹ ਲਗਾ ਦਿੱਤੀ ਸੀ।
ਹਰ ਸੈਨਿਕ ਠਿਕਾਣਿਆਂ ’ਤੇ ਪੁਖ਼ਤਾ ਪ੍ਰਬੰਧ ਕੀਤੇ ਗਏ ਤਾਂ ਜੋ ਸੰਭਾਵੀ ਘੇਰਾਬੰਦੀ ਕਾਰਨ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕੀਤਾ ਜਾ ਸਕੇ।
ਕਿਲ੍ਹੇ ਦੇ ਅੰਦਰ ਰਹਿ ਕੇ ਹੀ ਲੜ੍ਹਨ ਦਾ ਕੀਤਾ ਫ਼ੈਸਲਾ
ਗੁਰੂ ਗੋਬਿੰਦ ਸਿੰਘ ਨੇ ਆਪਣੀ ਫੌਜ ਨੂੰ 6 ਹਿੱਸਿਆਂ ’ਚ ਵੰਡਿਆ। ਪੰਜ ਟੁਕੜੀਆਂ ਨੂੰ ਪੰਜ ਕਿਲ੍ਹਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ 6ਵੀਂ ਟੁਕੜੀ ਨੂੰ ਰਾਖਵਾਂ ਰੱਖਿਆ ਗਿਆ।
ਗੁਰੂ ਗੋਬਿੰਦ ਸਿੰਘ ਨੇ ਅਨੰਦਗੜ੍ਹ ਦੀ ਜ਼ਿੰਮੇਵਾਰੀ ਆਪਣੇ ’ਤੇ ਲਈ। ਫਤਿਹਗੜ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਦੈ ਸਿੰਘ ਅਤੇ ਮੱਖਣ ਸਿੰਘ ਨੂੰ ਨਾਲਾਗੜ੍ਹ ਦੀ ਕਮਾਂਡ ਸੌਂਪੀ ਗਈ।
ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਨੂੰ ਕੇਸਗੜ੍ਹ ਦਾ ਇੰਚਾਰਜ ਬਣਾਇਆ ਗਿਆ ਅਤੇ ਉਨ੍ਹਾਂ ਦੇ ਛੋਟੇ ਸਹਿਬਜ਼ਾਦੇ ਜੁਝਾਰ ਸਿੰਘ ਨੂੰ ਲੋਹਗੜ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਗਈ।
ਅਮਰਦੀਪ ਦਹੀਆ ਗੁਰੂ ਗੋਬਿੰਦ ਸਿੰਘ ਦੀ ਜੀਵਨੀ ‘ਫਾਊਂਡਰ ਆਫ਼ ਦਿ ਖਾਲਸਾ’ ’ਚ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਰੇ ਜਰਨੈਲਾਂ ਨੂੰ ਕਿਹਾ ਕਿ ਮੁਗ਼ਲ ਫੌਜ ਦੀ ਗਿਣਤੀ ਉਨ੍ਹਾਂ ਤੋਂ ਕਿਤੇ ਵੱਧ ਹੋਣ ਦੇ ਕਾਰਨ ਉਨ੍ਹਾਂ ਦੇ ਨਾਲ ਖੁੱਲ੍ਹੇ ’ਚ ਲੜਨਾ ਅਕਲਮੰਦੀ ਨਹੀਂ ਹੋਵੇਗੀ। ਬਿਹਤਰ ਰਣਨੀਤੀ ਇਹੀ ਹੋਵੇਗੀ ਕਿ ਅਸੀਂ ਆਪਣੇ ਕਿਲ੍ਹਿਆਂ ਦੇ ਅੰਦਰੋਂ ਹੀ ਉਨ੍ਹਾਂ ’ਤੇ ਵਾਰ ਕਰੀਏ।”
ਮੁਗ਼ਲ ਫੌਜ ਨੇ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਸੈਨਾ ’ਤੇ ਹਮਲਾ ਕੀਤਾ।
ਮੈਕਸ ਆਰਥਰ ਮੌਕਾਲਿਫ਼ ਆਪਣੀ ਕਿਤਾਬ ‘ਦਿ ਸਿੱਖ ਰਿਲੀਜਨ’ ’ਚ ਲਿਖਦੇ ਹਨ, “ਪੰਜੇ ਕਿਲ੍ਹਿਆਂ ਦੇ ਸਿੱਖ ਤੋਪਚੀਆਂ ਨੇ ਉਸ ਇਲਾਕੇ ਨੂੰ ਆਪਣੇ ਨਿਸ਼ਾਨੇ ’ਤੇ ਲਿਆ ਜਿੱਥੇ ਵੱਡੀ ਗਿਣਤੀ ’ਚ ਮੁਗ਼ਲ ਸੈਨਿਕ ਮੌਜੂਦ ਸਨ।"
"ਮੁਗ਼ਲ ਸੈਨਿਕ ਖੁੱਲ੍ਹੇ ਮੈਦਾਨ ’ਚ ਲੜ੍ਹ ਰਹੇ ਸਨ ਇਸ ਲਈ ਸਿੱਖ ਸਿਪਾਹੀਆਂ ਦੇ ਮੁਕਾਬਲੇ ਉਨ੍ਹਾਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਸੀ। ਇਸ ਸਥਿਤੀ ਨੂੰ ਭਾਂਪਦੇ ਹੀ ਉਦੈ ਸਿੰਘ ਅਤੇ ਦਇਆ ਸਿੰਘ ਦੀ ਅਗਵਾਈ ’ਚ ਸਿੱਖ ਸੈਨਿਕ ਕਿਲ੍ਹੇ ਤੋਂ ਬਾਹਰ ਨਿਕਲ ਆਏ ਅਤੇ ਮੁਗ਼ਲ ਸੈਨਿਕਾਂ ’ਤੇ ਟੁੱਟ ਪਏ।"
"ਮੁਗ਼ਲ ਫੌਜ ਦੇ ਦੋ ਜਰਨੈਲ ਵਜ਼ੀਰ ਖ਼ਾਨ ਅਤੇ ਜ਼ਬਰਦਸਤ ਖ਼ਾਨ ਇਹ ਸਭ ਵੇਖ ਕੇ ਹੈਰਾਨ ਰਹਿ ਗਏ ਕਿ ਕਿਵੇਂ ਉਨ੍ਹਾਂ ਦੀ ਫੌਜ ਤੋਂ ਗਿਣਤੀ ’ਚ ਕਿਤੇ ਘੱਟ ਸਿੱਖ ਫੌਜ ਉਨ੍ਹਾਂ ਦਾ ਇਨ੍ਹਾਂ ਨੁਕਸਾਨ ਕਰ ਰਹੀ ਹੈ।”
