ਬਾਹਰਲੇ ਮੁਲਕਾਂ ਤੋਂ ਭਾਰਤ ਲਿਆ ਕੇ ਜਿਸਮਫਰੋਸ਼ੀ ਦੇ ਧੰਦੇ ''''ਚ ਧੱਕੀਆਂ ਕੁੜੀਆਂ ਦੀ ਹੱਡਬੀਤੀ- ਬੀਬੀਸੀ ਦੀ ਪੜਤਾਲ

Saturday, Dec 02, 2023 - 09:04 AM (IST)

ਬਾਹਰਲੇ ਮੁਲਕਾਂ ਤੋਂ ਭਾਰਤ ਲਿਆ ਕੇ ਜਿਸਮਫਰੋਸ਼ੀ ਦੇ ਧੰਦੇ ''''ਚ ਧੱਕੀਆਂ ਕੁੜੀਆਂ ਦੀ ਹੱਡਬੀਤੀ- ਬੀਬੀਸੀ ਦੀ ਪੜਤਾਲ
ਅਫ਼ਰੋਜ਼ਾ
BBC
ਅਫ਼ਰੋਜ਼ਾ ਨੂੰ ਦਿੱਲੀ ਦੇ ਇਸੇ ਫਲੈਟ ਵਿੱਚ ਰੱਖਿਆ ਗਿਆ ਸੀ

ਦੱਖਣੀ ਦਿੱਲੀ ਦੀ ਇੱਕ ਭੀੜ ਭੜੱਕੇ ਵਾਲੀ ਸੜਕ ਉੱਤੇ ਜਿਵੇਂ ਹੀ ਗੱਡੀ ਇੱਕ ਉਜ਼ਬੇਕ ਦੁਕਾਨ ਦੇ ਕੋਲੋਂ ਲੰਘਦੀ ਹੈ, ਅਫ਼ਰੋਜ਼ਾ ਨੂੰ ਉਹ ਰਸਤੇ ਫਿਰ ਯਾਦ ਆਉਣ ਲੱਗਦੇ ਹਨ ਜਿਹੜੇ ਉਹਨਾਂ ਫਲੈਟਾਂ ਤੱਕ ਜਾਂਦੇ ਹਨ, ਜਿੱਥੇ ਕਦੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਸੀ।

ਮੂਲ ਤੌਰ ‘ਤੇ ਉਜ਼ਬੇਕਿਸਤਾਨ ਦੇ ਅੰਦੀਜਾਨ ਦੇ ਰਹਿਣ ਵਾਲੇ ਅਫ਼ਰੋਜ਼ਾ ਜਨਵਰੀ 2022 ਵਿੱਚ ਦਿੱਲੀ ਪਹੁੰਚੇ ਸੀ, ਮਨੁੱਖੀ ਤਸਕਰ ਉਨ੍ਹਾਂ ਨੂੰ ਦੁਬਈ-ਨੇਪਾਲ ਦੇ ਰਸਤੇ ਤੋਂ ਦਿੱਲੀ ਲੈ ਕੇ ਆਏ ਸੀ।

ਇੱਥੇ ਉਨ੍ਹਾਂ ਨੂੰ ਵੱਖ-ਵੱਖ ਫਲੈਟਾਂ ਅਤੇ ਹੋਟਲਾਂ ਵਿੱਚ ਰੱਖਿਆ ਗਿਆ ਤੇ ਜ਼ਬਰਦਸਤੀ ‘ਸੈਕਸ ਵਰਕ’ ਕਰਵਾਇਆ ਗਿਆ।

ਅਗਸਤ 2022 ਵਿੱਚ ਦਿੱਲੀ ਪੁਲਿਸ ਅਤੇ ਗੈਰ ਸਰਕਾਰੀ ਸੰਗਠਨ ‘ਇੰਪਾਵਰਿੰਗ ਹਿਊਮੈਨਿਟੀ’ ਦੇ ਇੱਕ ਅਭਿਆਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰਵਾਇਆ ਗਿਆ ਸੀ।

ਅਫ਼ਰੋਜ਼ਾ ਉਦੋਂ ਤੋਂ ਇੱਕ ਸੰਸਥਾ ਦੀ ਦੇਖਰੇਖ ਹੇਠ ਰਹਿੰਦੇ ਹਨ ਅਤੇ ਉਹ ਉਨ੍ਹਾਂ ਮਨੁੱਖੀ ਤਸਕਰਾਂ ਦੇ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ, ਜਿਹੜੇ ਉਨ੍ਹਾਂ ਨੂੰ ਉਜ਼ਬੇਕਿਸਤਾਨ ਤੋਂ ਦਿੱਲੀ ਲਿਆਏ ਸੀ।

‘ਕਦੇ ਕਿਸੇ ਫਲੈਟ ਵਿੱਚ ਰੱਖਿਆ ਗਿਆ ਤੇ ਕਦੇ ਕਿਸੇ ਹੋਟਲ ਵਿੱਚ’

ਜਿਸਮਫਰੋਸ਼ੀ
BBC

ਅਫ਼ਰੋਜ਼ਾ ਨੂੰ ਮਕਾਨਾਂ ਦੇ ਨੰਬਰ ਯਾਦ ਨਹੀਂ ਸਨ, ਪਰ ਆਪਣੀ ਯਾਦਦਾਸ਼ਤ ਉੱਤੇ ਜ਼ੋਰ ਪਾੳਂਦੇ ਹੋਏ, ਕਈ ਗਲੀਆਂ ਵਿੱਚੋਂ ਲੰਘਦੇ ਹੋਏ, ਕਈ ਵਾਰੀ ਰਸਤਾ ਭਟਕਦੇ ਹੋਏ ਆਖ਼ਰਕਾਰ ਉਹ ਦਿੱਲੀ ਵਿੱਚ ਨੈਬ ਸਰਾਏ ਇਲਾਕੇ ਦੀ ਉਸ ਉੱਚੀ ਇਮਾਰਤ ਦੇ ਨੇੜੇ ਜਾ ਕੇ ਖੜ੍ਹੇ ਹੁੰਦੇ ਹਨ ਜਿੱਥੋਂ ਨੇਪਾਲ ਤੋਂ ਲਿਆ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਰੱਖਿਆ ਗਿਆ ਸੀ।

ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਸਾਹ ਤੇਜ਼ ਸਨ। ਕੁਝ ਹੀ ਮਿੰਟਾਂ ਬਾਅਦ ਅੱਖਾਂ ਦੀ ਨਮੀ ਗੁੱਸੇ ਵਿੱਚ ਬਦਲ ਗਈ। ਤੇਜ਼ ਕਦਮਾਂ ਨਾਲ ਕਈ ਪੌੜੀਆਂ ਚੜ੍ਹਦੇ ਹੋਏ ਉਹ ਉਸ ਫਲੈਟ ਦੇ ਦਰਵਾਜ਼ੇ ਦੇ ਬਾਹਰ ਜਾ ਕੇ ਖੜ੍ਹੇ ਹੋ ਗਏ। ਜਿੱਥੇ ਉਨ੍ਹਾਂ ਉੱਤੇ ਅੱਤਿਆਚਾਰ ਕੀਤੇ ਗਏ ਸਨ।

ਅਫ਼ਰੋਜ਼ਾ ਦੱਸਦੇ ਹਨ, “ਜਦੋਂ ਮੈਨੂੰ ਇੱਥੇ ਲਿਆਂਦਾ ਗਿਆ, ਪੰਜ ਕੁੜੀਆਂ ਇੱਥੇ ਪਹਿਲਾਂ ਹੀ ਮੌਜੂਦ ਸਨ। ਮੈਨੂੰ ਉਜ਼ਬੇਕਿਸਤਾਨ ਤੋਂ ਪਹਿਲਾਂ ਦੁਬਈ ਲੈ ਕੇ ਗਏ, ਫਿਰ ਉੱਥੋਂ ਨੇਪਾਲ ਤੇ ਫਿਰ ਸੜਕ ਰਾਹੀਂ ਦਿੱਲੀ। ਮੈਂ ਥੱਕੀ ਹੋਈ ਸੀ ਅਤੇ ਦੋ ਦਿਨ ਮੈਨੂੰ ਆਰਾਮ ਕਰਨ ਦਿੱਤਾ ਗਿਆ।”

“ਮੈਨੂੰ ਸ਼ੌਪਿੰਗ ਕਰਵਾਈ ਗਈ, ਤੋਹਫ਼ਾ ਕਹਿਕੇ ਛੋਟੇ ਕੱਪੜੇ ਦਿਵਾਏ ਗਏ, ਦੋ ਦਿਨਾਂ ਬਾਅਦ ਹੀ ਜ਼ਬਰਦਸਤੀ ‘ਸੈਕਸ ਵਰਕ’ ਕਰਨ ਲਈ ਮਜਬੂਰ ਕੀਤਾ ਗਿਆ, ਮਨ੍ਹਾ ਕਰਨ ਉੱਤੇ ਮੇਰੇ ਨਾਲ ਕੁੱਟਮਾਰ ਕੀਤੀ ਗਈ।”

ਅਫ਼ਰੋਜ਼ਾ ਦੱਸਦੇ ਹਨ, “ਦਿੱਲੀ ਪਹੁੰਚਣ ਤੋਂ ਬਾਅਦ ਸਿਰਫ਼ ਪਹਿਲੇ ਦੋ ਦਿਨ ਮੈਂ ਆਰਾਮ ਕੀਤਾ ਉਸ ਤੋਂ ਬਾਅਦ ਮੈਨੂੰ ਇੱਕ ਦਿਨ ਵੀ ਟਿਕ ਕੇ ਬੈਠਣ ਨਹੀਂ ਦਿੱਤਾ ਗਿਆ, ਕਦੇ ਕਿਸੇ ਫਲੈਟ ਵਿੱਚ ਰੱਖਿਆ ਗਿਆ ਤੇ ਕਦੇ ਕਿਸੇ ਹੋਟਲ ਵਿੱਚ ਰੱਖਿਆ ਗਿਆ।”

ਪਾਸਪੋਰਟ ਖੋਹ ਲਏ ਤੇ ਜੇਲ੍ਹ ਭਿਜਵਾਉਣ ਦਾ ਡਰ

ਅਫ਼ਰੋਜ਼ਾ
BBC

ਮਨੁੱਖੀ ਤਸਕਰ ਮੱਧ ਏਸ਼ੀਆ ਤੋਂ ਹਰ ਸਾਲ ਨੌਕਰੀ ਦਾ ਝਾਂਸਾ ਦੇ ਕੇ ਸੈਂਕੜੇ ਕੁੜੀਆਂ ਨੂੰ ਨੇਪਾਲ ਦੇ ਰਸਤੇ ਤੋਂ ਭਾਰਤ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਸੈਕਸ ਵਰਕ ਵੱਲ ਧੱਕਾ ਦੇ ਦਿੰਦੇ ਹਨ।

ਬਹੁਤ ਕੁੜੀਆਂ ਨੂੰ ਮੈਡੀਕਲ ਵੀਜ਼ਾ ਅਤੇ ਟੂਰਿਸਟ ਵੀਜ਼ਾ ਉੱਤੇ ਵੀ ਲਿਆਇਆ ਜਾਂਦਾ ਹੈ।

ਅਦਾਲਤ ਦੇ ਸਾਹਮਣੇ ਦਿੱਤੇ ਗਏ ਬਿਆਨ ਮੁਤਾਬਕ, ਅਫ਼ਰੋਜ਼ਾ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਕੀਤਾ ਗਿਆ ਸੀ ਅਤੇ ਦੁਬਈ ਵਿੱਚ ਨੌਕਰੀ ਦਾ ਆਫ਼ਰ ਦਿੱਤਾ ਗਿਆ। ਮਨੁੱਖੀ ਤਸਕਰਾਂ ਨੂੰ ਉਨ੍ਹਾਂ ਦੀ ਬੀਮਾਰ ਮਾਂ ਅਤੇ ਪਰਿਵਾਰ ਦੇ ਖ਼ਰਾਬ ਆਰਥਿਕ ਹਾਲਾਤਾਂ ਬਾਰੇ ਜਾਣਕਾਰੀ ਸੀ।

