ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ’ਤੇ ਸਵਾਲ: ‘‘ਚਲਦੇ ਭਾਸ਼ਣ ’ਚ ਮੁਆਫ਼ੀ ਮੰਗਣਾ ਸਹੀ ਤਰੀਕਾ ਨਹੀਂ ਮੰਨਿਆਂ ਜਾ ਸਕਦਾ’’

Saturday, Dec 16, 2023 - 09:05 AM (IST)

ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ’ਤੇ ਸਵਾਲ: ‘‘ਚਲਦੇ ਭਾਸ਼ਣ ’ਚ ਮੁਆਫ਼ੀ ਮੰਗਣਾ ਸਹੀ ਤਰੀਕਾ ਨਹੀਂ ਮੰਨਿਆਂ ਜਾ ਸਕਦਾ’’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖ ਪੰਥ ਤੋਂ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਸਿੱਖ ਹਲਕਿਆਂ ਵਿਚ ਇੱਕ ਨਵੀਂ ਚਰਚਾ ਛਿੜ ਗਈ ਹੈ।

ਸੁਖਬੀਰ ਸਿੰਘ ਬਾਦਲ ਨੇ 14 ਨਵੰਬਰ ਨੂੰ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਦੀ ਗੱਲ ਕਰਦਿਆਂ ਸਿੱਖ ਮੁਆਫ਼ੀ ਮੰਗੀ ਸੀ।

ਜਿਵੇਂ ਹੀ ਇਸ ਮੁਆਫ਼ੀਨਾਮੇ ਦੀ ਗੱਲ ਸਾਹਮਣੇ ਆਈ ਤਾਂ ਪੰਥਕ ਸਫ਼ਾ ਵਿੱਚ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ। ਪੰਥਕ ਹਲਕਿਆਂ ਵਿੱਚ ਮੁੱਦਾ ਇਹ ਉੱਠ ਰਿਹਾ ਹੈ ਕਿ ਸਿੱਖ ਪੰਥ ਵਿੱਚ ਕਿਸੇ ਭੁੱਲ ਲਈ ਅਕਾਲ ਤਖ਼ਤ ਤੋਂ ਮੁਆਫ਼ੀ ਮੰਗਣ ਦੀ ਮਰਿਆਦਾ ਕੀ ਹੈ।

ਇਸ ਮੁੱਦੇ ਨੂੰ ਲੈ ਕੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਮੁਆਫੀਨਾਮੇ ਨੂੰ ਪੰਥਕ ਸਿਧਾਂਤਾ ਦਾ ''''ਘਾਣ'''' ਕਰਾਰ ਦਿੱਤਾ ਹੈ।

ਸੁਖਬੀਰ ਦੇ ਮੁਆਫ਼ੀ ਮੰਗਣ ''''ਤੇ ਸਾਬਕਾ ਜਥੇਦਾਰ ਕੀ ਬੋਲੇ

ਬੇਅਦਬੀ
SAD Media
ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਦੇ ਮਾਮਲਿਆਂ ਨਾਲ ਜੁੜੇ ਦੋਸ਼ੀਆਂ ਨੂੰ ਫੜਨ ਵਿਚ ਨਾ-ਕਾਮਯਾਬ ਹੋਣ ਲਈ ''''ਦਬਾਅ'''' ਦੀ ਗੱਲ ਆਖੀ ਗਈ ਹੈ।

ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਬਾਰੇ ਮੰਗੀ ਮੁਆਫ਼ੀ ''''ਤੇ ਬੋਲਦਿਆਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਸਿੱਖ ਪੰਥ ਦੇ ਹਿਰਦਿਆਂ ਨੂੰ ਵਲੂੰਧਰਣ ਵਾਲੀਆਂ ਹਨ।

ਉਨ੍ਹਾਂ ਕਿਹਾ, "ਪੰਥ ਅਤੇ ਗ੍ਰੰਥ ਦਾ ਇੱਕ ਵਿਲੱਖਣ ਸਿਧਾਂਤ ਹੈ ਅਤੇ ਜੇਕਰ ਕੋਈ ਵੀ ਕੌਮ ਨਾਲ ਧ੍ਰੋਹ ਕਰਦਾ ਹੈ ਤਾਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਮੁਤਾਬਿਕ ਮੁਆਫ਼ੀ ਦਿੱਤੀ ਜਾਂਦੀ ਹੈ।"

