ਉਹ ਮੁਲਕ, ਜਿੱਥੇ ਜਾਣ ਲਈ ਹੁਣ ਭਾਰਤੀਆਂ ਨੂੰ ਵੀਜ਼ੇ ਦੀ ਲੋੜ ਨਹੀਂ, ਪਰ ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ
Tuesday, Dec 19, 2023 - 08:35 AM (IST)
![ਉਹ ਮੁਲਕ, ਜਿੱਥੇ ਜਾਣ ਲਈ ਹੁਣ ਭਾਰਤੀਆਂ ਨੂੰ ਵੀਜ਼ੇ ਦੀ ਲੋੜ ਨਹੀਂ, ਪਰ ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ](https://static.jagbani.com/multimedia/2023_12image_08_33_16911460339b78d.jpg)
![ਵੀਜ਼ਾ ਫ੍ਰੀ ਐਂਟਰੀ](https://ichef.bbci.co.uk/news/raw/cpsprodpb/25cf/live/7ef43ec0-9d73-11ee-9bce-43cdc639b78d.jpg)
ਸਾਲ 2023 ਮੁਕੰਮਲ ਹੋ ਰਿਹਾ ਹੈ ਅਤੇ ਸਾਲ 2024 ਦੀ ਆਮਦ ਹੋਣ ਜਾ ਰਹੀ ਹੈ। ਤੁਹਾਡੇ ਕੰਮਕਾਜੀ ਖਾਤੇ ’ਚ ਵੀ ਕਈ ਛੁੱਟੀਆਂ ਹੋਣਗੀਆਂ, ਜਿਸ ਨੂੰ ਤੁਸੀਂ ਹੁਣ ਲੈਣ ਦੀ ਸੋਚ ਰਹੇ ਹੋਵੋਗੇ।
ਤੇ ਫਿਰ ਕੀ ਤੁਸੀਂ ਸੋਚ ਲਿਆ ਹੈ ਕਿ ਤੁਸੀਂ ਘੁੰਮਣ ਲਈ ਕਿੱਥੇ ਜਾਣਾ ਹੈ?
ਫ਼ਿਕਰ ਨਾ ਕਰੋ, ਅਸੀਂ ਤੁਹਾਨੂੰ ਕੁਝ ਸਲਾਹ ਦੇ ਸਕਦੇ ਹਾਂ...ਅਤੇ ਜੇਕਰ ਤੁਸੀਂ ਇਸ ਵਾਰ ਵਿਦੇਸ਼ ਜਾਣ ਦਾ ਮਨ ਬਣਾ ਰਹੇ ਹੋ ਤਾਂ ਇਹ ਰਿਪੋਰਟ ਤੁਹਾਡੇ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੀ ਹੈ।
ਪਰ ਜਦੋਂ ਵੀ ਅਸੀਂ ਵਿਦੇਸ਼ ਘੁੰਮਣ ਜਾਣ ਦਾ ਸੋਚਦੇ ਹਾਂ ਤਾਂ ਪਹਿਲਾਂ ਸਵਾਲ ਤਾਂ ਇਹ ਖੜ੍ਹਾ ਹੋ ਜਾਂਦਾ ਹੈ ਕਿ ਵੀਜ਼ਾ ਦਾ ਕੀ ਕਰੀਏ।
ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ, ਉਨ੍ਹਾਂ ਦੇਸਾਂ ਬਾਰੇ ਜਿੱਥੇ ਭਾਰਤੀ ਪਾਸਪੋਰਟ ਧਾਰਕ ਵੀਜ਼ਾ ਫਰੀ ਘੁੰਮਣ ਜਾ ਸਕਦੇ ਹਨ।
ਖੁਸ਼ੀ ਦੀ ਗੱਲ ਹੈ ਕਿ ਇਸ ਲਿਸਟ ਵਿੱਚ ਕਈ ਨਵੇਂ ਨਾਮ ਜੁੜ ਗਏ ਹਨ। ਸਭ ਤੋਂ ਤਾਜ਼ਾ ਖ਼ਬਰ ਈਰਾਨ ਵੱਲੋਂ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਫਰੀ ਐਂਟਰੀ ਦੇਣ ਦਾ ਫੈਸਲਾ ਹੈ।
ਹੋਰ ਕਿਹੜੇ ਦੇਸ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਫਰੀ ਐਂਟਰੀ ਦੇ ਰਹੇ ਹਨ? ਪਰ ਇਹ ਦੇਸ ਭਾਰਤੀਆਂ ਲਈ ਇੰਨੇ ਮਿਹਰਬਾਨ ਕਿਉਂ ਹਨ? ਅਤੇ ਭਾਰਤੀ ਘੁੰਮਣ ਲਈ ਜ਼ਿਆਦਾ ਜਾ ਕਿੱਥੇ ਰਹੇ ਹਨ?
