ਬੱਚਾ ਜੇਕਰ ਹਕਲਾਉਂਦਾ ਹੈ ਤਾਂ ਮਾਪਿਆਂ ਨੂੰ ਇਹਨਾਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ

Saturday, Jan 13, 2024 - 07:51 PM (IST)

ਬੱਚਾ ਜੇਕਰ ਹਕਲਾਉਂਦਾ ਹੈ ਤਾਂ ਮਾਪਿਆਂ ਨੂੰ ਇਹਨਾਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ
ਬੱਚੇ ਦਾ ਹਕਲਾਉਣਾ
GETTY IMAGES
ਬੱਚੇ ਦਾ ਹਕਲਾਉਣਾ ਲਾਜ਼ਮੀ ਤੌਰ ’ਤੇ ਮਾਪਿਆਂ ਲਈ ਗੰਭੀਰ ਚਿੰਤਾ ਦਾ ਮੁੱਦਾ ਹੁੰਦਾ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਕਿਵੇਂ ਆਪਣੇ ਬੱਚੇ ਦੀ ਮਦਦ ਕਰ ਸਕਣ।

“ਸਕੂਲ ’ਚ ਸਵੇਰ ਦੇ ਸਮੇਂ ਹਾਜ਼ਰੀ ਤੋਂ ਪਹਿਲਾਂ ਮੈਨੂੰ ਬਹੁਤ ਹੀ ਘਬਰਾਹਟ ਮਹਿਸੂਸ ਹੁੰਦੀ ਸੀ। ਤੁਸੀਂ ‘ਪ੍ਰਜੈਂਟ ਮੈਮ’ ਕਹਿੰਦੇ ਹੋ ਜਾਂ ਫਿਰ ‘ਯੈਸ ਮੈਮ’। ਮੈਂ ਤਾਂ ਹਮੇਸ਼ਾ ‘ਯੈਸ ਮੈਮ’ ਹੀ ਕਿਹਾ ਹੈ। ਮੇਰੀ ਕੋਸ਼ਿਸ਼ ਰਹਿੰਦੀ ਸੀ ਕਿ ਜਿੰਨਾ ਘੱਟ ਬੋਲਿਆ ਜਾਵੇ, ਓਨਾ ਹੀ ਚੰਗਾ।”

ਇਹ ਕਹਿਣਾ ਹੈ 35 ਸਾਲ ਦੇ ਆਦਿਤਿਆ (ਬਦਲਿਆ ਨਾਮ) ਦਾ। ਉਹ ਪੇਸ਼ੇ ਵੱਜੋਂ ਸਾਫਟਵੇਅਰ ਇੰਜੀਨੀਅਰ ਹਨ ਅਤੇ ਆਪਣੀ ਹਕਲਾਉਣ ਦੀ ਦਿੱਕਤ ਕਰਕੇ ਸਪੀਚ ਥੈਰੇਪੀ ਦੀ ਮਦਦ ਲੈ ਰਹੇ ਹਨ।

ਬੀਬੀਸੀ ਪੱਤਰਕਾਰ ਪਾਇਲ ਭੂਯਨ ਨੂੰ ਉਹ ਦੱਸਦੇ ਹਨ, “ਜੇਕਰ ਅਸੀਂ ਹਕਲਾਉਂਦੇ ਹਾਂ ਤਾਂ ਇਸ ’ਚ ਸਾਡੀ ਕੀ ਗ਼ਲਤੀ ਹੈ। ਪ੍ਰਮਾਤਮਾ ਨੇ ਹੀ ਸਾਨੂੰ ਇਸ ਤਰ੍ਹਾਂ ਦਾ ਬਣਾਇਆ ਹੈ। ਬਚਪਨ ’ਚ ਵੀ ਮੇਰਾ ਮਜ਼ਾਕ ਉਡਾਇਆ ਜਾਂਦਾ ਸੀ ਅਤੇ ਸ਼ਾਇਦ ਇਹ ਉਮਰ ਭਰ ਚੱਲਦਾ ਰਹਿੰਦਾ ਹੈ।”

