ਉੱਤਰਾਖੰਡ: ਸੁਰੰਗ ’ਚ ਫਸੇ 41 ਮਜ਼ਦੂਰਾਂ ਦੇ ਜਲਦ ਬਾਹਰ ਆਉਣ ਦੀ ਉਮੀਦ, ਰੈਟ ਹੋਲ ਮਾਈਨਿੰਗ ਦਾ ਸਹਾਰਾ

Tuesday, Nov 28, 2023 - 03:34 PM (IST)

ਉੱਤਰਾਖੰਡ: ਸੁਰੰਗ ’ਚ ਫਸੇ 41 ਮਜ਼ਦੂਰਾਂ ਦੇ ਜਲਦ ਬਾਹਰ ਆਉਣ ਦੀ ਉਮੀਦ, ਰੈਟ ਹੋਲ ਮਾਈਨਿੰਗ ਦਾ ਸਹਾਰਾ
ਸੁਰੰਗ
Reuters

ਲੰਘੇ 17 ਦਿਨਾਂ ਤੋਂ ਭਾਰਤ ਦੇ ਉੱਤਰਾਖੰਡ ਸੂਬੇ ਦੇ ਉੱਤਰਕਾਸ਼ੀ ਦੇ ਸਿਲਕਯਾਰ ਪਿੰਡ ਨੇੜੇ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਬਾਹਰ ਕੱਢਣ ਦਾ ਕੰਮ ਆਖਰੀ ਪਲਾਂ ਵਿੱਚ ਹੈ।

ਇਹ ਮਜ਼ਦੂਰ ਦੀਵਾਲੀ ਵਾਲੇ ਦਿਨ ਯਾਨੀ 12 ਨਵੰਬਰ ਤੋਂ ਉਸਾਰੀ ਅਧੀਨ ਸੁਰੰਗ ਦੇ ਧਸਣ ਕਾਰਨ ਫਸੇ ਹੋਏ ਹਨ।

ਦੀਵਾਲੀ ਦੀ ਸਵੇਰ ਲਗਭਗ ਪੰਜ ਵਜੇ ਸਿਲਕਯਾਰਾ ਵੱਲ ਲਗਭਗ 270 ਮੀਟਰ ਅੰਦਰ, ਲਗਭਗ 30 ਮੀਟਰ ਖ਼ੇਤਰ ਵਿੱਚ ਉੱਤਿਓਂ ਮਲਬਾ ਸੁਰੰਗ ਵਿੱਚ ਡਿੱਗਣ ਕਾਰਨ ਮਜ਼ਦੂਰ ਫਸ ਗਏ ਸਨ।

ਰੈਸਕਿਊ ਆਪਰੇਸ਼ਨ ਵਿੱਚ ਲੱਗੇ ਮਾਈਕਰੋ ਟਨਲਿੰਗ ਐਕਸਪਰਟ ਕ੍ਰਿਸ ਕੂਪਰ ਅਤੇ ਅਰਨੋਡਲ ਡਿਕਸ ਨੇ ਵਾਅਦਾ ਕੀਤਾ ਸੀ ਕਿ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ 25 ਨਵੰਬਰ ਸ਼ਨੀਵਾਰ ਨੂੰ ਸੁਰੰਗ ਅੰਦਰ ਡ੍ਰਿਲਿੰਗ ਕਰਦੇ ਹੋਏ ਔਗਰ ਮਸ਼ੀਨ ਦਾ ਕੁਝ ਹਿੱਸਾ ਟੁੱਟ ਕੇ ਰੈਸਕਿਊ ਕਰਨ ਵਾਲੀ ਪਾਈਪ ਵਿੱਚ ਫੱਸ ਗਿਆ ਸੀ, ਜਿਸ ਨੂੰ ਬਾਹਰ ਕੱਢਿਆ ਗਿਆ ਅਤੇ ਮੈਨਿਊਲ ਯਾਨੀ ਹੱਥਾਂ ਨਾਲ ਖੁਦਾਈ ਦਾ ਕੰਮ ਕੀਤਾ ਗਿਆ।

