ਮਾਈਗ੍ਰੇਨ ਦੇ ਇਲਾਜ ’ਚ ਕੀ ਕਾਰਗਰ ਸਿੱਧ ਹੋਵੇਗੀ ਇਹ ਦਵਾਈ, ਅਮਰੀਕਾ ਸਣੇ 80 ਦੇਸ਼ ਕਰ ਰਹੇ ਵਰਤੋਂ

Monday, Dec 18, 2023 - 05:50 PM (IST)

ਮਾਈਗ੍ਰੇਨ ਦੇ ਇਲਾਜ ’ਚ ਕੀ ਕਾਰਗਰ ਸਿੱਧ ਹੋਵੇਗੀ ਇਹ ਦਵਾਈ, ਅਮਰੀਕਾ ਸਣੇ 80 ਦੇਸ਼ ਕਰ ਰਹੇ ਵਰਤੋਂ
ਸਿਰ ਦਰਦ
Getty Images
ਸੰਕੇਤਕ ਤਸਵੀਰ

ਯੂਕੇ ਨੇ ਸਤੰਬਰ 2023 ’ਚ ਇੱਕ ਅਜਿਹਾ ਐਲਾਨ ਕੀਤਾ ਜਿਸ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਆ ਸਕਦਾ ਹੈ।

ਦਵਾਈਆਂ ਨੂੰ ਮਨਜ਼ੂਰੀ ਦੇਣ ਵਾਲੀ ਯੂਕੇ ਦੀ ਸੰਸਥਾ ਨੈਸ਼ਨਲ ਹੈਲਥ ਐਂਡ ਕੇਅਰ ਐਕਸੀਲੈਂਸ (ਐਨਆਈਸੀਈ ਜਾਂ ਨਾਈਸ) ਨੇ ਕੁਝ ਮਹੀਨੇ ਪਹਿਲਾਂ ਮਾਈਗ੍ਰੇਨ ਤੋਂ ਬਚਣ ਲਈ ਇਕ ਨਵੀਂ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਮਾਈਗ੍ਰੇਨ ਯਾਨੀ ਕਿ ਸਿਰ ’ਚ ਤੇਜ਼ ਦਰਦ ਦਾ ਹੋਣਾ ਇੱਕ ਗੰਭੀਰ ਬਿਮਾਰੀ ਹੈ ਅਤੇ ਦੁਨੀਆ ਭਰ ’ਚ ਲਗਭਗ ਇੱਕ ਅਰਬ ਲੋਕ ਇਸ ਬਿਮਾਰੀ ਨਾਲ ਪੀੜ੍ਹਤ ਹਨ।

ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਕਰਕੇ ਸਿਰ ’ਚ ਇੰਨਾ ਤੇਜ਼ ਦਰਦ ਹੁੰਦਾ ਹੈ ਕਿ ਰੋਜ਼ਾਨਾ ਦੇ ਕੰਮ ਕਰਨਾ ਵੀ ਔਖਾ ਹੋ ਜਾਂਦਾ ਹੈ। ਇਸ ਨਾਲ ਆਪਸੀ ਸਬੰਧ ਅਤੇ ਰਿਸ਼ਤੇ-ਨਾਤੇ ਵੀ ਪ੍ਰਭਾਵਿਤ ਹੁੰਦੇ ਹਨ।

ਨਾਈਸ ਨੇ ਹੁਣ ਇੱਕ ਕਦਮ ਅੱਗੇ ਜਾ ਕੇ ਫ਼ੈਸਲਾ ਕੀਤਾ ਹੈ ਕਿ ਇਹ ਦਵਾਈ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਜੋ ਇਸ ਬਿਮਾਰੀ (ਮਾਈਗ੍ਰੇਨ) ਨਾਲ ਪੀੜਤ ਹਨ।

ਇਸ ਰਿਪੋਰਟ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮਾਈਗ੍ਰੇਨ ਦੇ ਇਲਾਜ ’ਚ ਕੋਈ ਵੱਡੀ ਤਬਦੀਲੀ ਹੋਣ ਜਾ ਰਹੀ ਹੈ?

ਮਾਈਗ੍ਰੇਨ ਦੇ ਲੱਛਣ

ਸਿਰ ਦਰਦ
Getty Images
ਸੰਕੇਤਕ ਤਸਵੀਰ

ਅਮਰੀਕਾ ਦੇ ਸਕਾਟਸਡੇਲ ਸਥਿਤ ਮੇਓ ਕਲੀਨਿਕ ’ਚ ਨਿਊਰੋਲੋਜਿਸਟ ਅਤੇ ਸਿਰ ਦਰਦ ਦੇ ਮਾਹਰ ਡਾਕਟਰ ਅਮਾਲ ਸਟਾਰਲਿੰਗ ਦਾ ਕਹਿਣਾ ਹੈ ਕਿ ਮਾਈਗ੍ਰੇਨ ਸਿਰਫ਼ ਗੰਭੀਰ ਸਿਰ ਦਰਦ ਹੀ ਨਹੀਂ ਸਗੋਂ ਇਹ ਸਾਡੇ ਦਿਮਾਗ ਦੇ ਕੰਮ ਕਰਨ ਦੇ ਸਾਰੇ ਤਰੀਕਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਉਨ੍ਹਾਂ ਦਾ ਕਹਿਣਾ ਹੈ, “ਜਿਸ ਵੀ ਵਿਅਕਤੀ ਨੂੰ ਮਾਈਗ੍ਰੇਨ ਦਾ ਦੌਰਾ ਪੈਂਦਾ ਹੈ, ਉਸ ਦਾ ਇਲਾਜ ਸਿਰਫ਼ ਐਸਪਰੀਨ ਲੈਣ ਨਾਲ ਸੰਭਵ ਨਹੀਂ ਹੈ। ਮਾਈਗ੍ਰੇਨ ਦਾ ਜਦੋਂ ਦੌਰਾ ਪੈਂਦਾ ਹੈ ਤਾਂ ਬਹੁਤ ਤੇਜ਼ ਸਿਰ ਦਰਦ ਦਾ ਅਹਿਸਾਸ ਹੁੰਦਾ ਹੈ ਤੇ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ।”

