ਭਾਰਤ-ਪਾਕਿ ਵਿਚਾਲੇ ਜਦੋਂ ਬਣੀ ਸੀ ‘ਜੰਗ ਵਰਗੀ ਸਥਿਤੀ’: ਪਾਇਲਟ ਅਭਿਨੰਦਨ ਦੀ ਭਾਰਤ ਵਾਪਸੀ ਬਾਰੇ ਪਾਕਿਸਤਾਨ ਸਰਕਾਰ ਦੇ ਦਾਅਵੇ ਕਿੰਨੇ ਝੂਠ, ਕਿੰਨੇ ਸੱਚ

Monday, Jan 15, 2024 - 08:36 AM (IST)

ਭਾਰਤ-ਪਾਕਿ ਵਿਚਾਲੇ ਜਦੋਂ ਬਣੀ ਸੀ ‘ਜੰਗ ਵਰਗੀ ਸਥਿਤੀ’: ਪਾਇਲਟ ਅਭਿਨੰਦਨ ਦੀ ਭਾਰਤ ਵਾਪਸੀ ਬਾਰੇ ਪਾਕਿਸਤਾਨ ਸਰਕਾਰ ਦੇ ਦਾਅਵੇ ਕਿੰਨੇ ਝੂਠ, ਕਿੰਨੇ ਸੱਚ
ਅਭਿਨੰਦਨ
Getty Images
ਇੱਕ ਨਵੀਂ ਕਿਤਾਬ ਨੇ ਫਰਵਰੀ 2019 ਦੀਆਂ ਘਟਨਾਵਾਂ ਬਾਰੇ ਫਿਰ ਚਰਚਾ ਸ਼ੁਰੂ ਕਰ ਦਿੱਤੀ ਹੈ

27 ਫਰਵਰੀ, 2019

ਇਹ ਉਹ ਦਿਨ ਸੀ ਜਦੋਂ ਪਾਕਿਸਤਾਨ ਦੀ ਹਵਾਈ ਫੌਜ ਨੇ ਇੱਕ ਭਾਰਤੀ ਲੜਾਕੂ ਜਹਾਜ਼ ਨੂੰ ਨਿਸ਼ਾਨਾ ਬਣਾਇਆ ਅਤੇ ਫ਼ਾਈਟਰ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਆਪਣੀ ਹਿਰਾਸਤ ’ਚ ਲਿਆ ਸੀ।

ਇਸ ਦੇ ਕਾਰਨ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਅਤੇ ਸਰਹੱਦੀ ਤਣਾਅ ਇੱਕ ਨਵੀਂ ਉਚਾਈ ’ਤੇ ਪਹੁੰਚ ਗਿਆ ਸੀ।

27 ਫਰਵਰੀ ਨੂੰ ਜੋ ਕੁਝ ਵੀ ਹੋਇਆ, ਉਹ ਇੱਕ ਵਾਰ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਬਾਰੇ ਨਵੇਂ ਦਾਅਵੇ ਸਾਹਮਣੇ ਆਏ ਹਨ।

ਇਸ ਦਾ ਕਾਰਨ ਪਾਕਿਸਤਾਨ ’ਚ ਤੈਨਾਤ ਤਤਕਾਲੀ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਦੀ ਕਿਤਾਬ ‘ਐਂਗਰ ਮੈਨਜਮੈਂਟ’ ਹੈ।

ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਮੁਮਤਾਜ਼ ਬਲੋਚ ਨੇ ਇਨ੍ਹਾਂ ਦਾਅਵਿਆਂ ’ਤੇ ਵੀਰਵਾਰ ਨੂੰ ਆਪਣੀ ਹਫ਼ਤਾਵਰੀ ਪ੍ਰੈਸ ਕਾਨਫਰੰਸ ’ਚ ਪ੍ਰਤੀਕਿਰਿਆ ਜ਼ਾਹਰ ਕੀਤੀ।

ਉਨ੍ਹਾਂ ਕਿਹਾ ਕਿ “ਅਜਿਹਾ ਲੱਗਦਾ ਹੈ ਕਿ ਇਹ ਕਿਤਾਬ ਫਰਵਰੀ 2019 ਦੇ ਬਾਰੇ ’ਚ ਭਾਰਤ ਦੀ ਮਨਘੜਤ ਧਾਰਨਾ (ਨੈਰੇਟਿਵ) ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।”

