ਕਸਾਬ ਦੀ ਗੋਲੀ ਦਾ ਸ਼ਿਕਾਰ ਹੋਈ ਮੁੰਬਈ ਹਮਲੇ ਦੀ ਸਭ ਤੋਂ ਛੋਟੀ ਪੀੜਤ ਅੱਜ ਕਿਵੇਂ ਜੀਅ ਰਹੀ ਹੈ
Sunday, Nov 26, 2023 - 11:19 AM (IST)


ਸਾਲ 2008 ਦੇ ਨਵੰਬਰ ਮਹੀਨੇ ਵਿੱਚ ਮੁੰਬਈ ਉੱਤੇ ਜਦੋਂ ਅੱਤਵਾਦੀਆਂ ਨੇ ਹਮਲਾ ਕੀਤਾ ਤਾਂ ਉਸ ਵੇਲੇ ਦੇਵਿਕਾ ਰੋਤਾਵਨ ਸਿਰਫ਼ 9 ਸਾਲ ਦੀ ਸੀ।
ਹਮਲਾਵਰਾਂ ਨੇ ਉਨ੍ਹਾਂ ਦੇ ਪੈਰ ''''ਤੇ ਗੋਲੀ ਮਾਰ ਦਿੱਤੀ ਸੀ।
ਹਮਲਾਵਰਾਂ ਵਿੱਚੋਂ ਸਿਰਫ਼ ਇੱਕ ਜਣਾ ਹੀ ਜ਼ਿੰਦਾ ਬਚਿਆ ਸੀ, ਜਿਸਦੀ ਦੇਵਿਕਾ ਨੇ ਅਦਾਲਤ ਵਿੱਚ ਪਛਾਣ ਕੀਤੀ ਸੀ।
ਇਸ ਹਮਲੇ ਦੇ 15 ਸਾਲਾਂ ਬਾਅਦ ਮੈਂ ਦੇਵਿਕਾ ਨਾਲ ਮੁਲਾਕਾਤ ਕਰਕੇ ਇਹ ਜਾਣਿਆ ਕਿ ਇਸ ਹੌਲਨਾਕ ਅੱਤਵਾਦੀ ਹਮਲੇ ਦੀ ਸ਼ਿਕਾਰ ਹੋਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿੰਨੀ ਬਦਲ ਗਈ।
ਦੇਵਿਕਾ ਰੋਤਾਵਨ ਨਾਲ ਮੇਰੀ ਪਹਿਲੀ ਮੁਲਾਕਾਤ 2010 ਵਿੱਚ ਮੁੰਬਈ ਦੀ ਇੱਕ ਬਸਤੀ ਵਿੱਚ ਹੋਈ ਸੀ।
ਇਸ ਤੋਂ ਦੋ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਬੱਚ ਗਏ ਸਨ।
ਦੇਵਿਕਾ ਨੂੰ ਜਿਸ ਵੇਲੇ ਗੋਲੀ ਲੱਗੀ ਸੀ, ਉਸ ਵੇਲੇ ਉਹ ਆਪਣੇ 10ਵੇਂ ਜਨਮ ਦਿਨ ਤੋਂ ਸਿਰਫ਼ ਦੋ ਮਹੀਨੇ ਦੂਰ ਸੀ।
ਮੁਹੰਮਦ ਅਜਮਲ ਕਸਾਬ ਨੇ ਛੱਤਰਪਤੀ ਸ਼ਿਵਾਜੀ ਟਰਮਿਨਸ ਉੱਤੇ ਕੀਤੇ ਅੱਤਵਾਦੀ ਹਮਲੇ ਵਿੱਚ ਉਨ੍ਹਾਂ ਦੇ ਪੈਰ ''''ਤੇ ਗੋਲੀ ਮਾਰ ਦਿੱਤੀ ਸੀ।
ਸਟੇਸ਼ਨ ਉੱਤੇ ਇਸ ਹਮਲੇ ਵਿੱਚ 50 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ।
ਦੇਵਿਕਾ ਨੇ ਜਵਾਬੀ ਕਾਰਵਾਈ ਵਿੱਚ ਬੱਚ ਗਏ ਹਮਲਾਵਰ ਅਜਮਲ ਕਸਾਬ ਨੂੰ ਪਛਾਣਿਆ ਸੀ।
ਦੇਵਿਕਾ ਹਮਲੇ ਦੀ ਗਵਾਹੀ ਦੇਣ ਅਤੇ ਭਰੀ ਅਦਾਲਤ ਵਿੱਚ ਕਸਾਬ ਨੂੰ ਪਛਾਣਨ ਵਾਲੀ ਸਭ ਤੋਂ ਘੱਟ ਉਮਰ ਦੀ ਗਵਾਹ ਸੀ।