ਮਾਈਗ੍ਰੇਨ ਦੇ ਦੌਰੇ ਦੇ ਲੱਛਣ ਕਈ ਪੜਾਵਾਂ ’ਚ ਆਉਂਦੇ ਹਨ।

ਡਾ. ਅਮਾਲ ਸਟਾਰਲਿੰਗ ਅੱਗੇ ਦੱਸਦੇ ਹਨ, “ਮਾਈਗ੍ਰੇਨ ਦੇ ਦੌਰੇ ਦੇ ਪਹਿਲੇ ਪੜਾਅ ਦੌਰਾਨ ਕੁਝ ਨਾ ਕੁਝ ਖਾਂਦੇ ਰਹਿਣ ਦੀ ਇੱਛਾ ਹੁੰਦੀ ਹੈ ਜਾਂ ਫਿਰ ਚਿੜਚਿੜਾਪਨ ਹੁੰਦਾ ਹੈ। ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਉਬਾਸੀਆਂ ਆਉਂਦੀਆਂ ਹਨ। ਇਸ ਦੇ ਨਾਲ ਹੀ ਗਰਦਨ ’ਚ ਦਰਦ ਵੀ ਸ਼ੁਰੂ ਹੁੰਦਾ ਹੈ।”

“ਪਹਿਲੇ ਪੜਾਅ ਦੇ ਕੁਝ ਘੰਟੇ ਬਾਅਦ ਤੇਜ਼ ਸਿਰ ਦਰਦ ਸ਼ੁਰੂ ਹੁੰਦਾ ਹੈ। ਤੇਜ਼ ਸਿਰ ਦਰਦ ਦੌਰਾਨ ਰੌਸ਼ਨੀ ਤੇਜ਼ ਮਹਿਸੂਸ ਹੁੰਦੀ ਹੈ, ਸਰੀਰ ’ਚ ਕੰਬਨੀ ਛਿੜਦੀ ਹੈ ਅਤੇ ਸੁਗੰਧ ਦੀ ਸੰਵੇਦਨਾ ਵੀ ਪ੍ਰਭਾਵਿਤ ਹੁੰਦੀ ਹੈ। ਉਲਟੀ ਵਾਂਗਰ ਵੀ ਮਹਿਸੂਸ ਹੁੰਦਾ ਹੈ।”

ਡਾ. ਅਮਾਲ ਸਟਾਰਲਿੰਗ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਕਿ ਇਹ ਸਾਰੇ ਲੱਛਣ ਮਾਈਗ੍ਰੇਨ ਦੇ ਸਾਰੇ ਹੀ ਮਰੀਜ਼ਾਂ ’ਚ ਦਿਖਣ। ਕੁਝ ਲੋਕਾਂ ’ਚ ਤਾਂ ਬਹੁਤ ਘੱਟ ਲੱਛਣ ਵਿਖਾਈ ਦਿੰਦੇ ਹਨ।

ਪਰ ਦਰਦ ਘੱਟ ਹੋਣ ਤੋਂ ਬਾਅਦ ਦੌਰੇ ਦੇ ਆਖਰੀ ਪੜਾਅ ’ਚ ਦਿਮਾਗ ਧੁੰਦਲਾ ਮਹਿਸੂਸ ਕਰਦਾ ਹੈ ਅਤੇ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਮਾਈਗ੍ਰੇਨ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ।

ਇੱਕ ਖੋਜ ਅਨੁਸਾਰ 15 ਤੋਂ 49 ਸਾਲ ਦੀ ਉਮਰ ਦੀਆਂ ਔਰਤਾਂ ’ਚ ਮਾਨਸਿਕ ਪਰੇਸ਼ਾਨੀ ਦਾ ਇੱਕ ਸਭ ਤੋਂ ਵੱਡਾ ਕਾਰਨ ਮਾਈਗ੍ਰੇਨ ਹੀ ਹੈ। ਇਸ ਦੇ ਕਾਰਨ ਮਰੀਜ਼ ਕੰਮ ਕਰਨ ਤੋਂ ਅਸਮਰੱਥ ਹੁੰਦਾ ਹੈ।

ਡਾ. ਅਮਾਲ ਸਟਾਰਲਿੰਗ ਅਨੁਸਾਰ ਅਮਰੀਕਾ ’ਚ ਮਾਈਗ੍ਰੇਨ ਦੇ ਮਰੀਜ਼ਾਂ ਵੱਲੋਂ ਕੰਮ ਨਾ ਕੀਤੇ ਜਾਣ ਕਰਕੇ 11 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ।

ਮਾਈਗ੍ਰੇਨ ਦੇ ਦਰਦ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਅਤੇ ਮਰੀਜ਼ ਹਮੇਸ਼ਾਂ ਹੀ ਇਸ ਗੱਲ ਤੋਂ ਚਿੰਤਤ ਰਹਿੰਦੇ ਹਨ ਕਿ ਮਾਈਗ੍ਰੇਨ ਦਾ ਅਗਲਾ ਦੌਰਾ ਕਦੇ ਵੀ ਪੈ ਸਕਦਾ ਹੈ।

ਇਸ ਡਰ ਦੇ ਕਾਰਨ ਹੀ ਉਹ ਆਪਣੇ ਆਉਣ ਵਾਲੇ ਸਮੇਂ ਦੀ ਕਿਸੇ ਵੀ ਤਰ੍ਹਾਂ ਦੀ ਯੋਜਨਾ ਨੂੰ ਅੰਜਾਮ ਨਹੀਂ ਦੇ ਪਾਉਂਦੇ ਹਨ।

ਕ੍ਰੌਨਿਕ ਤੇ ਐਪੀਸੋਡਿਕ ਮਾਈਗ੍ਰੇਨ: ਕਿਵੇਂ ਪਛਾਣੀਏ?

ਸਿਰ ਦਰਦ
Getty Images
ਸੰਕੇਤਕ ਤਸਵੀਰ

ਡਾ. ਅਮਾਲ ਸਟਾਰਲਿੰਗ ਦਾ ਕਹਿਣਾ ਹੈ ਕਿ ਸਪੱਸ਼ਟ ਨਹੀਂ ਹੈ ਕਿ ਇਹ ਬਿਮਾਰੀ ਜੈਨੇਟਿਕ ਹੈ ਜਾਂ ਫਿਰ ਨਹੀਂ। ਪਰ ਇਸ ਦੇ ਦੌਰੇ ਅਸਥਮਾ (ਸਾਹ ਲੈਣ ’ਚ ਦਿੱਕਤ) ਦੇ ਦੌਰੇ ਦੀ ਤਰ੍ਹਾਂ ਹੀ ਪੈਂਦੇ ਹਨ। ਇਹ ਦੌਰੇ ਹਫ਼ਤੇ ’ਚ ਇੱਕ ਵਾਰ ਵੀ ਆ ਸਕਦੇ ਹਨ ਅਤੇ ਕਈ ਵਾਰ ਵੀ। ਇਨ੍ਹਾਂ ਦਾ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੈ।

