''''ਸ਼ੌਹਰਤ ਬੇਚੈਨ ਕਰਦੀ ਹੈ'''', ਬਾਦਸ਼ਾਹ ਲਈ ਸੰਗੀਤ ਡਿਪਰੈਸ਼ਨ ਤੋਂ ਦੂਰ ਹੋਣ ਦਾ ਸਹਾਰਾ ਕਿਵੇਂ ਬਣਿਆ

Sunday, Nov 26, 2023 - 06:34 PM (IST)

''''ਸ਼ੌਹਰਤ ਬੇਚੈਨ ਕਰਦੀ ਹੈ'''', ਬਾਦਸ਼ਾਹ ਲਈ ਸੰਗੀਤ ਡਿਪਰੈਸ਼ਨ ਤੋਂ ਦੂਰ ਹੋਣ ਦਾ ਸਹਾਰਾ ਕਿਵੇਂ ਬਣਿਆ
ਬਾਦਸ਼ਾਹ
Fb/Badshah
ਬਾਦਸ਼ਾਹ ਕਹਿੰਦੇ ਹਨ, ‘‘ਸ਼ੌਹਰਤ ਬੇਚੈਨ ਕਰਦੀ ਹੈ’’

ਜੇ ਤੁਸੀਂ ਕਿਸੇ ਪਾਰਟੀ ਵਿੱਚ ਗੀਤਾਂ ਉੱਤੇ ਨੱਚ ਰਹੇ ਹੋ ਤਾਂ ਇਹ ਹੋ ਸਕਦਾ ਹੈ ਕਿ ਇਨ੍ਹਾਂ ਗੀਤਾਂ ਵਿੱਚੋਂ ਕੋਈ ਗੀਤ ਬਾਦਸ਼ਾਹ ਦਾ ਹੋਵੇ।

ਗਾਇਕ, ਗੀਤਕਾਰ, ਰੈਪਰ ਤੇ ਸੰਗੀਤਕਾਰ ਬਾਦਸ਼ਾਹ ਦਾ ਲਗਭਗ ਇੱਕ ਦਹਾਕੇ ਤੋਂ ਭਾਰਤੀ ਸੰਗੀਤ ਦੀ ਦੁਨੀਆਂ ਵਿੱਚ ਰਾਜ ਕਾਇਮ ਹੈ।

‘ਅਭੀ ਤੋ ਪਾਰਟੀ ਸ਼ੁਰੂ ਹੁਈ ਹੈ’, ‘ਕਾਲਾ ਚਸ਼ਮਾ’ ਅਤੇ ‘ਬੇਬੀ ਕੋ ਬੇਸ ਪਸੰਦ ਹੈ’ ਉਨ੍ਹਾਂ ਦੇ ਕਈ ਹਿੱਟ ਗੀਤਾਂ ਵਿੱਚੋਂ ਹਨ।

ਉਨ੍ਹਾਂ ਦੇ ਗੀਤਾਂ ਵਿੱਚ ‘ਇਟਸ ਯੁਅਰ ਬੁਆਏ ਬਾਦਸ਼ਾਹ’ ਲਾਈਨ ਦਾ ਇਸਤੇਮਾਲ ਆਮ ਹੈ ਅਤੇ ਤੁਸੀਂ ਸੋਚਦੇ ਹੋਵੋਗੇ ਕਿ ਬਾਦਸ਼ਾਹ ਹਰ ਪਾਰਟੀ ਵਿੱਚ ਖ਼ੁਸ਼ੀਆਂ ਲਿਆਉਣ ਵਾਲਾ ‘ਇੱਕ ਖੁਸ਼ਹਾਲ ਕਲਾਕਾਰ’ ਹੈ।

ਪਰ ਬਾਦਸ਼ਾਹ ਨੇ ਇਹ ਗੱਲ ਮੰਨੀ ਹੈ ਕਿ ਲੋਕਾਂ ਦਾ ਧਿਆਨ ਖਿੱਚਣਾ ਔਖਾ ਹੈ।

ਬਾਦਸ਼ਾਹ
fb/badshah

ਬੀਬੀਸੀ ਏਸ਼ੀਅਨ ਨੈੱਟਵਰਕ ਨਾਲ ਗੱਲਬਾਤ ਦੌਰਾਨ ਬਾਦਸ਼ਾਹ ਨੇ ਦੱਸਿਆ, ‘‘ਤੁਸੀਂ ਮੈਨੂੰ ਕਦੇ ਵੀ ਕਮਰੇ ਦੇ ਵਿਚਾਲੇ ਦੇਖਣ ਦੀ ਥਾਂ ਇੱਕ ਨੁੱਕਰ ਵਿੱਚ ਦੇਖੋਗੇ।’’

