ਤੇਲੰਗਾਨਾ ਵਿਧਾਨ ਸਭਾ ਚੋਣਾਂ ’ਚ ਉਹ ਕਿਹੜੇ ਮੁੱਦੇ ਹਨ ਜਿਨ੍ਹਾਂ ਉੱਤੇ ਲੋਕ ਵੋਟ ਪਾਉਣਗੇ

Wednesday, Nov 29, 2023 - 07:04 PM (IST)

ਤੇਲੰਗਾਨਾ ਵਿਧਾਨ ਸਭਾ ਚੋਣਾਂ ’ਚ ਉਹ ਕਿਹੜੇ ਮੁੱਦੇ ਹਨ ਜਿਨ੍ਹਾਂ ਉੱਤੇ ਲੋਕ ਵੋਟ ਪਾਉਣਗੇ
ਤੇਲੰਗਾਨਾ ਚੋਣਾਂ
BBC

ਕਿਸੇ ਵੀ ਚੋਣ ਵਿੱਚ ਲੋਕਾਂ ਦੀ ਭਲਾਈ ਜਾਂ ਵਿਕਾਸ ਦਾ ਮੁੱਦਾ ਅਕਸਰ ਮੁੱਖ ਏਜੰਡੇ ਵਜੋਂ ਉੱਭਰਦਾ ਹੈ। ਅਸੀਂ ਲੋਕ ਕਲਿਆਣ ਅਤੇ ਪ੍ਰਗਤੀਸ਼ੀਲ ਵਿਕਾਸ ਦੇ ਵਿਚਕਾਰ ਫੋਕਸ ਕਰਨ ਦੀ ਲੜਾਈ ਵੀ ਦੇਖ ਰਹੇ ਹਾਂ।

ਵਿਡੰਬਨਾ ਇਹ ਹੈ ਕਿ ਇੱਕ ਵਿਅਕਤੀ ਅਤੇ ਉਸ ਦਾ ਪਰਿਵਾਰ ਅਤੇ ਉਨ੍ਹਾਂ ਦੀ ਕਾਰਜਸ਼ੈਲੀ 2014 ਵਿੱਚ ਬਣੇ ਭਾਰਤ ਦੇ ਸਭ ਤੋਂ ਨਵੇਂ ਅਤੇ 29ਵੇਂ ਰਾਜ ਤੇਲੰਗਾਨਾ ਵਿੱਚ ਇੱਕਮਾਤਰ ਚੋਣ ਮੁੱਦਾ ਬਣ ਗਈ ਹੈ।

ਤੇਲੰਗਾਨਾ ਦਾ ਇੱਕ ਹੋਰ ਅਜੀਬ ਪਹਿਲੂ ਇਹ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਜਪਾ ਨੇ ਜੋ ਵੋਟ ਬੈਂਕ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ, ਉਹ ਘੱਟ ਹੋ ਗਈ ਹੈ ਅਤੇ ਕਾਂਗਰਸ ਦੀ ਸਥਿਤੀ ਭਾਜਪਾ ਦੇ ਮੁਕਾਬਲੇ ਮਜ਼ਬੂਤ ਹੋ ਗਈ ਹੈ।

ਕੇ. ਤਾਰਕ ਰਾਮਾ ਰਾਓ (ਕੇਟੀਆਰ) ਤੌਰ ’ਤੇ ਆਪਣੇ ਮੁੱਖ ਮੰਤਰੀ ਪਿਤਾ ਕੇਸੀਆਰ ਦੇ ਸੁਰ ਵਿੱਚ ਸੁਰ ਮਿਲਾਉਂਦੇ ਹੋਏ, ਹਾਲ ਹੀ ਵਿੱਚ ਜਦੋਂ ਵੀ ਉਹ ਰਾਸ਼ਟਰੀ ਚੈਨਲਾਂ ਨਾਲ ਗੱਲ ਕਰਦੇ ਹਨ, ਤਾਂ ਵਿਕਾਸ ਸੂਚਕਾਂ ਦਾ ਹਵਾਲਾ ਦਿੰਦੇ ਹੋਏ ਅੰਕੜੇ ਗਿਣਾਉਂਦੇ ਹਨ।

ਇਹ ਅੰਕੜੇ ਉਨ੍ਹਾਂ ਵੱਲੋਂ ਕੁਝ ਖੇਤਰਾਂ ਵਿੱਚ ਕੀਤੀ ਗਈ ਪ੍ਰਗਤੀ ਨੂੰ ਦਰਸਾਉਂਦੇ ਹਨ।

ਹਾਲਾਂਕਿ, ਉਨ੍ਹਾਂ ਨੇ ਮਨੁੱਖੀ ਵਿਕਾਸ ਸੂਚਕਾਂ ਅਤੇ ਸਾਖਰਤਾ ਦਰ ਦਾ ਜ਼ਿਕਰ ਨਹੀਂ ਕੀਤਾ। ਇਹ ਸਹੀ ਹੈ ਕਿ ਤੇਲੰਗਾਨਾ ਨੇ ਆਰਥਿਕ ਰੂਪ ਨਾਲ ਪ੍ਰਗਤੀ ਕੀਤੀ ਹੈ, ਪਰ ਮਨੁੱਖੀ ਵਿਕਾਸ ਵਿੱਚ ਇਸ ਦਾ ਰਿਕਾਰਡ ਮਾੜਾ ਹੈ।

