ਰੈੱਡ-ਵਾਈਨ ਪੀਣ ਨਾਲ ਸਿਰ ਦਰਦ ਕਿਉਂ ਹੁੰਦਾ ਹੈ
Sunday, Nov 26, 2023 - 07:49 PM (IST)


ਕੁਝ ਲੋਕਾਂ ਨੂੰ ਰੈੱਡ ਵਾਈਨ ਦਾ ਛੋਟਾ ਜਿਹਾ ਗਿਲਾਸ ਪੀਣ ਤੋਂ ਬਾਅਦ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ। ਹਾਲਾਂਕਿ ਹੋਰ ਕਿਸਮਾਂ ਦੀ ਸ਼ਰਾਬ ਦਾ ਸੇਵਨ ਕਰਨ ਨਾਲ ਅਜਿਹਾ ਨਹੀਂ ਹੁੰਦਾ।
ਅਮਰੀਕੀ ਖੋਜਕਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਬਾਰੇ ਖੋਜ ਕੀਤੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਦੀ ਟੀਮ ਦਾ ਕਹਿਣਾ ਹੈ ਕਿ ਅਜਿਹਾ ਲਾਲ ਰੰਗ ਦੇ ਅੰਗੂਰਾਂ ਵਿਚਲੇ ਇੱਕ ਮਿਸ਼ਰਣ ਦੇ ਕਾਰਨ ਹੁੰਦਾ ਹੈ ਜੋ ਇਸ ਨਾਲ ਗੜਬੜ ਕਰ ਸਕਦਾ ਹੈ ਕਿ ਸਰੀਰ ਅਲਕੋਹਲ ਨੂੰ ਕਿਸ ਤਰ੍ਹਾਂ ਪ੍ਰੋਸੈਸ (ਮੈਟਾਬੋਲਾਈਜ਼) ਕਰਦਾ ਹੈ।
ਮਿਸ਼ਰਣ ਇੱਕ ਐਂਟੀਆਕਸੀਡੈਂਟ ਜਾਂ ਫਲੇਵਾਨੋਲ ਹੁੰਦਾ ਹੈ ਜਿਸ ਨੂੰ ਕੁਇਰਸੇਟਿਨ (ਪਾਚਣ ਸ਼ਕਤੀ ਨੂੰ ਮਜ਼ਬੂਤ ਕਰਨ ਲਈ) ਕਿਹਾ ਜਾਂਦਾ ਹੈ।
ਉਹ ਕਹਿੰਦੇ ਹਨ ਧੁੱਪ ਵਾਲੀ ਨਾਪਾ ਵੈਲੀ ਤੋਂ ਕੇਬਰਨੇਟਸ ਵੱਡੀ ਮਾਤਰਾ ਵਿੱਚ ਹੁੰਦੇ ਹਨ।

ਉੱਚ-ਗੁਣਵੱਤਾ ਵਾਲੇ ਅੰਗੂਰ
ਲਾਲ ਅੰਗੂਰ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਨਾਲ ਵਧੇਰੇ ਕੁਇਰਸੇਟਿਨ ਬਣਾਉਂਦੇ ਹਨ।