ਗੁਰੂ ਗੋਬਿੰਦ ਸਿੰਘ ਦੇ ਕਿਲ੍ਹੇ ਦੀ ਹੋਈ ਘੇਰਾਬੰਦੀ
ਪਹਿਲੇ ਦਿਨ ਦੀ ਲੜਾਈ ਦੀ ਸਮਾਪਤੀ ਤੋਂ ਬਾਅਦ ਕਿਲ੍ਹਿਆਂ ਦੀ ਕੰਧਾਂ ਦੇ ਬਾਹਰ ਤਕਰੀਬਨ 900 ਮੁਗ਼ਲ ਸੈਨਿਕਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਅਗਲੇ ਦਿਨ ਗੁਰੂ ਗੋਬਿੰਦ ਸਿੰਘ ਖੁਦ ਜੰਗ ’ਚ ਸ਼ਾਮਲ ਹੋਏ।
ਅਮਰਦੀਪ ਦਹੀਆ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਆਪਣੇ ਮਸ਼ਹੂਰ ਘੋੜੇ ’ਤੇ ਸਵਾਰ ਸਨ। ਉਨ੍ਹਾਂ ਦੇ ਘੋੜੇ ਦੀ ਕਾਠੀ ’ਤੇ ਸੁਨਹਿਰੀ ਤਾਰਿਆਂ ਦੀ ਕਢਾਈ ਹੋ ਰੱਖੀ ਸੀ।"
"ਉਨ੍ਹਾਂ ਦੀ ਕਮਾਨ/ਧਨੁਸ਼ ਚਮਕੀਲੇ ਹਰੇ ਰੰਗ ਨਾਲ ਰੰਗੀ ਹੋਈ ਸੀ ਅਤੇ ਉਨ੍ਹਾਂ ਦੀ ਪੱਗ ’ਤੇ ਹੀਰੇ-ਜਵਾਹਰਾਤਾਂ ਨਾਲ ਜੜ੍ਹੀ ਕਲਗੀ ਸਵੇਰ ਦੇ ਸੂਰਜ ਦੀ ਰੌਸ਼ਨੀ ’ਚ ਚਮਕ ਰਹੀ ਸੀ। ਗੁਰੂ ਗੋਬਿੰਦ ਸਿੰਘ ਦੇ ਜੰਗ ’ਚ ਸ਼ਾਮਲ ਹੋਣ ''''ਤੇ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਸੈਨਿਕ ਵੀ ਅੱਗੇ ਵੱਧ ਕੇ ਮੁਗ਼ਲਾਂ ਨੂੰ ਟੱਕਰ ਦੇ ਰਹੇ ਸਨ।"
"ਰਾਜਾ ਅਜਮੇਰ ਚੰਦ ਨੇ ਲੜਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਨੂੰ ਪਛਾਣ ਲਿਆ ਸੀ। ਫਿਰ ਵਜ਼ੀਰ ਖ਼ਾਨ ਅਤੇ ਜ਼ਬਰਦਸਤ ਖ਼ਾਨ ਨੇ ਵੀ ਐਲਾਨ ਕੀਤਾ ਕਿ ਜੋ ਵੀ ਗੁਰੂ ਗੋਬਿੰਦ ਸਿੰਘ ’ਤੇ ਹਮਲਾ ਕਰੇਗਾ, ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ।”
ਦੂਜੇ ਦਿਨ ਦੀ ਲੜਾਈ ਦੀ ਸਮਾਪਤੀ ’ਤੇ ਕਿਲ੍ਹੇ ’ਚ ਦਾਖ਼ਲ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੀ ਫੌਜ ਨੇ ਕਾਫੀ ਤਬਾਹੀ ਮਚਾਈ ਸੀ। ਇਸ ’ਚ ਸੈਂਕੜੈ ਘੋੜੇ ਅਤੇ ਮੁਗ਼ਲ ਸੈਨਿਕ ਮਾਰੇ ਗਏ ਸਨ। ਰਾਜਿਆਂ ਅਤੇ ਮੁਗ਼ਲ ਸੈਨਿਕਾਂ ਵਿਚਾਲੇ ਹੋਈ ਬੈਠਕ ’ਚ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਪੂਰੀ ਤਾਕਤ ਨਾਲ ਨਾ ਲੜਨ ਦਾ ਇਲਜ਼ਾਮ ਲਗਾਇਆ।
ਮੁਗ਼ਲਾਂ ਨੂੰ ਲੱਗਿਆ ਕਿ ਸਿੱਖ ਸੈਨਿਕਾਂ ਨੂੰ ਹਰਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਉਨ੍ਹਾਂ ਦੇ ਕਿਲ੍ਹਿਆਂ ਦੀ ਘੇਰਾਬੰਦੀ ਕਰ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਬਾਹਰੀ ਦੁਨੀਆ ਨਾਲੋਂ ਪੂਰੀ ਤਰ੍ਹਾਂ ਨਾਲ ਕੱਟ ਦਿੱਤਾ ਜਾਵੇ ਤਾਂ ਜੋ ਕਿਲ੍ਹਿਆਂ ਅੰਦਰ ਅਨਾਜ ਜਾਂ ਹੋਰ ਜ਼ਰੂਰੀ ਸਮਾਨ ਨਾ ਪਹੁੰਚਣ ਦੀ ਸੂਰਤ ’ਚ ਸਿੱਖ ਸੈਨਿਕ ਪਰੇਸ਼ਾਨ ਹੋ ਕੇ ਮੁਗ਼ਲਾਂ ਦੀ ਅਧੀਨਤਾ ਸਵੀਕਾਰ ਕਰ ਲੈਣਗੇ।