ਪਰ ਇਹ ਗੱਲ ਸਪੱਸ਼ਟ ਹੈ ਕਿ ਫਰਵਰੀ 2019 ’ਚ ਦੋਵਾਂ ਮੁਲਕਾਂ ਦਰਮਿਆਨ ਤਣਾਅ ਵਧ ਗਿਆ ਸੀ।

''''ਪਰਮਾਣੂ ਜੰਗ ਦੀ ਸੰਭਾਵਨਾ ਬਣ ਗਈ ਸੀ''''

ਬਾਲਾਕੋਟ
Getty Images
ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ ਵਿੱਚ ਕਈ ਲੋਕਾਂ ਵੱਲੋਂ ਜਸ਼ਨ ਵੀ ਮਨਾਇਆ ਗਿਆ ਸੀ

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਆਪਣੀ ਕਿਤਾਬ ‘ਨੈਵਰ ਗਿਵ ਐਨ ਇੰਚ’ ’ਚ ਇਥੋਂ ਤੱਕ ਕਿਹਾ ਹੈ ਕਿ ਤਣਾਅ ਇਸ ਹੱਦ ਤੱਕ ਵਧ ਗਿਆ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਪਰਮਾਣੂ ਜੰਗ ਦੀ ਸੰਭਾਵਨਾ ਤੱਕ ਬਣ ਗਈ ਸੀ।

ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਅਪ੍ਰੈਲ 2019 ਦੇ ਦੌਰਾਨ ਗੁਜਰਾਤ ਦੀ ਇੱਕ ਬੈਠਕ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਪਾਇਲਟ ਵਾਪਸ ਕਰਨ ਲਈ ਕਿਹਾ ‘ਵਰਨਾ ਮੋਦੀ ਤਾਂ 12 ਮਿਜ਼ਾਈਲਾਂ ਨਾਲ ਤਿਆਰ ਸਨ, ਇਹ ਰਾਤ ਕਤਲ ਦੀ ਰਾਤ ਹੋਣੀ ਸੀ’।

ਬਾਅਦ ’ਚ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਨਰਿੰਦਰ ਮੋਦੀ ਦੇ ਇਸ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਜੰਗੀ ਪਾਗਲਪਣ ’ਤੇ ਅਧਾਰਤ ਦੱਸਿਆ ਅਤੇ ਕਿਹਾ ਸੀ, “ਬਾਲਾਕੋਟ ਹਮਲੇ ਦਾ ਤੁਰੰਤ ਅਤੇ ਪ੍ਰਭਾਵੀ ਜਵਾਬ, ਜਹਾਜ਼ ਨੂੰ ਨਿਸ਼ਾਨੇ ’ਤੇ ਲੈਣਾ ਅਤੇ ਪਾਇਲਟ ਦੀ ਗ੍ਰਿਫ਼ਤਾਰੀ, ਸਾਡੀ ਹਥਿਆਰਬੰਦ ਫੌਜ ਦੀ ਤਿਆਰੀ, ਸੰਕਲਪ ਅਤੇ ਸਮਰੱਥਾ ਦਾ ਸਪੱਸ਼ਟ ਸਬੂਤ ਹੈ।”

ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਆਪਣੀ ਕਿਤਾਬ ’ਚ ਦਾਅਵਾ ਕੀਤਾ ਹੈ ਕਿ ਭਾਰਤੀ ਪਾਇਲਟ ਅਭਿਨੰਦਨ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਵਾਂ ਮੁਲਕਾਂ ਵਿਚਾਲੇ ਤਣਾਅ ਦੀ ਸਥਿਤੀ ਨੂੰ ਘੱਟ ਕਰਨ ਲਈ ਭਾਰਤੀ ਪੀਐਮ ਨਰਿੰਦਰ ਮੋਦੀ ਨਾਲ ਗੱਲ ਕਰਨਾ ਚਾਹੁੰਦੇ ਸਨ, ਜਿਸ ’ਤੇ ਭਾਰਤ ਨੇ ‘ਕੋਈ ਦਿਲਚਸਪੀ ਨਹੀਂ ਵਿਖਾਈ ਸੀ’।

