ਅਮਰੀਕੀ ਸਿੱਖ ਕਤਲ ਸਾਜ਼ਿਸ਼: ਹਰਦੀਪ ਨਿੱਝਰ ਦੇ ਕਤਲ ਬਾਰੇ ਅਮਰੀਕੀ ਏਜੰਟਾਂ ਨੂੰ ਕੀ ਪਹਿਲਾਂ ਹੀ ਪਤਾ ਸੀ

Friday, Dec 01, 2023 - 01:04 PM (IST)

ਅਮਰੀਕੀ ਸਿੱਖ ਕਤਲ ਸਾਜ਼ਿਸ਼: ਹਰਦੀਪ ਨਿੱਝਰ ਦੇ ਕਤਲ ਬਾਰੇ ਅਮਰੀਕੀ ਏਜੰਟਾਂ ਨੂੰ ਕੀ ਪਹਿਲਾਂ ਹੀ ਪਤਾ ਸੀ
ਹਰਦੀਪ ਸਿੰਘ ਨਿੱਝਰ
Sikh PA
ਕੈਨੇਡਾ ਦੀ ਪੁਲਿਸ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ

ਅਮਰੀਕੀ ਵਕੀਲਾਂ ਨੇ ਇੱਕ ਭਾਰਤੀ ਨੂੰ ਉੱਤਰੀ ਅਮਰੀਕਾ ਵਿੱਚ ਘੱਟੋ-ਘੱਟ ਚਾਰ ਸਿੱਖ ਕਾਰਕੁਨਾਂ ਦੇ ਕਤਲ ਦੀ ਸਾਜਿਸ਼ ਰਚਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਇਲਜ਼ਾਮਾਂ ਤਹਿਤ ਮਾਮਲੇ ਨੂੰ ਕੈਨੇਡਾ ਵਿੱਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਵੀ ਜੋੜਿਆ ਗਿਆ ਹੈ। ਇਸ ਮਗਰੋਂ ਇਹ ਸੁਆਲ ਵੀ ਹੋਏ ਕਿ ਅਮਰੀਕੀ ਏਜੰਟਾਂ ਕੋਲ ਨਿੱਝਰ ਦੀ ਮੌਤ ਤੋਂ ਪਹਿਲਾਂ ਕੀ ਜਾਣਕਾਰੀ ਸੀ।

18 ਜੂਨ ਨੂੰ ਨਿਖਿਲ ਗੁਪਤਾ ਨੇ ਇਕ ਕੈਨੇਡੀਆਈ ਸਿੱਖ ਕਾਰਕੁਨ ਦੀ ਵੀਡੀਓ ਦੇਖੀ ਜਿਸਨੂੰ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।

ਖ਼ੂਨ ਨਾਲ ਲਿੱਬੜੀ ਉਸ ਦੀ ਲਾਸ਼ ਗੱਡੀ ਦੇ ਸਟੇਅਰਿੰਗ ਉੱਤੇ ਡਿੱਗੀ ਹੋਈ ਸੀ।

ਨਿਖਿਲ ਗੁਪਤਾ ਨੇ ਇਹ ਵੀਡੀਓ ਕਿਸੇ ਹੋਰ ਦੇਸ਼ ਵਿੱਚ ਰਹਿੰਦੇ ਇੱਕ ਬੰਦੇ ਨੂੰ ਭੇਜੀ।

ਨਿਖਿਲ ਉੱਤੇ ਇਲਜ਼ਾਮ ਹਨ ਕਿ ਉਸਨੇ ਇਸ ਬੰਦੇ ਨੂੰ ਇੱਕ ਕਤਲ ਲਈ ਫਿਰੌਤੀ ਦਿੱਤੀ ਸੀ।

ਨਿਖਿਲ ਨੇ ਅਗਲੇ ਦਿਨ ਫੋਨ ਉੱਤੇ ਇਸ ਬੰਦੇ ਨੂੰ ਕਿਹਾ ਕਿ ਕੈਨੇਡੀਆਈ ਨਾਗਰਿਕ ਸਾਡੀ ਸੂਚੀ ਵਿੱਚ #4, #3 ਨੰਬਰ ਦਾ “ਨਿਸ਼ਾਨਾ” ਸੀ।

ਨਿਖਿਲ ਨੇ ਕਥਿਤ ਤੌਰ ‘ਤੇ ਕਿਹਾ, “ਬਹੁਤ ਸਾਰੇ ਬੰਦੇ ਸਾਡੇ ਨਿਸ਼ਾਨੇ ਉੱਤੇ ਹਨ, ਚੰਗੀ ਖ਼ਬਰ ਇਹ ਹੈ ਕਿ ਹੁਣ ਉਡੀਕ ਕਰਨ ਦੀ ਕੋਈ ਲੋੜ ਨਹੀਂ ਹੈ।”