ਕੇਸੀਆਰ
FACEBOOK/KCR

ਤੇਲੰਗਾਨਾ ਨੇ ਬਿਜਲੀ, ਸਿੰਚਾਈ, ਪੀਣ ਵਾਲੇ ਪਾਣੀ ਅਤੇ ਪ੍ਰਤੀ ਵਿਅਕਤੀ ਆਮਦਨ ਦੇ ਖੇਤਰਾਂ ਵਿੱਚ ਪ੍ਰਗਤੀ ਕੀਤੀ ਹੈ।

ਤਾਜ਼ਾ ਸਰਕਾਰੀ ਰਿਪੋਰਟ ਦੇ ਅਨੁਸਾਰ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਸੂਬਾ 3.08 ਲੱਖ ਰੁਪਏ ਪ੍ਰਤੀ ਵਿਅਕਤੀ ਨਾਲ ਦੇਸ਼ ਵਿੱਚ ਸਭ ਤੋਂ ਉੱਪਰ ਹੈ, ਜਿਸ ਵਿੱਚ ਮੁੱਖ ਯੋਗਦਾਨ ਹੈਦਰਾਬਾਦ ਸ਼ਹਿਰ ਦਾ ਹੈ।

ਇਸ ਤੋਂ ਇਲਾਵਾ ਤੇਲੰਗਾਨਾ ਦੇਸ਼ ਦੀ ਔਸਤ ਬਿਜਲੀ ਦੀ ਖਪਤ ਵਿੱਚ ਵੀ ਸਭ ਤੋਂ ਅੱਗੇ ਹੈ, ਜੋ ਆਧੁਨਿਕ ਵਿਕਾਸ ਦਾ ਇੱਕ ਪ੍ਰਮੁੱਖ ਸੂਚਕ ਹੈ।

ਘਰਾਂ ਵਿੱਚ ਪੀਣ ਵਾਲੇ ਪਾਣੀ ਅਤੇ ਨਵੇਂ ਖੇਤਰਾਂ ਵਿੱਚ ਸਿੰਚਾਈ ਲਈ ਪਾਣੀ ਸਪਲਾਈ ਕਰਨ ਵਿੱਚ ਵੀ ਸੂਬਾ ਸਿਖਰ ’ਤੇ ਹੈ।

ਅਨਾਜ ਉਤਪਾਦਨ 2014 ਵਿੱਚ 68 ਲੱਖ ਟਨ ਤੋਂ ਵਧ ਕੇ 2022 ਤੱਕ 3.5 ਕਰੋੜ ਟਨ ਹੋ ਗਿਆ ਹੈ।

ਕੇਂਦਰ ਦੇ ਅਨੁਮਾਨ ਅਨੁਸਾਰ ਪਿਛਲੇ ਸਉਣੀ ਸੀਜ਼ਨ ਵਿੱਚ ਅਨਾਜ ਦੀ ਖਰੀਦ ਵਿੱਚ ਪੰਜਾਬ ਤੋਂ ਬਾਅਦ ਤੇਲੰਗਾਨਾ ਦੂਜੇ ਨੰਬਰ ’ਤੇ ਹੈ।

ਮੱਛੀ ਪਾਲਣ, ਭੇਡ ਪਾਲਣ, ਹੈਂਡਲੂਮ ਅਤੇ ਤਾੜੀ (ਤਾੜੀ ਇੱਕ ਡਰਿੰਕ ਹੈ ਜੋ ਤਾੜ ਦੇ ਦਰੱਖਤਾਂ ਦੇ ਰਸ ਤੋਂ ਤਿਆਰ ਕੀਤੀ ਜਾਂਦੀ ਹੈ) ਸੈਕਟਰ ਜਾਤ ਆਧਾਰਿਤ ਸਕੀਮਾਂ ਦੇ ਕਾਰਨ ਚੰਗੀ ਸਥਿਤੀ ਵਿੱਚ ਹਨ।

ਰਾਇਥੂ ਬੰਧੂ (ਕਿਸਾਨ ਨਿਵੇਸ਼ ਸਹਾਇਤਾ ਯੋਜਨਾ) ਦੇ ਨਾਲ-ਨਾਲ ਵਧੀ ਹੋਈ ਪੈਨਸ਼ਨ, ਕਲਿਆਣ ਲਕਸ਼ਮੀ ਉਰਫ਼ ਸ਼ਾਦੀ ਮੁਬਾਰਕ ਵਰਗੇ ਉਪਾਵਾਂ ਨਾਲ ਜਨ ਕਲਿਆਣ ਦੀ ਸਥਿਤੀ ਠੀਕ ਪੱਧਰ ’ਤੇ ਹੈ।

ਇਨ੍ਹਾਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਦੇ ਬਾਵਜੂਦ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਇਸ ਚੋਣ ਵਿੱਚ ਰੱਖਿਆਤਮਕ ਸਥਿਤੀ ਵਿੱਚ ਹੈ। ਇਸ ਨੂੰ ਕਾਂਗਰਸ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਸੀਆਰ
FACEBOOK/KCR

ਬੀਆਰਐੱਸ ਬੈਕਫੁੱਟ ’ਤੇ ਕਿਉਂ?