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਅਸਲ ’ਚ ਝੜਪ ਦੀ ਗੰਭੀਰਤਾ ਵਧਣ ਤੋਂ ‘ਡਰਿਆ ਹੋਇਆ ਸੀ’।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਸਬੰਧ ’ਚ ਪੁੱਛੇ ਗਏ ਸਵਾਲਾਂ ਦਾ ਅਜੇ ਤੱਕ ਬੀਬੀਸੀ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ।

ਪਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਮੁਮਤਾਜ਼ ਜ਼ੋਹਰਾ ਬਲੋਚ ਨੇ ਇਸ ਹਫ਼ਤਾਵਰੀ ਪ੍ਰੈਸ ਬ੍ਰੀਫਿੰਗ ’ਚ ਦੱਸਿਆ ਹੈ ਕਿ ਪਾਕਿਸਤਾਨ ਨੇ ਅਭਿਨੰਦਨ ਦੀ ਵਾਪਸੀ ਰਾਹੀਂ ਤਣਾਅ ਘੱਟ ਕਰਨ ਦੇ ਲਈ ਜ਼ਿੰਮੇਵਾਰਾਨਾ ਰਵੱਈਆ ਵਿਖਾਇਆ ਸੀ ਜਦਕਿ ਇਹ ਕਿਤਾਬ “ਫਰਵਰੀ 2019 ਦੇ ਬਾਰੇ ’ਚ ਭਾਰਤ ਦੇ ਮਨਘੜਤ ਬਿਰਤਾਂਤ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।”

27 ਫਰਵਰੀ, 2019 ਨੂੰ ਪਰਦੇ ਦੇ ਪਿੱਛੇ ਕੀ ਹੋਇਆ ?

ਅਭਿਨੰਦਨ
Getty Images

ਦੋਵਾਂ ਮੁਲਕਾਂ ਵਿਚਾਲੇ ਤਾਜ਼ਾ ਤਣਾਅ ਸਾਲ 2019 ’ਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਇਲਾਕੇ ’ਚ ਗੋਲਾ ਬਾਰੂਦ ਸੁੱਟਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਨੇ ਪਾਕਿਸਤਾਨ ਦੀ ਸਰਜ਼ਮੀਨ ’ਤੇ ਸਰਗਰਮ ਕੱਟੜਪੰਥੀਆਂ ਦੇ ਠਿਕਾਣਿਆਂ ’ਤੇ ‘ਸਰਜੀਕਲ ਸਟ੍ਰਾਈਕ’ ਕੀਤੀ ਹੈ।

ਪਾਕਿਸਤਾਨ ਨੇ ਇਸ ਦੇ ਜਵਾਬ ’ਚ ਭਾਰਤੀ ਜਹਾਜ਼ ਮਿਗ-21 ਨੂੰ ਨਿਸ਼ਾਨੇ ’ਤੇ ਲਿਆ ਅਤੇ ਇੱਕ ਭਾਰਤੀ ਪਾਇਲਟ ਅਭਿਨੰਦਨ ਨੂੰ ਹਿਰਾਸਤ ’ਚ ਵੀ ਲਿਆ ਸੀ।

ਬਾਅਦ ’ਚ ਤਣਾਅ ਘਟਾਉਣ ਲਈ ਅਭਿਨੰਦਨ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ।

27 ਫਰਵਰੀ ਦਾ ਜ਼ਿਕਰ ਹਾਲ ਹੀ ’ਚ ਪ੍ਰਕਾਸ਼ਿਤ ਸਾਬਕਾ ਆਈਐਫ਼ਐਸ ਅਜੈ ਬਿਸਾਰੀਆ ਦੀ ਕਿਤਾਬ ’ਚ ਵੀ ਮਿਲਦਾ ਹੈ। ਬਿਸਾਰੀਆ ਉਸ ਸਮੇਂ ਪਾਕਿਸਤਾਨ ’ਚ ਭਾਰਤ ਦੇ ਸਫ਼ੀਰ ਸਨ।

ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਆਪਣੇ ਵੱਲੋਂ ਫੌਜੀ ਕਾਰਵਾਈ ਨੂੰ ਅੰਜਾਮ ਦਿੱਤਾ ਤਾਂ ਉਹ ਉਸ ਸਮੇਂ ਦਿੱਲੀ ਵਿਖੇ ਸਨ।