ਇਹ ਕਥਿਤ ਗੱਲਬਾਤ ਅਮਰੀਕੀ ਵਕੀਲਾਂ ਵੱਲੋਂ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਦਰਜ ਹੈ।

ਕੈਨੇਡਾ
Getty Images
ਨਿੱਝਰ ਦੇ ਕਤਲ ਬਾਰੇ ਟਰੂਡੋ ਦੇ ਇਲਜ਼ਾਮਾਂ ਤੋਂ ਬਾਅਦ ਕਈ ਥਾਵਾਂ ਉੱਤੇ ਪ੍ਰਦਰਸ਼ਨ ਹੋਏ ਸਨ

ਨਿੱਝਰ ਦੇ ਕਤਲ ਬਾਰੇ ਨਵੀਂ ਜਾਣਕਾਰੀ ਕੀ ਹੈ?

ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਗੁਪਤਾ ਉੱਤੇ ਇਹ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਨੇ ਨਿਊਯਾਰਕ ਵਿੱਚ ਅਮਰੀਕਾ-ਕੈਨੇਡਾ ਦੀ ਦੋਹਰੀ ਨਾਗਰਿਕਤਾ ਵਾਲੇ ਇੱਕ ਵਿਅਕਤੀ ਦੇ ਕਤਲ ਦੀ ਸਾਜਿਸ਼ ਰਚੀ।

ਉਸਨੇ ਅਜਿਹਾ ਕਥਿਤ ਤੌਰ ‘ਤੇ ਭਾਰਤ ਸਰਕਾਰ ਦੇ ਇੱਕ ਅਫ਼ਸਰ ਦੇ ਕਹਿਣ ਉੱਤੇ ਕੀਤਾ।

ਇਹ ਸਾਜਿਸ਼ ਨੇਪਰੇ ਨਹੀਂ ਚੜ੍ਹੀ।

ਨਿਖਿਲ ਗੁਪਤਾ ਨੇ ਇਹ 1,00,000 ਡਾਲਰ ਦੇ ਕੇ ਕਤਲ ਕਰਨ ਦਾ ਠੇਕਾ ਜਿਸ ਵਿਅਕਤੀ ਨੂੰ ਦਿੱਤਾ ਉਹ ਅਸਲ ਵਿੱਚ ਇੱਕ ''''ਅੰਡਰ ਕਵਰ'''' ਅਮਰੀਕੀ ਏਜੰਟ ਸੀ।

ਇਸ 15 ਪੰਨਿਆਂ ਦੇ ਦਸਤਾਵੇਜ਼ਾਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਵੀ ਨਵੀਂ ਜਾਣਕਾਰੀ ਹੈ।

ਇਹ ਜਾਣਕਾਰੀ ਕੈਨੇਡੀਆਈ ਧਰਤੀ ਉੱਤੇ ਹੋਏ ਕਤਲ ਬਾਰੇ ਤਾਜ਼ਾ ਸੁਆਲ ਖੜ੍ਹੇ ਕਰਦੀ ਹੈ ਕਿ ਇਸ ਬਾਰੇ ਕੌਣ ਕੀ ਅਤੇ ਕਦੋਂ ਜਾਣਦਾ ਸੀ।

ਭਾਰਤ ਦਾ ਕਹਿਣਾ ਹੈ ਕਿ ਉਹ ਲਗਾਤਾਰ ਦੇਸ਼ ਖਿਲਾਫ਼ ਧਮਕੀਆਂ ਜਾਰੀ ਕਰਦਾ ਸੀ ਪਰ ਪੰਨੂ ਦਾ ਕਹਿਣਾ ਨਿੱਝਰ ਸਿਰਫ਼ ਇੱਕ ਕਾਰਕੁਨ ਸੀ ਜੋ ਖ਼ਾਲਿਸਤਾਨ ਦੀ ਲਹਿਰ ਵਿੱਚ ਵਿਸ਼ਵਾਸ਼ ਰੱਖਦਾ ਸੀ।

45 ਸਾਲਾ ਸਿੱਖ ਕਾਰਕੁਨ ਦੇ ਕਤਲ ਨੇ ਕੈਨੇਡੀਆਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ।

ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਕਿਹਾ ਕਿ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੋ ਸਕਦੀ ਹੈ।

