‘ਕੈਨੇਡਾ ਵਿੱਚ ਹੁੰਦੀਆਂ ਸਿੱਖ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਦਾ ਭਾਰਤ ’ਚ ਕੋਈ ਅਸਰ ਨਹੀਂ’- ਭਾਰਤੀ ਹਾਈ ਕਮਿਸ਼ਨਰ

Tuesday, Nov 28, 2023 - 02:19 PM (IST)

‘ਕੈਨੇਡਾ ਵਿੱਚ ਹੁੰਦੀਆਂ ਸਿੱਖ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਦਾ ਭਾਰਤ ’ਚ ਕੋਈ ਅਸਰ ਨਹੀਂ’- ਭਾਰਤੀ ਹਾਈ ਕਮਿਸ਼ਨਰ
ਈ-ਵਿਜ਼ਾ
Getty Images
ਭਾਰਤ ਸਰਕਾਰ ਨੇ ਕੈਨੇਡੀਆਈ ਨਾਗਰਿਕਾਂ ਲਈ ਈ-ਵੀਜ਼ਾ ਸੇਵਾ ਮੁੜ ਸ਼ੁਰੂ ਕਰ ਦਿੱਤੀਆਂ ਹਨ

ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੁਮਾਰ ਵਰਮਾ ਮੁਤਾਬਕ ਭਾਰਤ ਸਰਕਾਰ ਅਮਰੀਕਾ ਦੀ ਇੱਕ ਜਾਂਚ ਵਿੱਚ ਪੂਰੀ ਤਰ੍ਹਾਂ ਸਹਿਯੋਗ ਦੇ ਰਹੀ ਹੈ ਪਰ ਕੈਨੇਡਾ ਵਲੋਂ ਸਿੱਖ ਆਗੂ ਹਰਜੀਤ ਸਿੰਘ ਨਿੱਝਰ ਦੇ ਮਾਮਲੇ ’ਚ ਕੀਤੀ ਜਾ ਰਹੀ ਜਾਂਚ ਵਿੱਚ ਉਸ ਪੱਧਰ ’ਤੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ।

ਸੰਜੀਵ ਕੁਮਾਰ ਵਰਮਾ ਨੇ ਕੈਨੇਡਾ ਦੇ ਚੈਨਲ ਸੀਟੀਵੀ ਦੇ ਸ਼ੋਅ ‘ਕੁਐਸ਼ਚਨ ਪੀਰੀਅਡ’ ਵਿੱਚ ਵਾਸੇ ਕਪੈਲੋਸ ਨੂੰ ਇੱਕ ਇੰਟਰਵਿਊ ਦਿੱਤਾ ਹੈ।

ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਅਮਰੀਕਾ ਦੇ ਅਧਿਕਾਰੀਆਂ ਨੇ ਭਾਰਤ ਨਾਲ ਕੈਨੇਡਾ ਦੇ ਮੁਕਬਾਲੇ ਵਧੇਰੇ ਸਟੀਕ ਜਾਣਕਾਰੀ ਸਾਂਝੀ ਕੀਤੀ ਹੈ।

ਵਰਮਾ ਨੇ ਕੈਨੇਡਾ ਵਿੱਚ ਸਿੱਖ ਕੱਟੜਪੰਥੀਆਂ ਦੀਆਂ ਗਤੀਵਿਧੀਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਭਾਰਤੀ ਸਿੱਖ ਬਹੁ-ਗਿਣਤੀ ਸੂਬੇ ਪੰਜਾਬ ਵਿੱਚ ਵੀ ਅਜਿਹਾ ਘਟਨਾਕ੍ਰਮ ਦੇਖਣ ਨੂੰ ਨਹੀਂ ਮਿਲਦਾ ਜਿਸ ਤਰ੍ਹਾਂ ਦੇ ਰੈਫ਼ਰੈਂਡਮ ਕੈਨੇਡਾ ਵਿੱਚ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਖਾਲਿਸਤਾਨ ਹਮਾਇਤੀ ਤੇ ਭਾਰਤ ਸਰਕਾਰ ਨੂੰ ਕਈ ਮਾਮਲਿਆਂ ਵਿੱਚ ਲੋੜੀਂਦੇ 45 ਸਾਲਾ ਹਰਦੀਪ ਸਿੰਘ ਨਿੱਝਰ ਦਾ ਇਸ ਸਾਲ ਜੂਨ ਮਹੀਨੇ ਕੈਨੇਡਾ ਦੇ ਸਰੀ ਵਿੱਚ ਕਤਲ ਹੋਇਆ ਸੀ।