ਅਫ਼ਰੋਜ਼ਾ ਕਹਿੰਦੇ ਹਨ, “ਦੁਬਈ ਵਿੱਚ ਨੌਕਰੀ ਦੀ ਪੇਸ਼ਕਸ਼ ਨੂੰ ਮੈਂ ਸਵੀਕਾਰ ਕਰ ਲਿਆ, ਦਿੱਲੀ ਪਹੁੰਚਣ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇਸ ਕੰਮ ਦੇ ਲਈ ਲਿਆਂਦਾ ਗਿਆ ਹੈ, ਜੇ ਮੈਨੂੰ ਜ਼ਰਾ ਵੀ ਅਹਿਸਾਸ ਹੁੰਦਾ ਤਾਂ ਮੈਂ ਕਦੇ ਵੀ ਨਾ ਆਉਂਦੀ।”

ਸੈਕਸ ਵਰਕ ਦਾ ਗੈਰ ਕਾਨੂੰਨੀ ਕੰਮ ਅਫ਼ਰੋਜ਼ਾ ਵਰਗੀਆਂ ਮਾਸੂਮ ਔਰਤਾਂ ਦੀ ‘ਲਗਾਤਾਰ ਸਪਲਾਈ’ ਅਤੇ ਸ਼ੋਸ਼ਣ ਕਰਨ ਵਾਲੇ ਦਲਾਲਾਂ, ਬ੍ਰੋਕਰਾਂ ਅਤੇ ਮਨੁੱਖੀ ਤਸਕਰਾਂ ਦੇ ਨੈੱਟਵਰਕ ਜ਼ਰੀਏ ਕੀਤਾ ਜਾਂਦਾ ਹੈ।

ਮਨੁੱਖੀ ਤਸਕਰੀ ਦੇ ਖ਼ਿਲਾਫ਼ ਕੰਮ ਕਰਨ ਵਾਲੇ ਹੇਮੰਤ ਸ਼ਰਮਾ ਸਵਾਲ ਚੁੱਕਦੇ ਹਨ, “ਇਹ ਵੱਡਾ ਸਵਾਲ ਹੈ ਕਿ ਭਾਰਤ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਵੜਨ, ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਰੁਕਣ ਦੇ ਬਾਵਜੂਦ ਇਹ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਨਜ਼ਰ ਤੋਂ ਕਿਵੇਂ ਦੂਰ ਰਹਿੰਦੇ ਹਨ?”

ਮੱਧ ਏਸ਼ੀਆ ਤੋਂ ਤਸਕਰੀ ਕਰਕੇ ਲਿਆਈਆਂ ਗਈਆਂ ਕੁੜੀਆਂ ਸਾਹਮਣੇ ਇੱਕ ਵੱਡੀ ਚੁਣੌਤੀ ਇਹ ਹੁੰਦੀ ਹੈ ਕਿ ਭਾਰਤ ਵਿੱਚ ਨਾ ਉਨ੍ਹਾਂ ਨੂੰ ਸਥਾਨਕ ਭਾਸ਼ਾ ਆਉਂਦੀ ਹੈ ਅਤੇ ਨਾ ਹੀ ਉਹ ਇੱਥੇ ਕਿਸੇ ਨੂੰ ਜਾਣਦੇ ਹਨ।

ਬੀਬੀਸੀ ਨੇ ਮਨੁੱਖੀ ਤਸਕਰੀ ਦੀਆਂ ਸ਼ਿਕਾਰ ਹੋਈਆਂ ਜਿਨ੍ਹਾਂ ਕੁੜੀਆਂ ਨਾਲ ਗੱਲ ਕੀਤੀ, ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਪਾਸਪੋਰਟ ਖੋਹ ਲਏ ਗਏ ਸਨ, ਅਤੇ ਉਨ੍ਹਾਂ ਨੂੰ ‘ਜੇਲ੍ਹ ਭਿਜਵਾਉਣ’ ਦੇ ਨਾਂਅ ਉੱਤੇ ਡਰਾਇਆ ਗਿਆ ਸੀ।

ਸੈਕਸ ਵਰਕ ਕਾਰਨ ਸਿਹਤ ਖ਼ਰਾਬ ਤੇ ਯੂਟਰਸ ਦਾ ਆਪ੍ਰੇਸ਼ਨ ਕਰਵਾਉਣਾ ਪਿਆ

ਅਮ੍ਰਿਤਾ
BBC
ਪੂਰਬੀ ਦਿੱਲੀ ਦੇ ਡੀਸੀਪੀ ਅਮ੍ਰਿਤਾ ਗੁਰੁਗੋਥ ਕਹਿੰਦੇ ਹਨ ਕਿ ਜਦੋਂ ਤੱਕ ਇਹ ਨੈੱਟਵਰਕ ਟੁੱਟ ਨਹੀਂ ਜਾਵੇਗਾ, ਪੁਲਿਸ ਦੀ ਕਾਰਵਾਈ ਜਾਰੀ ਰਹੇਗੀ

ਅਗਸਤ 2022 ਵਿੱਚ ਦਿੱਲੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਅਫ਼ਰੋਜ਼ਾ ਨੂੰ ਭਾਰਤ ਲਿਆਉਣ ਵਾਲੀ ਕਥਿਤ ਮਨੁੱਖੀ ਤਸਕਰ ਅਜ਼ੀਜ਼ਾ ਸ਼ੇਰ, ਜੋ ਕਈ ਹੋਰ ਨਾਵਾਂ ਤੋਂ ਵੀ ਪਛਾਣੇ ਜਾਂਦੇ ਹਨ, ਫਰਾਰ ਹੋ ਗਏ ਸਨ।

ਦਿੱਲੀ ਪੁਲਿਸ ਨੇ ਇੱਕ ਲੰਬੀ ਮੁਹਿੰਮ ਤੋਂ ਬਾਅਦ ਮੂਲ ਤੌਰ ‘ਤੇ ਤੁਰਕਮੇਨਿਸਤਾਨ ਦੇ ਰਹਿਣ ਵਾਲੇ ਅਜ਼ੀਜ਼ਾ ਸ਼ੇਰ ਅਤੇ ਉਨ੍ਹਾਂ ਦੇ ਅਫ਼ਗਾਨਿਸਤਾਨ ਮੂਲ ਦੇ ਪਤੀ ਸ਼ੇਰਗੇਤ ਅਫ਼ਗਾਨ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ।

ਪੁਲਿਸ ਜਾਂਚ ਵਿੱਚ ਅਜ਼ੀਜ਼ਾ ਦੇ ਕਈ ਹੋਰ ਨਾਵਾਂ ਤੋਂ ਬਣੇ ਭਾਰਤ ਦੇ ਪਛਾਣ ਪੱਤਰ ਅਤੇ ਬੈਂਕ ਖਾਤੇ ਵੀ ਸਾਹਮਣੇ ਆਏ ਹਨ।

