ਇਸ ਦੇਸ਼ ਵਿੱਚ ਕੁੱਤੇ ਦਾ ਮੀਟ ਖ਼ੁਰਾਕ ਦਾ ਹਿੱਸਾ ਕਿਵੇਂ ਬਣਿਆ, ਹੁਣ ਰੋਕ ਲੱਗਣ ਉੱਤੇ ਕੀ ਚਰਚਾ ਹੋ ਰਹੀ

Sunday, Jan 14, 2024 - 07:06 PM (IST)

ਇਸ ਦੇਸ਼ ਵਿੱਚ ਕੁੱਤੇ ਦਾ ਮੀਟ ਖ਼ੁਰਾਕ ਦਾ ਹਿੱਸਾ ਕਿਵੇਂ ਬਣਿਆ, ਹੁਣ ਰੋਕ ਲੱਗਣ ਉੱਤੇ ਕੀ ਚਰਚਾ ਹੋ ਰਹੀ
ਕੁੱਤੇ ਦਾ ਮੀਟ
Getty Images
ਸਾਊਥ ਕੋਰੀਆ ਵਿੱਚ ਕੁੱਤੇ ਦੇ ਮੀਟ ਉੱਤੇ ਪਾਬੰਦੀ ਲਾਉਣ ਲਈ ਨਵਾਂ ਕਾਨੂੰਨ ਲਿਆਂਦਾ ਗਿਆ ਹੈ

“ਕੀ ਤੁਸੀਂ ਕੁੱਤਾ ਖਾਂਦੇ ਹੋ?”

ਕਿਸੇ ਗੈਰ-ਕੋਰੀਆਈ ਵੱਲੋਂ ਕੋਰੀਆ ਵਿੱਚ ਪੁੱਛਿਆ ਗਿਆ ਇਸ ਤੋਂ ਵੱਧ ਵਿਵਾਦਤ ਸਵਾਲ ਕੋਈ ਹੋਰ ਨਹੀਂ ਹੋ ਸਕਦਾ।

ਹਾਲਾਂਕਿ ਇਸ ਉੱਤੇ ਕਿਹੋ ਜਿਹੀ ਪ੍ਰਤੀਕਿਰਿਆ ਅਤੇ ਜਵਾਬ ਮਿਲੇਗਾ ਇਹ ਸਵਾਲ ਪੁੱਛਣ ਵਾਲੇ ਸ਼ਖ਼ਸ ਦੀ ਉਮਰ ਉੱਤੇ ਨਿਰਭਰ ਕਰਦਾ ਹੈ।

ਪਾਰਕ ਇਊਨ ਕਿਊਂਗ ਜਰਮਨੀ ਵਿੱਚ ਇੱਕ ਕੰਸਲਟੈਂਟ ਵਜੋਂ ਕੰਮ ਕਰਦੇ ਹਨ।

ਉਨ੍ਹਾਂ ਦੀ ਉਮਰ 30 ਤੋਂ 40 ਸਾਲ ਦੇ ਕਰੀਬ ਹੈ।

ਉਹ ਕਹਿੰਦੇ ਹਨ ਕਿ ਇਹ ਸਵਾਲ ਉਨ੍ਹਾਂ ਨੂੰ ਕਈ ਵਾਰ ਬੁਰਾ ਲੱਗਦਾ ਹੈ।

“ਇਹ ਬਹੁਤ ਥਕਾਉਣ ਵਾਲਾ ਹੈ, ਮੈਨੂੰ ਹਰ ਵਾਰੀ ਇਹ ਸਪਸ਼ਟ ਕਰਨਾ ਪੈਂਦਾ ਹੈ ਕਿ ਮੈਂ ਇਹ ਕਦੇ ਨਹੀਂ ਖਾਧਾ।”

ਉਹ ਦੱਸਦੇ ਹਨ ਕਿ ਦੱਖਣੀ ਕੋਰੀਆ ਵਿੱਚ ਕੁੱਤੇ ਜ਼ਿਆਦਾਤਰ ਬਜ਼ੁਰਗਾਂ ਲਈ ਹੁੰਦੇ ਹਨ, ਪਰ ਸਾਊਥ ਕੋਰੀਆ ਤੋਂ ਬਾਹਰ ਰਹਿਣ ਵਾਲੇ ਲੋਕ ਅਕਸਰ ਇਹ ਸਮਝਦੇ ਹਨ ਕਿ ਸਾਰੇ ਕੋਰੀਆਈ ਇਹ ਖਾਂਦੇ ਹਨ।

