13 ਸਾਲ ਦੀ ਉਮਰ ''''ਚ ਹਿੱਟ ਹੋਈ ਅਮਰ ਨੂਰੀ ਨੇ ਜਦੋਂ ਸਰਦੂਲ ਸਿਕੰਦਰ ਨਾਲ ਪਹਿਲੀ ਵਾਰ ਗਾਇਆ

Saturday, Jan 13, 2024 - 06:06 PM (IST)

13 ਸਾਲ ਦੀ ਉਮਰ ''''ਚ ਹਿੱਟ ਹੋਈ ਅਮਰ ਨੂਰੀ ਨੇ ਜਦੋਂ ਸਰਦੂਲ ਸਿਕੰਦਰ ਨਾਲ ਪਹਿਲੀ ਵਾਰ ਗਾਇਆ
ਅਮਰ ਨੂਰੀ
BBC
ਅਮਰ ਨੂਰੀ ਦੱਸਦੇ ਹਨ ਕਿ ਜਦੋਂ ਉਹ ਸਰਦੂਲ ਨੂੰ ਪਹਿਲੀ ਵਾਰ ਮਿਲੇ ਤਾਂ ਉਸ ਵੇਲੇ ਉਹ ਦੋਵੇਂ ਹੀ ਸੰਘਰਸ਼ ਦੇ ਦੌਰ ਵਿੱਚ ਸਨ।

ਮਹਿਜ਼ 13 ਸਾਲਾਂ ਦੀ ਉਮਰ ਵਿੱਚ ਆਪਣਾ ਪਹਿਲਾ ਹਿੱਟ ਗੀਤ ਗਾਉਣ ਵਾਲੀ ਅਮਰ ਨੂਰੀ ਦੇ ਗੀਤ ਅੱਜ ਵੀ ਪੰਜਾਬੀਆਂ ਨੂੰ ਪੱਬਾ ਭਾਰ ਲੈ ਆਉਂਦੇ ਹਨ।

ਅਮਰ ਨੂਰੀ ਪੰਜਾਬ ਵਿੱਚ ਜਾਣਿਆ ਪਛਾਣਿਆ ਨਾਮ ਹਨ, ਜਿੰਨਾਂ ਨੇ ਗਾਇਕੀ ਤੋਂ ਸ਼ੁਰੂਆਤ ਕਰਕੇ ਅਦਾਕਾਰੀ ਵਿੱਚ ਵੀ ਕਾਫ਼ੀ ਪ੍ਰਸਿੱਧੀ ਖੱਟੀ ਸੀ।

ਉਨ੍ਹਾਂ ਨੇ ਗਾਇਕੀ ਦਾ ਸਫ਼ਰ 10 ਸਾਲ ਦੀ ਉਮਰ ਵਿੱਚ ਹੀ ਸ਼ੁਰੂ ਕਰ ਲਿਆ ਸੀ।

‘ਫਾਟਕ ਕੋਟਕਪੂਰੇ ਦਾ’, ‘ਭਾਬੀ ਮੇਰੀ ਗੁੱਤ ਕਰ ਦੇ’, ‘ਨਛੱਤਰਾ ਲੈ ਆਈਂ ਵੇ’ ਜਿਹੇ ਉਨ੍ਹਾਂ ਦੇ ਅਨੇਕਾਂ ਗੀਤ ਬੇਮਿਸਾਲ ਮਕਬੂਲ ਹੋਏ ਸਨ।

ਉਨ੍ਹਾਂ ਦੇ ਜੀਵਨ ਸਾਥੀ ਸਰਦੂਲ ਸਿਕੰਦਰ ਨਾਲ ਉਨ੍ਹਾਂ ਦੀ ਜੋੜੀ ਪੰਜਾਬ ਦੀਆਂ ਸਭ ਤੋਂ ਵੱਧ ਨਾਮ ਕਮਾਉਣ ਵਾਲੀਆਂ ਦੁਗਾਣਾ ਜੋੜੀਆਂ ਵਿੱਚੋਂ ਇੱਕ ਸੀ।

ਦੋਵਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਏ। ਫ਼ਰਵਰੀ 2021 ਨੂੰ ਸਰਦੂਲ ਸਿਕੰਦਰ ਦੀ ਮੌਤ ਹੋ ਗਈ ਸੀ।

ਸੰਗੀਤ ਨਾਲ ਜੁੜੇ ਪਰਿਵਾਰ ''''ਚ ਜੰਮੇ-ਪਲੇ

ਅਮਰ ਨੂਰੀ ਦਾ ਦਾਦਕਾ ਪਿੰਡ ਮੁਹਾਲੀ ਜ਼ਿਲ੍ਹੇ ਦਾ ਮੌਲੀ ਬੈਦਵਾਣ ਹੈ, ਪਰ ਉਨ੍ਹਾਂ ਦਾ ਜਨਮ ਰੂਪਨਗਰ ਵਿੱਚ ਉਨ੍ਹਾਂ ਦੇ ਨਾਨਕੇ ਪਿੰਡ ਰੰਗੀਲਪੁਰ ਵਿੱਚ ਹੋਇਆ।

ਬਚਪਨ ਵਿੱਚ ਆਪਣੇ ਮਾਪਿਆਂ ਨਾਲ ਉਹ ਰੋਪੜ ਸ਼ਹਿਰ ਵਿੱਚ ਰਹੇ।

ਨੂਰੀ ਦੇ ਪਿਤਾ ਰੌਸ਼ਨ ਸਾਗਰ ਵੀ ਗਾਇਕ ਰਹੇ ਹਨ। ਉਹ ਧਾਰਮਿਕ ਗੀਤ, ਸੂਫ਼ੀ ਕਲਾਮ ਅਤੇ ਲੋਕ ਗੀਤ ਗਾਇਆ ਕਰਦੇ ਸਨ।

ਅਮਰ ਨੂਰੀ
BBC
ਅਮਰ ਨੂਰੀ ਨੇ 10 ਸਾਲ ਦੀ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ

ਨੂਰੀ ਕਹਿੰਦੇ ਹਨ, “ਜਦੋਂ ਉਹ ਰਿਆਜ਼ ਕਰਦੇ ਹੁੰਦੇ ਸੀ ਤਾਂ ਮੈਂ ਕੋਲ ਹੁੰਦੀ ਸੀ। ਘਰ ਦੇ ਸੰਗੀਤਮਈ ਮਾਹੌਲ ਨੇ ਮੇਰੇ ‘ਤੇ ਵੀ ਅਸਰ ਕੀਤਾ। ਮੇਰਾ ਪਾਲਣ ਪੋਸ਼ਣ ਸੰਗੀਤਮਈ ਮਾਹੌਲ ਵਿੱਚ ਹੀ ਹੋਇਆ ਹੈ।”

ਨੂਰੀ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਚੰਗੇ ਕਲਾਕਾਰ ਸਨ ਅਤੇ ਉਨ੍ਹਾਂ ਦੀਆਂ ਸਟੇਜਾਂ ਲੱਗਣ ਕਰਕੇ ਘਰ ਦੇ ਆਰਥਿਕ ਹਾਲਾਤ ਠੀਕ ਸਨ।