ਪ੍ਰੋਜੈਕਟ ਕੀ ਹੈ ਤੇ ਕਿਹੜੀਆਂ ਬਚਾਅ ਟੀਮਾਂ ਲੱਗੀਆਂ

ਸੁਰੰਗ
BBC

ਉੱਤਰਕਾਸ਼ੀ-ਯਮੁਨੋਤਰੀ ਕੌਮੀ ਰਾਜਮਾਰਗ ਉੱਤੇ ਸਿਲਕਯਾਰਾ ਤੋਂ ਡੰਡਾਲ ਪਿੰਡ ਤੱਕ ਉਸਾਰੀ ਅਧੀਨ ਸੁਰੰਗ ਦਾ ਕੰਮ ਚੱਲ ਰਿਹਾ ਹੈ।

ਇਹ ਸੁਰੰਗ ਕੇਂਦਰ ਸਰਕਾਰ ਵੱਲੋਂ 1.5 ਬਿਲੀਅਨ ਡਾਲਰ ਖਰਚ ਕੇ ਸ਼ੁਰੂ ਕੀਤੇ ਗਏ ਪ੍ਰੋਜੈਕਟ ਦਾ ਹਿੱਸਾ ਹੈ। 4.5 ਕਿਲੋਮੀਟਰ ਲੰਬੀ ਸੁਰੰਗ ਪ੍ਰੋਜੈਕਟ ਦਾ ਮੰਤਵ ਉੱਤਰਾਖੰਡ ਵਿਚਲੇ ਪ੍ਰਸਿੱਧ ਧਾਰਮਿਕ ਕੇਂਦਰਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੈ।

ਇਸ ਸੁਰੰਗ ਦੀ ਉਸਾਰੀ ਕੇਂਦਰੀ ਸਰਕਾਰ ਵੱਲੋਂ 2018 ਵਿੱਚ ਪ੍ਰਵਾਨ ਕੀਤੀ ਗਈ ਸੀ।

ਵਾਤਾਵਰਣ ਮਾਹਰਾਂ ਨੇ ਇਸ ਦੀ ਉਸਾਰੀ ਦਾ ਵਿਰੋਧ ਕੀਤਾ ਸੀ।

ਭੂ ਵਿਗਿਆਨੀ ਨਵੀਨ ਜੁਅਲ ਨੇ ‘ਦ ਹਿੰਦੂ’ ਨੂੰ ਦੱਸਿਆ ਸੀ, “ਜਦੋਂ ਤੁਸੀਂ ਅਜਿਹੇ ਇਲਾਕੇ ਵਿੱਚੋਂ ਸੁਰੰਗ ਕੱਢ ਰਹੇ ਹੋ ਜਿਹੜੀ ਕਿ ਇੱਕ ਨਾਜ਼ੁਕ ਇਲਾਕੇ ਵਿੱਚ ਹੈ ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਪਹਿਲਾਂ ਅਧਿਐਨ ਕਰਨਾ ਚਾਹੀਦਾ ਸੀ ਅਤੇ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਸੀ।”

ਮੌਕੇ ਉੱਤੇ ਰਾਹਤ ਤੇ ਬਚਾਅ ਕਾਰਜ ਲਈ ਕਈ ਟੀਮਾਂ ਲੱਗੀਆਂ ਹਨ। ਇਹਨਾਂ ਵਿੱਚ ਸ਼ਾਮਲ ਹਨ...

  • ਐੱਸਡੀਆਰਐੱਫ਼
  • ਐੱਨਡੀਆਰਐੱਫ਼
  • ਆਈਟੀਬੀਪੀ
  • ਫਾਇਰ ਸਰਵਿਸ
  • ਐੱਸਜੇਵੀਐੱਨਐੱਲ
  • ਰੇਲਵੇ

