ਪਿਛਲੇ 30 ਸਾਲਾਂ ਦੀਆਂ ਹਿੱਟ ਹਿੰਦੀ ਫਿਲਮਾਂ ਵਿੱਚ ਸਿੱਖ ਅਤੇ ਮੁਸਲਮਾਨ ਕਿਹੋ ਜਿਹੇ ਦਿਖਦੇ ਹਨ?

Monday, Nov 27, 2023 - 08:34 AM (IST)

ਪਿਛਲੇ 30 ਸਾਲਾਂ ਦੀਆਂ ਹਿੱਟ ਹਿੰਦੀ ਫਿਲਮਾਂ ਵਿੱਚ ਸਿੱਖ ਅਤੇ ਮੁਸਲਮਾਨ ਕਿਹੋ ਜਿਹੇ ਦਿਖਦੇ ਹਨ?
ਗਦਰ-ਏਕ ਪ੍ਰੇਮ ਕਥਾ
SEBASTIAN D''''SOUZA/ Getty Images

ਤੁਸੀਂ ਕਈ ਵਾਰੀ ਇਹ ਡਾਇਲਾਗ ਸੁਣਿਆ ਹੋਵੇਗਾ ਕਿ ਫਿਲਮਾਂ ਜ਼ਿੰਦਗੀ ਦਾ ਸ਼ੀਸ਼ਾ ਹੁੰਦੀਆਂ ਹਨ।

ਕੀ ਲੱਖਾਂ-ਕਰੋੜਾਂ ਦਰਸ਼ਕਾਂ ਨੂੰ ਸਿਨੇਮਾ ਹਾਲ ਤੱਕ ਖਿੱਚ ਕੇ ਲਿਆਉਣ ਵਾਲੀਆਂ ਹਿੱਟ ਫਿਲਮਾਂ ਵਿੱਚ ਸਮਾਜ ਅਤੇ ਉਸ ਵਿੱਚ ਰਹਿਣ ਵਾਲੇ ਲੋਕ ਉਸੇ ਤਰ੍ਹਾਂ ਹੀ ਦਿਖਾਏ ਹਨ, ਜਿਵੇਂ ਉਹ ਅਸਲ ਵਿੱਚ ਹਨ?

ਬੀਬੀਸੀ ਨੇ ਇਹ ਪਤਾ ਲਗਾਉਣ ਲਈ ਪਿਛਲੇ 30 ਸਾਲਾਂ ਯਾਨੀ 1992-2022 ਦੀਆਂ ਲਗਭਗ 100 ਸੁਪਰਹਿੱਟ ਹਿੰਦੀ ਫਿਲਮਾਂ ਦਾ ਵਿਸ਼ਲੇਸ਼ਣ ਕੀਤਾ ਹੈ।

ਇਸ ਪ੍ਰਕਿਰਿਆ ਵਿੱਚ ਸਾਲ 1992 ਤੋਂ ਲੈ ਕੇ 2022 ਤੱਕ ਹਰ ਸਾਲ ਟੌਪ ਤਿੰਨ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਚੋਟੀ ਦੀਆਂ 3 ਫ਼ਿਲਮਾਂ ਦੀ ਚੋਣ ਕੀਤੀ ਗਈ ਹੈ।

ਬੀਬੀਸੀ ਨੇ ਆਪਣੇ ਵਿਸ਼ਲੇਸ਼ਣ ਵਿੱਚ ਕੀ ਦੇਖਿਆ?

ਹਿੰਦੀ ਫਿਲਮਾਂ
BBC
ਪਿਛਲੇ ਤੀਹ ਸਾਲ ਦੀਆਂ ਸੁਪਰਹਿੱਟ ਫਿਲਮਾਂ ਵਿੱਚ ਮੁਸਲਮਾਨ ਕਿਰਦਾਰਾਂ ਦੀ ਹਿੱਸੇਦਾਰੀ 12.32 ਫੀਸਦੀ ਰਹੀ

ਸਾਲ 2011 ਵਿੱਚ ਹੋਈ ਮਰਦਮਸ਼ੁਮਾਰੀ ਦੇ ਮੁਤਾਬਿਕ ਭਾਰਤ ਦੀ ਆਬਾਦੀ ਵਿੱਚ ਧਾਰਮਿਕ ਘੱਟਗਿਣਤੀਆਂ ਦਾ ਹਿੱਸਾ ਲਗਭਗ 19.3 ਫ਼ੀਸਦ ਹੈ।

ਪਰ ਸਵਾਲ ਇਹ ਹੈ ਕਿ ਜੀਵਨ ਦੇ ਦੂਜੇ ਖੇਤਰਾਂ ਦੇ ਵਾਂਗ ਸਿਨੇਮਾ ਵਿੱਚ ਵੀ ਘੱਟਗਿਣਤੀਆਂ ਨੂੰ ਉਨ੍ਹਾਂ ਦੀ ਆਬਾਦੀ ਦੇ ਬਰਾਬਰ ਥਾਂ ਮਿਲਦੀ ਹੈ ਜਾਂ ਨਹੀਂ?

ਜੇਕਰ ਮਿਲਦੀ ਹੈ ਤਾਂ ਕੀ ਉਨ੍ਹਾਂ ਨੂੰ ਸਹੀ ਰੌਸ਼ਨੀ ਵਿੱਚ ਦਿਖਾਇਆ ਜਾਂਦਾ ਹੈ?

ਪਿਛਲੇ 30 ਸਾਲਾਂ ਦੀਆਂ ਸੁਪਰਹਿੱਟ ਫਿਲਮਾਂ ਵਿੱਚ ਘੱਟਗਿਣਤੀ ਭਾਈਚਾਰੇ ਦੇ 17.32 ਫ਼ੀਸਦ ਕਿਰਦਾਰ ਨਜ਼ਰ ਆਏ।

ਸਵਾਲ ਦਿਖਣ ਤੋਂ ਵੱਧ ਇਸ ਗੱਲ ਦਾ ਹੈ ਕਿ ਆਖ਼ਿਰ ਘੱਟਗਿਣਤੀਆਂ, ਔਰਤਾਂ ਜਾਂ ਸਮਲਿੰਗੀਆਂ ਨੂੰ ਕਿਹੋ ਜਿਹੀਆਂ ਭੂਮਿਕਾਵਾਂ ਵਿੱਚ ਦਿਖਾਇਆ ਗਿਆ ਅਤੇ ਉਨ੍ਹਾਂ ਪਾਤਰਾਂ ਨੂੰ ਕਿੰਨਾ ਸਕਰੀਨ ਟਾਈਮ (ਪਾਤਰਾਂ ਦਾ ਸਕਰੀਨ ''''ਤੇ ਰਹਿਣ ਦਾ ਸਮਾਂ) ਦਿੱਤਾ ਗਿਆ।

ਭਾਰਤ ਦੀ ਕੁੱਲ ਆਬਾਦੀ ਵਿੱਚ ਮੁਸਲਮਾਨ ਭਾਈਚਾਰੇ ਦਾ ਹਿੱਸਾ ਤਰਕੀਬਨ 14 ਫ਼ੀਸਦ ਹੈ।

ਹਾਲਾਂਕਿ ਪਿਛਲੇ ਤੀਹ ਸਾਲ ਦੀਆਂ ਸੁਪਰਹਿੱਟ ਫਿਲਮਾਂ ਵਿੱਚ ਮੁਸਲਮਾਨ ਕਿਰਦਾਰਾਂ ਦੀ ਹਿੱਸੇਦਾਰੀ 12.32 ਫੀਸਦੀ ਰਹੀ।

ਈਸਾਈ ਭਾਈਚਾਰੇ ਦੀ ਦੇਸ਼ ਦੀ ਆਬਾਦੀ ਵਿੱਚ ਹਿੱਸੇਦਾਰੀ 2.3 ਫੀਸਦੀ ਹੈ, ਪਰ ਇਸ ਭਾਈਚਾਰੇ ਦੇ ਕਿਰਦਾਰਾਂ ਦੀ ਹਿੱਸੇਦਾਰੀ 3.69 ਫੀਸਦੀ ਰਹੀ।

ਇਸਦੇ ਨਾਲ ਹੀ ਇਹ ਵੀ ਦੇਖਿਆ ਗਿਆ ਕਿ ਸਿੱਖ ਭਾਈਚਾਰੇ ਦੀ ਆਬਾਦੀ ਵਿੱਚ ਹਿੱਸੇਦਾਰੀ 1.7 ਫੀਸਦੀ ਹੈ ਪਰ ਇਸ ਭਾਈਚਾਰੇ ਦੇ ਕਿਰਦਾਰਾਂ ਦੀ ਹਿੱਸੇਦਾਰੀ 0.75 ਫੀਸਦੀ ਰਹੀ।

ਕਸ਼ਮੀਰ ਫਾਈਲਸ
Getty Images
ਸੰਕੇਤਕ ਤਸਵੀਰ

ਇਨ੍ਹਾਂ ਫਿਲਮਾਂ ਦੇ ਮੁੱਖ ਪਾਤਰਾਂ (ਹੀਰੋਜ਼) ਦੀ ਗੱਲ ਕਰੀਏ ਤਾਂ 114 ਵਿੱਚੋਂ ਸਿਰਫ਼ ਸੱਤ ਅਜਿਹੇ ਹਨ ਜਿਨ੍ਹਾਂ ਨੂੰ ਮੁਸਲਮਾਨ ਦੇ ਤੌਰ ’ਤੇ ਦਿਖਾਇਆ ਗਿਆ ਹੈ ਅਤੇ ਤਿੰਨ ਸੁਪਰਹਿੱਟ ਫਿਲਮਾਂ ਵਿੱਚ ਹੀਰੋ ਨੂੰ ਬਤੌਰ ਸਿੱਖ ਦਿਖਾਇਆ ਗਿਆ ਹੈ।

ਈਸਾਈ ਅਤੇ ਪਾਰਸੀ ਪਾਤਰ ਇਨ੍ਹਾਂ ਫਿਲਮਾਂ ਵਿੱਚ ਤਾਂ ਹਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਹੀਰੋ ਨਹੀਂ ਹੈ।

ਪਿਛਲੇ ਦੋ-ਢਾਈ ਦਹਾਕਿਆਂ ਤੋਂ ਫਿਲਮਾਂ ਦੀ ਸਮੀਖਿਆ ਕਰ ਰਹੇ ਫਿਲਮ ਸਮੀਖਿਅਕ ਸੈਬਲ ਚੈਟਰਜੀ ਕਹਿੰਦੇ ਹਨ-

‘‘ਹਿੰਦੀ ਸਿਨਮਾ ਵਿੱਚ ਘੱਟਗਿਣਤੀ ਭਾਈਚਾਰਿਆਂ ਨਾਲ ਜੁੜੇ ਕਿਰਦਾਰਾਂ ਜਾਂ ਔਰਤਾਂ ਦੇ ਕਿਰਦਾਰਾਂ ਨੂੰ ਟੋਕਨ ਦੇ ਵਾਂਗ ਵਰਤਿਆ ਜਾਂਦਾ ਹੈ।’’

‘‘ਉਹ ਫਿਲਮ ਵਿੱਚ ਇਸ ਲਈ ਨਹੀਂ ਹੁੰਦੇ ਕਿਉਂਕਿ ਅਸੀਂ ਉਨ੍ਹਾਂ ਨੂੰ ਆਪਣੇ ਸਮਾਜ ਦੇ ਅਭਿੰਨ ਅੰਗ ਦੇ ਰੂਪ ਵਿੱਚ ਦਿਖਾਉਣਾ ਚਾਹੁੰਦੇ ਹਾਂ, ਬਲਕਿ ਇਸ ਲਈ ਹੁੰਦੇ ਹਨ ਕਿਉਂਕਿ ਅਸੀਂ ਰਾਜਨੀਤਿਕ ਤੌਰ ’ਤੇ ਆਪਣੇ ਆਪ ਨੂੰ ਸਹੀ ਦਿਖਾਉਣਾ ਹੁੰਦਾ ਹੈ ਅਤੇ ਰਾਜਨੀਤਿਕ ਤੌਰ ’ਤੇ ਸਹੀ ਗੱਲ ਕਹਿਣੀ ਹੁੰਦੀ ਹੈ।’’

ਔਰਤਾਂ ਕਿਵੇਂ ਨਜ਼ਰ ਆਉਂਦੀਆਂ ਹਨ?

ਹਿੰਦੀ ਫਿਲਮਾਂ
BBC

ਤੀਹ ਸਾਲਾਂ ਦੀਆਂ ਲਗਭਗ 100 ਸੁਪਰਹਿੱਟ ਫਿਲਮਾਂ ਵਿੱਚ 86 ਮਹਿਲਾ ਕਿਰਦਾਰਾਂ ਨੂੰ ਹੀਰੋ ਦੀ ਚਾਹਤ ਦੇ ਤੌਰ ’ਤੇ ਦਿਖਾਇਆ ਗਿਆ ਹੈ ਯਾਨੀ ਉਨ੍ਹਾਂ ਦਾ ਕੰਮ ਹੀਰੋ ਨਾਲ ਪਿਆਰ ਕਰਨਾ, ਗੀਤ ਗਾਉਣਾ ਜਾਂ ਫਿਰ ਕੁਝ ਭਾਵੁਕ ਦ੍ਰਿਸ਼ਾਂ ਵਿੱਚ ਇੱਕ ਝਲਕ ਦਿਖਾਉਣ ਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੌਰ ਵਿੱਚ ਕੁਝ ਅਜਿਹੀਆਂ ਫ਼ਿਲਮਾਂ ਵੀ ਆਈਆਂ ਜਿਨ੍ਹਾਂ ਵਿੱਚ ਔਰਤਾਂ ਨੂੰ ਵੱਖੋ-ਵੱਖ ਤਰੀਕਿਆਂ ਦੀਆਂ ਅਲੱਗ ਭੂਮਿਕਾਵਾਂ ਨਿਭਾਉਣ ਨੂੰ ਮਿਲੀਆਂ।

ਇਨ੍ਹਾਂ ਸੁਪਰਹਿੱਟ ਫਿਲਮਾਂ ਵਿੱਚ 30 ਫ਼ੀਸਦ ਔਰਤਾਂ ਨੂੰ ਕਿਸੇ ਤਰ੍ਹਾਂ ਦਾ ਕੰਮ ਕਰਦੇ ਯਾਨਿ ਰੁਜ਼ਗਾਰ ਕਰਦੇ ਦਿਖਾਇਆ ਗਿਆ ਹੈ।

