ਸੋਨੇ ਤੋਂ ਕਈ ਗੁਣਾ ਮਹਿੰਗੀ ਚੀਜ਼, ਜਿਸ ਲਈ ਇੱਕ ਰਾਜੇ ਦਾ ਕਤਲ ਵੀ ਹੋਇਆ
Monday, Dec 18, 2023 - 08:50 AM (IST)
![ਸੋਨੇ ਤੋਂ ਕਈ ਗੁਣਾ ਮਹਿੰਗੀ ਚੀਜ਼, ਜਿਸ ਲਈ ਇੱਕ ਰਾਜੇ ਦਾ ਕਤਲ ਵੀ ਹੋਇਆ](https://static.jagbani.com/multimedia/2023_12image_08_48_160718449fa91e5.jpg)
![ਕਲਿਓਪੈਟਰਾ](https://ichef.bbci.co.uk/news/raw/cpsprodpb/02e4/live/97f971c0-9ccd-11ee-b9a7-c91b9dfa91e5.jpg)
ਇਹ ਘਟਨਾ ਸਾਲ 2002 ਦੀ ਹੈ। ਪੁਰਾਤੱਤਵ-ਵਿਗਿਆਨੀ ਸੀਰੀਆ ਦੇ ਮਾਰੂਥਲ ਦੇ ਇੱਕ ਕੋਨੇ ’ਚ ਕਾਤਨਾ ਵਿੱਚ ਇੱਕ ਮਹਿਲ ਦੇ ਖੰਡਰ ਵਿੱਚ ਇੱਕ ਸ਼ਾਹੀ ਕਬਰ ਦੀ ਖੋਜ ਕਰ ਰਹੇ ਸਨ।
ਮਹਿਲ ਦਾ ਇਹ ਖੰਡਰ ਇੱਕ ਝੀਲ ਦੇ ਕੰਢੇ ਉੱਤੇ ਮੌਜੂਦ ਸੀ ਜੋ ਕਈ ਸਾਲ ਪਹਿਲਾਂ ਸੁੱਕ ਗਿਆ ਸੀ।
ਉਨ੍ਹਾਂ ਨੇ ਕੁਝ ਨਿਸ਼ਾਨ ਦੇਖੇ ਜੋ ਕਿਸੇ ਦਾਗ਼ ਵਾਂਗ ਨਜ਼ਰ ਆਉਂਦੇ ਸਨ। ਉਸ ਵੇਲੇ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਖੋਜ ਬਹੁਤ ਅਹਿਮ ਸਾਬਤ ਹੋਣ ਵਾਲੀ ਹੈ।
ਇੱਕ ਵੱਡੇ ਬਰਾਂਡੇ ਅਤੇ ਫਿਰ ਕਈ ਤੰਗ ਗਲਿਆਰਿਆਂ ਵਿੱਚੋਂ ਦੀ, ਉਹ ਪੌੜੀਆਂ ਉੱਤਰ ਕੇ ਇੱਕ ਡੂੰਘੇ ਕਮਰੇ ਵਿੱਚ ਪਹੁੰਚ ਗਏ। ਕਮਰੇ ਦੇ ਇੱਕ ਪਾਸੇ ਇੱਕ ਬੰਦ ਦਰਵਾਜ਼ਾ ਸੀ, ਜਿਸ ਦੇ ਦੋਵੇਂ ਪਾਸੇ ਇੱਕੋ ਕਿਸਮ ਦੀਆਂ ਦੋ ਮੂਰਤੀਆਂ ਸਨ।
ਉਨ੍ਹਾਂ ਨੂੰ ਸ਼ਾਹੀ ਕਬਰ ਮਿਲ ਗਈ ਸੀ। ਕਮਰੇ ਦੇ ਅੰਦਰ 2000 ਵਸਤੂਆਂ ਸਨ, ਜਿਸ ਵਿੱਚ ਗਹਿਣੇ ਅਤੇ ਇੱਕ ਵੱਡਾ ਸੋਨੇ ਦਾ ਹੱਥ ਸੀ।
ਪਰ ਕਮਰੇ ਦੇ ਫਰਸ਼ ''''ਤੇ ਵੱਡੇ-ਵੱਡੇ ਗੂੜ੍ਹੇ ਰੰਗ ਦੇ ਦਾਗ਼ ਸਨ ਜਿਨ੍ਹਾਂ ਨੇ ਪੁਰਾਤੱਤਵ-ਵਿਗਿਆਨੀਆਂ ਦਾ ਧਿਆਨ ਖਿੱਚਿਆ। ਉਨ੍ਹਾਂ ਨੇ ਧੂੜ ਅਤੇ ਮਿੱਟੀ ਦੀ ਪਰਤ ਤੋਂ ਵੱਖ ਕਰਕੇ ਇਨ੍ਹਾਂ ਜਾਮਨੀ ਧੱਬਿਆਂ ਦੇ ਨਮੂਨੇ ਜਾਂਚ ਲਈ ਭੇਜੇ।
ਸੀਰੀਆ ਦੀ ਸੁੱਕ ਚੁੱਕੀ ਝੀਲ ਦੇ ਨੇੜੇ ਇਨ੍ਹਾਂ ਖੋਜਕਾਰਾਂ ਨੂੰ ਉਸ ਸਮੇਂ ਦੀ ਇੱਕ ਕੀਮਤੀ ਅਤੇ ਬਹੁਤ ਮਹੱਤਵਪੂਰਨ ਚੀਜ਼ ਮਿਲੀ ਸੀ।
ਇਹੀ ਉਹ ਚੀਜ਼ ਸੀ ਜਿਸ ਨਾਲ ਸਾਮਰਾਜ ਤਾਕਤਵਰ ਬਣੇ ਰਹੇ, ਰਾਜਿਆਂ ਦੇ ਕਤਲ ਹੋਏ ਅਤੇ ਕਈ ਪੀੜ੍ਹੀਆਂ ਤੱਕ ਸ਼ਾਸਕਾਂ ਦੀ ਤਾਕਤ ਨੂੰ ਮਜ਼ਬੂਤ ਕੀਤਾ।
ਮਿਸਰ ਦੀ ਮਹਾਰਾਣੀ ਕਲਿਓਪੈਟਰਾ ਦਾ ਇਸ ਚੀਜ਼ ਲਈ ਜਨੂੰਨ ਇੰਨਾ ਜ਼ਿਆਦਾ ਸੀ ਕਿ ਉਹ ਆਪਣੀ ਕਿਸ਼ਤੀ ਦੀ ਪਾਲ ਲਈ ਵੀ ਇਸ ਦੀ ਵਰਤੋਂ ਕਰਦੀ ਸੀ।