ਇਸ ਮਗਰੋਂ ਦੋਵਾਂ ਦੇਸਾਂ ਦੇ ਕੂਟਨੀਤਕ ਸਬੰਧਾਂ ਵਿੱਚ ਤਣਾਅ ਆਇਆ।

ਭਾਰਤ ਨੇ ਟਰੂਡੋ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ।

ਇਸ ਮਗਰੋਂ ਦੋਵਾਂ ਦੇਸਾਂ ਵਿਚਾਲੇ ਪਾੜਾ ਹੋਰ ਵੱਡਾ ਹੋਇਆ ਅਤੇ ਕੈਨੇਡੀਆਈ ਪ੍ਰਧਾਨ ਮੰਤਰੀ ਉੱਤੇ ਵੀ ਇਸ ਗੱਲ ਲਈ ਜ਼ੋਰ ਪਿਆ ਕਿ ਉਹ ਆਪਣੇ ਇਲਜ਼ਾਮਾਂ ਨੂੰ ਸਾਬਿਤ ਕਰਨ ਲਈ ਸਬੂਤ ਦੇਣ।

ਜਸਟਿਨ ਟਰੂਡੋ
Getty Images
ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਲਜ਼ਾਮਾਂ ਨੇ ਟਰੂਡੋ ਦੀ ਗੱਲ ਨੂੰ ਹੁਲਾਰਾ ਦਿੱਤਾ ਹੈ

ਬੁੱਧਵਾਰ ਨੂੰ ਬੋਲਦਿਆਂ ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਇਲਜ਼ਾਮ ਇਸ ਗੱਲ ਉੱਤੇ ਜ਼ੋਰ ਪਾਉਂਦੇ ਹਨ ਕਿ ਭਾਰਤ ਕੈਨੇਡਾ ਦੇ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਦੇਖੇ।

ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਇਲਜ਼ਾਮਾਂ ਨੇ ਟਰੂਡੋ ਦੀ ਗੱਲ ਨੂੰ ਹੁਲਾਰਾ ਦਿੱਤਾ ਹੈ।

ਓਟਾਵਾ ਦੀ ਕਾਰਲਟਨ ਯੂਨੀਵਰਸਿਟੀ ਵਿੱਚ ਅੰਤਰਾਸ਼ਟਰੀ ਮਾਮਲਿਆਂ ਦੀ ਪ੍ਰੋਫ਼ੈਸਰ ਸਟਿਫਨੀ ਕਾਰਵਿਨ ਨੇ ਬੀਬੀਸੀ ਨੂੰ ਦੱਸਿਆ “ਅੱਜ ਦੇ ਸਬੂਤ ਟਰੂਡੋ ਨੇ ਜੋ ਸਤੰਬਰ ਵਿੱਚ ਕਿਹਾ ਉਸ ਤੋਂ ਵੀ ਅੱਗੇ ਦੀ ਗੱਲ ਕਰਦੇ ਹਨ, ਇਹ ਸਪਸ਼ਟ ਹੁੰਦਾ ਹੈ ਕਿ ਚਾਰ ਲੋਕਾਂ ਦੇ ਕਤਲ ਦੀ ਸਾਜਿਸ਼ ਰਚੀ ਗਈ ਸੀ ਜਿਨ੍ਹਾਂ ਵਿੱਚੋਂ ਤਿੰਨ ਕੈਨੇਡਾ ਵਿੱਚ ਸਨ, ਨਿੱਝਰ ਦਾ ਕਤਲ ਇਸ ਨਾਲ ਹੀ ਜੁੜਿਆ ਹੈ।”

ਜਿਸ ਵੇਲੇ ਟਰੂਡੋ ਨੇ ਇਲਜ਼ਾਮ ਲਾਏ ਸਨ ਉਸ ਵੇਲੇ ਕੈਨੇਡਾ ਦੇ ਸਭ ਤੋਂ ਨੇੜਲੇ ਭਾਈਵਾਲ ਨੇ ਖੁੱਲ੍ਹ ਕੇ ਜਨਤਕ ਬਿਆਨ ਨਹੀਂ ਦਿੱਤੇ ਸਨ।

ਅਮਰੀਕੀ ਅਫ਼ਸਰਾਂ ਨੇ ਇਸ ਘਟਨਾ ਬਾਰੇ ਚਿੰਤਾ ਜ਼ਾਹਰ ਕੀਤੀ ਸੀ, ਪਰ ਉਨ੍ਹਾਂ ਨੇ ਟਰੂਡੋ ਦੇ ਇਲਜ਼ਾਮਾਂ ਦੀ ਹਮਾਇਤ ਨਹੀਂ ਕੀਤੀ ਸੀ ਅਤੇ ਨਾ ਹੀ ਉਨ੍ਹਾਂ ਨੇ ਭਾਰਤ ਦੀ ਨਿੰਦਾ ਕੀਤੀ।