ਧਰਾਸੂ ਅਤੇ ਬੜਕੋਟ ਵਿਚਾਲੇ ਸਿਲਕਯਾਰਾ ਨੇੜੇ ਉਸਾਰੀ ਅਧੀਨ ਲਗਭਗ 4531 ਮੀਟਰ ਲੰਬੀ ਸੁਰੰਗ ਹੈ ਜਿਸ ਵਿੱਚ ਸਿਲਕਯਾਰਾ ਵਾਲੇ ਪਾਸਿਓਂ 2340 ਮੀਟਰ ਅਤੇ ਬੜਕੋਟ ਵਾਲੇ ਪਾਸੇ 1600 ਮੀਟਰ ਨਿਰਮਾਣ ਹੋ ਚੁੱਕਿਆ ਹੈ।

ਸੁਰੰਗ ਦਾ ਨਿਰਮਾਣ ਕਰਵਾ ਰਹੀ ਐੱਨਐੱਚਆਈਡੀਸੀਐੱਲ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸੁਰੰਗ ਵਿੱਚ ਫਸੇ ਮਜ਼ਦੂਰ ਭਾਰਤ ਦੇ ਕਈ ਸੂਬਿਆਂ ਤੋਂ ਹਨ। ਜਿਵੇਂ...

  • ਉੱਤਰਾਖੰਡ
  • ਹਿਮਾਚਲ ਪ੍ਰਦੇਸ਼
  • ਬਿਹਾਰ
  • ਪੱਛਮੀ ਬੰਗਾਲ
  • ਉੱਤਰ ਪ੍ਰਦੇਸ਼
  • ਉੜੀਸਾ
  • ਅਸਮ
  • ਝਾਰਖੰਡ

ਰੈਟ ਹੋਲ ਮਾਈਨਿੰਗ ਕੀ ਹੁੰਦੀ ਹੈ

ਸੁਰੰਗ
Getty Images
ਟੀਮ, ਛੈਣੀ ਅਤੇ ਹਥੌੜੀ ਰਾਹੀਂ ਪੱਥਰਾਂ ਨੂੰ ਕੱਟ ਕੇ ਉਸ ਦਾ ਮਲਬਾ ਬੱਠਲ ਰਾਹੀਂ ਰੱਸੀ ਜ਼ਰੀਏ ਉੱਤੇ ਪਹੁੰਚਾਉਂਦੇ ਸੀ (ਸੰਕੇਤਕ ਤਸਵੀਰ)

ਮਜ਼ਦੂਰਾਂ ਨੂੰ ਕੱਢਣ ਲਈ ਰੈਟ ਹੋਲ ਮਾਈਨਿੰਗ ਦੇ ਜਾਣਕਾਰਾਂ ਦੀਆਂ ਸੇਵਾਵਾਂ ਲਈਆਂ ਗਈਆਂ।

ਇਸ ਵਿੱਚ 12 ਲੋਕਾਂ ਦੀ ਟੀਮ ਸੀ, ਜੋ ਦੇਸੀ ਤਰੀਕੇ ਨਾਲ ਉਸ ਸੁਰੰਗ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਸੀ ਜਿੱਥੇ ਪਹੁੰਚਣ ਵਿੱਚ ਉੱਚ ਤਕਨੀਕ ਵਾਲੀ ਔਗਰ ਮਸ਼ੀਨ ਸਫ਼ਲ ਨਹੀਂ ਹੋ ਪਾ ਰਹੀ ਸੀ।

ਉਸ ਤੋਂ ਬਾਅਦ ਖੁਦਾਈ ਹੱਥਾਂ ਨਾਲ ਹੋਈ। ਇਹ ਕੰਮ ਠੀਕ ਉਸੇ ਤਰ੍ਹਾਂ ਹੋਏ ਜਿਵੇਂ ਮੇਘਾਲਿਆ ਦੇ ‘ਈਸਟ ਜਯੰਤੀਆਂ ਹਿਲਸ’ ਦੇ ਕਸਾਨ ਇਲਾਕੇ ਵਿੱਚ ਕੋਲੇ ਦੀ ਖਾਨਾਂ ਵਿੱਚੋਂ ਕੋਲਾ ਕੱਢਣ ਦਾ ਕੰਮ ਕੀਤਾ ਜਾਂਦਾ ਰਿਹਾ।