ਇੱਕ ਖੋਜ ਦੇ ਅਨੁਸਾਰ 8 ਫੀਸਦ ਬੱਚੇ ਕਦੇ ਨਾ ਕਦੇ ਹਕਲਾਉਂਦੇ ਜ਼ਰੂਰ ਹਨ। ਪਰ ਕਈ ਬੱਚਿਆਂ ’ਚ ਸਮੇਂ ਦੇ ਨਾਲ ਹਕਲਾਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ, ਕਈਆਂ ’ਚ ਕੁਝ ਹੱਦ ਤੱਕ ਫਰਕ ਨਜ਼ਰ ਆਉਂਦਾ ਹੈ ਅਤੇ ਕੁਝ ਬੱਚਿਆਂ ’ਚ ਬਿਲਕੁੱਲ ਵੀ ਸੁਧਾਰ ਨਹੀਂ ਹੁੰਦਾ ਹੈ।

ਕੰਪਿਊਟਰ
Getty Images
ਸਪੀਚ ਥੈਰੇਪਿਸਟ ਸ਼ਿਸ਼ੂਪਾਲ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਕਈ ਵਾਰ ਇਨ੍ਹਾਂ ਲੋਕਾਂ ਨੂੰ ਥੈਰੇਪੀ ਦੇ ਨਾਲ-ਨਾਲ ਕਾਉਂਸਲਿੰਗ ਦੀ ਵੀ ਜ਼ਰੂਰਤ ਪੈਂਦੀ ਹੈ।

ਸਬਰ ਦੀ ਉਮੀਦ

ਬੱਚੇ ਦਾ ਹਕਲਾਉਣਾ ਲਾਜ਼ਮੀ ਤੌਰ ’ਤੇ ਮਾਪਿਆਂ ਲਈ ਗੰਭੀਰ ਚਿੰਤਾ ਦਾ ਮੁੱਦਾ ਹੁੰਦਾ ਹੈ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਕਿਵੇਂ ਆਪਣੇ ਬੱਚੇ ਦੀ ਮਦਦ ਕਰ ਸਕਣ।

ਬੀਬੀਸੀ ਸਾਊਂਡਜ਼ ਦੇ ਵੂਮੈਨਜ਼ ਆਵਰ ਪੋਡਕਾਸਟ ਪ੍ਰੋਗਰਾਮ ਨਾਲ ਗੱਲ ਕਰਦਿਆਂ ਜੇਰੀ ਨਾਮ ਦੀ ਇੱਕ ਮਾਂ ਦੱਸਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੇ 2-3 ਸਾਲ ਦੀ ਉਮਰ ’ਚ ਹਕਲਾਉਣਾ ਸ਼ੁਰੂ ਕੀਤਾ ਸੀ।

“ਜਦੋਂ ਸਾਡਾ ਬੇਟਾ 5-6 ਸਾਲ ਦਾ ਹੋਇਆ ਤਾਂ ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਉਹ ਅਸਲ ’ਚ ਹਕਲਾਉਣ ਲੱਗ ਪਿਆ ਹੈ। ਜਦੋਂ ਉਹ ਛੋਟਾ ਸੀ ਉਸ ਸਮੇਂ ਅਸੀਂ ਸੋਚਦੇ ਸੀ ਕਿ ਛੋਟੇ ਬੱਚੇ ਅਜਿਹਾ ਆਮ ਕਰਦੇ ਹਨ।"

"ਸਾਨੂੰ ਬਿਲਕੁੱਲ ਵੀ ਪਤਾ ਨਹੀਂ ਸੀ ਕਿ ਅਸੀਂ ਉਸ ਦੀ ਕਿਵੇਂ ਮਦਦ ਕਰੀਏ ਅਤੇ ਅਸੀਂ ਸਿਰਫ਼ ਪ੍ਰਾਰਥਨਾ ਕਰ ਰਹੇ ਸੀ ਕਿ ਉਹ ਆਪਣੇ ਆਪ ਹੀ ਠੀਕ ਹੋ ਜਾਵੇਗਾ।”

ਜੇਰੀ ਦੇ ਪੁੱਤਰ ਦੀ ਮੁਸ਼ਕਲ ਸਮੇਂ ਦੇ ਨਾਲ-ਨਾਲ ਵਧਦੀ ਗਈ ਅਤੇ ਉਹ ਪਹਿਲਾਂ ਨਾਲੋਂ ਜ਼ਿਆਦਾ ਹਕਲਾਉਣ ਲੱਗ ਪਿਆ। ਉਹ ਗੱਲ-ਗੱਲ ’ਤੇ ਨਾਰਾਜ਼ ਵੀ ਹੋ ਜਾਂਦੇ ਸਨ।