ਇਸ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੀ ਸ਼ਾਮੂਲੀਅਤ ਦੇ ਇਲਜ਼ਾਮ ਲਾਏ ਸਨ।

ਹਾਲਾਂਕਿ, ਭਾਰਤ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਅਤੇ ਸਬੂਤਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਗਈ ਸੀ।

ਟਰੂਡੋ ਅਤੇ ਨਰਿੰਦਰ ਮੋਦੀ
Getty Images
ਨਿੱਝਰ ਕਤਲ ਮਾਮਲੇ ਵਿੱਚ ਕੈਨੇਡਾ ਦੇ ਭਾਰਤ ਖ਼ਿਲਾਫ਼ ਇਲਜ਼ਾਮਾਂ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਕੁਝ ਖ਼ਰਾਬ ਹੋਏ ਹਨ

ਭਾਰਤ ਦੀ ਸੁਰੱਖਿਆ ਬਾਰੇ ਚਿੰਤਾ

ਵਰਮਾ ਨੇ ਕਿਹਾ, "ਜਦੋਂ ਅਸੀਂ ਈ-ਵੀਜ਼ਾ ਸੇਵਾਵਾਂ, ਅਤੇ ਹੋਰ ਵੀਜ਼ਾ ਸੇਵਾਵਾਂ ਨੂੰ ਵੀ ਮੁਅੱਤਲ ਕੀਤਾ, ਤਾਂ ਮੁੱਖ ਚਿੰਤਾ ਸਾਡੀ ਸੁਰੱਖਿਆ ਸੀ, ਅਤੇ ਨਾ ਸਿਰਫ ਮੇਰੀ, ਵਿਅਕਤੀਗਤ ਤੌਰ ''''ਤੇ, ਮੇਰੇ ਕੌਂਸਲ ਜਨਰਲਾਂ ਅਤੇ ਹੋਰ ਕੌਂਸਲਰ ਸਟਾਫ, ਹੋਰ ਡਿਪਲੋਮੈਟਿਕ ਸਟਾਫ ਦੀ ਸੁਰੱਖਿਆ।"

ਵਰਮਾ ਨੇ ਦੱਸਿਆ ਕਿ ਭਾਰਤ ਨੇ ਜਦੋਂ ਕੈਨੇਡਾ ਵਾਸੀਆਂ ਲਈ ਈ-ਵੀਜ਼ਾ ਅਤੇ ਹੋਰ ਵੀਜ਼ਾ ਸੇਵਾਵਾਂ ਮੁਅੱਤਲ ਕੀਤੀਆਂ ਸਨ ਉਸ ਸਮੇਂ ਭਾਰਤੀ ਕੌਂਸਲਰ ਅਤੇ ਹੋਰ ਡਿਪਲੋਮੈਟਿਕ ਸਟਾਫ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਸੀ।

ਉਨ੍ਹਾਂ ਕਿਹਾ, “ਅਸੀਂ ਸਥਿਤੀ ਦਾ ਨਿਰੰਤਰ ਮੁਲਾਂਕਣ ਕੀਤਾ ਅਤੇ ਇਸ ਸਿੱਟੇ ''''ਤੇ ਪਹੁੰਚੇ ਹਾਂ ਕਿ ਹੁਣ ਸੁਰੱਖਿਆ ਸਥਿਤੀ ਮੁਕਾਬਲਤਨ ਬਿਹਤਰ ਹੈ ਅਤੇ ਵੀਜ਼ਾ ਸੇਵਾਵਾਂ ਬਹਾਲ ਕੀਤੀਆ ਜਾ ਸਕਦੀਆਂ ਹਨ।”