ਪਹਿਲਾਂ ਕਾਰਨ ਸਪੱਸ਼ਟ ਹੈ, ਬੀਆਰਐੱਸ ਵੋਟਰ ਹੁਣ ਪੁਰਾਣੀ ਸੱਤਾਧਾਰੀ ਪਾਰਟੀ ਤੋਂ ਉਬ ਚੁੱਕੇ ਹਨ। ਅਜਿਹੇ ਬਹੁਤ ਸਾਰੇ ਲੋਕ ਹਨ ਜੋ ਕੁਝ ਨਵਾਂ ਕਰਨਾ ਚਾਹੁੰਦੇ ਹਨ।

ਦੂਜਾ ਅਤੇ ਮਹੱਤਵਪੂਰਨ ਕਾਰਨ ਹੈ ਕੇਸੀਆਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਰਵੱਈਆ। ਵਿਰੋਧੀ ਪਾਰਟੀਆਂ ਨੇ ਆਪਣੀਆਂ ਮੁਹਿੰਮਾਂ ਵਿੱਚ ਇਸ ਨੂੰ ਕੈਸ਼ ਕੀਤਾ ਹੈ, ਜਿਸ ਨੂੰ ਉਹ ਅੱਜ ਤੇਲੰਗਾਨਾ ਵਿੱਚ ਕੇਸੀਆਰ ਦੇ ਪਰਿਵਾਰ ਦੇ ਸ਼ਾਸਨ ਦੇ ਹੰਕਾਰੀ ਰਵੱਈਏ ਵਜੋਂ ਦਰਸਾਉਂਦੇ ਹਨ।

ਤੀਜਾ ਕਾਰਨ ਹੈ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਦੇ ਕੁਝ ਵਰਗਾਂ ਵਿੱਚ ਬੀਆਰਐੱਸ ਖਿਲਾਫ਼ ਇਕੱਠੀ ਹੋਈ ਨਿਰਾਸ਼ਾ।

ਤੇਲੰਗਾਨਾ ਅੰਦੋਲਨ ਦੌਰਾਨ ਪਾਣੀ, ਧਨ ਅਤੇ ਸਰਕਾਰੀ ਨੌਕਰੀਆਂ (ਨਿਯੁਕਤੀਆਂ) ਨੂੰ ਸੂਬੇ ਦੇ ਵਿਕਾਸ ਦੇ ਮੰਤਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।

ਸਭ ਤੋਂ ਵਿਆਪਕ ਪੱਧਰ ’ਤੇ ਹੋਣ ਵਾਲੀ ਆਲੋਚਨਾ ਇਹ ਹੈ ਕਿ ਬੀਆਰਐੱਸ ਨੇ ਰੁਜ਼ਗਾਰ ਦੇ ਮੌਕੇ ਸਿਰਜਣ ਵੱਲ ਬਹੁਤ ਘੱਟ ਧਿਆਨ ਦਿੱਤਾ।

ਪਿਛਲੇ 10 ਸਾਲਾਂ ਵਿੱਚ ‘ਗਰੁੱਪ ਵਨ’ (ਸਟੇਟ ਸਿਵਲ ਸਰਵਿਸ) ਵਿੱਚ ਇੱਕ ਵੀ ਨੌਕਰੀ ਪੈਦਾ ਨਹੀਂ ਹੋਈ, ਪਰ ਰਾਜ ਵਿੱਚ ਜ਼ਿਲ੍ਹਿਆਂ ਦੀ ਗਿਣਤੀ 2014 ਦੇ 10 ਤੋਂ ਵਧ ਕੇ ਹੁਣ 33 ਹੋ ਗਈ ਹੈ।

ਸੂਬੇ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਕੁੱਲ ਕਰਮਚਾਰੀਆਂ ਦੇ ਇੱਕ ਤਿਹਾਈ ਨਾਲ ਕੰਮ ਕਰ ਰਹੀਆਂ ਹਨ।

ਨਰਿੰਦਰ ਮੋਦੀ
Getty Images

ਭਾਜਪਾ ਦੀ ਕਮਜ਼ੋਰੀ ਦਾ ਫਾਇਦਾ ਚੁੱਕ ਰਹੀ ਕਾਂਗਰਸ

ਸੂਬੇ ਦਾ ਸਿਆਸੀ ਦ੍ਰਿਸ਼ ਇਹ ਹੈ ਕਿ ਜਿਹੜੇ ਵੋਟਰ ਕਦੇ ਭਾਜਪਾ ਵੱਲ ਝੁਕੇ ਸਨ, ਉਹ ਹੁਣ ਕਾਂਗਰਸ ਵੱਲ ਚਲੇ ਗਏ ਹਨ।

ਜਦੋਂ ਬੰਦੀ ਸੰਜੇ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਨ, ਤਾਂ ਭਾਜਪਾ ਹੈਦਰਾਬਾਦ ਮਿਉਂਸੀਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਜਿੱਤਣ ਦੀ ਕਗਾਰ ''''ਤੇ ਸੀ।

ਉਸ ਨੇ ਦੁਬਾਕਾ ਅਤੇ ਹੁਜ਼ੂਰਾਬਾਦ ਵਿਧਾਨ ਸਭਾ ਹਲਕਿਆਂ ਦੀਆਂ ਮਹੱਤਵਪੂਰਨ ਉਪ ਚੋਣਾਂ ਜਿੱਤੀਆਂ ਸਨ।

ਬੰਦੀ ਸੰਜੇ ਕੇਸੀਆਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ਼ ਹਮਲਾਵਰ ਹੋ ਕੇ ਬੋਲਦੇ ਸਨ, ਪਰ ਉਨ੍ਹਾਂ ਦੀ ਥਾਂ ਕਿਸ਼ਨ ਰੈੱਡੀ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਨਿਯੁਕਤ ਕਰਨ ਨਾਲ ਸੂਬੇ ਵਿੱਚ ਇੱਕ ਨਵਾਂ ਬਿਰਤਾਂਤ ਸ਼ੁਰੂ ਹੋ ਗਿਆ।