ਇੱਕ ਖੋਜਕਾਰ ਪ੍ਰੋਫ਼ੈਸਰ ਐਂਡਰਿਊ ਵਾਟਰਹਾਊਸ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਇਸ ਦਾ ਮਤਲਬ ਹੈ ਕਿ ਸਸਤੀ ਦੀ ਥਾਂ ਵੱਧ ਮਹਿੰਗੀਆਂ ਰੈੱਡ ਵਾਈਨਜ਼, ਸਿਰ ਦਰਦ ਵਾਲੇ ਲੋਕਾਂ ਲਈ ਬਦਤਰ ਹੁੰਦੀਆਂ ਹਨ।
ਉਨ੍ਹਾਂ ਨੇ ਕਿਹਾ, "ਸਸਤੇ ਅੰਗੂਰ ਦੀਆਂ ਕਿਸਮਾਂ ਨੂੰ ਬਹੁਤ ਵੱਡੀਆਂ ਛੱਤਰੀਆਂ ਅਤੇ ਬਹੁਤ ਸਾਰੇ ਪੱਤਿਆਂ ਵਾਲੀਆਂ ਵੇਲ੍ਹਾਂ ''''ਤੇ ਉਗਾਇਆ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਜ਼ਿਆਦਾ ਧੁੱਪ ਨਹੀਂ ਮਿਲਦੀ।"
“ਜਦੋਂ ਕਿ ਉੱਚ-ਗੁਣਵੱਤਾ ਵਾਲੇ ਅੰਗੂਰ ਘੱਟ ਪੱਤਿਆਂ ਵਾਲੀਆਂ ਛੋਟੀਆਂ ਵੇਲ੍ਹਾਂ ਤੋਂ ਆਉਂਦੇ ਹਨ। ਵਾਈਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਧੁੱਪ ਦੀ ਮਾਤਰਾ ਦਾ ਬਹੁਤ ਧਿਆਨ ਨਾਲ ਪ੍ਰਬੰਧ ਕੀਤਾ ਜਾਂਦਾ ਹੈ।’’
ਹਾਲਾਂਕਿ, ਹੋਰ ਲੋਕਾਂ ਨੂੰ ਖ਼ਦਸ਼ੇ ਹਨ।
ਲੰਡਨ ਦੀ ਕੁਈਨ ਮੈਰੀ ਯੂਨੀਵਰਸਿਟੀ ਦੇ ਪ੍ਰਯੋਗਾਤਮਕ ਵਿਭਾਗ ਦੇ ਮਾਹਿਰ ਪ੍ਰੋ. ਰੋਜਰ ਕੋਰਡਰ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸਸਤੀਆਂ ਵਾਈਨ ਸਿਰ ਦਰਦ ਲਈ ਬਦਤਰ ਸਨ, ਇਸ ਲਈ ਛੋਟੇ ਪੱਧਰ ਵਾਲੀਆਂ ਵੱਡੀਆਂ ਮਾਰਕਿਟਾਂ ਵਿੱਚ ਰੈੱਡ ਵਾਈਨ ਬਣਾਉਣ ਵਿੱਚ ਵਰਤੇ ਜਾਣ ਵਾਲੇ ਕੁਝ ਪਦਾਰਥਾਂ ਨੂੰ ਸਮਝਣਾ ਵਧੇਰੇ ਜਾਣਕਾਰੀ ਭਰਪੂਰ ਹੋ ਸਕਦਾ ਹੈ।
ਸੰਭਾਵੀ ਕਾਰਨ
ਰੈੱਡ-ਵਾਈਨ ਕਾਰਨ ਸਿਰ ਦਰਦ ਨੂੰ ਸਮਝਣ ਲਈ ਕਈ ਥਿਊਰੀਆਂ ਨੂੰ ਅੱਗੇ ਰੱਖਿਆ ਗਿਆ ਹੈ। ਥੋੜ੍ਹੀ ਜਿਹੀ ਮਾਤਰਾ ਵਿੱਚ ਰੈੱਡ-ਵਾਈਨ ਪੀਣ ਦੇ 30 ਮਿੰਟਾਂ ਦੇ ਅੰਦਰ ਵੀ ਸਿਰ ਦਰਦ ਹੋ ਸਕਦਾ ਹੈ।