ਜਿੰਨ੍ਹਾਂ ਲੋਕਾਂ ਨੂੰ ਮਹੀਨੇ ’ਚ 8 ਤੋਂ 15 ਦਿਨਾਂ ਤੱਕ ਮਾਈਗ੍ਰੇਨ ਹੁੰਦਾ ਹੈ, ਉਨ੍ਹਾਂ ਨੂੰ ਕ੍ਰੌਨਿਕ ਜਾਂ ਨਿਯਮਿਤ ਮਾਈਗ੍ਰੇਨ ਦੀ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ। ਜਿੰਨ੍ਹਾਂ ਨੂੰ 8 ਦਿਨ ਤੋਂ ਘੱਟ ਮਾਈਗ੍ਰੇਨ ਦਾ ਦਰਦ ਰਹਿੰਦਾ ਹੈ, ਉਨ੍ਹਾਂ ਨੂੰ ਐਪੀਸੋਡਿਕ ਮਾਈਗ੍ਰੇਨ ਦੀ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ। ਪਰ ਕਈ ਵਾਰ ਇਸ ਦਾ ਪਤਾ ਲਗਾਉਣਾ ਕਿ ਤੁਹਾਨੂੰ ਕਿਸ ਸ਼੍ਰੇਣੀ ਦਾ ਮਾਈਗ੍ਰੇਨ ਹੈ, ਸੌਖਾ ਨਹੀਂ ਹੁੰਦਾ ਹੈ।

ਡਾ. ਅਮਾਲ ਸਟਾਰਲਿੰਗ ਅੱਗੇ ਕਹਿੰਦੇ ਹਨ ਕਿ ਕਈ ਮਰੀਜ਼ ਸੋਚਦੇ ਹਨ ਕਿ ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦੀ ਮਾਂ ਜਾਂ ਭੈਣ ਨੂੰ ਸਿਰ ਦਰਦ ਰਹਿੰਦਾ ਸੀ ਜਾਂ ਫਿਰ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਸੀ, ਇਸ ਲਈ ਇਹ ਕੋਈ ਧਿਆਨ ਦੇਣ ਵਾਲੀ ਗੱਲ ਨਹੀਂ ਹੈ। ਮਾਈਗ੍ਰੇਨ ਦਾ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਡਾਕਟਰੀ ਜਾਂਚ ਹੁੰਦੀ ਹੈ।

ਦੂਜੀ ਚੁਣੌਤੀ ਇਹ ਹੈ ਕਿ ਕੁਝ ਲੋਕਾਂ ’ਚ ਇਹ ਗ਼ਲਤ ਧਾਰਨਾ ਘਰ ਕਰ ਗਈ ਹੈ ਕਿ ਜਦੋਂ ਸਿਰ ਦੇ ਸਿਰਫ਼ ਇੱਕ ਹਿੱਸੇ ’ਚ ਹੀ ਦਰਦ ਹੁੰਦਾ ਹੈ ਤਾਂ ਹੀ ਉਹ ਮਾਈਗ੍ਰੇਨ ਹੁੰਦਾ ਹੈ। ਪਰ ਇਹ ਸੱਚ ਨਹੀਂ ਹੈ। ਮਾਈਗ੍ਰੇਨ ਨਾਲ ਸਿਰ ਦੇ ਦੋਵਾਂ ਪਾਸੇ ਦਰਦ ਹੋ ਸਕਦਾ ਹੈ।

ਮਾਈਗ੍ਰੇਨ ਦੇ ਲੱਛਣਾਂ ਬਾਰੇ ਹੋਰ ਵੀ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਪ੍ਰਚਲਿਤ ਹਨ। ਕਈ ਵਾਰ ਲੋਕ ਗਰਦਨ ਜਾਂ ਸਾਈਨਸ ਨਾਲ ਹੋਣ ਵਾਲੇ ਦਰਦ ਅਤੇ ਮਾਈਗ੍ਰੇਨ ’ਚ ਫਰਕ ਨਹੀਂ ਕਰ ਪਾਉਂਦੇ ਹਨ।

ਡਾ. ਅਮਾਲ ਸਟਾਰਲਿੰਗ ਅਨੁਸਾਰ, “ਕਈ ਵਾਰ ਮਰੀਜ਼ਾਂ ’ਚ ਮਾਈਗ੍ਰੇਨ ਦੇ ਲੱਛਣ ਸਪੱਸ਼ਟ ਅਤੇ ਤੀਬਰ ਨਹੀਂ ਹੁੰਦੇ। ਪਰ ਚੱਕਰ ਆਉਣਾ ਮਾਈਗ੍ਰੇਨ ਦਾ ਇੱਕ ਸਥਾਈ ਅਤੇ ਪ੍ਰਮੁੱਖ ਲੱਛਣ ਹੈ। ਆਮ ਤੌਰ ’ਤੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਕੰਨ ’ਚ ਖ਼ਰਾਬੀ ਕਾਰਨ ਹੋ ਰਿਹਾ ਹੈ, ਪਰ ਜਦੋਂ ਕੰਨ ਦੀ ਜਾਂਚ ਹੁੰਦੀ ਹੈ ਤਾਂ ਪਤਾ ਚੱਲਦਾ ਹੈ ਕਿ ਕੰਨ ’ਚ ਤਾਂ ਕੋਈ ਸਮੱਸਿਆ ਹੈ ਹੀ ਨਹੀਂ ਸੀ।”

“ਅਸਲ ’ਚ ਸਮੱਸਿਆ ਇਹ ਹੈ ਕਿ ਜਦੋਂ ਕੰਨ ਦਿਮਾਗ ਨੂੰ ਸਿਗਨਲ ਭੇਜਦਾ ਹੈ ਤਾਂ ਮਾਈਗ੍ਰੇਨ ਨਾਲ ਪ੍ਰਭਾਵਿਤ ਦਿਮਾਗ ਉਸ ਸਿਗਨਲ ਨੂੰ ਸਹੀ ਢੰਗ ਨਾਲ ਸਮਝ ਨਹੀਂ ਪਾਉਂਦਾ, ਜਿਸ ਕਰਕੇ ਸਰੀਰ ਦੇ ਸੰਤੁਲਨ ’ਚ ਅਸਥਿਰਤਾ ਆਉਂਦੀ ਹੈ ਜਾਂ ਚੱਕਰ ਆਉਂਦੇ ਹਨ।”

“ਮਾਈਗ੍ਰੇਨ ਦੀ ਪਛਾਣ ਅਤੇ ਇਲਾਜ ਜੇ ਸਮਾਂ ਰਹਿੰਦੇ ਨਾ ਕੀਤਾ ਜਾਵੇ ਤਾਂ ਸਥਿਤੀ ਵਿਗੜ ਸਕਦੀ ਹੈ ਅਤੇ ਮਾਈਗ੍ਰੇਨ ਕ੍ਰੌਨਿਕ ਮਾਈਗ੍ਰੇਨ ’ਚ ਤਬਦੀਲ ਹੋ ਸਕਦਾ ਹੈ। ਹੁਣ ਤੱਕ ਮਾਈਗ੍ਰੇਨ ਲਈ ਕੋਈ ਵਿਸ਼ੇਸ਼ ਦਵਾਈ ਉਪਲਬਧ ਨਹੀਂ ਹੈ। ਦੂਜਾ ਹਰ ਮਰੀਜ਼ ਇੱਕ ਵੱਖਰੀ ਕਿਸਮ ਦੇ ਮਾਈਗ੍ਰੇਨ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਸਾਨੂੰ ਨਹੀਂ ਪਤਾ ਕਿ ਕਿਸ ਮਰੀਜ਼ ਨੂੰ ਕਿਹੜੀ ਦਵਾਈ ਰਾਸ ਆਵੇਗੀ।”