ਅਸੀਂ ਹੁਣ ਇਹ ਜਾਣਦੇ ਹਾਂ ਕਿ ਵ੍ਹਾਈਟ ਹਾਊਸ ਨੂੰ ਅਮਰੀਕਾ ਦੀ ਇਸ ਸਾਜਿਸ਼ ਵਿੱਚ ਚੱਲ ਰਹੀ ਜਾਂਚ ਬਾਰੇ ਜਾਣਕਾਰੀ ਸੀ, ਉਹ ਵੀ ਜਸਟਿਨ ਟਰੂਡੋ ਵੱਲੋਂ ਜੀ 20 ਸੰਮੇਲਨ ਤੋਂ ਬਾਅਦ ਜਨਤਕ ਤੌਰ ‘ਤੇ ਇਲਜ਼ਾਮ ਲਾਏ ਜਾਣ ਤੋਂ ਪਹਿਲਾਂ।

ਇੱਕ ਸੀਨੀਅਰ ਸਰਕਾਰ ਅਫ਼ਸਰ ਨੇ ਇਸ ਬਾਰੇ ਪੁਸ਼ਟੀ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਜੀ 20 ਸੰਮੇਲਨ ਮੌਕੇ ਇਸ ਬਾਰੇ ਚਿੰਤਾ ਜ਼ਾਹਰ ਕੀਤੀ ਸੀ।

“ਕੈਨੇਡਾ ਵਿੱਚ ਵੱਡਾ ਨਿਸ਼ਾਨਾ ਹੈ”

ਕੈਨੇਡਾ
Department of Justice

ਅਮਰੀਕੀ ਅਫ਼ਸਰਾਂ ਦਾ ਇਲਜ਼ਾਮ ਹੈ ਕਿ ਨਿਖਿਲ ਗੁਪਤਾ ਅੰਤਰਾਸ਼ਟਰੀ ਪੱਧਰ ‘ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ।

ਉਹ ਇਸ ਤਸਕਰੀ ਦਾ ਮਈ 2023 ਵਿੱਚ ਇਸ ਕਤਲ ਦੀ ਸਾਜਿਸ਼ ਦਾ ਹਿੱਸਾ ਬਣਨ ਤੋਂ ਪਹਿਲਾਂ ਹੀ ਸੀ।

ਅਮਰੀਕੀ ਵਕੀਲਾਂ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਕਤਲ ਦੇ ਨਿਸ਼ਾਨੇ ਦਾ ਨਾਂਅ ਨਹੀਂ ਹੈ ਪਰ ਇਸ ਬਾਰੇ ਰਿਪੋਰਟਾਂ ਹਨ ਕਿ ਇਹ ਨਿਸ਼ਾਨਾ ਨਿੱਝਰ ਦਾ ਸਾਥੀ ਰਹਿ ਚੁੱਕਾ ਗੁਰਪਤਵੰਤ ਸਿੰਘ ਪਨੂੰ ਸੀ।

ਪੰਨੂ ਸਿੱਖਸ ਫਾਰ ਜਸਟਿਸ ਜਥੇਬੰਦੀ ਲਈ ਜਨਰਲ ਕਾਊਂਸਲ ਹਨ। ਇਹ ਜਥੇਬੰਦੀ ਖਾਲਿਸਤਾਨੀ ਲਹਿਰ ਦੀ ਹਮਾਇਤ ਕਰਦੀ ਹੈ ਅਤੇ ਸਿੱਖਾ ਦੇ ਲਈ, ਜੋ ਕਿ ਭਾਰਤ ਦੀ ਆਬਾਦੀ ਦਾ ਦੋ ਫ਼ੀਸਦ ਹਨ, ਲਈ ਅਲੱਗ ਦੇਸ ਦੀ ਮੰਗ ਕਰਦੀ ਹੈ।

ਇਹ ਲਹਿਰ 1980 ਦੇ ਦਹਾਕੇ ਵਿੱਚ ਚੋਟੀ ਉੱਤੇ ਸੀ, ਇਸ ਦੌਰਾਨ ਕਈ ਹਿੰਸਕ ਕਾਰਵਾਈਆਂ ਹੋਈਆਂ ਜਿਨਾਂ ਵਿੱਚ ਕਈ ਮੌਤਾਂ ਹੋਈਆਂ।

ਹਥਿਆਰਬੰਦ ਬਲਾਂ ਵੱਲੋਂ ਇਸ ਲਹਿਰ ਨੂੰ ਰੋਕਣ ਲਈ ਕਈ ਆਪ੍ਰੇਸ਼ਨ ਚਲਾਏ ਗਏ।

ਖਾਲਿਸਤਾਨ
Getty Images
ਖਾਲਿਸਤਾਨੀ ਝੰਡਾ

ਇਸ ਲਹਿਰ ਦੀ ਹਮਾਇਤ ਭਾਰਤ ਵਿੱਚ ਫਿਰ ਘੱਟ ਗਈ ਪਰ ਵਿਦੇਸ਼ਾਂ ਵਿੱਚ ਕਈ ਲੋਕਾਂ ਵੱਲੋਂ ਸਿੱਖਾਂ ਲਈ ਵੱਖਰੇ ਦੇਸ ਦੀ ਮੰਗ ਹਾਲੇ ਵੀ ਕੀਤੀ ਜਾਂਦੀ ਹੈ।