ਕਈਆਂ ਨੇ ਸੁਝਾਅ ਦਿੱਤਾ ਹੈ ਕਿ ਇਸ ਦਾ ਕਾਰਨ ਸਲਫਾਈਟ (ਤੇਜ਼ਾਬ) ਹੋ ਸਕਦਾ ਹੈ, ਜੋ ਕਿ ਵਾਈਨ ਨੂੰ ਲੰਬੇ ਸਮੇਂ ਲਈ ਅਤੇ ਤਾਜ਼ਾ ਰੱਖਣ ਲਈ ਪ੍ਰਜ਼ਰਵੇਟਿਵ ਹੈ।
ਹਾਲਾਂਕਿ, ਆਮ ਤੌਰ ''''ਤੇ ਰੈੱਡ-ਵਾਈਨ ਦੇ ਮੁਕਾਬਲੇ ਮਿੱਠੀ ਵ੍ਹਾਈਟ ਵਾਈਨ ਵਿੱਚ ਸਲਫਾਈਟ ਦੀ ਮਾਤਰਾ ਵਧੇਰੇ ਹੁੰਦੀ ਹੈ।
ਕੁਝ ਲੋਕਾਂ ਨੂੰ ਸਲਫਾਈਟ ਤੋਂ ਐਲਰਜੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਸਲਫਾਈਟ ਸਿਰ ਦਰਦ ਲਈ ਜ਼ਿੰਮੇਵਾਰ ਹੈ।
ਇੱਕ ਹੋਰ ਸੰਭਾਵਿਤ ਕਾਰਨ ਹਿਸਟਾਮਾਈਨ ਹੈ, ਉਹ ਸਮੱਗਰੀ ਜੋ ਵ੍ਹਾਈਟ ਜਾਂ ਰੋਜ਼ ਨਾਲੋਂ ਰੈੱਡ ਵਾਈਨ ਵਿੱਚ ਵਧੇਰੇ ਆਮ ਹੁੰਦੀ ਹੈ।
ਹਿਸਟਾਮਾਈਨ ਸਰੀਰ ਵਿੱਚ ਖ਼ੂਨ ਦੀਆਂ ਨਾੜੀਆਂ ਨੂੰ ਫੈਲਾ ਸਕਦੀ ਹੈ, ਜਿਸ ਨਾਲ ਸਿਰ ਦਰਦ ਹੋ ਸਕਦਾ ਹੈ। ਪਰ ਇਸ ਲਈ ਪੁਖਤਾ ਸਬੂਤ ਦੀ ਘਾਟ ਹੈ।

ਜ਼ਹਿਰੀਲੇ ਤੱਤ
ਮਾਹਰ ਜਾਣਦੇ ਹਨ ਕਿ ਪੂਰਬੀ ਏਸ਼ੀਆ ਦੇ ਤਿੰਨ ਵਿੱਚੋਂ ਇੱਕ ਵਿਅਕਤੀ ਤੋਂ ਵੱਧ ਕਿਸੇ ਵੀ ਕਿਸਮ ਦੀ ਅਲਕੋਹਲ, ਬੀਅਰ, ਵਾਈਨ ਅਤੇ ਸਪਿਰਿਟ ਪ੍ਰਤੀ ਅਸਹਿਣਸ਼ੀਲ ਹਨ ਅਤੇ ਜਦੋਂ ਉਹ ਪੀਂਦੇ ਹਨ ਤਾਂ ਚਿਹਰੇ ਦੇ ਲਾਲ ਹੋਣ, ਸਿਰ ਦਰਦ ਅਤੇ ਜੀਅ ਕੱਚਾ ਹੋਣ ਵਾਲਾ ਅਨੁਭਵ ਹੋਵੇਗਾ।
ਅਜਿਹਾ ਇੱਕ ਜੀਨ ਕਾਰਨ ਹੈ ਜੋ ਪ੍ਰਭਾਵਿਤ ਕਰਦਾ ਹੈ ਕਿ ਏਐੱਲਡੀਐੱਚ2 (ALDH2) ਜਾਂ ਐਲਡੀਹਾਈਡ ਡੀਹਾਈਡ੍ਰੋਜਨੇਸ ਨਾਮਕ ਇੱਕ ਅਲਕੋਹਲ-ਮੈਟਾਬੋਲਾਈਜ਼ਿੰਗ ਐਂਜ਼ਾਈਮ ਕਿੰਨੀ ਚੰਗੀ ਤਰ੍ਹਾਂ ਕੰਮ ਕਰਦਾ ਹੈ।
