ਸਮੋਸਾ ਕੌਕਸ ਕੀ ਹੈ ਜਿਸ ਨੇ ਸਿੱਖ-ਵੱਖਵਾਦੀ ਤੇ ਨਿਖਿਲ ਗੁਪਤਾ ਦੇ ਕੇਸ ਬਾਰੇ ਭਾਰਤ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ

Saturday, Dec 16, 2023 - 03:35 PM (IST)

ਸਮੋਸਾ ਕੌਕਸ ਕੀ ਹੈ ਜਿਸ ਨੇ ਸਿੱਖ-ਵੱਖਵਾਦੀ ਤੇ ਨਿਖਿਲ ਗੁਪਤਾ ਦੇ ਕੇਸ ਬਾਰੇ ਭਾਰਤ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ
ਮੋਦੀ ਬਾਈਡਨ
Getty Images/ Anna Money maker
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ

ਅਮਰੀਕਾ ਦੀ ਸਰਕਾਰ ਨੇ ਪੰਜ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨਾਲ ਸਿੱਖ ਵੱਖਵਾਦੀ ਆਗੂ ਦੇ ਕਤਲ ਦੀ ਕਥਿਤ ਸਾਜਿਸ਼ ਦੇ ਮਾਮਲੇ ਬਾਰੇ ''''ਗੁਪਤ'''' ਜਾਣਕਾਰੀ ਸਾਂਝੀ ਕੀਤੀ ਹੈ।

ਇਨ੍ਹਾਂ ਪੰਜ ਸੰਸਦ ਮੈਂਬਰਾਂ ਦੇ ਅਣਅਧਿਕਾਰਤ ਸਮੂਹ ਨੂੰ ''''ਸਮੋਸਾ ਕੌਕਸ'''' ਜਾਂ ਇੰਡੀਅਨ ਕੌਕਸ ਵੀ ਕਿਹਾ ਜਾਂਦਾ ਹੈ।

ਇਨ੍ਹਾਂ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਜੇਕਰ ਇਸ ਮਾਮਲੇ ਨੂੰ ਸੁਲਝਾਇਆ ਨਹੀਂ ਜਾਂਦਾ ਤਾਂ ਇਹ ਅਮਰੀਕਾ ਅਤੇ ਭਾਰਤ ਦੀ ਅਹਿਮ ਭਾਈਵਾਲੀ ਨੂੰ ''''ਸਿਗਨੀਫਿਕੈਂਟ ਡੈਮੇਜ'''' ਯਾਨੀ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।

ਭਾਰਤੀ ਅਮਰੀਕੀ ਕਾਂਗਰਸ ਮੈਂਬਰਾਂ ਵੱਲੋਂ ਇਸ ਬਾਰੇ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ ਹੈ।

ਇਸ ਬਿਆਨ ਵਿੱਚ ਕਿਹਾ ਗਿਆ ਹੈ, “ਅਸੀਂ ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜਿਸ਼ ਦੀ ਜਾਂਚ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਕਮੇਟੀ ਬਣਾਏ ਜਾਣ ਦੇ ਐਲਾਨ ਦਾ ਸੁਆਗਤ ਕਰਦੇ ਹਾਂ, ਇਸਦੇ ਨਾਲ ਹੀ ਇਹ ਵੀ ਅਹਿਮ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਵਿੱਚ ਪੂਰੀ ਜਾਂਚ ਕਰੇ।''''''''

ਉਨ੍ਹਾਂ ਕਿਹਾ, "ਭਾਰਤ ਇਸ ਵਿੱਚ ਸ਼ਾਮਲ ਲੋਕਾਂ ਸਮੇਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤਹਿ ਕਰੇ ਅਤੇ ਇਹ ਗਰੰਟੀ ਦਿੱਤੀ ਜਾਵੇ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।"