ਇਸ ਰਿਪੋਰਟ ’ਚ ਅਸੀਂ ਤੁਹਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਫਰੀ ਐਂਟਰੀ ਵਾਲੇ ਦੇਸ
![ਵੀਜ਼ਾ ਫ੍ਰੀ ਐਂਟਰੀ](https://ichef.bbci.co.uk/news/raw/cpsprodpb/0ca1/live/c64737a0-9d73-11ee-9bce-43cdc639b78d.jpg)
ਵੀਜ਼ਾ ਫਰੀ ਐਂਟਰੀ ਯਾਨੀ ਕਿਸੇ ਦੇਸ ਵਿੱਚ ਬਿਨਾਂ ਵੀਜ਼ਾ ਲਗਵਾਏ ਦਾਖ਼ਲ ਹੋਣਾ।
ਵੀਜ਼ਾ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ, ਜੋ ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਦੇਸ ’ਚ ਦਾਖ਼ਲ ਹੋਣ ਲਈ ਮਾਨਤਾ ਦਿੰਦਾ ਹੈ। ਵੀਜ਼ਾ ਕੁਝ ਦਿਨਾਂ, ਮਹੀਨਿਆਂ ਅਤੇ ਸਾਲਾਂ ਲਈ ਲੱਗ ਸਕਦਾ ਹੈ।
ਇਹ ਕਿਸੇ ਦੇਸ ’ਚ ਦਾਖ਼ਲ ਹੋਣ ਲਈ ‘ਬਹੁਤ ਜ਼ਰੂਰੀ’ ਮੰਨਿਆ ਜਾਂਦਾ ਹੈ।
2 ਦਰਜਨ ਤੋਂ ਵੱਧ ਅਜਿਹੇ ਦੇਸ ਹਨ, ਜਿੱਥੇ ਹੁਣ ਭਾਰਤੀ ਪਾਸਪੋਰਟ ਧਾਰਕ ਬਿਨਾਂ ਵੀਜ਼ਾ ਲਗਵਾਏ ਜਾ ਸਕਦੇ ਹਨ।
ਇਸ ਲਿਸਟ ’ਚ ਸਭ ਤੋਂ ਤਾਜ਼ਾ ਨਾਮ ਜੋ ਸ਼ਾਮਲ ਹੋਇਆ ਹੈ, ਉਹ ਹੈ ਈਰਾਨ।
ਇਸ ਤੋਂ ਪਹਿਲਾਂ ਇੱਕ-ਤੋਂ-ਬਾਅਦ-ਇੱਕ ਕਰੀਬ 5 ਨਵੇਂ ਦੇਸ਼ਾਂ ਨੇ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ ਫਰੀ ਐਂਟਰੀ ਕੀਤੀ ਹੈ।
ਇਹ 5 ਦੇਸ ਹਨ ਥਾਈਲੈਂਡ, ਸ਼੍ਰੀਲੰਕਾ, ਮਲੇਸ਼ੀਆ, ਵਿਅਤਨਾਮ ਅਤੇ ਤਾਈਵਾਨ।
ਇਸ ਤੋਂ ਪਹਿਲਾਂ ਵੀ ਕਈ ਦੇਸਾਂ ਵੱਲੋਂ ਭਾਰਤੀ ਪਾਸਪੋਰਟ ਧਾਰਕਾਂ ਲਈ ਇਹ ਸੁਵਿਧਾ ਦਿੱਤੀ ਜਾ ਰਹੀ ਹੈ।
![ਵੀਜ਼ਾ ਫ੍ਰੀ ਐਂਟਰੀ](https://ichef.bbci.co.uk/news/raw/cpsprodpb/56d8/live/2224d040-9d70-11ee-b9a7-c91b9dfa91e5.png)
ਵੀਜ਼ਾ ਫਰੀ ਐਂਟਰੀ ਨਾਲ ਇਹ ਗੱਲਾਂ ਦਾ ਧਿਆਨ ਰੱਖਣ ਦੀ ਲੋੜ?