ਰੈਟ ਹੋਲ ਮਾਈਨਿੰਗ ਟੀਮ ਦੀ ਅਗਵਾਈ ਆਦਿਲ ਹਸਨ ਕਰ ਰਹੇ ਸਨ, ਜੋ ਕਿ ਦਿੱਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਹਨ।

ਸੁਰੰਗ ਵਾਲੀ ਥਾਂ ਉੱਤੇ ਮੌਜੂਦ ਪੱਤਰਕਾਰ ਆਸਿਫ਼ ਅਲੀ ਮੁਤਾਬਕ 12 ਮੈਂਬਰਾਂ ਵਾਲੀ ਇਸ ਟੀਮ ਨੇ ਕੰਮ ਸ਼ੁਰੂ ਕੀਤਾ ਅਤੇ ਸੁਰੰਗ ਵਿੱਚ ਦਾਖਲ ਹੋਏ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੇ 6 ਮੀਟਰ ਦੀ ਖੁਦਾਈ ਕਰ ਲਈ ਸੀ।

ਇਸ ਕੰਮ ਲਈ ਇਹ ਟੀਮ ਛੈਣੀ ਅਤੇ ਹਥੌੜੀ ਰਾਹੀਂ ਪੱਥਰਾਂ ਨੂੰ ਕੱਟ ਕੇ ਉਸ ਦਾ ਮਲਬਾ ਬੱਠਲ ਰਾਹੀਂ ਰੱਸੀ ਜ਼ਰੀਏ ਉੱਤੇ ਪਹੁੰਚਾਉਂਦੇ ਸਨ। ਹਾਲਾਂਕਿ ਇਸ ਕੰਮ ਦੀ ਰਫ਼ਤਾਰ ਹੌਲੀ ਹੁੰਦੀ ਹੈ।

ਆਪਰੇਸ਼ਨ ਦੌਰਾਨ ਆਈਆਂ ਮੁਸ਼ਕਲਾਂ

ਪਿਛਲੇ 13 ਦਿਨਾਂ ਤੋਂ ਬਚਾਅ ਕਰਮੀ ਡ੍ਰਿਲਿੰਗ ਮਸ਼ੀਨ ਰਾਹੀਂ ਮਜ਼ਦੂਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ 24 ਨਵੰਬਰ ਸ਼ੁੱਕਰਵਾਰ ਨੂੰ ਡ੍ਰਿਲਿੰਗ ਮਸ਼ੀਨ ਟੁੱਟਣ ਤੋਂ ਬਾਅਦ ਇਹ ਕੰਮ ਰੁੱਕ ਗਿਆ।

ਇਨ੍ਹਾਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਆਪਰੇਸ਼ਨ ਸ਼ੁਰੂ ਤੋਂ ਹੀ ਕਾਫ਼ੀ ਚੁਣੌਤੀਆਂ ਭਰਿਆ ਸੀ।

ਸੁਰੰਗ ਅੰਦਰ ਮਿੱਟੀ ਕਾਫ਼ੀ ਢਿੱਲੀ ਤੇ ਉੱਥੇ ਪੱਥਰ ਵੀ ਖਿਸਕਦੇ ਰਹਿੰਦੇ ਹਨ। ਇਸ ਦੇ ਨਾਲ ਹੀ ਸੁਰੰਗ ਦੇ ਨਿਰਮਾਣ ਦੌਰਾਨ ਲਗਾਏ ਗਏ ਸਰੀਏ ਨੂੰ ਕੱਟਣਾ ਵੀ ਮੁਸ਼ਕਲ ਸਾਬਤ ਰਿਹਾ।

ਸ਼ੁੱਕਰਵਾਰ 24 ਨਵੰਬਰ ਨੂੰ ਬਚਾਅ ਕਰਮੀ ਸਹੀ ਦਿਸ਼ਾ ਵਿੱਚ ਵਧਦੇ ਨਜ਼ਰ ਆ ਰਹੇ ਸਨ। ਪਰ ਉਦੋਂ ਡ੍ਰਿਲਿੰਗ ਮਸ਼ੀਨ ਮਲਬੇ ਨਾਲ ਮਿਲੇ ਧਾਤੂ ਦੇ ਟੋਟਿਆਂ ਵਿੱਚ ਫਸਣ ਤੋਂ ਬਾਅਦ ਸੁਰੰਗ ਅੰਦਰ ਟੁੱਟ ਗਈ।