ਨਿੱਝਰ ਵਾਂਗ ਪੰਨੂ ਨੂੰ ਵੀ ਭਾਰਤ ਵਿੱਚ ਅੱਤਵਾਨੀ ਐਲਾਨਿਆ ਗਿਆ ਹੈ। ਦੋਵਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ।

ਅਮਰੀਕੀ ਵਕੀਲਾਂ ਦੇ ਇਲਜ਼ਾਮਾਂ ਮੁਤਾਬਕ ਨਿਖਿਲ ਗੁਪਤਾ ਨੇ ਭਾਰਤ ਸਰਕਾਰ ਦੇ ਇੱਕ ਅਫ਼ਸਰ ਦੇ ਕਹਿਣ ਉੱਤੇ ਪੰਨੂ ਉੱਤੇ ਨਿਗਾਹ ਰੱਖੀ।

ਇਸ ਅਫ਼ਸਰ ਨੇ ਆਪਣੇ ਆਪ ਨੂੰ ਇੱਕ “ਸੀਨੀਅਰ ਫੀਲਡ ਅਫ਼ਸਰ” ਦੱਸਿਆ ਸੀ, ਜਿਸਨੂੰ ਕਿ “ਜੰਗੀ ਪੈਂਤੜਿਆਂ” ਵਿੱਚ ਸਿਖਲਾਈ ਮਿਲੀ ਸੀ।

ਇਸ ਦਸਤਾਵੇਜ਼ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਕਿਵੇਂ ਅਮਰੀਕੀ ਸਰਕਾਰੀ ਮਹਿਕਮਿਆਂ ਨੇ ਇਸ ਸਾਜਿਸ਼ ਵਿੱਚ ਘੁਸਪੈਠ ਕੀਤੀ ਅਤੇ ਨਿਖਿਲ ਗੁਪਤਾ ਨੂੰ ਇੱਕ ਕਤਲ ਦੀ ਫਿਰੌਤੀ ਲਈ ਅਜਿਹੇ ਵਿਅਕਤੀ ਨਾਲ ਮਿਲਵਾਇਆ ਜੋ ਕਿ ਗੁਪਤ ਇੱਕ ਅਮਰੀਕੀ ਏਜੰਟ ਸੀ।

ਜਿਵੇਂ ਕਤਲ ਦੀ ਇਹ ਕਥਿਤ ਸਾਜਿਸ਼ ਅੱਗੇ ਵਧੀ, ਨਿਖਿਲ ਗੁਪਤਾ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਹੋਰ ਲੋਕਾਂ ਨੂੰ ਵੀ ਪੰਨੂ ਤੋਂ ਬਾਅਦ ਨਿਸ਼ਾਨਾ ਬਣਾਇਆ ਜਾਵੇਗਾ। ਦਸਤਾਵੇਜ਼ਾ ਮੁਤਾਬਕ ਉਸਨੇ ਇੱਕ ਫੋਨ ਕਾਲ ਵਿੱਚ ਇਹ ਕਿਹਾ ਕਿ “ਹੋਰ ਕੰਮ ਵੀ ਮਿਲੇਗਾ।”

ਇਨ੍ਹਾਂ ਸੰਭਾਵਤ ਕੰਮਾਂ ਵਿੱਚ ਸਰਹੱਦ ਤੋਂ ਬਾਹਰ ਵਾਲੇ ਆਪ੍ਰੇਸ਼ਨ ਵੀ ਸ਼ਾਮਲ ਸਨ।

12 ਜੂਨ ਨੂੰ ਨਿਖਿਲ ਗੁਪਤਾ ਨੇ ਅਮਰੀਕਾ ਦੇ ਏਜੰਟ ਨੂੰ ਦੱਸਿਆ ਸੀ ਕਿ ਕੈਨੇਡਾ ਵਿੱਚ ਇੱਕ “ਵੱਡਾ ਨਿਸ਼ਾਨਾ” ਸੀ।

ਨਰਿੰਦਰ ਮੋਦੀ, ਜਸਟਿਨ ਟਰੂਡੋ
Getty Images
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਇਸ ਤੋਂ ਛੇ ਦਿਨਾਂ ਬਾਅਦ 18 ਜੂਨ ਨੂੰ ਨਿੱਝਰ ‘ਤੇ ਦੋ ਹਥਿਆਰਬੰਦ ਵਿਅਕਤੀਆਂ ਨੇ ਜਿਨ੍ਹਾਂ ਨੇ ਗੂੰੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸਨ, ਮੂੰਹ ਢਕੇ ਹੋਏ ਸਨ, ਨੇ ਬ੍ਰਿਟਿਸ਼ ਕੋਲੰਬੀਆਂ ਦੇ ਬਾਹਰ ਹਮਲਾ ਕਰ ਦਿੱਤਾ।

ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਹਾਲੇ ਵੀ ਨਿੱਝਰ ਦੇ ਕਤਲ ਦੀ ਜਾਂਚ ਕਰ ਰਹੀ ਹੈ।

ਉਨ੍ਹਾਂ ਨੇ ਅਮਰੀਕਾ ਦੇ ਇਲਜ਼ਾਮਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

ਅਮਰੀਕਾ ਦੇ ਵਕੀਲ ਇਹ ਇਲਜ਼ਾਮ ਨਹੀਂ ਲਾਉਂਦੇ ਕਿ ਇਹ ਸਾਜਿਸ਼ਘਾੜੇ ਨਿੱਝਰ ਦੇ ਕਤਲ ਵਿੱਚ ਵੀ ਸ਼ਾਮਲ ਸਨ।

ਪਰ ਇਹ ਵਕੀਲ ਇਹ ਦਾਅਵਾ ਕਰਦੇ ਹਨ ਕਿ ਨਿਖਿਲ ਗੁਪਤਾ ਅਤੇ ਭਾਰਤੀ ਅਫ਼ਸਰ ਨੇ ਇਸ ਕਤਲ ਤੋਂ ਬਾਅਦ ਇਸ ਬਾਰੇ ਗੱਲਬਾਤ ਕੀਤੀ।

ਨਿਖਿਲ ਗੁਪਤਾ ਨੇ ਕਿਹਾ, “ਇਹ ਹੈ ਉਹ ਬੰਦਾ, ਮੈਂ ਤੁਹਾਨੂੰ ਵੀਡੀਓ ਭੇਜੀ ਹੈ, ਕਿਸੇ ਹੋਰ ਵਿਅਕਤੀ ਨੇ ਇਹ ਕੰਮ ਕੀਤਾ ਹੈ।”

ਅਦਾਲਤੀ ਦਸਤਾਵੇਜ਼ ਕਹਿੰਦੇ ਹਨ, ਨਿੱਝਰ ਦੇ ਕਤਲ ਨੇ ਨਿਖਿਲ ਗੁਪਤਾ ਨੂੰ ਹੋਰ ਉਤਸ਼ਾਹਿਤ ਕੀਤਾ।

ਉਸਨੇ ਅਮਰੀਕੀ ਏਜੰਟ ਨੂੰ ਕਿਹਾ ਕਿ ਅਮਰੀਕੀ ਕਾਰਕੁਨ ਦਾ ਕਤਲ ‘ਜਲਦੀ’ ਹੋਣਾ ਚਾਹੀਦਾ ਹੈ ਅਤੇ ਜਦੋਂ ਇਹ ਹੋ ਜਾਵੇ ਉਨ੍ਹਾਂ ਦੇ ਕੋਲ ਤਿੰਨ ਹੋਰ ‘ਕੰਮ’ ਹਨ ਜਿਹੜੇ ਜੂਨ ਖ਼ਤਮ ਹੋਣ ਤੋਂ ਪਹਿਲਾਂ ਕਰਨਾ ਹੈ, ਇਹ ਤਿੰਨੋ ਕੈਨੇਡਾ ਵਿੱਚ ਹਨ।

ਸੂਚਨਾ ਬਾਰੇ ਕੀ ਸੁਆਲ

ਗੁਰਪਤਵੰਤ ਸਿੰਘ ਪੰਨੂ
Getty Images
ਗੁਰਪਤਵੰਤ ਸਿੰਘ ਪੰਨੂ

ਬੁੱਧਵਾਰ ਨੂੰ ਅਮਰੀਕੀ ਵਕੀਲਾਂ ਦੇ ਇਲਜ਼ਾਮਾਂ ਵਿੱਚ ਸਾਹਮਣੇ ਆਈ ਸੂਚਨਾ ਨੇ ਨਿੱਝਰ ਸਣੇ ਕੈਨੇਡੀਆਈ ਨਾਗਰਿਕਾਂ ਉੱਤੇ ਖ਼ਤਰੇ ਬਾਰੇ ਨਵੇਂ ਸੁਆਲ ਖੜ੍ਹੇ ਕੀਤੇ ਹਨ।

ਇਹ ਰਿਪੋਰਟਾਂ ਹਨ ਕਿ ਨਿੱਝਰ ਨੂੰ ਉਨ੍ਹਾਂ ਦੇ ਕਤਲ ਤੋਂ ਪਹਿਲਾਂ ਕੈਨੇਡੀਆਈ ਕਾਨੂੰਨੀ ਮਹਿਕਮਿਆਂ ਵੱਲੋਂ ਇਹ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