ਇਸ ਵਿਸ਼ਲੇਸ਼ਣ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਫਿਲਮਾਂ ਦੀਆਂ ਨਾਇਕਾਵਾਂ ਯਾਨਿ ਲੀਡ ਰੋਲ ਵਾਲੇ 120 ਕਿਰਦਾਰਾਂ ਵਿੱਚ ਮੁਸਲਿਮ ਔਰਤਾਂ ਦੇ ਕਿਰਦਾਰਾਂ ਦੀ ਗਿਣਤੀ 12, ਈਸਾਈ ਔਰਤਾਂ ਦੇ ਕਿਰਦਾਰਾਂ ਦੀ ਗਿਣਤੀ 5, ਸਿੱਖ ਔਰਤਾਂ ਦੇ ਕਿਰਦਾਰਾਂ ਦੀ ਗਿਣਤੀ ਸਿਰਫ਼ 1 ਰਹੀ।

“ਇਸ ਵਿਸ਼ਲੇਸ਼ਣ ਵਿੱਚ ਅਸੀਂ ਅਜਿਹੇ (ਔਰਤਾਂ) ਕਿਰਦਾਰਾਂ ਦੀ ਗਿਣਤੀ ਕਰ ਰਹੇ ਹਾਂ, ਪਰ ਇਸ ਗਿਣਤੀ ਦੇ ਮਾਅਨੇ ਜ਼ਿਆਦਾ ਨਹੀਂ ਹਨ। ਇਹ ਅਸਲ ਸਮਾਜ ਨੂੰ ਨਹੀਂ ਦਰਸਾਉਂਦੇ ਕਿਉਂਕਿ ਚਾਲੀ ਸਾਲ ਪਹਿਲਾਂ ਦੇ ਮੁਕਾਬਲੇ ਅੱਜ ਔਰਤਾਂ ਜ਼ਿਆਦਾ ਮਜ਼ਬੂਤ ਹੋਈਆਂ ਹਨ। ਪਰ ਸਿਨੇਮਾ ਵਿੱਚ ਇਹ ਨਹੀਂ ਦਿਸਦਾ। ਅਜਿਹੇ ਵਿੱਚ ਔਰਤ ਕਿਰਦਾਰਾਂ ਨੂੰ ਸ਼ਾਮਲ ਕਰਕੇ ਇੱਕ ਤਰ੍ਹਾਂ ਨਾਲ ਸਿਰਫ਼ ਟੋਕਨਿਜ਼ਮ ਹੀ ਕਰ ਰਹੇ ਹਾਂ।’’

ਚੈਟਰਜੀ ਮੰਨਦੇ ਹਨ, ‘‘ਫਿਲਮਾਂ ਵਿੱਚ ਔਰਤਾਂ ਨੂੰ ਮਜ਼ਬੂਤ ਭੂਮਿਕਾਵਾਂ ਦੇਣ ਦੇ ਨਾਂ ’ਤੇ ਉਨ੍ਹਾਂ ਨੂੰ ਉਹ ਸਭ ਕਰਦੇ ਦਿਖਾਇਆ ਜਾਂਦਾ ਹੈ ਜੋ ਮਰਦ ਕਰਦੇ ਹਨ...ਜਿਵੇਂ ਮਰਦ ਗਾਹਲਾਂ ਕੱਢਦੇ ਹਨ, ਸਿਗਰਟ ਪੀਂਦੇ ਹਨ, ਸ਼ਰਾਬ ਪੀਂਦੇ ਹਨ। ਅਜਿਹੇ ਵਿੱਚ ਇਹ ਮਹਿਲਾ ਕਿਰਦਾਰਾਂ ਨੂੰ ਮਜ਼ਬੂਤ ਭੂਮਿਕਾਵਾਂ ਵਿੱਚ ਦਿਖਾਉਣਾ ਨਹੀਂ ਹੈ ਬਲਕਿ ਉਨ੍ਹਾਂ ਨੂੰ ਮਰਦਾਂ ਦੀ ਨਕਲ (ਮਿਮਿੱਕਰੀ) ਕਰਦੇ ਹੋਏ ਦਿਖਾਉਣਾ ਹੈ।’’

ਵੀਰੇ ਦੀ ਵੈਡਿੰਗ
Getty Images
ਸੰਕੇਤਕ ਤਸਵੀਰ

‘ਵੀਰੇ ਦੀ ਵੈਡਿੰਗ’ ਫਿਲਮ ਦਾ ਉਦਾਹਰਨ ਦਿੰਦੇ ਹੋਏ ਚੈਟਰਜੀ ਕਹਿੰਦੇ ਹਨ, ‘‘ਇੱਕ ਫਿਲਮ ਹੈ ‘ਵੀਰੇ ਦੀ ਵੈਡਿੰਗ’ ਜਿਸ ਵਿੱਚ ਮਹਿਲਾ ਕਿਰਦਾਰ ਆਪਣੇ ਆਪ ਨੂੰ ਪਲੈਜ਼ਰ ਦਿੰਦੀ ਹੋਈ ਵਿਖਾਈ ਗਈ ਹੈ।”

ਇਸ ਨੂੰ ਕਿਹਾ ਗਿਆ ਕਿ ਇਹ ਇੱਕ ਵੱਡੀ ਗੱਲ ਹੈ। ਇਹ ਇੱਕ ਵੱਡੀ ਗੱਲ ਸੀ ਵੀ ਕਿਉਂਕਿ ਹਿੰਦੀ ਫਿਲਮਾਂ ਵਿੱਚ ਅਜਿਹਾ ਹੁੰਦਾ ਨਹੀਂ ਹੈ, ਪਰ ਇਸ ਨਾਲ ਸਾਡੀ ਸੋਚ ਅਤੇ ਦਰਸ਼ਕਾਂ ਦੀ ਰਾਇ ਨਹੀਂ ਬਦਲਦੀ ਹੈ, ਬਲਕਿ ਸਿਨੇਮਾ ਹਾਲ ਵਿੱਚ ਇਸ ਨੂੰ ਮਜ਼ਾਕ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਮੈਨੂੰ ਯਾਦ ਹੈ ਕਿ ਲੋਕ ਇਸ ਦ੍ਰਿਸ਼ ਨੂੰ ਦੇਖਦੇ ਹੋਏ ਖਿੜ ਖਿੜ ਹੱਸ ਰਹੇ ਸਨ।’’

ਕਿਵੇਂ ਦਿਸਦਾ ਹੈ ਸਮਲਿੰਗੀ ਭਾਈਚਾਰਾ?

ਬੀਬੀਸੀ ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ 95 ਫਿਲਮਾਂ ਵਿੱਚ ਸਮਲਿੰਗੀ ਭਾਈਚਾਰੇ ਦੇ ਸਿਰਫ਼ ਦੋ ਕਿਰਦਾਰ ਨਜ਼ਰ ਆਏ ਹਨ।

ਚੈਟਰਜੀ ਮੰਨਦੇ ਹਨ, ‘‘ਬਲਾਕਬਸਟਰ ਫਿਲਮਾਂ ਤੋਂ ਲੈ ਕੇ ਦੂਜੀਆਂ ਅਨੇਕ ਫਿਲਮਾਂ ਵਿੱਚ ਸਮਲਿੰਗੀ ਕਿਰਦਾਰਾਂ ਦਾ ਇੱਕ ਤਰ੍ਹਾਂ ਨਾਲ ਸਕਰੀਨ ’ਤੇ ਮਜ਼ਾਕ ਉਡਾਇਆ ਜਾਂਦਾ ਹੈ। ‘ਦੋਸਤਾਨਾ’ ਫਿਲਮ ਇਸ ਦਾ ਵੱਡਾ ਉਦਾਹਰਨ ਹੈ ਜਿਸ ਵਿੱਚ ਲਿੰਗਕ ਘੱਟਗਿਣਤੀਆਂ ਲਈ ਸਕਾਰਾਤਮਕ ਅਕਸ ਬਣਾਉਣ ਦੀ ਜਗ੍ਹਾ ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਹੈ।’’

ਕਰਨ ਜੌਹਰ ਦੀ ਫਿਲਮ ‘ਕੱਲ ਹੋ ਨਾ ਹੋ’ ਵਿੱਚ ਵੀ ਸ਼ਾਹਰੁਖ ਖ਼ਾਨ ਅਤੇ ਸੈਫ ਅਲੀ ਖ਼ਾਨ ਦੇ ਵਿਚਕਾਰ ਕੁਝ ਦ੍ਰਿਸ਼ਾਂ ਵਿੱਚ ਸਮਲਿੰਗਕਤਾ ਦੇ ਆਲੇ-ਦੁਆਲੇ ਮਜ਼ਾਕੀਆ ਦ੍ਰਿਸ਼ ਤੈਅ ਕੀਤੇ ਗਏ ਸਨ।

ਇਸ ਵਿਸ਼ਲੇਸ਼ਣ ਵਿੱਚ ਸਿਰਫ਼ ਹਿੱਟ (ਬਲਾਕਬਸਟਰ) ਫਿਲਮਾਂ ਨੂੰ ਚੁਣਨ ਦੀ ਮੁੱਖ ਵਜ੍ਹਾ ਇਹ ਹੈ ਕਿ ਇਨ੍ਹਾਂ ਫਿਲਮਾਂ ਦੀ ਪਹੁੰਚ ਇੱਕ ਬਹੁਤ ਵੱਡੇ ਦਰਸ਼ਕ ਵਰਗ ਤੱਕ ਹੁੰਦੀ ਹੈ।

ਹਿੱਟ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਫਿਲਮਾਂ ’ਤੇ ਸਮਾਜ ਵਿੱਚ ਜ਼ਿਆਦਾ ਚਰਚਾ ਹੁੰਦੀ ਹੈ ਜਿਸ ਦਾ ਅਸਰ ਲੋਕਾਂ ਦੇ ਵਿਚਾਰਾਂ ’ਤੇ ਪੈਂਦਾ ਹੈ ਯਾਨਿ ਇਹ ਫਿਲਮਾਂ ਆਪਣੀ ਕਹਾਣੀ ਦਿਖਾਉਣ ਦੀ ਕਲਾ ਨਾਲ ਇੱਕ ਖ਼ਾਸ ਤਰ੍ਹਾਂ ਦਾ ਬਿਰਤਾਂਤ ਸਿਰਜਦੀਆਂ ਹਨ।

ਸ਼ਾਹਰੁਖ ਖਾਨ
AFP

ਫਿਲਮ ਪੱਤਰਕਾਰ ਤਨੁਲ ਠਾਕੁਰ ਕਹਿੰਦੇ ਹਨ, ‘‘ਬੌਲੀਵੁੱਡ ਭਾਵੇਂ ਆਪਣਾ ਕਿੰਨਾ ਵੀ ਬਚਾਅ ਕਰੇ ਕਿ ਉਸ ਦੀਆਂ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ, ਪਰ ਜਦੋਂ ਇਸ ਕਿਸਮ ਦੇ ਅੰਕੜੇ ਸਾਹਮਣੇ ਆਉਂਦੇ ਹਨ ਤਾਂ ਸਵਾਲ ਉੱਠਦਾ ਹੈ ਕਿ ਹਿੰਦੀ ਸਿਨੇਮਾ ਦੀਆਂ ਇਨ੍ਹਾਂ ਫਿਲਮਾਂ ਵਿੱਚ ਸਮਾਜ ਦੇ ਕਿਸ ਵਰਗ ਦੀਆਂ ਕਹਾਣੀਆਂ, ਸੋਚ ਅਤੇ ਪਹਿਲੂਆਂ ਦੀ ਝਲਕ ਮਿਲਦੀ ਹੈ। ਇਹ ਪੈਸਾ ਕਮਾਉਣ ਵਾਲੀਆਂ ਫ਼ਿਲਮਾਂ ਕਿਸ ਦੀਆਂ ਕਹਾਣੀਆਂ ਸੁਣਾ ਅਤੇ ਦਿਖਾ ਰਹੀਆਂ ਹਨ।’’

ਮਸ਼ਹੂਰ ਫਿਲਮ ਨਿਰਦੇਸ਼ਕ ਸ਼ਿਆਮ ਬੈਨੇਗਲ ਨੇ ਵੀ ਇਸ ਮੁੱਦੇ ’ਤੇ ਬੀਬੀਸੀ ਨਾਲ ਲੰਬੀ ਗੱਲਬਾਤ ਕੀਤੀ।

ਉਹ ਕਹਿੰਦੇ ਹਨ ਕਿ ‘‘ਜੇਕਰ ਕਿਸੇ ਫ਼ਿਲਮ ਵਿੱਚ ਕਿਸੇ ਭਾਈਚਾਰੇ ਦੇ ਕਿਰਦਾਰ ਨੂੰ ਨਕਾਰਾਤਮਕ ਢੰਗ ਨਾਲ ਦਿਖਾਇਆ ਜਾਂਦਾ ਹੈ ਤਾਂ ਇਹ ਉਸ ਫਿਲਮ ਦੇ ਦਰਸ਼ਕਾਂ ਦਾ ਰੁਝਾਨ ਵੀ ਬਿਆਨ ਕਰਦਾ ਹੈ।’’

ਤੀਹ ਸਾਲਾਂ ਵਿੱਚ ਕਿਵੇਂ ਬਦਲੇ ਮੁਸਲਮਾਨ ਕਿਰਦਾਰ

ਮੁਸਲਮਾਨ ਕਿਰਦਾਰ
BBC
ਸੰਕੇਤਕ ਤਸਵੀਰ

ਭਾਰਤੀ ਫਿਲਮਾਂ ਵਿੱਚ ਹਿੰਦੁਸਤਾਨ ਦੇ ਸਭ ਤੋਂ ਵੱਡੇ ਧਾਰਮਿਕ ਘੱਟਗਿਣਤੀ ਮੁਸਲਿਮ ਸਮਾਜ ਨੂੰ ਦਿਖਾਉਣ ਦਾ ਢੰਗ ਆਜ਼ਾਦੀ ਦੇ ਬਾਅਦ ਤੋਂ ਬਦਲ ਰਿਹਾ ਹੈ।

ਹਿੰਦੀ ਸਿਨੇਮਾ ਵਿੱਚ ਮੁਸਲਮਾਨ ਕਿਰਦਾਰਾਂ ਦੀ ਥਾਂ ’ਤੇ ‘ਰੀਡਿੰਗ ਦਿ ਮੁਸਲਿਮ ਔਨ ਸੈਲੁਲਾਇਡ: ਬੌਲੀਵੁੱਡ, ਰਿਪ੍ਰਜੈਂਟੇਸ਼ਨ ਐਂਡ ਪੌਲਟਿਕਿਸ’ ਨਾਂਅ ਦੀ ਕਿਤਾਬ ਲਿਖਣ ਵਾਲੀ ਪ੍ਰੋਫੈਸਰ ਡਾ. ਰੋਸ਼ਿਨੀ ਸੇਨ ਗੁਪਤਾ ਕਹਿੰਦੇ ਹਨ-