ਉਹ ਆਪਣੀ ਕਿਤਾਬ ’ਚ ਲਿਖਦੇ ਹਨ, “ਮੈਂ 26 ਫਰਵਰੀ ਦੀ ਸਵੇਰ ਦਿੱਲੀ ’ਚ ਸੀ ਅਤੇ ਉਸ ਸਮੇਂ ਮੇਰੀ ਅੱਖ ਖੁੱਲ੍ਹੀ ਜਦੋਂ ਸੋਸ਼ਲ ਮੀਡੀਆ ’ਤੇ ਭਾਰਤ ਵੱਲੋਂ ਪਾਕਿਸਤਾਨ ’ਚ ਬੰਬ ਸੁੱਟੇ ਜਾਣ ਦੀਆਂ ਗੱਲਾਂ ਦਾ ਜ਼ਿਕਰ ਹੋ ਰਿਹਾ ਸੀ।”

ਇਸਲਾਮਾਬਾਦ ’ਚ ਉਨ੍ਹਾਂ ਦੇ ਇੱਕ ਸਾਥੀ ਨੇ ਉਸ ਸਵੇਰ ਆਈਐਸਪੀਆਰ ਦੇ ਬੁਲਾਰੇ ਆਸਿਫ਼ ਗ਼ਫ਼ੂਰ ਦਾ ਇੱਕ ਟਵੀਟ ਸਾਂਝਾ ਕੀਤਾ, ਜਿਸ ’ਚ ਕਿਹਾ ਗਿਆ ਸੀ ਕਿ ਇੱਕ ਭਾਰਤੀ ਲੜਾਕੂ ਜਹਾਜ਼ ਨੇ ਪਾਕਿਸਤਾਨੀ ਹਵਾਈ ਖੇਤਰ ’ਚ ਦਾਖਲ ਹੋ ਕੇ ਬੰਬ ਸੁੱਟਿਆ ਹੈ।

ਉਹ ਲਿਖਦੇ ਹਨ ਕਿ ਪਾਕਿਸਤਾਨ ਨੇ ਅਗਲੇ ਦਿਨ ਜਵਾਬੀ ਕਾਰਵਾਈ ਕਰਦੇ ਹੋਈ ਲਾਈਨ ਓਫ ਕੰਟਰੋਲ ਦੇ ਚਾਰ ਕਿਲੋਮੀਟਰ ਦੇ ਅੰਦਰ ਫੌਜੀ ਟਿਕਾਣਿਆਂ ਦੇ ਨੇੜੇ ਗੋਲਾ ਬਾਰੂਦ ਸੁੱਟਿਆ।

ਬਾਅਦ ’ਚ ਭਾਰਤ ਵੱਲੋਂ ਜਾਰੀ ਕੀਤੇ ਬਿਆਨ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕੁਝ ਪਾਕਿਸਤਾਨੀ ਜਹਾਜ਼ ਭਾਰਤੀ ਹਵਾਈ ਖੇਤਰ ਦੇ ਅੰਦਰ ਦਾਖਲ ਹੋਏ ਸਨ।

ਅਭਿਨੰਦਨ
PTV

27 ਫਰਵਰੀ ਨੂੰ ਜਹਾਜ਼ਾਂ ਦੀ ਉਸ ‘ਡੌਗ ਫਾਈਟ’ ਦੌਰਾਨ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਦਾ ਜਹਾਜ਼ ਪਾਕਿਸਤਾਨ ਦੀ ਇੱਕ ਮਿਜ਼ਾਈਲ ਦਾ ਸ਼ਿਕਾਰ ਹੋ ਗਿਆ ਸੀ।

ਅਭਿਨੰਦਨ ਐਲਓਸੀ ਦੇ 7 ਕਿਲੋਮੀਟਰ ਅੰਦਰ ਜਾ ਕੇ ਡਿੱਗੇ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਆਪਣੀ ਕਿਤਾਬ ’ਚ ਲਿਖਦੇ ਹਨ, “ਮੈਨੂੰ ਲੱਗਦਾ ਹੈ ਕਿ ਦੁਨੀਆ ਨੂੰ ਇਹ ਚੰਗੀ ਤਰ੍ਹਾਂ ਪਤਾ ਹੀ ਨਹੀਂ ਹੈ ਕਿ ਫਰਵਰੀ 2019 ’ਚ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਪਰਮਾਣੂ ਜੰਗ ’ਚ ਤਬਦੀਲ ਹੋ ਸਕਦੀ ਸੀ।”

