ਚੀਨ ਦੇ ਬੱਚਿਆਂ ’ਚ ਫੈਲੀ ਬਿਮਾਰੀ ਕੀ ਹੈ, ਭਾਰਤ ਨੂੰ ਕਿੰਨਾ ਖ਼ਤਰਾ ਤੇ ਕੀ ਕੋਵਿਡ ਨਾਲ ਕੋਈ ਲਿੰਕ ਹੈ

Thursday, Nov 30, 2023 - 04:19 PM (IST)

ਚੀਨ ਦੇ ਬੱਚਿਆਂ ’ਚ ਫੈਲੀ ਬਿਮਾਰੀ ਕੀ ਹੈ, ਭਾਰਤ ਨੂੰ ਕਿੰਨਾ ਖ਼ਤਰਾ ਤੇ ਕੀ ਕੋਵਿਡ ਨਾਲ ਕੋਈ ਲਿੰਕ ਹੈ
ਸੰਕੇਤਕ ਤਸਵੀਰ
Getty Images
ਚੀਨ ਤੋਂ ਬੱਚਿਆਂ ਵਿੱਚ ਨਿਮੋਨੀਆ ਹੋਣ ਦੀਆਂ ਖਬਰਾਂ ਹਨ (ਸੰਕੇਤਕ ਤਸਵੀਰ)

ਚਾਰ ਸਾਲ ਪਹਿਲਾਂ ਚੀਨ ਤੋਂ ਸ਼ੁਰੂ ਹੋਏ ਕੋਵਿਡ ਲਾਗ ਦੇ ਮਾਮਲੇ ਹੌਲੀ-ਹੌਲੀ ਦੁਨੀਆ ’ਚ ਫੈਲ ਗਏ ਸਨ ਅਤੇ ਲੱਖਾਂ ਦੀ ਗਿਣਤੀ ’ਚ ਲੋਕ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਏ ਸਨ।

ਹੁਣ ਚੀਨ ਦੇ ਉੱਤਰੀ ਇਲਾਕੇ ’ਚ ਬੱਚਿਆਂ ’ਚ ਨਿਮੋਨੀਆ ਦੀਆਂ ਖ਼ਬਰਾਂ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ।

ਕਈ ਰਿਪੋਰਟਾਂ ’ਚ ਤਾਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ਦੇ ਉੱਤਰੀ ਇਲਾਕੇ ਦੇ ਹਸਪਤਾਲਾਂ ’ਚ ਵੱਡੀ ਗਿਣਤੀ ’ਚ ਬਿਮਾਰ ਬੱਚੇ ਇਲਾਜ ਲਈ ਭਰਤੀ ਹੋ ਰਹੇ ਹਨ।

ਚੀਨ ’ਚ ਕੋਵਿਡ ਸਬੰਧੀ ਹਟਾਈਆਂ ਗਈਆਂ ਪਾਬੰਦੀਆਂ ਅਤੇ ਸਰਦੀ ਦੇ ਮੌਸਮ ਨੂੰ ਵੀ ਇਸ ਸਾਹ ਦੀ ਬਿਮਾਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਖ਼ਬਰ ਏਜੰਸੀ ਰਾਇਟਰਜ਼ ਦੇ ਹਵਾਲੇ ਤੋਂ ਵਿਸ਼ਵ ਸਿਹਤ ਸੰਗਠਨ ਦੀ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਚੀਨ ’ਚ ਸਾਹ ਦੀ ਬਿਮਾਰੀ ਦੇ ਜੋ ਮਾਮਲੇ ਸਾਹਮਣੇ ਆ ਰਹੇ ਹਨ, ਉਹ ਕੋਵਿਡ ਜਿੰਨੇ ਨਹੀਂ ਹਨ ਅਤੇ ਨਾਲ ਹੀ ਉਨ੍ਹਾਂ ਇਸ ਗੱਲ ਨੂੰ ਦੁਹਰਾਇਆ ਕਿ ਹਾਲ ਦੇ ਮਾਮਲਿਆਂ ’ਚ ਕੋਈ ਨਵਾਂ ਜਾਂ ਅਸਾਧਾਰਨ ਪੈਥੋਜਨ ਯਾਨੀ ਜਰਾਸੀਮ ਨਹੀਂ ਪਾਇਆ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਦੀ ਕਾਰਜਕਾਰੀ ਨਿਰਦੇਸ਼ਕ ਮਾਰੀਆ ਵੇਨ ਨੇ ਕਿਹਾ ਕਿ ਚੀਨ ਦੇ ਬੱਚਿਆਂ ’ਚ ਇਨ੍ਹਾਂ ਮਾਮਲਿਆਂ ਦੇ ਵਧਣ ਦਾ ਕਾਰਨ ਕੋਵਿਡ ਸਬੰਧੀ ਦੋ ਸਾਲ ਤੱਕ ਲੱਗੀ ਪਾਬੰਦੀ ਜਾਪਦੀ ਹੈ, ਜਿਸ ਨੇ ਬੱਚਿਆਂ ਨੂੰ ਇਸ ਜਰਾਸੀਮ ਤੋਂ ਦੂਰ ਰੱਖਿਆ ਹੈ।