ਇਸ ਤੋਂ ਬਾਅਦ 27 ਨਵੰਬਰ ਸੋਮਵਾਰ ਦੀ ਸਵੇਰ ਮਸ਼ੀਨ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਅਤੇ ਬਚਾਅ ਕਰਮੀਆਂ ਨੇ ਮਜ਼ਦੂਰਾਂ ਤੱਕ ਪਹੁੰਚਣ ਲਈ ਪਹਾੜ ਦੇ ਉੱਤੋਂ ਵਰਟੀਕਲ ਖੁਦਾਈ ਸ਼ੁਰੂ ਕਰ ਦਿੱਤੀ।

ਵਿਛਾਈ ਗਈ ਪਾਈਪਲਾਈਨ

ਇਸ ਤੋਂ ਪਹਿਲਾਂ ਮਜ਼ਦੂਰਾਂ ਨੂੰ ਕੱਢਣ ਦੇ ਲਈ ਇੱਕ ਪਾਈਪਲਾਈਨ ਵਿਛਾਈ ਗਈ ਸੀ। ਪਰ ਪਹਾੜ ਅਤੇ ਉਸ ਦੀਆਂ ਮੋਟੀਆਂ ਚੱਟਾਨਾਂ ਇਸ ਪੂਰੀ ਮੁਹਿੰਮ ਵਿੱਚ ਇੱਕ ਤੋਂ ਬਾਅਦ ਇੱਕ ਚੁਣੌਤੀਆਂ ਦਿੰਦੀਆਂ ਰਹੀਆਂ।

ਇਨ੍ਹਾਂ ਚੁਣੌਤੀਆਂ ਦੀ ਝਲਕ ਸਾਨੂੰ ਵੀ ਦਿਖੀ ਜਦੋਂ 57 ਮੀਟਰ ਲੰਬੀ ਪਾਈਪ ਲਾਈਨ ਵਿਛਾਉਣ ਦੇ ਕੰਮ ਨੂੰ ਸਰੀਏ ਨੇ ਰੋਕ ਦਿੱਤਾ।

ਬੁੱਧਵਾਰ 22 ਨਵੰਬਰ ਸ਼ਾਮ ਨੂੰ ਵੀ ਪਾਈਪਲਾਈਨ ਵਿਛਾਉਣ ਦਾ ਕੰਮ ਲੋਹੇ ਦੇ ਸਰੀਏ ਕਾਰਨ ਰੁਕਿਆ ਸੀ ਕਿਉਂਕਿ ਇਸ ਨੇ ਔਗਰ ਮਸ਼ੀਨ ਦੇ ਕੰਮ ਨੂੰ ਰੋਕ ਦਿੱਤਾ ਸੀ।

ਮੌਕੇ ਉੱਤੇ ਮੌਜੂਦ ਇੰਟਰਨੈਸ਼ਨਲ ਟਨਲਿੰਗ ਅੰਡਰਾਗ੍ਰਾਊਂਡ ਸਪੇਸ ਦੇ ਪ੍ਰੈਜ਼ੀਡੈਂਟ ਅਰਨੋਲਡ ਡਿਕਸ ਨੇ 23 ਨਵੰਬਰ ਵੀਰਵਾਰ ਸ਼ਾਮ ਨੂੰ ਦੱਸਿਆ, “ਅਸੀਂ ਕੱਲ ਤੱਕ (24 ਨਵੰਬਰ) ਇਸ ਸਮੇਂ ਤੱਕ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਉਮੀਦ ਕਰ ਰਹੇ ਸੀ।”