ਚਾਹੇ ਇਨ੍ਹਾਂ ਦੇਸਾਂ ’ਚ ਜਾਣ ਲਈ ਵੀਜ਼ਾ ਦੀ ਲੋੜ ਨਹੀਂ, ਪਰ ਵੱਖ-ਵੱਖ ਦੇਸਾਂ ਦੇ ਨਿਯਮਾਂ ਮੁਤਾਬਕ, ਇਨ੍ਹਾਂ ਦੇਸਾਂ ’ਚ ਜਾਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
‘ਪਾਸਪੋਰਟ ਇੰਡੈਕਸ’ ਮੁਤਾਬਕ ਉਹ ਗੱਲਾਂ ਕਿਹੜੀਆਂ ਹਨ, ਜਾਣ ਲਵੋ...
ਪਾਸਪੋਰਟ ਦੀ ਵੈਧਤਾ – ਪਾਸਪੋਰਟ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਇੱਕ ਅਜਿਹਾ ਦਸਤਾਵੇਜ਼ ਹੈ ਜੋ ਤੁਹਾਡੀ ਪਛਾਣ, ਕੌਮੀਅਤ ਅਤੇ ਨਾਗਰਿਕਤਾ ਦਾ ਪ੍ਰਮਾਣ ਹੁੰਦਾ ਹੈ। ਇਸ ਨਾਲ ਤੁਸੀਂ ਦੂਜੇ ਦੇਸਾਂ ਵਿੱਚ ਦਾਖ਼ਲ ਹੋ ਸਕਦੇ ਹੋ। ਪਾਸਪੋਰਟ ’ਚ ਤੁਹਾਡੀ ਨਿੱਜੀ ਜਾਣਕਾਰੀ, ਫੋਟੋ ਅਤੇ ਯੂਆਈਐੱਨ (ਯੂਨੀਕ ਆਈਡੈਂਟੀਫਿਕੇਸ਼ਨ ਨੰਬਰ) ਹੁੰਦਾ ਹੈ।
ਕਈ ਦੇਸ ਚਾਹੁੰਦੇ ਹਨ ਕਿ ਜਦੋਂ ਤੁਸੀਂ ਉਨ੍ਹਾਂ ਦੇ ਦੇਸ ਵਿੱਚ ਦਾਖ਼ਲ ਹੁੰਦੇ ਹੋ ਤਾਂ ਘੱਟੋ-ਘੱਟ ਤੁਹਾਡਾ ਪਾਸਪੋਰਟ 6 ਮਹੀਨਿਆਂ ਲਈ ਵੈਧ ਹੋਵੇ।
ਰਹਿਣ ਦੀ ਸਮੇਂ ਸੀਮਾ – ਜਿਹੜੇ ਦੇਸ ਤੁਹਾਨੂੰ ਵੀਜ਼ਾ ਫਰੀ ਐਂਟਰੀ ਦਿੰਦੇ ਹਨ, ਉਹ ਤੁਹਾਡੇ ਰਹਿਣ ਦੀ ਸਮੇਂ ਸੀਮਾ ਜ਼ਰੂਰ ਨਿਰਧਾਰਤ ਕਰਦੇ ਹਨ। ਹਰ ਦੇਸ ਆਪੋ-ਆਪਣੇ ਹਿਸਾਬ ਨਾਲ ਇਹ ਸਮੇਂ ਸੀਮਾ ਨਿਰਧਾਰਤ ਕਰਦਾ ਹੈ। ਇਹ ਸਮੇਂ ਸੀਮਾ ਕੁਝ ਹਫ਼ਤਿਆਂ ਤੋਂ ਲੈ ਕੇ ਕੁਝ ਮਹੀਨਿਆਂ ਤੱਕ ਹੋ ਸਕਦੀ ਹੈ।