ਉਨ੍ਹਾਂ ਦਾ ਕਹਿਣਾ ਸੀ , “ਅਸੀਂ ਮਹਾਂਮਾਰੀ ਤੋਂ ਪਹਿਲਾਂ ਦੀ ਸਥਿਤੀ ਦੀ ਤੁਲਨਾ ਕਰਨ ਲਈ ਕਿਹਾ ਹੈ ਅਤੇ ਜੋ ਲਹਿਰ ਮੌਜੂਦਾ ਸਮੇਂ ਦੇਖੀ ਜਾ ਰਹੀ ਹੈ ਉਹ ਉਸ ਪੱਧਰ ਦੀ ਨਹੀਂ ਹੈ, ਜੋ ਕਿ ਸਾਲ 2018-19 ’ਚ ਆਈ ਕੋਰੋਨਾ ਦੀ ਲਹਿਰ ਦੀ ਸੀ।”

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਬੁਲਾਰੇ ਮੀ ਫੇਂਗ ਨੇ ਐਤਵਾਰ ਨੂੰ ਕਿਹਾ ਕਿ ਸਾਹ ਦੀ ਬਿਮਾਰੀ ਦੇ ਵਾਧੇ ਦਾ ਕਾਰਨ ਕਈ ਤਰ੍ਹਾਂ ਦੇ ਰੋਗਾਣੂਆਂ ਦੀ ਮੌਜੂਦਗੀ ਹੈ, ਜਿਨ੍ਹਾਂ ’ਚ ਇੰਨਫਲੂਐਂਜਾ ਮੁੱਖ ਤੌਰ ’ਤੇ ਹੈ।

ਚੀਨ ਭਾਰਤ ਦਾ ਗੁਆਂਢੀ ਮੁਲਕ ਹੈ। ਅਜਿਹੇ ’ਚ ਭਾਰਤ ਸਰਕਾਰ ਨੇ ਵੀ ਇਸ ਬਿਮਾਰੀ ਤੋਂ ਬਚਾਅ ਲਈ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ।

 ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ
Getty Images
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ

ਭਾਰਤ ਸਰਕਾਰ ਦੀ ਤਿਆਰੀ

ਚੀਨ
BBC

ਕੇਂਦਰੀ ਸਿਹਤ ਮੰਤਰਾਲੇ ਨੇ ਹਾਲ ਹੀ ’ਚ ਸਾਹ ਸਬੰਧੀ ਬਿਮਾਰੀਆਂ ਨਾਲ ਨਜਿੱਠਣ ਲਈ ਤਿਆਰੀਆਂ ਅਤੇ ਉਪਾਵਾਂ ਬਾਰੇ ਇੱਕ ਵਿਸਤ੍ਰਿਤ ਸਮੀਖਿਆ ਬੈਠਕ ਕੀਤੀ।

ਪ੍ਰੈੱਸ ਸੂਚਨਾ ਬਿਊਰੋ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਿਹਤ ਸਕੱਤਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਜਨਤਕ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਨੂੰ ਇਸ ਬੀਮਾਰੀ ਅਤੇ ਸਥਿਤੀ ਸਬੰਧੀ ਤਿਆਰੀਆਂ ਕਰਨ ਅਤੇ ਸਮੀਖਿਆ ਕਰਨ ਦੀ ਸਲਾਹ ਦਿੱਤੀ ਹੈ।