ਪੂਰਬੀ ਦਿੱਲੀ ਦੇ ਡੀਸੀਪੀ ਅਮ੍ਰਿਤਾ ਗੁਲੁਗੋਥ ਕਹਿੰਦੇ ਹਨ, “ਅਜ਼ੀਜ਼ਾ ਇੱਕ ਐਲਾਨੀ ਹੋਈ ਅਪਰਾਧੀ ਹਨ, ਦਿੱਲੀ ਪੁਲਿਸ ਉਨ੍ਹਾਂ ਨੂੰ ਫੜਨ ਲਈ ਇੱਕ ਸਾਲ ਤੋਂ ਕੋਸ਼ਿਸ਼ ਕਰ ਰਹੀ ਸੀ, ਸਾਡੀ ਟੀਮ ਨੂੰ ਟੈਕਨਿਕਲ ਸਰਵੇਲੈਂਸ ਅਤੇ ਹਿਊਮਨ ਇੰਟੈਲੀਜੈਂਸ ਦੇ ਜ਼ਰੀਏ ਉਨ੍ਹਾ ਦੇ ਗੋਆ ਵਿੱਚ ਹੋਣ ਦੀ ਜਾਣਕਾਰੀ ਮਿਲੀ, ਇੱਕ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।”

ਇਸ ਮੁਹਿੰਮ ਵਿੱਚ ਸ਼ਾਮਲ ਰਹੇ ਮਯੂਰ ਵਿਹਾਰ ਥਾਣੇ ਦੇ ਸਹਾਇਕ ਐੱਸਐੱਚਓ ਪ੍ਰਮੋਦ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ 200 ਤੋਂ ਵੱਧ ਫੋਨ ਨੰਬਰਾਂ ਨੂੰ ਟ੍ਰੈਕ ਕੀਤਾ ਅਤੇ ਆਖ਼ਰਕਾਰ ਅਜ਼ੀਜ਼ਾ ਸ਼ੇਰ ਤੱਕ ਪਹੁੰਚ ਗਏ।

ਇਨ੍ਹਾਂ ਮਨੁੱਖੀ ਤਸਕਰਾਂ ਨੂੰ ਫੜਨ ਲਈ ਪੁਲਿਸ ਨੂੰ ਹਿਊਮਨ ਇੰਟੈਲੀਜੈਂਸ ਯਾਨਿ ਆਪਣੇ ਖ਼ੂਫੀਆ ਨੈੱਟਵਰਕ ਦਾ ਸਹਾਰਾ ਲੈਣਾ ਪਿਆ।

ਅਫ਼ਰੋਜ਼ਾ, ਅਜ਼ੀਜ਼ਾ ਦੀ ਇਕੱਲੀ ਸ਼ਿਕਾਰ ਨਹੀਂ ਹੈ, ਉਨ੍ਹਾਂ ਵਰਗੀਆਂ ਕਈ ਹੋਰ ਕੁੜੀਆਂ ਨੂੰ ਅਜ਼ੀਜ਼ਾ ਦੇ ਚੁੰਗਲ ਤੋਂ ਛੁਡਵਾਇਆ ਗਿਆ ਸੀ।

ਤਹਮੀਨਾ ਇਨ੍ਹਾਂ ਵਿੱਚੋਂ ਹੀ ਇੱਕ ਹਨ। ਸਾਲ 2020 ਵਿੱਚ ਦਿੱਲੀ ਆਉਣ ਵਾਲੀ ਤਹਮੀਨਾ ਨੂੰ ਵੀ ਨੌਕਰੀ ਦਾ ਲਾਲਚ ਦੇ ਕੇ ਬੁਲਾਇਆ ਗਿਆ ਸੀ। ਪਰ ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਵੀ ਸੈਕਸ ਵਰਕ ਵੱਲ ਧੱਕ ਦਿੱਤਾ ਗਿਆ ਸੀ।

ਤਹਮੀਨਾ
BBC
ਸੈਕਸ ਵਰਕ ਲਈ ਇਨਕਾਰ ਕਰਨ ’ਤੇ ਤਹਮੀਨਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਵੀਡੀਓ ਬਣਾਈ ਗਈ

ਤਹਮੀਨਾ ਦਾ ਇੱਕ ਵੀਡੀਓ ਵੀ ਦਿੱਲੀ ਪੁਲਿਸ ਦੀ ਜਾਂਚ ਦਾ ਹਿੱਸਾ ਹੈ। ਇਸ ਵੀਡੀਓ ਵਿੱਚ ਤਹਮੀਨਾ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਜਾ ਰਿਹਾ ਹੈ। ਇਹ ਅਗਸਤ 2022 ਤੋਂ ਪਹਿਲਾਂ ਦਾ ਵੀਡੀਓ ਹੈ ਅਤੇ ਪੁਲਿਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ।

ਇਸ ਵੀਡੀਓ ਦੀ ਪੁਸ਼ਟੀ ਕਰਦੇ ਹੋਏ ਤਹਿਮੀਨਾ ਕਹਿੰਦੇ ਹਨ, “ਮੈਂ ਬੌਸ ਅਜ਼ੀਜ਼ਾ ਦੇ ਚੁੰਗਲ ਵਿੱਚ ਬੁਰੇ ਤਰੀਕੇ ਫੱਸ ਗਈ ਸੀ, ਇੱਕ ਵਾਰ ਇੱਕ ਭਲਾ ਗਾਹਕ ਮੇਰੇ ਕੋਲ ਅਇਆ ਅਤੇ ਮੈਂ ਉਸ ਕੋਲੋਂ ਮੈਨੂੰ ਇਸ ਚੁੰਗਲ ਤੋਂ ਬਾਹਰ ਕੱਢਣ ਲਈ ਮਦਦ ਮੰਗੀ।”

“ਉਹ ਮੇਰੀ ਮਦਦ ਕਰਨ ਲਈ ਅਜ਼ੀਜ਼ਾ ਸ਼ੇਰ ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਮੈਨੂੰ ਬੁਰੇ ਤਰੀਕੇ ਮਾਰਿਆ ਗਿਆ ਅਤੇ ਵੀਡੀਓ ਬਣਾਈ ਗਈ, ਇਹ ਵੀਡੀਓ ਬਾਕੀ ਕੁੜੀਆਂ ਨੂੰ ਦਿਖਾਈ ਗਈ ਤਾਂ ਜੋ ਉਹ ਵੀ ਡਰ ਕੇ ਰਹਿਣ।”