“ਇਸ ਨੂੰ ਬੁਰਾ ਮੰਨਿਆ ਜਾਂਦਾ ਹੈ, ਇਹ ਸਮਝਿਆ ਜਾਂਦਾ ਹੈ ਕਿ ਕੋਰੀਅਨ ਲੋਕ ਅਜਿਹੀ ਚੀਜ਼ ਖਾਂਦੇ ਹਨ ਜੋ ਨਹੀਂ ਖਾਣੀ ਚਾਹੀਦੀ ਅਤੇ ਇਹ ਸਭਿਆਚਾਰ ਨਿਰਦਈ ਹੈ।”

ਇਸ ਸਵਾਲ ਦੇ ਹੁਣ ਥੋੜ੍ਹੇ ਦਿਨ ਹੀ ਰਹਿ ਗਏ ਹਨ।

ਇਸ ਹਫ਼ਤੇ ਹੀ ਦੱਖਣੀ ਕੋਰੀਆ ਦੀ ਸਰਕਾਰ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ, ਜਿਸ ਦੇ ਤਹਿਤ ਮੀਟ ਲਈ ਕੁੱਤਿਆਂ ਦੇ ਪ੍ਰਜਨਨ, ਵੱਢਣ, ਸਪਲਾਈ ਅਤੇ ਵੇਚਣ ਉੱਤੇ ਰੋਕ ਲਗਾ ਦਿੱਤੀ ਜਾਵੇਗੀ।

ਇਸ ਪਾਬੰਦੀ ਨੂੰ 2027 ਤੋਂ ਲਾਗੂ ਕੀਤਾ ਜਾਵੇਗਾ।

ਖ਼ੁਰਾਕ ਦਾ ਹਿੱਸਾ ਕਿਵੇਂ ਬਣਿਆ

ਕੁੱਤੇ ਦਾ ਮੀਟ ਖਾਂਦੇ ਹੋਏ
Getty Images
2019 ਵਿੱਚ ਸੋਲ ਵਿੱਚ ਹੋਈ ਇੱਕ ਰੈਲੀ ਦੌਰਾਨ ਕੁੱਤੇ ਪਾਲਣ ਦਾ ਧੰਦਾ ਕਰਨ ਵਾਲੇ ਲੋਕ ਕੁੱਤੇ ਦਾ ਮੀਟ ਖਾਂਦੇ ਹੋਏ

ਡਾ. ਜੂ ਯੌਂਗ-ਹਾ ਗ੍ਰੈਜੂਏਟ ਸਕੂਲ ਓਫ ਕੋਰੀਅਨ ਸਟੱਡੀਜ਼ ਵਿੱਚ ਐਂਥਰੋਪੋਲੋਜੀ ਦੇ ਪ੍ਰੋਫ਼ੈਸਰ ਹਨ।

ਉਹ ਸਮਝਾਉਂਦੇ ਹਨ ਕਿ ਇਸ ਪਾਬੰਦੀ ਨਾਲ ਸਦੀਆਂ ਪੁਰਾਣੀ ਇਹ ਰਵਾਇਤ ਖ਼ਤਮ ਹੋ ਜਾਵੇਗੀ।

ਉਹ ਕਹਿੰਦੇ ਹਨ ਪੁਰਾਣੇ ਸਮੇਂ ਤੋਂ ਗਾਵਾਂ ਬਹੁਤ ਕੀਮਤੀ ਰਹੀਆਂ ਹਨ, ਇਨ੍ਹਾਂ ਦਾ ਮੁੱਲ ਇੰਨਾ ਜ਼ਿਆਦਾ ਸੀ ਕਿ 19ਵੀਂ ਸਦੀ ਦੇ ਅੰਤ ਤੱਕ ਗਾਵਾਂ ਨੂੰ ਵੱਢਣ ਲਈ ਸਰਕਾਰੀ ਪਰਮਿਟ ਲੈਣਾ ਪੈਂਦਾ ਸੀ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਖ਼ੁਰਾਕ (ਪ੍ਰੋਟੀਨ) ਲਈ ਹੋਰ ਸਰੋਤਾਂ ਦੀ ਲੋੜ ਸੀ।