ਇਲਾਜ ’ਚ ਨਵੇਂ ਪ੍ਰਯੋਗ

ਸਿਰ ਦਰਦ
Getty Images
ਸੰਕੇਤਕ ਤਸਵੀਰ

ਈਰਾਨ ਦੇ ਡਾਕਟਰ ਫ਼ਰਾਏਦੂਨ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਜਾਰਜੀਅਨ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਖੋਜਕਾਰ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਮਾਈਗ੍ਰੇਨ ਦਾ ਇਲਾਜ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਜਿਸ ਨੂੰ ਅਸੀਂ ਐਕਿਊਟ ਟ੍ਰੀਟਮੈਂਟ ਕਹਿੰਦੇ ਹਾਂ ਅਤੇ ਦੂਜਾ ਪ੍ਰੀਵੈਂਟਿਵ ਟ੍ਰੀਟਮੈਂਟ।

ਐਕਿਊਟ ਟ੍ਰੀਟਮੈਂਟ ਤੋਂ ਭਾਵ ਉਨ੍ਹਾਂ ਮਰੀਜ਼ਾਂ ਦਾ ਇਲਾਜ ਜਿੰਨ੍ਹਾਂ ਨੂੰ ਫਿਲਹਾਲ ਮਾਈਗ੍ਰੇਨ ਦਾ ਦੌਰਾ ਪੈ ਰਿਹਾ ਹੈ। ਪ੍ਰੀਵੈਂਟਿਵ ਟ੍ਰੀਟਮੈਂਟ ਤੋਂ ਭਾਵ, ਉਸ ਵਿਅਕਤੀ ਦੇ ਇਲਾਜ ਤੋਂ ਹੈ ਜਿਸ ਨੂੰ ਅਜੇ ਮਾਈਗ੍ਰੇਨ ਦਾ ਦੌਰਾ ਨਹੀਂ ਪੈ ਰਿਹਾ ਹੈ, ਪਰ ਭਵਿੱਖ ’ਚ ਪੈ ਸਕਦਾ ਹੈ ਅਤੇ ਇਸ ਲਈ ਮਾਈਗ੍ਰੇਨ ਤੋਂ ਬਚਣ ਲਈ ਉਸ ਦਾ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਦੋਵਾਂ ਹੀ ਸਥਿਤੀਆਂ ’ਚ ਵੱਖੋ-ਵੱਖ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਡਾ. ਫਰਾਏਦੂਨ ਕਹਿੰਦੇ ਹਨ, “ਮਾਈਗ੍ਰੇਨ ਨੂੰ ਕੰਟਰੋਲ ’ਚ ਰੱਖਣ ਲਈ ਜਾਂ ਮਾਈਗ੍ਰੇਨ ਮੈਨੇਜਮੈਂਟ ਕਰਨ ਲਈ ਅਸੀਂ ਪੈਰਾਸੀਟਾਮੋਲ ਜਾਂ ਆਈਬਰੂਫ਼ੇਨ ਵਰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਾਂ। ਪਰ ਵਿਸ਼ੇਸ਼ ਤੌਰ ’ਤੇ ਐਕਿਊਟ ਮਾਈਗ੍ਰੇਨ ਪ੍ਰਬੰਧਨ ਲਈ ਅਸੀਂ ਟ੍ਰਿਪਟੈਨ ਦੀ ਵਰਤੋਂ ਕਰਦੇ ਹਾਂ।”

ਟ੍ਰਿਪਟੈਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਬਹੁਤ ਤੇਜ਼ ਸਿਰ ਦਰਦ ਹੋਵੇ। ਪਰ ਮਾਈਗ੍ਰੇਨ ਦੇ ਦੌਰੇ ਨੂੰ ਟਾਲਣ ਦੇ ਲਈ ਐਂਟੀ-ਡਿਪ੍ਰੈਸੈਂਟ ਯਾਨੀ ਤਣਾਅ ਘੱਟ ਕਰਨ ਵਾਲੀਆਂ ਦਵਾਈਆਂ ਤੇ ਬਲੱਡ ਪ੍ਰੇਸ਼ਰ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਡਾ. ਫ਼ਰਾਏਦੂਨ ਦਾ ਕਹਿਣਾ ਹੈ ਕਿ ਇਹ ਦਵਾਈਆਂ ਆਸਾਨੀ ਨਾਲ ਉਪਲਬਧ ਹੁੰਦੀਆਂ ਹਨ।

ਉਹ ਕਹਿੰਦੇ ਹਨ, ‘‘ਮੈਂ ਈਰਾਨ ਤੋਂ ਹਾਂ ਅਤੇ ਉੱਥੇ ਵੀ ਇਹ ਦਵਾਈਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਭਾਰਤ ’ਚ ਵੀ ਅਜਿਹਾ ਹੀ ਹੈ। ਇਹ ਦਵਾਈਆਂ ਸਸਤੀਆਂ ਹੁੰਦੀਆਂ ਹਨ, ਪਰ ਮਾਈਗ੍ਰੇਨ ਮੈਨੇਜਮੈਂਟ ਲਈ ਬਣੀਆਂ ਦਵਾਈਆਂ ਹਰ ਜਗ੍ਹਾ ਆਸਾਨੀ ਨਾਲ ਉਪਲਬਧ ਨਹੀਂ ਹਨ। ਇਸ ਲਈ ਜੋ ਮਾਰਕਿਟ ’ਚ ਉਪਲਬਧ ਹਨ, ਉਨ੍ਹਾਂ ਨਾਲ ਹੀ ਕੰਮ ਚਲਾਉਣਾ ਪਵੇਗਾ।”

ਪਰ ਐਂਟੀ-ਡਿਪ੍ਰੈਸੈਂਟ ਯਾਨੀ ਤਣਾਅ ਘੱਟ ਕਰਨ ਵਾਲੀਆਂ ਦਵਾਈਆਂ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਸਾਰੇ ਮਰੀਜ਼ਾਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਹਨ।