ਸੁਰੰਗ ’ਚ ਐਨੇ ਦਿਨ ਰਹਿਣ ਦਾ ਸਰੀਰ ਉੱਤੇ ਕੀ ਅਸਰ ਹੁੰਦਾ ਹੈ

ਸੁਰੰਗ
Getty Images
ਸੁਰੰਗ
Getty Images
ਸੁਰੰਗ
Getty Images

ਆਕਸੀਜਨ ਤੇ ਖਾਣ-ਪੀਣ ਦੀਆਂ ਚੀਜ਼ਾਂ ਕਿਵੇਂ ਪਹੁੰਚੀਆਂ

ਸੁਰੰਗ
BBC

ਉੱਤਰਕਾਸ਼ੀ ਦੇ ਸੀਓ ਪ੍ਰਸ਼ਾਂਤ ਕੁਮਾਰ ਨੇ ਦੱਸਿਆ, ‘‘ਐੱਨਐੱਚਆਈਡੀਸੀਐੱਲ ਦੀ ਪਾਈਪ ਲਾਈਨ ਇੱਥੇ ਪਾਣੀ ਤੇ ਆਕਸੀਜਨ ਦੀ ਸਪਲਾਈ ਕਰਦੀ ਹੈ, ਉਸ ਨਾਲ ਅਸੀਂ ਵਾਇਰਲੈੱਸ ਰਾਹੀਂ ਰਾਬਤਾ ਕਰਦੇ ਹਾਂ।’’

‘‘ਵਾਇਰਲੈੱਸ ਰਾਹੀਂ ਗੱਲ ਹੁੰਦੀ ਰਹੀ, ਉਸ ਵਿੱਚ ਸ਼ੌਟ ਸਿਗਨਲ ਹੁੰਦੇ ਹਨ। ਇਸੇ ਰਾਹੀਂ ਸਾਨੂੰ ਪਤਾ ਲਗਦਾ ਰਿਹਾ ਕਿ ਉਹ ਠੀਕ ਹਨ ਜਾਂ ਉਨ੍ਹਾਂ ਨੂੰ ਕੀ ਚਾਹੀਦਾ ਹੈ। ਗੱਲਬਾਤ ਦੌਰਾਨ ਵਿਚਾਲੇ ਰੌਲਾ ਵੀ ਬਹੁਤ ਹੁੰਦਾ ਸੀ, ਪਰ ਸਾਰੇ ਲੋਕ ਸੁਰੱਖਿਅਤ ਸਨ।’’

ਪ੍ਰਸ਼ਾਂਤ ਕੁਮਾਰ ਨੇ ਦੱਸਿਆ, ‘‘ਸੁਰੰਗ ਅੰਦਰ ਕੰਪਰੈਸ਼ਰ ਰਾਹੀਂ ਨਿਰੰਤਰ ਆਕਸੀਜਨ ਭੇਜੀ ਜਾ ਰਹੀ ਸੀ। ਸੁਰੰਗ ਵਿੱਚ ਫਸੇ ਲੋਕਾਂ ਨੇ ਖਾਣ-ਪੀਣ ਦੀ ਮੰਗ ਕੀਤੀ ਸੀ। ਦਬਾਅ ਵਾਲੀ ਹਵਾ ਦੇ ਨਾਲ ਖਾਣੇ ਦੇ ਛੋਟੇ-ਛੋਟੇ ਪੈਕੇਟ ਵੀ ਫਸੇ ਹੋਏ ਮਜ਼ਦੂਰਾਂ ਤੱਕ ਪਹੁੰਚਾਏ ਗਏ। ਛੋਲੇ, ਕਾਜੂ ਅਤੇ ਬਦਾਮ ਆਦਿ ਵੀ ਉਨ੍ਹਾਂ ਨੂੰ ਪਹੁੰਚਾਏ ਗਏ।’’

ਫਸੇ ਮਜ਼ਦੂਰਾਂ ਦੇ ਪਰਿਵਾਰਾਂ ਦਾ ਹਾਲ

ਫੁਲ ਕੁਮਾਰੀ ਦੇਵੀ
BBC
ਮਜ਼ਦੂਰ ਰਾਜੇਂਦਰ ਦੀ ਮਾਂ ਫੁਲ ਕੁਮਾਰੀ ਦੇਵੀ

‘ਛੇਤੀ ਬਾਹਰ ਆ ਜਾਣ, ਬਸ ਇਹੀ ਚਾਹੁੰਦੇ ਹਾਂ’