ਇਸ ਪੱਤਰ ’ਚ ਕਿਹਾ ਗਿਆ ਹੈ ਕਿ ਹਸਪਤਾਲ ’ਚ ਫਲੂ ਲਈ ਦਵਾਈਆਂ, ਟੀਕੇ, ਮੈਡੀਕਲ ਆਕਸੀਜਨ, ਐਂਟੀਬਾਇਓਟਿਕ ਦਵਾਈਆਂ, ਨਿੱਜੀ ਸੁਰੱਖਿਆ ਦੇ ਉਪਕਰਨ, ਟੈਸਟਿੰਗ ਕਿੱਟਾਂ, ਆਕਸੀਜਨ ਪਲਾਂਟ ਅਤੇ ਵੈਂਟੀਲੇਟਰਾਂ ਦੀ ਲੋੜੀਂਦੀ ਉਪਲਬਧਤਾ ਅਤੇ ਹੋਰ ਜ਼ਰੂਰੀ ਉਪਾਵਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ‘ਕੋਵਿਡ-19 ’ਚ ਸੋਧੀ ਨਿਗਰਾਨੀ ਰਣਨੀਤੀ’ ਲਈ ਦਿਸ਼ਾ-ਨਿਰਦੇਸ਼ ਵੀ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਸ ਨੀਤੀ ਨੂੰ ਇਸੇ ਸਾਲ ਦੇ ਸ਼ੁਰੂ ’ਚ ਇਸ ਨੂੰ ਜਾਰੀ ਕੀਤਾ ਗਿਆ ਸੀ।

ਇਸ ’ਚ ਇਨਫਲੂਐਂਜ਼ਾ ਵਰਗੀ ਬਿਮਾਰੀ (ਆਈਐਲਆਈ) ਅਤੇ ਤੀਬਰ ਸਾਹ ਦੀ ਬਿਮਾਰੀ (ਐੱਸਆਰਆਈ) ਦੀ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਗਈ ਹੈ।

ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਏਮਜ਼ ’ਚ ਪਲਮਨਰੀ ਅਤੇ ਕ੍ਰਿਟੀਕਲ ਕੇਅਰ (ਗੰਭੀਰ ਹਾਲਾਤ ’ਚ ਦੇਖਭਾਲ) ਅਤੇ ਸਲੀਪ ਮੈਡੀਸਨ ਦੇ ਮੁਖੀ ਡਾਕਟਰ ਅਨੰਤ ਮੋਹਨ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਜੋ ਜਾਣਕਾਰੀ ਚੀਨ ਤੋਂ ਹਾਸਲ ਹੋਈ ਹੈ, ਉਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਆਮ ਕੀਟਾਣੂ ਖੰਘ ਅਤੇ ਜ਼ੁਕਾਮ ਦਾ ਕਾਰਨ ਬਣਦੇ ਹਨ, ਉਹ ਕੀਟਾਣੂ ਉਹ ਹੀ ਹਨ।

ਉਹ ਕਹਿੰਦੇ ਹਨ, “ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਇਸ ਦਾ ਇੱਕ ਮੁੱਖ ਕਾਰਨ ਜ਼ਿਆਦਾ ਟੈਸਟਿੰਗ ਹੋ ਸਕਦਾ ਹੈ, ਪਰ ਇਹ ਕੋਈ ਨਵਾਂ ਕੀਟਾਣੂ ਨਹੀਂ ਹੈ।”

ਕੀ ਚੀਨ ਦੇ ਬੱਚਿਆਂ ’ਚ ਫੈਲੀ ਬਿਮਾਰੀ ਛੂਤ ਵਾਲੀ ਹੈ ?

ਡਾਕਟਰਾਂ ਮੁਤਾਬਕ ਇਹ ਕਮਿਊਨੀਕੇਬਲ ਜਾਂ ਛੂਤ ਦੀ ਬਿਮਾਰੀ ਹੈ।

ਜੇਕਰ ਸਰਲ ਭਾਸ਼ਾ ’ਚ ਗੱਲ ਕੀਤੀ ਜਾਵੇ ਤਾਂ ਸਾਹ ਲੈਣ ਨਾਲ ਸਬੰਧਤ ਬਿਮਾਰੀਆਂ ਛੂਤ ਵਾਲੀਆਂ ਬਿਮਾਰੀਆਂ ਹੁੰਦੀਆਂ ਹਨ।