ਹਾਲਾਂਕਿ, ਜ਼ਿੰਦਗੀ ਵਿੱਚ ਕਈ ਉਤਰਾਅ-ਚੜਾਅ ਵੀ ਆਏ।

ਨੂਰੀ ਕਹਿੰਦੇ ਹਨ, “ਬਚਪਨ ਵਿੱਚ ਚੰਗੇ ਦਿਨ ਵੀ ਹੰਢਾਏ, ਮਾੜੇ ਦਿਨ ਵੀ ਹੰਢਾਏ ਪਰ ਹਿੰਮਤ ਅਤੇ ਜਜ਼ਬਾ ਕਦੇ ਘੱਟ ਨਹੀਂ ਹੋਇਆ।''''''''

ਆਪਣੇ ਮਾਪਿਆਂ ਬਾਰੇ ਨੂਰੀ ਕਹਿੰਦੇ ਹਨ ਕਿ ਉਨ੍ਹਾਂ ਨੇ ਬਹੁਤ ਸੰਘਰਸ਼ ਅਤੇ ਮਿਹਨਤ ਨਾਲ ਉਨ੍ਹਾਂ ਨੂੰ ਪਾਲਿਆ ਹੈ।

ਨਾਮ ਨਾਲ ਨੂਰੀ ਕਿਵੇਂ ਜੁੜਿਆ

ਅਮਰ ਨੂਰੀ
BBC
ਅਮਰ ਨੂਰੀ ਦਾ ਪੂਰਾ ਨਾਮ ਅਮਰਜੀਤ ਹੈ

ਅਮਰ ਨੂਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਜਨਮ ਹੋਇਆ ਤਾਂ ਉਨ੍ਹਾਂ ਦੇ ਪਿਤਾ ਨੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਨ੍ਹਾਂ ਦੇ ਨਾਮ ਦਾ ਅੱਖਰ ਕਢਵਾਇਆ।

ਨਾਮ ‘ਅ’ ‘ਤੇ ਰੱਖਿਆ ਜਾਣਾ ਸੀ, ਇਸ ਲਈ ਉਨ੍ਹਾਂ ਦਾ ਨਾਮ ਅਮਰਜੀਤ ਰੱਖ ਦਿੱਤਾ ਗਿਆ। ਸਕੂਲ ਵਿੱਚ ਵੀ ਉਨ੍ਹਾਂ ਦਾ ਨਾਮ ਅਮਰਜੀਤ ਹੀ ਚੱਲਿਆ।

ਉੱਧਰ ਉਨ੍ਹਾਂ ਦਾ ਨਾਨਕਾ ਪਰਿਵਾਰ ਉਨ੍ਹਾਂ ਨੂੰ ਨੂਰੀ ਕਹਿ ਕੇ ਬੁਲਾਉਂਦਾ ਸੀ।

ਨੂਰੀ ਕਹਿੰਦੇ ਹਨ, “ਸਾਰੇ ਦੱਸਦੇ ਹਨ ਕਿ ਤੂੰ ਬਹੁਤ ਸੋਹਣੀ ਹੁੰਦੀ ਸੀ, ਇੰਝ ਲੱਗਦਾ ਸੀ ਜਿਵੇਂ ਚਿਹਰੇ ‘ਤੇ ਕੋਈ ਨੂਰ ਬਰਸ ਰਿਹਾ ਹੋਵੇ, ਚਿਹਰੇ ਤੋਂ ਨਜ਼ਰ ਨਹੀਂ ਸੀ ਹਟਦੀ। ਨਾਨਕਿਆਂ ਨੇ ਮੇਰਾ ਨਾਮ ਨੂਰੀ ਰੱਖਿਆ ਹੋਇਆ ਸੀ।”

ਫਿਰ ਜਦੋਂ ਅਮਰ ਨੂਰੀ ਦੀ ਦੀਦਾਰ ਸੰਧੂ ਹੁਰਾਂ ਨਾਲ ਪਹਿਲੀ ਰਿਕਾਰਡਿੰਗ ਹੋਣੀ ਸੀ ਤਾਂ ਉਸ ਵੇਲੇ ਗਾਇਕ ਵਜੋਂ ਕੀ ਨਾਮ ਰੱਖਿਆ ਜਾਵੇ ਇਸ ‘ਤੇ ਚਰਚਾ ਹੋਈ।

ਨੂਰੀ ਨੇ ਦੱਸਿਆ, “ਉਹ ਕਹਿੰਦੇ ਕਿ ਅਮਰਜੀਤ ਨਾਮ ਵੱਡਾ ਹੈ, ਕੋਈ ਛੋਟਾ ਨਾਮ ਰੱਖਦੇ ਹਾਂ। ਉਨ੍ਹਾਂ ਨੇ ਪਾਪਾ ਨੂੰ ਪੁੱਛਿਆ ਵੀ ਤੁਸੀਂ ਇਸ ਨੂੰ ਹੋਰ ਕਿਸ ਨਾਮ ਨਾਲ ਬੁਲਾਉਂਦੇ ਹੋ ਤਾਂ ਪਾਪਾ ਨੇ ਦੱਸਿਆ ਕਿ ਅਸੀਂ ਇਸ ਨੂੰ ਨੂਰੀ ਕਹਿੰਦੇ ਹਾਂ।”

“ਫਿਰ ਕੰਪਨੀ ਵਾਲੇ ਸਿਰਫ਼ ਨੂਰੀ ਨਾਮ ਰੱਖਣ ਬਾਰੇ ਸੋਚ ਰਹੇ ਸੀ, ਪਰ ਕਿਉਂਕਿ ਨਾਮ ਦਾ ਪਹਿਲਾ ਅੱਖਰ ਗੁਰੂ ਗ੍ਰੰਥ ਸਾਹਿਬ ਤੋਂ ਕੱਢਵਾ ਕੇ ਅਮਰਜੀਤ ਰੱਖਿਆ ਗਿਆ ਸੀ ਇਸ ਲਈ ਪਾਪਾ ਰਾਜ਼ੀ ਨਹੀਂ ਹੋਏ। ਫਿਰ ਪਾਪਾ ਨੇ ‘ਅਮਰ’ ਅਤੇ ਉਨ੍ਹਾਂ ਨੇ ਪਿੱਛੇ ‘ਨੂਰੀ’ ਜੋੜ ਦਿੱਤਾ। ਇਸ ਤਰ੍ਹਾਂ ਅਮਰ ਨੂਰੀ ਮੇਰਾ ਨਾਮ ਬਣ ਗਿਆ।''''''''