ਫ਼ੈਸਲਾ ਲਿਆ ਗਿਆ ਕਿ ਹੁਣ ਗੁਰੂ ਗੋਬਿੰਦ ਸਿੰਘ ਦੀ ਫੌਜ ’ਤੇ ਹਮਲਾ ਨਹੀਂ ਕੀਤਾ ਜਾਵੇਗਾ, ਸਗੋਂ ਉਨ੍ਹਾਂ ਦੇ ਕਿਲ੍ਹਿਆਂ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਉਹ ਸਿੱਖ ਸੈਨਿਕਾਂ ਦੇ ਹਥਿਆਰਾਂ ਦੀ ਪਹੁੰਚ ਤੋਂ ਵੀ ਬਾਹਰ ਰਹਿਣ।
ਕਿਲ੍ਹੇ ’ਚ ਅਨਾਜ ਹੋਇਆ ਖ਼ਤਮ
ਕਿਲ੍ਹੇ ਅੰਦਰ ਇੰਨ੍ਹਾਂ ਅਨਾਜ ਮੌਜੂਦ ਸੀ ਕਿ ਕੁਝ ਦਿਨਾਂ ਤੱਕ ਤਾਂ ਇਸ ਘੇਰਾਬੰਦੀ ਦਾ ਕੋਈ ਅਸਰ ਨਾ ਪਿਆ। ਇਸ ਤਰ੍ਹਾਂ ਦਿਨ ਮਹੀਨਿਆਂ ’ਚ ਬਦਲਦੇ ਗਏ, ਪਰ ਮੁਗ਼ਲਾਂ ਨੇ ਘੇਰਾਬੰਦੀ ’ਚ ਕੋਈ ਢਿੱਲ ਨਾ ਦਿੱਤੀ।
ਮੁਗ਼ਲ ਜਰਨੈਲਾਂ ਨੂੰ ਆਪਣੇ ਸੈਨਿਕਾਂ ਨੂੰ ਸਮਝਾਉਣਾ ਪਿਆ ਕਿ ਉਹ ਸਬਰ, ਹੌਂਸਲਾ ਰੱਖਣ, ਕਿਉਂਕਿ ਉਹ ਦਿਨ ਦੂਰ ਨਹੀਂ ਹੈ ਜਦੋਂ ਸਿੱਖਾਂ ਦੀ ਰਸਦ ਖ਼ਤਮ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੇ ਹਥਿਆਰ ਮਜਬੂਰੀ ’ਚ ਸੁੱਟਣੇ ਹੀ ਪੈਣਗੇ।
ਹੌਲੀ-ਹੌਲੀ ਕਿਲ੍ਹਿਆਂ ਅੰਦਰ ਰਸਦ ਖ਼ਤਮ ਹੋਣ ਲੱਗੀ ਅਤੇ ਸਿੱਖਾਂ ਨੂੰ ਅਹਿਸਾਸ ਹੋ ਗਿਆ ਕਿ ਕੁਝ ਦਿਨਾਂ ਬਾਅਦ ਉਨ੍ਹਾਂ ਕੋਲ ਖਾਣ-ਪੀਣ ਲਈ ਕੁਝ ਵੀ ਨਹੀਂ ਬਚੇਗਾ।
ਸਿੱਖ ਕਮਾਂਡਰਾਂ ਦੀ ਬੈਠਕ ’ਚ ਫ਼ੈਸਲਾ ਲਿਆ ਗਿਆ ਕਿ ਸਿੱਖ ਸੈਨਿਕਾਂ ਦਾ ਇੱਕ ਜੱਥਾ ਬਾਹਰ ਜਾ ਕੇ ਮੁਗ਼ਲ ਸੈਨਿਕਾਂ ਦੇ ਘੇਰੇ ਨੂੰ ਤੋੜੇਗਾ ਅਤੇ ਜਿੰਨ੍ਹਾਂ ਹੋ ਸਕੇ ਅਨਾਜ ਅੰਦਰ ਲੈ ਕੇ ਆਵੇਗਾ।
ਉਸੇ ਰਾਤ ਬਾਹਰ ਜਾਣ ਦੀ ਪਹਿਲੀ ਕੋਸ਼ਿਸ਼ ਕੀਤੀ ਗਈ। ਮੁਗ਼ਲ ਸੈਨਿਕਾਂ ਨੂੰ ਇਸ ਦੀ ਜ਼ਰਾ ਜਿੰਨ੍ਹੀ ਵੀ ਉਮੀਦ ਨਹੀਂ ਸੀ। ਸਿੱਖ ਸੈਨਿਕ ਘੇਰਾਬੰਦੀ ਤੋੜਨ ’ਚ ਸਫ਼ਲ ਰਹੇ ਅਤੇ ਬਹੁਤ ਸਾਰਾ ਅਨਾਜ ਕਿਲ੍ਹੇ ਅੰਦਰ ਲੈ ਕੇ ਆਏ।
ਇਸ ਤੋਂ ਬਾਅਦ ਕਿਲ੍ਹੇ ਤੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਾ ਹੋ ਸਕੀਆਂ। ਮੁਗ਼ਲ ਸੈਨਿਕ ਸਾਵਧਾਨ ਹੋ ਗਏ ਅਤੇ ਸਿੱਖ ਸੈਨਿਕਾਂ ਦਾ ਘੇਰਾਬੰਦੀ ਤੋੜਨ ਦਾ ਯਤਨ ਸਫ਼ਲ ਨਾ ਹੋਇਆ।
ਸੁਰੱਖਿਅਤ ਨਿਕਲਣ ਦੀ ਪੇਸ਼ਕਸ਼
ਕੁਝ ਦਿਨਾਂ ਬਾਅਦ ਹੀ ਕਿਲ੍ਹਿਆਂ ਅੰਦਰ ਭੁੱਖਮਰੀ ਦੀ ਸਥਿਤੀ ਬਣ ਗਈ। ਉਸ ਸਮੇਂ ਸੰਗਤ ਦੇ ਕੁਝ ਮੈਂਬਰਾਂ ਨੇ ਇਸ ਮੁਸ਼ਕਲ ਘੜੀ ’ਚ ਕਿਲ੍ਹੇ ਤੋਂ ਬਾਹਰ ਨਿਕਲਣ ਦਾ ਫ਼ੈਸਲਾ ਕੀਤਾ। ਗੁਰੂ ਗੋਬਿੰਦ ਸਿੰਘ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ।
ਮੁਗ਼ਲਾਂ ਨੇ ਜਦੋਂ ਵੇਖਿਆ ਕਿ ਬਾਹਰ ਆਉਣ ਵਾਲੇ ਲੋਕਾਂ ’ਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਅਧੇੜ ਉਮਰ ਦੇ ਲੋਕ ਹਨ ਤਾਂ ਉਨ੍ਹਾਂ ਨੇ ਵੀ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ ਤਾਂ ਜੋ ਹੋਰ ਸਿੱਖ ਕਿਲ੍ਹਾ ਛੱਡਣ ਲਈ ਪ੍ਰੇਰਿਤ ਹੋਣ।
