ਸਤਲੁਜ ਦੇ ਪਾਣੀਆਂ ’ਚ ਮਿਲੀ ਇੱਕ ਕੀਮਤੀ ਧਾਤ, ਜਾਣੋ ਇਸ ਦੇ ਕੀ ਫ਼ਾਇਦੇ ਹਨ

Wednesday, Nov 29, 2023 - 11:04 AM (IST)

ਸਤਲੁਜ ਦੇ ਪਾਣੀਆਂ ’ਚ ਮਿਲੀ ਇੱਕ ਕੀਮਤੀ ਧਾਤ, ਜਾਣੋ ਇਸ ਦੇ ਕੀ ਫ਼ਾਇਦੇ ਹਨ
ਟੈਂਟਲਮ
Getty Images
ਸਤਲੁਜ ਦਰਿਆ ਵਿੱਚ ਮਿਲੀ ਧਾਤ ਟੈਂਟਲਮ ਇਲਕਟ੍ਰਾਨਿਕਸ ਵਿੱਚ ਵਰਤੀ ਜਾਂਦੀ ਹੈ

ਪੰਜਾਬ ’ਚ ਸਤਲੁਜ ਦਰਿਆ ਦੇ ਪਾਣੀਆਂ ਵਿੱਚ ਹਾਲ ਹੀ ਵਿੱਚ ਇੱਕ ਅਜਿਹੀ ਧਾਤੂ ਮਿਲੀ ਹੈ ਜੋ ਬਹੁਤ ਦੁਰਲੱਭ ਹੈ। ਇਲੈਕਟ੍ਰੋਨਿਕਸ ਲਈ ਮਹੱਤਵਪੂਰਨ ਮੰਨੀ ਜਾਣ ਵਾਲੀ ਇਸ ਧਾਂਤ ਟੈਂਟਲਮ ਨਾਲ ਕਈ ਦਿਲਚਸਪ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ।

ਇਹ ਇੱਕ ਕੀਮਤੀ ਧਾਤ ਹੈ ਜਿਸਦਾ ਜ਼ਿਕਰ ਯੂਨਾਨੀ ਮਿਥਿਹਾਸ ਵਿੱਚ ਵੀ ਮਿਲਦਾ ਹੈ।

ਇਸ ਦੀ ਮਦਦ ਨਾਲ ਕਈ ਜੰਗਾਂ ਲੜੀਆਂ ਗਈਆਂ ਹਨ। ਜੇਕਰ ਇਹ ਧਾਤ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਭਾਰਤ ਨੂੰ ਇਲੈਕਟ੍ਰੋਨਿਕਸ ਉਦਯੋਗ ਵਿੱਚ ਬਹੁਤ ਅੱਗੇ ਲੈ ਜਾ ਸਕਦਾ ਹੈ

ਹੁਣ, ਟੈਂਟਲਮ ਨਾਮ ਦੀ ਇਸ ਧਾਤ ਦੇ ਪਿੱਛੇ ਦੀ ਦਿਲਚਸਪ ਕਹਾਣੀ ''''ਤੇ ਇੱਕ ਨਜ਼ਰ ਮਾਰਦੇ ਹਾਂ।

ਸਤਲੁਜ
Getty Images
ਟੈਂਟਲਮ ਪੰਜਾਬ ਵਿੱਚ ਵਗਦੇ ਸਤਲੁਜ ਦਰਿਆ ਵਿੱਚ ਮਿਲੀ ਹੈ।

ਟੈਂਟਲਮ ਕੀ ਹੈ?