ਇਸ ਬਿਮਾਰੀ ਦੇ ਵਾਇਰਸ ਜਾਂ ਬੈਕਟੀਰੀਆ ਦੀਆਂ ਬੂੰਦਾਂ ਖੰਘਣ, ਹੱਸਣ, ਛਿੱਕਣ ਜਾਂ ਬੋਲਣ ਨਾਲ ਫੈਲਦੇ ਹਨ।

ਡਾਕਟਰ ਵੇਦ ਪ੍ਰਕਾਸ਼ ਲਖਨਊ ’ਚ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ’ਚ ਪਲਮਨਰੀ ਅਤੇ ਕ੍ਰਿਟੀਕਲ ਕੇਅਰ ਮੈਡੀਸਨ ਦੇ ਮੁਖੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਦੌਰਾਨ ਲੱਗੀਆਂ ਪਾਬੰਦੀਆਂ ਹੱਟਣ ਤੋਂ ਬਾਅਦ ਚੀਨ ’ਚ ਇਹ ਪਹਿਲੀ ਸਰਦੀ ਹੈ ਅਤੇ ਇਸ ਕਰਕੇ ਉੱਥੋਂ ਦੇ ਲੋਕਾਂ ਦੀ ਪ੍ਰਤੀਰੋਧਕ ਸਮਰੱਥਾ ਘੱਟ ਹੋਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਚੀਨ ’ਚ ਕੋਈ ਨਵਾਂ ਵਾਇਰਸ , ਬੈਕਟੀਰੀਆ ਦਾ ਰੋਗਾਣੂ ਨਹੀਂ ਪਾਇਆ ਗਿਆ ਹੈ।

ਸਾਹ ਦੀਆਂ ਬੀਮਾਰੀਆਂ
Getty Images
ਡਾਕਟਰਾਂ ਮੁਤਾਬਕ ਸਾਹ ਦੀਆਂ ਬਿਮਾਰੀਆਂ ਪਿਛਲੇ ਪੰਜ ਸਾਲਾਂ ਤੋਂ ਇੱਕ ਚੁਣੌਤੀ ਬਣੀਆਂ ਹੋਈਆਂ ਹਨ।

ਮਾਈਕੋਪਲਾਜ਼ਮਾ, ਆਰਐੱਸਵੀ ਹੈ ਕੀ ?

ਡਾਕਟਰਾਂ ਦਾ ਕਹਿਣਾ ਹੈ ਕਿ ਵਾਇਰਸ ਅਤੇ ਬੈਕਟੀਰੀਆ, ਇਹ ਸਾਰੇ ਅਜਿਹੇ ਸੂਖਮ ਰੋਗਾਣੂ ਹੁੰਦੇ ਹਨ , ਜਿਨ੍ਹਾਂ ਨਾਲ ਅਜਿਹੀ ਬਿਮਾਰੀ ਫੈਲ ਸਕਦੀ ਹੈ।

ਡਾਕਟਰ ਵੇਦ ਪ੍ਰਕਾਸ਼ ਸਮਝਾਉਂਦੇ ਹੋਏ ਦੱਸਦੇ ਹਨ ਕਿ ਮਾਈਕੋਪਲਾਜ਼ਮਾ ਇੱਕ ਕੀਟਾਣੂ ਹੈ ਅਤੇ ਇਹ ਜ਼ਿਆਦਾਤਰ ਬੱਚਿਆਂ ’ਤੇ ਹੀ ਹਮਲਾ ਕਰਦਾ ਹੈ।

ਇਹ ਗਲੇ ਅਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਨਿਮੋਨੀਆ ਹੋ ਸਕਦਾ ਹੈ।

ਆਰਐੱਸਵੀ ਇੱਕ ਤਰ੍ਹਾਂ ਦਾ ਵਾਇਰਸ ਹੈ, ਜਿਸ ਨੂੰ ਅੰਗਰੇਜ਼ੀ ’ਚ ਰੈਸਪਰੇਟਰੀ ਸਿੰਕਆਟੀਅਲ ਵਾਇਰਸ ਕਿਹਾ ਜਾਂਦਾ ਹੈ।

ਡਾ. ਅਨੰਤ ਮੋਹਨ ਦੇ ਅਨੁਸਾਰ ਇਹ ਵਾਇਰਸ ਉਪਰਲੀ ਸਾਹ ਦੀ ਨਲੀ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਜ਼ੁਕਾਮ, ਖੰਘ ਅਤੇ ਬੁਖਾਰ ਦਾ ਕਾਰਨ ਬਣਦਾ ਹੈ।