ਡਾ. ਫ਼ਰਾਏਦੂਨ ਚੇਤਾਵਨੀ ਦਿੰਦੇ ਕਹਿੰਦੇ ਹਨ ਕਿ ਬਲੱਡ ਪ੍ਰੈਸ਼ਰ ਅਤੇ ਅਸਥਮਾ ਦੇ ਮਰੀਜ਼ ਜਾਂ ਗਰਭਵਤੀ ਔਰਤਾਂ ਨੂੰ ਇਹ ਦਵਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਤੋਂ ਇਲਾਵਾ ਮਾਈਗ੍ਰੇਨ ਨੂੰ ਕੰਟਰੋਲ ਕਰਨ ਦੇ ਕੁਝ ਤਰੀਕੇ ਮੌਜੂਦ ਹਨ।

“ਜਿਵੇਂ ਕਿ ਨਿਯਮਤ ਕਸਰਤ ਨਾਲ ਵੀ ਮਦਦ ਮਿਲਦੀ ਹੈ। ਇਸ ਨਾਲ ਗਰਦਨ ਦਾ ਦਰਦ ਘੱਟ ਹੁੰਦਾ ਹੈ। ਐਰੋਬਿਕ ਕਸਰਤ ਕਰਨ ਨਾਲ ਵੀ ਮਾਈਗ੍ਰੇਨ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਪਰ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਇੱਕ ਜਾਂ ਦੋ ਵਾਰ ਕਿਸੇ ਡਾਕਟਰ ਨੂੰ ਮਿਲਣ ਨਾਲ ਮਾਈਗ੍ਰੇਨ ਦਾ ਇਲਾਜ ਨਹੀਂ ਹੋ ਸਕਦਾ।”

“ਮਾਈਗ੍ਰੇਨ ਦੇ ਇਲਾਜ ’ਚ ਸਬਰ ਰੱਖਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਕਈ ਤਰੀਕੇ ਅਜ਼ਮਾ ਕੇ ਵੇਖਣੇ ਪੈਂਦੇ ਹਨ ਕਿ ਤੁਹਾਨੂੰ ਕਿਸ ਨਾਲ ਆਰਾਮ ਆ ਰਿਹਾ ਹੈ। ਇਹ ਇੱਕ ਟ੍ਰਾਇਲ ਐਂਡ ਐਰਰ ਜਾਂ ਪ੍ਰਯੋਗ ਦੀ ਗੱਲ ਹੈ, ਜਿਸ ਦੀ ਮਦਦ ਨਾਲ ਪਤਾ ਲਗਾਇਆ ਜਾਂਦਾ ਹੈ ਕਿ ਕਿਹੜਾ ਉਪਾਅ ਕਾਰਗਰ ਹੋ ਰਿਹਾ ਹੈ ਅਤੇ ਕਿਹੜਾ ਨਹੀਂ।”

ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਮੈਡੀਕਲ ਮਾਹਰਾਂ ਨੂੰ ਇੱਕ ਅਜਿਹੀ ਦਵਾਈ ਦੀ ਉਡੀਕ ਹੈ, ਜੋ ਵਿਸ਼ੇਸ਼ ਤੌਰ ’ਤੇ ਮਾਈਗ੍ਰੇਨ ਦੇ ਇਲਾਜ ਲਈ ਹੀ ਬਣੀ ਹੋਵੇ।

ਨਵੀਂ ਦਵਾਈ ਦੇ ਕਾਰਗਰ ਹੋਣ ਨਾਲ ਉਮੀਦ ਵਧੀ

ਸਿਰ ਦਰਦ
Getty Images
ਸੰਕੇਤਕ ਤਸਵੀਰ

ਪ੍ਰੋਫ਼ੈਸਰ ਪੀਟਰ ਗੋਡਸਬੀ ਲੰਡਨ ਦੇ ਕਿੰਗਜ਼ ਕਾਲਜ ’ਚ ਨਿਊਰੋਲੋਜੀ ਦੇ ਪ੍ਰੋਫ਼ੈਸਰ ਹਨ ਅਤੇ ਮਾਈਗ੍ਰੇਨ ਲਈ ਨਵੀਂ ਦਵਾਈ ਬਣਾਉਣ ਦੇ ਲਈ ਕੀਤੀ ਗਈ ਖੋਜ ਦਾ ਹਿੱਸਾ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਮਾਈਗ੍ਰੇਨ ਤੋਂ ਬਚਾਅ ਲਈ ਪਹਿਲੀ ਵਾਰ ਇੱਕ ਦਵਾਈ ਬਣੀ ਹੈ, ਜੋ ਕਿ ਬਹੁਤ ਕਾਰਗਰ ਵੀ ਹੈ ਅਤੇ ਇਸ ਨਾਲ ਮਰੀਜ਼ਾਂ ਦੀ ਸਿਹਤ ’ਚ ਕਾਫ਼ੀ ਸੁਧਾਰ ਵੀ ਆਇਆ ਹੈ। ਪਰ ਇਹ ਦਵਾਈ ਕੰਮ ਕਿਵੇਂ ਕਰਦੀ ਹੈ?

ਪ੍ਰੋ. ਪੀਟਰ ਗੋਡਸਬੀ ਦਾ ਕਹਿਣਾ ਹੈ, “ਇਹ ਦਵਾਈ ਸੀਜੀਆਰਪੀ ਨਾਮਕ ਰਸਾਇਣ ਦੇ ਪ੍ਰਭਾਵ ਨੂੰ ਰੋਕਦੀ ਹੈ। ਇਸ ਰਸਾਇਣ ਦੇ ਕਰਕੇ ਹੀ ਸਿਰ ’ਚ ਤੇਜ਼ ਦਰਦ ਹੁੰਦਾ ਹੈ। ਇਹ ਦਵਾਈ ਵਿਸ਼ੇਸ਼ ਤੌਰ ’ਤੇ ਮਾਈਗ੍ਰੇਨ ਦੇ ਇਲਾਜ ਲਈ ਹੀ ਬਣਾਈ ਗਈ ਹੈ। ਇਹ ਬਹੁਤ ਜਲਦੀ ਸਰੀਰ ’ਚ ਘੁਲ ਜਾਂਦੀ ਹੈ ਅਤੇ ਦਰਦ ਨੂੰ ਗੰਭੀਰ ਹੋਣ ਤੋਂ ਪਹਿਲਾਂ ਹੀ ਰੋਕ ਦਿੰਦੀ ਹੈ।”

ਪੀਟਰ ਗੋਡਸਬੀ ਦਾ ਕਹਿਣਾ ਹੈ ਕਿ ਇੰਨ੍ਹਾਂ ਨਵੀਆਂ ਦਵਾਈਆਂ ਦੀ ਵਰਤੋਂ ਮਾਈਗ੍ਰੇਨ ਦਾ ਦੌਰਾ ਰੋਕਣ ਜਾਂ ਟਾਲਣ ਲਈ ਵੀ ਕੀਤੀ ਜਾਂਦੀ ਹੈ।