ਉਹ ਉਸ ਸਮੇਂ ਵੀਅਤਨਾਮ ’ਚ ਸਨ ਜਦੋਂ ਉਨ੍ਹਾਂ ਨੂੰ “ਭਾਰਤੀ ਹਮਰੁਤਬਾ ਨੇ ਨੀਂਦ ਤੋਂ ਜਗਾਇਆ, ਉਨ੍ਹਾਂ ਨੂੰ ਸ਼ੱਕ ਸੀ ਕਿ ਪਾਕਿਸਤਾਨ ਨੇ ਹਮਲੇ ਨੂੰ ਅੰਜਾਮ ਦੇਣ ਲਈ ਪਰਮਾਣੂ ਹਥਿਆਰਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਖੁਦ ਝੜਪਾਂ ਦੀ ਤਿਆਰੀ ’ਤੇ ਵਿਚਾਰ ਕਰ ਰਿਹਾ ਸੀ।”

ਮਾਈਕ ਪੋਂਪੀਓ ਲਿਖਦੇ ਹਨ ਕਿ ਉਨ੍ਹਾਂ ਨੇ ਪਾਕਿਸਤਾਨ ਦੇ ‘ਅਸਲ ਆਗੂ’ ਜਨਰਲ ਬਾਜਵਾ ਨਾਲ ਸੰਪਰਕ ਕੀਤਾ ਜਿੰਨ੍ਹਾਂ ਨੇ ਇਸ ਖ਼ਬਰ ਦਾ ਖੰਡਨ ਕੀਤਾ, ਪਰ ਉਨ੍ਹਾਂ ਨੂੰ ਡਰ ਸੀ ਕਿ ਭਾਰਤ ਪਰਮਾਣੂ ਹਥਿਆਰ ਤੈਨਾਤ ਕਰਨ ਦੀ ਤਿਆਰੀ ਕਰ ਰਿਹਾ ਹੈ।

ਸਾਬਕਾ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਆਪਣੀ ਕਿਤਾਬ ’ਚ ਲਿਖਦੇ ਹਨ ਕਿ ਉਸ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਨੇ ‘ਪੀ-ਫਾਈਫ਼’ ਮੁਲਕਾਂ ਭਾਵ ਅਮਰੀਕਾ, ਇੰਗਲੈਂਡ, ਫਰਾਂਸ, ਰੂਸ ਅਤੇ ਚੀਨ ਦੇ ਕੂਟਨੀਤਕਾਂ ਨੂੰ ਸੱਦਾ ਭੇਜਿਆ ਸੀ।

“ਸਾਡੇ ਪ੍ਰਧਾਨ ਮੰਤਰੀ ਇਸ ਸਮੇਂ ਉਪਲਬਧ ਨਹੀਂ ਸਨ”

ਅਭਿਨੰਦਨ
Getty images

ਬਿਸਾਰੀਆ ਦਾ ਆਪਣੀ ਕਿਤਾਬ ’ਚ ਦਾਅਵਾ ਹੈ ਕਿ ਭਾਰਤੀ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੀ ਹਦੂਦ ਅੰਦਰ ਸਟ੍ਰਾਈਕ ਅਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ’ਚ ਭਾਰਤੀ ਪਾਇਲਟ ਦੀ ਹਿਰਾਸਤ ਤੋਂ ਬਾਅਦ ‘ਡਿਪਲੋਮੈਟਾਂ ਦੀ ਨਜ਼ਰ ’ਚ ਪਾਕਿਸਤਾਨ ਅਸਲ ’ਚ ਤਣਾਅ ਵਧਣ ਦੀ ਸੰਭਾਵਨਾ ਤੋਂ ਡਰਿਆ ਹੋਇਆ ਨਜ਼ਰ ਆ ਰਿਹਾ ਸੀ।”