ਅਲਕੋਹਲ ਸਰੀਰ ਵਿੱਚ ਦੋ ਪੜਾਵਾਂ ਵਿੱਚ ਟੁੱਟਦਾ ਹੈ - ਇਹ ਐਸੀਟਾਲਡੀਹਾਈਡ ਨਾਮਕ ਇੱਕ ਜ਼ਹਿਰੀਲੇ ਮਿਸ਼ਰਣ ਵਿੱਚ ਬਦਲ ਜਾਂਦਾ ਹੈ, ਜੋ ALDH2 ਫਿਰ ਨੁਕਸਾਨ ਰਹਿਤ ਐਸੀਟੇਟ, ਮੂਲ ਰੂਪ ਵਿੱਚ ਸਿਰਕੇ ਵਿੱਚ ਬਦਲ ਜਾਂਦਾ ਹੈ।
ਜੇ ਅਜਿਹਾ ਨਹੀਂ ਹੁੰਦਾ ਤਾਂ ਨੁਕਸਾਨਦੇਹ ਐਸੀਟਾਲਡੀਹਾਈਡ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਲੱਛਣ ਪੈਦਾ ਹੁੰਦੇ ਹਨ।
ਖੋਜਕਾਰ ਕਹਿੰਦੇ ਹਨ ਕਿ ਅਜਿਹਾ ਹੀ ਕੁਝ ਰੈੱਡ-ਵਾਈਨ ਕਾਰਨ ਸਿਰ ਦਰਦ ਵਿੱਚ ਹੁੰਦਾ ਹੈ।
ਉਨ੍ਹਾਂ ਨੇ ਪ੍ਰਯੋਗਸ਼ਾਲਾ ਵਿੱਚ ਦਿਖਾਇਆ ਕਿ ਕੁਇਰਸੇਟਿਨ ਅਸਿੱਧੇ ਤੌਰ ''''ਤੇ ਏਐੱਲਡੀਐੱਚ2 ਦੀ ਕਿਰਿਆ ਨੂੰ ਇਸ ਦੇ ਆਪਣੇ ਇੱਕ ਮੈਟਾਬੋਲਾਈਟਸ ਰਾਹੀਂ ਰੋਕ ਸਕਦਾ ਹੈ।

''''ਸਾਡੇ ਨਾਲ ਜੁੜੇ ਰਹੋ''''

ਖੋਜਕਾਰਾਂ ਮੁਤਾਬਕ ਕੁਇਰਸੇਟਿਨ ਸਿਰਫ਼ ਉਦੋਂ ਹੀ ਸਮੱਸਿਆ ਬਣਦਾ ਹੈ ਜਦੋਂ ਅਲਕੋਹਲ ਨਾਲ ਮਿਲਾਇਆ ਜਾਂਦਾ ਹੈ।
ਇਨ੍ਹਾਂ ਖੋਜਕਾਰਾਂ ਨੇ ਆਪਣੇ ਕੰਮ ਲਈ ਕਰਾਊਡ ਫੰਡਿੰਗ ਕੀਤੀ ਅਤੇ ਹੁਣ ਜਰਨਲ ਵਿੱਚ ਖੋਜਾਂ ਨੂੰ ਪ੍ਰਕਾਸ਼ਿਤ ਕੀਤਾ ਹੈ।
ਕੁਇਰਸੇਟਿਨ ਕਈ ਹੋਰ ਫ਼ਲਾਂ ਅਤੇ ਸਬਜ਼ੀਆਂ ਵਿੱਚ ਵੀ ਪਾਇਆ ਜਾਂਦਾ ਹੈ ਅਤੇ ਇਸ ਦੇ ਲਾਭਕਾਰੀ ਐਂਟੀ-ਇਨਫਲੇਮੇਟਰੀ ਗੁਣਾਂ ਕਾਰਨ ਇੱਕ ਸਿਹਤ ਪੂਰਕ ਵਜੋਂ ਵੀ ਉਪਲਬਧ ਹੈ ਅਤੇ ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ ਇਹ ਆਪਣੇ ਆਪ ਸਿਰ ਦਰਦ ਦਾ ਕਾਰਨ ਬਣਦਾ ਹੈ।