ਰਿਮੇਜੀਪੇਂਟ ਨਾਮਕ ਇਸ ਦਵਾਈ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਰਤੇ ਜਾਣ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਅਮਰੀਕਾ ਸਮੇਤ 80 ਦੇਸ਼ਾਂ ’ਚ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ।

ਮਾਈਗ੍ਰੇਨ ਦੇ ਦੌਰੇ ਨੂੰ ਰੋਕਣ ਜਾਂ ਟਾਲਣ ਲਈ ਇਸ ਦਵਾਈ ਨੂੰ ਯੂਕੇ ’ਚ ਮਨਜ਼ੂਰੀ ਮਿਲ ਗਈ ਹੈ। ਪਰ ਡਾਕਟਰ ਕੁਝ ਖਾਸ ਸਥਿਤੀਆਂ ’ਚ ਹੀ ਇਸ ਦਵਾਈ ਦਾ ਸੇਵਣ ਕਰਨ ਦੀ ਸਲਾਹ ਦਿੰਦੇ ਹਨ।

ਪੀਟਰ ਗੋਡਸਬੀ ਨੇ ਦੱਸਿਆ, “ਵੈਸੇ ਤਾਂ ਇਸ ਦਵਾਈ ਦੀ ਵਰਤੋਂ ਮਾਈਗ੍ਰੇਨ ਦੇ ਦੌਰੇ ਨੂੰ ਟਾਲਣ ਲਈ ਕੀਤੀ ਜਾਂਦੀ ਹੈ, ਪਰ ਮਰੀਜ਼ ਨੂੰ ਇਹ ਦਵਾਈ ਉਦੋਂ ਹੀ ਮਿਲਦੀ ਹੈ ਜਦੋਂ ਉਸ ਨੂੰ ਮਹੀਨੇ ’ਚ 4 ਜਾਂ ਉਸ ਤੋਂ ਵੱਧ ਵਾਰ ਮਾਈਗ੍ਰੇਨ ਦਾ ਦਰਦ ਛਿੜਿਆ ਹੋਵੇ ਅਤੇ ਆਮ ਤੌਰ ’ਤੇ ਮਾਈਗ੍ਰੇਨ ਲਈ ਦਿੱਤੀਆਂ ਜਾਣ ਵਾਲੀਆਂ ਘੱਟੋ-ਘੱਟ ਤਿੰਨ ਦਵਾਈਆਂ ਕਾਰਗਰ ਸਿੱਧ ਨਾ ਹੋਈਆਂ ਹੋਣ। ਐਕਿਊਟ ਟ੍ਰੀਟਮੈਂਟ ਦੇ ਰਿਮੇਜੀਪੇਂਟ ਉਸ ਸਮੇਂ ਦਿੱਤੀ ਜਾਂਦੀ ਹੈ ਜਦੋਂ ਟ੍ਰਿਪਟੇਨ ਨਾਲ ਹੋਣ ਵਾਲਾ ਇਲਾਜ ਅਸਫ਼ਲ ਰਿਹਾ ਹੋਵੇ।”

ਮਾਈਗ੍ਰੇਨ ਦੇ ਇਲਾਜ ’ਚ ਰਿਮੇਜੀਪੇਂਟ ਇੱਕ ਵੱਡੀ ਸਫ਼ਲਤਾ ਹੈ। ਪਰ ਇਸ ਤੋਂ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ ਹੈ।

ਪੀਟਰ ਗੋਡਸਬੀ ਦਾ ਕਹਿਣਾ ਹੈ, “ਰਿਮੇਜੀਪੇਂਟ ਕੋਈ ਚਮਤਕਾਰੀ ਦਵਾਈ ਨਹੀਂ ਹੈ। ਕਈ ਮਰੀਜ਼ਾਂ ਨੂੰ ਤਾਂ ਇਸ ਨਾਲ ਬਹੁਤ ਫਾਇਦਾ ਹੋਇਆ ਹੈ, ਪਰ ਇਹ ਸਾਰਿਆਂ ਲਈ ਫਾਇਦੇਮੰਦ ਨਹੀਂ ਹੈ। ਚੰਗੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਦਵਾਈਆਂ ਦੇ ਮਾੜੇ ਪ੍ਰਭਾਵ ਬਹੁਤ ਹੀ ਘੱਟ ਹਨ।”

ਉਨ੍ਹਾਂ ਦਾ ਕਹਿਣਾ ਹੈ, “ਟ੍ਰਾਇਲ ਦੌਰਾਨ, ਇਹ ਵੇਖਿਆ ਗਿਆ ਕਿ ਇਸ ਦੀ ਵਰਤੋਂ ਕਰਨ ਵਾਲੇ ਸਿਰਫ਼ ਇੱਕ-ਦੋ ਫੀਸਦੀ ਮਰੀਜ਼ਾਂ ਨੂੰ ਹੀ ਉਲਟੀ ਦੀ ਸਮੱਸਿਆ ਹੋਈ ਹੈ। ਬਹੁਤ ਸਾਰੇ ਲੋਕਾਂ ਨੂੰ ਤਾਂ ਮਾਈਗ੍ਰੇਨ ਦੀ ਬਿਮਾਰੀ ਤੋਂ ਨਿਜਾਤ ਮਿਲੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ ਹੈ। ਪਿਛਲੇ ਕੁਝ ਸਾਲਾਂ ’ਚ ਇਸ ਦਵਾਈ ਨੂੰ ਬਣਾਉਣ ਸਬੰਧੀ ਖੋਜ ਕਾਰਜ ’ਚ ਸ਼ਾਮਲ ਹੋਣਾ ਮੇਰੇ ਕਰੀਅਰ ਦਾ ਸਭ ਤੋਂ ਰੋਮਾਂਚਕ ਦੌਰ ਸਾਬਤ ਹੋਇਆ ਹੈ।”

ਪਰ ਮਾਈਗ੍ਰੇਨ ਕੰਟਰੋਲ ਕਰਨ ਦੀ ਦਿਸ਼ਾ ’ਚ ਅਜੇ ਵੀ ਹੋਰ ਕਈ ਕੰਮ ਕਰਨੇ ਬਾਕੀ ਹਨ ਅਤੇ ਹੋਰ ਕਈ ਨਵੀਆਂ ਦਵਾਈਆਂ ਬਣਾਉਣ ਦੀ ਜ਼ਰੂਰਤ ਹੈ।