ਰਣਜੀਤ ਸਿੰਘ ਕਹਿੰਦੇ ਹਨ, "ਸਿੱਖ ਸਿਧਾਂਤਾਂ ਦਾ ਨਿਰਾਦਰ ਕਰਨ ਵਾਲੇ ਸ਼ਖਸ ਨੂੰ ਆਪਣੇ ਗਲ ਵਿੱਚ ਪੱਲਾ ਪਾ ਕੇ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਸਿਰ ਝੁਕਾ ਕੇ ਖੜ੍ਹਨਾ ਹੁੰਦਾ ਹੈ। ਇਸ ਮਗਰੋਂ 5 ਪਿਆਰੇ ਗੁਨਾਹ ਕਰਨ ਵਾਲੇ ਨੂੰ ਪੁੱਛਦੇ ਹਨ ਕਿ ਉਸ ਨੇ ਸਿੱਖ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ ?"

ਸਾਬਕਾ ਜਥੇਦਾਰ ਕਹਿੰਦੇ ਹਨ, "ਫਿਰ ਗੁਨਾਹਗਾਰ ਨੂੰ ਪੰਜ ਪਿਆਰੇ ਤਨਖਾਹੀਆ ਕਰਾਰ ਦੇ ਕੇ ਧਾਰਮਿਕ ਸਜ਼ਾ ਸੁਣਾਉਂਦੇ ਹਨ। ਜੇ ਸਬੰਧਤ ਵਿਅਕਤੀ ਸਜ਼ਾ ਨੂੰ ਨਹੀਂ ਮੰਨਦਾ ਤਾਂ ਪੰਜ ਪਿਆਰੇ ਗੁਨਾਹਗਾਰ ਨੂੰ ਪੰਥ ਵਿੱਚੋਂ ਛੇਕ ਸਕਦੇ ਹਨ।"

ਉਹ ਕਹਿੰਦੇ ਹਨ, "ਪਰ ਸੁਖਬੀਰ ਸਿੰਘ ਬਾਦਲ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ। ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਫੜਨ ਦਾ ਹੈ। ਜੇ ਸੁਖਬੀਰ ਸਿੰਘ ਬਾਦਲ ਸੱਚੇ ਦਿਲ ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਚਾਹੁੰਦੇ ਹੁੰਦੇ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਗਲ ਵਿੱਚ ਪੱਲਾ ਪਾ ਕੇ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਮਣੇ ਪੇਸ਼ ਹੁੰਦੇ।"

ਰਣਜੀਤ ਸਿੰਘ ਨੇ ਕਿਹਾ ਕਿ ਪੰਥਕ ਸਿਧਾਂਤ ਸਰਬ-ਉੱਚ ਹਨ ਅਤੇ ਇਨ੍ਹਾਂ ਸਿਧਾਂਤਾਂ ਦੀ ਪਾਲਣਾ ਨਾ ਕਰਨਾ ਵੀ ਇੱਕ ''''ਗੁਨਾਹ'''' ਹੈ।

ਮੁਆਫ਼ੀ
BBC

ਇਸੇ ਤਰ੍ਹਾਂ ''''ਬੀਬੀਸੀ'''' ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨਾਲ ਗੱਲ ਕੀਤੀ।

ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫ਼ੀ ਮੰਗੇ ਜਾਣ ਸਬੰਧੀ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸਿੱਖ ਸਿਧਾਂਤਾਂ ਦਾ ਜ਼ਿਕਰ ਕੀਤਾ।

ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿੱਚ ਹਰ ਮਨੁੱਖ ਤੋਂ ਭੁੱਲ ਜਾਂ ਗੁਨਾਹ ਹੋ ਜਾਂਦੇ ਹਨ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਸਿਧਾਂਤ ਮੁਤਾਬਿਕ ਨੀਵਾਂ ਹੋ ਕੇ ਗੁਰੂ ਦੇ ਦਰ ''''ਤੇ ਆਉਣ ਵਾਲਿਆਂ ਨੂੰ ਮੁਆਫ਼ੀ ਵੀ ਦਿੱਤੀ ਜਾਂਦੀ ਰਹੀ ਹੈ।

