ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ, 5 ਵਿਕਟਾਂ ਲੈ ਮੈਨ ਆਫ਼ ਦਿ ਮੈਚ ਬਣੇ ਅਰਸ਼ਦੀਪ ਨੇ ਕੀ ਕਿਹਾ
Sunday, Dec 17, 2023 - 08:50 PM (IST)
ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਫਾਈਨਲ ਵਿੱਚ ਹੋਈ ਹਾਰ ਤੋਂ ਬਾਅਦ ਆਪਣੇ ਪਹਿਲੇ ਹੀ ਮੈਚ ਵਿੱਚ ਜਲਵਾ ਦਿਖਾਇਆ ਹੈ ਅਤੇ ਪਿਛਲੀਆਂ ਕੌੜੀਆਂ ਯਾਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ।
ਦੱਖਣੀ ਅਫਰੀ਼ਕਾ ਦੇ ਜੋਹਾਨਸਬਰਗ ''''ਚ ਖੇਡੇ ਗਏ ਮੈਚ ''''ਚ ਮੇਜ਼ਬਾਨ ਟੀਮ ਭਾਰਤੀ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦੇ ਸਾਹਮਣੇ ਬੁਰੀ ਤਰ੍ਹਾਂ ਹਾਰ ਗਈ।
ਭਾਰਤੀ ਟੀਮ ਨੇ 100 ਓਵਰਾਂ ਦਾ ਮੈਚ ਸਿਰਫ਼ 44 ਓਵਰਾਂ ਵਿੱਚ ਹੀ ਖ਼ਤਮ ਕਰ ਦਿੱਤਾ।
ਪਹਿਲਾਂ ਗੇਂਦਬਾਜ਼ਾਂ ਨੇ ਅਫ਼ਰੀਕਾ ਦੀ ਟੀਮ ਨੂੰ 27.3 ਓਵਰਾਂ ''''ਚ ਸਿਰਫ 116 ਦੌੜਾਂ ''''ਤੇ ਆਲ ਆਊਟ ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਨੇ ਜਿੱਤ ਲਈ 117 ਦੌੜਾਂ ਦਾ ਟੀਚਾ ਸਿਰਫ਼ 16.4 ਓਵਰਾਂ ਵਿੱਚ ਹਾਸਲ ਕਰ ਲਿਆ।
ਜਦੋਂ ਭਾਰਤ ਨੂੰ ਜਿੱਤ ਮਿਲੀ ਤਾਂ 200 ਗੇਂਦਾਂ ਹਾਲੇ ਬਾਕੀ ਸਨ।
ਪੰਜ ਵਿਕਟਾਂ ਲੈ ਕੇ ਮੈਨ ਆਫ਼ ਦਿ ਮੈਚ ਬਣੇ ਅਰਸ਼ਦੀਪ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਕਪਤਾਨ ਕੇ ਐੱਲ ਰਾਹੁਲ ਸਿਰ ਸਜਾਇਆ।
ਅਰਸ਼ਦੀਪ ਨੇ ਕੀ ਕਿਹਾ ?
37 ਦੌੜਾਂ ਦੇ ਕੇ ਪੰਜ ਵਿਕਟਾਂ ਲੈਣ ਵਾਲੇ ਅਰਸ਼ਦੀਪ ਸਿੰਘ ਨੇ ਕਿਹਾ, “ਮੈਂ ਰਾਹੁਲ ਭਰਾ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਤੈਨੂੰ ਮਜ਼ਬੂਤੀ ਨਾਲ ਵਾਪਸੀ ਕਰਨ ਬਾਰੇ ਸੋਚਣਾ ਚਾਹੀਦਾ ਹੈ ਅਤੇ ਪੰਜ ਵਿਕਟਾਂ ਲੈਣ ਦਾ ਇਰਾਦਾ ਬਣਾਉਣਾ ਚਾਹੀਦਾ ਹੈ।”