ਇਹ ਪੰਜ ਅਮਰੀਕੀ ਭਾਰਤੀ ਸੰਸਦ ਮੈਂਬਰ ਅਮੀ ਬੇਰਾ, ਪ੍ਰਮਿਲਾ ਜਿਆਪਾਲ, ਰੋ ਖੰਨਾ, ਰਾਜਾ ਕ੍ਰਿਸ਼ਣਾਮੂਰਤੀ ਅਤੇ ਸ਼੍ਰੀ ਥਾਨੇਦਾਰ ਹਨ। ਉਨ੍ਹਾਂ ਨੇ ਇਹ ਬਿਆਨ ਆਪਣੇ ਐਕਸ ਅਕਾਊਂਟ ''''ਤੇ ਵੀ ਸਾਂਝਾ ਕੀਤਾ ਹੈ।

ਪ੍ਰਮਿਲਾ ਜਿਆਪਾਲ
X/ Pramila Jayapal
ਪੰਜ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਇਸ ਬਾਰੇ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ।

ਅਮਰੀਕੀ ਵਕੀਲਾਂ ਵੱਲੋਂ ਇੱਕ ਸਿੱਖ ਕਾਰਕੁਨ ਦੇ ਕਤਲ ਦੀ ਸਾਜਿਸ਼ ਦੇ ਇਲਜ਼ਾਮ ਇੱਕ ਭਾਰਤੀ ਨਾਗਰਿਕ ਉੱਤੇ ਲਗਾਏ ਗਏ ਸਨ, ਜੋ ਕਥਿਤ ਤੌਰ ''''ਤੇ ਅਜਿਹਾ ਇੱਕ ਭਾਰਤੀ ਅਧਿਕਾਰੀ ਦੇ ਕਹਿਣ ''''ਤੇ ਕਰ ਰਿਹਾ ਸੀ।

ਹਾਲਾਂਕਿ, ਅਮਰੀਕੀ ਵਕੀਲਾਂ ਨੇ ਇਸ ਕਥਿਤ ਸਾਜਿਸ਼ ਦੇ ਤਹਿਤ ਕਿਸ ਵੱਖਵਾਦੀ ਆਗੂ ਦਾ ਕਤਲ ਕੀਤਾ ਜਾਣਾ ਸੀ, ਇਸਦਾ ਹਾਲੇ ਜ਼ਿਕਰ ਨਹੀਂ ਕੀਤਾ ਹੈ।

ਪਰ ਭਾਰਤੀ ਅਤੇ ਕੌਮਾਂਤਰੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਿੱਖ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਮੁਲਜ਼ਮ ਦੇ ਨਿਸ਼ਾਨੇ ਉੱਤੇ ਸਨ।

ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਿਖਿਲ ਗੁਪਤਾ ''''ਤੇ ਪੰਨੂ ਦਾ ਕਤਲ ਕਰਵਾਉਣ ਦੇ ਲਈ ਫਿਰੌਤੀ ਦੇਣ ਦੇ ਇਲਜ਼ਾਮ ਹਨ।

ਅਮਰੀਕੀ ਕਾਂਗਰਸ ਦੇ ਪੰਜ ਆਗੂਆਂ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ , “ਸਾਡਾ ਮੰਨਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਹਿਯੋਗ ਨੇ ਦੋਵਾਂ ਦੇਸਾਂ ਦੇ ਲੋਕਾਂ ਦੀਆਂ ਜ਼ਿੰਦਗੀਆਂ ''''ਤੇ ਅਰਥਪੂਰਨ ਅਸਰ ਪਾਇਆ ਹੈ।”

ਉਨ੍ਹਾਂ ਕਿਹਾ, "ਪਰ ਸਾਡੀ ਚਿੰਤਾ ਇਹ ਹੈ ਕਿ ਅਦਾਲਤ ਵਿੱਚ ਦਾਇਰ ਕੀਤੇ ਗਏ ਦਸਤਾਵੇਜ਼ਾਂ ਵਿੱਚ ਜਿਹੋ ਜਿਹਾ ਬਿਊਰਾ ਹੈ, ਉਹ ਚਿੰਤਾਜਨਕ ਹੈ ਅਤੇ ਜੇਕਰ ਇਸਨੂੰ ਸੁਲਝਾਇਆ ਨਾ ਗਿਆ ਤਾਂ ਭਾਰਤ ਅਤੇ ਅਮਰੀਕਾ ਦੀ ਅਹਿਮ ਭਾਈਵਾਲੀ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।”