ਬਿਸਾਰੀਆ ਨੇ ਆਪਣੀ ਕਿਤਾਬ ’ਚ ਇਸ ਦਾ ਜ਼ਿਕਰ ਕੀਤਾ ਹੈ, “ਜਿਸ ਸਮੇਂ ਉਹ ਬੈਠਕ ਜਾਰੀ ਸੀ, ਉਸ ਸਮੇਂ ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਸ਼ਾਮ 5:45 ਵਜੇ ਫੌਜ ਵੱਲੋਂ ਆਏ ਇੱਕ ਸੁਨੇਹੇ ਨੂੰ ਸੁਣਾਉਣ ਲਈ ਗੱਲਬਾਤ ਨੂੰ ਰੋਕ ਦਿੱਤਾ ਸੀ।”

“ਉਸ ਸੰਦੇਸ਼ ’ਚ ਕਿਹਾ ਗਿਆ ਸੀ ਕਿ ਭਾਰਤ ਨੇ ਪਾਕਿਸਤਾਨ ਵੱਲ 9 ਮਿਜ਼ਾਈਲਾਂ ਪੁਆਇੰਟ ਹੋਇਆਂ ਹਨ, ਜੋ ਉਸੇ ਦਿਨ ਕਿਸੇ ਵੀ ਸਮੇਂ ਦਾਗੀਆਂ ਜਾ ਸਕਦੀਆਂ ਹਨ।”

ਬਿਸਾਰੀਆ ਅੱਗੇ ਲਿਖਦੇ ਹਨ, “ਤਹਿਮੀਨਾ ਜੰਜੂਆ ਚਾਹੁੰਦੇ ਸਨ ਕਿ ਕੂਟਨੀਤਕ ਇਹ ਗੱਲ ਆਪੋ ਆਪਣੇ ਦੇਸ਼ ਦੇ ਆਗੂਆਂ ਤੱਕ ਪਹੁੰਚਾਉਣ ਅਤੇ ਭਾਰਤ ਨੂੰ ਕਹਿਣ ਕਿ ਉਹ ਤਣਾਅ ਨੂੰ ਹੋਰ ਨਾ ਵਧਾਏ। ਇਸ ਦੇ ਕਾਰਨ ਹੀ ਪੀ-ਫਾਈਫ਼ ਦੇਸ਼ ਦੀਆਂ ਰਾਜਧਾਨੀਆਂ, ਇਸਲਾਮਾਬਾਦ ਅਤੇ ਨਵੀਂ ਦਿੱਲੀ ਦੇ ਕੂਟਨੀਤਕ ਗਲਿਆਰਿਆਂ ’ਚ ਤਰਥੱਲੀ ਮਚ ਗਈ ਸੀ।”

ਬਿਸਾਰੀਆ ਇੱਕ ਪੀ-5 ਡਿਪਲੋਮੈਟ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ, “ਉਨ੍ਹਾਂ ਡਿਪਲੋਮੈਟਾਂ ’ਚੋਂ ਇੱਕ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਸ਼ੰਕੇ ਨੂੰ ਸਿੱਧੇ ਤੌਰ ’ਤੇ ਭਾਰਤ ਤੱਕ ਪਹੁੰਚਾਉਣਾ ਚਾਹੀਦਾ ਹੈ।”

ਬਿਸਾਰੀਆ ਲਿਖਦੇ ਹਨ ਕਿ ਉਸ ਸਮੇਂ ਉਨ੍ਹਾਂ ਨੂੰ ਇਸਲਾਮਾਬਾਦ ’ਚ ਮੌਜੂਦ ਭਾਰਤ ਦੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਦਾ ਅੱਧੀ ਰਾਤ ਨੂੰ ਫੋਨ ਆਇਆ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਾ ਚਾਹੁੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਮੈਂ ਸੀਨੀਅਰ ਅਧਿਕਾਰੀਆਂ ਤੋਂ ਪੁੱਛਿਆ ਅਤੇ ਜਵਾਬ ਦਿੱਤਾ ਕਿ ਸਾਡੇ ਪ੍ਰਧਾਨ ਮੰਤਰੀ ਇਸ ਸਮੇਂ ਉਪਲਬਧ ਨਹੀਂ ਹਨ ਪਰ ਜੇਕਰ ਇਮਰਾਨ ਖਾਨ ਕੋਈ ਬਹੁਤ ਜਰੂਰੀ ਸੁਨੇਹਾ ਦੇਣਾ ਚਾਹੁੰਦੇ ਹਨ ਤਾਂ ਉਹ ਮੈਨੂੰ ਦੇ ਸਕਦੇ ਹਨ।”