ਅਜਮੇਰ ਚੰਦ ਨੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਪ੍ਰਸਤਾਵ ਭੇਜਿਆ ਕਿ ਜੇਕਰ ਗੁਰੂ ਗੋਬਿੰਦ ਸਿੰਘ ਆਪਣੇ ਸਾਥੀਆਂ ਨਾਲ ਆਨੰਦਪੁਰ ਦੇ ਕਿਲ੍ਹੇ ਤੋਂ ਬਾਹਰ ਚਲੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਿੱਥੇ ਉਹ ਚਾਹੁਣ ਉੱਥੇ ਜਾਣ ਦਿੱਤਾ ਜਾਵੇਗਾ ਅਤੇ ਉਹ ਆਪਣੇ ਨਾਲ ਬਿਨਾ ਕਿਸੇ ਰੋਕ-ਟੋਕ ਦੇ ਆਪਣਾ ਸਮਾਨ ਵੀ ਲੈ ਜਾ ਸਕਦੇ ਹਨ।
ਗੁਰੂ ਗੋਬਿੰਦ ਸਿੰਘ ਇਸ ਪ੍ਰਸਤਾਵ ’ਚ ਕੁਝ ਕਾਲਾ ਨਜ਼ਰ ਆਇਆ, ਪਰ ਉਨ੍ਹਾਂ ਦੀ ਮਾਂ ਮਾਤਾ ਗੁਜਰੀ ਨੇ ਉਨ੍ਹਾਂ ਨੂੰ ਮਨਾਇਆ ਕਿ ਇਸ ਤਰ੍ਹਾਂ ਕਰਕੇ ਉਹ ਕਈ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਨ।
ਬੇਕਾਰ ਸਮਾਨ ਬਾਹਰ ਭੇਜਿਆ ਗਿਆ
ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ‘ਮੈਂ ਇਸ ਪ੍ਰਸਤਾਵ ਨੂੰ ਸਵੀਕਾਰ ਕਰਾਂ, ਮੈਂ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੇ ਚੰਗੇ ਇਰਾਦਿਆਂ ਨੂੰ ਪਰਖਣਾ ਚਾਹੁੰਦਾ ਹਾਂ’।
ਉਨ੍ਹਾਂ ਨੇ ਮੁਗ਼ਲਾਂ ਨੂੰ ਸੁਨੇਹਾ ਭੇਜਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਅਨੰਦਪੁਰ ਦੇ ਕਿਲ੍ਹੇ ਤੋਂ ਬਾਹਰ ਆਉਣ ਲਈ ਤਿਆਰ ਹਨ ਪਰ ਪਹਿਲਾਂ ਉਨ੍ਹਾਂ ਦੇ ਕੀਮਤੀ ਸਮਾਨ ਨੂੰ ਬੈਲ ਗੱਡੀਆਂ ਦੇ ਕਾਫ਼ਲੇ ਰਾਹੀਂ ਬਾਹਰ ਭੇਜਿਆ ਜਾਵੇ।
ਮੁਗ਼ਲਾਂ ਨੇ ਤੁਰੰਤ ਸੁਨੇਹਾ ਭੇਜਿਆ ਕਿ ਉਹ ਇਸ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋੜ ਹੈ ਤਾਂ ਅਸੀਂ ਤੁਹਾਨੂੰ ਬੈਲ ਗੱਡੀਆਂ ਵੀ ਭੇਜਣ ਲਈ ਤਿਆਰ ਹਾਂ।
ਅਮਰਦੀਪ ਦਹੀਆ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਦੇ ਲੋਕਾਂ ਨੂੰ ਆਪਣਾ ਸਾਰਾ ਬੇਕਾਰ ਸਮਾਨ ਇੱਕਠਾ ਕਰਨ ਲਈ ਕਿਹਾ। ਕੁਝ ਹੀ ਸਮੇਂ ’ਚ ਉੱਥੇ ਪੁਰਾਣੀਆਂ ਜੁੱਤੀਆਂ, ਫਟੇ ਪੁਰਾਣੇ ਕੱਪੜਿਆਂ, ਟੁੱਟੇ ਭਾਂਡਿਆ ਅਤੇ ਜਾਨਵਰਾਂ ਦੀਆਂ ਹੱਡੀਆਂ ਦਾ ਢੇਰ ਲੱਗ ਗਿਆ।"
"ਇਨ੍ਹਾਂ ਸਾਰਿਆਂ ਨੂੰ ਕੀਮਤੀ ਥੈਲੀਆਂ ’ਚ ਪਾ ਕੇ ਬੈਲ ਗੱਡੀਆਂ ’ਚ ਲੱਦ ਦਿੱਤਾ ਗਿਆ। ਹਰੇਕ ਬੈਲ ਗੱਡੀ ’ਤੇ ਮਸ਼ਾਲ ਜਗਾਈ ਗਈ ਤਾਂ ਜੋ ਲੋਕਾਂ ਦਾ ਧਿਆਨ ਉਸ ’ਤੇ ਲੱਦੇ ਸਮਾਨ ’ਤੇ ਜਾ ਸਕੇ।”
ਬੈਲਗੱਡੀਆਂ ਦਾ ਕਾਫ਼ਲਾ ਹਨੇਰੀ ਰਾਤ ’ਚ ਕਿਲ੍ਹੇ ਤੋਂ ਬਾਹਰ ਨਿਕਲਿਆ। ਜਿਵੇਂ ਹੀ ਉਹ ਮੁਗ਼ਲ ਸੈਨਾ ਦੀ ਪਹੁੰਚ ਅੰਦਰ ਗਏ ਤਾਂ ਉਨ੍ਹਾਂ ਸਾਰਿਆਂ ਥੈਲਿਆਂ ਨੂੰ ਲੁੱਟ ਲਿਆ ਗਿਆ।
ਰਾਤ ਭਰ ਉਨ੍ਹਾਂ ’ਤੇ ਪਹਿਰਾ ਬਿਠਾਇਆ ਗਿਆ। ਸਵੇਰ ਸਾਰ ਜਦੋਂ ਉਨ੍ਹਾਂ ਨੇ ਥੈਲਿਆਂ ਨੂੰ ਖੋਲ੍ਹਿਆ ਗਿਆ ਤਾਂ ਮੁਗ਼ਲ ਸੈਨਿਕ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਉਨ੍ਹਾਂ ’ਚ ਕੋਈ ਬੇਸਕੀਮਤੀ ਸਮਾਨ ਨਹੀਂ ਬਲਕਿ ਕੂੜਾ-ਕਰਕਟ ਸੀ।