ਉਹ ਅੱਗੇ ਕਹਿੰਦੇ ਹਨ, “ਅਸੀਂ ਆਪਣੇ ਬੇਟੇ ਦੀ ਮਦਦ ਕਰਨ ਲਈ ਉਸ ਦੀ ਹਰ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸੀ। ਜਿੰਨ੍ਹਾਂ ਸ਼ਬਦਾਂ ’ਤੇ ਉਹ ਅਟਕਦਾ ਸੀ, ਅਸੀਂ ਉਸ ਨੂੰ ਉਹ ਸ਼ਬਦ ਚੇਤੇ ਕਰਵਾਉਂਦੇ ਸੀ।"

"ਪਰ ਉਹ ਸਾਡੇ ਇਸ ਤਰ੍ਹਾਂ ਕਰਨ ’ਤੇ ਨਿਰਾਸ਼ ਹੋ ਜਾਂਦਾ ਸੀ ਅਤੇ ਕਈ ਵਾਰ ਤਾਂ ਨਾਰਾਜ਼ ਵੀ ਹੋ ਜਾਂਦਾ ਸੀ। ਉਸ ਦੇ ਚਿਹਰੇ ’ਤੇ ਬੇਬਸੀ ਸਪੱਸ਼ਟ ਵਿਖਾਈ ਦਿੰਦੀ ਸੀ।”

ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਵਸਨੀਕ ਆਦਿਤਿਆ ਦਾ ਕਹਿਣਾ ਹੈ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਹਕਲਾਉਣ ਵਾਲੇ ਵਿਅਕਤੀ ਦੀ ਗੱਲ ਪੂਰੀ ਕਰ ਦਿੰਦੇ ਹਨ, ਜੋ ਕਿ ਸਹੀ ਨਹੀਂ ਹੈ।

“ਸਾਨੂੰ ਸਾਡੀ ਗੱਲ ਪੂਰੀ ਕਰਨ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ ਤੁਸੀਂ ਸਾਡੀ ਮਦਦ ਕਰਨ ਦਾ ਯਤਨ ਕਰਦੇ ਹੋ, ਪਰ ਇਹ ਕਿਤੇ ਨਾ ਕਿਤੇ ਸਾਨੂੰ ਪਰੇਸ਼ਾਨ ਕਰਦਾ ਹੈ। ਅਸੀਂ ਤਾਂ ਸਿਰਫ ਤੁਹਾਡੇ ਤੋਂ ਆਪਣੇ ਪ੍ਰਤੀ ਥੋੜ੍ਹੇ ਸਬਰ ਦੀ ਉਮੀਦ ਕਰਦੇ ਹਾਂ।”

ਬੱਚਾ
Getty Images
ਸਵੀਅਰ ਮਾਮਲੇ ਕੁਝ ਚੁਣੌਤੀਪੂਰਨ ਹੁੰਦੇ ਹਨ ਅਤੇ ਉਨ੍ਹਾਂ ’ਚ 30 ਤੋ 40 ਫੀਸਦੀ ਸੁਧਾਰ ਦੀ ਗੁੰਜਾਇਸ਼ ਰਹਿੰਦੀ ਹੈ।

ਹਕਲਾਉਣ ਦਾ ਪੱਧਰ

ਬੀਬੀਸੀ ਪੱਤਰਕਾਰ ਪਾਇਲ ਭੂਯਨ ਨੇ ਦਿੱਲੀ ਨਾਲ ਲੱਗਦੇ ਨੋਇਡਾ ਖੇਤਰ ’ਚ ਸਥਿਤ ‘ਦਿ ਲਰਨਿੰਗ ਹੱਬ’ ਸਪੀਚ ਐਂਡ ਹੀਅਰਿੰਗ ਸੈਂਟਰ ’ਚ ਸਪੀਚ ਥੈਰੇਪਿਸਟ ਸ਼ਿਸ਼ੂਪਾਲ ਨਾਲ ਵੀ ਗੱਲਬਾਤ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਬਹੁਤ ਸਾਰੇ ਲੋਕ ਹਕਲਾਉਣ ਦੀ ਦਿੱਕਤ ਨੂੰ ਘੱਟ ਕਰਨ ਲਈ ਸਪੀਚ ਥੈਰੇਪੀ ਦੀ ਮਦਦ ਲੈ ਰਹੇ ਹਨ।