ਕੁਝ ਰੋਮਨ ਸਮਰਾਟਾਂ ਨੇ ਤਾਂ ਇਹ ਹੁਕਮ ਵੀ ਜਾਰੀ ਕਰ ਦਿੱਤਾ ਸੀ ਕਿ ਜੇ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੇ ਇਸ ਚੀਜ਼ ਨਾਲ ਰੰਗੇ ਹੋਏ ਕੱਪੜੇ ਪਹਿਨੇ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।
![ਰੰਗ](https://ichef.bbci.co.uk/news/raw/cpsprodpb/8309/live/bacc6450-9ccd-11ee-8df3-1d2983d8814f.jpg)
ਇਹ ਚੀਜ਼ ਟਾਈਰੀਅਨ ਪਰਪਲ ਡਾਈ (ਰੰਗ) ਸੀ, ਜਿਸ ਨੂੰ ਸ਼ਾਹੀ ਬੈਂਗਨੀ ਜਾਂ ਸ਼ਾਹੀ ਰੰਗ ਅਤੇ ਅੰਗਰੇਜ਼ੀ ਵਿੱਚ ਸ਼ੈਲਫਿਸ਼ ਪਰਪਲ ਕਿਹਾ ਜਾਂਦਾ ਹੈ।
ਪੁਰਾਣੇ ਸਮਿਆਂ ਵਿੱਚ ਇੱਕ ਸਮਾਂ ਸੀ ਜਦੋਂ ਇਹ ਸ਼ਾਹੀ ਰੰਗ ਸਭ ਤੋਂ ਮਹਿੰਗਾ ਉਤਪਾਦ ਸੀ।
301 ਈਸਾ ਪੂਰਵ ਵਿੱਚ ਜਾਰੀ ਕੀਤੇ ਇੱਕ ਰੋਮਨ ਹੁਕਮ ਅਨੁਸਾਰ ਟਾਇਰੀਅਨ ਜਾਮਨੀ ਰੰਗ ਨੂੰ ਆਪਣੇ ਵਜ਼ਨ ਦੀ ਤੁਲਨਾ ਵਿੱਚ ਤਿੰਨ ਗੁਣਾ ਭਾਰ ਦੇ ਸੋਨੇ ਦੇ ਬਦਲੇ ਵੇਚਿਆ ਜਾਂਦਾ ਸੀ।
ਪਰ ਕਦੇ ਸਮਰਾਟਾਂ ਦੀ ਵੀ ਮੰਗ ਰਿਹਾ ਇਹ ਰੰਗ ਸਮੇਂ ਦੇ ਨਾਲ ਅਲੋਪ ਹੋ ਗਿਆ। ਇਸ ਨੂੰ ਬਣਾਉਣ ਦੀ ਕਲਾ 15ਵੀਂ ਸਦੀ ਤੱਕ ਕਿਤੇ ਗੁਆਚ ਗਈ ਸੀ ਅਤੇ ਅੱਜ ਸ਼ਾਇਦ ਹੀ ਕੋਈ ਇਸ ਨੂੰ ਬਣਾਉਣ ਦੀ ਕਲਾ ਨੂੰ ਜਾਣਦਾ ਹੋਵੇ।
ਅਜੋਕੇ ਯੁੱਗ ਵਿੱਚ ਇਸ ਨੂੰ ਦੁਬਾਰਾ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਟਿਊਨੀਸ਼ੀਆ ਦੇ ਉੱਤਰ-ਪੂਰਬੀ ਖੇਤਰ ਵਿੱਚ, ਜਿੱਥੇ ਇੱਕ ਵਾਰ ਫੋਨੀਸ਼ੀਆਈ ਸ਼ਹਿਰ (ਭੂਮੱਧ ਸਾਗਰ ਦੇ ਤੱਟ ''''ਤੇ ਸਥਿਤ ਇੱਕ ਪ੍ਰਾਚੀਨ ਸੱਭਿਅਤਾ) ਕਾਰਥੇਜ ਹੁੰਦਾ ਸੀ, ਉੱਥੇ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਇੱਕ ਆਦਮੀ ਪਿਛਲੇ 16 ਸਾਲਾਂ ਤੋਂ ਇਸ ਰੰਗ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਹ ਸਮੁੰਦਰੀ ਘੋਗੇ ਫੜ੍ਹ ਕੇ ਉਨ੍ਹਾਂ ਨੂੰ ਚੀਰਦੇ ਹਨ ਅਤੇ ਉਨ੍ਹਾਂ ਦੀਆਂ ਅੰਤੜੀਆਂ ਤੋਂ ਉਹ ਕੁਝ ਅਜਿਹਾ ਬਣਾਉਣ ਦੇ ਯੋਗ ਹੋ ਗਏ ਹਨ ਜੋ ਕੁਝ ਹੱਦ ਤੱਕ ਟਾਇਰੀਅਨ ਪਰਪਲ ਵਰਗਾ ਹੈ।
ਰੰਗ ਦਾ ਇਤਿਹਾਸ ਅਤੇ ਸਾਮਰਾਜ
![ਲਿਲੀ](https://ichef.bbci.co.uk/news/raw/cpsprodpb/979f/live/c977e290-9ccd-11ee-91bf-230bfab3fcba.jpg)
ਪੁਰਾਣੇ ਜ਼ਮਾਨੇ ਦੀ ਗੱਲ ਕੀਤੀ ਜਾਵੇ ਤਾਂ ਟਾਇਰੀਅਨ ਪਰਪਲ ਸ਼ਕਤੀ, ਪ੍ਰਭੁਸੱਤਾ ਅਤੇ ਦੌਲਤ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਜਿਸ ਨੂੰ ਸਿਰਫ਼ ਸਮਾਜ ਦੇ ਉੱਚ ਅਹੁਦਿਆਂ ''''ਤੇ ਬੈਠੇ ਲੋਕ ਹੀ ਵਰਤ ਸਕਦੇ ਸਨ।