ਆਈਆਈਟੀ ਰੋਪੜ ਦੇ ਖੋਜਕਰਤਾਵਾਂ ਨੂੰ ਪੰਜਾਬ ਦੇ ਸਤਲੁਜ ਦਰਿਆ ਵਿੱਚ ਦੁਰਲੱਭ ਧਾਤ ਦੇ ਟੈਂਟਲਮ ਦੇ ਨਿਸ਼ਾਨ ਮਿਲੇ ਹਨ।

ਇਹ ਧਾਤ ਸਲੇਟੀ ਰੰਗ ਦੀ ਹੈ ਅਤੇ ਬਹੁਤ ਹੀ ਸਖ਼ਤ ਹੈ ਜੋ ਕਿ ਕੁਦਰਤੀ ਤੌਰ ''''ਤੇ ਖਰਾਬ ਨਹੀਂ ਹੁੰਦੀ ਹੈ।

ਜਦੋਂ ਇਹ ਧਾਤ ਹਵਾ ਦੇ ਸੰਪਰਕ ਵਿੱਚ ਆਉਂਦੀ ਹੈ, ਇਹ ਇੱਕ ਸੁਰੱਖਿਆ ਆਕਸਾਈਡ ਪਰਤ ਬਣਾਉਂਦਾ ਹੈ, ਜੋ ਜੰਗਾਲ ਜਾਂ ਖੋਰੇ ਤੋਂ ਇਸ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।

ਕਿਉਂਕਿ ਇਹ ਧਾਤ ਖ਼ੁਰਦੀ ਨਹੀਂ ਇਸ ਲਈ ਸ਼ੁਰੂਆਤ ਵਿੱਚ ਇਸ ਦੀ ਵਰਤੋਂ ਪੁਲ ਤੇ ਪਾਣੀ ਦੀਆਂ ਟੈਂਕੀਆਂ ਬਣਾਉਣ ਲਈ ਕੀਤੀ ਜਾਂਦੀ ਸੀ।

ਪਰ 20ਵੀਂ ਸਦੀ ਦੇ ਸ਼ੁਰੂ ਤੋਂ, ਇਸ ਦੇ ਗੁਣਾ ਦੀ ਕੁਸ਼ਲਤਾ ਨਾਲ ਵਰਤੋਂ ਕਰਨ ਅਤੇ ਇਸ ਦੀ ਸਮਰੱਥਾ ਦਾ ਪੂਰਾ ਫ਼ਾਇਦਾ ਲੈ ਸਕਣ ਲਈ ਖੋਜ ਕੀਤੀ ਗਈ ਸੀ।

ਟੈਂਟਲਮ ਤੋਂ ਬਣੇ ਕੈਪਸੀਟਰ ਇਲੈਕਟ੍ਰਾਨਿਕ ਉਪਕਰਨਾਂ ਵਿੱਚ ਵਰਤੇ ਜਾਣ ਲੱਗੇ। ਕੈਪਸੀਟਰ ਬਹੁਤ ਹੀ ਮਹੀਨ ਤਾਰਾਂ ਨੂੰ ਜੋੜਨ ਲਈ ਵਰਤੇ ਜਾਂਦੇ ਹਨ।

ਇਨ੍ਹਾਂ ਨਾਲ ਛੋਟੇ ਤੋਂ ਛੋਟੇ ਯੰਤਰ ਜਿਵੇਂ ਕਿ ਫ਼ੋਨ, ਲੈਪਟਾਪ ਦਾ ਹਾਰਡ ਡਰਾਈਵ ਬਣਾਏ ਜਾ ਸਕਦੇ ਹਨ ਜੋ ਕਿ ਬਹੁਤ ਥੋੜ੍ਹੀ ਜਗ੍ਹਾ ਬਚਾਉਂਦੇ ਹਨ।

ਟੈਂਟਲਸ
Getty Images
ਯੁਨਾਨੀ ਮਿਥਿਹਾਸਕ ਕਿਰਦਾਰ ਟੈਂਟਲਸ

ਟੈਂਟਲਮ ਦੀ ਖੋਜ

1802 ਵਿੱਚ, ਸਵੀਡਿਸ਼ ਕੈਮਿਸਟ ਐਂਡਰਸ ਗੁਸਤਾਫ ਏਕੇਬਰਗ ਨੇ ਇਸ ਧਾਤ ਦੀ ਖੋਜ ਕੀਤੀ ਸੀ। ਸ਼ੁਰੂ ਵਿੱਚ, ਇਸਨੂੰ ਇੱਕ ਨਵੇਂ ਤੱਤ ਵਜੋਂ ਵਿਆਪਕ ਤੌਰ ''''ਤੇ ਸਵੀਕਾਰ ਨਹੀਂ ਕੀਤਾ ਗਿਆ ਸੀ।