ਪ੍ਰਮਿਲਾ ਜਿਆਪਾਲ
X/ Pramila Jayapal
ਪ੍ਰਮਿਲਾ ਜਿਆਪਾਲ ਦਾ ਐਕਸ ''''ਤੇ ਬਿਆਨ

ਨਿਖਿਲ ਗੁਪਤਾ ਦੇ ਕੇਸ ਬਾਰੇ ਬਾਈਡਨ ਸਰਕਾਰ ਵੱਲੋਂ ਗੁਪਤ ਜਾਣਕਾਰੀ (ਕਲਾਸੀਫਾਈਡ ਬ੍ਰੀਫਿੰਗ) ਤੋਂ ਬਾਅਦ ਸੰਸਦ ਮੈਂਬਰਾਂ ਦਾ ਇਹ ਬਿਆਨ ਆਇਆ ਹੈ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ, “ਸੰਸਦ ਦੇ ਮੈਂਬਰ ਦੇ ਤੌਰ ‘ਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਬਿਹਤਰੀ ਸਾਡੀ ਪਹਿਲ ਹੈ। ਨਿਖਿਲ ਗੁਪਤਾ ‘ਤੇ ਅਮਰੀਕੀ ਸਰਕਾਰ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਜੋ ਇਲਜ਼ਾਮ ਲਾਏ ਗਏ ਹਨ, ਉਹ ਬਹੁਤ ਚਿੰਤਾਜਨਕ ਹਨ।”

ਨਿਖਿਲ ਗੁਪਤਾ
Department of Justice US
ਨਿਖਿਲ ਗੁਪਤਾ ਉੱਤੇ ਸਿੱਖ ਵੱਖਵਾਦੀ ਦੇ ਕਤਲ ਲਈ ਫਿਰੌਤੀ ਦੇਣ ਦੇ ਇਲਜ਼ਾਮ ਹਨ।

ਕੈਨੇਡਾ ਵਿੱਚ ਜੂਨ 2023 ਨੂੰ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਝਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਲਜ਼ਾਮ ਲਾਏ ਸਨ ਕਿ ਭਾਰਤ ਸਰਕਾਰ ਦੇ ਏਜੰਟਾਂ ਦੀ ਸਰੀ ’ਚ ਨਿੱਝਰ ਦੇ ਕਤਲ ’ਚ ਸ਼ਮੂਲੀਅਤ ਹੋ ਸਕਦੀ ਹੈ। ਹਾਲਾਂਕਿ, ਭਾਰਤ ਨੇ ਇਹਨਾਂ ਇਲਜ਼ਾਮਾਂ ਨੂੰ ਰੱਦ ਕੀਤਾ ਸੀ।

ਅਮਰੀਕਾ ਨੇ ਸਿੱਖ ਕਾਰਕੁਨ ਦੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮਾਂ ਤਹਿਤ ਨਿਖਿਲ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਗੁਰਪਤਵੰਤ ਸਿੰਘ ਪੰਨੂ
Getty Images
ਗੁਰਪਤਵੰਤ ਸਿੰਘ ਪੰਨੂ

ਪੰਨੂ ਨੂੰ ਭਾਰਤ ''''ਚ ਅੱਤਵਾਦੀ ਐਲਾਨਿਆ ਹੋਇਆ ਹੈ।

ਅਮਰੀਕੀ ਅਦਾਲਤ ''''ਚ ਦਾਇਰ ਇਲਜ਼ਾਮਾਂ ''''ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ''''ਤੇ ਇੱਕ ਲੱਖ ਡਾਲਰ (ਤਕਰੀਬਨ 83 ਲੱਖ ਰੁਪਏ) ਦੀ ਨਕਦੀ ਬਦਲੇ ਅਮਰੀਕੀ ਨਾਗਰਿਕ ਦੇ ਕਤਲ ਦਾ ਠੇਕਾ ਦੇਣ ਦੇ ਇਲਜ਼ਾਮ ਲਗਾਏ ਗਏ ਹਨ।

ਅਮਰੀਕੀ ਸਰਕਾਰ ਦੇ ਵਕੀਲਾਂ ਨੇ ਨਿਖਿਲ ਗੁਪਤਾ ਉੱਤੇ ਉੱਤਰੀ ਅਮਰੀਕਾ ਵਿੱਚ ਘੱਟੋ-ਘੱਟ ਚਾਰ ਸਿੱਖ ਕਾਰਕੁਨਾਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਸਨ।