ਵਰਮਾ ਮੁਤਾਬਕ ਕੈਨੇਡਾ ਵਿੱਚ ਤੈਨਾਤ ਭਾਰਤੀ ਸਟਾਫ਼ ਦੀ ਸੁਰੱਖਿਆ ਵਧਾਈ ਗਈ ਹੈ।

ਭਾਰਤ-ਕੈਨੇਡਾ ਸਬੰਧ

ਨਿੱਝਰ ਕਤਲ ਮਾਮਲੇ ਵਿੱਚ ਭਾਰਤ ’ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਸਾਫ਼ ਨਜ਼ਰ ਆਇਆ ਸੀ। ਇਸ ਬਾਰੇ ਵਰਮਾ ਨੇ ਕਿਹਾ ਕਿ, ਦੋਵਾਂ ਸਰਕਾਰਾਂ ਵਿਚਕਾਰ ਕਈ ਪੱਖਾਂ ਤੋਂ ਰਚਨਾਤਮਕ ਗੱਲਬਾਤ ਚੱਲ ਰਹੀ ਹੈ।

“ਇਸ ਲਈ ਮੈਂ ਕਹਾਂਗਾ ਕਿ, ਹਾਂ, ਰਿਸ਼ਤਾ ਪਹਿਲਾਂ ਨਾਲੋਂ ਬਿਹਤਰ ਹੈ, ਜੋ ਕੁਝ ਮਹੀਨੇ ਪਹਿਲਾਂ ਸੀ।”

ਉਨ੍ਹਾਂ ਕਿਹਾ, "ਭਾਰਤ ਲਈ ਮੁੱਖ ਚਿੰਤਾ ਕੁਝ ਹੋਰ ਹੈ। ਕੁਝ ਕੈਨੇਡੀਅਨ ਨਾਗਰਿਕ ਕੈਨੇਡਾ ਦੀ ਧਰਤੀ ਦੀ ਵਰਤੋਂ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ''''ਤੇ ਹਮਲੇ ਕਰਨ ਲਈ ਕਰ ਰਹੇ ਹਨ, ਜੋ ਕਿ ਕੌਮਾਂਤਰੀ ਕਾਨੂੰਨ ਦੇ ਵਿਰੁੱਧ ਹੈ।"

"ਭਾਰਤ ਅਤੇ ਕੈਨੇਡਾ ਦੋਵੇਂ ਸੰਯੁਕਤ ਰਾਸ਼ਟਰ ਦੇ ਮੈਂਬਰ ਹਨ। ਸੰਯੁਕਤ ਰਾਸ਼ਟਰ ਦਾ ਆਰਟੀਕਲ 24 ਬਹੁਤ ਸਪੱਸ਼ਟ ਤੌਰ ''''ਤੇ ਕਹਿੰਦਾ ਹੈ, ਕਿ ਕਿਸੇ ਵੀ ਦੇਸ਼ ਦੀ ਮਸ਼ੀਨਰੀ ਨੂੰ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਜਾਂ ਖੇਤਰੀ ਅਖੰਡਤਾ ਨੂੰ ਨਿਸ਼ਾਨਾ ਬਣਾਉਣ ਲਈ ਇਸਤੇਮਾਲ ਨਹੀਂ ਕਰਨ ਦਿੱਤੀ ਜਾਣੀ ਚਾਹੀਦੀ।"

"ਇਸ ਲਈ ਮੱਖ ਮੁੱਦਾ ਉਂਝ ਹੀ ਬਣਿਆ ਹੋਇਆ ਹੈ ਅਤੇ ਇਸ ਨਾਲ ਸੁਰੱਖਿਆ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ।"

ਉਨ੍ਹਾਂ ਭਾਰਤ ਅਤੇ ਕੈਨੇਡਾ ਦਰਮਿਆਨ ਕੋਈ ਖ਼ਾਸ ਸਮਝੌਤਾ ਨਾ ਹੋਣ ਬਾਰੇ ਦੱਸਦਿਆਂ ਕਿਹਾ, “ਅਸੀਂ ਗੱਲਬਾਤ ਨੂੰ ਅੱਗੇ ਵਧਾਉਣ ਨੂੰ ਤਰਜ਼ੀਹ ਦੇਵਾਂਗੇ ਅਤੇ ਚਾਹਾਂਗੇ ਕਿ ਭਾਰਤ ਵਿੱਚ ਕੈਨੇਡਾ ਦੀ ਬਿਹਤਰ ਡਿਪਲੋਮੈਟਿਕ ਮੌਜੂਦਗੀ ਹੋਵੇ ਅਤੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਿਕ ਮੌਜੂਦਗੀ ਨੂੰ ਵੀ ਚੰਗੀ ਸੁਵਿਧਾ ਅਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ।”