ਬਿਸਾਰੀਆ ਅੱਗੇ ਲਿਖਦੇ ਹਨ ਕਿ ਇਸ ਤੋਂ ਬਾਅਦ ਉਸ ਰਾਤ ਉਨ੍ਹਾਂ ਨੂੰ ਕੋਈ ਫੋਨ ਨਹੀਂ ਆਇਆ।

ਉਹ ਲਿਖਦੇ ਹਨ ਕਿ ਇਸ ਦੌਰਾਨ ਅਮਰੀਕਾ ਅਤੇ ਬ੍ਰਿਟੇਨ ਦੇ ਰਾਜਦੂਤਾਂ ਨੇ ਭਾਰਤ ਨੂੰ ਸੂਚਿਤ ਕੀਤਾ ਕਿ ਪਾਕਿਸਤਾਨ ਹੁਣ ਤਣਾਅ ਘੱਟ ਕਰਨ, ਭਾਰਤ ਦੇ ਡੋਜ਼ੀਅਰ ’ਤੇ ਅਮਲ ਕਰਨ ਅਤੇ ਅੱਤਵਾਦ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਹੈ।

ਰਾਜਦੂਤਾਂ ਨੇ ਭਾਰਤ ਨੂੰ ਇਹ ਵੀ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖੁਦ ਇਹ ਐਲਾਨ ਕਰਨਗੇ ਅਤੇ ਪਾਇਲਟ ਨੂੰ ਅਗਲੇ ਦਿਨ ਭਾਰਤ ਵਾਪਸ ਕਰ ਦਿੱਤਾ ਜਾਵੇਗਾ।

ਬਿਸਾਰੀਆ ਅੱਗੇ ਲਿਖਦੇ ਹਨ ਕਿ 1 ਮਾਰਚ ਨੂੰ ਭਾਰਤ ਨੇ ਅਭਿਨੰਦਨ ਦੀ ਵਤਨ ਵਾਪਸੀ ਦੇ ਲਈ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕੀਤਾ ਅਤੇ ‘ਫੈਸਲਾ ਲਿਆ ਕਿ ਪਾਕਿਸਤਾਨ ਨੂੰ ਕਿਹਾ ਜਾਵੇ ਕਿ ਉਹ ਪਾਇਲਟ ਦੀ ਵਾਪਸੀ ਨੂੰ ਲੈ ਕੇ ਮੀਡੀਆ ’ਚ ਕਿਸੇ ਵੀ ਤਰ੍ਹਾਂ ਦਾ ਤਮਾਸ਼ਾ ਨਾ ਕਰੇ’।

“ਅਭਿਨੰਦਨ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਫੌਜ ਦਾ ਜਹਾਜ਼ ਭੇਜਣ ਦੀ ਤਿਆਰੀ ਸੀ, ਪਰ ਪਾਕਿਸਤਾਨ ਨੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅਭਿਨੰਦਨ ਨੂੰ ਸ਼ਾਮ ਦੇ ਪੰਜ ਵਜੇ ਰਿਹਾਅ ਕੀਤਾ ਜਾਣਾ ਸੀ, ਪਰ ਅਖੀਰ ਰਾਤ ਦੇ 9 ਵਜੇ ਰਿਹਾਅ ਕੀਤਾ ਗਿਆ।”

‘ਇਹ ਭਾਰਤ ਦਾ ਮਨਘੜਤ ਬਿਰਤਾਂਤ ਹੈ’

ਬੀਬੀਸੀ
BBC

ਵੀਰਵਾਰ ਨੂੰ ਹਫ਼ਤਾਵਰੀ ਪ੍ਰੈਸ ਕਾਨਫਰੰਸ ਦੌਰਾਨ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮੁਮਤਾਜ਼ ਬਲੋਚ ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਕਿਤਾਬ ਫਰਵਰੀ 2019 ਦੇ ਬਾਰੇ ’ਚ ਭਾਰਤ ਦੇ ਮਨਘੜਤ ਬਿਰਤਾਂਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਜਦੋਂ ਉਨ੍ਹਾਂ ਤੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਅਜੈ ਬਿਸਾਰੀਆ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਉਸ ਸਮੇਂ ਇੱਕ ਪਾਕਿਸਤਾਨੀ ਪ੍ਰਧਾਨ ਮੰਤਰੀ ਨਾਲ ਫੋਨ ’ਤੇ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ ਤਾਂ ਉਨ੍ਹਾਂ ਨੇ ਜਵਾਬ ’ਚ ਕਿਹਾ , “ ਭਾਰਤ ’ਚ ਸਰਕਾਰ ਨੇ ਪੁਲਵਾਮਾ ਘਟਨਾ ਨੂੰ ਸਿਆਸੀ ਫਾਇਦੇ ਲਈ ਵਰਤਿਆ…ਸ਼੍ਰੀਮਾਨ ਬਿਸਾਰੀਆ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਾਲਾਕੋਟ ਭਾਰਤ ਦੀ ਇੱਕ ਫੌਜੀ ਨਾਕਾਮਯਾਬੀ ਸੀ।"