ਤਹਮੀਨਾ ਉੱਤੇ ਗੁਰੂਗ੍ਰਾਮ ਦੀ ਅਦਾਲਤ ਵਿੱਚ ‘ਫਾਰਨਰਸ ਐਕਟ’ ਤਹਿਤ {ਬਿਨਾਂ ਵੀਜ਼ਾ ਭਾਰਤ ਵਿੱਚ ਰਹਿਣ ਦੇ ਇਲਜ਼ਾਮ ਤਹਿਤ) ਮੁਕੱਦਮਾ ਦਰਜ ਹੈ। ਉਹ ਦਾਅਵਾ ਕਰਦੇ ਹਨ ਕਿ ਇਹ ਮੁਕੱਦਮਾ ਬ੍ਰੋਕਰ ਨੇ ਉਨ੍ਹਾਂ ਉੱਤੇ ਕਰਵਾਇਆ ਤਾਂ ਕਿ ਉਹ ਭਾਰਤ ਵਿੱਚ ਫਸੇ ਰਹਿਣ।

ਅਜ਼ੀਜ਼ਾ ਸ਼ੇਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਤਹਮੀਨਾ ਨੂੰ ਥੋੜ੍ਹੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਉਹ ਹਰ ਵੇਲੇ ਡਰ ਦੇ ਪਰਛਾਵੇਂ ਹੇਠ ਰਹਿੰਦੇ ਸਨ।

ਤਹਮੀਨਾ ਕਹਿੰਦੇ ਹਨ, “ਇਹ ਮੈਨੂੰ ਹਮੇਸ਼ਾ ਡਰਾ ਕੇ ਰੱਖਦੀ ਸੀ, ਮੈਨੂੰ ਇੰਨਾ ਡਰਾ ਦਿੱਤਾ ਕਿ ਮੈਂ ਹਾਲੇ ਤੱਕ ਖੌਫ਼ ਵਿੱਚ ਹਾਂ, ਮੈਨੂੰ ਕੁੱਟ ਕੇ ਵੀਡੀਓ ਵਾਇਰਲ ਕੀਤਾ ਗਿਆ, ਹਮੇਸ਼ਾ ਮੇਰੇ ਉੱਤੇ ਕਰਜ਼ਾ ਚੜ੍ਹਾਇਆ ਗਿਆ।”

ਸੈਕਸ ਵਰਕ ਦੀ ਵਜ੍ਹਾ ਕਾਰਨ ਤਹਮੀਨਾ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਆਪਣੇ ਯੂਟਰਸ ਦਾ ਆਪ੍ਰੇਸ਼ਨ ਕਰਵਾਉਣਾ ਪਿਆ, ਤਹਿਮੀਨਾ ਕਹਿੰਦੇ ਹਨ ਜਦੋਂ ਉਹ ਹਸਪਤਾਲ ਵਿੱਚ ਸਨ ਉਦੋਂ ਉਨ੍ਹਾਂ ਨੂੰ ਇਕੱਲਾ ਛੱਡ ਦਿੱਤਾ ਗਿਆ। ਪੂਰੀ ਤਰ੍ਹਾਂ ਠੀਕ ਹੋਣ ਤੋਂ ਪਹਿਲਾਂ ਹੀ ਫਿਰ ਕੰਮ ਕਰਨ ਲਈ ਮਜਬੂਰ ਕੀਤਾ ਗਿਆ।

‘ਪੁਰਾਣੀਆਂ ਕੁੜੀਆਂ ਨੂੰ ਨਵੀਆਂ ਕੁੜੀਆਂ ਤੋਂ ਦੂਰ ਰੱਖਿਆ ਜਾਂਦਾ ਹੈ’

ਅਫ਼ਰੋਜ਼ਾ
BBC
ਅਫ਼ਰੋਜ਼ਾ ਨੂੰ ਨੇਪਾਲ ਤੋਂ ਲਿਆ ਕੇ ਇਸੇ ਇਮਾਰਤ ਦੇ ਇੱਕ ਫਲੈਟ ਵਿੱਚ ਰੱਖਿਆ ਗਿਆ ਸੀ

ਤਹਮੀਨਾ ਅਤੇ ਅਫ਼ਰੋਜ਼ਾ ਜਿਹੀਆਂ ਕੁੜੀਆਂ ਨੂੰ ਕਈ ਵਾਰ ਇੱਕ ਦਿਨ ਵਿੱਚ 6 ਤੋਂ 7 ਗਾਹਕਾਂ ਤੱਕ ਕੋਲ ਜ਼ਬਰਦਸਤੀ ਭੇਜਿਆ ਜਾਂਦਾ ਸੀ।

ਬੀਬੀਸੀ ਨੇ ਤਸਕਰਾਂ ਅਤੇ ਬ੍ਰੋਕਰਾਂ ਦੀਆਂ ਡਾਇਰੀਆਂ ਦੇ ਉਹ ਪੰਨੇ ਵੇਖੇ ਹਨ ਜਿਹੜੇ ਚਾਰਜਸ਼ੀਟ ਦਾ ਹਿੱਸਾ ਹਨ, ਇਹਨਾਂ ਵਿੱਚ ਇਨ੍ਹਾਂ ਕੁੜੀਆਂ ਤੋਂ ਕਰਵਾਏ ਗਏ ਕੰਮ ਅਤੇ ਰੋਜ਼ਾਨਾ ਲੱਖਾਂ ਦੀ ਕਮਾਈ ਦਾ ਹਿਸਾਬ ਵੀ ਹੈ।

ਇਹ ਕੁੜੀਆਂ ਦੱਸਦੀਆਂ ਹਨ ਕਿ ਇਸ ਕਮਾਈ ਦਾ ਹਿੱਸਾ ਉਨ੍ਹਾਂ ਨੂੰ ਨਹੀਂ ਮਿਲਦਾ, ਬਲਕਿ ਤਸਕਰ ਅਤੇ ਬ੍ਰੋਕਰ ਉਨ੍ਹਾਂ ਉੱਤੇ ਫ਼ਰਜ਼ੀ ਕਰਜ਼ਾ ਚਾੜ੍ਹਦੇ ਰਹਿੰਦੇ ਹਨ।