ਦਿੱਲੀ ਸ਼ਰਾਬ ਘੁਟਾਲੇ ਦੇ ਮੁਲਜ਼ਮਾਂ ਵਿੱਚੋਂ ਇੱਕ ਕੇਸੀਆਰ ਦੀ ਬੇਟੀ ਕਲਵਾਕੁੰਤਲਾ ਕਵਿਤਾ ਦੇ ਖਿਲਾਫ਼ ਕੇਂਦਰੀ ਏਜੰਸੀਆਂ ਦੀ ਜਾਂਚ ਵੀ ਮੱਠੀ ਪੈ ਗਈ ਹੈ, ਜਿਸ ਕਾਰਨ ਇੱਕ ਨਵਾਂ ਬਿਰਤਾਂਤ ਸਾਹਮਣੇ ਆਇਆ ਹੈ।

ਕਾਂਗਰਸ ਨੇ ਵਾਰ-ਵਾਰ ਇਲਜ਼ਾਮ ਲਾਇਆ ਹੈ ਕਿ ਬੀਆਰਐੱਸ ਦੀ ਭਾਜਪਾ ਨਾਲ ਮਿਲੀਭੁਗਤ ਹੈ। ਇਹ ਸੰਦੇਸ਼ ਸੂਬੇ ਦੀ ਜਨਤਾ ਵਿੱਚ ਤੇਜ਼ੀ ਨਾਲ ਅਤੇ ਵਿਆਪਕ ਰੂਪ ਨਾਲ ਫੈਲ ਗਿਆ, ਜਿਸ ਨੇ ਭਾਜਪਾ ਦੀ ਸਥਿਤੀ ਨੂੰ ਕਮਜ਼ੋਰ ਕਰ ਦਿੱਤਾ ਹੈ।

ਭਾਜਪਾ ਨੇ ਆਬਾਦੀ ਦੇ ਸੂਝਵਾਨ ਵਰਗਾਂ ਲਈ ਬੰਗਾਲ ਤੋਂ ਵਿਵੇਕਾਨੰਦ ਅਤੇ ਜ਼ਿਆਦਾ ਜੁਝਾਰੂ ਵਰਗਾਂ ਲਈ ਗੁਆਂਢੀ ਰਾਜ ਮਹਾਰਾਸ਼ਟਰ ਤੋਂ ਸ਼ਿਵਾਜੀ ਵਰਗੇ ਹਿੰਦੂ ਪ੍ਰਤੀਕਾਂ ਦਾ ਸੰਦਰਭ ਦੇ ਕੇ ਪੀੜਤ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਦਾ ਬਹੁਤ ਘੱਟ ਪ੍ਰਭਾਵ ਪਿਆ ਹੈ।

ਬਹੁਤੇ ਨੌਜਵਾਨ ਜਿਨ੍ਹਾਂ ਨੇ ਪਹਿਲਾਂ ਭਾਜਪਾ ਦਾ ਸਮਰਥਨ ਕੀਤਾ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਵਿਚਾਰਧਾਰਕ ਤੌਰ ’ਤੇ ਭਾਜਪਾ ਵੱਲ ਝੁਕਾਅ ਨਹੀਂ ਸੀ, ਬਲਕਿ ਉਹ ਬੀਆਰਐੱਸ ਜਾਂ ਕੇਸੀਆਰ ਵਿਰੋਧੀ ਸਨ।

ਕੁਝ ਲੋਕ ਕੇਸੀਆਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਸ਼ਾਸਨ ਤੋਂ ਨਾਰਾਜ਼ ਹਨ। ਇਹੀ ਕਾਰਨ ਹੈ ਕਿ ਉਹ ਕੇਸੀਆਰ ’ਤੇ ਹਮਲਾਵਰ ਰੁਖ਼ ਨਾਲ ਹਮਲਾ ਕਰਨ ਵਾਲੇ ਕਿਸੇ ਵੀ ਵਿਅਕਤੀ ਵੱਲ ਰੁਖ਼ ਕਰ ਰਹੇ ਹਨ।

ਇਸ ਲਈ, ਜਦੋਂ ਇਹ ਸਪੱਸ਼ਟ ਹੋ ਗਿਆ ਕਿ ਬੀਆਰਐੱਸ ਲਈ ਮੁੱਖ ਚੁਣੌਤੀ ਭਾਜਪਾ ਨਹੀਂ ਹੈ, ਤਾਂ ਲੋਕਾਂ ਨੇ ਰੇਵੰਤ ਰੈਡੀ ਵਿੱਚ ਇੱਕ ਹੋਰ ਨੇਤਾ ਦੇਖਿਆ, ਜੋ ਪਿਛਲੇ ਸਮੇਂ ਵਿੱਚ ਬੰਦੀ ਸੰਜੇ ਵਾਂਗ ਹਮਲਾਵਰ ਤਰੀਕੇ ਨਾਲ ਬੋਲ ਰਿਹਾ ਹੈ। ਇਸ ਤੋਂ ਬਾਅਦ ਉਹ ਦੂਸਰੀ ਦਿਸ਼ਾ ਵੱਲ ਤੁਰ ਪਏ ਅਤੇ ਉਹ ਦਿਸ਼ਾ ਸੀ ਕਾਂਗਰਸ।