‘‘ਚਾਲੀ ਤੋਂ ਸੱਠ ਦੇ ਦਹਾਕੇ ਦੇ ਵਿਚਕਾਰ ਮੁਸਲਮਾਨ ਕਿਰਦਾਰ ਮਜ਼ਬੂਤ ਭੂਮਿਕਾਵਾਂ ਵਿੱਚ ਨਜ਼ਰ ਆਏ। ਇਨ੍ਹਾਂ ਨੂੰ ਮੁਸਲਿਮ ਸੋਸ਼ਲਜ਼ ਦਾ ਨਾਂ ਦਿੱਤਾ ਗਿਆ। ਇਨ੍ਹਾਂ ਵਿੱਚ ਮੁਗ਼ਲੀਆ ਸਲਤਨਤ ਦੀ ਆਨ-ਬਾਨ-ਸ਼ਾਨ ਦਿਖਾਉਣ ਤੋਂ ਲੈ ਕੇ ਬਦਲਦੇ ਹਿੰਦੁਸਤਾਨ ਦੀਆਂ ਚੁਣੌਤੀਆਂ ਨਾਲ ਜੂਝਣ ਵਾਲੇ ਸਮਾਜ ਦੇ ਕੁਲੀਨ ਮੁਸਲਮਾਨ ਪਰਿਵਾਰਾਂ ਦੀਆਂ ਕਹਾਣੀਆਂ ਦਿਖਾਈਆਂ ਗਈਆਂ।’’

ਇਸ ਦੇ ਬਾਅਦ 1960 ਤੋਂ 1980 ਦੇ ਵੀਹ ਸਾਲਾਂ ਵਿੱਚ ਮੁਸਲਮਾਨ ਹਾਸ਼ੀਏ ’ਤੇ ਨਜ਼ਰ ਆਏ।

ਮਿਸਾਲ ਵਜੋਂ, ‘ਕੁਲੀ’ ਜਿਸ ਵਿੱਚ ਇਕਬਾਲ ਖ਼ਾਨ ਬਣੇ ਅਮਿਤਾਭ ਬੱਚਨ ਰੇਲਵੇ ਸਟੇਸ਼ਨ ’ਤੇ ਸਾਰੀ ਦੁਨੀਆ ਦਾ ਬੋਝ ਉਠਾਉਂਦੇ ਦਿਸਦੇ ਹਨ।

ਨੱਬੇ ਦੇ ਦਹਾਕੇ ਦੀ ਸ਼ੁਰੂਆਤ ਵਿੱਚ ‘ਰੋਜਾ’ ਵਰਗੀ ਫਿਲਮ ਆਈ ਜਿਸ ਵਿੱਚ ਮੁਸਲਮਾਨ ਕਿਰਦਾਰ ਪਹਿਲੀ ਵਾਰੀ ਬੇਗਾਨੇ ਅਤੇ ਹਿੰਸਕ (ਵਾਇਲੈਂਟ ਅਦਰ) ਅੱਤਵਾਦੀ ਦੇ ਰੂਪ ਵਿੱਚ ਸਾਹਮਣੇ ਆਇਆ। ਉਸ ਨੂੰ ਵਿਦੇਸ਼ੀ ਤਾਕਤਾਂ ਨਾਲ ਜੁੜਿਆ ਦਿਖਾਇਆ ਗਿਆ।

ਵਿਦੇਸ਼ੀ ਤਾਕਤ ਤੋਂ ਮਤਲਬ ਪਾਕਿਸਤਾਨ ਹੈ। ਅਜਿਹੇ ਵਿੱਚ ਇਸ ਫਿਲਮ ਨੇ ਇੱਕ ਬਿਰਤਾਂਤ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਮੁਸਲਮਾਨ ਕਿਰਦਾਰਾਂ ਨੂੰ ਖ਼ਲਨਾਇਕ ਦੇ ਤੌਰ ’ਤੇ ਪੇਸ਼ ਕੀਤਾ ਜਾਣ ਲੱਗਿਆ।

AFP
INDRANIL MUKHERJEE
ਸੰਕੇਤਕ ਤਸਵੀਰ

‘ਰੋਜਾ’ ਤੋਂ ਬਾਅਦ 1999 ਵਿੱਚ ਆਮਿਰ ਖ਼ਾਨ ਦੀ ਫਿਲਮ ‘ਸਰਫਰੋਸ਼’ ਆਈ ਜਿਹੜੀ ਕਿ ਸੰਭਵ ਤੌਰ ''''ਤੇ ਪਹਿਲੀ ਵਾਰੀ ਅੱਤਵਾਦ ਦੀ ਪਿੱਠਭੂਮੀ ਵਿੱਚ ਪਾਕਿਸਤਾਨ ਦਾ ਜ਼ਿਕਰ ਕਰਨ ਵਾਲੀ ਸੁਪਰਹਿੱਟ ਫਿਲਮ ਸੀ।

ਇਸ ਦੇ ਬਾਅਦ ‘ਗਦਰ-ਏਕ ਪ੍ਰੇਮ ਕਥਾ’ ਤੋਂ ਲੈ ਕੇ ‘ਮਾਂ ਤਝੇ ਸਲਾਮ’ ਵਰਗੀਆਂ ਬੇਸ਼ੁਮਾਰ ਫਿਲਮਾਂ ਆਈਆਂ ਜਿਨ੍ਹਾਂ ਵਿੱਚ ਅਲੱਗ-ਅਲੱਗ ਤਰ੍ਹਾਂ ਨਾਲ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਦੁਸ਼ਮਣੀ ਦੇ ਆਲੇ-ਦੁਆਲੇ ਕਹਾਣੀਆਂ ਬੁਣੀਆਂ ਗਈਆਂ।

ਹਿੰਦੀ ਫ਼ਿਲਮਾਂ ਦੇ ਇਤਿਹਾਸ ਅਤੇ ਵਰਤਮਾਨ ਨੂੰ ਸਮਝਣ ਵਾਲੇ ਫ਼ਿਲਮ ਸਮੀਖਿਅਕ ਅਜੈ ਬ੍ਰਹਮਾਤਮਜ ਮੰਨਦੇ ਹਨ ਕਿ ਇਸਦੀ ਸ਼ੁਰੂਆਤ ਨੱਬੇ ਦੇ ਦਹਾਕੇ ਵਿੱਚ ਰਾਜਨੀਤਕ ਉੱਥਲ ਪੁੱਥਲ ਤੋਂ ਹੋਈ

ਉਹ ਕਹਿੰਦੇ ਹਨ: ‘‘ਸਿਨੇਮਾ ਵਿੱਚ ਨਫ਼ਰਤ ਦੀ ਰਾਜਨੀਤੀ ਦੀ ਸ਼ੁਰੂਆਤ ਜਿਸ ਨੂੰ ਤੁਸੀਂ ‘ਰੋਜਾ’ ਵਿੱਚ ਦੇਖਦੇ ਹੋ, ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਨਾਲ ਹੋਈ। ਇਸ ਰੱਥ ਯਾਤਰਾ ਵਿੱਚ ਜਿਸ ਤਰ੍ਹਾਂ ਨਾਲ ਇੱਕ ਮੁਸਲਿਮ ਵਿਰੋਧੀ ਬਿਰਤਾਂਤ ਘੜਿਆ ਗਿਆ। ਰਾਮ ਦਾ ਧਨੁਸ਼ ਅਤੇ ਤੀਰ ਪਿੱਠ ਤੋਂ ਉਤਰ ਕੇ ਹੱਥਾਂ ਵਿੱਚ ਆ ਗਿਆ।’’

‘‘ਰਾਮਾਇਣ ਵਿੱਚ ਅਜਿਹਾ ਸਿਰਫ਼ ਇੱਕ ਮੌਕੇ ’ਤੇ ਹੋਇਆ ਹੈ ਜਿਸ ਵਿੱਚ ਉਹ ਰਸਤਾ ਨਾ ਦੇਣ ’ਤੇ ਸਮੁੰਦਰ ਨੂੰ ਚੁਣੌਤੀ ਦਿੰਦੇ ਹਨ। ਪਰ ਉਨ੍ਹਾਂ ਨੂੰ ਇਹੀ ਨਾਰਾਜ਼ ਰਾਮ ਪਸੰਦ ਆਇਆ। ਅਜਿਹੇ ਵਿੱਚ ਸਿਨੇਮਾ ਤੋਂ ਲੈ ਕੇ ਸਮਾਜ ਵਿੱਚ ਨਫ਼ਰਤ ਵਾਲੀ ਰਾਜਨੀਤੀ ਜਿਸ ਤਰ੍ਹਾਂ ਉੱਭਰ ਕੇ ਸਾਹਮਣੇ ਆਈ ਹੈ, ਉਸ ਦੀ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ।’’

‘‘ਰੋਜਾ ਇੱਕ ਅਜਿਹੀ ਖ਼ਾਸ ਫਿਲਮ ਹੈ ਜਿਸ ਵਿੱਚ ਦੱਸਿਆ ਗਿਆ ਕਿ ਅੱਤਵਾਦੀ ਪਠਾਣੀ ਸੂਟ ਪਾਉਂਦਾ ਹੈ, ਅੱਤਵਾਦੀ ਪਾਕਿਸਤਾਨ ਤੋਂ ਆਉਂਦਾ ਹੈ। ਅੱਤਵਾਦੀ ਸਾਫ਼ਾ ਬੰਨ੍ਹਦਾ ਹੈ ਅਤੇ ਅੱਤਵਾਦੀ ਦੀ ਦਾੜ੍ਹੀ ਹੁੰਦੀ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਸੁਰਮਾ ਹੁੰਦਾ ਹੈ। ਇਸ ਦੇ ਬਾਅਦ ਪੇਂਡੋਰਾ ਬਾਕਸ ਖੁੱਲ੍ਹ ਗਿਆ ਅਤੇ ਸੰਜੋਗ ਇਹ ਬਣਿਆ ਕਿ ਸਿਆਸਤ ਵੀ ਉਸ ਤਰ੍ਹਾਂ ਦੀ ਹੀ ਆ ਗਈ।’’

ਭਾਰਤੀ ਫਿਲਮਾਂ
Getty Images
ਸੰਕੇਤਕ ਤਸਵੀਰ

ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਇਸ ਦੌਰ ਵਿੱਚ ਰਿਲੀਜ਼ ਹੋਈਆਂ ਜ਼ਿਆਦਾਤਰ ਫਿਲਮਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇਸ਼ਭਗਤੀ ਦੀ ਭਾਵਨਾ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।

ਕਿਸੇ ਫਿਲਮ ਦੇ ਇੱਕ ਦ੍ਰਿਸ਼ ਵਿੱਚ ਭਾਰਤੀ ਝੰਡਾ ਦਿਸਦਾ ਹੈ ਤਾਂ ਕਿਸੇ ਫਿਲਮ ਵਿੱਚ ਦੇਸ਼ ਦੇ ਬਾਹਰ ਰਹਿਣ ਵਾਲੇ ਪਰਵਾਸੀਆਂ ਦਾ ਦੇਸ਼ ਤੋਂ ਵਿੱਛੜਨ ਦੀ ਭਾਵਨਾ ਅਤੇ ਕਿਸੇ ਫਿਲਮ ਵਿੱਚ ਸਪੋਰਟਸ ਮੈਚ ਦੇ ਦੌਰਾਨ ਬਾਹਰ ਨੂੰ ਡੁੱਲ੍ਹਦੀ ਦੇਸ਼ਭਗਤੀ ਨਜ਼ਰ ਆਉਂਦੀ ਹੈ।

‘ਰੋਜਾ’ ਅਤੇ ‘ਸਰਫਰੋਸ਼’ ਵਰਗੀਆਂ ਫਿਲਮਾਂ ਦੇ ਰਿਲੀਜ਼ ਹੋਣ ਦੇ ਬਾਅਦ ਦੇ ਦੋ ਦਹਾਕਿਆਂ ਵਿੱਚ ਧਾਰਮਿਕ ਘੱਟਗਿਣਤੀ ਕਿਰਦਾਰਾਂ ਨੂੰ ਸਕਰੀਨ ’ਤੇ ਕਿਸ ਤਰ੍ਹਾਂ ਦਿਖਾਇਆ ਗਿਆ ਹੈ, ਇਹ ਇੱਕ ਅਹਿਮ ਸਵਾਲ ਹੈ।

ਪਰਦੇ ’ਤੇ ਦਿਸਣ ਵਾਲਾ ਮੁਸਲਮਾਨ ਕਦੋਂ-ਕਦੋਂ ਅਤੇ ਕਿਵੇਂ-ਕਿਵੇਂ ਬਦਲਿਆ

ਵਾਜਪਈ
Sondeep Shankar
ਅਟਲ ਬਿਹਾਰੀ ਵਾਜਪਈ

ਬੀਬੀਸੀ ਨੇ ਇਸ ਵਿਸ਼ਲੇਸ਼ਣ ਵਿੱਚ ਦੇਖਿਆ ਹੈ ਕਿ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਰਹਿੰਦੇ ਹੋਏ ਰਿਲੀਜ਼ ਹੋਈਆਂ ਫਿਲਮਾਂ ਵਿੱਚ ਘੱਟਗਿਣਤੀ ਕਿਰਦਾਰਾਂ ਦੀ ਗਿਣਤੀ ਕਾਂਗਰਸ ਸਰਕਾਰ ਦੇ ਦੌਰਾਨ ਰਿਲੀਜ਼ ਹੋਈਆਂ ਫਿਲਮਾਂ ਤੋਂ ਜ਼ਿਆਦਾ ਰਹੀ।

ਇਸਦਾ ਇੱਕ ਵੱਡਾ ਕਾਰਨ ਬੀਜੇਪੀ ਸਰਕਾਰਾਂ ਦੇ ਦੌਰਾਨ ਦੇਸ਼ਭਗਤੀ ਅਤੇ ਇਤਿਹਾਸਕ ਪਿੱਠਭੂਮੀ ’ਤੇ ਬਣੀਆਂ ਫਿਲਮਾਂ ਦੀ ਗਿਣਤੀ ਵਧਣਾ ਰਿਹਾ ।