ਵਰਮਾ ਮੁਤਾਬਕ ਕੈਨੇਡਾ ਵਿੱਚ ਤੈਨਾਤ ਕੁਝ ਉੱਚ-ਪੱਧਰੀ ਅਧਿਕਾਰੀਆਂ ਨੂੰ ਹਟਾਉਣ ਦਾ ਫ਼ੈਸਲਾ ਕਿਸੇ ਪੱਖੋਂ ਵੀ ਕੈਨੇਡਾ ਖ਼ਿਲਾਫ਼ ਭਾਵਨਾਤਮਕ ਕਾਰਵਾਈ ਨਹੀਂ ਸੀ। ਇਹ ਨਿਰੋਲ ਸੁਰੱਖਿਆ ਚਿੰਤਾਵਾਂ ਵਿੱਚੋਂ ਲਿਆ ਗਿਆ ਫ਼ੈਸਲਾ ਸੀ।

ਭਾਰਤ ਅਤੇ ਕੈਨੇਡਾ ਦੇ ਸਬੰਧ ਇਸ ਗੱਲ ''''ਤੇ ਨਿਰਭਰ ਕਰਦਾ ਹੈ ਕਿ ਕੂਟਨੀਤਕ ਗੱਲਬਾਤ ਕਿਵੇਂ ਜਾਰੀ ਰਹਿੰਦੀ ਹੈ, ਕੈਨੇਡਾ ਵਿੱਚ ਸਾਡੀਆਂ ਚਿੰਤਾਵਾਂ ਨੂੰ ਕਿਵੇਂ ਸਮਝਿਆ ਜਾਂਦਾ ਹੈ।

ਵਰਮਾ ਨੇ ਯਕੀਨ ਜਤਾਇਆ ਕਿ ਅਜਿਹਾ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈ।

ਨਿੱਝਰ ਕਤਲ ਮਾਮਲਾ ਅਤੇ ਭਾਰਤ

ਜਦੋਂ ਵਰਮਾ ਨੂੰ ਪੁੱਛਿਆ ਗਿਆ ਕਿ ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ’ਤੇ ਸਿੱਖ ਆਗੂ ਹਰਜੀਤ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਸ਼ਮੂਲੀਅਤ ਦਾ ਇਲਜ਼ਾਮ ਲਾਇਆ ਹੈ। ਇਸ ਦੀ ਕੀ ਸੰਭਾਵਨਾ ਹੈ।

ਵਰਮਾ ਨੇ ਕਿਹਾ, “ਬਿਲਕੁਲ ਵੀ ਅਜਿਹਾ ਨਹੀਂ ਹੈ। ਅਸੀਂ ਉਸ ਸਮੇਂ ਵੀ ਕਿਹਾ ਸੀ, ਕਿ ਇਹ ਇੱਕ ਪ੍ਰੇਰਿਤ ਅਤੇ ਬੇਤੁਕਾ ਇਲਜ਼ਾਮ ਹੈ ਅਤੇ ਇਹ ਅਜੇ ਵੀ ਇਲਜ਼ਾਮ ਹੀ ਹੈ।”

ਉਨ੍ਹਾਂ ਕਿਹਾ, “ਭਾਰਤ ਸਰਕਾਰ ਦੇ ਪੱਖ ਤੋਂ, ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਕੈਨੇਡਾ ਦੀ ਧਰਤੀ ''''ਤੇ ਕੈਨੇਡੀਅਨ ਨਾਗਰਿਕ ਨੂੰ ਗੋਲੀ ਮਾਰਨ ਵਿੱਚ ਭਾਰਤ ਸਰਕਾਰ ਦਾ ਕੋਈ ਹੱਥ ਨਹੀਂ ਸੀ।”