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੇ ਗੰਦੇ ਇਰਾਦਿਆਂ ਦਾ ਪਰਦਾਫਾਸ਼ ਕੀਤਾ ਸੀ।
ਗੁਰੂ ਗੋਬਿੰਦ ਸਿੰਘ ਦੇ ਜੱਥੇ ’ਤੇ ਧੋਖੇ ਨਾਲ ਕੀਤਾ ਹਮਲਾ
ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਨਾਲ ਕੀਤੇ ਵਾਅਦੇ ਦੀ ਪਾਲਣਾ ਨਾ ਕੀਤੀ। ਜਿਸ ਕਰਕੇ ਅਖ਼ੀਰ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਦਾ ਕਿਲ੍ਹਾ ਛੱਡਣਾ ਪਿਆ। ਸਿੱਖਾਂ ਦਾ ਜੋ ਪਹਿਲਾ ਜੱਥਾ ਕਿਲ੍ਹੇ ਤੋਂ ਬਾਹਰ ਨਿਕਲਿਆ ਉਸ ’ਚ ਬੱਚੇ, ਔਰਤਾਂ ਅਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਤੇ ਚਾਰੇ ਪੁੱਤਰ ਸ਼ਾਮਲ ਸਨ।
ਇਹ ਜੱਥਾ ਜਦੋਂ ਸਰਸਾ ਨਦੀ ਦੇ ਕੰਢੇ ਪਹੁੰਚਿਆ ਤਾਂ ਮੁਗ਼ਲ ਸੈਨਿਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਇਸ ਟਕਰਾਵ ’ਚ ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਕਾਬਲ ਕਮਾਂਡਰ ਉਦੈ ਸਿੰਘ ਮਾਰੇ ਹੋ ਗਏ ਸਨ।
ਪਰ ਉਨ੍ਹਾਂ ਨੇ ਉਦੋਂ ਤੱਕ ਮੁਗ਼ਲਾਂ ਦਾ ਰਸਤਾ ਰੋਕੀ ਰੱਖਿਆ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਸੁਰੱਖਿਅਤ ਉੱਥੋਂ ਨਿਕਲ ਨਹੀਂ ਗਏ।
ਪਤਵੰਤ ਸਿੰਘ ਲਿਖਦੇ ਹਨ, “ਇਸ ਲੜਾਈ ’ਚ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਸੀ। ਬਹੁਤ ਸਾਰੇ ਲੋਕ ਨਦੀ ਦੇ ਪਰਲੇ ਕੰਢੇ ’ਤੇ ਪਹੁੰਚ ਤਾਂ ਗਏ ਪਰ ਉਹ ਆਪਣਿਆਂ ਤੋਂ ਵਿਛੜ ਗਏ ਸਨ।"
"ਗੁਰੂ ਗੋਬਿੰਦ ਸਿੰਘ ਦੀ ਮਾਤਾ ਅਤੇ ਉਨ੍ਹਾਂ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਹਫੜਾ-ਦਫੜੀ ਦੀ ਸਥਿਤੀ ’ਚ ਇਸ ਜੱਥੇ ਤੋਂ ਵੱਖ ਹੋ ਗਏ ਸਨ।”
ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਸੈਨਿਕਾਂ ਦੀ ਗਿਣਤੀ 500 ਤੋਂ ਘੱਟ ਕੇ ਸਿਰਫ਼ 40 ਰਹਿ ਗਈ ਸੀ। ਉਹ ਇਨ੍ਹਾਂ ਸੈਨਿਕਾਂ ਅਤੇ ਆਪਣੇ ਦੋ ਸਾਹਿਬਜ਼ਾਦਿਆਂ ਨਾਲ ਚਮਕੌਰ ਦੀ ਗੜ੍ਹੀ ’ਚ ਪਹੁੰਚਣ ’ਚ ਕਾਮਯਾਬ ਹੋ ਗਏ ਸਨ। ਮੁਗ਼ਲ ਸੈਨਿਕ ਅਜੇ ਵੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ।
ਚਮਕੌਰ ਦੀ ਗੜ੍ਹੀ ’ਚ ਵੀ ਸਿੱਖ ਸੈਨਿਕਾਂ ਨੇ ਆਪਣੀ ਬਹਾਦਰੀ ਵਿਖਾਈ ਅਤੇ ਆਪਣੇ ਤੋਂ ਗਿਣਤੀ ’ਚ ਕਿਤੇ ਵੱਧ ਮੁਗ਼ਲ ਸੈਨਿਕਾਂ ਨੂੰ ਉਨ੍ਹਾਂ ਦੀ ਨਾਨੀ ਯਾਦ ਕਰਵਾਈ।
ਇਸ ਜੰਗ ’ਚ ਗੁਰੂ ਗੋਬਿੰਦ ਸਿੰਘ ਦੇ ਦੋਵੇਂ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਨਾਲ-ਨਾਲ ‘ਪੰਜ ਪਿਆਰਿਆਂ’ ’ਚ ਸ਼ਾਮਲ ਮੋਹਕਮ ਸਿੰਘ ਅਤੇ ਹਿੰਮਤ ਸਿੰਘ ਵੀ ਮਾਰੇ ਗਏ ਸਨ।