ਉਨ੍ਹਾਂ ਕਿਹਾ, "ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀਆਂ ਦੇ ਮੁੱਦੇ ''''ਤੇ ਮੁਆਫ਼ੀ ਮੰਗਣ ਦਾ ਢੰਗ ਗੁਰੂ ਦੇ ਸਿਧਾਂਤ ਅਨੁਸਾਰ ਹੋਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਮੁਆਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ''''ਤੇ ਪੇਸ਼ ਹੋ ਕੇ ਮੰਗਣ ਦੀ ਮਰਿਆਦਾ ਹੈ। ਚਲਦੇ ਭਾਸ਼ਨ ਵਿੱਚ ਮੁਆਫ਼ੀ ਦੀ ਗੱਲ ਕਰਨਾ ਸਹੀ ਤਰੀਕਾ ਨਹੀਂ ਮੰਨਿਆਂ ਜਾ ਸਕਦਾ।"

ਉਹ ਅੱਗੇ ਦੱਸਦੇ ਹਨ, "ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੇ ਮਸਲੇ ਨੂੰ ਲੈ ਕੇ ਸੰਗਤ ਪਿਛਲੇ 8 ਸਾਲਾਂ ਤੋਂ ਨਿਆਂ ਨੂੰ ਉਡੀਕ ਰਹੀ ਹੈ। ਇਸ ਬਾਬਤ ਮੁਆਫ਼ੀ ਦੀ ਗੱਲ ਸਿੱਖ ਕੌਮ ਦੀ ਕਚਹਿਰੀ ਵਿੱਚ ਵਿਚਾਰੀ ਜਾਣੀ ਹੈ। ਅਕਾਲੀ ਦਲ ਰਾਜਨੀਤਿਕ ਤੌਰ ''''ਤੇ ਇਸੇ ਮਸਲੇ ਨੂੰ ਲੈ ਕੇ ਨਿੱਘਾਰ ਵੱਲ ਜਾ ਰਿਹਾ ਹੈ।"

ਗਿਆਨੀ ਕੇਵਲ ਸਿੰਘ ਕਹਿੰਦੇ ਹਨ, "ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਲਈ ਅਕਾਲੀ ਦਲ ਵੱਲੋਂ ਕਈ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਗਈਆਂ ਸਨ। ਸਿਰਫ਼ ਰਾਜਨੀਤੀ ਚਮਕਾਉਣ ਲਈ ਧਾਰਮਿਕ ਸਿਧਾਂਤਾਂ ਨਾਲ ਖਿਲਵਾੜ ਕਰਨਾ ਜਾਂ ਬਿਨਾਂ ਕਿਸੇ ਮਰਿਆਦਾ ਦੇ ਮੁਆਫ਼ੀ ਦੀ ਗੱਲ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੀ।"

ਕਦੋਂ ਤੇ ਕਿੱਥੇ ਹੋਈ ਸੀ ''''ਬੇਅਦਬੀ''''

ਬੇਅਦਬੀ
Getty Images
ਪ੍ਰਦਰਸ਼ਨਕਾਰੀ ਸਿੱਖ ਮੰਗ ਕਰ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ''''ਬੇਅਦਬੀ'''' ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

1 ਜੂਨ 2015 ਨੂੰ ਜ਼ਿਲਾ ਫਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਕੁੱਝ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰ ਲਈ ਸੀ।

ਪੰਜਾਬ ਪੁਲਿਸ ਦੇ ਡੀਆਈਜੀ ਰਹੇ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਸ ਗੱਲ ਤੋਂ ਪਰਦਾ ਚੁੱਕਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਮਗਰੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਇਤਰਾਜ਼ਯੋਗ ਅਤੇ ਭੜਕਾਊ ਭਾਸ਼ਾ ਵਾਲੇ ਪੋਸਟਰ ਵੀ ਲਗਾਏ ਗਏ ਸਨ।

ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਗ ਪਿੰਡ ਬਰਗਾੜੀ ਤੇ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਮੱਲਕੇ ਦੀਆਂ ਗਲੀਆਂ ਵਿੱਚ ਖਿੱਲਰੇ ਹੋਏ ਮਿਲੇ ਸਨ।

ਇਸ ਵੇਲੇ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸੀ ਤੇ ਮਰਹੂਮ ਨੇਤਾ ਪ੍ਰਕਾਸ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸਨ।

ਇਸ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਭਾਰੀ ਰੋਹ ਪੈਦਾ ਹੋ ਗਿਆ ਸੀ ਅਤੇ ਸਿੱਖ ਸੰਗਤ ਨੇ ਬਹਿਬਲ ਕਲਾਂ ਅਤੇ ਕੋਟਕਪੁਰਾ ਵਿੱਚ ਸੜਕਾਂ ਜਾਮ ਕਰ ਦਿੱਤੀਆਂ ਸਨ।