ਕੋਰੀਅਨ ਪ੍ਰਾਇਦੀਪ ਉੱਤੇ ਰਹਿਣ ਵਾਲੇ ਲੋਕਾਂ ਲਈ ਕੁੱਤੇ ਦਾ ਮੀਟ ਹੀ ਸਭ ਤੋਂ ਚੰਗਾ ਬਦਲ ਸੀ।

ਸਾਰੇ ਸਮਾਜਿਕ ਵਰਗਾਂ ਦੇ ਲੋਕ ਇਸ ਦਾ ਮਜ਼ਾ ਲੈਂਦੇ ਹਨ ਹਾਲਾਂਕਿ ਅਜਿਹੇ ਲੋਕ ਵੀ ਸਨ ਜੋ ਇਸ ਨੂੰ ਨਹੀਂ ਖਾਂਦੇ ਸਨ।

ਪਰ ਹੋਰ ਖਾਣਿਆਂ ਦੇ ਵਾਂਗ ਹੀ ਕੁੱਤੇ ਦੇ ਮੀਟ ਦੇ ਬਣੇ ਹੋਰ ਖਾਣੇ ਵੀ ਬਣਨੇ ਸ਼ੁਰੂ ਹੋ ਗਏ।

ਕੁੱਤੇ ਦੇ ਮੀਟ ਦੇ ਬਣੇ ਸੂਪ ਨੂੰ “ਬੋਸਿਨਟੈਂਗ” ਕਿਹਾ ਜਾਂਦਾ ਸੀ, ਇਸ ਦੇ ਨਾਲ ਹੀ ਕੁੱਤੇ ਦੇ ਉਬਲੇ ਹੋਏ ਟੁੱਕੜੇ ਵੀ ਮਿਲਣ ਲੱਗੇ।

ਜੇਕਰ ਦੱਖਣੀ ਕੋਰੀਆ ਵਿੱਚ ਰਹਿਣ ਵਾਲੇ ਲੋਕਾਂ ਨਾਲ ਗੱਲ ਕਰੋ ਤਾਂ ਉਹ ਅੱਜ ਵੀ ਇਸ ਦੀਆਂ ਤਾਰੀਫ਼ਾਂ ਸੁਣਾਉਣਗੇ, ਉਹ ਦੱਸਣਗੇ ਕਿ ਇਹ ਸੁਆਦ ਹੋਣ ਦੇ ਨਾਲ ਨਾਲ ਪਚਾਉਣ ਵਿੱਚ ਵੀ ਆਸਾਨ ਹੁੰਦਾ ਹੈ ਇਸ ਦੇ ਨਾਲ ਹੀ ਇਹ ਗਰਮੀਆਂ ਵਿੱਚ ਸਰੀਰ ਨੂੰ ਤਾਕਤ ਵੀ ਦਿੰਦਾ ਹੈ।

ਓਲੰਪਿਕ ਖੇਡਾਂ ਵੇਲੇ ਕੀ ਚਰਚਾ ਛਿੜੀ ਸੀ

ਬੋਸਿਨਟੈਂਗ
Getty Images
ਕੁੱਤੇ ਦੇ ਮੀਟ ਦੇ ਬਣੇ ਸੂਪ ਨੂੰ ''''ਬੋਸਿਨਟੈਂਗ'''' ਕਿਹਾ ਜਾਂਦਾ ਹੈ

ਬਹੁਤ ਲੋਕਾਂ ਨੂੰ ਇਸ ਬਾਰੇ ਬਹੁਤ ਹੈਰਾਨੀ ਹੋਈ ਜਦੋਂ 1988 ਵਿੱਚ ਸੋਲ ਵਿੱਚ ਹੋਈਆਂ ਓਲੰਪਿਕ ਖੇਡਾਂ ਮੌਕੇ ਕੋਰੀਆ ਵਿੱਚ ਕੁੱਤੇ ਦਾ ਮੀਟ ਖਾਧੇ ਜਾਣ ਦਾ ਵਿਰੋਧ ਸਾਰੇ ਸੰਸਾਰ ਵਿੱਚ ਸੁਰਖ਼ੀਆਂ ਵਿੱਚ ਆਇਆ।