ਬਹੁਤ ਸਾਰੇ ਮਾਹਰ ਇਸ ਨੂੰ ਨਿਓਬੀਅਮ ਦਾ ਇੱਕ ਜ਼ਰੂਰੀ ਹਿੱਸਾ ਮੰਨਦੇ ਹਨ ਜੋ ਕਿ ਟੈਂਟਲਮ ਵਰਗਾ ਦਿਖਾਈ ਦਿੰਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਇਸ ਧਾਤ ਦਾ ਨਾਮ ਕਿਵੇਂ ਪਿਆ?

ਯੂਨਾਨੀ ਮਿਥਿਹਾਸ ਵਿੱਚ, ਟੈਂਟਲਸ ਇੱਕ ਬਹੁਤ ਹੀ ਅਮੀਰ ਪਰ ਦੁਸ਼ਟ ਰਾਜਾ ਸੀ।

ਯੂਨਾਨੀ ਦੇਵਤਾ ਜ਼ੀਅਸ ਨੇ ਉਸ ਰਾਜੇ ਨੂੰ ਸਜ਼ਾ ਦੇਣ ਲਈ ਇੱਕ ਅਜਿਹੇ ਤਲਾਅ ਵਿੱਚ ਲਟਕਾਅ ਦਿੱਤਾ ਸੀ ਜਿਸ ਵਿੱਚ ਫ਼ਲਾਂ ਦੀਆਂ ਟਾਹਣੀਆਂ ਬਹੁਤ ਘੱਟ ਮੌਜੂਦ ਸਨ।

ਉਸ ਦੇ ਗੋਡੇ ਗੋਡੇ ਪਾਣੀ ਵੀ ਸੀ।

ਜਦੋਂ ਵੀ ਟੈਂਟਲਸ ਫਲ ਲੈਣ ਦੀ ਕੋਸ਼ਿਸ਼ ਕਰਦਾ ਟਾਹਣੀਆਂ ਉਸ ਦੀ ਪਕੜ ਤੋਂ ਬਾਹਰ ਹੋ ਜਾਂਦੀਆਂ ਸਨ।

ਇਸੇ ਤਰ੍ਹਾਂ, ਜਦੋਂ ਉਹ ਪਾਣੀ ਪੀਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਇਹ ਘੱਟ ਜਾਂਦਾ ਸੀ, ਜਿਸ ਨਾਲ ਉਸ ਲਈ ਭੁੱਖ-ਪਿਆਸ ਬੁਝਾਉਣਾ ਅਸੰਭਵ ਹੋ ਜਾਂਦਾ ਸੀ।

ਧਾਤ ਨੂੰ ਟੈਂਟਲਮ ਦਾ ਨਾਂ ਵੀ ਇਸ ਦੇ ਉਸ ਰਾਜੇ ਵਰਗੇ ਗੁਣਾ ਕਰਕੇ ਹੀ ਦਿੱਤਾ ਗਿਆ ਹੈ ਕਿਉਂਕਿ ਇਹ ਮਾੜੇ ਹਾਲਾਤ ਵਿੱਚ ਵੀ ਪਾਣੀ ਵਿੱਚ ਬਚ ਜਾਂਦੀ ਹੈ।