ਮਾਈਕੋਪਲਾਜ਼ਮਾ, ਆਰਐੱਸਵੀ ਜਾਂ ਫਲੂ ਇਹ ਬਹੁਤ ਆਮ ਹਨ ਅਤੇ ਜੇਕਰ ਬਹੁਤ ਗੰਭੀਰ ਵੀ ਨਾ ਹੋਣ ਤਾਂ ਐਂਟੀਬਾਇਓਟਿਕ ਜ਼ਰੀਏ ਇਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ।

ਸੰਕੇਤਕ ਤਸਵੀਰ
Getty Images
ਸੰਕੇਤਕ ਤਸਵੀਰ

ਇਸ ਦੇ ਲੱਛਣ ਕੀ ਹਨ ?

ਡਾਕਟਰ ਇਸ ਦੇ ਕਈ ਲੱਛਣ ਦੱਸਦੇ ਹਨ, ਜੋ ਕਿ ਆਮ ਵੇਖੇ ਜਾ ਸਕਦੇ ਹਨ। ਡਾਕਟਰਾਂ ਮੁਤਾਬਕ ਕਈ ਵਾਰ ਤਾਂ ਇਹ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ।

ਕਈ ਵਾਰ ਇਸ ਨੂੰ ਠੀਕ ਕਰਨ ਲਈ ਅਲਰਜੀ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ, ਪਰ ਜਦੋਂ ਇਹ ਨਿਮੋਨੀਆ ’ਚ ਤਬਦੀਲ ਹੋਣ ਲੱਗਦਾ ਹੈ ਤਾਂ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਜਾਗਰੁਕਤਾ
Getty Images
ਭਾਰਤ ਵਿੱਚ ਬੱਚੇ ਚੀਨ ’ਚ ਬਿਮਾਰ ਹੋਏ ਬੱਚਿਆਂ ਲਈ ਦੁਆ ਕਰਦੇ ਹੋਏ।

ਕੀ ਇਸ ਬਿਮਾਰੀ ਦਾ ਕੋਵਿਡ ਨਾਲ ਕੋਈ ਸਬੰਧ ਹੈ?

ਡਾਕਟਰ ਅਨੰਤ ਮੋਹਨ ਦਾ ਕਹਿਣਾ ਹੈ ਕਿ ਕੋਵਿਡ ਨੂੰ ਚੀਨ ’ਚ ਫੈਲੇ ਫਲੂ ਨਾਲ ਜੋੜ ਕੇ ਵੇਖਣਾ ਮੁਸ਼ਕਲ ਹੈ।

ਉਨ੍ਹਾਂ ਮੁਤਾਬਕ, “ਇਹ ਸੰਭਵ ਹੈ ਕਿ ਜਿਨ੍ਹਾਂ ਨੂੰ ਕਰੋਨਾ ਨਹੀਂ ਹੋਇਆ, ਉਨ੍ਹਾਂ ਦੇ ਸਰੀਰ ’ਚ ਐਂਟੀਬਾਡੀ ਨਾ ਬਣੇ ਹੋਣ। ਇਹ ਇੱਕ ਸਿਧਾਂਤ ਯਾਨੀ ਥਿਓਰੀ ਹੋ ਸਕਦੀ ਹੈ, ਪਰ ਇਹ ਵੀ ਜ਼ਰੂਰੀ ਨਹੀਂ ਹੈ ਕਿ ਕਰੋਨਾ ਦੀ ਐਂਟੀਬਾਡੀ ਫਲੂ ਦੇ ਦੂਜੇ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰੇ।”

ਹੁਣ ਫਲੂ ਲਈ ਵੀ ਵੈਕਸੀਨ ਉਪਲਬਧ ਹਨ ਅਤੇ ਉਸ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਹਨ। ਇਸ ਲਈ ਉਹ ਵੀ ਲਿਆ ਜਾ ਸਕਦਾ ਹੈ।

ਪਰ ਡਾਕਟਰ ਅਨੰਤ ਇਸ ਗੱਲ ’ਤੇ ਵੀ ਜ਼ੋਰ ਦਿੰਦੇ ਹਨ ਕਿ ਟੀਕੇ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ ਹੈ ਅਤੇ ਬਚਾਅ ਹਮੇਸ਼ਾਂ ਹੀ ਕਰਨਾ ਚਾਹੀਦਾ ਹੈ।