"ਇਹ ਭਾਰਤ ਦੀ ਗੁਸਤਾਖ਼ੀ ਦੀ ਇੱਕ ਮਿਸਾਲ ਸੀ, ਜੋ ਕਿ ਉਨ੍ਹਾਂ ਦੇ ਲਈ ਬੁਰੀ ਤਰ੍ਹਾਂ ਅਤੇ ਸ਼ਰਮਨਾਕ ਹੱਦ ਤੱਕ ਗਲਤ ਸਾਬਤ ਹੋਈ ਸੀ , ਕਿਉਂਕਿ ਭਾਰਤੀ ਜਹਾਜ਼ ਢਾਹ ਢੇਰੀ ਕੀਤੇ ਗਏ ਅਤੇ ਇੱਕ ਭਾਰਤੀ ਪਾਇਲਟ ਨੂੰ ਪਾਕਿਸਤਾਨ ਨੇ ਹਿਰਾਸਤ ’ਚ ਵੀ ਲਿਆ ਸੀ।”

ਉਹ ਅੱਗੇ ਕਹਿੰਦੇ ਹਨ ਪਾਕਿਸਤਾਨ ਨੇ ਉਸ ਸਥਿਤੀ ਦੌਰਾਨ ਜ਼ਿੰਮੇਵਾਰੀ ਨਾਲ ਕੰਮ ਕੀਤਾ, ਪਰ “ਇਹ ਬਹੁਤ ਹੀ ਅਫ਼ਸੋਸ ਵਾਲੀ ਗੱਲ ਹੈ ਕਿ ਇੱਕ ਡਿਪਲੋਮੈਟ ਤਾਕਤ ਦੇ ਪ੍ਰਦਰਸ਼ਨ ਦੀ ਗੱਲ ਕਰ ਰਿਹਾ ਹੈ।”

ਇਮਰਾਨ ਖਾਨ ਨੇ 28 ਫਰਵਰੀ ਨੂੰ ਪਾਕਿਸਤਾਨ ਦੀ ਸੰਸਦ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਨੂੰ 1 ਮਾਰਚ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ।

ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੇ ਸਦਨ ਨੂੰ ਦੱਸਿਆ ਸੀ, “ਅੱਜ ਭਾਰਤ ਨੇ ਪੁਲਵਾਮਾ ਦੇ ਬਾਰੇ ’ਚ ਪੱਤਰ ਭੇਜਿਆ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਹਮਲਾ ਕੀਤਾ।”

ਉਨ੍ਹਾਂ ਦਾ ਕਹਿਣਾ ਸੀ, “ਅਸੀਂ ਸੰਬੰਧਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।”

ਉਨ੍ਹਾਂ ਨੇ ਸਦਨ ਨੂੰ ਦੱਸਿਆ ਸੀ, “ਮੈਂ ਕੱਲ੍ਹ ਵੀ ਮੋਦੀ ਨਾਲ ਗੱਲ ਕਰਨ ਦਾ ਯਤਨ ਕੀਤਾ ਅਤੇ ਇਸ ਕੰਮ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ।"

"ਮੈਂ ਭਾਰਤ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਹੋਰ ਕੋਈ ਕਾਰਵਾਈ ਨਾ ਕਰੋ, ਕਿਉਂਕਿ ਅਜਿਹੀ ਸਥਿਤੀ ’ਚ ਅਸੀਂ ਵੀ ਜਵਾਬੀ ਕਾਰਵਾਈ ਕਰਨ ਲਈ ਮਜਬੂਰ ਹੋਵਾਂਗੇ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News