ਜਦੋਂ ਸਰਦੂਲ ਸਿਕੰਦਰ ਨਾਲ ਪਹਿਲੀ ਵਾਰ ਗਾਇਆ

ਅਮਰ ਨੂਰੀ
BBC
ਅਮਰ ਨੂਰੀ ਕਹਿੰਦੇ ਹਨ ਕਿ ਜਦੋਂ ਉਹ ਪਹਿਲੀ ਵਾਰ ਸਰਦੂਲ ਸਿਕੰਦਰ ਨੂੰ ਮਿਲੇ ਸੀ ਤਾਂ ਇੰਝ ਲੱਗਿਆ ਸੀ ਕਿ ਜਿਵੇਂ ਕੋਈ ਗੁਆਚੀ ਹੋਈ ਰੂਹ ਮਿਲ ਗਈ ਹੋਵੇ।

ਅਮਰ ਨੂਰੀ ਦੱਸਦੇ ਹਨ ਕਿ ਜਦੋਂ ਉਹ ਸਰਦੂਲ ਨੂੰ ਪਹਿਲੀ ਵਾਰ ਮਿਲੇ ਤਾਂ ਉਸ ਵੇਲੇ ਉਹ ਦੋਵੇਂ ਹੀ ਸੰਘਰਸ਼ ਦੇ ਦੌਰ ਵਿੱਚ ਸਨ ਅਤੇ ਹਾਲੇ ਪਛਾਣ ਨਹੀਂ ਬਣੀ ਸੀ। ਉਨ੍ਹਾਂ ਦੇ ਪਿਤਾ ਅਤੇ ਸਰਦੂਲ ਦੇ ਪਿਤਾ ਦੋਸਤ ਸਨ।

ਉਨ੍ਹਾਂ ਦੱਸਿਆ, “ਇੱਕ ਵਾਰ ਸਰਦੂਲ ਜੀ ਦੀ ਰਿਸ਼ਤੇਦਾਰੀ ਵਿੱਚ ਵਿਆਹ ਸੀ। ਸਾਰੇ ਕਹਿੰਦੇ ਕਿ ਸਰਦੂਲ ਜੀ ਗਾਉਣਗੇ। ਉਸ ਵੇਲੇ ਦੋਗਾਣਿਆਂ ਦਾ ਦੌਰ ਸੀ। ਇਸ ਲਈ ਸਰਦੂਲ ਜੀ ਸੋਚਣ ਲੱਗੇ ਕਿ ਨਾਲ ਕੁੜੀ ਕਿਹੜੀ ਗਾਵੇਗੀ। ਸਾਡੇ ਪਿਤਾ ਦੋਸਤ ਹੋਣ ਕਰਕੇ ਉਨ੍ਹਾਂ ਨੂੰ ਮੇਰੇ ਬਾਰੇ ਪਤਾ ਸੀ ਕਿ ਗਾਉਂਦੀ ਹਾਂ। "

"ਉਨ੍ਹਾਂ ਨੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਪ੍ਰੋਗਰਾਮ ‘ਤੇ ਬੁਲਾ ਲਿਆ। ਅਸੀਂ ਉਦੋਂ ਪਹਿਲੀ ਵਾਰ ਮਿਲੇ ਸੀ। ਸਰਦੂਲ ਜੀ ਨੇ ਮੈਨੂੰ ਪੁੱਛਿਆ ਕਿ ਤੁਹਾਨੂੰ ਦੋਗਾਣੇ ਕਿਹੜੇ ਆਉਂਦੇ ਹਨ, ਤਾਂ ਮੈਂ ਕਿਹਾ ਕਿ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਦੇ ਸਾਰੇ ਗੀਤ ਆਉਂਦੇ ਹਨ। ਫਿਰ ਅਸੀਂ ਸਦੀਕ ਜੀ ਅਤੇ ਰਣਜੀਤ ਜੀ ਦੇ ਗੀਤ ਗਾਏ ਸੀ।”

ਨੂਰੀ ਦੱਸਦੇ ਹਨ ਕਿ ਉਹਨਾਂ ਦਾ ਆਪਸੀ ਤਾਲਮੇਲ ਵੇਖ ਕੋਈ ਵੀ ਯਕੀਨ ਨਹੀਂ ਸੀ ਕਰ ਰਿਹਾ ਕਿ ਇਹ ਬਿਨ੍ਹਾਂ ਰਿਹਰਸਲ ਤੋਂ ਗਾਇਆ ਹੈ, ਜਦਕਿ ਅਸੀਂ ਇਸ ਤੋਂ ਪਹਿਲਾਂ ਕਦੇ ਮਿਲੇ ਵੀ ਨਹੀਂ ਸੀ।

ਅਮਰ ਨੂਰੀ ਨੇ ਦੱਸਿਆ, “ਜਦੋਂ ਪਹਿਲੀ ਵਾਰ ਹੀ ਮੈਂ ਉਨ੍ਹਾਂ ਨੂੰ ਮਿਲੀ ਸੀ ਤਾਂ ਮੈਨੂੰ ਇੰਝ ਲੱਗਿਆ ਸੀ ਕਿ ਜਿਵੇਂ ਮੈਨੂੰ ਮੇਰੀ ਕੋਈ ਗੁਆਚੀ ਹੋਈ ਰੂਹ ਮਿਲ ਗਈ ਹੋਵੇ।”

ਅਮਰ ਨੂਰੀ
amarnooriworld

ਇਸ ਤੋਂ ਚਾਰ-ਪੰਜ ਸਾਲ ਬਾਅਦ ਉਹ ਸਰਦੂਲ ਸਿਕੰਦਰ ਨੂੰ ਦੁਬਾਰਾ ਮਿਲੇ। ਉਦੋਂ ਤੱਕ ਨੂਰੀ ਦਾ ਗਾਇਕੀ ਵਿੱਚ ਵੀ ਨਾਮ ਬਣ ਗਿਆ ਸੀ ਅਤੇ ਉਹ ਫ਼ਿਲਮਾਂ ਵੀ ਕਰਨ ਲੱਗ ਗਏ ਸਨ।

ਨੂਰੀ ਦੱਸਦੇ ਹਨ ਕਿ ਉਹ ਫ਼ਿਲਮਾਂ ਵੀ ਜਾਰੀ ਰੱਖਣਾ ਚਾਹੁੰਦੇ ਸੀ ਅਤੇ ਇਹ ਵੀ ਚਾਹੁੰਦੇ ਸੀ ਕਿ ਦੀਦਾਰ ਸੰਧੂ ਦੇ ਪ੍ਰੋਗਰਾਮਾਂ ‘ਤੇ ਉਨ੍ਹਾਂ ਦੀ ਗੈਰ-ਹਾਜ਼ਰੀ ਕਰਕੇ ਅਸਰ ਨਾ ਪਏ, ਇਸ ਲਈ ਉਹ ਉਸ ਵੇਲੇ ਦੀਦਾਰ ਸੰਧੂ ਦੇ ਗਰੁੱਪ ਤੋਂ ਵੱਖ ਹੋ ਗਏ। ਉਹ ਆਪਣਾ ਨਵਾਂ ਗਰੁੱਪ ਬਣਾਉਣ ਬਾਰੇ ਸੋਚ ਰਹੇ ਸੀ ਤਾਂ ਕਿ ਆਪਣੀਆਂ ਫ਼ਿਲਮਾਂ ਦੀਆਂ ਤਾਰੀਕਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰੋਗਰਾਮ ਬੁੱਕ ਕਰ ਸਕਣ।