1988 ਵਿੱਚ ਹੋਈਆਂ ਇਹ ਖੇਡਾਂ ਕੋਰੀਆਂ ਵਿੱਚ ਹੋਇਆ ਉਸ ਵੇਲੇ ਤੱਕ ਦਾ ਵੱਡਾ ਕੌਮਾਂਤਰੀ ਪ੍ਰੋਗਰਾਮ ਸੀ।

ਡਾ. ਜੂ ਨੇ ਦੱਸਿਆ, “ਸ਼ੁਰੂਆਤ ਵਿੱਚ ਬਹੁਤ ਲੋਕ ਖ਼ਾਸ ਕਰਕੇ ਅਮੀਰ (ਕੁਲੀਨ) ਲੋਕਾਂ ਨੂੰ ਇਸ ਉੱਤੇ ਬਹੁਤ ਗੁੱਸਾ ਆਇਆ। ਉਨ੍ਹਾਂ ਨੇ ਇਸ ਨੂੰ ਆਪਣੇ ਸਭਿਆਚਾਰ ਦਾ ਨਿਰਾਦਰ ਸਮਝਿਆ।”

ਡਾ. ਜੂ ਦੱਸਦੇ ਹਨ, “ਪਰ ਸਮਾਂ ਬੀਤਣ ਦੇ ਨਾਲ ਹੋਰ ਲੋਕ ਇਸ ਬਾਰੇ ਸ਼ਰਮਿੰਦਾ ਮਹਿਸੂਸ ਕਰਨ ਲੱਗੇ ਅਤੇ ਇਸ ਦਾ ਵਿਰੋਧ ਕਰਨ ਲੱਗੇ।”

ਕੁੱਤੇ ਦਾ ਮੀਟ ਖਾਣ ਵਾਲਿਆਂ ਦੀ ਗਿਣਤੀ ਘਟੀ

ਪਾਲਤੂ ਜਾਨਵਰ
Getty Images
ਦੱਖਣੀ ਕੋਰੀਆ ਵਿੱਚ ਪਾਲਤੂ ਜਾਨਵਰ ਰੱਖਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ

ਪਿਛਲੇ ਤਿੰਨ ਦਹਾਕਿਆਂ ਵਿੱਚ ਦੱਖਣੀ ਕੋਰੀਆ ਬਹੁਤ ਬਦਲ ਗਿਆ ਹੈ।

ਇਸ ਦਾ ਅਸਰ ਇੱਥੇ ਕੁੱਤੇ ਦਾ ਮੀਟ ਖਾਣ ਵਾਲੇ ਲੋਕਾਂ ਦੀ ਗਿਣਤੀ ਉੱਤੇ ਵੀ ਪਿਆ ਹੈ।

ਪਿਛਲੇ ਸਾਲ ਹੋਈ ਗੈਲੱਪ ਪੋਲ ਮੁਤਾਬਕ ਸਿਰਫ਼ 8 ਫ਼ੀਸਦ ਲੋਕਾਂ ਨੇ ਹੀ ਪਿਛਲੇ 12 ਮਹੀਨਿਆਂ ਵਿੱਚ ਕੁੱਤੇ ਦਾ ਮੀਟ ਚਖ਼ਿਆ ਸੀ। ਅਜਿਹੇ ਲੋਕਾਂ ਦੀ ਗਿਣਤੀ ਘਟੀ ਹੈ।

2015 ਵਿੱਚ ਇਹ ਅੰਕੜਾ 27 ਫ਼ੀਸਦ ਦੇ ਕਰੀਬ ਸੀ।

''''ਕੋਰੀਅਨ ਐਸੋਸੀਏਸ਼ਨ ਆਫ ਏਡੀਬਲ ਡੌਗਜ਼'''' ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਵੀ ਕੋਰੀਆ ਵਿੱਚ ਕੁੱਤੇ ਦਾ ਮੀਟ ਖਾਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ।