41 ਮਜ਼ਦੂਰਾਂ ਵਿੱਚ ਇੱਕ ਮਜ਼ਦੂਰ ਰਾਜੇਂਦਰ ਬੇਦਿਆ ਵੀ ਹਨ। ਉਨ੍ਹਾਂ ਦਾ ਤਾਲੁਕ ਝਾਰਖੰਡ ਸੂਬੇ ਦੇ ਪਿੰਡ ਖੀਰਾਬੇੜਾ ਨਾਲ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਰਾਜੇਂਦਰ ਦੀ ਮਾਂ ਫੁਲ ਕੁਮਾਰੀ ਦੇਵੀ ਰੋ ਪੈਂਦੇ ਹਨ। ਉਹ ਪੁੱਤ ਦੀ ਸਲਾਮਤੀ ਅਤੇ ਉਸ ਨੂੰ ਦੇਖਣ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਸਨ।

ਫੁਲ ਕੁਮਾਰੀ ਕਹਿੰਦੇ ਹਨ, ‘‘ਘਰ ਹੁੰਦਾ ਸੀ ਤਾਂ ਦਿਨ ਵਿੱਚ 3-4 ਵਾਰ ਖਾਣਾ ਮੰਗਦਾ ਸੀ। ਹੁਣ ਤਾਂ ਐਨੇ ਘੰਟੇ ਹੋ ਗਏ ਹਨ, ਪਤਾ ਨਹੀਂ ਸੁਰੰਗ ਵਿੱਚ ਖਾਣਾ ਮਿਲ ਵੀ ਰਿਹਾ ਹੈ ਜਾਂ ਨਹੀਂ। ਸੁਣਿਆ ਹੈ ਕਿ ਖਾਣਾ-ਪਾਣੀ ਭੇਜਿਆ ਗਿਆ, ਪਰ ਮਿਲਿਆ ਜਾ ਨਹੀਂ, ਖਾਧਾ ਜਾਂ ਨਹੀਂ।’’

‘‘ਸਭ ਲੋਕ ਸੁਰੰਗ ਤੋਂ ਛੇਤੀ ਬਾਹਰ ਆ ਜਾਣ, ਬਸ ਇਹੀ ਚਾਹੁੰਦੇ ਹਾਂ।’’

20 ਸਾਲ ਦੇ ਰਾਜੇਂਦਰ ਉਨ੍ਹਾਂ ਦੇ ਇੱਕੋ ਇੱਕ ਪੁੱਤਰ ਹਨ। ਰਾਜੇਂਦਰ ਆਪਣੇ ਪਿੰਡ ਖੀਰਾਬੇੜਾ ਦੇ ਕੁਝ ਸਾਥੀਆਂ ਨਾਲ ਇਸੇ ਮਹੀਨੇ ਉੱਤਰਕਾਸ਼ੀ ਦੇ ਸੁਰੰਗ ਪ੍ਰੋਜੈਕਟ ਲਈ ਗਏ ਸਨ।

ਇਸ ਪਿੰਡ ਦੇ 8 ਮਜ਼ਦੂਰ ਇਸ ਪ੍ਰੋਜੈਕਟ ਵਿੱਚ ਲੱਗੇ ਹੋਏ ਹਨ। ਪਰ ਮਜ਼ਦੂਰਾਂ ਦੇ ਪਰਿਵਾਰਾਂ ਦਾ ਸੁਰੰਗ ਧਸਣ ਤੋਂ ਬਾਅਦ ਬੁਰਾ ਹਾਲ ਹੈ।