ਜੇਕਰ ਤੁਸੀਂ ਉਸ ਸਮੇਂ ਸੀਮਾਂ ਤੋਂ ਜ਼ਿਆਦਾ ਰਹਿੰਦੇ ਹੋ ਤਾਂ ਤੁਹਾਡੇ ’ਤੇ ਜੁਰਮਾਨਾ ਲੱਗ ਸਕਦਾ ਹੈ, ਤੁਹਾਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਜਾਂ ਫਿਰ ਹੋਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਪਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀ ਸਮੇਂ ਸੀਮਾ ਨੂੰ ਵਧਾਓ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਵਾਰ ਉਹ ਦੇਸ ਛੱਡ ਕੇ ਦੁਬਾਰਾ ਦਾਖ਼ਲ ਹੋਣਾ ਪਵੇਗਾ।
ਪਰ ਇਸ ਦੇ ਲਈ ਤੁਹਾਨੂੰ ਕਾਫੀ ਸਜਗ ਰਹਿਣਾ ਪਵੇਗਾ। ਹਰ ਦੇਸ ਦੇ ਦੁਬਾਰਾ ਐਂਟਰੀ ਨੂੰ ਲੈ ਕੇ ਵੀ ਵਖਰੇ ਨਿਯਮ ਹੁੰਦੇ ਹਨ।
ਬੈਂਕ ਖਾਤੇ ’ਚ ਲੋੜੀਂਦੇ ਫੰਡਜ਼ – ਕਾਫੀ ਦੇਸ ਲੋੜੀਂਦੇ ਫੰਡਾਂ ਦੀ ਸ਼ਰਤ ਰੱਖਦੇ ਹਨ ਤਾਂ ਜੋ ਤੁਹਾਨੂੰ ਯਾਤਰਾ ਵੇਲੇ ਕੰਮ ਕਰਨ ਦੀ ਲੋੜ ਨਾ ਪਵੇ। ਇਸ ਲਈ ਤੁਹਾਨੂੰ ਆਪਣੀ ਬੈਂਕ ਸਟੇਟਮੇਂਟ ਦਿਖਾਣੀ ਹੋਵੇਗੀ ਜਾਂ ਕੈਸ਼ ਰਿਜ਼ਰਵ ਜਾਂ ਵੈਧ ਕ੍ਰੈਡਿਟ ਕਾਰਡ ਦੀ ਡੀਟੇਲਜ਼ ਸਾਂਝੀਆਂ ਕਰਨੀਆਂ ਪੈਣਗੀਆਂ।
ਵਾਪਸੀ ਜਾਂ ਅੱਗੇ ਜਾਣ ਦੀ ਟਿਕਟ – ਜ਼ਿਆਦਾਤਰ ਦੇਸ ਇਹ ਵੀ ਸ਼ਰਤ ਰੱਖਦੇ ਹਨ ਕਿ ਤੁਹਾਡੇ ਕੋਲ ਵਾਪਸੀ ਜਾਂ ਅੱਗੇ ਜਾਣ ਦੀ ਟਿਕਟ ਹੋਵੇ। ਇਹ ਉਨ੍ਹਾਂ ਲਈ ਇੱਕ ਸਬੂਤ ਦੀ ਤਰ੍ਹਾਂ ਹੋਵੇਗਾ ਕਿ ਤੁਸੀਂ ਤੈਅ ਸਮੇਂ ਸੀਮਾ ਤੋਂ ਬਾਅਦ ਉਨ੍ਹਾਂ ਦਾ ਦੇਸ ਛੱਡ ਕੇ ਵਾਪਸ ਚਲੇ ਜਾਵੋਗੇ।
ਰਹਿਣ ਬਾਰੇ ਜਾਣਕਾਰੀ – ਕੁਝ ਦੇਸ ਤੁਹਾਡੇ ਕੋਲੋਂ ਤੁਹਾਡੀ ਰਹਿਣ ਬਾਰੇ ਜਾਣਕਾਰੀ ਵੀ ਮੰਗਦੇ ਹਨ। ਇਸ ਲਈ ਤੁਹਾਨੂੰ ਆਪਣੇ ਹੋਟਲ ਦੀ ਰਸੀਦ ਜਾਂ ਜਿਸ ਦੋਸਤ ਜਾਂ ਰਿਸ਼ਤੇਦਾਰ ਕੋਲ ਰਹਿ ਰਹੇ ਹੋ, ਉਸ ਕੋਲੋ ‘ਲੈਟਰ ਆਫ਼ ਇਨਵੀਟੇਸ਼ਨ’ ਦੇਣਾ ਹੋ ਸਕਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਪੂਰੀ ਯਾਤਰਾ ਦਾ ਲੇਖਾ-ਜੋਖਾ ਦੇਣਾ ਹੋਵੇਗਾ।