ਬੀਬੀਸੀ
BBC

ਇਸ ਮੁਤਾਬਕ ਦੱਖਣੀ ਕੋਰੀਆ ਵਿੱਚ ਹੁਣ 3000 ਦੇ ਕਰੀਬ ਹੀ ‘ਬ੍ਰੀਡਿੰਗ ਫਾਰਮ’ ਹਨ ਜਿੱਥੇ ਕੁੱਤਿਆਂ ਦਾ ਪ੍ਰਜਨਨ ਹੁੰਦਾ ਹੈ। ਇਹ ਗਿਣਤੀ ਬਹੁਤ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ 2010 ਦੀ ਸ਼ੁਰੂਆਤ ਵਿੱਚ 10,000 ਦੇ ਕਰੀਬ ‘ਬ੍ਰੀਡਿੰਗ ਫਾਰਮ’ ਸਨ।

ਸਰਕਾਰ ਮੁਤਾਬਕ ਦੱਖਣੀ ਕੋਰੀਆਂ ਵਿੱਚ 1100 ਦੇ ਕਰੀਬ ਬ੍ਰੀਡਿੰਗ ਫਾਰਮ ਹਨ।

ਇਸੇ ਦੌਰਾਨ ਅਜਿਹੇ ਲੋਕਾਂ ਦੀ ਗਿਣਤੀ ਵਧੀ ਹੈ ਜੋ ਪਾਲਤੂ ਜਾਨਵਰਾਂ ਨੂੰ ਰੱਖਦੇ ਹਨ।

ਖੇਤੀਬਾੜੀ, ਖ਼ੁਰਾਬ ਅਤੇ ਪੇਂਡੂ ਮਾਮਲਿਆਂ ਬਾਰੇ ਮੰਤਰਾਲੇ ਮੁਤਾਬਕ 2022 ਦੇ ਸਰਵੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਚਾਰ ਵਿੱਚੋਂ ਇੱਕ ਦੱਖਣੀ ਕੋਰੀਆਈ ਕੋਲ ਪਾਲਤੂ ਜਾਨਵਰ ਹਨ।

ਦਸੰਬਰ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੱਖਣੀ ਕੋਰੀਆ ਵਿੱਚ ਕੁੱਤਿਆਂ ਨੂੰ ਸੈਰ ਕਰਵਾਉਣ ਲਈ ਬਣੀਆਂ ਰੇਹੜੀਆਂ ਬੱਚਿਆਂ ਨੂੰ ਘੁਮਾਉਣ ਲਈ ਵਰਤੀਆਂ ਜਾਣ ਵਾਲੀਆਂ ਰੇਹੜੀਆਂ ਤੋਂ ਵੱਧ ਵਿਕ ਰਹੀਆਂ ਹਨ।

ਇਹ ਇੱਥੋਂ ਦੇ ਲੋਕਾਂ ਦੇ ਜਾਨਵਰਾਂ ਨਾਲ ਵੱਧਦੇ ਪਿਆਰ ਦੇ ਨਾਲ-ਨਾਲ ਬੱਚਿਆਂ ਦੀ ਜਨਮ ਦਰ ਘਟਣ ਬਾਰੇ ਵੀ ਦੱਸਦਾ ਹੈ।

ਰਾਸ਼ਟਰਪਤੀ ਵੀ ਜਾਨਵਰ ਪ੍ਰੇਮੀ

ਦੱਖਣੀ ਕੋਰੀਆ ਰਾਸ਼ਟਰਪਤੀ
Getty Images
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਪਾਲਤੂ ਜਾਨਵਰਾਂ ਨੂੰ ਪਿਆਰ ਕਰਨ ਲਈ ਮਸ਼ਹੂਰ ਹਨ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ-ਸੂਕ-ਯਿਓਲ ਅਤੇ ਉਨ੍ਹਾਂ ਦੀ ਪਤਨੀ ਲੇਡੀ ਕਿਮ-ਕਿਓਨ-ਹੀ ਵੀ ਆਪਣੇ ਪਾਲਤੂ ਜਾਨਵਰਾਂ ਨੂੰ ਪਿਆਰ ਕਰਨ ਲਈ ਮਸ਼ਹੂਰ ਹਨ।