ਬੀਬੀਸੀ ਨੇ ਦੇਖਿਆ ਹੈ ਕਿ ਸਾਲ 2000 ਤੋਂ ਲੈ ਕੇ 2004 ਤੱਕ ਵਾਜਪਈ ਸਰਕਾਰ ਦੇ ਦੌਰਾਨ ਦੇਸ਼ਭਗਤੀ ਦੀ ਥੀਮ ’ਤੇ ਬਣੀਆਂ ਸੱਤ ਫਿਲਮਾਂ ਬਲਾਕਬਸਟਰ ਰਹੀਆਂ।

ਉੱਥੇ ਹੀ, 2005 ਤੋਂ 2009 ਤੱਕ ਚੱਲੀ ਮਨਮੋਹਨ ਸਰਕਾਰ ਦੇ ਦੌਰਾਨ ਦੇਸ਼ਭਗਤੀ ਦੀ ਥੀਮ ’ਤੇ ਬਣੀਆਂ ਦੋ ਫਿਲਮਾਂ ਸੁਪਰ ਹਿੱਟ ਰਹੀਆਂ।

ਇਸ ਤੋਂ ਬਾਅਦ 2010 ਤੋਂ 2014 ਤੱਕ ਦੇਸ਼ਭਗਤੀ ਦੀ ਥੀਮ ਦੇ ਆਲੇ-ਦੁਆਲੇ ਬਣੀਆਂ ਸਿਰਫ਼ ਦੋ ਫਿਲਮਾਂ ਬਲਾਕਬਸਟਰ ਰਹੀਆਂ।

ਦਿਲਚਸਪ ਗੱਲ ਇਹ ਹੈ ਕਿ ਜਿਸ ਦੌਰ ਵਿੱਚ ਘੱਟਗਿਣਤੀ ਕਿਰਦਾਰਾਂ ਦੀ ਗਿਣਤੀ ਵਧਦੀ ਦਿਖ ਰਹੀ ਹੈ, ਉਸੇ ਦੌਰ ਵਿੱਚ ਬੌਲੀਵੁੱਡ ਦੀਆਂ ਬਲਾਕਬਸਟਰ ਫਿਲਮਾਂ ’ਤੇ ਮੁਸਲਮਾਨਾਂ ਦਾ ਹਿੰਸਕ ਅਤੇ ਜ਼ਾਲਮ ਅਕਸ ਬਣਾਉਣ ਦਾ ਦੋਸ਼ ਲੱਗਿਆ ਹੈ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਦੇਸ਼ ਭਗਤੀ ਅਤੇ ਇਤਿਹਾਸਕ ਸੰਘਰਸ਼ ''''ਤੇ ਆਧਾਰਿਤ ਫਿਲਮਾਂ ਵਿੱਚ ਬ੍ਰਿਟਿਸ਼ ਅਤੇ ਜ਼ਿਆਦਾਤਰ ਮੁਸਲਿਮ ਕਿਰਦਾਰਾਂ ਨੂੰ ਦੁਸ਼ਮਣ ਵਜੋਂ ਦਿਖਾਇਆ ਜਾਂਦਾ ਹੈ।

ਅੰਕੜਿਆਂ ਵਿੱਚ ਤਾਂ ਘੱਟਗਿਣਤੀ ਕਿਰਦਾਰਾਂ ਦੀ ਗਿਣਤੀ ਵਧ ਜਾਂਦੀ ਹੈ, ਪਰ ਉਨ੍ਹਾਂ ਦਾ ਚਿਤਰਣ ਅਕਸਰ ਨਕਾਰਾਤਮਕ ਭੂਮਿਕਾਵਾਂ ਵਿੱਚ ਹੀ ਹੁੰਦਾ ਹੈ।

‘ਲਗਾਨ’ ਤੋਂ ਲੈ ਕੇ ‘ਆਰਆਰਆਰ’ ਵਰਗੀਆਂ ਫਿਲਮਾਂ ਹਨ ਜਿਨ੍ਹਾਂ ਵਿੱਚ ਈਸਾਈ ਕਿਰਦਾਰਾਂ ਦੀ ਗਿਣਤੀ ਦੂਜੀਆਂ ਫਿਲਮਾਂ ਤੋਂ ਜ਼ਿਆਦਾ ਹੈ, ਪਰ ਅਜਿਹੇ ਵਧੇਰੇ ਕਿਰਦਾਰ ਨਕਾਰਾਤਮਕ ਹਨ।

ਦੂਜੇ ਪਾਸੇ, ਮੁਸਲਮਾਨ ਕਿਰਦਾਰਾਂ ਦੀ ਗੱਲ ਕਰੀਏ ਤਾਂ ‘ਗ਼ਦਰ-ਏਕ ਪ੍ਰੇਮ ਕਥਾ’ ਤੋਂ ਲੈ ਕੇ ‘ਬਾਜੀਰਾਵ ਮਸਤਾਨੀ’, ‘ਸੂਰਿਆਵੰਸ਼ੀ’ ਅਤੇ ‘ਪਦਮਾਵਤ’ ਵਰਗੀਆਂ ਫਿਲਮਾਂ ਵਿੱਚ ਮੁਸਲਮਾਨ ਕਿਰਦਾਰ ਦੂਜੀਆਂ ਫਿਲਮਾਂ ਤੋਂ ਜ਼ਿਆਦਾ ਹਨ, ਪਰ ਜ਼ਿਆਦਾਤਰ ਕਿਰਦਾਰ ਨਕਾਰਾਤਮਕ ਭੂਮਿਕਾਵਾਂ ਵਿੱਚ ਹਨ।

ਮੁਸਲਿਮ ਸ਼ਾਸਕਾਂ ਨੂੰ ਡਰਾਉਣੇ ਅਤੇ ਜ਼ਾਲਮ ਦਿਖਾਉਣ ਦੀ ਕੋਸ਼ਿਸ਼?

ਮੁਸਲਮਾਨ ਕਿਰਦਾਰ
BBC
ਸੰਕੇਤਕ ਤਸਵੀਰ

ਪਿਛਲੇ ਕੁੱਝ ਸਾਲਾਂ ਵਿੱਚ ਇਤਿਹਾਸਕ ਸੰਘਰਸ਼ਾਂ ’ਤੇ ਬਣਨ ਵਾਲੀਆਂ ਫਿਲਮਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ।

ਇਸ ਦੀ ਸ਼ੁਰੂਆਤ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਬਾਜੀਰਾਓ ਮਸਤਾਨੀ’ ਤੋਂ ਹੁੰਦੀ ਹੈ। ਅਜਿਹਾ ਨਹੀਂ ਹੈ ਕਿ ਇਸ ਤੋਂ ਪਹਿਲਾਂ ਇਤਿਹਾਸਕ ਸੰਘਰਸ਼ਾਂ ’ਤੇ ਫਿਲਮਾਂ ਨਹੀਂ ਬਣੀਆਂ।

ਸ਼ਾਹਰੁਖ ਖ਼ਾਨ ਦੀ ਫਿਲਮ ‘ਅਸ਼ੋਕਾ’ ਸਾਲ 2002 ਵਿੱਚ ਰਿਲੀਜ਼ ਹੋਈ ਸੀ, ਪਰ ਉਸ ਨੂੰ ਬਾਕਸ ਆਫਿਸ ’ਤੇ ‘ਬਾਜੀਰਾਵ ਮਸਤਾਨੀ’ ਵਰਗੀ ਸਫਲਤਾ ਨਹੀਂ ਮਿਲੀ।

ਪਰ ‘ਬਾਜੀਰਾਵ ਮਸਤਾਨੀ’ ਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ ਇਤਿਹਾਸਕ ਸੰਘਰਸ਼ਾਂ ’ਤੇ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਬਣਦੀਆਂ ਦਿਖਾਈ ਦਿੱਤੀਆਂ।

ਇਨ੍ਹਾਂ ਵਿੱਚੋਂ ਕਈ ਫਿਲਮਾਂ ਬਹੁਤ ਸਫ਼ਲ ਰਹੀਆਂ। ਪਰ ਅਜਿਹੀਆਂ ਅਨੇਕਾਂ ਫਿਲਮਾਂ ਨੂੰ ਮੁਸਲਮਾਨ ਸ਼ਾਸਕਾਂ ਨੂੰ ਘਿਣਾਉਣੇ ਅਤੇ ਬੇਹੱਦ ਜ਼ਾਲਮ ਦਿਖਾਉਣ ਦੇ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ।

‘ਪਦਮਾਵਤ’, ‘ਤਾਨ੍ਹਾਜੀ’ ਅਤੇ ‘ਪਾਣੀਪਤ’ ਵਰਗੀਆਂ ਫਿਲਮਾਂ ਇਸ ਤਰ੍ਹਾਂ ਦੀ ਆਲੋਚਨਾ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਹੋਈਆਂ। ਇਨ੍ਹਾਂ ਵਿੱਚੋਂ ‘ਪਦਮਾਵਤ’ ਅਤੇ ‘ਤਾਨ੍ਹਾਜੀ’ ਆਪਣੇ ਰਿਲੀਜ਼ ਵਾਲੇ ਸਾਲ ਦੀਆਂ ਟੌਪ ਤਿੰਨ ਬਲਾਕਬਸਟਰ ਫਿਲਮਾਂ ਵਿੱਚ ਸ਼ਾਮਲ ਰਹੀਆਂ ਹਨ।

ਇਨ੍ਹਾਂ ਦਾ ਸਭ ਤੋਂ ਵੱਧ ਵਿਰੋਧ ਇਸ ਗੱਲ ਉੱਤੇ ਹੋਇਆ ਕਿ ਇਨ੍ਹਾਂ ਫਿਲਮਾਂ ਵਿੱਚ ਇਤਿਹਾਸਕ ਮੁਸਲਿਮ ਕਿਰਦਾਰਾਂ ਜਿਵੇਂ ਅਲਾਉਦੀਨ ਖ਼ਿਲਜੀ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਰਾਖ਼ਸ਼ਾਂ ਵਾਂਗ ਪੇਸ਼ ਕੀਤਾ ਗਿਆ।

ਪਦਮਾਵਤ
PUNIT PARANJPE/ GETTY IMAGES
ਸੰਕੇਤਕ ਤਸਵੀਰ

ਸ਼ਿਆਮ ਬੈਨੇਗਲ ਮੁਸਲਮਾਨਾਂ ਨੂੰ ਪਰਦੇ ਉੱਤੇ ਇਸ ਤਰੀਕੇ ਪੇਸ਼ ਕਰਨ ''''ਤੇ ਵਿਰੋਧ ਕਰਦੇ ਹੋਏ ਕਹਿੰਦੇ ਹਨ, ‘‘ਪਦਮਾਵਤ ਦੀ ਕਹਾਣੀ ਅਸਲ ਵਿੱਚ ਇੱਕ ਪ੍ਰੇਮ ਕਹਾਣੀ ਸੀ, ਪਰ ਫਿਲਮ ਵਿੱਚ ਖ਼ਿਲਜੀ ਦਾ ਕਿਰਦਾਰ ਗ਼ਲਤ ਢੰਗ ਨਾਲ ਦਿਖਾਇਆ ਗਿਆ।”

“ਮੈਂ ਲਗਾਤਾਰ ਇਹ ਕਹਿੰਦਾ ਆਇਆ ਹਾਂ ਕਿ ਇਹ ਗ਼ਲਤ ਹੈ। ਇਸ ਤਰ੍ਹਾਂ ਦੀ ਅਧੂਰੀ ਪੇਸ਼ਕਾਰੀ ਤੁਹਾਡੇ ਪੱਖਪਾਤ ਦੀ ਉਪਜ ਹੈ, ਨਾ ਕਿ ਤੁਹਾਡੇ ਤਜਰਬਿਆਂ ਤੋਂ ਪੈਦਾ ਹੋਇਆ ਕੰਮ, ਪਰ ਜੇ ਤੁਸੀਂ ਆਪਣੇ ਤਜਰਬਿਆਂ ਦੀ ਬਜਾਏ ਆਪਣੇ ਪੱਖਪਾਤ ''''ਤੇ ਭਰੋਸਾ ਕਰਦੇ ਹੋ, ਤਾਂ ਹਰ ਚੀਜ਼ ਜ਼ਹਿਰੀਲੀ ਹੋ ਜਾਵੇਗੀ।’’

ਸੈਬਲ ਚੈਟਰਜੀ ਵੀ ‘ਪਦਮਾਵਤ’ ਫਿਲਮ ਦੇ ਮੁੱਖ ਕਿਰਦਾਰ ਅਲਾਉਦੀਨ ਖ਼ਿਲਜੀ ਨੂੰ ਦਿਖਾਉਣ ਦੇ ਢੰਗ ’ਤੇ ਸਵਾਲ ਉਠਾਉਂਦੇ ਹਨ।

ਉਹ ਕਹਿੰਦੇ ਹਨ: “ਫਿਲਮ ‘ਪਦਮਾਵਤ’ ਵਿੱਚ ਅਲਾਉਦੀਨ ਖਿਲਜੀ ਦੇ ਕਿਰਦਾਰ ਨੂੰ ਮਾਸ ਦੀ ਇੱਕ ਬੋਟੀ ਪਾੜਦੇ ਦਿਖਾਇਆ ਗਿਆ ਹੈ...ਅਸੀਂ ਸਾਰੇ ਮਾਸ ਖਾਂਦੇ ਹਾਂ। ਪਰ ਫਿਲਮ ਵਿੱਚ ਉਸ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਹੈ ਜਿਵੇਂ ਉਹ ਇੱਕ ਵਹਿਸ਼ੀ, ਵਹਿਸ਼ੀ ਸ਼ੈਤਾਨ ਹੋਵੇ। ਅਤੇ ਇਹ ਸਭ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ।”

ਸਾਲ 2018 ਵਿੱਚ ਆਈ ਫਿਲਮ ‘ਪਦਮਾਵਤ’ ਦੇ ਪਹਿਲੇ ਦ੍ਰਿਸ਼ ਤੋਂ ਹੀ ਅਲਾਉਦੀਨ ਖ਼ਿਲਜੀ ਅਤੇ ਰਤਨ ਰਾਵਲ ਸਿੰਘ ਨੂੰ ਦਿਖਾਉਣ ਦੇ ਢੰਗ ਵਿੱਚ ਇੱਕ ਵਿਰੋਧਾਭਾਸ ਨਜ਼ਰ ਆਉਂਦਾ ਹੈ।