ਕਈ ਸਵਾਲਾਂ ਦੇ ਜਵਾਬ ਲੱਭਣਾ ਅਜੇ ਵੀ ਬਾਕੀ

ਸਿਰ ਦਰਦ
Getty Images
ਸੰਕੇਤਕ ਤਸਵੀਰ

ਕੀ ਮਾਈਗ੍ਰੇਨ ਦੇ ਇਲਾਜ ਲਈ ਹੋਰ ਵਿਕਲਪਾਂ ਵੱਲ ਵੇਖਿਆ ਜਾ ਰਿਹਾ ਹੈ, ਇਸ ਬਾਰੇ ਜਾਣਨ ਲਈ ਬੀਬੀਸੀ ਨੇ ਲੀਸਾ ਰੈਸਟਡ ਓਏ ਨਾਲ ਗੱਲਬਾਤ ਕੀਤੀ, ਜੋ ਕਿ ਨਿਊਰੋਲੋਜਿਸਟ ਹਨ ਅਤੇ ਨਾਰਵੇਜਿਅਨ ਸੈਂਟਰ ਫਾਰ ਹੈਡੇਕ ਰਿਸਰਚ ਯਾਨੀ ‘ਨਾਰਹੈੱਡ’ ਦੀ ਖੋਜਕਰਤਾ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਨਵੀਆਂ ਦਵਾਈਆਂ ਦੀ ਮਦਦ ਨਾਲ ਮਾਈਗ੍ਰੇਨ ਤੋਂ ਪੀੜਤ ਲੋਕਾਂ ਨੂੰ ਸਿਰ ਦਰਦ ਤੋਂ ਰਾਹਤ ਮਿਲ ਸਕਦੀ ਹੈ।

ਉਹ ਕਹਿੰਦੇ ਹਨ, “ਸਾਨੂੰ ਮਾਈਗ੍ਰੇਨ ਦੇ ਵਿਅਕਤੀਗਤ ਮਾਮਲਿਆਂ ਨੂੰ ਡੂੰਘਾਈ ਨਾਲ ਵੇਖਣ ਦੀ ਲੋੜ ਹੈ। ਸਾਨੂੰ ਨਹੀਂ ਪਤਾ ਕਿ ਕਿਉਂ ਕੁਝ ਕੁ ਲੋਕ ਮਾਈਗ੍ਰੇਨ ਦਾ ਸ਼ਿਕਾਰ ਹੁੰਦੇ ਹਨ ਅਤੇ ਬਾਕੀ ਇਸ ਤੋਂ ਬਚੇ ਰਹਿੰਦੇ ਹਨ। ਮਾਈਗ੍ਰੇਨ ਦਾ ਦੌਰਾ ਕਿਹੜੇ ਕਾਰਨਾਂ ਕਰਕੇ ਪੈਂਦਾ ਹੈ ਅਤੇ ਉਹ ਕਿਉਂ ਟ੍ਰਿਗਰ ਹੁੰਦਾ ਹੈ। ਮਾਈਗ੍ਰੇਨ ਸਬੰਧੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਜੇ ਸਾਡੇ ਕੋਲ ਨਹੀਂ ਹਨ।”

ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣ ’ਤੇ ਮਾਈਗ੍ਰੇਨ ਦੇ ਇਲਾਜ ਦੇ ਬਿਹਤਰ ਵਿਕਲਪ ਸਾਹਮਣੇ ਆ ਸਕਦੇ ਹਨ।

ਲੀਸਾ ਰੈਸਟੇਡ ਓਏ ਦਾ ਕਹਿਣਾ ਹੈ, “ਮੈਂ ਨੋਰਹੈੱਡ ’ਚ ਮਾਈਗ੍ਰੇਨ ਦੇ ਇਲਾਜ ਲਈ ਦਵਾਈਆਂ ਤੋਂ ਇਲਾਵਾ ਦੂਜੇ ਵਿਕਲਪਾਂ ’ਤੇ ਖੋਜ ਕਰ ਰਹੀ ਹਾਂ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਮਾਈਗ੍ਰੇਨ ਦਾ ਸਬੰਧ ਤਣਾਅ ਨਾਲ ਹੈ ਅਤੇ ਮਾਈਗ੍ਰੇਨ ਦਾ ਦੌਰਾ ਪੈਣ ਦਾ ਸਭ ਤੋਂ ਵੱਡਾ ਕਾਰਨ ਤਣਾਅ ਹੀ ਹੈ। ਅਸੀਂ ਮਾਈਗ੍ਰੇਨ ਨੂੰ ਕੰਟਰੋਲ ਕਰਨ ਲਈ ਤਣਾਅ ਘਟਾਉਣ ਦੇ ਤਰੀਕਿਆਂ ’ਤੇ ਖੋਜ ਕਰ ਰਹੇ ਹਾਂ।”

ਨਾਰਹੈੱਡ ਦੁਨੀਆ ਦੇ ਕਈ ਹਿੱਸਿਆਂ ’ਚ ਖੋਜਕਰਤਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।

ਮਾਈਗ੍ਰੇਨ ਨਾਲ ਸਬੰਧਤ ਵੱਡੀ ਮਾਤਰਾ ’ਚ ਜਾਣਕਾਰੀ ਕੰਪਿਊਟਰ ’ਚ ਅਪਲੋਡ ਕਰਕੇ ਅਧਿਐਨ ਕੀਤਾ ਜਾ ਰਿਹਾ ਹੈ ਤਾਂ ਜੋ ਮਾਈਗ੍ਰੇਨ ਦੇ ਪੈਟਰਨ ਅਤੇ ਲੱਛਣਾਂ ਦੀ ਸ਼ੁਰੂਆਤ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਲੀਸਾ ਰੈਸਟੇਡ ਓਏ ਦਾ ਕਹਿਣਾ ਹੈ, “ਮਿਸਾਲ ਦੇ ਤੌਰ ’ਤੇ, ਉੱਨਤ ਤਕਨਾਲੋਜੀ ਦੀ ਮਦਦ ਨਾਲ ਅਸੀਂ ਮਾਈਗ੍ਰੇਨ ਦੇ ਪ੍ਰਭਾਵ ਬਾਰੇ ਬਿਹਤਰ ਤਰੀਕੇ ਨਾਲ ਅੰਦਾਜ਼ਾ ਲਗਾ ਸਕਦੇ ਹਾਂ। ਅਸੀਂ ਜਾਣ ਸਕਾਂਗੇ ਕਿ ਕੀ ਲੱਛਣ ਉਭਰਨ ਤੋਂ ਪਹਿਲਾਂ ਮਾਈਗ੍ਰੇਨ ਦਾ ਇਲਾਜ ਕੀਤਾ ਜਾ ਸਕਦਾ ਹੈ?”