‘‘ਮੈਨੂੰ ਇਹ ਗੱਲ ਚੰਗੀ ਲਗਦੀ ਹੈ ਕਿ ਬਹੁਤ ਸਾਰੇ ਲੋਕ ਮੈਨੂੰ ਪਿਆਰ ਕਰਦੇ ਹਨ ਅਤੇ ਮੈਨੂੰ ਪਿਆਰ ਮਹਿਸੂਸ ਹੁੰਦਾ ਹੈ। ਪਰ ਸ਼ੌਹਰਤ ਬੇਚੈਨ ਕਰਦੀ ਹੈ।’’

37 ਸਾਲ ਦੇ ਬਾਦਸ਼ਾਹ ਦੇ ਯੂਕੇ ਆਫ਼ੀਸ਼ੀਅਲ ਏਸ਼ੀਅਨ ਮਿਊਜ਼ਿਕ ਚਾਰਟ ਵਿੱਚ ਕਈ ਹਿੱਟ ਗੀਤ ਹਨ ਅਤੇ 25 ਨਵੰਬਰ ਨੂੰ ਉਨ੍ਹਾਂ ਨੇ ਆਪਣੇ ਯੂਕੇ ਟੂਰ ਦੀ ਸ਼ੁਰੂਆਤ ਲੰਡਨ ਤੋਂ ਕੀਤੀ, ਪਰ ਉਹ ਆਪਣੇ ਸੰਗੀਤ ਤੋਂ ਕਿਤੇ ਉੱਤੇ ਹਨ।

ਬਾਦਸ਼ਾਹ ਅਕਸਰ ਟੀਵੀ ਮਸ਼ਹੂਰੀਆਂ, ਸੋਸ਼ਲ ਮੀਡੀਆ ਮੁਹਿੰਮਾਂ ਅਤੇ ਟੈਲੇਂਟ ਸ਼ੋਅ ਹੋਸਟ ਕਰਦੇ ਦਿਖਦੇ ਹਨ।

ਡਿਪਰੈਸ਼ਨ ਦਾ ਸਾਹਮਣਾ

ਬਾਦਸ਼ਾਹ
fb/badshah
ਬਾਦਸ਼ਾਹ ਦਾ ਅਸਲੀ ਨਾਮ ਅਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ

ਹਾਲਾਂਕਿ ਬਾਦਸ਼ਾਹ ਦੇ ਕਰੀਅਰ ਵਿੱਚ ਆਇਆ ਵਾਧਾ ਨਿਰਵਿਘਨ ਸਫ਼ਰ ਨਹੀਂ ਰਿਹਾ। ਇਸ ਦੀ ਬਜਾਏ, ਉਹ ਆਪਣੀ ਮਾਨਸਿਕ ਸਿਹਤ ਨਾਲ ਸੰਘਰਸ਼ ਕਰਨ ਦੀ ਗੱਲ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਪਹਿਲਾਂ ਹੀ ਮਦਦ ਮਿਲ ਜਾਂਦੀ।

ਬਾਦਸ਼ਾਹ ਕਹਿੰਦੇ ਹਨ, ‘‘ਥੈਰੇਪੀ ਬਹੁਤ ਜ਼ਰੂਰੀ ਹੈ ਅਤੇ ਤੁਹਾਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਜਿਹਾ ਕਰਨਾ ਠੀਕ ਹੈ, ਬਿਲਕੁਲ ਠੀਕ।’’

ਬਾਦਸ਼ਾਹ ਦਾ ਅਸਲੀ ਨਾਮ ਅਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ।

ਉਹ ਦੱਸਦੇ ਹਨ ਕਿ ਉਹ ਡਿਪਰੈਸ਼ਨ ਅਤੇ ਐਂਗਜ਼ਾਇਟੀ ਡਿਸਆਰਡਰ ਨਾਲ ਜੂਝ ਚੁੱਕੇ ਹਨ, ਜਿਸ ਲਈ ਦਵਾਈਆਂ ਦੀ ਲੋੜ ਪੈਂਦੀ ਹੈ।