ਤੇਲੰਗਾਨਾ ਚੋਣਾਂ
BBC

ਖੱਬੀ ਅਤੇ ਉਦਾਰਵਾਦੀ ਮੁਖਰ ਆਵਾਜ਼

ਜਦੋਂ ਭਾਜਪਾ ਮੁੱਖ ਚੁਣੌਤੀ ਸੀ, ਉਦੋਂ ਤੇਲੰਗਾਨਾ ਵਿੱਚ ਜ਼ਿਆਦਾਤਰ ਮੁਖਰ ਆਵਾਜ਼ਾਂ ਅਣਇੱਛਾ ਨਾਲ ਬੀਆਰਐੱਸ ਨਾਲ ਸਨ।

ਖੱਬੇਪੱਖੀ ਅਤੇ ਉਦਾਰਵਾਦੀ ਵਰਗਾਂ ਨੇ ਲਾਜ਼ਮੀ ਤੌਰ ''''ਤੇ ਭਾਜਪਾ ਪ੍ਰਤੀ ਆਪਣੇ ਵਿਚਾਰਧਾਰਕ ਵਿਰੋਧ ਕਾਰਨ ਅਜਿਹਾ ਰੁਖ਼ ਅਪਣਾਇਆ ਹੋਵੇਗਾ।

ਤੇਲੰਗਾਨਾ ਵਿੱਚ ਕਮਿਊਨਿਸਟ ਪਾਰਟੀਆਂ ਭਾਵੇਂ ਕਮਜ਼ੋਰ ਹੋ ਗਈਆਂ ਹੋਣ, ਪਰ ਖੱਬੇ ਪੱਖੀ ਝੁਕਾਅ ਵਾਲਾ ਤਬਕਾ, ਜਿਨ੍ਹਾਂ ਦਾ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਹੈ, ਉਹ ਅਜੇ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।

ਖੱਬੇਪੱਖੀ ਅਤੇ ਉਦਾਰਵਾਦੀ ਤਬਕਿਆਂ ਵਿੱਚ ਬੇਬਾਕੀ ਨਾਲ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਵੱਡਾ ਹਿੱਸਾ ਕਾਂਗਰਸ ਵੱਲ ਮੁੜ ਗਿਆ ਹੈ।

ਉਹ ਵਿਚਾਰਧਾਰਕ ਤੌਰ ''''ਤੇ ਕਾਂਗਰਸ ਲਈ ਉਸ ਤਰ੍ਹਾਂ ਨਹੀਂ ਹਨ ਜਿਵੇਂ ਕਿ ਉਹ ਭਾਜਪਾ ਦੇ ਹਨ।

ਇਹ ਆਵਾਜ਼ਾਂ ਪ੍ਰਭਾਵਸ਼ਾਲੀ ਹੁੰਦੀਆਂ ਹਨ ਅਤੇ ਸਮਾਜਿਕ-ਰਾਜਨੀਤਿਕ ਦ੍ਰਿਸ਼ ਵਿੱਚ ਧਾਰਨਾਵਾਂ ਅਤੇ ਬਿਰਤਾਂਤ ਬਣਾਉਣ ਵਿੱਚ ਭੂਮਿਕਾ ਨਿਭਾਉਂਦੀਆਂ ਹਨ।

ਤੇਲੰਗਾਨਾ
BBC

ਪਰਿਵਾਰਕ ਸ਼ਾਸਨ ਅਤੇ ਭ੍ਰਿਸ਼ਟਾਚਾਰ

ਬੀਆਰਐੱਸ ਪਾਰਟੀ ਵਿੱਚ ਕੇਸੀਆਰ ਤੋਂ ਬਾਅਦ ਕੇਟੀਆਰ ਨੂੰ ਮਹੱਤਵ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਕਰੀਬ ਤੋਂ ਜਾਣਨ ਵਾਲਿਆਂ ਦਾ ਕਹਿਣਾ ਹੈ, ਕੇਸੀਆਰ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ ਉਹ ਰਾਸ਼ਟਰੀ ਰਾਜਨੀਤੀ ਵਿੱਚ ਜਾ ਸਕਣ ਅਤੇ ਮੁੱਖ ਮੰਤਰੀ ਦੀ ਕੁਰਸੀ ਆਪਣੇ ਪੁੱਤਰ ਨੂੰ ਸੌਂਪ ਸਕਣ।

ਪਰਿਵਾਰ ਵੱਲੋਂ ਸ਼ਾਸਨ ਕਰਨ ਵਾਲਿਆਂ ਦੀ ਸੂਚੀ ਵਿੱਚ ਅਗਲਾ ਨਾਂ ਕੇਸੀਆਰ ਦੇ ਜਵਾਈ ਹਰੀਸ਼ ਰਾਓ ਦਾ ਹੋਵੇਗਾ। ਇੱਕ ਸਮਾਂ ਸੀ ਜਦੋਂ ਉਹ ਕੇਸੀਆਰ ਤੋਂ ਬਾਅਦ ਪਾਰਟੀ ਵਿੱਚ ਇੱਕ ਵੱਡੇ ਅਕਸ ਵਾਲੇ ਨੇਤਾ ਸਨ, ਪਰ ਪਿਛਲੇ ਕੁਝ ਸਮੇਂ ਤੋਂ ਕੇਟੀਆਰ ਉਸ ਦੀ ਥਾਂ ਲੈ ਰਹੇ ਹਨ।