ਪ੍ਰਾਚੀਨ ਕਾਲ ਦੇ ਲੇਖਕ ਇਸ ਦੀ ਵਰਤੋਂ ਤੋਂ ਹਾਸਲ ਰੰਗਾਂ ਦਾ ਸਹੀ ਵੇਰਵਾ ਦਿੰਦੇ ਹਨ, ਜੋ ਇਸ ਦੇ ਨਾਮ ਦੇ ਅਨੁਸਾਰ ਹੈ। ਉਹ ਇਸ ਨੂੰ ਜੰਮੇ ਹੋਏ ਲਹੂ ਵਾਂਗ ਦੱਸਦੇ ਹਨ, ਥੋੜ੍ਹਾ ਜਿਹਾ ਕਾਲਾ... ਗੂੜ੍ਹਾ ਲਾਲ-ਜਾਮਨੀ ਰੰਗ।
23 ਈਸਾ ਪੂਰਵ ਵਿੱਚ ਪੈਦਾ ਹੋਏ ਰੋਮਨ ਵਿਦਵਾਨ ਅਤੇ ਇਤਿਹਾਸਕਾਰ, ਪਲੀਨੀ ਦਿ ਐਲਡਰ ਨੇ ਇਸ ਨੂੰ "ਰੌਸ਼ਨੀ ਦੇ ਸਾਹਮਣੇ ਰੱਖਣ ''''ਤੇ ਚਮਕਦਾਰ ਨਜ਼ਰ ਆਉਣ ਵਾਲਾ" ਦੱਸਿਆ ਹੈ।
ਆਪਣੇ ਵਿਸ਼ੇਸ਼ ਗੂੜ੍ਹੇ ਰੰਗ ਅਤੇ ਧੁਲਾਈ ਦੇ ਨਾਲ ਰੰਗ ਨਾ ਛੁੱਟਣ ਕਾਰਨ ਦੱਖਣੀ ਯੂਰਪ, ਉੱਤਰੀ ਅਫ਼ਰੀਕਾ ਅਤੇ ਪੱਛਮੀ ਏਸ਼ੀਆ ਦੀ ਪ੍ਰਾਚੀਨ ਸੱਭਿਆਤਾਵਾਂ ਦੇ ਲੋਕ ਇਸ ਰੰਗ ਨੂੰ ਪਸੰਦ ਕਰਦੇ ਸਨ।
![ਰੰਗ](https://ichef.bbci.co.uk/news/raw/cpsprodpb/a418/live/e3b8ec80-9ccd-11ee-91bf-230bfab3fcba.jpg)
ਇਹ ਫੋਨੀਸ਼ੀਆ ਸੱਭਿਅਤਾ ਦੇ ਲੋਕਾਂ ਲਈ ਇੰਨਾ ਖ਼ਾਸ ਸੀ ਕਿ ਉਨ੍ਹਾਂ ਨੇ ਇਸ ਦਾ ਨਾਮ ਆਪਣੇ ਸ਼ਹਿਰ "ਟਾਇਰ" ਦੇ ਨਾਮ ''''ਤੇ ਰੱਖਿਆ ਸੀ ਅਤੇ ਉਹ "ਬੈਂਗਨੀ ਲੋਕਾਂ" ਵਜੋਂ ਜਾਣੇ ਜਾਣ ਲੱਗੇ ਸਨ।
ਇਸ ਰੰਗ ਦੀ ਛਾਪ ਕੱਪੜਿਆਂ ਤੋਂ ਲੈ ਕੇ ਕਿਸ਼ਤੀ ਦੀ ਪਾਲ(ਕੱਪੜਾ), ਤਸਵੀਰਾਂ, ਫਰਨੀਚਰ, ਪਲਾਸਟਰ, ਕੰਧਾਂ ਦੇ ਚਿੱਤਰਾਂ, ਗਹਿਣਿਆਂ ਅਤੇ ਇੱਥੋਂ ਤੱਕ ਕਿ ਕਫ਼ਨ ਤੱਕ ਹਰ ਚੀਜ਼ ''''ਤੇ ਨਜ਼ਰ ਆਉਂਦੀ ਹੈ।
40 ਈਸਾ ਪੂਰਵ ਵਿੱਚ ਰੋਮਨ ਸਮਰਾਟ ਨੇ ਮੌਰਿਟਾਨਿਆ ਦੇ ਰਾਜੇ ਦੇ ਅਚਾਨਕ ਕਤਲ ਦਾ ਹੁਕਮ ਦਿੱਤਾ ਸੀ।
ਕਿਹਾ ਜਾਂਦਾ ਹੈ ਕਿ ਉਹ ਰੋਮਨ ਸ਼ਾਹੀ ਪਰਿਵਾਰ ਦੇ ਦੋਸਤ ਸੀ ਪਰ ਉਨ੍ਹਾਂ ਦੀ ਗ਼ਲਤੀ ਇਹ ਸੀ ਕਿ ਉਹ ਜਾਮਨੀ ਰੰਗ ਦੇ ਕੱਪੜੇ ਪਾ ਕੇ ਗਲੈਡੀਏਟਰ ਮੈਚ ਦੇਖਣ ਆਇਆ ਸੀ।
ਇਸ ਰੰਗ ਕਾਰਨ ਪੈਦਾ ਹੋਈ ਈਰਖਾ, ਇਸ ਨੂੰ ਹਾਸਲ ਕਰਨ ਦੀ ਇੱਛਾ ਦੀ ਕਈ ਵਾਰ ਇੱਕ ਪਾਗ਼ਲਪਨ ਨਾਲ ਤੁਲਨਾ ਕੀਤੀ ਜਾਂਦੀ ਸੀ।
ਸਮੁੰਦਰੀ ਜੀਵ ਤੋਂ ਬਣਨ ਵਾਲੀ ਚੀਜ਼
![ਸਮੁੰਦਰੀ ਜੀਵ](https://ichef.bbci.co.uk/news/raw/cpsprodpb/161d/live/09843780-9cce-11ee-8df3-1d2983d8814f.jpg)
ਅਜੀਬ ਗੱਲ ਇਹ ਹੈ ਕਿ ਕਦੇ ਬੇਹੱਦ ਕੀਮਤੀ ਮੰਨਿਆ ਜਾਣ ਵਾਲਾ ਰੰਗ ਆਪਣੇ ਸਮਕਾਲੀ ਲੈਪਿਸ ਲਾਜੁਲੀ (ਜਾਮਨੀ ਰੰਗ ਦਾ ਰਤਨ) ਜਾਂ ਲਾਲ ਰੰਗ ਦੇਣ ਵਾਲੇ ਰੋਜ਼ ਮੈਡਰ (ਰੂਬੀਆ ਟਿੰਕਟਰਮ ਨਾਮਕ ਪੌਦੇ ਦੀ ਜੜ੍ਹ) ਵਰਗੇ ਸੁੰਦਰ ਰਤਨ ਜਾਂ ਪੌਦਿਆਂ ਤੋਂ ਨਹੀਂ ਆਇਆ ਸੀ।
ਸਗੋਂ ਇਹ ਇੱਕ ਤਰਲ ਪਦਾਰਥ ਤੋਂ ਆਇਆ ਸੀ ਜਿਸ ਨੂੰ ਮਯੂਰੇਕਸ ਪਰਿਵਾਰ ਵਿੱਚ ਸਮੁੰਦਰੀ ਘੋਗੇ ਬਣਾਉਂਦੇ ਹਨ। ਸੱਚ ਕਹੀਏ ਤਾਂ ਇਹ ਲਾਰ (ਸਲਾਈਮ) ਵਰਗੇ ਮਊਕਸ ਤੋਂ ਆਇਆ ਸੀ।