ਚਮਕੌਰ ਦੀ ਗੜ੍ਹੀ ਤੋਂ ਬਚ ਕੇ ਨਿਕਲਣ ਤੋਂ ਬਾਅਦ ਉਹ ਆਪਣੇ ਸਾਥੀਆਂ ਤੋਂ ਵਿਛੜ ਗਏ ਅਤੇ ਮਾਛੀਵਾੜਾ ਦੇ ਜੰਗਲਾਂ ’ਚ ਪੂਰੀ ਤਰ੍ਹਾਂ ਨਾਲ ਇੱਕਲੇ ਹੋ ਗਏ।
ਪਰ ਉਨ੍ਹਾਂ ਦੀ ਖੋਜ ਕਰਦਿਆਂ ਉਨ੍ਹਾਂ ਦੇ ਤਿੰਨ ਸਾਥੀ ਜਲਦੀ ਹੀ ਉਨ੍ਹਾਂ ਤੱਕ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਤਿੰਨੇ ਸਾਥੀ ਸਥਾਨਕ ਸਿੱਖਾਂ ਦੀ ਮਦਦ ਨਾਲ ਉੱਥੋਂ ਨਿਕਲਣ ’ਚ ਸਫ਼ਲ ਰਹੇ।
ਅਖੀਰ ਉਹ ਜੱਟਪੁਰਾ ਪਿੰਡ ਵਿਖੇ ਪਹੁੰਚੇ ਅਤੇ ਉੱਥੋਂ ਦੇ ਮੁਸਲਿਮ ਸਰਦਾਰ ਰਾਏ ਕਾਲ੍ਹਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਗੁਰੂ ਗੋਬਿੰਦ ਸਿੰਘ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੀ ''''ਸ਼ਹਾਦਤ''''
ਇੱਥੇ ਹੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ''''ਸ਼ਹਾਦਤ'''' ਦੀ ਖ਼ਬਰ ਮਿਲੀ ਸੀ।
ਸਿੱਖ ਦਸਤਾਵੇਜ਼ਾਂ ਅਨੁਸਾਰ ਉਨ੍ਹਾਂ ਦੇ ਨੌਕਰ ਗੰਗੂ ਨੇ ਹੀ ਮੁਖਬਰੀ ਕੀਤੀ ਅਤੇ ਸਰਹਿੰਦ ਦੇ ਗਵਰਨਰ ਵਜ਼ੀਰ ਖ਼ਾਨ ਨੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਰਨ ਦਾ ਹੁਕਮ ਸੁਣਾਇਆ।
ਪਤਵੰਤ ਸਿੰਘ ਲਿਖਦੇ ਹਨ, “ਵਜ਼ੀਰ ਖ਼ਾਨ ਨੇ ਗੁਰੂ ਗੋਬਿੰਦ ਸਿੰਘ ਦੇ ਦੋਵੇਂ ਪੁੱਤਰਾਂ ਨੂੰ ਕਿਹਾ ਕਿ ਜੇਕਰ ਉਹ ਇਸਲਾਮ ਧਰਮ ਕਬੂਲ ਕਰ ਲੈਣਗੇ ਤਾਂ ਉਨ੍ਹਾਂ ਦੀ ਜਾਨ ਬਖ਼ਸ਼ ਦਿੱਤੀ ਜਾਵੇਗੀ, ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।"
"ਫਿਰ ਵਜ਼ੀਰ ਖ਼ਾਨ ਨੇ ਗੁੱਸੇ ’ਚ ਉਨ੍ਹਾਂ ਨੂੰ ਜ਼ਿੰਦਾ ਨੀਂਹਾਂ ’ਚ ਚਿਣਵਾਉਣ ਦਾ ਹੁਕਮ ਦਿੱਤਾ। ਸ਼ਹਾਦਤ ਵੇਲੇ ਉਨ੍ਹਾਂ ਦੋਵਾਂ ਦੀ ਉਮਰ ਅੱਠ ਅਤੇ ਛੇ ਸਾਲ ਦੀ ਸੀ।”
ਜਦੋਂ ਉਨ੍ਹਾਂ ਦਾ ਸਿਰ ਅਤੇ ਮੋਢਾ ਕੰਧ ਦੀ ਚਿਣਵਾਈ ਤੋਂ ਬਾਹਰ ਸਨ ਤਾਂ ਉਸ ਸਮੇਂ ਉਨ੍ਹਾਂ ਤੋਂ ਇੱਕ ਵਾਰ ਫਿਰ ਪੁੱਛਿਆ ਗਿਆ ਕਿ ਕੀ ਉਹ ਧਰਮ ਬਦਲਣਾ ਚਾਹੁੰਦੇ ਹਨ, ਪਰ ਇਸ ਵਾਰ ਵੀ ਦੋਵੇਂ ਸਾਹਿਬਜ਼ਾਦਿਆਂ ਨੇ ਮਨਾ ਕਰ ਦਿੱਤਾ ਅਤੇ ਸ਼ਹਾਦਤ ਦਾ ਜਾਮ ਪੀਣਾ ਸਵੀਕਾਰ ਕੀਤਾ।
ਕੰਧ ਦੇ ਡਿੱਗਣ ਤੋਂ ਬਾਅਦ ਜਦੋਂ ਉਨ੍ਹਾਂ ਦੇ ਸਾਹ ਵੇਖੇ ਗਏ ਤਾਂ ਉਹ ਚੱਲ ਰਹੇ ਸਨ, ਜਿਸ ’ਤੇ ਵਜ਼ੀਰ ਖ਼ਾਨ ਨੇ ਉਨ੍ਹਾਂ ਦੀ ਸਾਹ ਨਲੀ ਕੱਟਣ ਦਾ ਹੁਕਮ ਦਿੱਤਾ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਦਾਦੀ ਮਾਤਾ ਗੁਜਰੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ।”
ਔਰੰਗਜ਼ੇਬ ਦੇ ਪੁੱਤਰ ਦੀ ਕੀਤੀ ਮਦਦ