ਵਰਮਾ ਮੁਤਾਬਕ ਕੱਟੜਪੰਥੀ ਤੱਤਾਂ ਨੂੰ ਜਿਸ ਤਰ੍ਹਾਂ ਦਾ ਪਲੇਟਫ਼ਾਰਮ ਕੈਨੇਡਾ ਵਿੱਚ ਦਿੱਤਾ ਗਿਆ ਹੈ ਉਸ ਦਾ ਮੁਲਾਂਕਣ ਕਰਨ ਦੀ ਲੋੜ ਹੈ।

ਭਾਰਤ ਸਰਕਾਰ ਵਲੋਂ ਨਿੱਝਰ ਕਤਲ ਮਾਮਲੇ ਵਿੱਚ ਸਹਿਯੋਗ ਨਾ ਦੇਣ ਦਾ ਪੁੱਛੇ ਜਾਣ ਬਾਰੇ ਵਰਮਾ ਨੇ ਕਿਹਾ, “ਇਸ ਲਈ ਦੋ ਕਾਰਨ ਹਨ। ਇੱਕ ਤਾਂ ਇਹ ਕਿ ਬਿਨਾਂ ਜਾਂਚ ਦੇ ਸਿੱਟੇ ਕੱਢੇ ਭਾਰਤ ਨੂੰ ਦੋਸ਼ੀ ਠਹਿਰਾਇਆ ਗਿਆ। ਕੀ ਇਹ ਕਾਨੂੰਨ ਦਾ ਰਾਜ ਹੈ?"

ਇਲਜ਼ਾਮ ਸੀ ਜਾਂ ਦੋਸ਼ ਇਸ ਬਾਰੇ ਵਰਮਾ ਨੇ ਕਿਹਾ, “ਆਮ ਅਪਰਾਧਿਕ ਸ਼ਬਦਾਵਲੀ ਵਿੱਚ ਸਹਿਯੋਗ ਕਰਨ ਲਈ ਉਸ ਸਮੇਂ ਹੀ ਕਿਹਾ ਜਾਂਦਾ ਹੈ ਜਦੋਂ ਕਿਸੇ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੋਵੇ।”

“ਇਸ ਲਈ ਅਸੀਂ ਕਦੇ ਸਹਿਯੋਗ ਸ਼ਬਦ ਦੀ ਵਰਤੋਂ ਨਹੀਂ ਕੀਤੀ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਅਪਮਾਨਜਨਕ ਹੈ।”

“ਪਰ ਅਸੀਂ ਹਮੇਸ਼ਾ ਕਿਹਾ ਹੈ, ਜੇ ਕੈਨੇਡਾ ਸਾਨੂੰ ਕੁਝ ਖਾਸ ਅਤੇ ਢੁੱਕਵੇਂ ਸਬੂਤ ਦਿੰਦਾ ਹੈ ਤਾਂ ਅਸੀਂ ਇਨ੍ਹਾਂ ਨੂੰ ਜ਼ਰੂਰ ਦੇਖਾਂਗੇ।”

ਉਨ੍ਹਾਂ ਜ਼ਿਕਰ ਕੀਤਾ ਕਿ ਹਾਲ ਹੀ ਵਿੱਚ ਅਮਰੀਕਾ ਨੇ ਇੱਕ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਹ ਦੋਵਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ। ਅਤੇ ਦੋਵਾਂ ਦੇਸਾਂ ਨੇ ਲੋੜੀਂਦੀ ਅਗਲੀ ਕਾਰਵਾਈ ਦਾ ਫੈਸਲਾ ਲਿਆ ਹੈ।

"ਆਪਣੀ ਤਰਫੋਂ, ਭਾਰਤ ਅਜਿਹੇ ਇਨਪੁਟਸ ਨੂੰ ਗੰਭੀਰਤਾ ਨਾਲ ਲੈਂਦਾ ਹੈ, ਕਿਉਂਕਿ ਇਹ ਸਾਡੇ ਆਪਣੇ ਕੌਮੀ ਸੁਰੱਖਿਆ ਹਿੱਤਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।"