ਟਾਇਰੀਅਨ ਜਾਮਨੀ ਸਮੁੰਦਰੀ ਘੋਗੇ ਦੀਆਂ ਤਿੰਨ ਕਿਸਮਾਂ ਦੇ ਲਾਰ ਤੋਂ ਪੈਦਾ ਕੀਤਾ ਜਾ ਸਕਦਾ ਹੈ।
ਇਨ੍ਹਾਂ ਵਿੱਚੋਂ ਹਰ ਇੱਕ ਤੋਂ ਇੱਕ ਵੱਖਰਾ ਰੰਗ ਬਣਾਇਆ ਜਾ ਸਕਦਾ ਹੈ - ਹੈਕਸਾਪਲੇਕਸ ਟਰੰਕੂਲਸ ਤੋਂ ਨੀਲਾ-ਜਾਮਨੀ, ਬੋਲਿਨਸ ਬ੍ਰੈਂਡਾਰਿਸ ਤੋਂ ਲਾਲ-ਜਾਮਨੀ ਅਤੇ ਸਟ੍ਰੈਮੋਨੀਟਾ ਹੇਮਾਸਟੋਮਾ ਤੋਂ ਲਾਲ ਰੰਗ।
ਮਯੂਰੈਕਸ ਸਮੁੰਦਰੀ ਘੋਗੇ ਨੂੰ ਸਮੁੰਦਰ ਦੇ ਪਥਰੀਲੇ ਕਿਨਾਰਿਆਂ ਤੋਂ ਹੱਥਾਂ ਨਾਲ ਜਾਂ ਫ਼ਿਰ ਜਾਲ ਵਿੱਚ ਫਸਾ ਕੇ ਫੜ੍ਹਿਆ ਜਾਂਦਾ ਹੈ। ਇਨ੍ਹਾਂ ਨੂੰ ਇਕੱਠਾ ਕਰਕੇ ਉਨ੍ਹਾਂ ਦਾ ਸਲਾਈਮ ਇਕੱਠਾ ਕੀਤਾ ਜਾਂਦਾ ਹੈ।
ਕੁਝ ਸਥਾਨਾਂ ''''ਤੇ ਇੱਕ ਵਿਸ਼ੇਸ਼ ਚਾਕੂ ਨਾਲ ਘੋਗੇ ਦੀ ਬਲਗਮ ਗ੍ਰੰਥੀ ''''ਤੇ ਇੱਕ ਚੀਰਾ ਲਗਾਇਆ ਜਾਂਦਾ ਸੀ।
ਇੱਕ ਰੋਮਨ ਲੇਖਕ ਅਨੁਸਾਰ ਬਲਗਮ ਗ੍ਰੰਥੀ (ਮਯੂਕਸ ਗਲੈਂਡ) ਉੱਤੇ ਇੱਕ ਚੀਰਾ ਲਗਾ ਕੇ ਘੋਗੇ ਦੇ ਜ਼ਖ਼ਮ ਵਿੱਚੋਂ "ਹੰਝੂਆਂ ਵਾਂਗ" ਸਲਾਈਮ ਵਗਦਾ ਸੀ। ਇਸ ਨੂੰ ਇਕੱਠਾ ਕਰ ਕੇ ਹਮਾਮ-ਦਸਤਾ ਵਿੱਚ ਪੀਸਿਆ ਜਾਂਦਾ ਸੀ। ਛੋਟੀ ਪ੍ਰਜਾਤੀ ਦੇ ਘੋਗਿਆਂ ਨੂੰ ਪੂਰੀ ਤਰ੍ਹਾਂ ਨਾਲ ਕੁਚਲ ਦਿੱਤਾ ਜਾਂਦਾ ਸੀ।
ਰੰਗ ਕਿਵੇਂ ਬਣਦਾ ਸੀ, ਕਿਸੇ ਨੂੰ ਨਹੀਂ ਪਤਾ
![ਰੰਗ](https://ichef.bbci.co.uk/news/raw/cpsprodpb/30f5/live/16529150-9cce-11ee-8df3-1d2983d8814f.jpg)
ਪਰ ਇਤਿਹਾਸਕ ਦਸਤਾਵੇਜ਼ਾਂ ਵਿੱਚ ਇਸ ਰੰਗ ਬਾਰੇ ਸਿਰਫ਼ ਇੰਨੀ ਹੀ ਜਾਣਕਾਰੀ ਹੈ ਜੋ ਅਸੀਂ ਜਾਣਦੇ ਹਾਂ।
ਪਰ ਘੋਗੇ ਦੇ ਬਿਨਾਂ ਰੰਗ ਵਾਲੇ ਲਾਰ (ਸਲਾਈਮ) ਤੋਂ ਗੂੜ੍ਹਾ ਜਾਮਨੀ ਰੰਗ ਕਿਵੇਂ ਤਿਆਰ ਹੁੰਦਾ ਸੀ, ਇਸ ਨੂੰ ਲੈ ਕੇ ਵੇਰਵੇ ਜਾਂ ਤਾਂ ਅਸਪਸ਼ਟ ਹਨ ਜਾਂ ਕਿਤੇ ਵਿਰੋਧਾਭਾਸੀ ਤੇ ਕਦੇ-ਕਦੇ ਗ਼ਲਤ ਲੱਗਦੇ ਹਨ।
ਅਰਸਤੂ ਨੇ ਕਿਹਾ ਕਿ ਇਹ ਮਊਕਸ ਗ੍ਰੰਥੀਆਂ "ਜਾਮਨੀ ਮੱਛੀ" ਦੇ ਗਲੇ ਵਿੱਚੋਂ ਆਉਂਦੀਆਂ ਹਨ।
ਇੱਥੋਂ ਤੱਕ ਕਿ ਡਾਈ ਉਦਯੋਗ ਵਿੱਚ ਵੀ ਇਹ ਜਾਣਕਾਰੀ ਬਹੁਤ ਹੀ ਗੁਪਤ ਰੱਖੀ ਜਾਂਦੀ ਸੀ। ਡਾਈ ਬਣਾਉਣ ਲਈ ਹਰ ਰੰਗਰੇਜ਼ ਦੇ ਆਪਣਾ ਨੁਸਖ਼ੇ ਹੁੰਦੇ ਸੀ, ਜਿਸ ਵਿੱਚ ਕਈ ਪੜਾਅ ਵਾਲੇ ਫਾਰਮੂਲੇ ਹੁੰਦੇ ਸਨ।
ਉਹ ਇਹ ਫਾਰਮੁਲੇ ਕਿਸੇ ਨਾਲ ਸਾਂਝੇ ਨਹੀਂ ਕਰਦੇ ਸਨ। ਇਸ ਕਾਰਨ ਇਹ ਸਮਝਣਾ ਮੁਸ਼ਕਲ ਹੈ ਕਿ ਮਊਕਸ ਤੋਂ ਜਾਮਨੀ ਰੰਗ ਕਿਵੇਂ ਬਣਿਆ।
ਪੁਰਤਗਾਲ ਦੀ ਲਿਸਬਨ ਦੀ ਨੋਵਾ ਯੂਨੀਵਰਸਿਟੀ ਵਿੱਚ ਕੰਜ਼ਰਵੇਸ਼ਨ ਦੀ ਪ੍ਰੋਫ਼ੈਸਰ ਮਾਰੀਆ ਮੇਲੋ ਕਹਿੰਦੇ ਹਨ, "ਸਮੱਸਿਆ ਇਹ ਹੈ ਕਿ ਲੋਕਾਂ ਨੇ ਇਹ ਜ਼ਰੂਰੀ ਨੁਸਖ਼ੇ ਕਦੇ ਨਹੀਂ ਲਿਖੇ।"