ਨਾਭਾ ਵਿਖੇ ਰਹਿੰਦਿਆਂ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਫ਼ਾਰਸੀ ’ਚ ਇੱਕ ਪੱਤਰ ਲਿਖਿਆ। ਇਸ ’ਚ ਉਨ੍ਹਾਂ ਨੇ ਧੋਖੇ ਨਾਲ ਹਮਲਾ ਕਰਨ ਲਈ ਔਰੰਗਜ਼ੇਬ ਨੂੰ ਦੋਸ਼ੀ ਠਹਿਰਾਇਆ।
ਜਦੋਂ ਔਰੰਗਜ਼ੇਬ ਨੂੰ ਅਹਿਮਦਨਗਰ ’ਚ ਗੁਰੂ ਗੋਬਿੰਦ ਸਿੰਘ ਵੱਲੋਂ ਲਿਖਿਆ ਇਹ ਪੱਤਰ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਦੋ ਅਫ਼ਸਰਾਂ ਨੂੰ ਲਾਹੌਰ ਦੇ ਡਿਪਟੀ ਗਵਰਨਰ ਮੁਨੀਮ ਖ਼ਾਨ ਕੋਲ ਭੇਜਿਆ ਅਤੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਨਾਲ ਸਮਝੌਤਾ ਕਰ ਲਵੇ।
ਇੱਕ ਸਮਾਂ ਅਜਿਹਾ ਵੀ ਆਇਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨਾਲ ਮਿਲਣ ਦਾ ਫ਼ੈਸਲਾ ਕੀਤਾ। ਪਰ ਉਹ ਅਜੇ ਰਾਜਪੁਤਾਨਾ ਹੀ ਪਹੁੰਚੇ ਸਨ ਕਿ ਉਨ੍ਹਾਂ ਨੂੰ ਔਰੰਗਜ਼ੇਬ ਦੀ ਮੌਤ ਦੀ ਖ਼ਬਰ ਮਿਲ ਗਈ।
ਇਹ ਸਮੇਂ ਦੀ ਚਾਲ ਹੈ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਤਰਾਧਿਕਾਰੀ ਦੀ ਲੜਾਈ ’ਚ ਉਨ੍ਹਾਂ ਦੇ ਛੋਟੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੇ ਆਪਣੇ ਭਰਾਵਾਂ ਵਿਰੁੱਧ ਲੜਾਈ ’ਚ ਗੁਰੂ ਗੋਬਿੰਦ ਸਿੰਘ ਤੋਂ ਮਦਦ ਮੰਗੀ ਸੀ।
ਗੁਰੂ ਗੋਬਿੰਦ ਸਿੰਘ ਨੇ ਕੁਲਦੀਪਕ ਸਿੰਘ ਦੀ ਅਗਵਾਈ ’ਚ ਮੁਅੱਜ਼ਮ ਦੇ ਭਰਾ ਆਜ਼ਮ ਨਾਲ ਲੜਨ ਲਈ ਸਿੱਖ ਲੜਾਕੂਆਂ ਦਾ ਇੱਕ ਜੱਥਾ ਰਵਾਨਾ ਕੀਤਾ।
ਜੂਨ 1707 ’ਚ ਆਗਰਾ ਦੇ ਨਜ਼ਦੀਕ ਜਜਾਊ ’ਚ ਹੋਈ ਲੜਾਈ ’ਚ ਆਜ਼ਮ ਖ਼ਾਨ ਮਾਰਿਆ ਗਿਆ ਅਤੇ ਮੁਅੱਜ਼ਮ ਮੁਗ਼ਲਾਂ ਦੀ ਗੱਦੀ ’ਤੇ ਬਿਰਾਜਮਾਨ ਹੋਇਆ। ਬਾਦਸ਼ਾਹ ਦੀ ਗੱਦੀ ’ਤੇ ਬੈਠਦਿਆਂ ਹੀ ਮੁਅੱਜ਼ਮ ਨੇ ਆਪਣਾ ਨਾਮ ਬਦਲ ਕੇ ਬਾਦਸ਼ਾਹ ਬਹਾਦਰ ਸ਼ਾਹ ਰੱਖ ਲਿਆ ਸੀ।
ਜਦੋਂ ਉਹ ਆਪਣੇ ਦੂਜੇ ਭਰਾ ਕਾਮਬਖ਼ਸ਼ ਦੀ ਬਗ਼ਾਵਤ ਨੂੰ ਦਬਾਉਣ ਲਈ ਦੱਖਣ ਵੱਲ ਗਿਆ ਤਾਂ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਵੀ ਦੱਖਣ ਵੱਲ ਚਾਲੇ ਪਾਏ।
ਗੁਰੂ ਗੋਬਿੰਦ ਸਿੰਘ ਦਾ ਕਤਲ
ਆਪਣੇ ਜੀਵਨ ਦੇ ਆਖਰੀ ਪੜਾਅ ’ਚ ਗੁਰੂ ਗੋਬਿੰਦ ਸਿੰਘ ਗੋਦਾਵਰੀ ਨਦੀ ਦੇ ਕੰਢੇ ਵਸੇ ਸ਼ਹਿਰ ਨਾਂਦੇੜ ’ਚ ਸਨ।
ਉਨ੍ਹਾਂ ਦੇ ਸੁਰੱਖਿਆ ਕਰਮੀਆਂ ਨੂੰ ਹੁਕਮ ਸੀ ਕਿ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਰੋਕਿਆ ਨਾ ਜਾਵੇ।
ਖੁਸ਼ਵੰਤ ਸਿੰਘ ਲਿਖਦੇ ਹਨ, “20 ਸਤੰਬਰ, 1708 ਦੀ ਸ਼ਾਮ ਨੂੰ ਜਦੋਂ ਉਹ ਅਰਦਾਸ ਤੋਂ ਬਾਅਦ ਆਪਣੇ ਤੰਬੂ ’ਚ ਆਰਾਮ ਕਰ ਰਹੇ ਸਨ ਤਾਂ ਦੋ ਨੌਜਵਾਨ ਪਠਾਣ ਅਤਾਉੱਲ੍ਹਾ ਖ਼ਾਨ ਅਤੇ ਜਮਸ਼ੇਦ ਖ਼ਾਨ ਉਨ੍ਹਾਂ ਦੇ ਤੰਬੂ ’ਚ ਦਾਖ਼ਲ ਹੋਏ।"