ਅਮਰੀਕਾ ਦੇ ਇਨਪੁਟਸ ਦੇ ਸੰਦਰਭ ਵਿੱਚ ਮੁੱਦਿਆਂ ਦੀ ਪਹਿਲਾਂ ਹੀ ਭਾਰਤ ਵਿੱਚ ਸਬੰਧਤ ਵਿਭਾਗਾਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ।

“ਪਰ ਕੈਨੇਡਾ ਦੇ ਮਾਮਲੇ ਵਿੱਚ ਸਾਡੇ ਨਾਲ ਕੋਈ ਵੀ ਗੰਭੀਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਜਿਹੀ ਸਥਿਤੀ ਵਿੱਚ ਸਹਿਯੋਗ ਦੀ ਮੰਗ ਕਿਵੇਂ?”

ਸਿੱਖ
Getty Images
ਕੈਨੇਡਾ ਵਿੱਚ ਖਾਲਿਸਤਾਨ ਪੱਖੀਆਂ ਦੀਆਂ ਗਤੀਵਿਧੀਆਂ 2023 ਦੀ ਸ਼ੁਰੂਆਤ ਤੋਂ ਹੀ ਸਾਹਮਣੇ ਆ ਰਹੀਆਂ ਹਨ

ਕੈਨੇਡਾ ਵਿੱਚ ''''ਖਾਲਿਸਤਾਨ ਪੱਖੀ'''' ਗਤੀਵਿਧੀਆਂ

  • ਭਾਰਤੀ ਡਿਪਲੋਮੈਟਾਂ ਖਿਲਾਫ਼ ਪੋਸਟਰ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਮੁੜ ਵਿਵਾਦ ਪੈਦਾ ਹੋ ਗਿਆ ਹੈ।
  • ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਿੱਖ ਭਾਈਚਾਰੇ ਵਲੋਂ ਨਗਰ ਕੀਰਤਨ ਕੱਢਿਆ ਗਿਆ, ਇਸ ਦੌਰਾਨ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਦਰਸਾਉਂਦੀ ਇੱਕ ਝਾਕੀ ਕੱਢੀ ਗਈ ਸੀ
  • ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਸਥਿਤ ਗੌਰੀ ਸੰਕਰ ਮੰਦਰ ਦੀਆਂ ਕੰਧਾਂ ਉੱਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਤੇ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਸੀ।
  • ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ ਇੱਕ ਖਾਲਿਸਤਾਨ ਪੱਖੀ ਗਰੁੱਪ ਨੇ 8 ਜੁਲਾਈ ਨੂੰ ਟੋਰਾਂਟੋ ਵਿੱਚ ਰੈਲੀ ਸੱਦੀ ਹੈ।
ਜਸਟਿਨ ਟਰੂਡੋ ਤੇ ਨਰਿੰਦਰ ਮੋਦੀ
Getty Images
ਜੀ 20 ਦੇ ਦਿੱਲੀ ਸਮਾਗਮ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕੈਨੇਡਾ ਵਿੱਚ ਸਿੱਖ ਕੱਟੜਪੰਥੀ ਅਤੇ ਭਾਰਤ ਦਾ ਪੱਖ

ਵਰਮਾ ਨੂੰ ਪੁੱਛਿਆ ਗਿਆ ਕਿ ਭਾਰਤ ਨੇ ਸਿੱਖ ਕੱਟੜਪੰਥੀਆਂ ਦੀਆਂ ਗਤੀਵਿਧੀਆਂ ਬਾਰੇ ਜੋ ਚਿੰਤਾਵਾਂ ਪ੍ਰਗਟਾਈਆਂ ਹਨ ਉਨ੍ਹਾਂ ਦੀ ਹਕੀਕਤ ਕੀ ਹੈ?