ਖੋਜਕਾਰਾਂ ਨੂੰ ਅਜੇ ਵੀ ਲੋਕਾਂ ਵਿੱਚ ਆਪਣੇ ਸਿਧਾਂਤ ਨੂੰ ਸਾਬਤ ਕਰਨ ਦੀ ਲੋੜ ਹੈ ਅਤੇ ਕਹਿੰਦੇ ਹਨ ਕਿ ਇੱਕ ਸਧਾਰਨ ਪ੍ਰਯੋਗ ਇਹ ਹੋ ਸਕਦਾ ਹੈ ਕਿ ਰੈੱਡ-ਵਾਈਨ ਸਿਰ ਦਰਦ ਦੇ ਸ਼ਿਕਾਰ ਵਾਲੰਟੀਅਰਾਂ ਨੂੰ ਵੋਡਕਾ ਦੇ ਇੱਕ ਸਟੈਂਡਰਡ ਡਰਿੰਕ ਦੇ ਨਾਲ ਇੱਕ ਕੁਇਰਸੇਟਿਨ ਸਪਲੀਮੈਂਟ ਜਾਂ ਇੱਕ ਡਮੀ ਗੋਲੀ ਦਿੱਤੀ ਜਾਵੇ।
ਸਹਿ-ਲੇਖਕ ਪ੍ਰੋ. ਮੋਰਿਸ ਲੇਵਿਨ ਨੇ ਕਿਹਾ, "ਅੰਤ ਵਿੱਚ ਅਸੀਂ ਇਸ ਹਜ਼ਾਰ ਸਾਲ ਪੁਰਾਣੇ ਰਹੱਸ ਨੂੰ ਸਮਝਾਉਣ ਲਈ ਸਹੀ ਰਸਤੇ ''''ਤੇ ਹਾਂ। ਅਗਲਾ ਕਦਮ ਵਿਗਿਆਨਕ ਤੌਰ ''''ਤੇ ਉਨ੍ਹਾਂ ਲੋਕਾਂ ''''ਤੇ ਟੈਸਟ ਕਰਨਾ ਹੈ ਜਿਨ੍ਹਾਂ ਵਿੱਚ ਸਿਰ ਦਰਦ ਦੀ ਸ਼ਿਕਾਇਤ ਹੈ। ਇਸ ਲਈ ਸਾਡੇ ਨਾਲ ਜੁੜੇ ਰਹੋ।"

ਪ੍ਰੋ. ਮੋਰਿਸ ਲੇਵਿਨ ਨਿਊਰੋਲੋਜੀ ਮਾਹਰ ਅਤੇ ਸੈਨ ਫਰਾਂਸਿਸਕੋ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਸਿਰ ਦਰਦ ਕੇਂਦਰ ਦੇ ਨਿਰਦੇਸ਼ਕ ਹਨ।
ਉਹ ਕੁਝ ਮਹੀਨਿਆਂ ਵਿੱਚ ਇਹ ਅਧਿਐਨ ਸ਼ੁਰੂ ਕਰਨ ਦੀ ਉਮੀਦ ਕਰਦੇ ਹਨ।
ਪ੍ਰੋਫ਼ੈਸਰ ਕੋਰਡਰ ਨੇ ਵਾਈਨ ਦੇ ਸੰਭਾਵੀ ਸਿਹਤ ਲਾਭਾਂ ਦਾ ਅਧਿਐਨ ਕੀਤਾ ਹੈ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਸਿਰ ਦਰਦ ਦਾ ਕਾਰਨ ਬਣਨ ਵਾਲੇ ਹੋਰ ਤੱਤਾਂ ਨੂੰ ਖੋਜਣ ਦੀ ਲੋੜ ਹੈ।