ਉਨ੍ਹਾਂ ਕੋਲ ਛੇ ਕੁੱਤੇ ਅਤੇ ਛੇ ਬਿੱਲੀਆਂ ਹਨ।

ਇਸ ਪਾਬੰਦੀ ਬਾਰੇ ਵਿਚਾਰ ਕਈ ਦਹਾਕੇ ਪਹਿਲਾਂ ਆਇਆ ਸੀ ਪਰ ਪਿਛਲੀਆਂ ਸਰਕਾਰਾਂ ਇਸ ਨੂੰ ਲਾਗੂ ਕਰਨ ਵਿੱਚ ਸਫ਼ਲ ਨਹੀਂ ਰਹਿ ਸਕੀਆਂ।

ਇਸ ਸਰਕਾਰ ਨੂੰ ਇਹ ਕਾਨੂੰਨ ਲਿਆਉਣ ਵਿੱਚ ਦੋ ਸਾਲ ਤੋਂ ਵੀ ਘੱਟ ਸਮਾਂ ਲੱਗਾ।

ਇਸ ਨਵੇਂ ਕਾਨੂੰਨ ਦਾ ਮਤਲਬ ਹੈ ਕਿ ਇਸ ਵਪਾਰ ਨਾਲ ਜੁੜੇ ਲੋਕ ਜੇਕਰ ਇਸ ਨੂੰ ਜਾਰੀ ਰੱਖਦੇ ਹਨ ਤਾਂ ਤਿੰਨ ਸਾਲਾਂ ਬਾਅਦ ਉਨ੍ਹਾਂ ਨੂੰ ਜੇਲ੍ਹ ਦੇ ਨਾਲ-ਨਾਲ ਜ਼ੁਰਮਾਨਾ ਭੁਗਤਣਾ ਪਵੇਗਾ।

ਇਹ ਕਾਨੂੰਨ ਕੁੱਤੇ ਦਾ ਮੀਟ ਖਾਣ ਨੂੰ ਗੈਰ-ਕਾਨੂੰਨੀ ਨਹੀਂ ਦੱਸਦਾ।

‘ਇਹੀ ਆਖ਼ਰੀ ਬਦਲ ਸੀ’

ਕਾਰਕੁਨ
Getty Images
ਇਹ ਕਾਨੂੰਨ 2027 ਤੋਂ ਲਾਗੂ ਹੋਵੇਗਾ

ਇਸ ਪਾਬੰਦੀ ਲਈ 1990ਵਿਆਂ ਤੋਂ ਮੁਹਿੰਮ ਚਲਾ ਰਹੀ ਕੋਰੀਅਨ ਅਨੀਮਲ ਵੈੱਲਫੇਅਰ ਅਸੋਸੀਏਸ਼ਨ ਨਾਲ ਜੁੜੀ ਕਾਰਕੁਨ ਜੀ ਹੀ ਕਿਉਂਗ ਇਸ ਦਾ ਸਵਾਗਤ ਕਰਦੇ ਹਨ।

ਉਨ੍ਹਾਂ ਕਿਹਾ, “ਪਾਬੰਦੀ ਹੀ ਕੁੱਤਿਆਂ ਨਾਲ ਹੁੰਦੇ ਜੁਰਮ ਨੂੰ ਰੋਕਣ ਲਈ ਆਖ਼ਰੀ ਬਦਲ ਸੀ, ਮੈਨੂੰ ਉਮੀਦ ਹੈ ਕਿ ਸੰਸਾਰ ਹੁਣ ਰਵਾਇਤ ਜਾਂ ਸਭਿਆਚਾਰ ਦੇ ਨਾਮ ਉੱਤੇ ਕੁੱਤਿਆਂ ਨਾਲ ਅਜਿਹਾ ਸ਼ੋਸ਼ਣ ਬੰਦ ਕਰ ਦੇਵੇਗਾ।”

ਇਸ ਕਾਨੂੰਨ ਨਾਲ ਹਰ ਕੋਈ ਸਹਿਮਤ ਨਹੀਂ ਹੈ ਖ਼ਾਸ ਕਰਕੇ ਉਹ ਲੋਕ ਜਿਹੜੇ ਇਸ ਤੋਂ ਰੋਜ਼ੀ ਰੋਟੀ ਕਮਾਉਂਦੇ ਹਨ।