ਇਸ ਮਾਮਲੇ ਵਿੱਚ ਸਭ ਤੋਂ ਵਿਸਥਾਰ ਵਾਲੀ ਜਾਣਕਾਰੀ ਪਲੀਨੀ ਨੇ ਦਿੱਤੀ ਹੈ। ਉਨ੍ਹਾਂ ਨੇ ਈਸਾ ਪੂਰਵ ਪਹਿਲੀ ਸਦੀ ਵਿੱਚ ਇਸ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਲਿਖਿਆ।
ਉਨ੍ਹਾਂ ਨੇ ਲਿਖਿਆ, "ਮਊਕਸ ਗ੍ਰੰਥੀ ਤੋਂ ਵੱਖ ਹੋਣ ਮਗਰੋਂ, ਉਨ੍ਹਾਂ ਵਿੱਚ ਲੂਣ ਪਾਇਆ ਜਾਂਦਾ ਸੀ ਅਤੇ ਤਿੰਨ ਦਿਨਾਂ ਲਈ ਖਮੀਰ ਲਈ ਛੱਡ ਦਿੱਤਾ ਜਾਂਦਾ ਸੀ।"
"ਇਸ ਤੋਂ ਬਾਅਦ ਪਕਣ ਦੀ ਅਵਸਥਾ ਸ਼ੁਰੂ ਹੋ ਜਾਂਦੀ ਹੈ, ਸੰਭਵ ਤੌਰ ''''ਤੇ ਟੀਨ ਜਾਂ ਕੱਚ ਦੇ ਭਾਂਡਿਆਂ ਦੇ ''''ਹਲਕੇ'''' ਸੇਕ ''''ਤੇ ਪਕਾਇਆ ਜਾਂਦਾ ਸੀ। ਇਹ ਉਦੋਂ ਤੱਕ ਕੀਤਾ ਜਾਂਦਾ ਸੀ ਜਦੋਂ ਤੱਕ ਸਾਰਾ ਮਿਸ਼ਰਣ ਘਟ ਕੇ ਥੋੜ੍ਹਾ ਜਿਹਾ ਰਹਿ ਜਾਂਦਾ ਸੀ।"
"ਇਸ ਤੋਂ ਬਾਅਦ 10ਵੇਂ ਦਿਨ ਕੱਪੜੇ ''''ਤੇ ਲਗਾ ਕੇ ਰੰਗ ਦੀ ਪਰਖ ਕੀਤੀ ਜਾਂਦੀ ਸੀ। ਜੇ ਕੱਪੜੇ ''''ਤੇ ਮਨ ਮੁਤਾਬਕ ਰੰਗ ਚੜਿਆ ਤਾਂ ਰੰਗ ਤਿਆਰ ਹੋ ਜਾਂਦਾ ਸੀ।"
ਮੁਸ਼ਕਲ ਇਹ ਸੀ ਕਿ ਹਰ ਇੱਕ ਘੋਗੇ ਤੋਂ ਬਹੁਤ ਘੱਟ ਮਾਤਰਾ ਵਿੱਚ ਮਊਕਸ ਮਿਲਦਾ ਸੀ। ਅਜਿਹੀ ਸਥਿਤੀ ਵਿੱਚ ਸਿਰਫ਼ ਇੱਕ ਗ੍ਰਾਮ ਟਾਇਰੀਅਨ ਪਰਪਲ ਰੰਗ ਬਣਾਉਣ ਲਈ ਲਗਭਗ 10,000 ਘੋਗਿਆਂ ਦੀ ਲੋੜ ਸੀ।
ਜਿਨ੍ਹਾਂ ਖੇਤਰਾਂ ਵਿੱਚ ਇਹ ਰੰਗ ਬਣਾਇਆ ਜਾਂਦਾ ਸੀ, ਉੱਥੇ ਅਰਬਾਂ ਸਮੁੰਦਰੀ ਘੋਗਿਆਂ ਦੇ ਖੋਲ੍ਹ ਮਿਲੇ ਹਨ। ਅਸਲ ਵਿੱਚ ਟਾਇਰੀਅਨ ਪਰਪਲ ਦੇ ਉਤਪਾਦਨ ਨੂੰ ਇਤਿਹਾਸ ਦਾ ਪਹਿਲਾ ਰਸਾਇਣਕ ਉਦਯੋਗ ਵੀ ਦੱਸਿਆ ਗਿਆ ਹੈ।
ਗ੍ਰੀਸ ਦੀ ਥੇਸਾਲੋਨਿਕੀ ਦੀ ਏਰਿਸਟੋਟਲ ਯੂਨੀਵਰਸਿਟੀ ਵਿੱਚ ਕੰਜ਼ਰਵੇਸ਼ਨ ਕੈਮਿਸਟਰੀ ਦੇ ਪ੍ਰੋਫ਼ੈਸਰ ਆਇਓਨਿਸ ਕਰਾਪਨਾਗਿਓਟਿਸ ਕਹਿੰਦੇ ਹਨ, "ਡਾਈ ਬਣਾਉਣਾ ਅਸਲ ਵਿੱਚ ਆਸਾਨ ਨਹੀਂ ਹੈ।"
ਉਹ ਸਮਝਾਉਂਦੇ ਹਨ ਕਿ "ਟਾਇਰੀਅਨ ਪਰਪਲ ਦੂਜੇ ਰੰਗਾਂ ਵਾਂਗ ਨਹੀਂ ਹੈ ਜਿੱਥੇ ਇਸ ਨੂੰ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਆਸਾਨੀ ਨਾਲ ਉਪਲਬਧ ਹੁੰਦਾ ਹੈ।"
"ਇਹ ਘੋਗੇ ਦੇ ਮਊਕਸ ਵਿੱਚ ਮੌਜੂਦ ਰਸਾਇਣਾਂ ਤੋਂ ਬਣਾਇਆ ਜਾਂਦਾ ਹੈ ਜੋ ਸਹੀ ਹਾਲਾਤਾਂ ਵਿੱਚ ਰੰਗ ’ਚ ਬਦਲ ਜਾਂਦਾ ਹੈ। ਇਹ ਹੈਰਾਨੀਜਨਕ ਹੈ।"
ਡਾਈ ਇਤਿਹਾਸ ਬਣ ਗਿਆ
![ਰੰਗ](https://ichef.bbci.co.uk/news/raw/cpsprodpb/2a60/live/2bb4a880-9cce-11ee-8df3-1d2983d8814f.jpg)
29 ਮਈ 1453 ਨੂੰ ਕਾਂਸਟੇਂਟਿਨੋਪਲ ਦੇ ਬਾਇਜਨਟਾਇਨ ਸ਼ਹਿਰ ਉੱਤੇ ਆਟੋਮਨ ਦਾ ਕਬਜ਼ਾ ਹੋ ਗਿਆ। ਇਸ ਤਰ੍ਹਾਂ ਪੂਰਬੀ ਰੋਮਨ ਸਾਮਰਾਜ ਦਾ ਅੰਤ ਹੋਇਆ ਅਤੇ ਟਾਇਰੀਅਨ ਪਰਪਲ ਵੀ ਇਤਿਹਾਸ ਦਾ ਹਿੱਸਾ ਬਣ ਗਿਆ।