ਟਰੈਵਲ ਇੰਸ਼ੋਰੈਂਸ – ਹਾਲਾਂਕਿ ਇਹ ਹਮੇਸ਼ਾ ਜ਼ਰੂਰੀ ਨਹੀਂ ਹੁੰਦੀ ਪਰ ਇਹ ਕਾਫੀ ਲਾਹੇਵੰਦ ਸਾਬਤ ਹੁੰਦੀ ਹੈ। ਮੁਸ਼ਕਲ ਦੇ ਸਮੇਂ ’ਚ ਜਿਵੇਂ ਕਿ ਮੈਡੀਕਲ ਐਮਰਜੈਂਸੀ, ਟ੍ਰਿਪ ਕੈਨਸੇਲੇਸ਼ਨ ਅਤੇ ਸਮਾਨ ਦੇ ਚੋਰੀ ਹੋਣ ਦੇ ਹਾਲਾਤ ’ਚ ਤੁਹਾਨੂੰ ਆਰਥਿਕ ਮਦਦ ਦੇ ਸਕਦੇ ਹਨ।
ਕ੍ਰਿਮੀਨਲ ਰਿਕਾਰਡ ਚੈੱਕ – ਕਈ ਵਾਰ ਯਾਤਰੀਆਂ ਤੋਂ ਉਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਵੀ ਮੰਗਿਆਂ ਜਾਂਦਾ ਹੈ। ਕਈ ਵਾਰ ਜੇਕਰ ਕਿਸੇ ਛੋਟੇ ਮਾਮਲੇ ’ਚ ਵੀ ਤੁਹਾਡਾ ਨਾਮ ਆਇਆ ਹੋਵੇ ਤਾਂ ਤੁਹਾਡੀ ਐਂਟਰੀ ’ਤੇ ਰੋਕ ਲਗਾਈ ਜਾ ਸਕਦੀ ਹੈ।
ਕਸਟਮ ਅਤੇ ਡੈਕਲਾਰੇਸ਼ਨ – ਜਿਥੇ ਤੁਸੀਂ ਯਾਤਰਾ ਕਰਨ ਜਾ ਰਹੇ ਹੋ, ਉਸ ਦੇਸ ਦੇ ਕਸਟਮ ਅਤੇ ਡੈਕਲਾਰੇਸ਼ਨ ਨਿਯਮਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਵੋ। ਇਸ ਲਈ ਤੁਹਾਨੂੰ ਆਪਣੇ ਨਾਲ ਲਿਆਈ ਕੀਮਤੀ ਵਸਤੂ, ਕੈਸ਼ ਅਤੇ ਹੋਰ ਕੁਝ ਪਾਬੰਦੀਸ਼ੁਦਾ ਸਮਾਨ ਦੀ ਜਾਣਕਾਰੀ ਦੇਣੀ ਪਵੇਗੀ।
ਇਸ ਵਿੱਚ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਜਦੋਂ ਵੀ ਕੋਈ ਦੇਸ ਤੁਹਾਨੂੰ ਵੀਜ਼ਾ ਫਰੀ ਐਂਟਰੀ ਦੀ ਇਜਾਜ਼ਤ ਦਿੰਦਾ ਹੈ, ਤੁਹਾਨੂੰ ਯਾਤਰੀ ਬਾਰੇ ਬਾਕੀ ਨਿਯਮਾਂ ਦੀ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ।