ਯੂਨਾਨੀ ਦੇਵਤਾ ਜ਼ੀਅਸ
Getty Images
ਯੂਨਾਨੀ ਦੇਵਤਾ ਜ਼ੀਅਸ

ਧਾਂਤ ’ਤੇ ਤੇਜ਼ਾਬ ਵੀ ਬੇਅਸਰ

ਟੈਂਟਲਮ ਇੱਕ ਅਜਿਹੀ ਧਾਂਤ ਹੈ ਜਿਸ ਨੂੰ ਤੇਜ਼ ਐਸਿਡ ਵੀ ਖੋਰ ਨਹੀਂ ਸਕਦੇ।

ਨਿਓਬੀਅਮ ਅਤੇ ਟੈਂਟਲਮ ਅਕਸਰ ਕੁਦਰਤੀ ਤੌਰ ’ਤੇ ਇਕੱਠੇ ਮਿਲਦੇ ਹਨ ਅਤੇ ਕੋਲਟਨ ਨਾਮਕ ਮਿਸ਼ਰਤ ਬਣਾਉਂਦੇ ਹਨ।

ਕੋਲਟਨ ਕਾਂਗੋ ਘਾਟੀ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਗ਼ੈਰ-ਕਾਨੂੰਨੀ ਅਤੇ ਅਨੈਤਿਕ ਮਾਈਨਿੰਗ ਕਾਰਨ ਇਹ ਅਕਸਰ ਹੀ ਵਿਵਾਦਾਂ ਦਾ ਕਾਰਨ ਬਣਦਾ ਰਿਹਾ ਹੈ, ਖਾਸ ਕਰਕੇ ਕਾਂਗੋ ਯੁੱਧ ਦੇ ਸੰਦਰਭ ਵਿੱਚ।

ਗੈਰ-ਕਾਨੂੰਨੀ ਤੌਰ ''''ਤੇ ਮਾਈਨਿੰਗ ਕੀਤੀ ਗਈ ਕੋਲਟਨ ਨੂੰ ਚੀਨ ''''ਚ ਵੇਚਿਆ ਜਾਂਦਾ ਸੀ।

ਟੈਂਟਲਮ ਪੁਲ
Getty Images
ਸ਼ੁਰੂਆਤ ਵਿੱਚ ਟੈਂਟਲਮ ਦੀ ਵਰਤੋਂ ਪੁਲ ਬਣਾਉਣ ਲਈ ਕੀਤੀ ਜਾਂਦੀ ਸੀ

ਟੈਂਟਲਮ ਦੀ ਵਰਤੋਂ

ਇਤਿਹਾਸ ਦੇ ਪੱਖ ਤੋਂ ਟੈਂਟਲਮ ਦੀ ਅਹਿਮੀਅਤ ਸਮਝਣ ਤੋਂ ਬਾਅਦ ਇਸ ਦੀ ਅਸਲ ਵਰਤੋਂ ਬਾਰੇ ਜਾਣਦੇ ਹਾਂ।

ਟੈਂਟਲਮ ਦੀ ਵਰਤੋਂ ਕੈਪਸੀਟਰਾਂ ਦੇ ਉਤਪਾਦਨ ਵਿੱਚ ਵਿਆਪਕ ਤੌਰ ''''ਤੇ ਕੀਤੀ ਜਾਂਦੀ ਹੈ ਜੋ ਇਲੈਕਟ੍ਰਾਨਿਕ ਉਪਕਰਣਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੇ ਹਨ।

ਟੈਂਟਲਮ ਤੋਂ ਬਣੇ ਇਹ ਕੈਪਸੀਟਰ, ਹੋਰ ਧਾਤਾਂ ਤੋਂ ਬਣੇ ਕੈਪੇਸੀਟਰਾਂ ਦੇ ਮੁਕਾਬਲੇ ਵਧੇਰੇ ਊਰਜਾ ਵਾਲੇ ਹੁੰਦੇ ਹਨ ਅਤੇ ਛੋਟੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬਿਹਤਰੀਨ ਬਣਾਉਂਦੇ ਹਨ।

ਇਸ ਤੋਂ ਇਲਾਵਾ, ਟੈਂਟਲਮ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਹੈ ਇਸ ਦਾ ਉੱਚ ਪਿਘਲਣ ਵਾਲਾ ਬਿੰਦੂ 3017 ਡਿਗਰੀ ਸੈਲਸੀਅਸ ਹੈ। ਇਸੇ ਲਈ ਇਸ ਨੂੰ ਵੱਖ-ਵੱਖ ਉਦਯੋਗਿਕ ਉਪਯੋਗਾਂ ਲਈ ਢੁਕਵਾਂ ਮੰਨਿਆਂ ਜਾਂਦਾ ਹੈ।