ਪ੍ਰਦਰਸ਼ਨਕਾਰੀ ਸਿੱਖ ਮੰਗ ਕਰ ਰਹੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ''''ਬੇਅਦਬੀ'''' ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਇਸ ਤੋਂ ਬਾਅਦ 14 ਅਕਤੂਬਰ 2015 ਨੂੰ ਪੁਲਿਸ ਨੇ ਪ੍ਰਦਰਸ਼ਨ ਕਰਨ ਵਾਲਿਆਂ ''''ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਸ ਗੋਲੀਬਾਰੀ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ।

ਇੱਥੋਂ ਹੀ ਉਸ ਵੇਲੇ ਦੀ ਅਕਾਲੀ ਸਰਕਾਰ ਖਿਲਾਫ਼ ਪੰਥਕ ਹਲਕਿਆਂ ਵਿੱਚ ਆਵਾਜ਼ ਉੱਠਣੀ ਸ਼ੁਰੂ ਹੋ ਗਈ ਸੀ।

ਅਕਾਲ ਤਖ਼ਤ ''''ਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਵਾਲੀਆਂ ਕੁੱਝ ਅਹਿਮ ਸਖਸ਼ੀਅਤਾਂ

ਅਕਾਲ ਤਖ਼ਤ
Getty Images
ਅਕਾਲ ਤਖ਼ਤ ਦੇ ਤੱਤਕਾਲੀਨ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਦਰਬਾਰ ਸਾਹਿਬ ''''ਤੇ ਹੋਏ ਫੌਜੀ ਹਮਲੇ ਨੂੰ ਲੈ ਕੇ ਗਿਆਨੀ ਜ਼ੈਲ ਸਿੰਘ ਤੇ ਬੂਟਾ ਸਿੰਘ ਨੂੰ ਤਲਬ ਕਰਕੇ ਇੰਨਾਂ ਸਖਸ਼ੀਅਤਾਂ ਨੂੰ ਧਾਰਮਿਕ ਸੇਵਾ ਲਾਈ ਸੀ।

ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਗਲਤੀ ਲਈ ਅਕਾਲ ਤਖ਼ਤ ਦੇ ਉਸ ਸਮੇਂ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮੁਆਫ਼ੀ ਦਿੱਤੀ ਸੀ।

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਹੁੰਦਿਆਂ ਅਕਾਲ ਤਖ਼ਤ ਦੇ ਸਿਧਾਂਤ ਅੱਗੇ ਸਿਰ ਝੁਕਾਉਂਦੇ ਹੋਏ ਜਥੇਦਾਰ ਅਕਾਲੀ ਫੂਲਾ ਸਿੰਘ ਵੱਲੋਂ ਕੋੜੇ ਮਾਰਨ ਦੀ ਸਜ਼ਾ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਸੀ।

ਇਤਿਹਾਸ ਦੀ ਸਮਝ ਰੱਖਣ ਵਾਲੇ ਪੰਜਾਬ ਵਿਰਾਸਤ ਮੰਚ ਦੇ ਸਰਪ੍ਰਸਤ ਰਾਜਿੰਦਰਪਾਲ ਸਿੰਘ ਥਰਾਜ ਕਹਿੰਦੇ ਹਨ, "ਮਹਾਰਾਜਾ ਰਣਜੀਤ ਸਿੰਘ ਮੋਰਾਂ ਨਾਂ ਦੀ ਔਰਤ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਲਈ ਆ ਰਹੇ ਸਨ ਤੇ ਅਕਾਲੀ ਫੂਲਾ ਸਿੰਘ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ । ਉਨ੍ਹਾਂ ਨੂੰ ਇਸ ਔਰਤ ਦੇ ਮੁੱਦੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ''''ਤੇ ਪੇਸ਼ ਹੋਣ ਦਾ ਹੁਕਮ ਸੁਣਾਇਆ ਸੀ।"

ਇਸ ਤੋਂ ਇਲਾਵਾ 1984 ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ''''ਤੇ ਹੋਏ ''''ਆਪ੍ਰੇਸ਼ਨ ਨੀਲਾ ਤਾਰਾ'''' ਤੋਂ ਬਾਅਦ ਭਾਰਤ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਭਾਰਤ ਦੇ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਅਕਾਲ ਤਖ਼ਤ ''''ਤੇ ਪੇਸ਼ ਹੋਏ ਸਨ।