ਵਰਮਾ ਨੇ ਕਿਹਾ, “ਬਹੁਤ ਸਾਰੇ ਜਾਣੇ-ਪਛਾਣੇ ਅਪਰਾਧੀ ਅਤੇ ਅੱਤਵਾਦੀ ਜੋ ਖਾਲਿਸਤਾਨੀ ਮਾਨਸਿਕਤਾ ਰੱਖਦੇ ਹਨ ਕੈਨੇਡਾ ਵਿੱਚ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤ ਵਿੱਚ ਆਪਣੇ ਗੈਂਗ ਚਲਾ ਰਹੇ ਹਨ।”

“ਉਹ ਨਸ਼ੇ ਦੀ ਤਸਕਰੀ ਕਰ ਰਹੇ ਹਨ। ਹਥਿਆਰਾਂ ਦੀ ਸਪਲਾਈ ਕਰਦੇ ਹਨ।”

“ਉਹ ਮਨੁੱਖੀ ਤਸਕਰੀ ਦੇ ਮਾਮਲਿਆਂ ਨਾਲ ਜੁੜੇ ਹੋਏ ਹਨ। ਇਸ ਲਈ, ਹਾਲਾਂਕਿ ਉਹ ਕੈਨੇਡਾ ਵਿੱਚ ਹਨ ਪਰ ਇਸ ਦਾ ਅਸਰ ਸਰਹੱਦਾਂ ਤੋਂ ਪਾਰ ਵੀ ਪੈਂਦਾ ਹੈ।”

“ਜਿੰਨਾ ਚਿਰ ਕੈਨੇਡਾ ਵਿੱਚ ਕੋਈ ਘਰੇਲੂ ਮੁੱਦਾ ਹੈ, ਇਸ ਦਾ ਸਾਡੇ ਨਾਲ ਸਬੰਧ ਨਹੀਂ? ਪਰ ਇਹ ਸਰਹੱਦ ਪਾਰ ਕਰ ਕੇ ਬਦਕਿਸਮਤੀ ਨਾਲ ਭਾਰਤ ਪਹੁੰਚ ਗਿਆ ਹੈ।”

ਖਾਲਿਸਤਾਨੀ ਝੰਡਾ
Getty Images
ਖਾਲਿਸਤਾਨੀ ਝੰਡਾ

ਵਰਮਾ ਮੁਤਾਬਕ ਭਾਰਤ ਸਰਕਾਰ ਨੇ ਆਪਸੀ ਸਹਿਮਤੀ ਵਾਲੇ ਚੈਨਲ ਜ਼ਰੀਏ ਕਈ ਅਜਿਹੇ ਹੀ ਵਿਅਕਤੀਆਂ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿੱਝਰ ਵੀ ਅਜਿਹੇ ਹੀ ਵਿਅਕਤੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਭਾਰਤ ਨੇ ਅਪਰਾਧੀ ਐਲਾਨਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਖ ਬਹੁ-ਗਿਣਤੀ ਸੂਬੇ ਪੰਜਾਬ ਵਿੱਚ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ ਪਰ ਕਦੇ ਵੀ ਕਿਸੇ ਉਮੀਦਵਾਰ ਨੇ ਖ਼ਾਲਿਸਤਾਨ ਦੀ ਗੱਲ ਨਹੀਂ ਕੀਤੀ, ਇਹ ਮੁੱਦਾ ਹੈ ਹੀ ਨਹੀਂ।

ਉਨ੍ਹਾਂ ਕਿਹਾ ਕੈਨੇਡਾ ਵਿੱਚ ਖ਼ਾਲਿਸਤਾਨ ਦੀ ਗੱਲ ਕਰਨ ਵਾਲੇ ਅੱਤਵਾਧੀ ਹਨ ਅਤੇ ਇਥੇ ਆਪਣਾ ਫ਼ੰਡ ਇਕੱਠਾ ਕਰਕੇ ਭਾਰਤ ਵਿੱਚ ਗੈਂਗ ਚਲਾਉਂਦੇ ਹਨ, ਅਜਿਹੀਆਂ ਗਤੀਵਿਧੀਆਂ ਕਰਦੇ ਹਨ ਜੋ ਭਾਰਤ ਵਿੱਚ ਗ਼ੈਰ-ਕਾਨੂੰਨੀ ਹਨ।