ਉਸ ਸਮੇਂ ਸ਼ਹਿਰ ਦੇ ਉਦਯੋਗ ਕੇਂਦਰ ਵਿੱਚ ਇਸ ਦੀ ਡਾਈ ਇੰਡਸਟਰੀ ਸੀ। ਇਹ ਰੇਗ ਕੈਥਲਿਕ ਈਸਾਈਆਂ ਨਾਲ ਜੁੜ ਚੁੱਕਿਆ ਸੀ, ਕੈਥਲਿਕ ਪਾਦਰੀ ਇਸ ਡਾਈ ਤੋਂ ਰੰਗੇ ਕੱਪੜੇ ਪਹਿਨਦੇ ਸਨ ਤੇ ਇਸ ਰੰਗ ਦੇ ਕੱਪੜਿਆਂ ਵਿੱਚ ਉਹ ਆਪਣੇ ਧਾਰਮਿਕ ਗ੍ਰੰਥ ਰੱਖਦੇ ਸਨ।
ਪਰ ਜ਼ਿਆਦਾ ਟੈਕਸ ਕਾਰਨ ਇਹ ਉਦਯੋਗ ਪਹਿਲਾਂ ਹੀ ਬੰਦ ਹੋਣ ਦੇ ਕੰਢੇ ਉੱਤੇ ਪਹੁੰਚ ਚੁੱਕਿਆ ਸੀ।
ਆਟੋਮਨ ਦੇ ਕਬਜ਼ੇ ਤੋਂ ਬਾਅਦ ਇਸ ਉੱਤੇ ਈਸਾਈ ਧਰਮ ਗੁਰੂਆਂ ਦਾ ਕੰਟਰੋਲ ਖ਼ਤਮ ਹੋ ਗਿਆ। ਇਸ ਤੋਂ ਬਾਅਦ ਪੋਪ ਨੇ ਫ਼ੈਸਲਾ ਲਿਆ ਕਿ ਲਾਲ ਰੰਗ ਈਸਾਈ ਧਰਮ ਦੀ ਤਾਕਤ ਦਾ ਨਵਾਂ ਪ੍ਰਤੀਕ ਬਣੇਗਾ।
ਇਸ ਨੂੰ ਬਣਾਉਣ ਵਿੱਚ ਸਕੇਲ ਕੀਟਾਂ ਦਾ ਇਸਤੇਮਾਲ ਹੁੰਦਾ ਸੀ, ਇਸ ਨੂੰ ਬਣਾਉਣਾ ਸੌਖਾ ਵੀ ਸੀ ਅਤੇ ਇਸ ਉੱਤੇ ਕੀਮਤ ਵੀ ਘੱਟ ਆਉਂਦੀ ਸੀ।
ਹਾਲਾਂਕਿ ਟਾਇਰੀਅਨ ਪਰਪਲ ਖ਼ਤਮ ਹੋਣ ਦੇ ਹੋਰ ਵੀ ਕਾਰਨ ਹੋ ਸਕਦੇ ਹਨ।
2003 ਵਿੱਚ ਦੱਖਣੀ ਤੁਰਕੀ ’ਚ ਵਿਗਿਆਨੀਆਂ ਨੂੰ ਐਂਡ੍ਰਿਆਕੇ ਦੀ ਪ੍ਰਾਚੀਨ ਬੰਦਰਗਾਹ ਕੋਲ ਸਮੁੰਦਰੀ ਘੋਗੇ ਦੇ ਖੋਲ੍ਹਾਂ ਦਾ ਵੱਡਾ ਢੇਰ ਮਿਲਿਆ।
ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਇਹ 6ਵੀਂ ਸਦੀ ਦਾ ਢੇਰ ਹੈ ਜਿਸ ’ਚ 600 ਘੋਗਿਆਂ ਦੇ ਖੋਲ੍ਹ ਹਨ।
ਦਿਲਚਸਪ ਗੱਲ ਇਹ ਸੀ ਇਸ ਢੇਰ ਵਿੱਚ ਜੋ ਸਭ ਤੋਂ ਹੇਠਾਂ ਭਾਵ ਸਭ ਤੋਂ ਪੁਰਾਣੇ ਖੋਲ੍ਹ ਸਨ, ਉਹ ਮੋਟੇ ਤੇ ਵੱਡੇ ਸਨ ਜਦਕਿ ਸਭ ਤੋਂ ਉੱਤੇ ਭਾਵ ਬਾਅਦ ਵਿੱਚ ਸੁੱਟੇ ਗਏ ਖੋਲ੍ਹ ਕਾਫ਼ੀ ਛੋਟੇ ਸਨ।
ਇਹ ਖੋਜ ਦੱਸਦੀ ਹੈ ਕਿ ਉਸ ਦੌਰ ਵਿੱਚ ਵੱਡੀ ਗਿਣਤੀ ’ਚ ਇਨ੍ਹਾਂ ਸਮੁੰਦਰੀ ਘੋਗਿਆ ਨੂੰ ਫੜਿਆ ਗਿਆ ਹੋਵੇਗਾ ਅਤੇ ਫ਼ਿਰ ਇੱਕ ਅਜਿਹਾ ਸਮਾਂ ਆਇਆ ਹੋਵੇਗਾ ਜਦੋਂ ਕੋਈ ਵੀ ਪਰਪੱਖ ਘੋਗਾ ਨਹੀਂ ਬਚਿਆ ਹੋਵੇਗਾ।
ਖੋਜਕਾਰ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਇਸੇ ਕਾਰਨ ਟਾਇਰੀਅਨ ਪਰਪਲ ਦਾ ਉਤਪਾਦਨ ਖ਼ਤਮ ਹੋ ਗਿਆ ਹੋਵੇਗਾ।
ਪਰ ਇਸ ਖੋਜ ਦੇ ਕੁਝ ਸਾਲਾਂ ਬਾਅਦ ਇੱਕ ਹੋਰ ਖੋਜ ਨਾਲ ਇਸ ਪ੍ਰਾਚੀਨ ਰੰਗ ਨੂੰ ਫ਼ਿਰ ਤੋਂ ਬਣਾਉਣ ਨੂੰ ਲੈ ਕੇ ਉਮੀਦ ਜਾਗੀ।
ਆਧੁਨਿਕ ਦੌਰ ਵਿੱਚ ਪ੍ਰਾਚੀਨ ਰੰਗ
![ਰੰਗ](https://ichef.bbci.co.uk/news/raw/cpsprodpb/158e/live/36e8b340-9cce-11ee-8df3-1d2983d8814f.jpg)
ਸਤੰਬਰ 2007 ਵਿੱਚ ਇੱਕ ਦਿਨ ਟਯੂਨੀਸ਼ੀਆ ਦੇ ਟਯੂਨਿਸ ਸ਼ਹਿਰ ਦੇ ਬਾਹਰਲੇ ਇਲਾਕੇ ਵਿੱਚ ਰਹਿਣ ਵਾਲੇ ਮੁਹੰਮਦ ਘਾਸੇਨ ਨੋਇਰਾ ਸਮੁੰਦਰ ਦੇ ਕੰਢੇ ਟਹਿਲ ਰਹੇ ਸਨ।