- ਪੈਕਟੀਨੇਸ ਐਂਥੋਸਾਇਨਿਨਸ ਦੀ ਰਿਹਾਈ ਨੂੰ ਤੇਜ਼ ਕਰਦੇ ਹਨ, ਜੋ ਕਿ ਰਵਾਇਤੀ ਵਾਈਨ ਬਣਾਉਣ ਦੀਆਂ ਹੌਲੀ-ਹੌਲੀ ਮੈਕਰੇਸ਼ਨ ਪ੍ਰਕਿਰਿਆਵਾਂ ਤੋਂ ਬਿਨਾਂ, ਰੰਗ ਰੀਲੀਜ਼ ਕਰਕੇ ਵਾਈਨ ਬਣਾਉਣ ਦੀ ਗਤੀ ਨੂੰ ਤੇਜ਼ ਕਰਦੇ ਹਨ, ਪਰ ਇਹ ਮਿਥਾਈਲਹਾਈਡ੍ਰੋਲੇਸ ਹਨ ਅਤੇ ਉਨ੍ਹਾਂ ਦੀ ਗਤੀਵਿਧੀ ਦਾ ਇੱਕ ਅਲਹਿਦਾ ਉਤਪਾਦ ਮੀਥੇਨੌਲ ਉਤਪਾਦਨ ਹੈ।
- ਬਹੁਤ ਜ਼ਿਆਦਾ ਪੀਣਾ, ਜਲਦੀ ਪੀਣਾ ਜਾਂ ਸ਼ਰਾਬੀ ਹੋਣ ਲਈ ਪੀਣ ਨਾਲ ਥੋੜ੍ਹੇ ਅਤੇ ਲੰਬੇ ਸਮੇਂ ਦੇ ਸਿਹਤ ਲਈ ਗੰਭੀਰ ਨਤੀਜੇ ਹੋ ਸਕਦੇ ਹਨ।
- ਨਿਯਮਿਤ ਤੌਰ ''''ਤੇ ਹਫ਼ਤੇ ਵਿਚ 14 ਯੂਨਿਟ ਤੋਂ ਵੱਧ ਪੀਣਾ, ਔਸਤ-ਸ਼ਕਤੀ ਵਾਲੀ ਬੀਅਰ ਦੇ ਲਗਭਗ ਛੇ ਪਾਈਂਟ ਜਾਂ ਘੱਟ-ਸ਼ਕਤੀ ਵਾਲੀ ਵਾਈਨ ਦੇ 10 ਛੋਟੇ ਗਲਾਸ, ਅਲਕੋਹਲ ਦੀ ਕਿਸਮ ਮਾਅਨੇ ਨਹੀਂ ਰੱਖਦੀ, ਇਹ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਸਟ੍ਰੋਕ ਤੇ ਦਿਲ ਸਮੇਤ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
- ਸ਼ਰਾਬ ਸੱਤ ਵੱਖ-ਵੱਖ ਕਿਸਮਾਂ ਦੇ ਕੈਂਸਰ ਦਾ ਕਾਰਨ ਬਣਦੀ ਹੈ। ਹਰ ਡਰਿੰਕ ਪੀਣ ਨਾਲ ਜੋਖ਼ਮ ਵਧਦਾ ਹੈ।
- 10 ਵਿੱਚੋਂ ਇੱਕ ਛਾਤੀ ਦੇ ਕੈਂਸਰ ਦਾ ਕੇਸ ਸ਼ਰਾਬ ਪੀਣ ਕਾਰਨ ਹੁੰਦਾ ਹੈ - ਯੂਕੇ ਵਿੱਚ ਪੂਰੇ ਸਾਲ ਵਿੱਚ 4400 ਅਜਿਹੇ ਕੇਸ ਹੁੰਦੇ ਹਨ।
ਸਰੋਤ - ਕੈਂਸਰ ਰਿਸਰਚ ਯੂਕੇ ਅਤੇ ਨੈਸ਼ਨਲ ਹੈਲਥ ਸਰਵਿਸ
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)