ਸ਼ਿਸ਼ੂਪਾਲ ਦਾ ਕਹਿਣਾ ਹੈ ਕਿ ਹਕਲਾਉਣ ਨੂੰ ਤਿੰਨ ਪੜਾਵਾਂ ’ਚ ਵੰਡਿਆ ਜਾ ਸਕਦਾ ਹੈ।

  • ਮਾਈਲਡ ਭਾਵ ਮਾਮੂਲੀ ਹਕਲਾਉਣਾ
  • ਮੋਡਰੈਟ ਜਿਸ ’ਚ ਵਿਅਕਤੀ ਆਮ ਨਾਲੋਂ ਵੱਧ ਹਕਲਾਉਂਦਾ ਹੈ
  • ਸਵੀਅਰ ਭਾਵ ਬਹੁਤ ਜ਼ਿਆਦਾ ਹਕਲਾਉਣਾ

ਉਨ੍ਹਾਂ ਦਾ ਕਹਿਣਾ ਹੈ, “ਜਿੰਨ੍ਹਾਂ ਬੱਚਿਆਂ ’ਚ ਮਾਮੂਲੀ ਹਕਲਾਉਣ ਦੀ ਪਰੇਸ਼ਾਨੀ ਹੁੰਦੀ ਹੈ ਉਹ ਜਲਦੀ ਠੀਕ ਹੋ ਜਾਂਦੇ ਹਨ। ਮੋਡਰੇਟ ਹਕਲਾਉਣ ਵਾਲੇ ਬੱਚਿਆਂ ਨੂੰ 4-5 ਮਹੀਨਿਆਂ ਤੱਕ ਥੈਰੇਪੀ ਲੈਣੀ ਪੈਂਦੀ ਹੈ, ਜਿਸ ਤੋਂ ਬਾਅਦ ਕਾਫੀ ਹੱਦ ਤੱਕ ਸੁਧਾਰ ਨਜ਼ਰ ਆਉਂਦਾ ਹੈ।”

ਸਵੀਅਰ ਮਾਮਲੇ ਕੁਝ ਚੁਣੌਤੀਪੂਰਨ ਹੁੰਦੇ ਹਨ ਅਤੇ ਉਨ੍ਹਾਂ ’ਚ 30 ਤੋ 40 ਫੀਸਦੀ ਸੁਧਾਰ ਦੀ ਗੁੰਜਾਇਸ਼ ਰਹਿੰਦੀ ਹੈ। ਪਰ ਥੈਰੇਪੀ ਦੇ ਨਾਲ-ਨਾਲ ਬੱਚਿਆਂ ਦੀ ਕੋਸ਼ਿਸ਼ ਅਤੇ ਖਰਚਾ ਵੀ ਬਹੁਤ ਅਹਿਮ ਹੈ।

ਬੀਬੀਸੀ
Getty Images/bbc

ਥੈਰੇਪੀ ਦੇ ਨਾਲ-ਨਾਲ ਕਾਉਂਸਲਿੰਗ ਦੀ ਲੋੜ

ਆਦਿਤਿਆ ਦੱਸਦੇ ਹਨ, “ਬਚਪਨ ’ਚ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੇਰੀ ਇਹ ਸਮੱਸਿਆ ਠੀਕ ਵੀ ਹੋ ਸਕਦੀ ਹੈ ਅਤੇ ਇਹ ਥੈਰੇਪੀ ਕਾਫੀ ਮਹਿੰਗੀ ਰਹਿੰਦੀ ਹੈ। ਉਸ ਸਮੇਂ ਇੰਨੇ ਪੈਸੇ ਵੀ ਨਹੀਂ ਸੀ ਕਿ ਅਸੀਂ ਥੈਰੇਪੀ ਲੈ ਸਕਦੇ।”

ਬੀਬੀਸੀ ਸਾਊਂਡਜ਼ ਪੋਡਕਾਸਟ ਪ੍ਰੋਗਰਾਮ ’ਚ ਗੱਲਬਾਤ ਕਰਦਿਆਂ ਜੇਰੀ ਦੱਸਦੇ ਹਨ, “ਸਕੂਲ ’ਚ ਪਾਠ ਪੜ੍ਹਨ ਮੌਕੇ ਮੇਰਾ ਬੇਟਾ ਹਕਲਾਉਂਦਾ ਸੀ। ਅਧਿਆਪਕਾਂ ਦਾ ਕਹਿਣਾ ਸੀ ਕਿ ਮੇਰਾ ਬੇਟਾ ਪੜ੍ਹਾਈ ’ਚ ਖ਼ਾਸ ਨਹੀਂ ਹੈ। ਉਸ ’ਚ ਆਤਮਵਿਸ਼ਵਾਸ ਦੀ ਕਮੀ ਹੈ।"