ਉਸ ਦੌਰਾਨ ਜਦੋਂ ਸਰਦੂਲ ਸਿਕੰਦਰ ਅਮਰ ਨੂਰੀ ਨੂੰ ਇੱਕ ਰਿਕਾਰਡਿੰਗ ਲਈ ਮਿਲੇ ਤਾਂ ਦੋਹਾਂ ਨੇ ਆਪਣਾ ਗਰੁੱਪ ਬਣਾਉਣ ਬਾਰੇ ਵਿਚਾਰ ਕੀਤਾ ਅਤੇ ਫਿਰ ਉਹ ਇਕੱਠੇ ਸਟੇਜਾਂ ਲਗਾਉਣ ਲੱਗੇ।

ਨੂਰੀ ਦੱਸਦੇ ਹਨ ਕਿ ਉਦੋਂ ਉਹ 17 ਕੁ ਸਾਲ ਦੇ ਸਨ।

ਅਮਰ ਨੂਰੀ
BBC

ਨੂਰੀ ਕਹਿੰਦੇ ਹਨ ਕਿ ਜਿਵੇਂ ਉਨ੍ਹਾਂ ਨੂੰ ਸਰਦੂਲ ਨੂੰ ਮਿਲ ਕੇ ਲੱਗਿਆ ਸੀ ਕਿ ਪਿਛਲੇ ਜਨਮ ਦੀ ਕੋਈ ਗਵਾਚੀ ਚੀਜ਼ ਮਿਲ ਗਈ ਹੋਵੇ, ਉਸੇ ਤਰ੍ਹਾਂ ਹੀ ਸਰਦੂਲ ਜੀ ਨੂੰ ਮਹਿਸੂਸ ਹੁੰਦਾ ਸੀ।

ਫਿਰ ਦੋਹਾਂ ਨੇ ਇੱਕ ਦੂਜੇ ਨਾਲ ਗੱਲ ਸਾਂਝੀ ਕੀਤੀ ਤਾਂ ਮਹਿਸੂਸ ਹੋਇਆ ਕਿ ਕਿਸ ਤਰ੍ਹਾਂ ਦੋਹਾਂ ਨੂੰ ਹੀ ਇੱਕ ਦੂਜੇ ਪ੍ਰਤੀ ਖਿੱਚ ਸੀ।

ਅਮਰ ਨੂਰੀ ਕਹਿੰਦੇ ਹਨ, “ਉਸ ਉਮਰ ਵਿੱਚ ਮੈਂ ਸੋਚਦੀ ਸੀ ਕਿ ਮੇਰਾ ਹਮਸਫ਼ਰ ਚੰਗਾ ਹੋਵੇ, ਨਸ਼ਾ ਨਾ ਕਰਦਾ ਹੋਵੇ, ਮਿੱਠੇ ਸੁਭਾਅ ਦਾ ਅਤੇ ਰੂਹਾਨੀਅਤ ਭਰਿਆ ਹੋਵੇ। ਇਹ ਸਾਰੇ ਗੁਣ ਸਰਦੂਲ ਜੀ ਵਿੱਚ ਹੈ ਹੀ ਸਨ।"

ਫਿਰ 1993 ਵਿੱਚ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦਾ ਵਿਆਹ ਹੋਇਆ। ਇਨ੍ਹਾਂ ਦੇ ਦੋ ਬੇਟੇ ਹਨ, ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ।

ਡਾਕਟਰ ਬਣਦੇ-ਬਣਦੇ ਗਾਇਕ ਕਿਵੇਂ ਬਣੇ

ਅਮਰ ਨੂਰੀ
amarnooriworld
ਅਮਰ ਨੂਰੀ ਨੇ ਸ਼ੁਰੂਆਤੀ ਦਿਨਾਂ ਵਿੱਚ ਮਸ਼ਹੂਰ ਗਾਇਕ ਦੀਦਾਰ ਸੰਧੂ ਨਾਲ ਗਾਇਆ

ਅਮਰ ਨੂਰੀ ਦੱਸਦੇ ਹਨ ਕਿ ਉਨ੍ਹਾਂ ਨੂੰ ਸੰਗੀਤ ਵਿਰਸੇ ਵਿੱਚ ਮਿਲਿਆ, ਕਿਉਂਕਿ ਪਰਿਵਾਰ ਗਾਇਕੀ ਨਾਲ ਸਬੰਧਤ ਸੀ। ਉਹ ਦੱਸਦੇ ਹਨ ਕਿ ਉਹ ਆਪਣੇ ਪਿਤਾ ਤੋਂ ਗਾਉਣਾ ਸਿੱਖਦੇ ਰਹਿੰਦੇ ਸੀ ਅਤੇ ਸਕੂਲਾਂ ਦੇ ਸਲਾਨਾ ਫੰਕਸ਼ਨ ਵਿੱਚ ਗਾਉਂਦੇ ਸੀ।

ਗਾਇਕੀ ਮੁਕਾਬਲਿਆਂ ਵਿੱਚ ਇਨਾਮ ਵੀ ਜਿੱਤਦੇ ਸਨ।

ਉਹ ਕਹਿੰਦੇ ਹਨ, “ਅਦਾਕਾਰੀ, ਨਾਚ ਅਤੇ ਗਾਉਣ ਪ੍ਰਤੀ ਮੇਰੀ ਦਿਲਚਸਪੀ ਸ਼ੁਰੂ ਤੋਂ ਹੀ ਸੀ, ਪਰ ਮੈਨੂੰ ਕਦੇ ਲਗਦਾ ਨਹੀਂ ਸੀ ਕਿ ਮੈਂ ਗਾਇਕੀ ਕਰੀਅਰ ਵੱਲ ਜਾਵਾਂਗੀ। ਕਿੱਤੇ ਵਜੋਂ ਮੈਂ ਡਾਕਟਰ ਬਣਨਾ ਚਾਹੁੰਦੀ ਸੀ।”

ਪਰ ਇੱਕ ਹਾਦਸੇ ਨੇ ਉਨ੍ਹਾਂ ਨੂੰ ਗਾਇਕੀ ਦੇ ਕਰੀਅਰ ਵੱਲ ਤੋਰ ਦਿੱਤਾ। ਨੂਰੀ ਦੱਸਦੇ ਹਨ ਕਿ ਕਿਸੇ ਨੇ ਉਨ੍ਹਾਂ ਦੇ ਪਿਤਾ ਨੂੰ ਕੱਚ ਪਿਲਾ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਦੀ ਸਿਹਤ ਕਾਫ਼ੀ ਖਰਾਬ ਹੋ ਗਈ ਸੀ।