ਦੂਜੇ ਪਾਸੇ ਡਾਕਟਰ ਵੇਦ ਪ੍ਰਕਾਸ਼ ਦਾ ਕਹਿਣਾ ਕੁਝ ਹੋਰ ਹੀ ਹੈ।

ਚੀਨ
BBC

ਉਨ੍ਹਾਂ ਦਾ ਕਹਿਣਾ ਹੈ ਕਿ “ਜਿੰਨਾਂ ਬੱਚਿਆਂ ਜਾਂ ਲੋਕਾਂ ਨੂੰ ਟੀਕੇ ਨਹੀਂ ਲੱਗੇ ਹਨ ਅਤੇ ਉਨ੍ਹਾਂ ਨੂੰ ਕੋਵਿਡ ਵੀ ਨਹੀਂ ਹੋਇਆ ਹੈ।”

“ਜਿਨ੍ਹਾਂ ਦਾ ਮੌਸਮ ਬਦਲਣ ’ਤੇ ਉਸ ਨਾਲ ਸਿੱਧਾ ਟਾਕਰਾ ਨਾ ਹੋਇਆ ਹੋਵੇ, ਬੈਕਟੀਰੀਆ, ਵਾਇਰਸ ਜਾਂ ਫਲੂ ਨਹੀਂ ਹੋਇਆ ਹੈ ਤਾਂ ਉਨ੍ਹਾਂ ’ਚ ਪ੍ਰਤੀਰੋਧਕ ਸਮਰੱਥਾ ਨਹੀਂ ਹੁੰਦੀ ਹੈ। ਅਜਿਹੀ ਸਥਿਤੀ ’ਚ ਘੱਟ ਪ੍ਰਭਾਵਸ਼ਾਲੀ ਬੈਕਟੀਰੀਆ ਜਾਂ ਵਾਇਰਸ ਦਾ ਪ੍ਰਭਾਵ ਅਜਿਹੇ ਲੋਕਾਂ ’ਤੇ ਜ਼ਿਆਦਾ ਪੈਂਦਾ ਹੈ।”

ਉਹ ਅੱਗੇ ਕਹਿੰਦੇ ਹਨ ਕਿ ਛੋਟੇ ਬੱਚਿਆਂ ਲਈ ਵੈਕਸੀਨ ਦੀ ਵਰਤੋਂ ਨਹੀਂ ਹੋਈ ਹੈ, ਇਸ ਲਈ ਉਨ੍ਹਾਂ ਦੇ ਲਈ ਜ਼ਿਆਦਾ ਖ਼ਤਰਾ ਹੈ।

ਇਸ ਤਰ੍ਹਾਂ ਹੀ ਉਹ ਬਾਲਗ ਵੀ ਇਸ ਸੂਚੀ ’ਚ ਸ਼ਾਮਲ ਹਨ, ਜਿੰਨ੍ਹਾਂ ਨੂੰ ਨਾ ਤਾਂ ਟੀਕਾ ਲੱਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਵਿਡ ਹੋਇਆ ਹੈ।

ਇਸ ਦੇ ਨਾਲ ਹੀ ਗਰਭਵਤੀ ਔਰਤਾਂ ਅਤੇ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਵਰਗੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਲੋਕਾਂ ਨੂੰ ਇਸ ਤਰ੍ਹਾਂ ਦੀ ਲਾਗ ਦਾ ਸ਼ਿਕਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਪ੍ਰਦੂਸ਼ਣ
Getty Images
ਪ੍ਰਦੂਸ਼ਣ ਦੌਰਾਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਵੱਧ ਜਾਂਦੀ ਹੈ।

ਪ੍ਰਦੂਸ਼ਣ ਦ ਪ੍ਰਭਾਵ ਕਿੰਨਾ?