ਅਕਾਲ ਤਖ਼ਤ ਦੇ ਤੱਤਕਾਲੀਨ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਦਰਬਾਰ ਸਾਹਿਬ ''''ਤੇ ਹੋਏ ਫੌਜੀ ਹਮਲੇ ਨੂੰ ਲੈ ਕੇ ਗਿਆਨੀ ਜ਼ੈਲ ਸਿੰਘ ਤੇ ਬੂਟਾ ਸਿੰਘ ਨੂੰ ਤਲਬ ਕਰਕੇ ਇੰਨਾਂ ਸਖਸ਼ੀਅਤਾਂ ਨੂੰ ਧਾਰਮਿਕ ਸੇਵਾ ਲਾਈ ਸੀ।

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਰਹੇ ਮਰਹੂਮ ਆਗੂ ਸੁਰਜੀਤ ਸਿੰਘ ਬਰਨਾਲਾ ਵੀ ਸ੍ਰੀ ਦਰਬਾਰ ਸਾਹਿਬ ''''ਤੇ ਹੋਏ ''''ਆਪ੍ਰੇਸ਼ਨ ਕਾਲੀ ਗਰਜ'''' ਤੋਂ ਬਾਅਦ ਅਕਾਲ ਤਖ਼ਤ ''''ਤੇ ਹਾਜ਼ਰ ਹੋ ਕੇ ਪੰਜ ਪਿਆਰਿਆਂ ਵੱਲੋਂ ਲਾਈ ਗਈ ਧਾਰਮਿਕ ਸੇਵਾ ਭੁਗਤ ਚੁੱਕੇ ਹਨ।

ਰਾਜਿੰਦਰਪਾਲ ਸਿੰਘ ਥਰਾਜ ਕਹਿੰਦੇ ਹਨ ਕਿ ਉਸ ਵੇਲੇ ਸੁਰਜੀਤ ਸਿੰਘ ਬਰਨਾਲਾ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਬਦਲੇ ਅਕਾਲ ਤਖ਼ਤ ''''ਤੇ ਤਲਬ ਕੀਤਾ ਗਿਆ ਸੀ।

ਇਸੇ ਤਰ੍ਹਾਂ ਸ਼੍ਰੋਮਣੀ ਬੁੱਢਾ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਨੂੰ ਵੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਤਲਬ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ 1984 ਵਿੱਚ ਫੌਜੀ ਐਕਸ਼ਨ ਤੋਂ ਬਾਅਦ ਢਹਿ ਚੁੱਕੇ ਅਕਾਲ ਤਖ਼ਤ ਦੀ ਕਾਰ ਸੇਵਾ ਸ਼ੁਰੂ ਕਰਵਾ ਦਿੱਤੀ ਸੀ।

ਅਕਾਲੀ ਦਲ ਦਾ ਪੱਖ ਕੀ ਹੈ ?

ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀ ਦੇ ਮਾਮਲਿਆਂ ਨਾਲ ਜੁੜੇ ਦੋਸ਼ੀਆਂ ਨੂੰ ਫੜਨ ਵਿਚ ਨਾ-ਕਾਮਯਾਬ ਹੋਣ ਲਈ ''''ਦਬਾਅ'''' ਦੀ ਗੱਲ ਆਖੀ ਗਈ ਹੈ।

ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅਖੰਡ ਪਾਠ ਦੇ ਭੋਗ ਮਗਰੋਂ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ, "ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਸਿਰ ਝੁਕਾ ਕੇ ਸਮੁੱਚੇ ਖਾਲਸਾ ਪੰਥ ਤੋਂ ਮੁਆਫ਼ੀ ਮੰਗਦਾ ਹਾਂ।"

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੁਆਫ਼ੀ ਮੰਗਣਾ ਇੱਕ ਫਰਾਖ਼-ਦਿਲੀ ਵਾਲਾ ਫੈਸਲਾ ਹੈ।

ਉਨ੍ਹਾਂ ਕਿਹਾ, "ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਇਸ ਨਾਲ ਇੱਕ ਤਾਂ ਪੰਥਕ ਏਕਤਾ ਦਾ ਰਾਹ ਪੱਧਰਾ ਹੋਵੇਗਾ ਤੇ ਦੂਜਾ ਇਸ ਨਾਲ ਅਕਾਲੀ ਦਲ ਨੇ ਪੰਥਕ ਰਿਵਾਇਤਾਂ ਨੂੰ ਮਜ਼ਬੂਤ ਕਰਨ ਦੀ ਪਿਰਤ ਪਾਈ ਹੈ।"



Related News