ਅਰਸ਼ਦੀਪ ਸਿੰਘ ਕਰੀਬ ਇੱਕ ਸਾਲ ਬਾਅਦ ਇੱਕ ਰੋਜ਼ਾ ਮੈਚ ਖੇਡ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਨਵੰਬਰ 2022 ''''ਚ ਨਿਊਜ਼ੀਲੈਂਡ ਖਿਲਾਫ਼ ਆਪਣਾ ਆਖਰੀ ਵਨ ਡੇਅ ਮੈਚ ਖੇਡਿਆ ਸੀ।
ਅਰਸ਼ਦੀਪ ਨੇ ਜੋਹਾਨਸਬਰਗ ਵਾਲੇ ਮੈਚ ਤੋਂ ਪਹਿਲਾਂ ਤਿੰਨ ਵਨ ਡੇਅ ਮੈਚ ਖੇਡੇ ਸਨ ਅਤੇ ਕੋਈ ਵਿਕਟ ਨਹੀਂ ਲੈ ਸਕੇ ਸਨ।
ਕਪਤਾਨ ਕੇ ਐੱਲ ਰਾਹੁਲ ਲਈ ਇਹ ਜਿੱਤ ਪਿਛਲੇ ਜ਼ਖ਼ਮਾਂ ਨੂੰ ਭਰਨ ਵਾਲੀ ਸੀ।
ਦੱਖਣੀ ਅਫ਼ਰੀਕਾ ਟੀਮ ਨੂੰ ਹਰਾਉਣ ਵਾਲੀ ਇਸ ਟੀਮ ਵਿੱਚ ਸ਼੍ਰੇਅਸ ਅਈਅਰ ਅਤੇ ਕੁਲਦੀਪ ਯਾਦਵ ਤੋਂ ਇਲਾਵਾ ਕੇ ਐੱਲ ਰਾਹੁਲ ਅਜਿਹੇ ਖਿਡਾਰੀ ਹਨ ਜੋ ਵਿਸ਼ਵ ਕੱਪ ਫਾਈਨਲ ਵਿੱਚ ਆਸਟ੍ਰੇਲੀਆ ਤੋਂ ਹਾਰਨ ਵਾਲੀ ਟੀਮ ਦਾ ਹਿੱਸਾ ਸਨ।
ਰਾਹੁਲ ਲਈ ਦੱਖਣੀ ਅਫ਼ਰੀਕਾ ਦਾ ਪਿਛਲਾ ਦੌਰਾ ਵੀ ਯਾਦਗਾਰ ਨਹੀਂ ਸੀ।
ਉਨ੍ਹਾਂ ਕਿਹਾ, ''''''''ਪਿਛਲੀ ਵਾਰ ਕਪਤਾਨ ਦੇ ਤੌਰ ''''ਤੇ ਮੈਂ ਇੱਥੇ ਤਿੰਨ ਮੈਚ ਹਾਰੇ ਸਨ। ਅੱਜ ਦੱਖਣੀ ਅਫ਼ਰੀਕਾ ਵਿੱਚ ਜਿੱਤ ਕੇ ਚੰਗਾ ਲੱਗ ਰਿਹਾ ਹੈ।”
ਗੇਂਦ ਨਾਲ ਗ਼ਦਰ
ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਤੇ ਆਵੇਸ਼ ਖ਼ਾਨ ਨੇ ਗੇਂਦ ਨਾਲ ਗ਼ਦਰ ਮਚਾ ਦਿੱਤਾ।
ਅਰਸ਼ਦੀਪ ਸਿੰਘ ਨੇ ਪੰਜ ਅਤੇ ਆਵੇਸ਼ ਖ਼ਾਨ ਨੇ ਚਾਰ ਵਿਕਟਾਂ ਲੈ ਕੇ ਦੱਖਣੀ ਅਫ਼ਰੀਕਾ ਨੂੰ ਸਿਰਫ਼ 116 ਦੌੜਾਂ ਉੱਤੇ ਸਮੇਟ ਦਿੱਤਾ। ਇੱਕ ਵਿਕਟ ਕੁਲਦੀਪ ਯਾਦਵ ਨੇ ਲਈ।
ਵਨ ਡੇਅ ਵਰਲਡ ਕੱਪ ਤੋਂ ਬਾਅਦ ਆਪਣਾ ਪਹਿਲਾ ਇੱਕ ਰੋਜ਼ਾ ਮੈਚ ਖੇਡ ਰਹੀ ਟੀਮ ਇੰਡੀਆ ਨੇ ਸ਼ੁਰੂ ਤੋਂ ਹੀ ਮੈਚ ਉੱਤੇ ਆਪਣੀ ਪਕੜ ਮਜ਼ਬੂਤ ਬਣਾ ਲਈ ਸੀ।
ਸ਼ੁਰੂਆਤ ਤੋਂ ਪਕੜ ਬਣਾਈ