ਭਾਰਤ ਨੇ ਕਿਹਾ ਸੀ ਕਿ ਅਮਰੀਕਾ ਵੱਲੋਂ ਸਾਂਝੀ ਕੀਤੀ ਜਾਣਕਾਰੀ ‘ਚਿੰਤਾਜਨਕ’ ਹੈ, ਇਸਦੀ ਜਾਂਚ ਕਮੇਟੀ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਹੈ।

ਭਾਰਤ ਨੇ ਕਿਹਾ ਕਿ ਅਜਿਹੀ ਸਾਜ਼ਿਸ਼ ਉਨ੍ਹਾਂ ਦੀ ਸਰਕਾਰੀ ਨੀਤੀ ਨਹੀਂ ਹੈ ਅਤੇ ਉਹ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਨਹੀਂ ਬਣਾ ਰਹੇ।

ਸਮੋਸਾ ਕੌਕਸ ਕੀ ਹੈ

ਪ੍ਰਮਿਲਾ ਜਿਆਪਾਲ
Getty Images
ਪ੍ਰਮਿਲਾ ਜਿਆਪਾਲ ਅਮਰੀਕਾ ਦੀ ਕਾਂਗਰਸ ਵਿੱਚ ਚੋਣ ਜਿੱਤਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਅਮਰੀਕੀ ਔਰਤ ਹੈ।

ਸਮੋਸਾ ਕੌਕਸ ਨਾਂ ਦੀ ਵਰਤੋਂ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦੇ ਅਣਅਧਿਕਾਰਤ ਸਮੂਹ ਲਈ ਕੀਤੀ ਜਾਂਦੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਦੇ ਮੁਤਾਬਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੂਨ 2023 ਵਿੱਚ ਅਮਰੀਕੀ ਸੰਸਦ ''''ਚ ਦਿੱਤੇ ਆਪਣੇ ਭਾਸ਼ਣ ਵਿੱਚ ਵੀ ''''ਸਮੋਸਾ'''' ਕੌਕਸ ਦਾ ਜ਼ਿਕਰ ਕੀਤਾ ਸੀ।

ਇਸ ਵੇਲੇ ਅਮਰੀਕੀ ਕਾਂਗਰਸ ਵਿੱਚ ਭਾਰਤੀ ਮੂਲ ਦੇ ਪੰਜ ਸੰਸਦ ਮੈਂਬਰ ਹਨ, ਇਹ ਵੱਖੋ-ਵੱਖਰੇ ਹਲਕਿਆਂ ਤੋਂ ਨੁਮਾਇੰਦਗੀ ਕਰਦੇ ਹਨ।

ਪ੍ਰਮਿਲਾ ਜਿਆਪਾਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਉਹ ਚੌਥੀ ਵਾਰ ਸੰਸਦ ਮੈਂਬਰ ਬਣੇ ਹਨ ਅਤੇ ਵਾਸ਼ਿੰਗਟਨ 7ਵੀਂ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦੇ ਹਨ।

ਉਹ ਅਮਰੀਕਾ ਦੀ ਕਾਂਗਰਸ ਵਿੱਚ ਚੋਣ ਜਿੱਤਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਅਮਰੀਕੀ ਔਰਤ ਹਨ।

ਉਹ ਹਾਊਸ ਜੁਡੀਸ਼ਰੀ ਕਮੇਟੀ ਦੀ ਮੈਂਬਰ ਹਨ, ਉਹ ਸਬ ਕਮੇਟੀ ਓਨ ਇਮੀਗਰੇਸ਼ਨ ਇੰਟੈਗਰਿਟੀ ਸਕਿਓਰਟੀ ਐਂਡ ਐਨਫੋਰਸਮੈਂਟ ਦੇ ਰੈਂਕਿੰਗ ਮੈਂਬਰ ਵੀ ਹਨ।

ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਥੀ
X/ Raja Krishnamoorthi
ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਥੀ

ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਥੀ ਇਲੀਨੋਇ ਦੀ 8ਵੀ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਹ ਅਮਰੀਕਾ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਨੀਤੀਗਤ ਮੁਕਾਬਲੇ ਬਾਰੇ ਬਣੀ ਕਮੇਟੀ ਦੇ ਰੈਂਕਿੰਗ ਮੈਂਬਰ ਹਨ, ਉਹ ਇਸ ਅਹੁਦੇ ''''ਤੇ ਪਹੁੰਚਣ ਵਾਲੇ ਪਹਿਲੇ ਮੈਂਬਰ ਹਨ।

ਐਮੀ ਬੇਰਾ ਦੀ ਵੈੱਬਸਾਈਟ ਮੁਤਾਬਕ ਉਹ ਸੈਕਰਾਮੈਂਟੋ ਕਾਊਂਟੀ ਹਲਕੇ ਤੋਂ ਸੰਸਦ ਮੈਂਬਰ ਹਨ।

ਉਹ ਹਾਊਸ ਫੌਰੇਨ ਅਫੇਅਰਸ ਕਮੇਟੀ ਦੇ ਵੀ ਮੈਂਬਰ ਹਨ ਅਤੇ ਇੰਡੋ ਪੈਸਿਫਿਕ ਸਬ ਕਮੇਟੀ ਦੇ ਵੀ ਰੈਂਕਿੰਗ ਮੈਂਬਰ ਹਨ।

ਰੋ ਖੰਨਾ ਕੈਲੀਫੌਰਨੀਆ ਤੋਂ ਸੰਸਦ ਮੈਂਬਰ ਹਨ ਅਤੇ ਉਹ ਹਾਊਸ ਆਰਮਡ ਸਰਵਿਸਿਸ ਕਮੇਟੀ ਦੇ ਰੈਂਕਿੰਗ ਮੈਂਬਰ ਹਨ।

ਸ਼੍ਰੀ ਥਾਨੇਦਾਰ ਮਿਸ਼ੀਗਨ ਤੋਂ ਸੰਸਦ ਮੈਂਬਰ ਹਨ।

ਸਾਜਿਸ਼ ਦੇ ਮੁਲਜ਼ਮ ਦੇ ਪਰਿਵਾਰ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ

ਸ਼ੁੱਕਰਵਾਰ ਨੂੰ ਭਾਰਤ ਦੇ ਸੁਪਰੀਮ ਕੋਰਟ ਵਿੱਚ ਅਮਰੀਕਾ ਰਹਿੰਦੇ ਇੱਕ ਸਿੱਖ ਵੱਖਵਾਦੀ ਦੇ ਕਤਲ ਦੀ ਕਥਿਤ ਸਾਜ਼ਿਸ਼ ਦੇ ਮੁਲਜ਼ਮ ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਇੱਕ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਗਈ ।

ਇਸ ਪਟੀਸ਼ਨ ਵਿੱਚ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਰਿਹਾਅ ਕਰਵਾ ਕੇ ਭਾਰਤ ਲਿਆਉਣ ਲਈ ਭਾਰਤੀ ਸਰਕਾਰ ਦੇ ਦਖਲ ਦੀ ਮੰਗ ਕੀਤੀ ਗਈ ਸੀ।

ਨਿਖਿਲ ਗੁਪਤਾ ਦੇ ਵਕੀਲ ਰੋਹਿਨੀ ਮੂਸਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੀ ਸੁਣਵਾਈ 4 ਜਨਵਰੀ, 2024 ਨੂੰ ਹੋਵੇਗੀ।

ਨਿਖਿਲ ਗੁਪਤਾ ਦੇ ਵਕੀਲ ਰੋਹਿਨੀ ਮੂਸਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਸੀ ਕਿ, “ਅਸੀਂ ਇੱਕ ਭਾਰਤੀ ਨਾਗਰਿਕ ਦੀ ਪਟੀਸ਼ਨ ਦਾਇਰ ਕੀਤੀ ਹੈ ਜੋ ਚੈੱਕ ਗਣਰਾਜ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਰੱਖਿਆ ਹੋਇਆ ਹੈ।”

