ਕਿਸਾਨ ਅੰਦੋਲਨ ਦੇ ਤਿੰਨ ਸਾਲ: ਕਿਸਾਨ ਜਥੇਬੰਦੀਆਂ ਦਾ 3 ਦਿਨਾ ਧਰਨਾ ਸ਼ੁਰੂ, ਕੀ ਹਨ ਮੰਗਾਂ
Sunday, Nov 26, 2023 - 12:34 PM (IST)


ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇੇ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤਿੰਨ ਦਿਨਾ ਲਈ ਚੰਡੀਗੜ ਦੇ ਬਾਰਡਰ ''''ਤੇ ਧਰਨਾ ਦੇ ਰਹੀਆਂ ਹਨ।
ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਨਾਲ ਚੰਡੀਗੜ ਦੀ ਸਰਹੱਦ ਨੇੜੇ ਪਹੁੰਚੇ ਹਨ। ਇਹ ਧਰਨਾ ਅੱਜ 26 ਨਵੰਬਰ ਤੋਂ ਸ਼ੁਰੂ ਹੋਇਆ ਹੈ।
ਕਿਸਾਨ ਅੰਦਲੋਨ ਦੀ ਤੀਜੀ ਵਰ੍ਹੇਗੰਢ ਦੇ ਮੌਕੇ ਉੱਤੇੇ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਚੰਡੀਗੜ ਪਹੁੰਚ ਰਹੇ ਹਨ।
ਕਿਸਾਨਾਂ ਦਾ ਇਹ ਪ੍ਰਦਰਸਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕੀਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਰਚੇ ਦੇ ਸੱਦੇ ਉੱਤੇ 26 ਤੋਂ 28 ਨਵੰਬਰ ਤੱਕ ਸਾਰੇ ਦੇਸ਼ ਦੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ 72 ਘੰਟੇ ਲਈ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਰਸਤਿਆਂ ਉੱਤੇ ਬੈਰੀਕੇਡਿੰਗ

ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ ਅਤੇ ਮੁਹਾਲੀ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਚੰਡੀਗੜ ਪੁਲਿਸ ਨੇ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੇ ਲਈ ਪੂਰੀਆਂ ਤਿਆਰੀਆਂ ਕਰਨਾ ਦਾ ਦਾਅਵਾ ਕੀਤਾ ਹੈ।
ਸ਼ਹਿਰ ਵਿੱਚ ਦਾਖ਼ਲ ਹੋਣ ਵਾਲੇ ਰਸਤਿਆਂ ਉਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ।
ਚੰਡੀਗੜ ਪੁਲਿਸ, ਪੰਜਾਬ ਪੁਲਿਸ ਅਤੇ ਹਰਿਆਣਾ ਪੁਲਿਸ ਤੋਂ ਅਰਧ ਸੈਨਿਕ ਬਲਾਂ ਦੇ ਦਸਤੇ ਚੰਡੀਗੜ ਦੀ ਸਰੱਹਦ ਉਤੇ ਤੈਨਾਤ ਕੀਤੇ ਗਏ ਹਨ।
ਕੀ ਹਨ ਕਿਸਾਨਾਂ ਦੀਆਂ ਮੰਗਾਂ

ਕਿਸਾਨਾਂ ਦੀਆਂ ਮੰਗਾਂ ਵਿੱਚ ਕੇਂਦਰ ਸਰਕਾਰ ਨਾਲ ਬਕਾਇਆ ਮੰਗਾਂ ਤੋਂ ਇਲਾਵਾ ਪੰਜਾਬ ਸਰਕਾਰ ਕੋਲੋਂ ਇਹ ਮੰਗਾਂ ਸ਼ਾਮਲ ਹਨ:-
- ਫ਼ਸਲਾਂ ਉਤੇ ਐੱਮਐੱਸਪੀ ਦੀ ਗਰੰਟੀ
- ਹੜਾਂ ਅਤੇ ਗੜੇਮਾਰੀ ਨਾਲ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ
- ਚਿਪ ਵਾਲੇ ਮੀਟਰ ਨਾ ਲਾਏ ਜਾਣ
- ਕਿਸਾਨ ਅੰਦਲੋਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਮਿਲਣ
- ਸਬਜੀਆਂ ''''ਤੇ ਐੱਮਐੱਸਪੀ ਮਿਲੇ
- ਮੱਕੀ ਅਤੇ ਮੂੰਗੀ ਦੀ ਖਰੀਦ ਹੋਏ
- ਪਰਾਲ਼ੀ ਸਾੜਨ ਸਬੰਧੀ ਕਿਸਾਨਾਂ ਖਿਲਾਫ਼ ਦਰਜ ਕੀਤੇ ਗਏ ਕੇਸ ਰੱਦ ਹੋਣ
ਆਵਾਜਾਈ ਪ੍ਰਭਾਵਤ

ਕਿਸਾਨਾਂ ਦੇ ਅੰਦੋਲਨ ਕਾਰਨ ਅੱਜ ਚੰਡੀਗੜ੍ਹ ਵਿੱਚ ਕਈ ਸੜਕਾਂ ਬੰਦ ਰਹਿਣਗੀਆਂ।
ਇਸ ਦੇ ਲਈ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਮੁੱਖ ਤੌਰ ’ਤੇ ਟ੍ਰਿਬਿਊਨ ਚੌਕ ਤੋਂ ਏਅਰਪੋਰਟ ਵੱਲ ਜਾਣ ਵਾਲੀ ਸੜਕ ਅਤੇ ਪੰਚਕੂਲਾ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਕੇਂਦਰੀ ਸੜਕ ’ਤੇ ਵਿਘਨ ਪਿਆ ਹੈ।
ਪੁਲਿਸ ਦੇ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਉੱਤੇ ਆਵਾਜਾਈ ਦੇ ਰੂਟ ਬਦਲੇ ਗਏ ਹਨ।
ਪੁਲਿਸ ਨੇ ਆਮ ਲੋਕਾਂ ਨੂੰ ਚੋਣਵੇਂ ਰਸਤਿਆਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)