ਇਸ ਹਾਦਸੇ ਤੋਂ ਬਾਅਦ ਘਰ ਦੀ ਆਰਥਿਕ ਜ਼ਿੰਮੇਵਾਰੀ ਚੁੱਕਣ ਲਈ ਨੂਰੀ ਨੂੰ ਪੇਸ਼ੇਵਰ ਗਾਇਕੀ ਵਿੱਚ ਆਉਣਾ ਪਿਆ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੀ ਤਰ੍ਹਾਂ ਸਟੇਜਾਂ ’ਤੇ ਗਾਉਣਾ ਸ਼ੁਰੂ ਕਰ ਦਿੱਤਾ।

ਨੂਰੀ ਦੱਸਦੇ ਹਨ ਕਿ ਉਸ ਵੇਲੇ ਉਹ ਮਹਿਜ਼ 10 ਸਾਲ ਦੇ ਸੀ।

ਉਹ ਕਹਿੰਦੇ ਹਨ, “ਜਦੋਂ ਪਾਪਾ ਬਿਮਾਰ ਹੋ ਗਏ ਤਾਂ ਮਾਂ ਉਪਰ ਸਾਰੀ ਜ਼ਿੰਮੇਵਾਰੀ ਆ ਗਈ। ਮੈਂ ਅਤੇ ਮੇਰਾ ਭਰਾ ਕਰਮਾ ਸਾਰੇ ਭੈਣ-ਭਰਾਵਾਂ ਤੋਂ ਵੱਡੇ ਸੀ, ਇਸ ਲਈ ਅਸੀਂ ਗਾਇਕੀ ਸ਼ੁਰੂ ਕਰ ਦਿੱਤੀ।”

ਨੂਰੀ ਦੱਸਦੇ ਹਨ, “ ਉਦੋਂ ਮਾਂ ਨੂੰ ਵੀ ਇੱਕ ਹਸਪਤਾਲ ਦੇ ਦਫ਼ਤਰ ਵਿੱਚ ਨੌਕਰੀ ਕਰਨੀ ਪਈ। ਮੈਂ ਅਤੇ ਮੇਰਾ ਭਰਾ ਪ੍ਰੋਗਰਾਮ ਲਾਉਂਦੇ ਸੀ। ਫਿਰ ਅਸੀਂ ਪਾਪਾ ਦਾ ਇਲਾਜ ਕਰਵਾਇਆ।"

ਉਨ੍ਹਾਂ ਅੱਗੇ ਦੱਸਿਆ, "ਜਦੋਂ ਪਾਪਾ ਠੀਕ ਹੋ ਗਏ, ਫਿਰ ਉਹ ਕਹਿੰਦੇ ਕਿ ਤੁਸੀਂ ਹੁਣ ਇਸ ਲਾਈਨ ਵਿੱਚ ਆ ਹੀ ਗਏ ਹੋ, ਹੁਣ ਕਿਸੇ ਮੁਕਾਮ ''''ਤੇ ਹੀ ਪਹੁੰਚਾਵਾਂਗੇ। ਫਿਰ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ।”

ਅਮਰ ਨੂਰੀ
amarnooriworld

ਪਿਤਾ ਨਾਲ ਹੋਏ ਇਸ ਹਾਦਸੇ ਤੋਂ ਬਾਅਦ ਅਮਰ ਨੂਰੀ ਦੇ ਗਾਇਕੀ ਕਰੀਅਰ ਦਾ ਸਫ਼ਰ ਸ਼ੁਰੂ ਹੋ ਗਿਆ ਸੀ।

ਉਹ ਧਾਰਮਿਕ ਸਟੇਜਾਂ ਲਾਇਆ ਕਰਦੇ ਸਨ।

ਨੂਰੀ ਕਹਿੰਦੇ ਹਨ ਕਿ ਨਾਮ ਬਣਨ ਤੱਕ ਸੰਘਰਸ਼ ਤਾਂ ਬਹੁਤ ਰਿਹਾ, ਪਰ ਪਿਤਾ ਖ਼ੁਦ ਗਾਇਕੀ ਵਿੱਚ ਹੋਣ ਕਰਕੇ ਉਨ੍ਹਾਂ ਨੂੰ ਰਾਹ ਦਿਖਾਉਂਦੇ ਰਹੇ।

ਅਮਰ ਨੂਰੀ ਦੱਸਦੇ ਹਨ ਕਿ ਆਪਣੇ ਪਿਤਾ ਅਤੇ ਭਰਾ ਨਾਲ ਉਹ ਦੂਰ-ਦੂਰ ਪ੍ਰੋਗਰਾਮ ਲਾਉਣ ਜਾਂਦੇ ਸਨ।

ਉਹ ਦੱਸਦੇ ਹਨ, “ਕਦੇ ਕਲਕੱਤੇ, ਕਦੇ ਯੂਪੀ ਅਤੇ ਕਦੇ ਕਿਤੇ ਹੋਰ ਦੂਰ ਪ੍ਰੋਗਰਾਮ ਹੋਣਾ ਤਾਂ ਅਸੀਂ ਟਰੇਨ ਵਿੱਚ ਜਾਂਦੇ ਸੀ। ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਹੁੰਦੇ ਕਿ ਸੀਟ ‘ਤੇ ਬੈਠ ਕੇ ਸਫਰ ਕਰਨ ਲਈ ਟਿਕਟ ਖਰੀਦ ਸਕਦੇ, ਅਸੀਂ ਟਰੇਨ ਵਿੱਚ ਹੇਠਾਂ ਹੀ ਬੈਠ ਕੇ ਜਾਂਦੇ ਹੁੰਦੇ ਸੀ। ਪਾਪਾ ਹੇਠਾਂ ਹੀ ਕੱਪੜਾ ਵਿਛਾ ਦਿੰਦੇ ਹੁੰਦੇ ਸੀ, ਅਸੀਂ ਉਹਦੇ ‘ਤੇ ਹੀ ਬੈਠ ਕੇ ਸਫਰ ਕਰ ਲੈਂਦੇ ਸੀ।”

ਅਮਰ ਨੂਰੀ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਕਿਸੇ ਪ੍ਰੋਗਰਾਮ ਵਿੱਚ ਪੰਦਰਾਂ-ਵੀਹ ਮਿੰਟ ਗਾਉਣ ਦਾ ਉਨ੍ਹਾਂ ਨੂੰ ਮੌਕਾ ਮਿਲ ਜਾਂਦਾ ਸੀ।

ਉਹ ਦੱਸਦੇ ਹਨ, “ਪ੍ਰੋਗਰਾਮ ਵਾਲੇ ਆਪਣੇ ਮੁਤਾਬਕ ਹੀ ਸਾਨੂੰ ਸਮਾਂ ਦਿੰਦੇ ਸੀ, ਕਿਉਂਕਿ ਅਸੀਂ ਇੰਨੇ ਵੱਡੇ ਕਲਾਕਾਰ ਨਹੀਂ ਸੀ ਕਿ ਸਾਡੀ ਕੋਈ ਮਰਜੀ ਮਾਇਨੇ ਰੱਖਦੀ। ਕਈ ਵਾਰ ਰਾਤ ਦੇ 2 ਵਜ ਜਾਂਦੇ ਸੀ।