ਪਰ ਇਹ ਸਪਸ਼ਟ ਨਹੀਂ ਹੈ ਕਿ ਇਸ ਵਿੱਚੋਂ ਕਿੰਨੀ ਸੂਚਨਾ ਕੈਨੇਡਾ ਨੂੰ ਅਮਰੀਕਾ ਨੇ ਦਿੱਤੀ ਸੀ।

ਵੇਸਲੀ ਵਾਰਕ ਜੋ ਕਿ ਕੈਨੇਡਾ ਦੇ ਸੈਂਟਰ ਫਾਰ ਇੰਟਰਨੈਸ਼ਨਲ ਗਵਰਨੈਂਸ ਐਂਡ ਇਨੋਵੇਸ਼ਨ ਨੇ ਬੀਬੀਸੀ ਨੂੰ ਦੱਸਿਆ ਕਿ, “ਮੈਨੂੰ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਲੱਗਦੀ ਹੈ ਕਿ ਐੱਫਬੀਆਈ ਕੋਲ ਮੌਜੂਦ ਜਾਣਕਾਰੀ ਉਸੇ ਵੇਲੇ ਕੈਨੇਡੀਆਈ ਸਰਕਾਰ ਨੂੰ ਨਹੀਂ ਦਿੱਤੀ ਗਈ।”

ਉਨ੍ਹਾਂ ਦੱਸਿਆ ਕਿ ਕੈਨੇਡਾ ਅਤੇ ਅਮਰੀਕਾ ਦੇ ਸਰਕਾਰੀ ਮਹਿਕਮਿਆਂ ਦਾ ਇੱਕ-ਦੂਜੇ ਨਾਲ ਨਜ਼ਦੀਕੀ ਸਬੰਧ ਹੈ।

ਪਰ ਇਹ ਵੀ ਹੋ ਸਕਦਾ ਹੈ ਕਿ ਅਜਿਹੀ ਸੂਚਨਾ ਬਹੁਤ ਘੱਟ ਸੀ ਜਿਸ ਉੱਤੇ ਕਾਰਵਾਈ ਕੀਤੀ ਜਾ ਸਕੇ, ਇਸਨੂੰ ਉਹ ‘ਐਕਸ਼ਨੇਬਲ ਇੰਟੈਲਿਜੈਂਸ’ ਕਹਿੰਦੇ ਹਨ।

ਉਹ ਕਹਿੰਦੇ ਹਨ ਕਿ ਪੰਨੂ ਦੇ ਕੇਸ ਦੇ ਮੁਕਾਬਲੇ ਨਿੱਝਰ ਦੇ ਕੇਸ ਵਿੱਚ ਅਜਿਹੀ ਸੂਚਨਾ ਦੀ ਘਾਟ ਸੀ।

ਪਰ ਅਮਰੀਕਾ ਸਾਜਿਸ਼ ਨੂੰ ਨਾਕਾਮ ਕਰਨ ਵਿੱਚ ਸਫ਼ਲ ਕਿਵੇਂ ਰਿਹਾ ਅਤੇ ਕੈਨੇਡਾ ਅਜਿਹਾ ਕਿਉਂ ਨਹੀਂ ਕਰ ਸਕਿਆ।

ਇਸ ਬਾਰੇ ਵੇਸਲੀ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਇਸ ਬਾਰੇ ਕੁਝ ਕਹਿਣਾ ਬਹੁਤ ਕਾਹਲੀ ਹੋਵੇਗੀ ਕਿ ਕੈਨੇਡਾ ਦੇ ਸਰਕਾਰੀ ਮਹਿਕਮਿਆਂ ਜਾ ਇਸ ਕੋਲ ਮੌਜੂਦ ਸੂਚਨਾ ਵਿੱਚ ਕਮੀ ਰਹੀ, ਜਿਸ ਨਾਲ ਕਿ ਨਿੱਝਰ ਬੱਚ ਸਕਦਾ ਸੀ।”

ਵੇਸਲੀ ਕਹਿੰਦੇ ਹਨ ਕਿ ਸੱਚ ਹੋਰ ਭਿਆਨਕ ਹੋ ਸਕਦਾ ਹੈ। ਅਮਰੀਕਾ ਦੇ ਇਲਜ਼ਾਮ, ਟਰੂਡੋ ਦੇ ਇਲਜ਼ਾਮ ਇਹ ਦੱਸਦੇ ਹਨ ਕਿ ਅਜਿਹੀਆਂ ਕਈ ਟੀਮਾਂ ਖੁੱਲ੍ਹੀਆਂ ਘੁੰਮ ਰਹੀਆਂ ਹਨ ਇਨ੍ਹਾਂ ਵਿੱਚੋਂ ਇੱਕ ਸਰਕਾਰੀ ਮਹਿਕਮਿਆਂ ਦੇ ਨੱਕ ਹੇਠਾਂ ਆਪਣਾ ਕੰਮ ਕਰ ਸਕੀ ਸੀ।