ਉਨ੍ਹਾਂ ਕਿਹਾ, “ਇਹ ਠੀਕ ਹੈ ਕਿ ਕੈਨੇਡਾ ਦਾ ਕਾਨੂੰਨ ਬੋਲਣ ਦੀ ਆਜ਼ਾਦੀ ਦਿੰਦਾ ਹੈ। ਕੋਈ ਰੈਫਰੈਂਡਮ, ਜੇ ਤੁਸੀਂ ਕੈਨੇਡਾ ਲਈ ਘਰੇਲੂ ਤੌਰ ''''ਤੇ ਕਰਦੇ ਹੋ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਕੈਨੇਡਾ ਆਪਣੇ ਨਾਗਰਿਕਾਂ ਨੂੰ ਭਾਰਤ ਨੂੰ ਵੰਡਣ ਲਈ ਜਨਮਤ ਸੰਗ੍ਰਹਿ ਕਰਨ ਦੀ ਇਜਾਜ਼ਤ ਕਿਵੇਂ ਦੇ ਰਿਹਾ ਹੈੋ।”

ਕੈਨੇਡਾ ਵਿੱਚ ਸਿੱਖ ਕੱਟਰਪੰਥੀਆਂ ਦੀਆਂ ਗਤਵਿਧੀਆਂ ਬਾਰੇ ਉਨ੍ਹਾਂ ਕਿਹਾ, “ਉਹ ਕੈਨੇਡੀਅਨ ਨਾਗਰਿਕ ਹਨ। ਉਹ ਭਾਰਤੀ ਨਾਗਰਿਕ ਨਹੀਂ ਹਨ। ਉਹ ਸਿੱਖ ਹਨ, ਹਾਂ। ਉਨ੍ਹਾਂ ਦੇ ਪੂਰਵਜ ਭਾਰਤ ਤੋਂ ਆਏ ਸਨ, ਹਾਂ। ਪਰ ਅੱਜ ਉਹ ਕੈਨੇਡੀਅਨ ਨਾਗਰਿਕ ਹਨ।”

“ਇਸ ਲਈ ਜੇਕਰ ਉਹ ਭਾਰਤ ਦੀ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣ ਲਈ ਕੈਨੇਡਾ ਦੀ ਧਰਤੀ ਦੀ ਵਰਤੋਂ ਕਰ ਰਹੇ ਹਨ, ਤਾਂ ਦੁਨੀਆ ਦਾ ਕੌਮਾਤਰੀ ਕਾਨੂੰਨ ਇਸ ਦਾ ਸਮਰਥਨ ਨਹੀਂ ਕਰੇਗਾ।”

“ਹਾਲਾਂਕਿ ਉਨ੍ਹਾਂ ਦੇ ਇਰਾਦੇ ਭਾਰਤ ਸਫ਼ਲ ਨਹੀਂ ਹੋਣ ਦੇਵੇਗਾ। ਭਾਰਤ ਬਹੁਤ ਮਜ਼ਬੂਤ ਦੇਸ਼ ਹੈ। ਅਸੀਂ ਆਪਣੇ ਲੋਕਾਚਾਰ ਨੂੰ ਜਾਣਦੇ ਹਾਂ, ਉਥੇ ਕਾਨੂੰਨ ਦਾ ਰਾਜ ਹੈ। ਅਸੀਂ ਦੁਨੀਆ ਦਾ ਸਭ ਤੋਂ ਵੱਡੇ ਲੋਕਤੰਤਰ ਹਾਂ।”

“ਇਸ ਲਈ, ਸਾਨੂੰ ਸਪੱਸ਼ਟ ਤੌਰ ''''ਤੇ ਇਹ ਮੰਨਣਾ ਪਏਗਾ ਕਿ ਕਿਸੇ ਵੀ ਕੌਮਾਂਤਰੀ ਕਾਨੂੰਨ ਦੇ ਅਧੀਨ, ਅਪਰਾਧਿਕ ਪ੍ਰਕਿਰਤੀ ਵਾਲੀਆਂ ਗਤੀਵਿਧੀਆਂ ਪ੍ਰਤੀ ਦੋਵਾਂ ਦੇਸ਼ਾਂ ਨੂੰ ਧਿਆਨ ਦੇਣਾ ਚਾਹੀਦਾ ਹੈ।”

ਭਾਰਤ ਅਤੇ ਕੈਨੇਡਾ ਦੋਵਾਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜੋ ਦੋਵਾਂ ਦੇ ਹਿੱਤ ਵਿੱਚ ਹੋਵੇ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News