"ਪਰ ਜੇਕਰ ਤੁਸੀਂ ਸਾਹਿਤ ਪੜ੍ਹਾ ਰਹੇ ਹੋ ਤਾਂ ਕਈ ਵਾਰ ਬਹੁਤ ਸਾਰੇ ਬੱਚੇ ਅਟਕ ਜਾਂਦੇ ਹਨ। ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਹਾਨੂੰ ਮੇਰੇ ਬੱਚੇ ਵਰਗੇ ਹੋਰਨਾਂ ਬੱਚਿਆਂ ਨੂੰ ਥੋੜ੍ਹਾ ਜ਼ਿਆਦਾ ਸਮਾਂ ਦੇਣਾ ਪਵੇਗਾ। ਸਿਰਫ਼ ਇਹ ਕਹਿ ਦੇਣਾ ਕਿ ਉਹ ਸਲੋ ਹਨ, ਇਹ ਸਹੀ ਨਹੀਂ ਹੈ।”

ਸਪੀਚ ਥੈਰੇਪਿਸਟ ਸ਼ਿਸ਼ੂਪਾਲ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਕਈ ਵਾਰ ਇਨ੍ਹਾਂ ਲੋਕਾਂ ਨੂੰ ਥੈਰੇਪੀ ਦੇ ਨਾਲ-ਨਾਲ ਕਾਉਂਸਲਿੰਗ ਦੀ ਵੀ ਜ਼ਰੂਰਤ ਪੈਂਦੀ ਹੈ।

“ਕਈ ਵਾਰ ਵੇਖਿਆ ਗਿਆ ਹੈ ਕਿ ਜੋ ਲੋਕ ਹਕਲਾਉਂਦੇ ਹਨ, ਉਨ੍ਹਾਂ ਦਾ ਆਤਮਵਿਸ਼ਵਾਸ ਕਈ ਵਾਰ ਟੁੱਟ ਜਾਂਦਾ ਹੈ। ਇਹ ਉਨ੍ਹਾਂ ਦੇ ਮਨ ਅੰਦਰ ਘਰ ਕਰ ਜਾਂਦਾ ਹੈ ਕਿ ਜੇਕਰ ਮੈਂ ਕੁਝ ਗ਼ਲਤ ਬੋਲਿਆ ਤਾਂ ਲੋਕ ਮੇਰੇ ’ਤੇ ਹੱਸਣਗੇ।”

ਬੱਚਾ
Getty Images
ਉਨ੍ਹਾਂ ਦੇ ਵਾਕ ਜਲਦੀ ਖ਼ਤਮ ਕਰਨ ਦਾ ਯਤਨ ਨਾ ਕਰੋ।

ਸ਼ਿਸ਼ੂਪਾਲ ਅੱਗੇ ਕਹਿੰਦੇ ਹਨ ਕਿ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਇਸ ਸਮੱਸਿਆ ਨਾਲ ਜੂਝ ਰਹੇ ਲੋਕ ਇਕੱਲਾ ਰਹਿਣਾ ਪਸੰਦ ਕਰਦੇ ਹਨ ਅਤੇ ਉਹ ਕਿਸੇ ਸਮੂਹ ’ਚ ਬੈਠਣ ਤੋਂ ਹਿਚਕਚਾਉਂਦੇ ਹਨ।

ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਕਿਸੇ ਨੇ ਕੁਝ ਪੁੱਛ ਲਿਆ ਤਾਂ ਅਸੀਂ ਕੀ ਜਵਾਬ ਦੇਵਾਂਗੇ। ਕਈ ਵਾਰ ਇਸ ਦੇ ਕਾਰਨ ਦਫ਼ਤਰ ’ਚ ਵੀ ਸਮੱਸਿਆ ਆਉਂਦੀ ਹੈ।