ਉਹ ਕਹਿੰਦੇ ਹਨ, ‘‘ਲੰਘੀ ਰਾਤ ਤੂਫ਼ਾਨ ਆਇਆ ਸੀ, ਇਸ ਕਾਰਨ ਰੇਤ ਉੱਤੇ ਜੇਲਿਫ਼ਿਸ਼, ਸਮੁੰਦਰੀ ਸ਼ੈਵਾਲ, ਛੋਟੇ ਕੇਕੜੇ, ਮੋਲਸਕ ਵਰਗੇ ਬਹੁਤ ਸਾਰੇ ਜੀਵ ਮਰੇ ਹੋਏ ਸਨ ਅਤੇ ਇੱਧਰ-ਉੱਧਰ ਪਏ ਸਨ।’
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਇੱਕ ਥਾਂ ਉੱਤੇ ਲਾਲ-ਜਾਮਨੀ ਰੰਗ ਦੇਖਿਆ, ਜੋ ਇੱਕ ਫਟੇ ਹੋਏ ਸਮੁੰਦਰੀ ਘੋਗੇ ਤੋਂ ਨਿਲਕਦਾ ਲੱਗ ਰਿਹਾ ਸੀ।
ਉਨ੍ਹਾਂ ਨੂੰ ਟਾਇਰੀਅਨ ਪਰਪਲ ਬਾਰੇ ਪੜ੍ਹੀਆਂ ਗੱਲਾਂ ਯਾਦ ਆਈਆਂ। ਉਨ੍ਹਾਂ ਨੇ ਨੇੜਲੀ ਬੰਦਰਗਾਹ ਵਿੱਚ ਜਾ ਕੇ ਦੇਖਿਆ। ਉੱਥੇ ਉਨ੍ਹਾਂ ਨੂੰ ਮੱਛਿਆਰਿਆਂ ਦੇ ਜਾਲ ਵਿੱਚ ਫਸੇ ਉਸੇ ਤਰ੍ਹਾਂ ਦੇ ਹੋਰ ਵੀ ਕਈ ਘੋਗੇ ਮਿਲੇ।
ਉਨ੍ਹਾਂ ਨੇ ਇਨ੍ਹਾਂ ਤੋਂ ਰੰਗ ਬਣਾਉਣ ਦੀ ਕੋਸ਼ਿਸ ਕੀਤੀ। ਨੋਇਰਾ ਦੀ ਤਜਰਬਾ ਸ਼ੁਰੂ ਵਿੱਚ ਨਿਰਾਸ਼ਾ ਵਾਲਾ ਸੀ ਕਿਉਂਕਿ ਜਦੋਂ ਉਨ੍ਹਾਂ ਨੇ ਘੋਗੇ ਦੀਆਂ ਅੰਤੜੀਆਂ ਕੱਢੀਆਂ ਤਾਂ ਉਨ੍ਹਾਂ ਨੂੰ ਉਸ ਵਿੱਚ ਸਿਰਫ਼ ਸਫ਼ੇਦ ਤਰਲ ਮਯੂਕਸ ਮਿਲਿਆ। ਉਨ੍ਹਾਂ ਨੇ ਉਸ ਨੂੰ ਇੱਕ ਬੈਗ ਵਿੱਚ ਪਾ ਦਿੱਤਾ ਅਤੇ ਥੱਕ ਕੇ ਸੌਣ ਚਲੇ ਗਏ।
![ਨੋਇਰਾ](https://ichef.bbci.co.uk/news/raw/cpsprodpb/4516/live/51562460-9cce-11ee-91bf-230bfab3fcba.jpg)
ਉਹ ਕਹਿੰਦੇ ਹਨ ਕਿ ਸਵੇਰੇ ਉੱਠ ਕੇ ਉਨ੍ਹਾਂ ਨੇ ਦੇਖਿਆ ਤਾਂ ਉਹ ਪਦਾਰਥ ਜੋ ਪਾਣੀ ਵਾਂਗ ਸੀ ਉਹ ਹੁਣ ਦੂਜੇ ਰੰਗ ਦਾ ਹੋ ਗਿਆ ਸੀ।
ਅੱਜ ਵਿਗਿਆਨੀ ਇਹ ਜਾਣਦੇ ਹਨ ਕਿ ਘੋਗੇ ਦਾ ਮਊਕਸ ਜਦੋਂ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਦਾ ਰੰਗ ਬਦਲ ਜਾਂਦਾ ਹੈ। ਉਹ ਪਹਿਲਾਂ ਪੀਲਾ, ਹਲਕਾ ਨੀਲਾ, ਨੀਲਾ ਅਤੇ ਫ਼ਿਰ ਜਾਮਨੀ ਰੰਗ ਦਾ ਹੋ ਜਾਂਦਾ ਹੈ।
ਪ੍ਰੋਫ਼ੈਸਰ ਆਇਓਨਿਸ ਕਹਿੰਦੇ ਹਨ, ‘‘ਜਿਸ ਦਿਨ ਧੁੱਪ ਨਿਕਲੀ ਹੋਵੇ, ਉਸ ਦਿਨ ਤੁਸੀਂ ਇਹ ਕਰੋ ਤਾਂ ਇਸ ਵਿੱਚ ਪੰਜ ਮਿੰਟਾਂ ਤੋਂ ਵੀ ਘੱਟ ਦਾ ਸਮਾਂ ਲਗਦਾ ਹੈ।’’
ਪਰ ਇਹ ਪੱਕਾ ਟਾਇਰੀਅਨ ਪਰਪਲ ਨਹੀਂ ਹੈ, ਪ੍ਰੋਫ਼ੈਸਰ ਮਾਰੀਆ ਮੇਲੋ ਕਹਿੰਦੇ ਹਨ, ‘‘ਇਸ ਰੰਗ ਵਿੱਚ ਦਰਅਸਲ ਕਈ ਵੱਖ-ਵੱਖ ਮੌਲਿਕਿਊਲ ਹੁੰਦੇ ਹਨ, ਜੋ ਨਾਲ ਮਿਲ ਕੇ ਕੰਮ ਕਰਦੇ ਹਨ।’’
ਮਾਰੀਆ ਕਹਿੰਦੇ ਹਨ ਕਿ ਇਸ ਵਿੱਚ ਨੀਲਾ, ਜਾਮਨੀ, ਗੂੜ੍ਹਾ ਨੀਲਾ ਅਤੇ ਲਾਲ ਰੰਗ ਦੇ ਮੌਲਿਕਿਊਲ ਹੁੰਦੇ ਹਨ, ਤੁਸੀਂ ਆਪਣੀ ਲੋੜ ਮੁਤਾਬਰ ਰੰਗ ਪਾ ਸਕਦੇ ਹੋ ਪਰ ਇਸ ਤੋਂ ਇਸ ਨੂੰ ਡਾਈ ਬਣਾਉਣ ਦੀ ਵੀ ਵੱਖਰੀ ਪ੍ਰਕਿਰਿਆ ਹੁੰਦੀ ਹੈ, ਜੋ ਕੱਪੜਿਆਂ ਉੱਤੇ ਚੜ੍ਹ ਸਕੇ।