ਕੈਪੀਸਟੀਰ
Getty Images
ਟੈਂਟਲਮ ਦੀ ਵਰਤੋਂ ਇਲੈਕਟ੍ਰਾਨਿਕ ਕੈਪੀਸਟੀਰ ਬਣਾਉਣ ਲਈ ਕੀਤੀ ਜਾਂਦੀ ਹੈ

ਇਸਦੀ ਵਰਤੋਂ ਰਸਾਇਣਕ ਪਲਾਂਟਾਂ, ਪ੍ਰਮਾਣੂ ਊਰਜਾ ਪ੍ਰੋਜੈਕਟਾਂ, ਹਵਾਈ ਉਪਕਰਣਾਂ ਅਤੇ ਇੱਥੋਂ ਤੱਕ ਕਿ ਮਿਜ਼ਾਈਲਾਂ ਵਿੱਚ ਵੀ ਕੀਤੀ ਜਾਂਦੀ ਹੈ।

ਇਹ ਕਈ ਵਾਰ ਮਹਿੰਗੇ ਪਲੈਟੀਨਮ ਦੇ ਬਦਲ ਵਜੋਂ ਵਰਤਿਆ ਜਾਂਦਾ ਹੈ। ਇਸ ਦਾ ਖੋਰ ਰੋਧਕ ਤੱਤ ਇਸ ਨੂੰ ਮੈਡੀਕਲ ਇਮਪਲਾਂਟ ਵਿੱਚ ਵਰਤੋਂਯੋਗ ਬਣਾਉਂਦਾ ਹੈ, ਜਿਵੇਂ ਕਿ ਹਿਪ ਰਿਪਲੇਸਮੈਂਟ ਸਮੇਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਸਤਲੁਜ ਦਰਿਆ ਵਿੱਚ ਟੈਂਟਲਮ ਦੀ ਤਾਜ਼ਾ ਖੋਜ ਨੂੰ ਅਹਿਮ ਮੰਨਿਆ ਜਾਂਦਾ ਹੈ ਇਹ ਇਸ ਧਾਤ ਨਾਲ ਸਬੰਧਿਤ ਹੋਰ ਖੋਜਾਂ ਨੂੰ ਵੀ ਉਤਸ਼ਾਹਿਤ ਕਰੇਗੀ।

ਸਤਲੁਜ ਦਰਿਆ ਵਿੱਚ ਇਸ ਧਾਤ ਦੀ ਖੋਜ ਕਰਨ ਵਾਲੀ ਆਈਆਈਟੀ ਰੋਪੜ ਦੀ ਟੀਮ ਦੀ ਅਗਵਾਈ ਸਿਵਲ ਇੰਜਨੀਅਰਿੰਗ ਵਿੱਚ ਸਹਾਇਕ ਪ੍ਰੋਫੈਸਰ ਡਾਕਟਰ ਰੇਸਮੀ ਸੇਬੇਸਟੀਅਨ ਕਰ ਰਹੇ ਹਨ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਖੋਜ ''''ਤੋਂ ਧਾਤ ਬਾਰੇ ਹੋਰ ਜਾਣਕਾਰੀਆਂ ਵੀ ਮਿਲਣਗੀਆਂ।

ਉਨ੍ਹਾਂ ਕਿਹਾ ਕਿ ਇਸ ਖੋਜ ਦੇ ਸੰਭਾਵੀ ਲਾਭ ਨਾ ਸਿਰਫ਼ ਪੰਜਾਬ ਨੂੰ ਬਲਕਿ ਭਾਰਤ ਦੇ ਸਮੁੱਚੇ ਇਲੈਕਟ੍ਰੋਨਿਕਸ ਉਦਯੋਗ ਨੂੰ ਵੀ ਮਿਲ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News