ਪਿਤਾ ਨਾਲ ਗੱਲ ਕਰਨ ਵਾਲੇ ਪੁੱਤ ਨੇ ਕੀ ਦੱਸਿਆ

ਕੋਟਦਵਾਰ ਦੇ ਰਹਿਣ ਵਾਲੇ ਆਕਾਸ਼ ਸੁਰੰਗ ਵਿੱਚ ਫਸੇ ਆਪਣੇ ਪਿਤਾ ਲਈ ਸੁਰੰਗ ਦੇ ਬਾਹਰ ਪਹੁੰਚੇ। ਆਕਾਸ਼ ਦੀ ਪਰੇਸ਼ਾਨੀ ਨੂੰ ਦੇਖਦਿਆਂ ਉਨ੍ਹਾਂ ਨੂੰ ਟਨਲ ਅੰਦਰ ਜਾਣ ਅਤੇ ਮਲਬੇ ਦੇ ਦੂਜੇ ਪਾਸੇ ਫਸੇ ਉਨ੍ਹਾਂ ਦੇ ਪਿਤਾ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਗਈ।

ਸੁਰੰਗ ਤੋਂ ਬਾਹਰ ਆਉਣ ਤੋਂ ਬਾਅਦ, ਆਪਣੇ ਪਿਤਾ ਦੇ ਕਾਰਨ ਆਕਾਸ਼ ਦਿਲੋ-ਦਿਮਾਗ ਤੋਂ ਬੇਹੱਦ ਪਰੇਸ਼ਾਨ ਨਜ਼ਰ ਆ ਰਹੇ ਸਨ।

ਆਕਾਸ਼ ਨੇ ਦੱਸਿਆ, ‘‘ਮੈਂ ਸੁਰੰਗ ਵਿੱਚ ਗਿਆ ਸੀ ਅਤੇ ਮੇਰੀ ਗੱਲ ਪਿਤਾ ਜੀ ਨਾਲ ਆਕਸੀਜਨ ਪਾਈਪ ਰਾਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਮੇਰੇ ਨਾਲ ਸਾਰੇ ਜਣੇ ਹਨ ਅਤੇ ਛੇਤੀ ਬਾਹਰ ਆਵਾਂਗੇ।’’

ਸਰਕਾਰ ਸੁਰੰਗਾਂ ਦੀ ਜਾਂਚ ਕਰਵਾਏਗੀ

ਸੁਰੰਗ
BBC

ਖ਼ਬਰ ਏਜੰਸੀ ਰਾਇਟਰਸ ਮੁਤਾਬਕ, ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ (ਐੱਨਐੱਚਏਆਈ) ਨੇ ਹਾਦਸਿਆਂ ਨੂੰ ਰੋਕਣ ਲਈ ਦੇਸ਼ ਵਿੱਚ ਬਣਾਈਆਂ ਜਾ ਰਹੀਆਂ 29 ਸੁਰੰਗਾਂ ਦਾ ਸੁਰੱਖਿਆ ਆਡਿਟ ਕਰਨ ਦਾ ਫ਼ੈਸਲਾ ਕੀਤਾ ਹੈ।

ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਅਧਿਕਾਰੀ ਸੁਰੱਖਿਆ ਆਡਿਟ ਦੇ ਇਸ ਕੰਮ ਵਿੱਚ ਐੱਨਐੱਚਏਆਈ ਅਧਿਕਾਰੀਆਂ ਨਾਲ ਸਹਿਯੋਗ ਕਰਨਗੇ।

ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦੋਵੇਂ ਅਦਾਰੇ ਸਾਂਝੇ ਤੌਰ ’ਤੇ ਜਾਂਚ ਕਰਕੇ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪਣਗੇ।

ਸਰਕਾਰੀ ਬਿਆਨ ਅਨੁਸਾਰ, "ਨਿਰਮਾਣ ਦੌਰਾਨ ਸੁਰੱਖਿਆ ਅਤੇ ਉੱਚ ਗੁਣਵੱਤਾ ਦੇ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਐੱਨਐੱਚਏਆਈ ਦੇਸ਼ ਦੀਆਂ ਸਾਰੀਆਂ 29 ਨਿਰਮਾਣ ਅਧੀਨ ਸੁਰੰਗਾਂ ਦਾ ਸੁਰੱਖਿਆ ਆਡਿਟ ਕਰਵਾਏਗਾ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News