"ਮੈਂ ਨਿੱਕੀ ਹੁੰਦੀ ਸੀ ਤੇ ਪਾਪਾ ਦੀ ਗੋਦੀ ਵਿੱਚ ਸਿਰ ਰੱਖ ਕੇ ਸੌਂ ਜਾਂਦੀ ਸੀ। ਜਦੋਂ ਸਾਡੀ ਵਾਰੀ ਆਉਣ ਵਾਲੀ ਹੁੰਦੀ ਫਿਰ ਪਾਪਾ ਹੌਲੀ-ਹੌਲੀ ਮੈਨੂੰ ਉਠਾਉਂਦੇ, ਮੂੰਹ ਧੋ ਕੇ ਸਟੇਜ ‘ਤੇ ਖੜ੍ਹੇ ਕਰ ਦਿੰਦੇ ਅਤੇ ਫਿਰ ਅਸੀਂ ਗਾਉਂਦੇ।”

ਨੂਰੀ ਦੱਸਦੇ ਹਨ ਕਿ ਇਸ ਤਰ੍ਹਾਂ ਸੰਘਰਸ਼ ਵਿੱਚੋਂ ਨਿਕਲਦਿਆਂ ਉਹ ਇੱਥੇ ਤੱਕ ਪਹੁੰਚੇ

ਸੁਪਰ ਹਿੱਟ ਗੀਤ

ਅਮਰ ਨੂਰੀ
BBC
ਗਾਇਕੀ ਦੇ ਨਾਲ-ਨਾਲ ਅਮਰ ਨੂਰੀ ਨੇ ਫ਼ਿਲਮਾਂ ਵਿੱਚ ਵੀ ਨਾਮ ਬਣਾਇਆ

ਦੀਦਾਰ ਸੰਧੂ ਦੇ ਨਾਲ ਹੀ ਉਨ੍ਹਾਂ ਦੀ ਪਹਿਲੀ ਰਿਕਾਰਡਿੰਗ ਹੋਈ। ਉਸ ਵੇਲੇ ਅਮਰ ਨੂਰੀ ਦੀ ਉਮਰ ਮਹਿਜ਼ 13 ਸਾਲ ਸੀ। ਨੂਰੀ ਦੇ ਇਸ ਪਹਿਲੇ ਰਿਕਾਰਡ ਵਿੱਚ ਇੱਕ ਗੀਤ ਜੋ ਸੁਪਰ ਹਿੱਟ ਹੋਇਆ ਸੀ ਉਹ ਸੀ, ‘ਬੰਦ ਪਿਆ ਦਰਵਾਜ਼ਾ, ਜਿਓ ਫਾਟਕ ਕੋਟਕਪੂਰੇ ਦਾ’।

ਇਸ ਗੀਤ ਬਾਰੇ ਨੂਰੀ ਦੱਸਦੇ ਹਨ, “ਕੋਟਕਪੂਰੇ ਦਾ ਫਾਟਕ ਕਈ ਲਾਈਨਾਂ ਹੋਣ ਕਰਕੇ ਅਕਸਰ ਬੰਦ ਰਹਿੰਦਾ ਸੀ।ਅਸੀਂ ਕਈ ਵਾਰ ਪ੍ਰੋਗਰਾਮ ਲਾਉਣ ਜਾਂਦੇ ਤਾਂ ਕਈ-ਕਈ ਘੰਟੇ ਉੱਥੇ ਰੁਕਣਾ ਪੈਂਦਾ ਸੀ। ਦੀਦਾਰ ਅੰਕਲ ਨੇ ਉੱਥੇ ਹੀ ਬੈਠਿਆਂ ਇਹ ਗੀਤ ਲਿਖਿਆ ਸੀ। ”

ਨੂਰੀ ਦੱਸਦੇ ਹਨ ਕਿ ਇਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਪਛਾਣਨ ਲੱਗ ਗਏ ਸੀ।

ਅਮਰ ਨੂਰੀ ਨੇ ਚਾਰ ਸਾਲ ਦੀਦਾਰ ਸੰਧੂ ਹੁਰਾਂ ਨਾਲ ਕੰਮ ਕੀਤਾ। ਇਸ ਦੌਰਾਨ ਸਟੇਜ ਪ੍ਰੋਗਰਾਮ ਵੀ ਕੀਤੇ ਅਤੇ ਕਈ ਰਿਕਾਰਡਿੰਗਜ਼ ਵੀ ਕੀਤੀਆਂ।

ਉਹਨਾਂ ਦੀ ਸਭ ਤੋਂ ਪਹਿਲੀ ਫ਼ਿਲਮ ‘ਗੱਭਰੂ ਪੰਜਾਬ ਦਾ’ ਸੀ ਜਿਸ ਵਿੱਚ ਅਮਰ ਨੂਰੀ ਅਤੇ ਦੀਦਾਰ ਸੰਧੂ ''''ਤੇ ਗੀਤ ਫਿਲਮਾਇਆ ਗਿਆ ਸੀ।

ਇਸ ਤੋਂ ਨੂਰੀ ਨੂੰ ਕਈ ਫ਼ਿਲਮਾਂ ਵਿੱਚ ਬਤੌਰ ਹੀਰੋਇਨ ਕੰਮ ਕਰਨ ਦੀ ਪੇਸ਼ਕਸ਼ ਹੋਈ ਅਤੇ ਨੂਰੀ ਨੇ ਫਿਲਮਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ।

‘ਸਰਦੂਲ ਜੀ ਦੀ ਮੌਤ ਤੋਂ ਬਾਅਦ ਅਸੀਂ ਬਿਖਰ ਗਏ ਸੀ’

ਅਮਰ ਨੂਰੀ
amarnooriworld
ਅਮਰ ਨੂਰੀ ਹਾਲੇ ਵੀ ਮਨੋਰੰਜਨ ਜਗਤ ਵਿੱਚ ਸਰਗਰਮ ਹਨ

ਫ਼ਰਵਰੀ 2021 ਨੂੰ ਸਰਦੂਲ ਸਿਕੰਦਰ ਦੀ ਮੌਤ ਹੋ ਗਈ ਸੀ।

ਨੂਰੀ ਨੇ ਦੱਸਿਆ, “ਕਈ ਮਹੀਨੇ ਤਾਂ ਸਾਨੂੰ ਯਕੀਨ ਨਹੀਂ ਹੋਇਆ ਕਿ ਸਰਦੂਲ ਜੀ ਨਹੀਂ ਰਹੇ। ਹਰ ਸ਼ਾਮ ਮੈਨੂੰ ਲਗਦਾ ਸੀ ਕਿ ਕੰਮ ‘ਤੇ ਗਏ ਹਨ ਅਤੇ ਆ ਜਾਣਗੇ। ਮੈਂ ਅਤੇ ਮੇਰੇ ਦੋਵੇਂ ਬੇਟੇ ਪੂਰੀ ਤਰ੍ਹਾਂ ਬਿਖਰ ਗਏ ਸੀ। ਫਿਰ ਮੇਰੇ ਛੋਟੇ ਬੇਟੇ ਅਲਾਪ ਨੇ ਹਿੰਮਤ ਕਰਕੇ ਵੱਡੇ ਬੇਟੇ ਸਾਰੰਗ ਨੂੰ ਅਤੇ ਮੈਨੂੰ ਸੰਭਾਲਿਆ।“