ਅਫ਼ਰੋਜ਼ਾ ਦੇ ਵੀ ਅਜਿਹੇ ਹੀ ਇਲਜ਼ਾਮ ਹਨ।

ਉਹ ਕਹਿੰਦੇ ਹਨ, “ਮੇਰੀ ਮਾਂ ਬੀਮਾਰ ਸੀ, ਮੈਨੂੰ ਪੈਸਿਆਂ ਦੀ ਬਹੁਤ ਲੋੜ ਸੀ, ਪਰ ਮੈਨੂੰ ਇੱਕ ਰੁਪਈਆ ਵੀ ਨਹੀਂ ਦਿੱਤਾ ਗਿਆ। ਮੈਂ 9 ਮਹੀਨੇ ਤੱਕ ਬੌਸ ਦੇ ਕਬਜ਼ੇ ਵਿੱਚ ਰਹੀ ਅਤੇ ਇਸ ਦੌਰਾਨ ਕੋਈ ਪੈਸਾ ਨਹੀਂ ਦਿੱਤਾ ਗਿਆ, ਹਮੇਸ਼ਾ ਇਹੀ ਕਿਹਾ ਗਿਆ ਕਿ ਤੇਰੇ ਉੱਤੇ ਹਾਲੇ ਕਰਜ਼ਾ ਹੈ।”

ਅਫ਼ਰੋਜ਼ਾ ਨੇ ਅਗਸਤ 2022 ਵਿੱਚ ਭੱਜ ਕੇ ਅਤੇ ਉਜ਼ਬੇਕਿਸਤਾਨ ਦੇ ਦੂਤਾਵਾਸ ਕੋਲ ਪਹੁੰਚ ਕੇ ਮਦਦ ਮੰਗਣ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਮਦਦ ਮਿਲਦੀ, ਉਨ੍ਹਾਂ ਨੂੰ ਬੰਦੂਕ ਦੀ ਨੋਕ ਉੱਤੇ ਦੂਤਾਵਾਸ ਦੇ ਬਾਹਰੋਂ ਚੁੱਕ ਲਿਆ ਗਿਆ। ਇਸ ਘਟਨਾ ਦੀ ਜਾਂਚ ਦਿੱਲੀ ਦੇ ਚਾਣਕਿਆਪੁਰੀ ਥਾਣੇ ਦੀ ਪੁਲਿਸ ਕਰ ਰਹੀ ਹੈ।

ਆਪਣੇ ਜਿਸਮ ਉੱਤੇ ਬਲੇਡ ਨਾਲ ਕੱਟੇ ਜਾਣ ਅਤੇ ਸਿਗਰਟ ਨਾਲ ਸਾੜੇ ਜਾਣ ਦੇ ਨਿਸ਼ਾਨ ਦਿਖਾਉਂਦੇ ਹੋਏ ਅਫ਼ਰੋਜ਼ਾ ਕਹਿੰਦੇ ਹਨ, “ਜਦੋਂ ਕਦੇ ਵੀ ਪੈਸੇ ਮੰਗੇ ਅਜਿਹੇ ਹੀ ਨਿਸ਼ਾਨ ਮਿਲੇ।”

ਅਫ਼ਰੋਜ਼ਾ ਨੂੰ ਜਦੋਂ ਮਨੁੱਖੀ ਤਸਕਰ ਨੇਪਾਲ ਦੇ ਰਸਤੇ ਲਿਆਏ ਸੀ, ਉਦੋਂ ਤਹਮੀਨਾ ਪਹਿਲਾਂ ਹੀ ਉਨ੍ਹਾਂ ਦੇ ਚੁੰਗਲ ਵਿੱਚ ਸੀ।

ਤਹਮੀਨਾ ਕਹਿੰਦੇ ਹਨ, “ਮੇਰੀ ਬੌਸ ਅਲੱਗ-ਅਲੱਗ ਥਾਵਾਂ ਉੱਤੇ ਨੌਕਰੀ ਦਾ ਝਾਂਸਾ ਦੇ ਕੇ ਕੁੜੀਆਂ ਨਾਲ ਸੰਪਰਕ ਕਰਦੀ ਸੀ, ਮੈਂ ਚਾਹ ਕੇ ਵੀ ਅਫ਼ਰੋਜ਼ਾ ਜਿਹੀਆਂ ਕੁੜੀਆਂ ਨੂੰ ਇਹ ਅਹਿਸਾਸ ਨਹੀਂ ਕਰਵਾ ਸਕੀ ਕਿਉਂਕਿ ਮੇਰੇ ਕੋਲ ਅਜਿਹਾ ਕਰਨ ਦਾ ਰਸਤਾ ਨਹੀਂ ਸੀ, ਸਾਡੇ ਵਰਗੀਆਂ ਪੁਰਾਣੀਆਂ ਕੁੜੀਆਂ ਨੂੰ ਨਵੀਆਂ ਕੁੜੀਆਂ ਤੋਂ ਦੂਰ ਰੱਖਿਆ ਜਾਂਦਾ ਹੈ।”

‘ਹਾਲੇ ਚੁਣੌਤੀਆਂ ਬਹੁਤ ਹਨ’

ਹੇਮੰਤ
BBC

ਬੀਬੀਸੀ ਨੇ ਦਿੱਲੀ ਦੇ ਉਹਨਾਂ ਇਲਾਕਿਆਂ ਦਾ ਦੌਰਾ ਵੀ ਕੀਤਾ ਜਿੱਥੇ ਇਨ੍ਹਾਂ ਕੁੜੀਆਂ ਕੋਲੋਂ ਜ਼ਬਰਦਸਤੀ ਸੈਕਸ ਵਰਕ ਕਰਵਾਇਆ ਗਿਆ। ਪੁਲਿਸ ਦੀ ਕਾਰਵਾਈ ਤੋਂ ਬਾਅਦ ਗਤੀਵਿਧੀਆਂ ਘੱਟ ਹੋਈਆਂ, ਪਰ ਹਾਲੇ ਵੀ ਜਾਰੀ ਹਨ।