ਆਦਿਤਿਆ ਆਪਣੀ ਨੌਕਰੀ ਲੱਭਣ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਦੱਸਦੇ ਹਨ, “ਮੈਂ ਸਾਰੇ ਤਕਨੀਕੀ ਟੈਸਟ ਪਾਸ ਕਰ ਲੈਂਦਾ ਸੀ, ਪਰ ਹਰ ਵਾਰ ਆਖ਼ਰੀ ਦੌਰ ’ਚ ਮੇਰੀ ਚੋਣ ਨਹੀਂ ਹੁੰਦੀ ਸੀ। ਹੌਲੀ-ਹੌਲੀ ਮੈਨੂੰ ਸਮਝ ਆਉਣ ਲੱਗੀ ਕਿ ਮੇਰਾ ਹਕਲਾਉਣਾ ਹੀ ਮੇਰੀ ਨੌਕਰੀ ਦੇ ਰਾਹ ’ਚ ਅੜਚਣ ਬਣ ਰਿਹਾ ਹੈ।”

“ਫਿਰ ਜਿੱਥੇ ਮੇਰੀ ਪਹਿਲੀ ਨੌਕਰੀ ਲੱਗੀ, ਉੱਥੇ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੇਰੀ ਹਕਲਾਉਣ ਦੀ ਦਿੱਕਤ ਹੈ। ਉਨ੍ਹਾਂ ਨੇ ਮੇਰੀ ਥੈਰੇਪੀ ਦੇ ਬਾਰੇ ’ਚ ਪੁੱਛਿਆ ਅਤੇ ਮੈਨੂੰ ਨੌਕਰੀ ਮਿਲ ਗਈ।”

“ਪਰ ਅੱਜ ਵੀ ਕਈ ਵਾਰ ਮੈਂ ਉਹ ਸਭ ਕੁਝ ਬੋਲਣ ਤੋਂ ਡਰਦਾ ਹਾਂ, ਜੋ ਕਿ ਮੇਰੇ ਮਨ ’ਚ ਹੁੰਦਾ ਹੈ। ਇਹੀ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਜ਼ਿਆਦਾ ਨਾ ਬੋਲਣਾ ਪੈ ਜਾਵੇ।”

ਆਦਿਤਿਆ ਨੇ ਥੈਰੇਪੀ ਦੇ ਕਈ ਸੈਸ਼ਨ ਲਏ ਹਨ ਅਤੇ ਆਪਣੇ ਆਪ ’ਤੇ ਕੰਮ ਵੀ ਕੀਤਾ ਹੈ, ਜਿਸ ਕਰਕੇ ਉਨ੍ਹਾਂ ਦੀ ਹਕਲਾਉਣ ਦੀ ਸਮੱਸਿਆ ਕਾਫੀ ਹੱਦ ਤੱਕ ਠੀਕ ਵੀ ਹੋ ਗਈ ਹੈ।”

ਬੱਚਾ
Getty Images
ਉਨ੍ਹਾਂ ਦੀ ਗੱਲ ’ਤੇ ਧਿਆਨ ਦਿਓ, ਨਾ ਕਿ ਉਹ ਕਿਵੇਂ ਬੋਲ ਰਹੇ ਹਨ, ਉਸ ਤਰੀਕੇ ’ਤੇ।

ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦੇ ਅਨੁਸਾਰ, ਜਦੋਂ ਵੀ ਤੁਸੀਂ ਅਜਿਹੇ ਵਿਅਕਤੀ ਨੂੰ ਮਿਲੋ, ਜੋ ਕਿ ਹਕਲਾਉਂਦਾ ਹੈ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ:-