ਕੁੱਤੇ ਪਾਲਣ ਦਾ ਧੰਦਾ ਕਰਦੇ ਯਿੳਂਗ ਬੋਂਗ ਕੋਰੀਅਨ ਐਸੋਸੀਏਸ਼ਨ ਓਫ਼ ਐਡੀਬਲ ਡੌਗ ਦੇ ਪ੍ਰਧਾਨ ਵੀ ਹਨ।

ਉਹ ਕਹਿੰਦੇ ਹਨ, “ਅਸੀਂ ਇਹ ਮੰਨਦੇ ਹਾਂ ਕਿ ਕੁੱਤੇ ਨਾ ਖਾਣ ਵਾਲਿਆਂ ਦੇ ਮੁਕਾਬਲੇ ਇਸ ਨੂੰ ਖਾਣ ਵਾਲੇ ਬਹੁਤ ਘੱਟ ਲੋਕ ਹਨ, ਪਰ ਫਿਰ ਵੀ ਇੱਕ ਵਪਾਰ ਚਲਾਉਣਾ ਸਾਡਾ ਹੱਕ ਹੈ।”

ਉਹ ਦਲੀਲ ਦਿੰਦੇ ਹਨ ਕਿ ਜਾਨਵਰਾਂ ਦੇ ਅਧਿਕਾਰਾਂ ਬਾਰੇ ਕੋਈ ਵੀ ਚਿੰਤਾ ਨੂੰ ਨਿਯਮ ਲਾਗੂ ਕਰਕੇ ਦੂਰ ਕੀਤਾ ਜਾ ਸਕਦਾ ਹੈ। ਪਿਛਲੇ ਸਮੇਂ ਵਿੱਚ ਇਸ ਬਾਰੇ ਬਹੁਤ ਘੱਟ ਨਿਯਮ ਸਨ।

‘ਡਾਕਟਰ ਡੌਗ ਮੀਟ’

ਕੁੱਤੇ ਦਾ ਮੀਟ
Getty Images
ਕੁਝ ਲੋਕ ਕਹਿ ਰਹੇ ਹਨ ਕਿ ਇਹ ਨਵਾਂ ਕਾਨੂੰਨ ਦੱਖਣੀ ਕੋਰੀਆ ਦੇ ਸੰਵਿਧਾਨ ਦੇ ਅਨੁਕੂਲ ਨਹੀਂ ਹੈ

ਡਾ. ਅਹਨ ਯੋਂਗ ਗਿਉਨ ਇਸ ਬਾਰੇ ਵੱਖਰਾ ਨਜ਼ਰੀਆ ਰੱਖਦੇ ਹਨ। ਉਹ ਚੁੰਗਨਮ ਨੈਸ਼ਨਲ ਯੁਨੀਵਰਸਿਟੀ ਵਿੱਚ ਸਾਬਕਾ ਫੂਡ ਇੰਜੀਨਿਅਰਿੰਗ ਪ੍ਰੋਫ਼ੈਸਰ ਹਨ। ਉਨ੍ਹਾਂ ਨੂੰ ਡਾ. ਡੌਗ ਮੀਟ ਵੀ ਕਿਹਾ ਜਾਂਦਾ ਹੈ।

ਉਹ ਸਾਊਥ ਕੋਰੀਆ ਵਿੱਚਲੇ ਗਿਣਵੇ ਚੁਣਵੇਂ ਲੋਕਾਂ ਵਿੱਚੋਂ ਹਨ ਜੋ ਡੌਗ ਮੀਟ ਉੱਤੇ ਅਧਿਐਨ ਕਰ ਰਹੇ ਹਨ।

ਉਨ੍ਹਾਂ ਨੇ ਆਪਣਾ ਖੋਜ ਕਾਰਜ 1988 ਓਲੰਪਿਕ ਵੇਲੇ ਸ਼ੁਰੂ ਕੀਤਾ ਸੀ।

ਉਹ ਸਰਕਾਰ ਅਤੇ ਅਕਾਦਮਿਕ ਜਗਤ ਵੱਲੋਂ ਸੋਲ ਓਲੰਪਿਕ ਵੇਲੇ ਹੋਏ ਵਿਰੋਧ ਦਾ ਢੁੱਕਵਾਂ ਜਵਾਬ ਨਾ ਦੇਣ ਤੋਂ ਬਹੁਤ ਦੁਖੀ ਸਨ।