ਮਾਨਸਿਕ ਸਿਹਤ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਬਾਰੇ ਗੱਲ ਕਰਨਾ ਸੌਖਾ ਨਹੀਂ ਹੈ, ਜਿੱਥੇ ਇਸ ਨੂੰ ਇੱਕ ਧੱਬਾ ਸਮਝਿਆ ਜਾਂਦਾ ਹੈ।

ਪਰ ਬਾਦਸ਼ਾਹ ਮਹਿਸੂਸ ਕਰਦੇ ਹਨ ਕਿ ਇਸ ਬਾਰੇ ਇਲਾਜ ਲੈਣਾ ਉਨਾਂ ਹੀ ਸੌਖਾ ਹੋਣਾ ਚਾਹੀਦਾ ਹੈ ਜਿੰਨਾਂ ਕਿ ਕਿਸੇ ਜ਼ਖ਼ਮ ਉੱਤੇ ਪੱਟੀ ਲਗਾਉਣਾ।

ਬਾਦਸ਼ਾਹ ਕਹਿੰਦੇ ਹਨ, ‘‘ਕਿਹੜੀ ਅਜਿਹੀ ਚੀਜ਼ ਹੈ ਜਿਸ ਬਾਰੇ ਗੱਲ ਨਹੀਂ ਹੋ ਸਕਦੀ?’’

‘‘ਮਜ਼ਬੂਤੀ ਇਸ ਗੱਲ ਨੂੰ ਮੰਨਣ ਵਿੱਚ ਹੈ ਕਿ ਕੁਝ ਗ਼ਲਤ ਹੈ ਤੇ ਜੇ ਕੁਝ ਗ਼ਲਤ ਹੈ ਤਾਂ ਫ਼ਿਰ ਕਿਉਂ ਨਾ ਉਸ ਨੂੰ ਸਹੀ ਕੀਤਾ ਜਾਵੇ।’’

ਸੰਗੀਤ ਕਿਵੇਂ ਬਣਿਆ ਸਹਾਰਾ

ਬਾਦਸ਼ਾਹ
Getty Images
ਬਾਦਸ਼ਾਹ ਮੰਨਦੇ ਹਨ ਕਿ ਇਸ ਖੁੱਲ ਦਿਲੀ ਨੇ ਉਨ੍ਹਾਂ ਨੂੰ ‘ਅਸਲ ਪ੍ਰਸ਼ੰਸਕਾਂ’ ਨਾਲ ਜੋੜਨ ਵਿੱਚ ਮਦਦ ਕੀਤੀ

ਬਾਦਸ਼ਾਹ ਕਹਿੰਦੇ ਹਨ ਕਿ ਇਲਾਜ ਦੇ ਨਾਲ-ਨਾਲ ਸੰਗੀਤ ਵੀ ਇਸ ਵਿੱਚ ਸਹਿਯੋਗ ਕਰਦਾ ਹੈ, ਜੋ ਕਿ ਉਨ੍ਹਾਂ ਨੂੰ ਆਪਣੇ ਵਿਚਾਰ ਜ਼ਾਹਿਰ ਕਰਨ ਦੀ ਇਜਾਜ਼ਤ ਦਿੰਦਾ ਹੈ।

ਇਸ ਬਾਰੇ ਉਹ ਦੱਸਦੇ ਹਨ ਕਿ 2014 ਵਿੱਚ ਲੰਡਨ ਤੋਂ ਫਲਾਈਟ ਵਿੱਚ ਵਾਪਸੀ ਵੇਲੇ ਉਨ੍ਹਾਂ ਨੂੰ ਪੈਨਿਕ ਅਟੈਕ ਹੋਇਆ।

‘‘ਮੈਨੂੰ ਲੱਗਿਆ ਕਿ ਇਹ ਹਾਰਟ ਅਟੈਕ ਸੀ ਕਿਉਂਕਿ ਧੜਕਣ ਬਹੁਤ ਵੱਧ ਗਈ ਸੀ।’’