ਇਸ ਦੇ ਨਾਲ ਹੀ, ਕੇਸੀਆਰ ਦੀ ਬੇਟੀ ਕਲਵਾਕੁੰਤਲਾ ਕਵਿਤਾ ਵੀ ਸੂਬੇ ਵਿੱਚ ਪਰਿਵਾਰ ਦੇ ਸੱਤਾ ਦੇ ਖੇਡ ਵਿੱਚ ਮੌਜੂਦ ਹੈ।

ਫਿਰ ਕੇਸੀਆਰ ਦਾ ਇੱਕ ਹੋਰ ਜਵਾਈ ਸੰਤੋਸ਼ ਹੈ, ਜੋ ਰਾਜ ਸਭਾ ਮੈਂਬਰ ਵੀ ਹੈ।

ਇਸ ਤਰ੍ਹਾਂ ਪਾਰਟੀ ਵਿੱਚ ਇਸ ਗੱਲ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਕਿ ਸਭ ਕੁਝ ਪਰਿਵਾਰ ਦੇ ਕੋਲ ਹੈ।

ਇਸ ਤੋਂ ਇਲਾਵਾ, ਕੇਸੀਆਰ ਦੀ ਬੋਲਣ ਦੀ ਸ਼ੈਲੀ, ਜੋ ਬਹੁਤਿਆਂ ਦੇ ਅਨੁਕੂਲ ਨਹੀਂ ਹੈ, ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤੱਥ ਇਹ ਹੈ ਕਿ ਉਨ੍ਹਾਂ ਵੱਲੋਂ ਵਿਧਾਇਕਾਂ ਨੂੰ ਵੀ ਕਈ ਦਿਨਾਂ ਤੱਕ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਨਾਲ ਆਲੋਚਨਾ ਵਧ ਗਈ ਹੈ ਕਿ ਕੇਸੀਆਰ ਸਕੱਤਰੇਤ ਵਿੱਚ ਜਾਏ ਬਿਨਾਂ ਆਪਣੇ ਫਾਰਮ ਹਾਊਸ ਵਿੱਚ ਬਹੁਤ ਜ਼ਿਆਦਾ ਸਮਾਂ ਬਿਤਾਉਂਦੇ ਹਨ।

ਇਸ ਸਭ ਦੇ ਨਾਲ-ਨਾਲ ਸੂਬੇ ਵਿੱਚ ਵੱਡੇ-ਵੱਡੇ ਪ੍ਰਾਜੈਕਟਾਂ ਦੇ ਠੇਕੇ ਇੱਕ-ਦੋ ਕੰਪਨੀਆਂ ਨੂੰ ਦਿੱਤੇ ਜਾਂਦੇ ਹਨ ਅਤੇ ਜਿਸ ਤਰ੍ਹਾਂ ਉਨ੍ਹਾਂ ਨੂੰ ਤਿਆਰ ਕੀਤਾ ਗਿਆ ਹੈ, ਉਸ ਨਾਲ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ।

ਵੱਕਾਰੀ ਮੈਗਾ ਕਾਲੇਸ਼ਵਰਮ ਪ੍ਰੋਜੈਕਟ ਬਾਰੇ ਅਕਸਰ ਭ੍ਰਿਸ਼ਟਾਚਾਰ ਦੇ ਸਰੋਤ ਦੇ ਰੂਪ ਵਿੱਚ ਚਰਚਾ ਕੀਤੀ ਜਾਂਦੀ ਹੈ।

ਤੇਲੰਗਾਨਾ ਚੋਣਾਂ
FACEBOOK/KCR

ਆਧੁਨਿਕ ਰਾਜਾ

ਕੇਸੀਆਰ ਦੀ ਕਾਰਜਸ਼ੈਲੀ ਹੋਰ ਲੋਕਤੰਤਰੀ ਰੂਪ ਨਾਲ ਚੁਣੇ ਗਏ ਸ਼ਾਸਕਾਂ ਤੋਂ ਵੱਖਰੀ ਹੈ।

ਇਸ ਆਧੁਨਿਕ ਲੋਕਤੰਤਰੀ ਰਾਜੇ ਨੇ ਹਰ ਫੈਸਲੇ ਅਤੇ ਹਰ ਵਿਕਾਸ ਗਤੀਵਿਧੀ ਨੂੰ ਰਾਜਸ਼ਾਹੀ ਦੀ ਤਰ੍ਹਾਂ ਆਪਣੇ ਆਲੇ ਦੁਆਲੇ ਘੁੰਮਾਇਆ ਹੋਇਆ ਹੈ।

ਉਨ੍ਹਾਂ ਨੇ ਜ਼ਾਹਰਾ ਤੌਰ ’ਤੇ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਿਰ ਦੀ ਬਰਾਬਰੀ ਕਰਨ ਲਈ 1,000 ਕਰੋੜ ਰੁਪਏ ਖਰਚ ਕਰ ਕੇ ਵੱਡੇ ਪੱਧਰ ’ਤੇ ਯਾਦਗਾਰੀ ਮੰਦਿਰ ਦਾ ਪੁਨਰਨਿਰਮਾਣ ਕੀਤਾ।