ਹਮੇਸ਼ਾ ਕਿਸੇ ਦੇਸ ’ਚ ਜਾਣ ਤੋਂ ਪਹਿਲਾਂ ਉੱਥੋਂ ਦੀ ਅੰਬੈਸੀ ਅਤੇ ਸਰਕਾਰੀ ਨਿਯਮਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਵੋ ਤਾਂਕਿ ਤੁਹਾਨੂੰ ਉੱਥੇ ਪਹੁੰਚ ਕੇ ਕੋਈ ਦਿੱਕਤ ਨਾ ਹੋਵੇ।
ਇਹ ਦੇਸ ਭਾਰਤੀਆਂ ਲਈ ਇੰਨੇ ਮਿਹਰਬਾਨ ਕਿਉਂ?
![ਵੀਜ਼ਾ ਫ੍ਰੀ ਐਂਟਰੀ](https://ichef.bbci.co.uk/news/raw/cpsprodpb/c644/live/428406e0-9d74-11ee-bd3a-711bff643c45.jpg)
ਦਰਅਸਲ ਇਹ ਦੇਸ ਭਾਰਤੀਆਂ ’ਤੇ ਮਿਹਰਬਾਨ ਨਹੀਂ ਹਨ ਬਲਕਿ ਆਪਣੀ ਆਰਥਿਕ ਸਿਹਤ ਨੂੰ ਮਜ਼ਬੂਤ ਕਰਨ ’ਚ ਲੱਗੇ ਹੋਏ ਹਨ। ਕੋਵਿਡ ਕਾਰਨ ਲੀਹੋ ਉਤਰੀ ਗੱਡੀ ਨੂੰ ਮੁੜ ਪਟਰੀ ’ਤੇ ਲਿਆਉਣ ਦੇ ਵਸੀਲੇ ਕੀਤੇ ਜਾ ਰਹੇ ਹਨ।
ਇਸ ਲਈ ਤੁਸੀਂ ਇਨ੍ਹਾਂ ਅੰਕੜਿਆਂ ਨੂੰ ਸਮਝੋ।
’ਚ ਦੱਸਿਆ ਗਿਆ ਹੈ ਕਿ ਭਾਰਤੀਆਂ ਨੇ ਸਾਲ 2019 ਵਿੱਚ ਘਰੇਲੂ ਅਤੇ ਵਿਦੇਸ਼ੀ ਯਾਤਰਾਵਾਂ ’ਤੇ 150 ਬਿਲੀਅਨ (15,000 ਕਰੋੜ) ਡਾਲਰ ਖਰਚੇ ਹਨ।
ਰਿਪੋਰਟ ਮੁਤਾਬਕ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2030 ਤੱਕ ਇਹ ਖਰਚਾ 173 ਫ਼ੀਸਦ ਵਾਧੇ ਦੇ ਨਾਲ 410 ਬਿਲੀਅਨ (41,000 ਕਰੋੜ) ਡਾਲਰ ਤੱਕ ਪਹੁੰਚ ਸਕਦਾ ਹੈ।
ਇਸ ਦੇ ਨਾਲ ਹੀ ਭਾਰਤ ਯਾਤਰਾਵਾਂ ’ਤੇ ਖਰਚ ਕਰਨ ਵਿੱਚ ਦੁਨੀਆਂ ’ਚ 6ਵੇਂ ਨੰਬਰ ’ਤੇ ਆਉਂਦਾ ਹੈ। 2030 ਤੱਕ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਚੌਥੇ ਸਥਾਨ ’ਤੇ ਪਹੁੰਚ ਜਾਵੇਗਾ।