ਇਸ ਮਗਰੋਂ ਉਨ੍ਹਾਂ ਨੇ ਇਸ ਦੇ ਫਾਇਦਿਆਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।

ਡਾ. ਅਹਮ ਮੁਤਾਬਕ ਇਸ ਵਿੱਚ ਅਨਸੈਚੂਰੇਟਡ ਫੈਟ ਘੱਟ ਹੁੰਦੀ ਹੈ ਅਤੇ ਇਹ ਬੀਫ਼ ਅਤੇ ਪੋਰਕ ਦਾ ਸਿਹਤਮੰਦ ਬਦਲ ਹੋ ਸਕਦਾ ਸੀ।

ਇਸ ਦੀ ਥਾਂ ਇਹ ਹੁਣ ਬੀਤੇ ਸਮੇਂ ਦੀ ਗੱਲ ਬਣਨ ਜਾ ਰਹੀ ਹੈ। ਉਹ ਇਸ ਨਵੇਂ ਕਾਨੂੰਨ ਨੂੰ ਦੇਸ਼ ਦੇ ਸੰਵਿਧਾਨ ਵਿੱਚ ਦਰਜ ਬੁਨਿਆਦੀ ਅਜ਼ਾਦੀ ਦੇ ਅਨੁਕੂਲ ਨਹੀਂ ਮੰਨਦੇ ਹਨ।

ਕੁੱਤਾ
Getty Images
ਕੁਝ ਲੋਕ ਇਸ ਨਵੇਂ ਕਾਨੂੰਨ ਦੇ ਸਿੱਟਿਆਂ ਬਾਰੇ ਚਿੰਤਤ ਹਨ

ਕੁੱਤੇ ਪਾਲਣ ਦਾ ਕੰਮ ਕਰਦੇ ਜੂ ਕਹਿੰਦੇ ਹਨ, “ਤੁਸੀਂ ਇਸ ਉੱਤੇ ਕਾਬੂ ਨਹੀਂ ਕਰ ਸਕਦੇ ਕਿ ਲੋਕ ਕੀ ਖਾ ਸਕਦੇ ਹਨ ਅਤੇ ਕੀ ਨਹੀਂ ਖਾ ਸਕਦੇ।”

ਲੀ ਬੋਰਾ ਕੋਲ ਵੀ ਆਪਣਾ ਪਾਲਤੂ ਕੁੱਤਾ ਹੈ। ਲੀ ਦੀ ਉਮਰ 30-40 ਸਾਲ ਦੇ ਕਰੀਬ ਹੈ ਅਤੇ ਉਹ ਕੁੱਤੇ ਦਾ ਮੀਟ ਖਾਣ ਦਾ ਵਿਰੋਧ ਕਰਦੇ ਹਨ।

ਉਹ ਇਸ ਨਵੇਂ ਕਾਨੂੰਨ ਦਾ ਸਵਾਗਤ ਕਰਦੇ ਪਰ ਉਹ ਕਹਿੰਦੇ ਹਨ ਉਹ “ਇਸ ਕਾਨੂੰਨ ਦੇ ਨਤੀਜਿਆਂ ਨੂੰ ਲੈ ਕੇ ਚਿੰਤਤ ਹਨ।”

“ਭਾਵਨਾਤਕ ਤੌਰ ’ਤੇ ਮੇਰੀ ਇਹ ਚਾਹ ਹੈ ਕਿ ਲੋਕ ਵੱਢਣ ਲਈ ਕੁੱਤੇ ਨਾ ਪਾਲਣ।”

ਉਹ ਅੱਗੇ ਕਹਿੰਦੇ ਹਨ, “ਪਰ ਦੇਖਿਆ ਜਾਵੇ ਤਾਂ ਮੈਂ ਸੋਚਦੀ ਹਾਂ ਕਿ ਕੁੱਤੇ ਗਾਵਾਂ ਜਾਂ ਸੂਰਾਂ ਨਾਲੋਂ ਇੰਨੇ ਵੱਖਰੇ ਨਹੀਂ ਹਨ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News