ਖ਼ਿਲਜੀ ਕਾਲੇ ਕੱਪੜੇ ਪਾਉਣ ਵਾਲੇ ਵਹਿਸ਼ੀ ਸ਼ਖ਼ਸ ਦੇ ਰੂਪ ਵਿੱਚ ਦਿਸਦੇ ਹਨ ਤਾਂ ਦੂਜੇ ਪਾਸੇ ਰਤਨ ਰਾਵਲ ਸਿੰਘ ਸਫ਼ੈਦ ਪੌਸ਼ਾਕ ਪਾ ਕੇ ਇੱਕ ਨੇਕ ਵਿਅਕਤੀ ਦੇ ਰੂਪ ਵਿੱਚ ਦਿਸਦੇ ਹਨ। ਰਤਨ ਰਾਵਲ ਨੂੰ ਜ਼ਿਆਦਾਤਰ ਮੌਕਿਆਂ ’ਤੇ ਦੁੱਧ ਰੰਗੀ ਰੌਸ਼ਨੀ ਵਿੱਚ ਜਦੋਂਕਿ ਖ਼ਿਲਜੀ ਨੂੰ ਹਨੇਰੇ ਵਿੱਚ ਦਿਖਾਇਆ ਜਾਂਦਾ ਹੈ।

ਖ਼ਿਲਜੀ ਅਤੇ ਰਤਨ ਰਾਵਲ ਸਿੰਘ ਦੋਵੇਂ ਵਿਆਹੁਤਾ ਹੁੰਦੇ ਹੋਏ ਵੀ ਪਰਾਈਆਂ ਇਸਤਰੀਆਂ ਦੇ ਨਜ਼ਦੀਕ ਜਾਂਦੇ ਹਨ। ਖ਼ਿਲਜੀ ਤਾਂ ਹਨੇਰੇ ਗਲਿਆਰੇ ਵਿੱਚ ਇੱਕ ਔਰਤ ਨਾਲ ਖਿੱਚ-ਧੂਹ ਕਰਦੇ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਰਤਨ ਰਾਵਲ ਸਿੰਘ ਅਤੇ ਦੀਪਿਕਾ ਪਾਦੁਕੋਣ ਦੀ ਨੇੜਤਾ ਨੂੰ ਬਹੁਤ ਹੀ ਕੋਮਲ ਸੰਕੇਤਾਂ ਰਾਹੀਂ ਦਿਖਾਇਆ ਗਿਆ ਹੈ।

ਦਿ ਕੇਰਲ ਸਟੋਰੀ
INDRANIL MUKHERJEE/ Getty Images

‘ਮਸਾਨ’ ਵਰਗੀ ਚਰਚਿਤ ਫਿਲਮ ਦੇ ਨਿਰਦੇਸ਼ਕ ਨੀਰਜ ਘੇਵਨ ਇਸ ਤਰ੍ਹਾਂ ਦੇ ਫਿਲਮਾਂਕਣ ਨੂੰ ਸੋਚੀ-ਸਮਝੀ ਕੋਸ਼ਿਸ਼ ਮੰਨਦੇ ਹਨ।

ਉਹ ਕਹਿੰਦੇ ਹਨ: ‘‘ਇਹ ਸਭ ਸੋਚ ਸਮਝ ਕੇ ਕੀਤਾ ਜਾਂਦਾ ਹੈ। ਫਿਲਮਸਾਜ਼ ਆਪਣੇ ਕੌਸਟਿਊਮ ਡਿਜ਼ਾਇਨਰ ਅਤੇ ਸਿਨੇਮਾਟੋਗ੍ਰਾਫਰ ਨੂੰ ਕਹਿੰਦੇ ਹਨ ਕਿ ਇਸ ਤਰ੍ਹਾਂ ਦਿਖਾਓ ਕਿ ਇਹ ਕਿਰਦਾਰ ਬਹੁਤ ਹੀ ਸ਼ੈਤਾਨੀ ਸ਼ਖ਼ਸ ਲੱਗੇ।”

“‘ਦਿ ਕਸ਼ਮੀਰ ਫਾਈਲਜ਼’ ਅਤੇ ‘ਦਿ ਕੇਰਲ ਸਟੋਰੀ’ ਵਰਗੀਆਂ ਫਿਲਮਾਂ ਵਿੱਚ ਤਾਂ ਇਹ ਸਭ ਬਹੁਤ ਕੱਚੇਪਣ ਦੇ ਨਾਲ ਦਿਖਾਇਆ ਜਾਂਦਾ ਹੈ, ਪਰ ਜਿਨ੍ਹਾਂ ਨੂੰ ਅਸੀਂ ਸਟਾਇਲਿਸਟ ਫਿਲਮਸਾਜ਼ ਕਹਿੰਦੇ ਹਾਂ, ਉਹ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹਨ। ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਇਹ ਸਭ ਬਿਨਾਂ ਜਾਣਬੁੱਝ ਕੇ ਕਰਦੇ ਹਨ। ਇਸ ਦੇ ਪਿੱਛੇ ਸੋਚੀ ਸਮਝੀ ਰਣਨੀਤੀ ਹੁੰਦੀ ਹੈ।’’

ਸ਼ਿਆਮ ਬੈਨੇਗਲ, ਸੈਬਲ ਚੈਟਰਜੀ ਅਤੇ ਨੀਰਜ ਘੇਵਨ ਜਿਸ ਵੱਲ ਇਸ਼ਾਰਾ ਕਰ ਰਹੇ ਹਨ, ਉਹ ਸਿਰਫ਼ ‘ਪਦਮਾਵਤ’ ਨਹੀਂ ਸਾਲ 2020 ਵਿੱਚ ਆਈ ਫਿਲਮ ‘ਤਾਨ੍ਹਾਜੀ-ਦਿ ਅਨਸੰਗ ਹੀਰੋ’ ਵਿੱਚ ਵੀ ਨਜ਼ਰ ਆਉਂਦਾ ਹੈ।

ਫਿਲਮ ਦੇ ਮੁੱਖ ਕਿਰਦਾਰ ਤਾਨ੍ਹਾਜੀ ਨੂੰ ਸਫ਼ੈਦ ਕੱਪੜੇ ਪਹਿਨਣ ਵਾਲੇ, ਭਗਵਾਨ ਦੀ ਪੂਜਾ ਕਰਨ ਵਾਲੇ ਪਰਿਵਾਰਕ ਸ਼ਖ਼ਸ ਦੇ ਰੂਪ ਵਿੱਚ ਦਿਖਾਇਆ ਗਿਆ ਹੈ।

ਇਸ ਦੇ ਨਾਲ ਹੀ, ਉਦੈਭਾਨ ਸਿੰਘ ਰਾਠੌਰ ਨੂੰ ਖ਼ਿਲਜੀ ਵਾਲੇ ਅੰਦਾਜ਼ ਵਿੱਚ ਕਾਲੇ ਕੱਪੜੇ ਪਾਉਣ ਵਾਲੇ, ਮਾਸ ਦੀਆਂ ਬੋਟੀਆਂ ਪਾੜਦੇ ਸ਼ਖ਼ਸ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਕਿਉਂਕਿ ਉਹ ਔਰੰਗਜ਼ੇਬ ਦਾ ਸੈਨਾਪਤੀ ਹੈ।

ਸੈਬਲ ਚੈਟਰਜੀ ਇਸ ਮਾਮਲੇ ਵਿੱਚ ਨੀਰਜ ਦੀ ਗੱਲ ਨਾਲ ਸਹਿਮਤ ਨਜ਼ਰ ਆਉਂਦੇ ਹਨ।

ਕੀ ਇਹ ਸਭ ਇੱਥੇ ਤੱਕ ਸੀਮਿਤ ਹੈ?

ਬੀਬੀਸੀ ਦੇ ਇਸ ਵਿਸ਼ਲੇਸ਼ਣ ਵਿੱਚ ਸ਼ਾਮਲ ਕਈ ਫਿਲਮਾਂ ਵਿੱਚ ਇਤਿਹਾਸਕ ਹਿੰਦੂ ਅਤੇ ਮੁਸਲਿਮ ਕਿਰਦਾਰਾਂ ਨੂੰ ਅਨੈਤਿਕ ਮੁਸਲਮਾਨ ਰਾਜਾ ਅਤੇ ਨੈਤਿਕ ਹਿੰਦੂ ਰਾਜਾ ਦੇ ਦੋ ਸਾਂਚਿਆਂ ਵਿੱਚ ਵੰਡ ਦਿੱਤਾ ਗਿਆ ਹੈ।

‘ਤਾਨ੍ਹਾਜੀ’ ਅਜਿਹੀਆਂ ਫਿਲਮਾਂ ਦਾ ਇੱਕ ਵੱਡਾ ਉਦਾਹਰਨ ਹੈ।

ਇਸ ਫਿਲਮ ਦੇ ਇੱਕ ਦ੍ਰਿਸ਼ ਵਿੱਚ ਤਾਨ੍ਹਾਜੀ ਮੁਗ਼ਲੀਆ ਸਲਤਨਤ ਦੇ ਵਫ਼ਾਦਾਰ ਪਿੰਡ ਵਾਲਿਆਂ ਨੂੰ ਸ਼ਿਵਾਜੀ ਦਾ ਸਮਰਥਨ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਹੋਏ ਕਹਿੰਦੇ ਹਨ-

‘‘ਮੁਰਦੋਂ ਕੋ ਲੇ ਜਾਤੇ ਹੁਏ, ਤੁਮ ਖੁੱਲ੍ਹਕਰ ਸ਼੍ਰੀਰਾਮ ਨਹੀਂ ਬੋਲ ਸਕਤੇ ਔਰ ਕਹਿਤੇ ਹੋ ਕਿ ਜ਼ਿੰਦਾ ਹੋ। ਔਰ ਕਿਤਨੀ ਮੌਤੇਂ ਮਾਰੋਗੇ। ਵਹਾਂ ਆਲਮਗੀਰ ਕਾਸ਼ੀ ਵਿਸ਼ਵਨਾਥ ਤੋੜ ਲਾਏ। ਯਹਾਂ ਉਦੈਭਾਨ ਕਾਸ਼ੀ ਕੋ ਮਾਰਤਾ ਹੈ। ਔਰ ਹਮ ਉਨ੍ਹੀ ਕਾ ਪਹਿਰਾ ਦੇਤੇ ਹੈਂ।’’

ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਕੁਝ ਖੇਤਰਾਂ ਵਿੱਚ ਹੀ ਹਿੰਦੂ ਧਰਮ ਮੰਨਣ ਵਾਲੇ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘਾਟ ਲੈ ਜਾਂਦੇ ਸਮੇਂ ‘ਰਾਮ ਨਾਮ ਸੱਤ ਹੈ’ ਬੋਲਦੇ ਹਨ।

ਕਿਧਰੇ ਵੀ ਜੈ ਸ਼੍ਰੀਰਾਮ ਦਾ ਉਚਾਰਨ ਨਹੀਂ ਕੀਤਾ ਜਾਂਦਾ। ਫਿਲਮ ਵਿੱਚ ਦਿਖਾਏ ਗਏ ਸ਼ਿਵਾਜੀ ਦੇ ਝੰਡੇ ਵਿੱਚ ਵੀ ਹਿੰਦੂ ਧਰਮ ਦੇ ਸਭ ਤੋਂ ਅਹਿਮ ਪ੍ਰਤੀਕ ਓਮ ਦੀ ਵਰਤੋਂ ਕੀਤੀ ਗਈ ਜਿਸ ਨਾਲ ਵਿਵਾਦ ਖੜ੍ਹਾ ਹੋਣ ਦੇ ਬਾਅਦ ਹਟਾਇਆ ਗਿਆ। ਸ਼ਿਵਾਜੀ ਦੇ ਝੰਡੇ ’ਤੇ ਓਮ ਨਹੀਂ ਸੀ।

ਚੰਗੇ ਅਤੇ ਬੁਰੇ ਮੁਸਲਮਾਨ ਦੇ ਸਾਂਚੇ

ਸੂਰਿਆਵੰਸ਼ੀ
Getty Images
ਸੰਕੇਤਕ ਤਸਵੀਰ

ਇਸ ਵਿਸ਼ਲੇਸ਼ਣ ਵਿੱਚ ਕਈ ਅਜਿਹੀਆਂ ਫਿਲਮਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਦੀ ਕਹਾਣੀ ਅੱਤਵਾਦ ਦੇ ਆਲੇ-ਦੁਆਲੇ ਬੁਣੀ ਗਈ ਹੈ।

ਇਨ੍ਹਾਂ ਵਿੱਚ ਭਾਰਤੀ ਮੁਸਲਮਾਨਾਂ ਨੂੰ ਚੰਗੇ ਅਤੇ ਬੁਰੇ ਦੇ ਸਾਂਚੇ ਵਿੱਚ ਵੰਡ ਕੇ ਦਿਖਾਇਆ ਗਿਆ ਹੈ।

ਇਹ ਗੱਲ ਸਾਲ 2021 ਵਿੱਚ ਆਈ ਫਿਲਮ ‘ਸੂਰਿਆਵੰਸ਼ੀ’ ਵਿੱਚ ਨਜ਼ਰ ਆਉਂਦੀ ਹੈ।

ਫਿਲਮ ਵਿੱਚ ਸਾਬਕਾ ਪੁਲਿਸ ਮੁਲਾਜ਼ਮ ਨੂੰ ਚੰਗੇ ਮੁਸਲਮਾਨ ਦੇ ਰੂਪ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਦਾੜ੍ਹੀ ਨਹੀਂ ਹੈ। ਇਸ ਕਿਰਦਾਰ ਦਾ ਬੇਟਾ ਵੀ ਪੁਲਿਸ ਵਿੱਚ ਹੈ ਅਤੇ ਇਹ ਸ਼ਖ਼ਸ ਰਿਟਾਇਰਮੈਂਟ ਤੋਂ ਬਾਅਦ ਵੀ ਪੁਲਿਸ ਦੀ ਮਦਦ ਕਰਦਾ ਹੈ।

ਨਾਲ ਹੀ, ਦਾੜ੍ਹੀ ਵਧਾ ਕੇ ਟੋਪੀ ਪਹਿਨਣ ਵਾਲੇ ਸ਼ਖ਼ਸ ਨੂੰ ਬੁਰੇ ਮੁਸਲਮਾਨ ਦੇ ਰੂਪ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਿਰਦਾਰ ਦੀ ਦਾੜ੍ਹੀ ਲੰਬੀ ਹੈ, ਪਰ ਮੁੱਛਾਂ ਨਹੀਂ ਹਨ ਅਤੇ ਮੱਥੇ ’ਤੇ ਨਮਾਜ਼ ਪੜ੍ਹਨ ਨਾਲ ਬਣਿਆ ਕਾਲਾ ਨਿਸ਼ਾਨ ਹੈ।

ਇਸ ਤੋਂ ਪਹਿਲਾਂ ਚੰਗੇ ਅਤੇ ਬੁਰੇ ਮੁਸਲਮਾਨ ਦੇ ਸਾਂਚੇ ‘ਮਿਸ਼ਨ ਕਸ਼ਮੀਰ’, ‘ਹੀਰੋ-ਦਿ ਲਵ ਸਟੋਰੀ ਆਫ ਏ ਸਪਾਈ’ ਅਤੇ ‘ਰਾਜ਼ੀ’ ਵਰਗੀਆਂ ਹਿੱਟ ਫਿਲਮਾਂ ਵਿੱਚ ਨਜ਼ਰ ਆਏ ਹਨ।

ਕੀ ਫਿਲਮਾਂ ਵਿੱਚ ਸਮਾਜ ਵਿੱਚ ਕਿਸੇ ਖਾਸ ਭਾਈਚਾਰੇ ਦੇ ਖਿਲਾਫ਼ ਪੈਦਾ ਹੋਈ ਪੱਖਪਾਤ ਜਾਂ ਨਫ਼ਰਤ ਵਾਲੀ ਭਾਵਨਾ ਦੀ ਵਰਤੋਂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ?