"ਗੁਰੂ ਗੋਬਿੰਦ ਸਿੰਘ ਨੂੰ ਇੱਕਲਾ ਵੇਖ ਕੇ ਦੋਵਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਢਿੱਡ ’ਚ ਚਾਕੂ ਨਾਲ ਵਾਰ ਕੀਤਾ। ਉਨ੍ਹਾਂ ਦੋਵਾਂ ਨੂੰ ਵਜ਼ੀਰ ਖ਼ਾਨ ਨੇ ਭੇਜਿਆ ਸੀ। ਗੁਰੂ ਗੋਬਿੰਦ ਸਿੰਘ ਨੂੰ ਮਾਰਨ ਦੇ ਮਕਸਦ ਦਾ ਕਦੇ ਪਤਾ ਨਹੀਂ ਲੱਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਇੱਕ ਕਾਤਲ ਨੂੰ ਮੌਕੇ ’ਤੇ ਮਾਰ ਦਿੱਤਾ ਸੀ ਅਤੇ ਦੂਜੇ ਨੂੰ ਉਨ੍ਹਾਂ ਦੇ ਸਾਥੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।”
ਗੁਰੂ ਗੋਬਿੰਦ ਸਿੰਘ ਦੇ ਜ਼ਖਮਾਂ ’ਤੇ ਉਨ੍ਹਾਂ ਦੇ ਇੱਕ ਸਾਥੀ ਅਮਰ ਸਿੰਘ ਨੇ ਟਾਂਕੇ ਲਗਾਏ, ਪਰ ਕੁਝ ਦਿਨਾਂ ਬਾਅਦ ਉਹ ਟਾਂਕੇ ਖੁੱਲ੍ਹ ਗਏ ਸਨ।
ਜਦੋਂ ਬਾਦਸ਼ਾਹ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ’ਤੇ ਹੋਏ ਹਮਲੇ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਆਪਣੇ ਇਟਾਲੀਅਨ ਡਾਕਟਰ ਨਿਕੋਲਾਓ ਮਨੂਚੀ ਨੂੰ ਇਲਾਜ ਲਈ ਭੇਜਿਆ।
ਪਰ 6 ਅਕਤੂਬਰ ਤੱਕ ਗੁਰੂ ਗੋਬਿੰਦ ਸਿੰਘ ਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਉਨ੍ਹਾਂ ਦਾ ਅੰਤਿਮ ਸਮਾਂ ਨੇੜੇ ਹੈ।
ਉਨ੍ਹਾਂ ਨੇ ਆਪਣੇ ਪੈਰੋਕਾਰਾਂ ਦੀ ਬੈਠਕ ਬੁਲਾਈ ਅਤੇ ਐਲਾਨ ਕੀਤਾ ਕਿ ਉਨ੍ਹਾਂ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ ਅਤੇ ਸਾਰੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਣਗੇ।
ਸਰਬਪ੍ਰੀਤ ਸਿੰਘ ਆਪਣੀ ਕਿਤਾਬ ‘ਦਿ ਸਟੋਰੀ ਆਫ਼ ਦਿ ਸਿੱਖਸ’ ’ਚ ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਵਿਖੇ ਤਿਆਰ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲਈ ਕਿਹਾ।"
"ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਿਆ ਅਤੇ ਪੰਜ ਪੈਸੇ ਤੇ ਇੱਕ ਨਾਰੀਅਲ ਦਾ ਪ੍ਰਸਾਦ ਰੱਖ ਕੇ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੀ। ਉਨ੍ਹਾਂ ਨੇ ਚਾਰ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰੀਕਰਮਾ ਕੀਤੀ ਅਤੇ ਫਿਰ ਮੱਥਾ ਟੇਕਿਆ।”
ਉੱਥੇ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ, “ਆਗਿਆ ਭਈ ਅਕਾਲ ਕੀ, ਤਭੀ ਚਲਾਇਓ ਪੰਥ, ਸਬ ਸਿਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।”
7 ਅਕਤੂਬਰ, 1708 ਦੀ ਅੱਧੀ ਰਾਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਸਿਰਫ਼ 42 ਸਾਲ ਦੀ ਉਮਰ ’ਚ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹੀ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)