ਉਹ ਇੱਕ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਤੇਲੰਗਾਨਾ ਨੂੰ ਸੂਬੇ ਦਾ ਦਰਜਾ ਦਿਵਾਉਣ ਦੇ ਆਸ਼ੀਰਵਾਦ ਬਦਲੇ ਸਰਕਾਰੀ ਖਜ਼ਾਨੇ ਵਿੱਚੋਂ ਤਿਰੂਪਤੀ ਵਿੱਚ ਭਗਵਾਨ ਬਾਲਾਜੀ ਅਤੇ ਵਿਜੇਵਾੜਾ ਵਿੱਚ ਦੇਵੀ ਦੁਰਗਾ ਨੂੰ ਗਹਿਣੇ ਭੇਟ ਕੀਤੇ ਸਨ।

ਉਹ ਅਜਿਹੇ ਸ਼ਾਸਕ ਸਨ ਜਿਨ੍ਹਾਂ ਨੇ ਨਵਾਂ ਸਕੱਤਰੇਤ ਬਣਨ ਤੱਕ ਇੱਕ ਦਿਨ ਵੀ ਪੁਰਾਣੇ ਸਕੱਤਰੇਤ ਵਿੱਚ ਜਾਣ ਦੀ ਪਰਵਾਹ ਨਹੀਂ ਕੀਤੀ।

ਨਵਾਂ ਸਕੱਤਰੇਤ ਵਾਸਤੂ ਸਲਾਹਕਾਰਾਂ ਦੀ ਰਾਇ ’ਤੇ ਬਣਾਇਆ ਗਿਆ ਸੀ। ਸਕੱਤਰੇਤ ਦੀ ਪੁਰਾਣੀ ਇਮਾਰਤ ਨੂੰ ਢਾਹ ਦਿੱਤਾ ਗਿਆ ਹੈ।

ਇਸ ਦੇ ਨਾਲ ਲੱਗਦੀ ਥਾਂ ਵਿੱਚ ਹੀ ਅੰਬੇਡਕਰ ਦੀ 125 ਫੁੱਟ ਉੱਚੀ ਮੂਰਤੀ ਦੇ ਨਾਲ ਨਵਾਂ ਆਕਰਸ਼ਕ ਸਕੱਤਰੇਤ ਬਣਾਇਆ ਗਿਆ ਹੈ।

ਪਰ ਨਵੇਂ ਸਕੱਤਰੇਤ ਵਿੱਚ ਵੀ ਮੁੱਖ ਮੰਤਰੀ ਨੇ ਕਿੰਨੇ ਘੰਟੇ ਬਿਤਾਏ ਹਨ, ਇਹ ਸਵਾਲਾਂ ਦੇ ਘੇਰੇ ਵਿੱਚ ਹੈ।

ਉਨ੍ਹਾਂ ਨੂੰ ਵਿਰੋਧੀਆਂ ਦੁਆਰਾ ਫਾਰਮ ਹਾਊਸ ਦਾ ਮੁੱਖ ਮੰਤਰੀ ਕਰਾਰ ਦਿੱਤਾ ਗਿਆ ਕਿਉਂਕਿ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ਵਿੱਚ ਹੀ ਬਿਤਾਉਂਦੇ ਸਨ।

ਕਾਂਗਰਸ
INKARNATACKA/FACEBOOK

ਮੰਤਰੀ ਮੰਡਲ ਦੇ ਪਹਿਲੇ ਪੜਾਅ ਵਿੱਚ (2014-2018) ਉਹ ਇੱਕ ਵੀ ਮਹਿਲਾ ਦੇ ਬਿਨਾਂ ਸ਼ਾਸਨ ਕਰਨ ਵਾਲੇ ਮੁੱਖ ਮੰਤਰੀ ਸਨ।

ਉਹ ਪੁਰਾਣੇ ਜ਼ਮਾਨੇ ਦੇ ਧਰਮਪਾਲਕ ਹਨ ਜਿਨ੍ਹਾਂ ਨੇ ਜਾਤੀ ਆਧਾਰ ’ਤੇ ਇਮਾਰਤਾਂ, ਸਕੀਮਾਂ ਅਤੇ ਗੁਰੂਕੁਲ ਵੀ ਦਿੱਤੇ।

ਸੰਖੇਪ ਵਿੱਚ ਬੀਆਰਐੱਸ ਹੁਣ ਉਸ ਨਿਰਾਸ਼ਾ ਅਤੇ ਨਾਰਾਜ਼ਗੀ ਦੇ ਉਸ ਸੇਕ ਦਾ ਸਾਹਮਣਾ ਕਰ ਰਹੀ ਹੈ ਜੋ ਰਾਜਨੀਤੀ ਅਤੇ ਨੀਤੀਆਂ ਕਾਰਨ ਆਬਾਦੀ ਦੇ ਇੱਕ ਹਿੱਸੇ ਵਿੱਚ ਵਧ ਗਿਆ ਹੈ।

ਤੇਲੰਗਾਨਾ ਵਿੱਚ ਸਭ ਕੁਝ ਇਕੱਲੇ ਆਦਮੀ ਅਤੇ ਉਸ ਦੇ ਪਰਿਵਾਰ ਦੇ ਦੁਆਲੇ ਘੁੰਮ ਰਿਹਾ ਹੈ, ਉਹ ਹੈ ਕੇਸੀਆਰ।

ਹਾਲਾਂਕਿ, ਬੀਆਰਐੱਸ ਨੂੰ ਉਮੀਦ ਹੈ ਕਿ ਕਲੇਸ਼ਵਰਮ ਦਾ ਪਾਣੀ ਅਤੇ ਮੁਫ਼ਤ ਬਿਜਲੀ ਉਨ੍ਹਾਂ ਨੂੰ ਤੀਜੀ ਵਾਰ ਸੱਤਾ ਵਿੱਚ ਵਾਪਸ ਆਉਣ ਵਿੱਚ ਮਦਦ ਕਰ ਸਕਦੀ ਹੈ।