‘‘ਮੈਂ ਆਪਣਾ ਫ਼ੋਨ ਬਾਹਰ ਕੱਢਿਆ ਤੇ ਲਿਖਣਾ ਸ਼ੁਰੂ ਕੀਤਾ। ਅਗਲੇ 15 ਮਿੰਟਾਂ ਅੰਦਰ ਮੈਂ ਸਹੀ ਮਹਿਸੂਸ ਕਰ ਰਿਹਾ ਸੀ ਤੇ ਇਹੀ ਉਹ ਸਮਾਂ ਸੀ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਸੰਗੀਤ ਕਰਕੇ ਹੀ ਹੈ।’’

‘‘ਜਦੋਂ ਵੀ ਕਿਸੇ ਅਜਿਹੇ ਸਮੇਂ ’ਚੋਂ ਲੰਘ ਰਿਹਾ ਹੁੰਦਾ ਹਾਂ ਤਾਂ ਮੈਂ ਸਿਰਫ਼ ਲਿਖਦਾ ਹਾਂ।’’

ਬਾਦਸ਼ਾਹ ਨੂੰ ਉਨ੍ਹਾਂ ਦੇ ਪਾਰਟੀ ਵਾਲੇ ਗੀਤਾਂ ਕਰਕੇ ਜ਼ਿਆਦਾ ਜਾਣਿਆ ਜਾਂਦਾ ਹੈ। ਪਰ ਬਾਦਸ਼ਾਹ ਕਹਿੰਦੇ ਹਨ ਕਿ 2020 ਵਿੱਚ ਐਲਬਮ ‘ਦਿ ਪਾਵਰ ਆਫ਼ ਡਰੀਮਜ਼ ਆਫ਼ ਅ ਕਿੱਡ’ ਦੇ ਗੀਤਾਂ ‘ਫੋਕਸ’ ਤੇ ‘ਘਰ ਸੇ ਦੂਰ’ ਨੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਬਾਹਰ ਕੱਢਿਆ।

ਬਾਦਸ਼ਾਹ ਮੰਨਦੇ ਹਨ ਕਿ ਇਸ ਖੁੱਲ ਦਿਲੀ ਨੇ ਉਨ੍ਹਾਂ ਨੂੰ ‘ਅਸਲ ਪ੍ਰਸ਼ੰਸਕਾਂ’ ਨਾਲ ਜੋੜਨ ਵਿੱਚ ਮਦਦ ਕੀਤੀ।

ਉਹ ਕਹਿੰਦੇ ਹਨ, ‘‘ਜਦੋਂ ਮੈਂ ਦੈਂਤਾ (ਮਾੜੇ ਮਾਹੌਲ) ਬਾਰੇ ਗੱਲ ਕਰਦਾ ਹਾਂ ਤਾਂ ਮੈਂ ਬਹੁਤ ਕਮਜ਼ੋਰ ਦਿਲ ਵਾਲਾ ਹਾਂ।’’

‘‘ਮੈਂ ਚਾਹੁੰਦਾ ਹਾਂ ਕਿ ਲੋਕਾਂ ਨੂੰ ਇਸ ਬਾਰੇ ਪਤਾ ਲੱਗੇ।’’

‘ਬਤੌਰ ਨਾਗਰਿਕ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ’

ਬਾਦਸ਼ਾਹ
fb/badshah
ਬਾਦਸ਼ਾਹ ਕਹਿੰਦੇ ਹਨ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡੇ ਸ਼ਬਦਾਂ ਦੇ ਵੱਖ-ਵੱਖ ਤਰੀਕਿਆਂ ਨਾਲ ਅਰਥ ਕੱਢੇ ਜਾ ਸਕਦੇ ਹਨ

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਆਲੋਚਨਾ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਪਾਬੰਦੀ ਲਗਾਉਣ ਲਈ ਹੁੰਦੀ ਹੈ ਅਤੇ ਜਨਤਕ ਸ਼ਖਸੀਅਤਾਂ ਨੇ ਵੀ ਵਿਵਾਦ ਵਾਲਿਆਂ ਮੁੱਦਿਆਂ ''''ਤੇ ਟਿੱਪਣੀਆਂ ਲਈ ਆਪਣੇ ਆਪ ਨੂੰ ਮੁਸ਼ਕਲ ਵਿੱਚ ਪਾਇਆ ਹੈ।