ਸ਼ਿਆਮ ਬੈਨੇਗਲ ਕਹਿੰਦੇ ਹਨ: ‘‘ਫਿਲਮ ਇੱਕ ਬੇਹੱਦ ਤਾਕਤਵਰ ਮਾਧਿਅਮ ਹੈ। ਅਜਿਹੇ ਵਿੱਚ ਤੁਹਾਨੂੰ ਬੇਹੱਦ ਸਾਵਧਾਨ ਰਹਿਣਾ ਹੁੰਦਾ ਹੈ ਕਿਉਂਕਿ ਤੁਸੀਂ ਆਪਣੀਆਂ ਫਿਲਮਾਂ ਨਾਲ ਅਜਿਹੇ ਸੰਦੇਸ਼ ਵੀ ਦੇ ਸਕਦੇ ਹੋ ਜੋ ਸਮਾਜ ਲਈ ਹਾਨੀਕਾਰਕ ਹੋ ਸਕਦੇ ਹਨ।”

“ਸਾਡਾ ਸਮਾਜ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ। ਅਜਿਹੇ ਵਿੱਚ ਜਦੋਂ ਤੁਸੀਂ ਲੋਕਾਂ ਨਾਲ ਵਰਤਦੇ ਹੋ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ ਨਾਲ ਤਾਲਮੇਲੀ ਢੰਗ ਨਾਲ ਵਿਵਹਾਰ ਕਰਨਾ ਹੋਵੇਗਾ। ਤੁਹਾਨੂੰ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਰੱਖਣਾ ਚਾਹੀਦਾ। ਪਰ ਜੇਕਰ ਤੁਹਾਡੇ ਕੰਮ ਵਿੱਚ ਤੁਹਾਡਾ ਪੱਖਪਾਤ ਝਲਕ ਰਿਹਾ ਤਾਂ ਇਹ ਪਰੇਸ਼ਾਨ ਕਰਨ ਵਾਲਾ ਹੈ।”

“ਇੱਕ ਗੱਲ ਇਹ ਵੀ ਸਮਝਣ ਦੀ ਹੈ ਕਿ ਜੇਕਰ ਤੁਸੀਂ ਕਿਸੇ ਸ਼ਖ਼ਸ ਦੇ ਪੱਖਪਾਤਾਂ ਨੂੰ ਮਜ਼ਬੂਤ ਕਰੋਗੇ ਤਾਂ ਉਹ ਤੁਹਾਨੂੰ ਪਸੰਦ ਕਰਨਗੇ। ਸਾਡੇ ਸਾਰਿਆਂ ਦੇ ਅੰਦਰ ਪੱਖਪਾਤ ਹੁੰਦੇ ਹਨ। ਪਰ ਅਸੀਂ ਕਦੇ ਉਨ੍ਹਾਂ ਨੂੰ ਵਿਵਹਾਰ ਵਿੱਚ ਨਹੀਂ ਲਿਆਉਂਦੇ। ਪਰ ਜੇਕਰ ਤੁਸੀਂ ਕਿਸੇ ਅਜਿਹੇ ਪੱਖਪਾਤ ਨੂੰ ਵਿਵਹਾਰ ਵਿੱਚ ਲੈ ਆਉਂਦੇ ਹੋ ਤਾਂ ਇਹ ਬਹੁਤ ਖ਼ਰਾਬ ਹੈ।’’

ਕੀ ਫਿਲਮਸਾਜ਼ ਆਪਣੀ ਜ਼ਿੰਮੇਵਾਰੀ ਤੋਂ ਬਚ ਸਕਦੇ ਹਨ ?

ਸ਼ਿਆਮ ਬੈਨੇਗਲ ਕਹਿੰਦੇ ਹਨ, ‘‘ਜੇਕਰ ਤੁਸੀਂ ਮਾਸ ਮੀਡੀਆ ਵਿੱਚ ਕੰਮ ਕਰ ਰਹੇ ਹੋ, ਕੁਝ ਅਜਿਹਾ ਬਣਾ ਰਹੇ ਹੋ ਜੋ ਦੇਸ਼ ਦੁਨੀਆਂ ਦੇ ਵਿਚਕਾਰ ਪਹੁੰਚ ਰਿਹਾ ਹੈ ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਹੁੰਦਾ ਹੈ। ਤੁਹਾਨੂੰ ਆਪਣੇ ਪੱਖਪਾਤਾਂ ਨੂੰ ਲੈ ਕੇ ਸੁਚੇਤ ਰਹਿਣਾ ਹੁੰਦਾ ਹੈ ਅਤੇ ਖੁਦ ’ਤੇ ਨਜ਼ਰ ਰੱਖਣੀ ਹੁੰਦੀ ਹੈ ਕਿ ਕਿਧਰੇ ਤੁਸੀਂ ਆਪਣੇ ਪੱਖਪਾਤਾਂ ਨੂੰ ਵਿਵਹਾਰ ਵਿੱਚ ਤਾਂ ਨਹੀਂ ਲਿਆ ਰਹੇ।’’

ਪਰ ਕੀ ਇਹ ਸਭ ਬਦਲਦੀ ਰਾਜਨੀਤੀ ਅਤੇ ਸੱਜੇਪੱਖੀ ਕਹੀ ਜਾਣ ਵਾਲੀ ਮੋਦੀ ਸਰਕਾਰ ਦੇ ਦੌਰ ਤੋਂ ਸ਼ੁਰੂ ਹੋਇਆ ਹੈ।

ਇਸ ਸਵਾਲ ਦਾ ਸਿੱਧਾ ਜਵਾਬ ਹੈ - ਨਹੀਂ।

ਬੌਲੀਵੁੱਡ ਇੱਕ ਲੰਬੇ ਵਕਤ ਤੋਂ ਫਿਲਮ ਦੀ ਸਫਲਤਾ ਲਈ ਫਾਰਮੂਲਿਆਂ ਦਾ ਸਹਾਰਾ ਲੈਂਦਾ ਆਇਆ ਹੈ। ਦੇਸ਼ਭਗਤੀ ਅਤੇ ਰਾਸ਼ਟਰਵਾਦ ਵੀ ਇਸੇ ਦਾ ਹਿੱਸਾ ਹੈ।

ਸ਼ਿਆਮ ਬੈਨੇਗਲ
Getty Images
ਸ਼ਿਆਮ ਬੈਨੇਗਲ

ਚੈਟਰਜੀ ਦੱਸਦੇ ਹਨ, ‘‘ਹਿੰਦੀ ਫਿਲਮਾਂ ਵਿੱਚ ਧਾਰਮਿਕ ਘੱਟਗਿਣਤੀ ਕਿਰਦਾਰਾਂ ਨੂੰ, ਵਿਸ਼ੇਸ਼ ਰੂਪ ਨਾਲ ਮੁਸਲਮਾਨਾਂ ਦੀ ਗੱਲ ਕਰੀਏ ਤਾਂ ਮੁਸਲਮਾਨ ਕਿਰਦਾਰ ਦੇ ਰੂਪ ਵਿੱਚ ਕਿਸੇ ਪੁਲਿਸ ਸਟੇਸ਼ਨ ਵਿੱਚ ਕੋਈ ਆਮ ਜਿਹਾ ਕਾਂਸਟੇਬਲ ਜਾਂ ਇੰਸਪੈਕਟਰ ਨਜ਼ਰ ਆਵੇਗਾ।”

“ਉਸ ਨੂੰ ਆਪਣੀ ਦੇਸ਼ਭਗਤੀ ਸਾਬਤ ਕਰਨ ਲਈ ਦੂਜਿਆਂ ਤੋਂ ਜ਼ਿਆਦਾ ਮਿਹਨਤ ਕਰਨੀ ਹੋਵੇਗੀ। ਮੁਸਲਮਾਨ ਇੰਸਪੈਕਟਰ ਨੂੰ ਆਖ਼ਿਰਕਾਰ ਮਰ ਕੇ ਆਪਣੀ ਦੇਸ਼ਭਗਤੀ ਸਾਬਤ ਕਰਨੀ ਪੈਂਦੀ ਹੈ।”

“ਅੱਜ ਤੋਂ ਤੀਹ-ਚਾਲੀ ਸਾਲ ਪਹਿਲਾਂ ਅਸੀਂ ਦੇਖਦੇ ਸੀ ਕਿ ਪੂਰੇ ਪਾਰਸੀ ਭਾਈਚਾਰੇ ’ਤੇ ‘ਖੱਟਾ-ਮੀਠਾ’ ਵਰਗੀਆਂ ਫਿਲਮਾਂ ਬਣੀਆਂ, ‘ਜੂਲੀ’ ਬਣੀ ਜਿਸ ਵਿੱਚ ਈਸਾਈ ਕਿਰਦਾਰ ਦਿਸਦੇ ਹਨ। ਮੁਸਲਿਮ ਸੋਸ਼ਲਜ਼ ਜੋਨਰ ਦੀਆਂ ਸ਼ਾਨਦਾਰ ਫਿਲਮਾਂ ਨਜ਼ਰ ਆਉਂਦੀਆਂ ਸਨ।”

“ਮਿਸਾਲ ਵਜੋਂ ‘ਮੇਰੇ ਹੁਜ਼ੂਰ’, ‘ਮੇਰੇ ਮਹਿਬੂਬ’, ‘ਪਾਕੀਜ਼ਾ’, ‘ਉਮਰਾਵ ਜਾਨ’ ਅਤੇ ‘ਨਿਕਾਹ’। ਉਦੋਂ ਇਨ੍ਹਾਂ ਫਿਲਮਾਂ ਨੂੰ ਅਲੱਗ ਨਹੀਂ ਮੇਨਸਟਰੀਮ ਮੰਨਿਆ ਜਾਂਦਾ ਸੀ। ਅੱਜ ਉਨ੍ਹਾਂ ਦੀ ਗੱਲ ਹੋ ਰਹੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਅੱਜਕੱਲ੍ਹ ਬਿਰਤਾਂਤ ਇੱਕ ਪਾਸੇ ਝੁਕਿਆ ਹੋਇਆ ਹੈ ਅਤੇ ਇਸ ਲਈ ਲੰਘੇ ਨੌਂ ਸਾਲ ਹੀ ਜ਼ਿੰਮੇਵਾਰ ਨਹੀਂ ਹਨ। ਇਹ ਪਹਿਲਾਂ ਤੋਂ ਚੱਲ ਰਿਹਾ ਹੈ।’’

ਹਾਲਾਂਕਿ ਫਿਲਮ ਨਿਰਦੇਸ਼ਕ ਅਵਿਨਾਸ਼ ਦਾਸ ਮੰਨਦੇ ਹਨ ਕਿ ਨੱਬੇ ਦੇ ਦਹਾਕੇ ਦੀ ਸ਼ੁਰੂਆਤ ਅਤੇ ਅੰਤ ਵਿੱਚ ਆਈਆਂ ਫਿਲਮਾਂ ਤਤਕਾਲੀ ਸਮਾਜ ਅਤੇ ਰਾਜਨੀਤੀ ਵਿੱਚ ਹੋਈਆਂ ਤਬਦੀਲੀਆਂ ਦੀ ਝਲਕ ਹੈ।

ਉਹ ਕਹਿੰਦੇ ਹਨ, ‘‘ਜਦੋਂ ‘ਰੋਜਾ’ ਆਈ ਤਾਂ ਉਸ ਦੌਰ ਵਿੱਚ ਗੁਆਂਢੀਆਂ ਨਾਲ ਦੋਸ਼ਾਂ ਦੇ ਆਦਾਨ ਪ੍ਰਦਾਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਸੀ। ਕਸ਼ਮੀਰ ਦਾ ਮੁੱਦਾ ਭੜਕ ਚੁੱਕਾ ਸੀ।

ਜਦੋਂ ‘ਗਦਰ’ ਫਿਲਮ ਆਈ ਤਾਂ ਹਿੰਦੁਸਤਾਨ ਕੋਲ ਸਰਕਾਰ ਸੀ ਜਿਸ ਨੇ ਹਿੰਦੁਸਤਾਨ-ਪਾਕਿਸਤਾਨ ਅਤੇ ਹਿੰਦੂ-ਮੁਸਲਮਾਨ ਦੇ ਮੁੱਦੇ ਨੂੰ ਕੈਸ਼ ਕੀਤਾ ਸੀ।

ਬੌਲੀਵੁੱਡ ਕਿਉਂ ਬਣਾਉਂਦਾ ਹੈ ਅਜਿਹੀਆਂ ਫਿਲਮਾਂ?