ਬੁੱਧਵਾਰ ਨੂੰ ਵ੍ਹਾਈਟ ਹਾਊਸ ਨੇ ਇਹ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਇਸ ਕਥਿਤ ਸਾਜਿਸ਼ ਦੇ ਮਾਮਲੇ ਨੂੰ ਭਾਰਤ ਸਰਕਾਰ ਦੇ ਸੀਨੀਅਰ ਪੱਧਰ ਉੱਤੇ ਚੁੱਕਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਅਫ਼ਸਰਾਂ ਨੇ ਇਸ ਉੱਤੇ ਹੈਰਾਨੀ ਅਤੇ ਚਿੰਤਾ ਜ਼ਾਹਰ ਕੀਤੀ।

''''ਅਮਰੀਕਾ ਅਤੇ ਭਾਰਤ ਦੇ ਰਿਸ਼ਤੇ''''

ਭਾਰਤ ਅਤੇ ਅਮਰੀਕਾ
Getty Images
ਪ੍ਰੋਫ਼ੈਸਰ ਕਾਰਵਿਨ ਕਹਿੰਦੇ ਹਨ ਅਮਰੀਕਾ ਅਤੇ ਭਾਰਤ ਵਿੱਚੋਂ ਕੋਈ ਵੀ ਦੋਵਾਂ ਦੇ ਕੂਟਨੀਤਕ ਰਿਸ਼ਤੇ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦਾ।

ਭਾਰਤ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਕੇਸ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰੋਫ਼ੈਸਰ ਕਾਰਵਿਨ ਕਹਿੰਦੇ ਹਨ ਅਮਰੀਕਾ ਅਤੇ ਭਾਰਤ ਵਿੱਚੋਂ ਕੋਈ ਵੀ ਦੋਵਾਂ ਦੇ ਕੂਟਨੀਤਕ ਰਿਸ਼ਤੇ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦਾ।

“ਮੈਨੂੰ ਇਹ ਸ਼ੱਕ ਹੈ ਵਾਸ਼ਿੰਗਟਨ ਵਿੱਚੋਂ ਦਿੱਲੀ ਬਹੁਤ ਫੋਨ ਕਾਲਾਂ ਗਈਆਂ ਹੋਣਗੀਆਂ ਤਾਂ ਜੋ ਇਸ ਮਾਮਲੇ ਨੂੰ ਛੇਤੀ ਅਤੇ ਚੁੱਪਚਾਪ ਸੁਲਝਾਇਆ ਜਾ ਸਕੇ।”

ਬ੍ਰਿਟਿਸ਼ ਕੋਲੰਬੀਆ ਰਹਿੰਦੇ ਸਿੱਖ ਪੱਤਰਕਾਰ ਅਤੇ ਰੇਡੀਓ ਪੱਤਰਕਾਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਜਿੱਥੇ ਅਸੀਂ ਇਸ ਸਾਰੇ ਮਾਮਲੇ ਦੇ ਕੂਟਨੀਤਕ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ, ਬੁੱਧਵਾਰ ਨੂੰ ਹੋਏ ਖ਼ੁਲਾਸੇ ਨੇ ਕੈਨੇਡੀਆਈ ਸਿੱਖਾਂ ਦੇ ਸੰਸਿਆਂ ਨੂੰ ਪ੍ਰਮਾਣਿਤ ਕੀਤਾ ਹੈ।

“ਲੋਕਾਂ ਨੂੰ ਲੱਗਦਾ ਹੈ ਕਿ ਉਹ ਜੋ ਲੰਬੇ ਸਮੇਂ ਤੋਂ ਕਹਿ ਰਹੇ ਸਨ ਕਿ ਭਾਰਤ ਸਰਕਾਰ ਵਿਰੋਧੀ ਆਵਾਜ਼ਾਂ ਨੂੰ ਦੱਬ ਰਹੀ ਹੈ ਇਹ ਪ੍ਰਮਾਣਿਤ ਹੋ ਗਿਆ ਹੈ।”

ਉਹ ਕਹਿੰਦੇ ਹਨ, “ਇੱਕ ਤਰੀਕੇ ਨਾਲ ਮੌਤ ਤੋਂ ਬਾਅਦ ਹਰਦੀਪ ਸਿੰਘ ਨਿੱਝਰ ਸਹੀ ਸਾਬਤ ਹੋਏ ਹਨ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News