  • ਉਨ੍ਹਾਂ ਦੇ ਵਾਕ ਜਲਦੀ ਖ਼ਤਮ ਕਰਨ ਦਾ ਯਤਨ ਨਾ ਕਰੋ।
  • ਧੀਰਜ, ਸਬਰ ਰੱਖੋ ਅਤੇ ਜਦੋਂ ਉਹ ਬੋਲਦੇ ਹੋਣ ਤਾਂ ਗੱਲ ਦੇ ਵਿਚਾਲੇ ਨਾ ਬੋਲੋ।
  • ਉਨ੍ਹਾਂ ਨੂੰ ਜਲਦੀ ਜਾਂ ਹੌਲੀ ਗੱਲ ਕਰਨ ਦੀ ਹਿਦਾਇਤ ਨਾ ਦਿਓ।
  • ਉਨ੍ਹਾਂ ਦੀ ਗੱਲ ’ਤੇ ਧਿਆਨ ਦਿਓ, ਨਾ ਕਿ ਉਹ ਕਿਵੇਂ ਬੋਲ ਰਹੇ ਹਨ, ਉਸ ਤਰੀਕੇ ’ਤੇ।
  • ਉਨ੍ਹਾ ਨਾਲ ਅੱਖਾਂ ਮਿਲਾ ਕੇ ਗੱਲ ਕਰੋ।
  • ਜਦੋਂ ਕਿਸੇ ਬੱਚੇ ਨਾਲ ਗੱਲਬਾਤ ਕਰੋ ਤਾਂ ਹੌਲੀ-ਹੌਲੀ ਗੱਲ ਕਰੋ। ਛੋਟੇ ਵਾਕਾਂ ਦੀ ਵਰਤੋਂ ਕਰੋ ਅਤੇ ਸਰਲ ਭਾਸ਼ਾ ’ਚ ਗੱਲ ਕਰੋ।
  • ਉਨ੍ਹਾਂ ਨੂੰ ਤੁਹਾਡੀ ਗੱਲ ਸਮਝਣ ਦਾ ਪੂਰਾ ਮੌਕਾ ਦਿਓ।
ਬੱਚਾ
Getty Images
ਬੱਚੇ-ਬੁਢੇ, ਹਰ ਕੋਈ ਥੈਰੇਪੀ ਦੀ ਮਦਦ ਲੈ ਸਕਦਾ ਹੈ।

ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ ਦਾ ਕਹਿਣਾ ਹੈ ਕਿ ਹਕਲਾਉਣ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਡਰ ਵੀ ਇਸ ਦਾ ਪ੍ਰਮੁੱਖ ਕਾਰਨ ਹੋ ਸਕਦਾ ਹੈ। ਹਕਲਾਉਣ ਦੀ ਸਥਿਤੀ ’ਚ ਸੁਧਾਰ ਕੀਤਾ ਜਾ ਸਕਦਾ ਹੈ।

ਬੱਚੇ-ਬੁਢੇ, ਹਰ ਕੋਈ ਥੈਰੇਪੀ ਦੀ ਮਦਦ ਲੈ ਸਕਦਾ ਹੈ। ਹਾਲਾਂਕਿ ਜਿੰਨ੍ਹੀ ਜਲਦੀ ਥੈਰੇਪੀ ਸ਼ੁਰੂ ਕੀਤੀ ਜਾਵੇ, ਓਨਾ ਹੀ ਵਧੀਆ ਹੈ, ਪਰ ਫਿਰ ਵੀ ਥੈਰੇਪੀ ਕਿਸੇ ਵੀ ਉਮਰ ’ਚ ਲਈ ਜਾ ਸਕਦੀ ਹੈ।

ਬੀਬੀਸੀ ਨਾਲ ਗੱਲਬਾਤ ਦੇ ਅਖੀਰ ’ਚ ਜੇਰੀ ਕਹਿੰਦੇ ਹਨ, “ਮੇਰਾ ਬੱਚਾ ਹਕਲਾਉਂਦਾ ਹੈ ਅਤੇ ਹੋ ਸਕਦਾ ਹੈ ਕਿ ਭਵਿੱਖ ’ਚ ਵੀ ਉਸ ਦੀ ਇਹ ਸਮੱਸਿਆ ਜਾਰੀ ਰਹੇ। ਮੈਂ ਚਾਹੁੰਦੀ ਹਾਂ ਕਿ ਦੁਨੀਆ ਮੇਰੇ ਬੱਚੇ ਲਈ ਆਸਾਨ ਹੋਵੇ। ਉਹ ਸਾਡੇ ਵਰਗਾ ਹੀ ਹੈ, ਕੋਈ ਇੰਨਾ ਵੀ ਵੱਖਰਾ ਨਹੀਂ ਹੈ।”

ਆਦਿਤਿਆ ਅੰਤ ’ਚ ਕਹਿੰਦੇ ਹਨ, “ਤੁਸੀਂ ਇਹ ਨਾ ਸਮਝੋ ਕਿ ਸਾਡੇ ਅੰਦਰ ਕੋਈ ਕਮੀ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਲੋਕ ਸਾਡਾ ਮਜ਼ਾਕ ਨਾ ਉਡਾਉਣ ਤਾਂ ਸ਼ਾਇਦ ਹੋ ਸਕਦਾ ਹੈ ਕਿ ਇਸ ਨਾਲ ਸਾਡਾ ਆਤਮਵਿਸ਼ਵਾਸ ਵਧੇ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News