ਪੂਰਬੀ ਦਿੱਲੀ ਦੀ ਡੀਸੀਪੀ ਅਮ੍ਰਿਤਾ ਗੁਲੁਗੋਥ ਕਹਿੰਦੇ ਹਨ, “ਇਨ੍ਹਾਂ ਮਨੁੱਖੀ ਤਸਕਾਰਾਂ ਦੀ ਗ੍ਰਿਫ਼ਤਾਰੀ ਨਾਲ ਕੁੜੀਆਂ ਨੂੰ ਨੌਕਰੀ ਦੇ ਨਾਂਅ ਉੱਤੇ ਭਾਰਤ ਲਿਆਉਣ ਅਤੇ ਉਨ੍ਹਾਂ ਦਾ ਪਾਸਪੋਰਟ ਖੋਹ ਕੇ ਜ਼ਬਰਦਸਤੀ ਜਿਸਮਫਰੋਸ਼ੀ ਕਰਵਾਉਣ ਦੇ ਇਸ ਨੈੱਟਵਰਕ ਦੀ ਇੱਕ ਕੜੀ ਤਾਂ ਜ਼ਰੂਰ ਟੁੱਟੇਗੀ।”

“ਇਸ ਨਾਲ ਬਾਹਰੀ ਮੁਲਕਾਂ ਦੀਆਂ ਕੁੜੀਆਂ ਨੂੰ ਲਿਆਉਣ ਤੇ ਉਨ੍ਹਾਂ ਕੋਲੋਂ ਸੈਕਸ ਵਰਕ ਕਰਵਾਉਣ ਦੇ ਕੰਮ ਉੱਤੇ ਜ਼ਰੂਰ ਪ੍ਰਭਾਵ ਪਏਗਾ।”

ਉੱਥੇ ਹੀ ਮਨੁੱਖੀ ਤਸਕਰੀ ਖਿਲਾਫ਼ ਕੰਮ ਕਰ ਰਹੇ ਸੰਗਠਨਾਂ ਦਾ ਮੰਨਣਾ ਹੈ ਕਿ ਹਾਲੇ ਚੁਣੌਤੀਆਂ ਬਹੁਤ ਹਨ।

ਹੇਮੰਤ ਸ਼ਰਮਾ ਕਹਿੰਦੇ ਹਨ, “ਸਭ ਤੋਂ ਪਹਿਲੀ ਚੁਣੌਤੀ ਨੇਪਾਲ ਸਰਹੱਦ ਉੱਤੇ ਹੈ, ਜਿੱਥੋਂ ਕੁੜੀਆਂ ਭਾਰਤ ਵਿੱਚ ਦਾਖ਼ਲ ਹੁੰਦੀਆਂ ਹਨ। ਇਹ ਕੁੜੀਆਂ ਬਿਨਾਂ ਵੀਜ਼ਾ ਦੇ ਬਿਹਾਰ ਵਿੱਚ ਦਾਖ਼ਲ ਹੁੰਦੇ ਹੋਏ ਦਿੱਲੀ ਪਹੁੰਚ ਜਾਂਦੀਆਂ ਹਨ।”

“ਇਸ ਤੋਂ ਬਾਅਦ ਦਿੱਲੀ ਅਤੇ ਦੂਜੇ ਵੱਡੇ ਸ਼ਹਿਰਾਂ ਵਿੱਚ ਇਨ੍ਹਾਂ ਤੋਂ ਸੈਕਸ ਵਰਕ ਕਰਵਾਇਆ ਜਾਂਦਾ ਹੈ। ਸਵਾਲ ਇਹ ਇਹ ਹੈ ਕਿ ਇਹ ਸਭ ਪੁਲਿਸ ਦੀ ਨਜ਼ਰ ਤੋਂ ਦੂਰ ਕਿਵੇਂ ਰਹਿੰਦਾ ਹੈ?”

ਹੇਮੰਤ ਸ਼ਰਮਾ ਕਹਿੰਦੇ ਹਨ, “ਦੂਜੀ ਚੁਣੌਤੀ ਇਨ੍ਹਾਂ ਕੁੜੀਆਂ ਦੇ ਪੁਨਰਵਾਸ ਦੀ ਹੈ, ਪਹਿਲਾਂ ਫੋਰਨਰਸ ਐਕਟ ਵਿੱਚ ਕੁੜੀਆਂ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਸੀ ਅਤੇ ਉੱਥੋਂ ਡਿਟੈਂਸ਼ਨ ਕੇਂਦਰ ਨਹੀਂ ਭੇਜਿਆ ਜਾਂਦਾ ਸੀ।”

“ਇਹ ਸੋਚਣ ਦੀ ਲੋੜ ਸੀ ਕਿ ਭਾਰਤ ਵਿੱਚ ਇਹ ਕੁੜੀਆਂ ਕੀ ਕਰਨਗੀਆਂ, ਰਹਿਣਗੀਆਂ ਕਿੱਥੇ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੱਕ ਉਹ ਆਪਣਾ ਖਰਚਾ ਕਿਵੇਂ ਚਲਾਉਣਗੀਆਂ?”

‘ਮੈਂ ਦੇਰ ਤੱਕ ਆਪਣੀ ਮਾਂ ਨੂੰ ਜੱਫ਼ੀ ਪਾ ਕੇ ਰੋਵਾਂਗੀ’

ਤਹਮੀਨਾ
BBC

ਤਹਮੀਨਾ ਆਪਣੇ ਦੇਸ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ, ਪਰ ਉਨ੍ਹਾਂ ਉੱਤੇ ਗੁਰੂਗ੍ਰਾਮ ਦੀ ਅਦਾਲਤ ਵਿੱਚ ਫਾਰਨਰਸ ਐਕਟ ਤਹਿਤ ਮੁਕੱਦਮਾ ਚੱਲ ਰਿਹਾ ਸੀ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਫਸਾ ਕੇ ਰੱਖਣ ਲਈ ਇਹ ਮੁਕੱਦਮਾ ਦਰਜ ਕਰਵਾਇਆ ਗਿਆ।

ਉੱਥੇ ਹੀ ਅਫ਼ਰੋਜ਼ਾ ਗ੍ਰਿਫ਼ਤਾਰ ਮਨੁੱਖੀ ਤਸਕਰਾਂ ਦੇ ਮਾਮਲੇ ਵਿੱਚ ਗਵਾਹ ਹਨ।

ਦਰਅਸਲ, ਜਿਹੜੀਆਂ ਕੁੜੀਆਂ ਮਨੁੱਖੀ ਤਸਕਰੀ ਤੋਂ ਪੀੜਤ ਹਨ, ਉਨ੍ਹਾਂ ਵਿੱਚੋਂ ਵਧੇਰੇ ਫਾਰਨਰਸ ਐਕਟ ਦੇ ਮੁਕੱਦਮੇ ਵਿੱਚ ਫਸੀਆਂ ਹੋਈਆਂ ਹਨ।