ਇੱਕ ਵਿਗਿਆਨੀ ਨੇ 12,000 ਘੋਗਿਆਂ ਤੋਂ ਮਿਲੇ ਮਯੂਕਸ ਤੋਂ 1.4 ਗ੍ਰਾਮ ਪਰਪਲ ਰੰਗ ਬਣਾਇਆ। ਪਰ ਇਹ ਉਨ੍ਹਾਂ ਨੇ ਕੈਮਿਕਲ ਦਾ ਇਸਤੇਮਾਲ ਕਰ ਕੇ ਉਦਯੋਗਿਕ ਤਰੀਕੇ ਨਾਲ ਕੀਤਾ।
ਪਰ ਮੁਹੰਮਦ ਨੋਇਰਾ ਚਾਹੁੰਦੇ ਹਨ ਕਿ ਉਹ ਪ੍ਰਾਚੀਨ ਤਰੀਕੇ ਨਾਲ ਟਾਇਰੀਅਨ ਪਰਪਲ ਬਣਾਉਣ। ਇਸ ਕੋਸ਼ਿਸ਼ ਵਿੱਚ ਉਹ 16 ਸਾਲ ਗੁਜ਼ਾਰ ਚੁੱਕੇ ਹਨ।
ਉਨ੍ਹਾਂ ਨੇ ਕਈ ਵਾਰ ਰੰਗ ਬਣਾਇਆ ਪਰ ਉਹ ਕਦੇ ਟਾਇਰੀਅਨ ਪਰਪਲ ਦੇ ਨੇੜੇ ਨਹੀਂ ਪਹੁੰਚ ਸਕੇ। ਉਹ ਪਲੀਨੀ ਦੇ ਲਿਖੇ ਦਸਤਾਵੇਜ਼ ਪੜ੍ਹ ਕੇ ਪ੍ਰਾਚੀਨ ਤਰੀਕੇ ਨਾਲ ਡਾਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
![ਰੰਗ](https://ichef.bbci.co.uk/news/raw/cpsprodpb/9cc0/live/615a2dc0-9cce-11ee-8df3-1d2983d8814f.jpg)
ਉਹ ਕਹਿੰਦੇ ਹਨ, ‘‘ਮੈਂ ਅਜੇ ਤੱਕ ਉਹੀ ਪ੍ਰਾਚੀਨ ਰੰਗ ਨਹੀਂ ਬਣਾ ਸਕਿਆ ਹਾਂ। ਉਹ ਰੰਗ ਜਿਉਂਦਾ-ਜਾਗਦਾ ਦਿਖਦਾ ਸੀ, ਰੌਸ਼ਨੀ ਦੇ ਨਾਲ ਉਸ ਦੀ ਚਮਕ ਬਦਲਦੀ ਰਹਿੰਦੀ ਸੀ, ਅਜਿਹਾ ਲਗਦਾ ਸੀ ਕਿ ਉਹ ਤੁਹਾਡੀਆਂ ਨਜ਼ਰਾਂ ਨਾਲ ਖੇਡ ਰਿਹਾ ਹੈ।’’
ਨੋਇਰਾ ਰੰਗ ਬਣਾਉਣ ਦੀ ਆਪਣੀ ਕੋਸ਼ਿਸ਼ ਤੇ ਤਜਰਬੇ ਨੂੰ ਦੁਨੀਆ ਦੀਆਂ ਵੱਖ-ਵੱਖ ਥਾਂਵਾਂ ਉੱਤੇ ਦਿਖਾ ਚੁੱਕੇ ਹਨ। ਉਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਦੀ ਪ੍ਰਦਰਸ਼ਨੀ ਲੰਡਨ ਵਿੱਚ ਬ੍ਰਿਟਿਸ਼ ਆਰਕਾਈਵ ਅਤੇ ਬੋਸਟਨ ਵਿੱਚ ਲਲਿਤ ਕਲਾ ਆਰਕਾਈਵ ਵਿੱਚ ਲਗਾਈ ਹੈ।
ਪਰ ਇਹ ਗੱਲ ਵੀ ਸੱਚ ਹੈ ਕਿ ਇੱਕ ਵਾਰ ਅਲੋਪ ਹੋ ਚੁੱਕਿਆ, ਟਾਈਰੀਅਨ ਪਰਪਲ ਮੁੜ ਖ਼ਤਰੇ ਵਿੱਚ ਹੈ।
ਹਾਲਾਂਕਿ ਇਹ ਚੁਣੌਤੀ ਹਮਲਾ ਜਾਂ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਨੂੰ ਗੁਪਤ ਰੱਖਣਾ ਨਹੀਂ ਹੈ। ਸਗੋਂ ਨੋਇਰਾ ਕਹਿੰਦੇ ਹਨ ਕਿ ਮਯੂਰੇਕਸ ਸਮੁੰਦਰੀ ਘੋਗੇ ਪ੍ਰਦੂਸ਼ਣ ਅਤੇ ਵਾਤਾਵਰਨ ਤਬਦੀਲੀ ਕਾਰਨ ਖ਼ਤਰੇ ਵਿੱਚ ਹਨ।
ਸਟ੍ਰੈਮੋਨਿਟਾ ਹੇਮਾਸਟੋਮਾ, ਲਾਲ ਰੰਗ ਦੇਣ ਵਾਲਾ ਘੋਗਾ ਪਹਿਲਾਂ ਹੀ ਪੂਰਬੀ ਭੂਮੱਧ ਸਾਗਰ ਤੋਂ ਗਾਇਬ ਹੋ ਚੁੱਕਿਆ ਹੈ।
ਜੇ ਕਿਸੇ ਤਰ੍ਹਾਂ ਟਾਇਰੀਅਨ ਪਰਪਲ ਨੂੰ ਇੱਕ ਵਾਰ ਫ਼ਿਰ ਇਤਿਹਾਸ ਦੇ ਸਫ਼ਿਆਂ ਤੋਂ ਕੱਢ ਕੇ ਦੁਨੀਆ ਵਿੱਚ ਲਿਆਇਆ ਵੀ ਜਾਵੇ ਤਾਂ ਇਹ ਹਮੇਸ਼ਾ ਸਾਡੇ ਨਾਲ ਰਹੇਗਾ ਇਸ ਦੀ ਕੋਈ ਗਾਰੰਟੀ ਨਹੀਂ ਹੈ। ਹੋ ਸਕਦਾ ਹੈ ਕਿ ਇਹ ਰੰਗ ਇੱਕ ਵਾਰ ਫ਼ਿਰ ਇਤਿਹਾਸ ਬਣ ਜਾਵੇ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)