ਬਜਰੰਗੀ ਭਾਈਜਾਨ
Getty Images
ਸੰਕੇਤਕ ਤਸਵੀਰ

ਇਸ ਸਵਾਲ ਦਾ ਕੋਈ ਇੱਕ ਸਪਸ਼ਟ ਜਵਾਬ ਨਹੀਂ ਹੈ।

ਇਸ ਸਵਾਲ ਦਾ ਇੱਕ ਜਵਾਬ ਇਹ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਕਮਾਈ ਦੇ ਲਿਹਾਜ਼ ਨਾਲ ਫਾਇਦੇਮੰਦ ਸਾਬਤ ਹੋ ਰਹੀਆਂ ਹਨ। ਬੌਲੀਵੁੱਡ ਵਿੱਚ ਜੋ ਵਿਕਦਾ ਹੈ, ਉਹੀ ਜ਼ਿਆਦਾ ਬਣਦਾ ਹੈ।

ਫਿਲਮ ਪੱਤਰਕਾਰ ਲਤਾ ਝਾਅ ਆਪਣੀ ਕਿਤਾਬ ‘ਬੌਲੀਵੁੱਡ-ਬਾਕਸ ਆਫਿਸ ਐਂਡ ਬਿਯੌਂਡ’ ਵਿੱਚ ਇਸ ਨੂੰ ਵਿਸਥਾਰ ਨਾਲ ਸਮਝਾਉਂਦੇ ਹਨ।

ਲਤਾ ਝਾਅ ਲਿਖਦੇ ਹਨ,‘‘ਸਾਲ 2014 ਤੋਂ 2019 ਦੇ ਵਿਚਕਾਰ ਬੌਲੀਵੁੱਡ ਦੀਆਂ 37 ਫਿਲਮਾਂ ਦਾ ਮੁੱਖ ਥੀਮ ਦੇਸ਼ਭਗਤੀ ਅਤੇ ਰਾਸ਼ਟਰਵਾਦ ਸੀ। ਇਨ੍ਹਾਂ ਵਿੱਚੋਂ 24 ਫਿਲਮਾਂ ਨੇ ਫਿਲਮ ਨਿਰਮਾਤਾਵਾਂ ਨੂੰ ਲਾਭ ਕਮਾ ਕੇ ਵੀ ਦਿੱਤਾ।"

"ਇਨ੍ਹਾਂ ਫਿਲਮਾਂ ਵਿੱਚ 2016 ਦੇ ਉਰੀ ਹਮਲੇ ’ਤੇ ਬਣੀ ਫਿਲਮ ‘ਉਰੀ-ਦਿ ਸਰਜੀਕਲ ਸਟਰਾਇਕ’ ਅਤੇ ਸਲਮਾਨ ਖ਼ਾਨ ਦੀ ‘ਬਜਰੰਗੀ ਭਾਈਜਾਨ’ ਵਰਗੀਆਂ ਮੈਗਾ ਫਿਲਮਾਂ ਸ਼ਾਮਲ ਹਨ ਜਿਨ੍ਹਾਂ ਨੇ ਕ੍ਰਮਵਾਰ: 200 ਕਰੋੜ ਅਤੇ 190 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ।"

"ਇਨ੍ਹਾਂ ਫਿਲਮਾਂ ਵਿੱਚ ਸਭ ਤੋਂ ਜ਼ਿਆਦਾ ਹੀਰੋ ਦੇ ਕਿਰਦਾਰ ਅਕਸ਼ੈ ਕੁਮਾਰ ਨੇ ਨਿਭਾਏ ਹਨ। ਇਸ ਦੇ ਬਾਅਦ ਸਲਮਾਨ ਖ਼ਾਨ ਅਤੇ ਜੌਹਨ ਅਬਰਾਹਮ ਨੇ ਚਾਰ-ਚਾਰ ਫਿਲਮਾਂ ਵਿੱਚ ਹੀਰੋ ਦੀ ਭੂਮਿਕਾ ਨਿਭਾਈ ਹੈ।’’

ਹਾਲਾਂਕਿ, ਅਵਿਨਾਸ਼ ਦਾਸ ਮੰਨਦੇ ਹਨ ਕਿ ਇਸ ਲਈ ਫਿਲਮ ਨਿਰਦੇਸ਼ਕਾਂ ਅਤੇ ਨਿਰਮਾਤਾਵਾਂ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਉਹ ਕਹਿੰਦੇ ਹਨ, ‘‘ਫਿਲਮ ਨਿਰਦੇਸ਼ਕਾਂ ਦੇ ਇੱਕ ਵਰਗ ਲਈ ਫਿਲਮ ਦੇ ਚੱਲਣ ਦੀ ਸਮਰੱਥਾ ਉਸ ਨੂੰ ਬਣਾਉਣ ਦੀ ਮੁੱਖ ਵਜ੍ਹਾ ਹੁੰਦੀ ਹੈ। ਨਾਲ ਹੀ, ਦੂਜੇ ਵਰਗ ਦੇ ਫਿਲਮ ਨਿਰਦੇਸ਼ਕਾਂ ਲਈ ਸਹੀ ਗੱਲ ਕਹਿਣਾ ਫਿਲਮ ਬਣਾਉਣ ਦੀ ਮੁੱਖ ਵਜ੍ਹਾ ਹੁੰਦੀ ਹੈ।"

ਪਰ ਹੁਣ ਦੂਜੇ ਵਰਗ ਦੇ ਅਜਿਹੇ ਫਿਲਮ ਨਿਰਦੇਸ਼ਕਾਂ ਦੀ ਗਿਣਤੀ ਕਾਫ਼ੀ ਘੱਟ ਰਹਿ ਗਈ ਹੈ।

"ਇਨ੍ਹਾਂ ਦੀਆਂ ਫਿਲਮਾਂ ਜ਼ਿਆਦਾ ਸਫ਼ਲ ਵੀ ਨਹੀਂ ਹੁੰਦੀਆਂ। ਜਾਂ ਇਨ੍ਹਾਂ ਨਾਲ ਵੱਡੇ ਸਟਾਰ ਖੜ੍ਹੇ ਨਹੀਂ ਹੋ ਰਹੇ ਹਨ। ਜਿਨ੍ਹਾਂ ਦੇ ਨਾਲ ਸਿਤਾਰੇ ਖੜ੍ਹੇ ਹਨ, ਉਹ ਇਸ ਤਰ੍ਹਾਂ ਦਾ ਸੋਸ਼ਿਓ-ਪੌਲੀਟਿਕ ਸਿਨੇਮਾ ਨਹੀਂ ਬਣਾ ਰਹੇ ਹਨ। "

"ਇਸ ਦੀ ਇੱਕ ਵਜ੍ਹਾ ਇਹ ਹੈ ਕਿ ਵੱਡੇ ਸਿਤਾਰੇ ਵੀ ਰਾਜਨੀਤਿਕ ਵਿਸ਼ਿਆਂ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਹਨ। ਅਜਿਹੇ ਵਿੱਚ ਫਿਲਮਸਾਜ਼ ਵਿਵਾਦਾਂ ਤੋਂ ਦੂਰੀ ਬਣਾ ਕੇ ਰੱਖਦੇ ਹੋਏ ਮੱਧ ਮਾਰਗ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ।’’

ਕੀ ਦਰਸ਼ਕ ਅਜਿਹੀਆਂ ਫਿਲਮਾਂ ਦੀ ਮੰਗ ਕਰਦੇ ਹਨ ?

ਉਰੀ-ਦਿ ਸਰਜੀਕਲ ਸਟਰਾਈਕ
Screenshot: RSVP Movies/URI
ਸੰਕੇਤਕ ਤਸਵੀਰ

ਸਾਲ 2019 ਵਿੱਚ ਰਿਲੀਜ਼ ਹੋਈ ‘ਉਰੀ-ਦਿ ਸਰਜੀਕਲ ਸਟਰਾਈਕ’ ਨੂੰ ਉਸ ਦੇ ਕੁੱਝ ਖ਼ਾਸ ਡਾਇਲਾਗਾਂ ਦੀ ਵਜ੍ਹਾ ਨਾਲ ਬੇਹੱਦ ਤਾਰੀਫ਼ ਮਿਲੀ ਸੀ।

ਬੀਬੀਸੀ ਨੇ ਜਦੋਂ ਯੂਟਿਊਬ ’ਤੇ ਜਾਰੀ ਕੀਤੇ ਗਏ ਫਿਲਮ ਦੇ ਟਰੇਲਰ ਦੇ ਅੰਕੜਿਆਂ ਦਾ ਅਧਿਐਨ ਕੀਤਾ ਤਾਂ ਦੇਖਿਆ ਕਿ ਯੂਟਿਊਬ ’ਤੇ ਵੀ ਦਰਸ਼ਕਾਂ ਨੇ ਬਾਰ-ਬਾਰ ਇਨ੍ਹਾਂ ਡਾਇਲਾਗਾਂ ਨੂੰ ਸੁਣਿਆ ਹੈ।

ਇਸ ਟਰੇਲਰ ਵਿੱਚ ਵਿੱਕੀ ਕੌਸ਼ਲ ਦਾ ਕਿਰਦਾਰ ਮੇਜਰ ਵਿਹਾਨ ਸਿੰਘ ਸ਼ੇਰਗਿਲ ਸਰਜੀਕਲ ਸਟਰਾਈਕ ’ਤੇ ਜਾਣ ਤੋਂ ਠੀਕ ਪਹਿਲਾਂ ਆਪਣੇ ਪੈਰਾ ਟਰੂਪਰਜ਼ ਨੂੰ ਕਹਿੰਦਾ ਹੈ-

''''ਵਕਤ ਆ ਗਿਆ ਹੈ, ਖ਼ੂਨ ਕਾ ਬਦਲਾ ਖ਼ੂਨ ਸੇ ਲੇਨੇ ਕਾ।''''

''''ਇੰਡੀਅਨ ਆਰਮੀ ਨੇ ਯਹ ਜੰਗ ਸ਼ੁਰੂ ਨਹੀਂ ਕੀ ਥੀ ਬਟ ਵੀ ਵਿਲ ਫਿਨਿਸ਼ ਇਟ। ਹਾਓਜ਼ ਦ ਜੋਸ਼, ਹਾਓਜ਼ ਦ ਜੋਸ਼, ਉਨਹੇ ਕਸ਼ਮੀਰ ਚਾਹੀਏ ਔਰ ਹਮੇਂ ਉਨਕਾ ਸਰ।''''

ਅਪਨੀ 72 ਹੂਰੋਂ ਕੋ ਹਮਾਰਾ ਸਲਾਮ ਬੋਲਨਾ, ਕਹਿਨਾ ਕਿ ਦਾਵਤ ਪਰ ਇੰਤਜ਼ਾਰ ਕਰੇਂ, ਆਜ ਹਮ ਬਹੁਤ ਸਾਰੇ ਮਹਿਮਾਨ ਭੇਜਨੇ ਵਾਲੇ ਹੈਂ।

ਇਸ ਟਰੇਲਰ ਨੂੰ ਯੂਟਿਊਬ ’ਤੇ 2.9 ਕਰੋੜ ਬਾਰ ਦੇਖਿਆ ਗਿਆ ਹੈ।

ਫਿਲਮ ਵਿੱਚ ਸਰਜੀਕਲ ਸਟਰਾਈਕ ਤੋਂ ਠੀਕ ਪਹਿਲਾਂ ਵਿਹਾਨ ਸ਼ੇਰਗਿਲ ਆਪਣੇ ਪੈਰਾ ਟਰੂਪਰਜ਼ ਨੂੰ ਕਹਿੰਦੇ ਹਨ।

“28 ਸਤੰਬਰ ਦੇਰ ਰਾਤ ਕੋ ਮੈਂ ਆਪਕੋ ਉਰੀ ਮੇਂ ਸ਼ਹੀਦ ਹੁਏ ਭਾਈਓਂ ਕੀ ਮੌਤ ਕਾ ਬਦਲਾ ਲੇਨੇ ਦਾ ਮੌਕੇ ਦੇਨੇ ਜਾ ਰਹਾ ਹੂੰ। ਜਿਸ ਬੇਰਹਿਮੀ ਸੇ ਆਤੰਕਵਾਦਿਓਂ ਨੇ ਕਾਇਰੋਂ ਦੀ ਤਰਹ ਹਮਾਰੇ ਨਿਹੱਥੇ ਭਾਈਓਂ ਕੋ ਨੀਂਦ ਮੇਂ ਮਾਰਾ ਥਾ।"

"ਉਸ ਬੇਰਹਿਮੀ ਕਾ ਘਾਤਕ ਜਵਾਬ। ਉਨਕਾ ਸਰ ਧੜ ਸੇ ਅਲੱਗ ਕਰਨੇ ਕਾ ਮੌਕਾ ਦੇਨੇ ਜਾ ਰਹਾ ਹੂੰ। ਕਿਆ ਆਪ ਇਸ ਮਿਸ਼ਨ ਕੇ ਲੀਏ ਤਿਆਰ ਹੈਂ। ਕਿਆ ਬਦਲਾ ਲੇਨੇ ਕੇ ਲੀਏ ਆਪਕਾ ਖੂਨ ਖੌਲ ਰਹਾ ਹੈ।’’

ਭਾਰਤੀ ਫੌਜ ਦੀ ਸਪੈਸ਼ਲ ਫੋਰਸ ਹੀ ਨਹੀਂ ਦੁਨੀਆ ਦੀ ਕਿਸੇ ਵੀ ਸਪੈਸ਼ਲ ਫੋਰਸ ਵਿੱਚ ਇਸ ਤਰ੍ਹਾਂ ਦੇ ਮਿਸ਼ਨ ਵਿੱਚ ਭਾਵਨਾਤਮਕ ਸੈਨਿਕਾਂ ਨੂੰ ਸ਼ਾਮਲ ਕਰਨ ਤੋਂ ਬਚਿਆ ਜਾਂਦਾ ਹੈ।

ਕਿਉਂਕਿ ਮਿਸ਼ਨ ਦੇ ਦੌਰਾਨ ਭਾਵਨਾਵਾਂ ਦੇ ਵੇਗ ਵਿੱਚ ਆ ਕੇ ਫੌਜੀ ਆਪਣੀ ਅਤੇ ਆਪਣੇ ਸਾਥੀਆਂ ਦੀ ਜਾਨ ਜੋਖਿਮ ਵਿੱਚ ਪਾ ਸਕਦਾ ਹੈ।

ਇਹ ਸਾਰੇ ਮਿਸ਼ਨ ਬੇਹੱਦ ''''ਓਬਜੈਕਟਿਵ ਅਤੇ ਪ੍ਰਿਸਿਜ਼ਨ ਫੋਕਸਡ’ ਹੁੰਦੇ ਹਨ।

ਤਾਂ ਕੀ ਫਿਲਮੀ ਕਿਰਦਾਰ ਵਿਹਾਨ ਸ਼ੇਰਗਿਲ ਇਹ ਸੰਵਾਦ ਆਪਣੇ ਪੈਰਾ ਟਰੂਪਰਜ਼ ਦੇ ਨਾਲ ਕਰਦਾ ਹੈ ਜਾਂ ਸਿਨਮਾ ਹਾਲ ਵਿੱਚ ਬੈਠੇ ਦਰਸ਼ਕਾਂ ਦੇ ਨਾਲ।