ਟਾਸ ਦੱਖਣੀ ਅਫ਼ਰੀਕੀ ਟੀਮ ਨੇ ਜਿੱਤਿਆ ਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਪਰ ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਲਗਾਤਾਰ ਦੋ ਗੇਂਦਾਂ ਉੱਤੇ ਦੱਖਣੀ ਅਫ਼ਰੀਕਾ ਦੇ ਦੋ ਬੱਲੇਬਾਜ਼ਾਂ ਨੂੰ ਆਊਟ ਕੀਤਾ।
ਇਹ ਅਰਸ਼ਦੀਪ ਸਿੰਘ ਦਾ ਸਿਰਫ਼ ਚੌਥਾ ਵਨ ਡੇਅ ਮੈਚ ਹੈ ਅਤੇ ਉਨ੍ਹਾਂ ਨੇ ਪਹਿਲੀ ਵਾਰ ਇੱਕ ਰੋਜ਼ਾ ਮੈਚਾਂ ਵਿੱਚ ਕੋਈ ਵਿਕਟ ਲਿਆ ਹੈ।
ਮੈਚ ਦੇ ਦੂਜੇ ਓਵਰ ਦੀ ਚੌਥੀ ਗੇਂਦ ਉੱਤੇ ਅਰਸ਼ਦੀਪ ਸਿੰਘ ਨੇ ਰੀਜ਼ਾ ਹੇਂਡ੍ਰਿਕਸ ਨੂੰ ਬੋਲਡ ਕੀਤਾ ਤਾਂ ਅਗਲੀ ਹੀ ਗੇਂਦ ਉੱਤੇ ਰਾਸੀ ਵਾਨ ਦਰ ਦੁਸੇਂ ਨੂੰ ਐੱਲਬੀਡਬਲਿਊ ਆਊਟ ਕਰ ਕੇ ਪਵੇਲੀਅਨ ਭੇਜਿਆ।
ਦੋਵਾਂ ਵਿੱਚੋਂ ਕੋਈ ਵੀ ਬੱਲੇਬਾਜ਼ ਆਪਣਾ ਖ਼ਾਤਾ ਨਹੀਂ ਖੋਲ੍ਹ ਸਕਿਆ।
ਇਸ ਤੋਂ ਬਾਅਦ ਟੋਨੀ ਡੀਜ਼ੌਰਜ਼ੀ ਅਤੇ ਕਪਤਾਲਵ ਐਡਨ ਮਾਰਕਰਮ ਨੇ ਤੀਜੀ ਵਿਕਟ ਲਈ 39 ਦੌੜਾਂ ਦੀ ਹਿੱਸੇਦਾਰੀ ਨਿਭਾਈ ਪਰ ਅਰਸ਼ਦੀਪ ਸਿੰਘ ਨੇ ਮੈਚ ਦੇ 8ਵੇਂ ਓਵਰ ਵਿੱਚ ਇਹ ਜੋੜੀ ਤੋੜ ਦਿੱਤੀ।
ਉਨ੍ਹਾਂ ਡੀਜ਼ੌਰਜ਼ੀ ਨੂੰ ਵਿਕਟ ਦੇ ਪਿੱਛੇ ਕੈਚ ਆਊਟ ਕਰਾ ਕੇ ਦੱਖਣੀ ਅਫ਼ਰੀਕੀ ਟੀਮ ਨੂੰ ਤੀਜਾ ਝਟਕਾ ਦਿੱਤਾ।
ਅਰਸ਼ਦੀਪ ਦੇ ਨਾਲ ਚਮਕੇ ਆਵੇਸ਼
ਆਪਣੇ ਅਗਲੇ ਹੀ ਓਵਰ ਵਿੱਚ ਉਨ੍ਹਾਂ ਨੇ ਵਰਲਡ ਕੱਪ ਦੌਰਾਨ ਚੰਗੇ ਫਾਰਮ ਵਿੱਚ ਚੱਲ ਰਹੇ ਹੇਨਰਿਕ ਕਲਾਸੇਨ ਨੂੰ ਵੀ ਬੋਲਡ ਕਰ ਦਿੱਤਾ।
ਕਲਾਸੇਨ ਮੈਚ ਦੇ 10ਵੇਂ ਓਵਰ ਦੀ ਆਖ਼ਰੀ ਗੇਂਦ ਉੱਤੇ ਆਊਟ ਹੋਏ। ਇਹ ਅਰਸ਼ਦੀਪ ਦਾ ਚੌਥਾ ਵਿਕਟ ਸੀ।
ਇਸ ਤੋਂ ਬਾਅਦ ਆਵੇਸ਼ ਖ਼ਾਨ ਨੇ ਵਿਕਟ ਲੈਣਾ ਸ਼ੁਰੂ ਕੀਤਾ। 11ਵੇਂ ਓਵਰ ਦੀ ਪਹਿਲੀ ਤੇ ਦੂਜੀ ਗੇਂਦ ਉੱਤੇ ਦੱਖਣੀ ਅਫ਼ਰੀਕਾ ਟੀਮ ਦੇ ਦੋ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਉਨ੍ਹਾਂ ਨੇ ਭਾਰਤੀ ਟੀਮ ਨੂੰ ਹੈਟਰਿਕ ਵਿਕਟ ਦਵਾਈ।