ਤਸਕਰੀ ਦੇ ਪੀੜਤ ਦੇ ਤੌਰ ‘ਤੇ ਉਨ੍ਹਾਂ ਦੇ ਦੇਸ ਛੱਡਣ ‘ਤੇ ਰੋਕ ਨਹੀਂ ਹੈ ਪਰ ਫਾਰਨਰਸ ਐਕਟ ਵਿੱਚ ਮੁਲਜ਼ਮ ਬਣਾਏ ਜਾਣ ਕਾਰਨ ਉਹ ਮੁਕੱਦਮਾ ਖ਼ਤਮ ਹੋਣ ਤੋਂ ਪਹਿਲਾਂ ਕਾਨੂੰਨੀ ਤੌਰ ਉੱਤੇ ਭਾਰਤ ਨਹੀਂ ਛੱਡ ਸਕਦੇ।

ਉੱਥੇ ਹੀ ਜਿਹੜੇ ਪੀੜਤ ਹਨ, ਉਹ ਵੀ ਅੰਤਿਮ ਗਵਾਹੀ ਨਾ ਹੋਣ ਤੱਕ ਦੇਸ਼ ਨਾ ਛੱਡਣ ਲਈ ਬੱਝੇ ਹੋਏ ਹਨ।

ਉੱਥੇ ਹੀ ਇਸ ਮੁਕੱਦਮੇ ਦੇ ਮੁਲਜ਼ਮਾਂ ਨਾਲ ਜੁੜੇ ਵਕੀਲ ਜ਼ੁਬੈਰ ਹਾਸ਼ਮੀ ਇਹ ਦਾਅਵਾ ਕਰਦੇ ਹਨ ਕਿ ਪੀੜਤ ਜਦੋਂ ਚਾਹੁਣ ਆਪਣੇ ਦੇਸ ਵਾਪਸ ਪਰਤ ਸਕਦੇ ਹਨ।

ਜ਼ੁਬੈਰ ਹਾਸ਼ਮੀ ਕਹਿੰਦੇ ਹਨ, “ਇਨ੍ਹਾਂ ਮਾਮਲਿਆ ਵਿੱਚ, ਪੀੜਤਾਂ ਨੇ ਅਦਾਲਤ ਦੇ ਸਾਹਮਣੇ ਆਪਣੇ ਦੇਸ ਨਾ ਪਰਤਣ ਦੀ ਅਰਜ਼ੀ ਦਾਇਰ ਨਹੀਂ ਕੀਤੀ ਹੈ, ਉਨ੍ਹਾਂ ਨੂੰ ਰੋਕਿਆ ਨਹੀਂ ਗਿਆ ਹੈ।”

ਹਾਲਾਂਕਿ ਹੇਮੰਤ ਸ਼ਰਮਾ ਕਹਿੰਦੇ ਹਨ, “ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ, ਪੀੜਤਾਂ ਦੀ ਗਵਾਹੀ ਬੇਹੱਦ ਅਹਿਮ ਹੈ, ਮੁਲਜ਼ਮਾਂ ਦੇ ਵਕੀਲ ਇਸ ਗਵਾਹੀ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਰਹੇ ਤਾਂ ਜੋ ਉਹ ਇਸ ਕਾਨੂੰਨੀ ਲੜਾਈ ਤੋਂ ਨਿਰਾਸ਼ ਹੋ ਜਾਣ।”

ਉੱਥੇ ਹੀ ਅਫ਼ਰੋਜ਼ਾ ਅਤੇ ਤਹਮੀਨਾ ਨੂੰ ਆਪਣੇ ਦੇਸ ਵਾਪਸ ਜਾਣ ਦਾ ਇੰਤਜ਼ਾਰ ਹੈ।

ਤਹਮੀਨਾ ਕਹਿੰਦੇ ਹਨ, ‘‘ਮੈਂ ਆਪਣੇ ਦੇਸ ਪਹੁੰਚਦੇ ਹੀ ਸਭ ਤੋਂ ਪਹਿਲਾਂ ਆਪਣੇ ਵਤਨ ਦੀ ਮਿੱਟੀ ਨੂੰ ਚੁੰਮਾਂਗੀ ਅਤੇ ਕਦੇ ਦੇਸ ਨਾ ਛੱਡਣ ਦੀ ਸੌਂਹ ਖਾਵਾਂਗੀ।’’

ਅਫ਼ਰੋਜ਼ਾ ਕਹਿੰਦੇ ਹਨ, “ਮੈਂ ਦੇਰ ਤੱਕ ਆਪਣੀ ਮਾਂ ਨੂੰ ਜੱਫ਼ੀ ਪਾ ਕੇ ਰੋਵਾਂਗੀ, ਮੈਂ ਹਰ ਦਿਨ ਉਨ੍ਹਾਂ ਨੂੰ ਬਹੁਤ ਮਿਸ ਕੀਤਾ ਹੈ, ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ਾਹਿਸ਼ ਆਪਣੀ ਮਾਂ ਦੇ ਗਲੇ ਲੱਗਣਾ ਹੈ।”

ਮੱਧ ਏਸ਼ੀਆ ਤੋਂ ਕੁੱਲ ਕਿੰਨੀਆਂ ਕੁੜੀਆਂ ਨੂੰ ਤਸਕਰੀ ਜ਼ਰੀਏ ਭਾਰਤ ਲਿਆਂਦਾ ਗਿਆ ਹੈ, ਇਸਦਾ ਕੋਈ ਪੁਖ਼ਤਾ ਅੰਕੜਾ ਨਹੀਂ ਹੈ। ਪਰ ਕਾਰਕੁਨ ਇਹ ਮੰਨਦੇ ਹਨ ਕਿ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਸਕਦੀ ਹੈ।

(ਜਿਸਮਫਰੋਸ਼ੀ ਵਿੱਚ ਧੱਕੀਆ ਗਈਆਂ ਕੁੜੀਆਂ ਦੇ ਨਾਮ ਉਨ੍ਹਾਂ ਦੀ ਪਛਾਣ ਲੁਕਾਉਣ ਲਈ ਬਦਲ ਦਿੱਤੇ ਗਏ ਹਨ)

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News