ਡਾਕਟਰਾਂ ਅਨੁਸਾਰ ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਸਰੀਰ ਦੀ ਕੁਦਰਤੀ ਪ੍ਰਤੀਰੋਧਕ ਸ਼ਕਤੀ ਪ੍ਰਭਾਵਿਤ ਹੁੰਦੀ ਹੈ।

ਵਾਤਾਵਰਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਸਰੀਰ ’ਚ ਫੇਫੜਿਆਂ ਅਤੇ ਸਾਹ ਪ੍ਰਣਾਲੀ ’ਤੇ ਪੈਂਦਾ ਹੈ।

ਇਸ ਲਈ ਇਨ੍ਹਾਂ ਨੂੰ ਹੀ ਲਾਗ ਨਾਲ ਲੜਨਾ ਪੈਂਦਾ ਹੈ ਅਤੇ ਉਨ੍ਹਾਂ ਅਨੁਸਾਰ ਢੱਲਣਾ ਵੀ ਪੈਂਦਾ ਹੈ।

ਜਦੋਂ ਤੱਕ ਸਰੀਰ ਮੌਸਮ ’ਚ ਆਏ ਬਦਲਾਵ ਲਈ ਤਿਆਰ ਹੁੰਦਾ ਹੈ, ਜਿਵੇਂ ਕਿ ਸਰਦੀਆਂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪ੍ਰਤੀਰੋਧਕ ਸ਼ਕਤੀ ਘੱਟ ਹੋਣ ਕਰਕੇ ਵਾਇਰਸ ਜਾਂ ਫਲੂ ਹਮਲਾ ਕਰ ਦਿੰਦੇ ਹਨ। ਇਸ ਲਈ ਅੇਲਰਜੀ ਅਤੇ ਨਿਮੋਨੀਆ ਵੀ ਹੁੰਦਾ ਹੈ।

ਜੇਕਰ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਪੀਐਮ 2.5 ਜਾਂ ਫਿਐਮ 10 ਦੇ ਕਣ ਸਰੀਰ ਦੇ ਅੰਦਰ ਤੱਕ ਜਾ ਸਕਦੇ ਹਨ ਜੋ ਕਿ ਸਥਿਤੀ ਨੂੰ ਹੋਰ ਖਰਾਬ ਕਰ ਸਕਦੇ ਹਨ।

ਸੰਕੇਤਕ ਤਸਵੀਰ
Getty Images
ਬਿਮਾਰੀਆਂ ਤੋਂ ਬਚਣ ਲਈ ਡਾਕਟਰ ਸਾਫ਼-ਸਫ਼ਾਈ ਰੱਖਣ ਦੀ ਸਲਾਹ ਦਿੰਦੇ ਹਨ।

ਬਚਾਅ ਕਿਵੇਂ ਕੀਤਾ ਜਾਵੇ ?

ਕੋਵਿਡ ਦੌਰਾਨ ਇੱਕ ਮੁਹਿੰਮ ਚਲਾਈ ਗਈ ਸੀ- ‘ਦੋ ਗਜ ਦੀ ਦੂਰੀ ਮਾਸਕ ਲਗਾਣਾ ਹੈ ਜ਼ਰੂਰੀ’। ਹੁਣ ਵੀ ਡਾਕਟਰ ਇਸੇ ਤਰ੍ਹਾਂ ਹੀ ਬਚਣ ਦੀ ਸਲਾਹ ਦੇ ਰਹੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਦਹਾਕਿਆਂ ’ਚ ਦਿਲ ਦੇ ਰੋਹ, ਸਟ੍ਰੋਕ ਜਾਂ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਸਾਹਮਣੇ ਆਈਆਂ ਹਨ , ਪਰ ਜੇਕਰ ਪਿਛਲੇ ਪੰਜ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਹ ਲੈਣ ਦੀ ਬਿਮਾਰੀ ਦਾ ਖ਼ਤਰਾ ਪਹਿਲਾਂ ਨਾਲੋਂ ਕੀਤੇ ਵੱਧ ਗਿਆ ਹੈ।

ਅਜਿਹੇ ’ਚ ਡਾਕਟਰਾਂ ਨੂੰ ਡਰ ਹੈ ਕਿ ਆਉਣ ਵਾਲੇ ਸਾਲਾਂ ’ਚ ਸਾਹ ਦੀ ਬਿਮਾਰੀ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰ ਇਸ ਸਬੰਧੀ ਕਦਮ ਚੁੱਕ ਰਹੀ ਹੈ, ਪਰ ਨਿਗਰਾਨੀ ਪ੍ਰਣਾਲੀ, ਰੋਕਥਾਮ ਰਣਨੀਤੀ, ਮੈਨਪਾਵਰ ਜਾਂ ਜਨਸ਼ਕਤੀ ਅਤੇ ਵਿਸ਼ੇਸ਼ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕੀਤਾ ਬਹੁਤ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News