ਨੂਰੀ ਕਹਿੰਦੇ ਹਨ, “ਮੇਰੇ ਬੱਚਿਆਂ ਅਤੇ ਪਰਿਵਾਰ ਨੇ ਹੀ ਸੋਚਿਆ ਕਿ ਅਦਾਕਰੀ ਤੇ ਗਾਇਕੀ ਵਾਲੇ ਕੰਮ ਵਿੱਚ ਰੁੱਝ ਕੇ ਹੀ ਸਾਡੀ ਮਾਂ ਠੀਕ ਰਹਿ ਸਕਦੀ ਹੈ, ਫਿਰ ਮੈਂ ਹੌਲੀ ਹੌਲੀ ਕੰਮ ਵਿੱਚ ਖੁਦ ਨੂੰ ਵਿਅਸਤ ਕਰ ਲਿਆ।”

ਅਮਰ ਨੂਰੀ ਕਹਿੰਦੇ ਹਨ ਕਿ ਉਨ੍ਹਾਂ ਦੇ ਬੇਟੇ ਪੜ੍ਹਾਈ ਖਤਮ ਕਰਕੇ ਕਰੀਅਰ ਵੱਲ ਕਦਮ ਵਧਾਉਣ ਹੀ ਵਾਲੇ ਸਨ ਕਿ ਸਰਦੂਲ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ, “ਉਸ ਵੇਲੇ ਬੱਚਿਆਂ ਨੂੰ ਵੀ ਮੇਰੇ ਸਹਿਯੋਗ ਦੀ ਲੋੜ ਸੀ। ਮੈਨੂੰ ਮਾਂ ਦਾ ਵੀ ਰੋਲ ਨਿਭਾਉਣਾ ਪਿਆ, ਪਿਓ ਦਾ ਵੀ ਅਤੇ ਮਾਰਗ ਦਰਸ਼ਕ ਦਾ ਵੀ। ਉਸ ਵੇਲੇ ਖੁਦ ਦੀ ਮਾਨਸਿਕ ਸਿਹਤ ਠੀਕ ਰੱਖਣ ਅਤੇ ਘਰ ਦੀ ਜ਼ਿੰਮੇਵਾਰੀ ਚੁੱਕਣ ਲਈ ਅਮਰ ਨੂਰੀ ਦੇ ਕੰਮਕਾਜੀ ਰੁਝੇਵੇਂ ਵੀ ਵਧ ਗਏ ਸੀ।”

ਨੂਰੀ ਕਹਿੰਦੇ ਹਨ ਕਿ ਹੌਲੀ-ਹੌਲੀ ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਕਿ ਸਰਦੂਲ ਸਰੀਰਕ ਰੂਪ ਤੋਂ ਵਿਦਾ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾ ਉਨ੍ਹਾਂ ਦੇ ਨਾਲ ਹੈ।

ਨੂਰੀ ਕਹਿੰਦੇ ਹਨ ਕਿ ਜਦੋਂ ਉਹ ਦੁੱਖ ਦੀ ਘੜੀ ਵਿੱਚੋਂ ਨਿਕਲ ਕੇ ਕੰਮਕਾਰ ਜ਼ਰੀਏ ਦੁਬਾਰਾ ਜਿਉਣ ਲੱਗੇ ਸੀ ਤਾਂ ਉਨ੍ਹਾਂ ਦੇ ਕਈ ਰਿਸ਼ਤੇਦਾਰਾਂ ਨੇ ਉਨ੍ਹਾਂ ’ਤੇ ਉਂਗਲ ਵੀ ਚੁੱਕੀ।

ਉਨ੍ਹਾਂ ਕਿਹਾ, “ਲੋਕ ਤਾਂ ਬਹੁਤ ਪਿਆਰ ਕਰਦੇ ਨੇ, ਜਿਨ੍ਹਾਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਉਸ ਦਾ ਮੈਂ ਕਦੇ ਦੇਣ ਨਹੀਂ ਦੇ ਸਕਦੀ।

"ਪਰ ਰਿਸ਼ਤੇਦਾਰ ਕਈ ਸੋਸ਼ਲ ਮੀਡੀਆ ‘ਤੇ ਜਾਅਲੀ ਖਾਤੇ ਬਣਾ ਕੇ ਗਲਤ ਕੁਮੈਂਟ ਕਰਦੇ ਸੀ, ਕਈ ਲੋਕਾਂ ਕੋਲ ਵੀ ਜਾ ਕੇ ਕਹਿੰਦੇ ਸੀ ਕਿ ਇਸ ਤਰ੍ਹਾਂ ਫਿਰਦੀ ਹੈ, ਵਗੈਰਾ-ਵਗੈਰਾ ਪਰ ਮੈਂ ਪਰਵਾਹ ਨਹੀਂ ਕੀਤੀ।”

ਅਮਰ ਨੂਰੀ
BBC

ਅਮਰ ਨੂਰੀ ਕਹਿੰਦੇ ਹਨ ਕਿ ਉਨ੍ਹਾਂ ਦੇ ਪਤੀ ਦੀ ਮੌਤ ਮਗਰੋਂ ਉਨ੍ਹਾਂ ਦੀਆਂ ਉਨ੍ਹਾਂ ਦੀਆਂ ਸਾਰੀਆਂ ਖਵਾਹਿਸ਼ਾਂ ਵੀ ਖਤਮ ਹੋ ਗਈਆਂ, ਹੁਣ ਉਹ ਸਿਰਫ਼ ਸਰਦੂਲ ਸਿਕੰਦਰ ਦੀਆਂ ਹੀ ਖਵਾਹਿਸ਼ਾਂ ਪੂਰੀਆਂ ਕਰ ਰਹੇ ਹਨ।

ਨੂਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਜਾਣ ਤੋਂ ਪਹਿਲਾਂ ਕਹਿ ਕੇ ਗਏ ਸੀ ਕਿ ਬੱਚਿਆਂ ਲਈ ਜਿਉਣਾ ਹੈ, ਖੁਸ਼ੀ ਨਾਲ ਜਿਉਣਾ ਹੈ, ਕਦੇ ਘਬਰਾਉਣਾ ਨਹੀਂ।

ੳਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਕਹਿੰਦੇ ਸਨ ਕਿ ਉਨ੍ਹਾਂ ਨੇ ਬੱਚਿਆਂ ਲਈ ਪਿਓ ਬਣ ਕੇ ਵੀ ਖੜ੍ਹਨਾ ਹੈ। ਉਹ ਬੱਚਿਆਂ ਨੂੰ ਅੱਛੇ ਮੁਕਾਮ ‘ਤੇ ਦੇਖਣਾ ਚਾਹੁੰਦੇ ਸੀ, ਤਾਂ ਜੋ ਉਹ ਵੀ ਲੋਕਾਂ ਦੇ ਚਹੇਤੇ ਬਣ ਜਾਣ।