ਰੋਹਿਨੀ ਮੂਸਾ ਨੇ ਕਿਹਾ ਸੀ, “ਉਹ ਅਮਰੀਕਾ ਵੱਲੋਂ ਹਵਾਲਗੀ ਦੀ ਅਪੀਲ ਨੂੰ ਝੱਲ ਰਿਹਾ ਹੈ। ਅਸੀਂ ਮੰਤਰਾਲੇ ਤੋਂ ਮਦਦ ਲਈ ਪਟੀਸ਼ਨ ਪਾਈ ਹੈ।ਇਹ ਮਦਦ ਕਿਸੇ ਵੀ ਭਾਰਤੀ ਨਾਗਰਿਕ ਨੂੰ ਦਿੱਤੀ ਜਾਂਦੀ ਹੈ ਜੋ ਕਿਸੇ ਵਿਦੇਸ਼ੀ ਧਰਤੀ ’ਤੇ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਹੋਵੇ।”

ਉਨ੍ਹਾਂ ਕਿਹਾ, “ਸੁਪਰੀਮ ਕੋਰਟ ਇਸ ਮਾਮਲੇ ’ਤੇ ਸੁਣਵਾਈ ਕਰੇਗਾ ਅਤੇ ਇਸ ਦੀ ਇੱਕ ਕਾਪੀ ਸਰਕਾਰ ਨੂੰ ਭੇਜੀ ਜਾਵੇਗੀ।”

ਰੋਹਿਨੀ ਮੂਸਾ ਨੇ ਬੀਬੀਸੀ ਨੂੰ ਦੱਸਿਆ ਸੀ “ਇਸ ਤਰ੍ਹਾਂ ਦੀਆਂ ਰਿਪੋਰਟਾਂ ਹਨ ਕਿ ਉਸ ਦੀ ਪਹਿਲਾਂ ਹੀ ਹਵਾਲਗੀ ਦਿੱਤੀ ਜਾ ਚੁੱਕੀ ਹੈ। ਅਸੀਂ ਉਸ ਤੋਂ ਅਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਲੈ ਸਕਦੇ।”

ਉਹ ਦਾਅਵਾ ਕਰਦੇ ਹਨ ਕਿ ਨਿਖਿਲ ਦਾ ਪਰਿਵਾਰ ਉਸਨੂੰ ਕੋਈ ਸਹਾਇਤਾ ਨਹੀਂ ਦੇ ਸਕਦਾ।

ਸੁਪਰੀਮ ਕੋਰਟ
ANI
ਨਿਖਿਲ ਗੁਪਤਾ ਦੇ ਪਰਿਵਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਬੀਬੀਸੀ ਪੱਤਰਕਾਰ ਉਮੰਗ ਪੋਦਾਰ ਅਨੁਸਾਰ ਨਿਖਿਲ ਗੁਪਤਾ ਦੇ ਪਰਿਵਾਰ ਦਾ ਦਾਅਵਾ ਸੀ ਕਿ ਉਸ ਨੂੰ ਬਿਨਾਂ ਕਿਸੇ ਗ੍ਰਿਫਤਾਰੀ ਵਾਰੰਟ ਦੇ "ਖੁਦ ਨੂੰ ਅਮਰੀਕੀ ਏਜੰਟ" ਦੱਸਣ ਵਾਲਿਆਂ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਕੇਸ ਦੀ ਨਿਰਪੱਖ ਸੁਣਵਾਈ ਨਹੀਂ ਹੋਈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਜਿੱਥੇ ਉਸ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ।

ਇਹ ਵੀ ਕਿਹਾ ਗਿਆ ਕਿ ਉਸ ਨੂੰ ਨਜ਼ਰਬੰਦੀ ਦੌਰਾਨ ਬੀਫ ਅਤੇ ਸੂਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਗਿਆ ਸੀ, ਜੋ ਕਿ ਉਸ ਦੇ ਧਰਮ ਦੇ ਵਿਰੁੱਧ ਹੈ।

ਪਟੀਸ਼ਨ ਅਨੁਸਾਰ ਉਹ ਹਿੰਦੂ ਸ਼ਰਧਾ ਵਾਲਾ ਅਤੇ ਸ਼ਾਕਾਹਾਰੀ ਹੈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਸ ਨੂੰ ਸਿਆਸੀ ਕਾਰਨਾਂ ਕਰਕੇ ਸਤਾਇਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News