ਇਸ ਤਰ੍ਹਾਂ, 2019 ’ਚ ਭਾਰਤੀਆਂ ਵੱਲੋਂ 2.3 ਬਿਲੀਅਨ (230 ਕਰੋੜ) ਯਾਤਰਾਵਾਂ ਕੀਤੀਆਂ ਜੋ ਕਿ 2030 ਤੱਕ ਵੱਧ ਕੇ 5 ਬਿਲੀਅਨ (500 ਕਰੋੜ) ਹੋ ਜਾਣਗੀਆਂ।
ਇਸ ਵਿੱਚੋਂ 25 ਫ਼ੀਸਦ ਯਾਤਰਾਵਾਂ ’ਤੇ ਵਿਦੇਸ਼ਾਂ ’ਚ ਕੀਤੀਆਂ ਗਈਆਂ ਹਨ। ਸਾਲ 2022 ’ਚ ਇਹ ਅੰਕੜਾ ਵੱਧ ਕੇ 35 ਫ਼ੀਸਦ ਹੋ ਗਿਆ ਹੈ। 2030 ਤੱਕ ਦਾ ਅੰਦਾਜ਼ਾ ਹੈ ਕਿ ਇਹ ਅੰਕੜਾ ਬਰਕਰਾਰ ਰਹੇਗਾ।
ਰਿਪੋਰਟ ਦੇ ਮੁਤਾਬਕ, “ਕੋਵਿਡ 19 ਤੋਂ ਬਾਅਦ ਭਾਰਤੀ ਯਾਤਰਾਵਾਂ ਨੂੰ ਲੈ ਕੇ ਕਾਫ਼ੀ ਉਤਸੁਕ ਨਜ਼ਰ ਆ ਰਹੇ ਹਨ। ਕੰਮ-ਕਾਜ ਅਤੇ ਘੁੰਮਣ-ਫਿਰਨ ਲਈ ਭਾਰਤੀ ਪਹਿਲਾਂ ਨਾਲੋਂ ਕਿਧਰੇ ਜ਼ਿਆਦਾ ਯਾਤਰਾਵਾਂ ਕਰ ਰਹੇ ਹਨ।”
ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਲੋਕ ਯਾਤਰਾਵਾਂ ਕਰਨ ’ਤੇ ਖੁੱਲ੍ਹ ਕੇ ਪੈਸਾ ਖਰਚਦੇ ਹਨ ਅਤੇ ਇਹ ਦੇਸ ਇਸੇ ਗੱਲ ਦਾ ਲਾਹਾ ਲੈਣਾ ਚਾਹੁੰਦੇ ਹਨ।
![ਵੀਜ਼ਾ ਫ੍ਰੀ ਐਂਟਰੀ](https://ichef.bbci.co.uk/news/raw/cpsprodpb/cfac/live/0f962460-9d70-11ee-91bf-230bfab3fcba.png)
ਚੰਡੀਗੜ੍ਹ ‘ਚ ਸੀ-ਵੇ ਵੀਜ਼ਾ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਦੱਸਦੇ ਹਨ ਕਿ ਇਨ੍ਹਾਂ ਦੇਸਾਂ ਦਾ ਸਭ ਤੋਂ ਵੱਡਾ ਮੰਤਵ ਤਾਂ ਟੂਰਿਜ਼ਮ ਨੂੰ ਮਜ਼ਬੂਤ ਕਰਨਾ ਹੁੰਦਾ ਹੈ ਅਤੇ ਨਾਲ ਹੀ ਸਰਕਾਰ ਨਾਲ ਰਿਸ਼ਤੇ ਗੂੜ੍ਹੇ ਕਰਨਾ ਹੁੰਦਾ ਹੈ।