“ਦੂਜੀ ਗੱਲ ਇਹ ਕਿ ਅਸੀਂ ਇਹ ਵੀ ਸਮਝ ਸਕਾਂਗੇ ਕਿ ਕੀ ਮਾਈਗ੍ਰੇਨ ਦਾ ਕਿਸੇ ਵਿਸ਼ੇਸ਼ ਜੀਨ ਨਾਲ ਕੋਈ ਸਬੰਧ ਹੈ। ਇਸ ਨਾਲ ਅਸੀਂ ਇਹ ਵੀ ਜਾਣ ਸਕਾਂਗੇ ਕਿ ਕਿਹੜੀ ਦਵਾਈ ਜ਼ਿਆਦਾ ਫਾਇਦੇਮੰਦ ਹੋਵੇਗੀ।”

ਫ਼ਿਲਹਾਲ ਮਾਈਗ੍ਰੇਨ ਦੇ ਇਲਾਜ ਲਈ ਬਣੀਆਂ ਦਵਾਈਆਂ ਮਹਿੰਗੀਆਂ ਹਨ ਅਤੇ ਹਰ ਜਗ੍ਹਾ ਆਸਾਨੀ ਨਾਲ ਉਪਲਬਧ ਨਹੀਂ ਹਨ।

ਆਧੁਨਿਕ ਤਕਨੀਕ ਜ਼ਰੀਏ ਪਹਿਲਾਂ ਤੋਂ ਮੌਜੂਦ ਦਵਾਈਆਂ ’ਚ ਕੁਝ ਫੇਰਬਦਲ ਕਰਕੇ ਮਾਈਗ੍ਰੇਨ ਦੇ ਇਲਾਜ ਲਈ ਨਵੀਆਂ ਦਵਾਈਆਂ ਬਣਾਈਆਂ ਜਾ ਸਕਦੀਆਂ ਹਨ।

ਲੀਸਾ ਰੈਸਟੇਡ ਓਏ ਨੇ ਕਿਹਾ ਕਿ ਉਹ ਅਜਿਹੀ ਹੀ ਇਕ ਦਵਾਈ ਦੇ ਕਲੀਨਿਕਲ ਟ੍ਰਾਇਲ ’ਚ ਸ਼ਾਮਲ ਹਨ। ਇਹ ਦਵਾਈ ਉੱਚ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਹ ਸਸਤੀ ਵੀ ਹੈ ਅਤੇ ਆਸਾਨੀ ਨਾਲ ਉਪਲਬਧ ਵੀ ਹੈ।

ਜੇ ਅਸੀਂ ਇਹ ਸਾਬਤ ਕਰ ਦਿੰਦੇ ਹਾਂ ਕਿ ਇਹ ਦਵਾਈ ਮਾਈਗ੍ਰੇਨ ਦੇ ਇਲਾਜ ਲਈ ਅਸਰਦਾਰ ਹੈ ਤਾਂ ਇਸ ਨਾਲ ਦੁਨੀਆ ਭਰ ’ਚ ਮਾਈਗ੍ਰੇਨ ਦੇ ਇਲਾਜ ਲਈ ਇਸ ਦਵਾਈ ਦੀ ਵਰਤੋਂ ਸ਼ੁਰੂ ਹੋ ਸਕਦੀ ਹੈ।

ਮਾਈਗ੍ਰੇਨ ਦੇ ਲਈ ਨਵੀਂ ਦਵਾਈ ਬਣਾਉਣ ਦੀ ਤੁਲਨਾ ’ਚ ਪੁਰਾਣੀਆਂ ਦਵਾਈਆਂ ’ਚ ਕੁਝ ਫੇਰਬਦਲ ਭਾਵ ਉਨ੍ਹਾਂ ਦੇ ਫਾਰਮੂਲੇ ਨੂੰ ਸੋਧ ਕਰਕੇ, ਉਨ੍ਹਾਂ ਨੂੰ ਮਾਈਗ੍ਰੇਨ ਦੇ ਇਲਾਜ ਲਈ ਵਰਤਣ ਨਾਲ ਜਿੱਥੇ ਪੈਸੇ ਵੀ ਬਚਣਗੇ ਉੱਥੇ ਨਾਲ ਹੀ ਸਮੇਂ ਦੀ ਵੀ ਬੱਚਤ ਹੋਵੇਗੀ।

ਹੁਣ ਫਿਰ ਵਾਪਸ ਆਉਂਦੇ ਹਾਂ ਆਪਣੇ ਮੁੱਖ ਸਵਾਲ ’ਤੇ- ਕੀ ਮਾਈਗ੍ਰੇਨ ਦੇ ਇਲਾਜ ’ਚ ਵੱਡੀ ਤਬਦੀਲੀ ਹੋਣ ਜਾ ਰਹੀ ਹੈ?

ਦਹਾਕਿਆਂ ਤੱਕ ਹੋਰ ਬਿਮਾਰੀਆਂ ਦੇ ਇਲਾਜ ਲਈ ਬਣੀਆਂ ਦਵਾਈਆਂ ਦੀ ਵਰਤੋਂ ਮਾਈਗ੍ਰੇਨ ਦੇ ਇਲਾਜ ਲਈ ਕਰਨ ਤੋਂ ਬਾਅਦ, ਹੁਣ ਖਾਸ ਤੌਰ ’ਤੇ ਮਾਈਗ੍ਰੇਨ ਦੇ ਇਲਾਜ ਲਈ ਰਿਮੇਜੀਪੈਂਟ ਦਵਾਈ ਨੂੰ ਮਨਜ਼ੂਰੀ ਮਿਲਣਾ ਇੱਕ ਵੱਡੀ ਪ੍ਰਾਪਤੀ ਹੈ।

ਪਰ ਇਹ ਦਵਾਈ ਨਾ ਤਾਂ ਹਰ ਥਾਂ ’ਤੇ ਉਪਲਬਧ ਹੈ ਅਤੇ ਨਾ ਹੀ ਮਾਈਗ੍ਰੇਨ ਦੇ ਸਾਰੇ ਮਰੀਜ਼ਾਂ ਨੂੰ ਇਸ ਤੋਂ ਫਾਇਦਾ ਮਿਲੇਗਾ। ਹਾਂ, ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਮਾਈਗ੍ਰੇਨ ਦੇ ਇਲਾਜ ਲਈ ਵਿਕਲਪ ਜ਼ਰੂਰ ਵੱਧ ਗਏ ਹਨ।

ਮਾਈਗ੍ਰੇਨ ਤੋਂ ਪੂਰੀ ਤਰ੍ਹਾਂ ਨਾਲ ਛੁਟਕਾਰਾ ਪਾਉਣ ਲਈ ਦਵਾਈ ਤਿਆਰ ਕਰਨ ’ਚ ਅਜੇ ਬਹੁਤ ਸਮਾਂ ਲੱਗ ਸਕਦਾ ਹੈ, ਪਰ ਇਸ ਦਿਸ਼ਾ ’ਚ ਖੋਜ ਕਾਰਜ ਲਗਾਤਾਰ ਜਾਰੀ ਹਨ ਅਤੇ ਉਮੀਦ ਵਧ ਰਹੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News