ਉਰੀ-ਦਿ ਸਰਜੀਕਲ ਸਟਰਾਈਕ
Getty Images
ਸੰਕੇਤਕ ਤਸਵੀਰ

ਮਸ਼ਹੂਰ ਲੇਖਕ ਅਤੇ ਸਮਾਜਿਕ ਮਨੋਵਿਗਿਆਨਕ ਆਸ਼ੀਸ਼ ਨੰਦੀ ਇਸ ਸਵਾਲ ਦਾ ਜਵਾਬ ਦਿੰਦੇ ਹਨ।

ਉਹ ਕਹਿੰਦੇ ਹਨ, ‘‘ਤੁਹਾਡਾ ਇਤਰਾਜ਼ ਬਿਲਕੁਲ ਠੀਕ ਹੈ। ਅਜਿਹਾ ਨਹੀਂ ਹੁੰਦਾ ਹੈ। ਇਹ ਇੱਕ ਤਰ੍ਹਾਂ ਨਾਲ ਭਾਰਤ ਨਹੀਂ, ਪਾਰਟੀ ਦੇ ਪ੍ਰਤੀ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਹੈ ਕਿ ਜੋ ਸਬਕ ਸਿਖਾਉਣ ਜਾ ਰਹੇ ਹਨ ਅਤੇ ਬਦਲਾ ਲੈਣ ਜਾ ਰਹੇ ਹਨ, ਉਹ ਅਸਲੀ ਭਾਰਤੀ ਹਨ, ਬਾਕੀ ਲੋਕ ਨਹੀਂ।’’

ਨਾਲ ਹੀ, ਫਿਲਮਾਂ ਵਿੱਚ ਪਾਤਰਾਂ ਨੂੰ ਘਿਸੇ-ਪਿਟੇ ਤਰੀਕੇ ਨਾਲ ਦਿਖਾਉਣ ’ਤੇ ਨੰਦੀ ਕਹਿੰਦੇ ਹਨ, ‘‘ਇੱਕ ਭਾਵਨਾ ਦੇ ਰੂਪ ਵਿੱਚ ਨਫ਼ਰਤ ਵਿੱਚ ਲੋਕਾਂ ਨੂੰ ਖਿੱਚਣ ਦੀ ਤਾਕਤ ਪਿਆਰ ਤੋਂ ਕਿਧਰੇ ਜ਼ਿਆਦਾ ਹੁੰਦੀ ਹੈ ਕਿਉਂਕਿ ਰੁਮਾਂਟਿਕ ਪਿਆਰ ਸਿਰਫ਼ ਹੀਰੋ ਅਤੇ ਹੀਰੋਇਨ ਦੇ ਵਿਚਕਾਰ ਹੋ ਸਕਦਾ ਹੈ, ਪਰ ਨਫ਼ਰਤ ਸਮੂਹਿਕ ਭਾਵਨਾ ਹੋ ਸਕਦੀ ਹੈ।”

“ਇਹ ਲੁਕਵੇਂ ਢੰਗ ਨਾਲ ਸਾਹਮਣੇ ਆਉਂਦੀ ਹੈ ਕਿਉਂਕਿ ਸਿੱਧੇ ਸਾਹਮਣੇ ਆਉਣ ’ਤੇ ਉਹ ਸੈਂਸਰ ਬੋਰਡ ਦੀ ਪ੍ਰਵਾਨਗੀ ਨਹੀਂ ਪ੍ਰਾਪਤ ਕਰ ਸਕੇਗੀ। ਯੁੱਧ ’ਤੇ ਬਣੀ ਕਿਸੇ ਫਿਲਮ ਵਿੱਚ ਯੁੱਧ ਵਿਰੋਧੀ ਭਾਵਨਾਵਾਂ ਨਹੀਂ ਹੁੰਦੀਆਂ। ਭਾਰਤ ਵਿੱਚ ‘ਆਲ ਕਵਾਇਟ ਔਨ ਦਿ ਵੈਸਟਰਨ ਫਰੰਟ’ ਵਰਗੀਆਂ ਮਸ਼ਹੂਰ ਐਂਟੀਵਾਰ ਫਿਲਮਾਂ ਨਜ਼ਰ ਨਹੀਂ ਆਉਂਦੀਆਂ। ਜਪਾਨ ਵਿੱਚ ਵੀ ਐਂਟੀ ਵਾਰ ਫਿਲਮਾਂ ਬਣੀਆਂ ਹਨ।’’

ਕੀ ਇਹ ਸਭ ਕੁਝ ਚਿੰਤਾਜਨਕ ਹੈ?

ਆਸ਼ੀਸ਼ ਨੰਦੀ ਅਤੇ ਸ਼ਿਆਮ ਬੈਨੇਗਲ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਾ ਲੈਣ ’ਤੇ ਜ਼ੋਰ ਦਿੰਦੇ ਨਜ਼ਰ ਆਉਂਦੇ ਹਨ।

ਸ਼ਿਆਮ ਬੈਨੇਗਲ ਕਹਿੰਦੇ ਹਨ, ‘‘ਇੱਕ ਦੌਰ ਸੀ ਜਦੋਂ ਸਿੱਖ ਭਾਈਚਾਰੇ ਦੇ ਆਲੇ-ਦੁਆਲੇ ਚੁਟਕਲੇ ਬੁਣੇ ਜਾਂਦੇ ਸਨ। ਪਰ ਹੌਲੀ-ਹੌਲੀ ਉਹ ਘੱਟ ਹੁੰਦੇ ਗਏ। ਚੁਟਕਲਿਆਂ ਵਿੱਚ ਕਮੀ ਆਉਣ ਦੇ ਨਾਲ ਹੀ ਸਿੱਖ ਭਾਈਚਾਰਾ ਆਰਥਿਕ ਰੂਪ ਨਾਲ ਮਜ਼ਬੂਤ ਹੋਇਆ ਹੈ।"

"ਅਜਿਹੇ ਵਿੱਚ ਜਿਵੇਂ-ਜਿਵੇਂ ਕਿਸੇ ਸਮਾਜ ਦੀ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ, ਉਸ ਤਰ੍ਹਾਂ ਹੀ ਉਸ ਨੂੰ ਦਿਖਾਉਣ ਦਾ ਢੰਗ ਸੁਧਰਦਾ ਜਾਂਦਾ ਹੈ ਕਿਉਂਕਿ ਆਰਥਿਕ ਰੂਪ ਨਾਲ ਮਜ਼ਬੂਤ ਸਮਾਜ ਆਪਣਾ ਪੱਖ ਮਜ਼ਬੂਤੀ ਨਾਲ ਰੱਖ ਸਕਦੇ ਹਨ।’’

ਇਸ ਦੇ ਨਾਲ ਹੀ ਉਹ ਕਹਿੰਦੇ ਹਨ, ‘‘ਮੇਰੀ ਨਿੱਜੀ ਧਾਰਨਾ ਇਹ ਹੈ ਕਿ ਕਿਸੇ ਨੂੰ ਇਨ੍ਹਾਂ ਚੀਜ਼ਾਂ ਦੇ ਬਾਰੇ ਵਿੱਚ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਪੱਖਪਾਤ ਰਹਿਣਗੇ ਅਤੇ ਲੋਕ ਆਪਣੇ ਹਿਸਾਬ ਨਾਲ ਕੰਮ ਕਰਦੇ ਰਹਿਣਗੇ। ਫਿਲਮ ਮੇਕਰ ਇਨ੍ਹਾਂ ਪੱਖਪਾਤ ਵਾਲੀਆਂ ਭਾਵਨਾਵਾਂ ਦਾ ਫਾਇਦਾ ਚੁੱਕ ਕੇ ਕਮਾਈ ਕਰ ਸਕਦੇ ਹਨ। "

"ਪਰ ਜਦੋਂ ਤੱਕ ਇਨ੍ਹਾਂ ਚੀਜ਼ਾਂ ਨਾਲ ਸਮਾਜ ਦੀ ਬਣਤਰ ਵਿੱਚ ਬੁਨਿਆਦੀ ਤਬਦੀਲੀ ਨਹੀਂ ਆਉਂਦੀ। ਜੇਕਰ ਕੋਈ ਚੀਜ਼ ਸਮਾਜਿਕ ਸ਼ਾਂਤੀ ਭੰਗ ਨਹੀਂ ਕਰਦੀ ਹੈ ਤਾਂ ਲੋਕਾਂ ਨੂੰ ਇਸ ਬਾਰੇ ਚਿੰਤਾ ਕਿਉਂ ਕਰਨੀ ਚਾਹੀਦੀ ਹੈ।’’

ਆਸ਼ੀਸ਼ ਨੰਦੀ ਵੀ ਮੰਨਦੇ ਹਨ ਕਿ ਇਹ ਕੁਝ ਸਮੇਂ ਦਾ ਰੁਝਾਨ ਹੈ। ਸ਼ਾਇਦ ਸਮਾਜ ਦੇ ਰੁਝਾਨ ਵਿੱਚ ਤਬਦੀਲੀ ਆਉਣ ’ਤੇ ਸਿਨਮਾ ਦਾ ਰਵੱਈਆ ਅਤੇ ਸ਼ੈਲੀ ਬਦਲੇ।

ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ

  • ਬੀਬੀਸੀ ਨੇ ਅੰਕੜੇ ਇਕੱਠੇ ਕਰਨ ਅਤੇ ਉਨ੍ਹਾਂ ਦੇ ਵਿਸ਼ਲੇਸ਼ਣ ਲਈ ਇਸ ਪ੍ਰਕਿਰਿਆ ਦਾ ਪਾਲਣ ਕੀਤਾ
  • ਫਿਲਮਾਂ ਦੀ ਚੋਣ ਉਨ੍ਹਾਂ ਦੀ ਕਮਾਈ ਦੇ ਆਧਾਰ ’ਤੇ ਕੀਤੀ ਗਈ ਹੈ।
  • ਫਿਲਮਾਂ ਦੀ ਕਮਾਈ ਨਾਲ ਜੁੜੇ ਅੰਕੜੇ ਬੌਲੀਵੁੱਡ ਹੰਗਾਮਾ ਡੌਟ ਕੌਮ ਅਤੇ ਕੋਈ ਮੋਈ ਡੌਟ ਕੌਮ ਤੋਂ ਲਏ ਗਏ ਹਨ।
  • ਹਰੇਕ ਸਾਲ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀਆਂ ਪਹਿਲੀਆਂ ਤਿੰਨ ਫਿਲਮਾਂ ਨੂੰ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਹੈ।
  • ਇਸ ਅਧਿਐਨ ਦਾ ਦਾਇਰਾ 1992 ਤੋਂ 2022 ਤੱਕ ਹੈ।
  • ਕੁੱਝ ਸਾਲਾਂ ਵਿੱਚ ਬੌਲੀਵੁੱਡ ਹੰਗਾਮਾ ਅਤੇ ਕੋਈ ਮੋਈ ਡੌਟ ਕੌਮ ਦੀਆਂ ਸਿਖਰਲੀਆਂ ਤਿੰਨ ਫਿਲਮਾਂ ਸਮਾਨ ਨਹੀਂ ਪਾਈਆਂ ਗਈਆਂ। ਅਜਿਹੇ ਵਿੱਚ ਜੋ ਫਿਲਮਾਂ ਅਲੱਗ ਸਨ, ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਗਿਆ।
  • ਫਿਲਮਾਂ ਦੀ ਚੋਣ ਦੇ ਬਾਅਦ ਇਨ੍ਹਾਂ ਦੇ ਕਿਰਦਾਰਾਂ ਦੀ ਉਨ੍ਹਾਂ ਦੇ ਨਾਵਾਂ ਅਤੇ ਚਿਤਰਣ ਦੇ ਆਧਾਰ ’ਤੇ ਪਛਾਣ ਸਥਾਪਿਤ ਕੀਤੀ ਗਈ ਜਿਸ ਦੇ ਬਾਅਦ ਉਨ੍ਹਾਂ ਦੀ ਗਣਨਾ (ਕਵਾਂਟਿਟੇਟਿਵ ਐਨਾਲਿਸਿਸ) ਕੀਤੀ ਗਈ।
  • ਇਸ ਦੇ ਬਾਅਦ ਇਨ੍ਹਾਂ ਸਾਰੇ ਕਿਰਦਾਰਾਂ ਦੀਆਂ ਭੂਮਿਕਾਵਾਂ, ਉਨ੍ਹਾਂ ਦੇ ਸੰਵਾਦਾਂ ਅਤੇ ਉਨ੍ਹਾਂ ਨੂੰ ਦਿਖਾਏ ਜਾਣ ਦੇ ਢੰਗ ਦੇ ਆਧਾਰ ’ਤੇ ਕਵਾਲਿਟੇਟਿਵ ਐਨਾਲਿਸਿਸ ਕੀਤਾ ਗਿਆ।
  • ਇਸ ਦੇ ਬਾਅਦ ਇਨ੍ਹਾਂ ਸਾਰੇ ਕਿਰਦਾਰਾਂ ਦੀਆਂ ਭੂਮਿਕਾਵਾਂ ਅਤੇ ਉਨ੍ਹਾਂ ਨੂੰ ਦਿਖਾਏ ਜਾਣ ਦਾ ਢੰਗ ਸਮਝਣ ਲਈ ਕਵਾਲਿਟੇਟਿਵ ਐਨਾਲਿਸਿਸ ਕੀਤਾ ਗਿਆ।
  • ਕਵਾਲਿਟੇਟਿਵ ਐਨਾਲਿਸਿਸ ਦੀ ਪ੍ਰਕਿਰਿਆ ਵਿੱਚ ਇਨ੍ਹਾਂ ਫਿਲਮਾਂ ਨੂੰ ਵਿਸਤਾਰ ਨਾਲ ਦੇਖਿਆ ਵੀ ਗਿਆ ਤਾਂ ਕਿ ਇਨ੍ਹਾਂ ਦੇ ਕਿਰਦਾਰਾਂ, ਉਨ੍ਹਾਂ ਨੂੰ ਦਿਖਾਏ ਜਾਣ ਦੇ ਢੰਗ ਅਤੇ ਉਨ੍ਹਾਂ ਦੇ ਸੰਵਾਦਾਂ ਨੂੰ ਗਹਿਰਾਈ ਨਾਲ ਦੇਖਿਆ ਜਾ ਸਕੇ।
  • ਇਸ ਅਧਿਐਨ ਨਾਲ ਜੁੜੇ ਅੰਕੜਿਆਂ ਨੂੰ ਇਕੱਤਰ ਕਰਨ ਅਤੇ ਉਨ੍ਹਾਂ ਦੇ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ ਵਿੱਚ ਪੂਰੀ ਸਾਵਧਾਨੀ ਵਰਤੀ ਗਈ ਹੈ। ਹਾਲਾਂਕਿ, ਕੁਝ ਤਰੁੱਟੀਆਂ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News