ਬਾਦਸ਼ਾਹ ਕਹਿੰਦੇ ਹਨ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡੇ ਸ਼ਬਦਾਂ ਦੇ ਵੱਖ-ਵੱਖ ਤਰੀਕਿਆਂ ਨਾਲ ਅਰਥ ਕੱਢੇ ਜਾ ਸਕਦੇ ਹਨ।

‘‘ਬਤੌਰ ਕਲਾਕਾਰ ਕਈ ਵਾਰ ਤੁਹਾਨੂੰ ਇਹ ਨਹੀਂ ਸਮਝ ਆਉਂਦਾ ਕਿ ਤੁਹਾਡੇ ਉੱਤੇ ਇਸ ਦੇ ਪ੍ਰਭਾਵ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਹੋ ਸਕਦੇ ਹਨ।’’

‘‘ਆਖ਼ਰਕਾਰ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਹੋ, ਇਸ ਲਈ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ।’’

ਬਾਦਸ਼ਾਹ ਮੁਤਾਬਕ ਉਨ੍ਹਾਂ ਦਾ ‘ਪਹਿਲਾ ਮਕਸਦ ਮਨੋਰੰਜਨ ਕਰਨਾ’ ਹੈ ਅਤੇ ਉਹ ਆਪਣਾ ਪ੍ਰਭਾਵ ਉਨ੍ਹਾਂ ਮਸਲਿਆਂ ਬਾਰੇ ਇਸਤੇਮਾਲ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਲਈ ਮਾਅਨੇ ਰੱਖਦੇ ਹਨ, ਜਿਵੇਂ ਕਿ ਬੱਚਿਆਂ ਦੀ ਸਿੱਖਿਆ ਅਤੇ ਵਾਤਾਵਰਨ ਤਬਦੀਲੀ।

ਇਸ ਬਾਰੇ ਉਹ ਕਹਿੰਦੇ ਹਨ, ‘‘ਇਹ ਵੀ ਇੱਕ ਚੰਗਾ ਕਰਮ ਹੈ ਤੇ ਜੇ ਮੈਂ ਇਸ ਨੂੰ ਸਫ਼ਲ ਤਰੀਕੇ ਕਰਦਾ ਹਾਂ ਤਾਂ ਮੈਂ ਖ਼ੁਸ਼ ਹਾਂ।’’

ਆਲਮੀ ਮਕਬੂਲੀਅਤ ਅਤੇ ਭਾਰਤ ਦੀ ਵੱਡੀ ਆਬਾਦੀ ਵਿੱਚ ਪ੍ਰਸ਼ੰਸਕਾਂ ਦਾ ਹੋਣਾ ਇੱਕ ਸ਼ਾਂਤਮਈ ਜ਼ਿੰਦਗੀ ਲਈ ਔਖਾ ਹੋ ਸਕਦਾ ਹੈ। ਪਰ ਬਾਦਸ਼ਾਹ ਆਪਣੇ ਨਿਰੰਤਰ ਸ਼ਡਿਊਲ ਨਾਲ ਕਿਵੇਂ ਨਜਿੱਠਦੇ ਹਨ?

ਇਸ ਬਾਰੇ ਬਾਦਸ਼ਾਹ ਕਹਿੰਦੇ ਹਨ, ‘‘ਸ਼ਾਇਦ ਆਪਣੇ ਮਾਪਿਆਂ ਨਾਲ ਹਿਮਾਲਿਆ ਦੀਆਂ ਪਹਾੜੀਆਂ ਵਿੱਚ ਜਾਵਾਂ ਅਤੇ ਕੋਲਡ ਪਲੇਅ ਨੂੰ ਸੁਣਾ, ਇਹ ਮੇਰੇ ਲਈ ਸੁਨਹਿਰੀ ਪਲ ਹੁੰਦੇ ਹਨ।’’

‘‘ਮੈਨੂੰ ਅਜਿਹਾ ਇੱਕ ਹਫ਼ਤਾ ਦਿਓ ਅਤੇ ਮੇਰੇ ਤੋਂ ਮੇਰਾ ਇੱਕ ਸਾਲ ਲੈ ਲਓ।’’

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News