ਪਰ ਕਾਂਗਰਸ ਅਤੇ ਭਾਜਪਾ ਨੇ ਪਰਿਵਾਰ ਦੇ ਰਾਜ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਕੇਸੀਆਰ ਅਤੇ ਬੀਆਰਐੱਸ ਦੀ ਆਲੋਚਨਾ ਕਰਨ ’ਤੇ ਬਹੁਤ ਜ਼ਿਆਦਾ ਭਰੋਸਾ ਕੀਤਾ ਹੈ।

ਓਵੈਸੀ
@AIMIM_NATIONAL

ਐੱਮਆਈਐੱਮ: ਰਾਜਨੀਤਿਕ ਦ੍ਰਿਸ਼ ਦਾ ਧੁਰਾ

ਤੇਲੰਗਾਨਾ ਵਿਧਾਨ ਸਭਾ ਵਿੱਚ 119 ਵਿਧਾਇਕ ਹਨ। 60 ਸੀਟਾਂ ’ਤੇ ਜਿੱਤ ਕਿਸੇ ਰਾਜਨੀਤਿਕ ਪਾਰਟੀ ਲਈ ਬਹੁਮਤ ਹੈ।

ਪਿਛਲੀਆਂ ਚੋਣਾਂ ਯਾਨੀ 2018 ਵਿੱਚ ਬੀਆਰਐੱਸ ਨੇ 46.8 ਪ੍ਰਤੀਸ਼ਤ ਵੋਟਾਂ ਨਾਲ 88 ਸੀਟਾਂ ਜਿੱਤੀਆਂ ਸਨ।

ਕਾਂਗਰਸ 28.4 ਫੀਸਦੀ ਵੋਟਾਂ ਨਾਲ ਸਿਰਫ਼ 19 ਸੀਟਾਂ ਹੀ ਜਿੱਤ ਸਕੀ।

ਹੁਣ ਬੀਆਰਐੱਸ ਨੂੰ ਹਰਾਉਣ ਲਈ ਮੈਦਾਨ ਵਿੱਚ ਵੱਡੇ ਪੱਧਰ ’ਤੇ ਕੁੱਦਣਾ ਹੋਵੇਗਾ। ਪਰ ਜਦੋਂ ਲੋਕ ਆਪਣਾ ਮੂਡ ਬਦਲਦੇ ਹਨ, ਤਾਂ ਕੁਝ ਵੀ ਹੋ ਸਕਦਾ ਹੈ।

ਕਾਂਗਰਸ ਨੇ ਜੋ ਬਿਰਤਾਂਤ ਮਜ਼ਬੂਤ ਕੀਤਾ ਹੈ, ਉਹ ਸੁਰਖੀਆਂ ਵਿੱਚ ਹੈ। ਇੱਥੇ ਇੱਕ ਛੋਟਾ ਜਿਹਾ ਟਵਿਸਟ ਹੈ।

ਇੱਕ ਅੰਦਾਜ਼ਾ ਇਹ ਹੈ ਕਿ ਚੋਣਾਂ ਹੋਣ ਤੋਂ ਪਹਿਲਾਂ ਹੀ ਕੇਸੀਆਰ ਦੀ ਝੋਲੀ ਵਿੱਚ ਛੇ ਤੋਂ ਸੱਤ ਸੀਟਾਂ ਹਨ। ਇਹ ਐੱਮਆਈਐੱਮ ਦੇ ਰੂਪ ਵਿੱਚ ਹਨ।

ਐੱਮਆਈਐੱਮ ਲਈ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਵਿੱਚ ਛੇ ਜਾਂ ਸੱਤ ਸੀਟਾਂ ਜਿੱਤਣ ਦੀ ਪ੍ਰਥਾ ਹੈ। ਐੱਮਆਈਐੱਮ ਬੀਆਰਐੱਸ ਦਾ ਇੱਕ ਮਜ਼ਬੂਤ ਸਹਿਯੋਗੀ ਹੈ, ਹਾਲਾਂਕਿ ਅਧਿਕਾਰਤ ਤੌਰ ’ਤੇ ਨਹੀਂ।

ਇਸ ਲਈ, ਇੱਕ ਹੋਰ ਅਨੁਮਾਨ ਇਹ ਹੈ ਕਿ ਇਹ ਛੇ-ਸੱਤ ਸੀਟਾਂ ਮਹੱਤਵਪੂਰਨ ਹੋ ਸਕਦੀਆਂ ਹਨ ਜਦੋਂ ਮੁਕਾਬਲਾ ਕਾਂਗਰਸ ਅਤੇ ਬੀਆਰਐੱਸ ਵਿਚਕਾਰ ਗੰਭੀਰ ਹੋਵੇ ਜਾਂ ਲੋਕਾਂ ਦਾ ਫਤਵਾ ਖੰਡਿਤ ਰੂਪ ਵਿੱਚ ਹੋਵੇ।

ਇਸ ਲਈ, ਕੁਝ ਵੀ ਹੋ ਸਕਦਾ ਹੈ। ਤੇਲੰਗਾਨਾ ਵਿੱਚ ਅੱਗੇ ਦਿਲਚਸਪ ਚੋਣ ਹੋਣ ਵਾਲੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News