ਉਨ੍ਹਾਂ ਦੱਸਿਆ, "ਮੈਂ ਬੱਚਿਆਂ ਨੂੰ ਸਹਿਯੋਗ ਕਰਦੀ ਹਾਂ, ਉਸੇ ਤਰ੍ਹਾਂ ਬੱਚੇ ਵੀ ਮੈਨੂੰ ਸਹਿਯੋਗ ਕਰਦੇ ਹਨ। ਜਿਸ ਤਰ੍ਹਾਂ ਸਰਦੂਲ ਜੀ ਪ੍ਰੋਗਰਾਮ ਤੋਂ ਪਹਿਲਾਂ ਮੇਰੀ ਤਿਆਰੀ ਕਰਾਉਂਦੇ ਸੀ, ਉਸੇ ਤਰ੍ਹਾਂ ਬੱਚੇ ਮੇਰੀ ਤਿਆਰੀ ਕਰਾਉਂਦੇ ਨੇ।"

ਉਨ੍ਹਾਂ ਲਈ ਇਹ ਸਮਝਣਾ ਬੜਾ ਹੀ ਸਹਿਜ ਸੀ ਕਿ ਬੱਚੇ ਨੂੰ ਘਰ ਛੱਡ ਕੇ ਕੰਮ ’ਤੇ ਆਉਣਾ ਇੱਕ ਮਾਂ ਲਈ ਕਿੰਨੀ ਵੱਡੀ ਕੋਸ਼ਿਸ਼ ਹੈ।

ਅਮਰ ਨੂਰੀ ਸਾਨੂੰ ਸਿਕੰਦਰ ਸਰਦੂਲ ਦੀ ਪਿੰਡ ਖੇੜੀ ਨੌਧ ਸਿੰਘ ਵਿੱਚ ਬਣੀ ਕਬਰ ਕੋਲ ਲੈ ਗਏ।

ਇੱਥੇ ਸਰਦੂਲ ਦੀ ਯਾਦਗਾਰ ਬਣਾਉਣ ਦਾ ਕੰਮ ਚੱਲ ਰਿਹਾ ਸੀ।

ਨੂਰੀ ਕਹਿਣ ਲੱਗੇ ਕਿ ਉਹ ਇਸ ਜਗ੍ਹਾ ਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ, “ਮੈਂ ਚਾਹੁੰਦੀ ਹਾਂ ਕਿ ਮੇਰੇ ਸਰਦੂਲ ਦੀ ਕਬਰ ‘ਤੇ ਹਮੇਸ਼ਾ ਖੁਸ਼ਬੋ ਆਉਂਦੀ ਰਹੇ।”

ਕਰੀਅਰ ਨੂੰ ਜ਼ਿੰਦਾ ਰੱਖਦਿਆਂ ਕਿਵੇਂ ਸਾਂਭੀ ਮਾਂ ਦੀ ਜ਼ਿੰਮੇਵਾਰੀ

ਅਮਰ ਨੂਰੀ
BBC
ਅਮਰ ਨੂਰੀ ਸਰਦੂਲ ਸਿਕੰਦਰ ਦੇ ਕਬਰ ਵਾਲੀ ਥਾਂ ''''ਤੇ ਯਾਦਗਾਰ ਬਣਾਉਣੀ ਚਾਹੁੰਦੇ ਹਨ

ਅਮਰ ਨੂਰੀ ਦੱਸਦੇ ਹਨ ਕਿ ਉਨ੍ਹਾਂ ਨੇ ਬੱਚਿਆਂ ਦੇ ਜਨਮ ਤੋਂ ਬਾਅਦ ਆਪਣਾ ਕੰਮ ਕਾਫ਼ੀ ਘਟਾ ਦਿੱਤਾ ਸੀ।

ਉਹ ਦੱਸਦੇ ਹਨ ਕਿ ਜਦੋਂ ਤੱਕ ਬੱਚੇ ਛੋਟੇ ਸਨ, ਉਹ ਕਈ ਸਾਲ ਤੱਕ ਉਨ੍ਹਾਂ ਨੂੰ ਪ੍ਰੋਗਰਾਮਾਂ ''''ਤੇ ਆਪਣੇ ਨਾਲ ਹੀ ਲੈ ਜਾਂਦੇ ਸਨ।

ਉਹ ਕਹਿੰਦੇ ਹਨ, “ ਜਦੋਂ ਤੁਸੀਂ ਇੱਕ ਜ਼ਿੰਮੇਵਾਰ ਔਰਤ ਹੋ, ਜਦੋਂ ਤੁਸੀਂ ਇੰਨੇ ਲੋਕਾਂ ਸਾਹਮਣੇ ਗਾਉਣਾ ਹੈ, ਸੰਵਾਦ ਕਰਨਾ ਹੈ ਉਦੋਂ ਤੁਹਾਡੀ ਇੱਕ ਵੱਖਰੀ ਸ਼ਖਸੀਅਤ ਹੁੰਦੀ ਹੈ। ਘਰ ਵਿੱਚ ਆ ਕੇ ਤੁਸੀਂ ਮਾਂ ਦਾ ਰੂਪ ਹੋ, ਸਾਰੇ ਪਰਿਵਾਰ ਨੂੰ ਦੇਖਣਾ ਹੈ, ਘਰ ਸੰਭਾਲ਼ਣਾ ਹੈ ਅਤੇ ਬੱਚਿਆਂ ਨੂੰ ਦੇਖਣਾ ਹੈ ਤਾਂ ਬਹੁਤ ਔਖਾ ਹੁੰਦਾ ਹੈ।''''''''

"ਪਰ ਮੈਂ ਘਰ ਆ ਕੇ ਸਿਰਫ਼ ਇੱਕ ਮਾਂ ਅਤੇ ਪਤਨੀ ਹੁੰਦੀ ਸੀ, ਪੂਰੀ ਤਰ੍ਹਾਂ ਘਰੇਲੂ। ਉਦੋਂ ਮੇਰੇ ਦਿਮਾਗ਼ ਵਿੱਚ ਇਹ ਵੀ ਨਹੀਂ ਆਉਂਦਾ ਸੀ ਕਿ ਮੈਂ ਕਲਾਕਾਰ ਹਾਂ। ਜਦੋਂ ਮੈਂ ਘਰੋਂ ਬਾਹਰ ਜਾਂਦੀ ਸੀ ਤਾਂ ਮੈਂ ਸਿਰਫ਼ ਇੱਕ ਕਲਾਕਾਰ ਹੁੰਦੀ ਸੀ। ਉਦੋਂ ਮੈਂ ਘਰ ਦੀਆਂ ਪਰੇਸ਼ਾਨੀਆਂ ਭੁੱਲ ਕੇ ਸਿਰਫ਼ ਆਪਣੇ ਸ੍ਰੋਤਿਆਂ ਲਈ ਗਾਉਂਦੀ ਸੀ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News