ਇਸ ਓਵਰ ਦੀ ਪਹਿਲੀ ਗੇਂਦ ਉੱਤੇ ਆਵੇਸ਼ ਨੇ ਅਫ਼ਰੀਕੀ ਕਪਤਾਨ ਮਾਰਕਰਮ ਨੂੰ ਬੋਲਡ ਕੀਤਾ ਤਾਂ ਅਗਲੀ ਗੇਂਦ ਉੱਤੇ ਵਿਆਨ ਮੁਲਡਰ ਨੂੰ ਐੱਲਬੀਡਬਲਿਊ ਆਊਟ ਕੀਤਾ।
13ਵੇਂ ਓਵਰ ਦੀ ਆਖ਼ਰੀ ਗੇਂਦ ਉੱਤੇ ਆਵੇਸ਼ ਨੇ ਡੇਵਿਡ ਮਿਲਰ ਨੂੰ ਵੀ ਆਊਟ ਕਰ ਦਿੱਤਾ। ਸੱਤ ਵਿਕਟਾਂ ਆਊਟ ਹੋਣ ਤੱਕ ਦੱਖਣੀ ਅਫ਼ਰੀਕਾ ਨੇ ਸਕੋਰ ਬੋਰਡ ਉੱਤੇ ਸਿਰਫ਼ 58 ਦੌੜਾਂ ਜੋੜੀਆਂ ਸਨ।
ਜਿਸ ਰਫ਼ਤਾਰ ਨਾਲ ਵਿਕਟਾਂ ਡਿੱਗ ਰਹੀਆਂ ਸਨ ਤਾਂ ਇੱਕ ਸਮੇਂ ਲੱਗਿਆ ਕਿ ਦੱਖਣੀ ਅਫ਼ਰੀਕਾ ਵਨ ਡੇਅ ਦਾ ਆਪਣਾ ਸਭ ਤੋਂ ਘੱਟ ਸਕੋਰ ਵੀ ਨਹੀਂ ਬਣਾ ਸਕੇਗੀ। ਪਰ ਏਂਡਿਲੇ ਫੇਹੁਕਾਯੋ ਨੇ ਇੱਥੋਂ ਮੌਕਾ ਸੰਭਾਲ ਲਿਆ ਅਤੇ 25ਵੇਂ ਓਵਰ ਵਿੱਚ ਟੀਮ ਦਾ ਸਕੋਰ 100 ਦੌੜਾਂ ਤੋਂ ਪਾਰ ਲੈ ਗਏ।
28ਵੇਂ ਓਵਰ ਵਿੱਚ ਆਊਟ ਹੋਈ ਅਫ਼ਰੀਕੀ ਟੀਮ
26ਵਾਂ ਓਵਰ ਪਾਉਣ ਲਈ ਭਾਰਤੀ ਕਪਤਾਲ ਕੇ ਐੱਲ ਰਾਹੁਲ ਨੇ ਅਰਸ਼ਦੀਪ ਸਿੰਘ ਨੂੰ ਸੱਦਿਆ ਅਤੇ ਉਨ੍ਹਾਂ ਨੇ ਪਹਿਲੀ ਹੀ ਗੇਂਦ ਉਤੇ ਫੇਹੁਕਾਯੋ ਨੂੰ ਐੱਲਬੀਡਬਲਿਊ ਆਊਟ ਕਰ ਕੇ ਵਨ ਡੇਅ ਕ੍ਰਿਕਟ ਵਿੱਚ ਪਹਿਲੀ ਵਾਰ ਪੰਜਵਾਂ ਵਿਕਟ ਲੈਣ ਦਾ ਕਾਰਨਾਮਾ ਕੀਤਾ। ਫੇਹੁਕਾਯਾ ਨੇ 33 ਦੌੜਾਂ ਦੀ ਪਾਰੀ ਖੇਡੀ।
ਅਰਸ਼ਦੀਪ ਸਿੰਘ ਨੇ ਆਪਣੇ 10 ਓਵਰਾਂ ਵਿੱਚ 37 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
28ਵੇਂ ਓਵਰ ਵਿੱਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 116 ਦੌੜਾਂ ਬਣਾ ਕੇ ਆਊਟ ਹੋ ਗਈ। ਆਖ਼ਰੀ ਵਿਕਟ ਕੁਲਦੀਪ ਯਾਦਵ ਨੇ ਲਈ।
ਭਾਰਤੀ ਬੱਲੇਬਾਜ਼ਾਂ ਨੇ 117 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)