ਉਹ ਦੱਸਦੇ ਹਨ ਕਿ ਪਿਛਲੇ 1-2 ਮਹੀਨਿਆਂ ਤੋਂ, ਜਦੋਂ ਤੋਂ ਕਈ ਨਵੇਂ ਦੇਸਾਂ ਨੇ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ ਫਰੀ ਐਂਟਰੀ ਕੀਤੀ ਹੈ, ਉਦੋਂ ਤੋਂ ਗ੍ਰਾਹਕਾਂ ਦੀ ਗਿਣਤੀ ਵੀ ਵੱਧ ਰਹੀ ਹੈ।
ਉਨ੍ਹਾਂ ਦੱਸਿਆ ਕਿ ਅੱਜਕਲ੍ਹ ਘਰੇਲੂ ਹਵਾਈ ਟਿਕਟਾਂ ਮਹਿੰਗੀਆਂ ਹੋਣ ਕਾਰਨ ਵੀ ਲੋਕਾਂ ਦਾ ਰੁਝਾਨ ਵਿਦੇਸ਼ਾਂ ਵੱਲ ਵੱਧ ਹੋ ਰਿਹਾ ਹੈ।
ਮਿਸਾਲ ਦੇ ਤੌਰ ’ਤੇ, ਗ੍ਰਾਹਕਾਂ ਨੂੰ ਲੱਗਦਾ ਹੈ ਕਿ ਜੇਕਰ ਗੋਆ ਜਾਣ ਦੀਆਂ ਟਿਕਟਾਂ ਦਾ ਖਰਚ ਥਾਈਲੈਂਡ ਦੀਆਂ ਟਿਕਟਾਂ ਦੇ ਕਰੀਬ ਹੀ ਹੈ ਤਾਂ ਕਿਉਂ ਨਾ ਥਾਈਲੈਂਡ ਦਾ ਟ੍ਰਿਪ ਪਲੈਨ ਕੀਤਾ ਜਾਵੇ।
ਭਾਰਤੀ ਘੁੰਮਣ ਲਈ ਜ਼ਿਆਦਾ ਜਾ ਕਿੱਥੇ ਰਹੇ ਹਨ?
![ਵੀਜ਼ਾ ਫ੍ਰੀ ਐਂਟਰੀ](https://ichef.bbci.co.uk/news/raw/cpsprodpb/2783/live/fb725990-9d6f-11ee-91bf-230bfab3fcba.png)
Booking.com ਅਤੇ McKinsey & Company ਵੱਲੋਂ ਜਾਰੀ ‘How India Travels’ ਰਿਪੋਰਟ ਮੁਤਾਬਕ, ਸਭ ਤੋਂ ਜ਼ਿਆਦਾ ਭਾਰਤੀ ਦੁਬਈ ਜਾਣਾ ਪਸੰਦ ਕਰ ਰਹੇ ਹਨ।
ਦੂਜੇ ਨੰਬਰ ’ਤੇ ਬੈਂਗਕੌਕ, ਤੀਜੇ ਨੰਬਰ ’ਤੇ ਸਿੰਗਾਪੁਰ, ਚੌਥੇ ਨੰਬਰ ’ਤੇ ਲੰਡਨ ਅਤੇ ਪੰਜਵੇਂ ਨੰਬਰ ’ਤੇ ਪੈਰਿਸ ਆਉਂਦਾ ਹੈ।
ਸਭ ਤੋਂ ਜ਼ਿਆਦਾ ਦਿੱਲੀ ਦੇ ਲੋਕ ਹਨ ਜੋ ਯਾਤਰਾਵਾਂ ਕਰ ਰਹੇ ਹਨ। ਇਸ ਤੋਂ ਬਾਅਦ ਬੰਗਲੁਰੂ ਦਾ ਨੰਬਰ ਆਉਂਦਾ ਹੈ।
ਤੀਜੇ ਨੰਬਰ ’ਤੇ ਮੁੰਬਈ, ਚੌਥੇ ਨੰਬਰ ’ਤੇ ਚੇਨੰਈ ਅਤੇ ਪੰਜਵੇਂ ਨੰਬਰ ’ਤੇ ਪੂਣੇ ਦੋ ਲੋਕ ਸਭ ਤੋਂ ਜ਼ਿਆਦਾ ਯਾਤਰਾਵਾਂ ਕਰਦੇ ਹਨ।