''''ਜ਼ਿੰਦਾਦਿਲ ਅਤੇ ਆਤਮਵਿਸ਼ਵਾਸ ਨਾਲ ਭਰੀ''''

ਮਈ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਅਤੇ ਇਸ ਤੋਂ ਦੋ ਸਾਲ ਬਾਅਦ ਉਸਨੂੰ ਫ਼ਾਂਸੀ ਉੱਤੇ ਲਟਕਾ ਦਿੱਤਾ ਗਿਆ ਸੀ।
ਮਈ 2010 ਵਿੱਚ ਜਦੋਂ ਮੈਂ ਦੇਵਿਕਾ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਵੇਲੇ ਉਹ ਇੱਕ ਸ਼ਰਮਾਕਲ ਬੱਚੀ ਸੀ।
ਉਹ ਲੰਗੜਾ ਕੇ ਤੁਰ ਰਹੀ ਸੀ ਅਤੇ ਹੱਸ ਰਹੀ ਸੀ।
ਉਨ੍ਹਾਂ ਨੇ ਜ਼ਿਆਦਾ ਗੱਲਬਾਤ ਨਹੀਂ ਕੀਤੀ ਸੀ।
ਉਨ੍ਹਾਂ ਦੇ ਇੱਕ ਕਮਰੇ ਦੇ ਘਰ ਦੇ ਇੱਕ ਕੋਨੇ ਵਿੱਚ ਉਨ੍ਹਾਂ ਦਾ ਭਰਾ ਸੀ। ਉਨ੍ਹਾਂ ਦੇ ਭਰਾ ਜਏਸ਼ ਨੂੰ ਹੱਡੀਆਂ ਦਾ ਰੋਗ ਸੀ।
ਡ੍ਰਾਈ ਫਰੂਟ ਵੇਚਣ ਦਾ ਕੰਮ ਕਰਨ ਵਾਲੇ ਉਨ੍ਹਾਂ ਦੇ ਪਿਤਾ ਉਸ ਵੇਲੇ ਘਰ ਨਹੀਂ ਸਨ।
ਦੇਵਿਕਾ ਨੂੰ ਇਸ ਗੱਲ ਦੀ ਫ਼ਿਕਰ ਸੀ ਕਿ ਹੁਣ ਕੀ ਹੋਵੇਗਾ।
ਘਰ ਵਿੱਚ ਬਹੁਤ ਥੋੜਾ ਸਮਾਨ ਸੀ, ਕੁਝ ਪਲਾਸਟਿਕ ਦੀਆਂ ਕੁਰਸੀਆਂ, ਇੱਕ ਟਰੰਕ ਅਤੇ ਕੁਝ ਭਾਂਡੇ।
ਦੇਵਿਕਾ ਨੇ ਉਸ ਵੇਲੇ ਮੈਨੂੰ ਦੱਸਿਆ ਸੀ ਕਿ ਉਹ ਵੱਡੀ ਹੋ ਕੇ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹੈ।
ਇਸ ਹਫ਼ਤੇ ਕੁਝ ਦਿਨ ਪਹਿਲਾਂ ਮੈਂ ਰੋਤਾਵਨ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚਿਆ।
ਦੇਵਿਕਾ ਆਪਣੇ 25 ਸਾਲ ਪੂਰੇ ਕਰਨ ਤੋਂ ਇੱਕ ਮਹੀਨਾ ਪਿੱਛੇ ਰਹਿ ਗਈ ਹੈ।
ਉਹ ਹੁਣ ਜ਼ਿੰਦਾਦਿਲ ਅਤੇ ਆਤਮਵਿਸ਼ਵਾਸ ਨਾਲ ਭਰੀ ਨਜ਼ਰ ਆਉਂਦੀ ਹੈ।
ਰੋਤਾਵਨ ਪਰਿਵਾਰ ਹੁਣ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਰਹਿੰਦਾ ਹੈ।

ਹੁਣ ਜ਼ਿਆਦਾਤਰ ਗੱਲਾਂ ਦੇਵਿਕਾ ਕਰਦੀ ਹੈ ਅਤੇ ਉਨ੍ਹਾਂ ਦੇ ਪਿਤਾ ਚੁੱਪਚਾਪ ਸੁਣਦੇ ਰਹਿੰਦੇ ਹਨ।
ਇੰਨੇ ਸਾਲਾਂ ਵਿੱਚ ਉਹ ਟੀਵੀ ਸ਼ੋਅ, ਪੌਡਕਾਸਟ, ਰਿਪੋਰਟਰਾਂ ਅਤੇ ਲੋਕਾਂ ਦੇ ਇਕੱਠ ਵਿੱਚ ਇੱਕੋ ਸਾਹ ਵਿੱਚ ਹਮਲੇ ਦੇ ਬਾਰੇ ਸੁਣਾਉਂਦੇ ਰਹੇ ਹਨ।
ਉਨ੍ਹਾਂ ਨੇ ਇੱਕ ਵਾਰੀ ਫ਼ੇਰ ਆਪ-ਬੀਤੀ ਦੁਹਰਾਈ।
ਦੇਵਿਕਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਣੇ ਜਾਣ ਵਾਲੀ ਰੇਲ ਗੱਡੀ ਦੀ ਉਡੀਕ ਕਰਦੇ ਹੋਏ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਹੇਠਾ ਡਿੱਗਦਿਆਂ ਦੇਖਿਆ।
ਉਨ੍ਹਾਂ ਨੇ ਦੇਖਿਆ ਕਿ ਬਿਨਾਂ ਕਿਸੇ ਡਰ ਦੇ ਕਿਵੇਂ ਇੱਕ ਨੌਜਵਾਨ ਲੋਕਾਂ ਉੱਤੇ ਗੋਲੀਆਂ ਵਰ੍ਹਾਉਂਦਾ ਜਾ ਰਿਹਾ ਸੀ।
ਦੇਵਿਕਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇੱਕ ਗੋਲੀ ਉਨ੍ਹਾਂ ਦੇ ਸੱਜੇ ਪੈਰ ਦੇ ਆਰ-ਪਾਰ ਹੋ ਗਏ।
ਉਹ ਬੇਹੋਸ਼ ਹੋ ਗਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਅਖ਼ੀਰ ਛੇ ਵਾਰੀ ਸਰਜਰੀ ਕਰਵਾਉਣ ਅਤੇ 65 ਦਿਨ ਹਸਪਤਾਲ ਵਿੱਚ ਗੁਜ਼ਾਰਨ ਤੋਂ ਬਾਅਦ ਉਹ ਆਪਣੇ ਘਰ ਵਾਪਸ ਪਰਤੇ।
ਸਕੂਲ ਵਿੱਚ ਨਹੀਂ ਮਿਲਿਆ ਦਾਖ਼ਲਾ
ਦੇਵਿਕਾ ਨੇ ਪਹਿਲੀ ਵਾਰੀ 11 ਸਾਲ ਦੀ ਉਮਰ ਵਿੱਚ ਸਕੂਲ ਜਾਣਾ ਸ਼ੁਰੂ ਕੀਤਾ। ਸ਼ੁਰੂ ਵਿੱਚ ਸਕੂਲ ਵਾਲਿਆਂ ਨੇ ਉਨ੍ਹਾਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਸਕੂਲ ਵਾਲਿਆਂ ਦਾ ਕਹਿਣਾ ਸੀ ਕਿ ਇਸ ਨਾਲ ਦੂਜੇ ਬੱਚਿਆਂ ਉੱਤੇ ਖ਼ਤਰਾ ਆ ਸਕਦਾ ਹੈ।
ਦੇਵਿਕਾ ਕਹਿੰਦੇ ਹਨ, “ਮੈਂ 2009 ਦੀ ਸਪੈਸ਼ਲ ਕੋਰਟ ਦੀ ਸੁਣਵਾਈ ਦੇ ਦੌਰਾਨ ਕਸਾਬ ਨੂੰ ਪਛਾਣ ਲਿਆ, ਮੈਂ ਉਸ ਵੱਲ ਉਂਗਲੀ ਚੁੱਕੀ, ਕਸਾਬ ਨੇ ਇੱਕ ਪਲ ਲਈ ਮੇਰੇ ਵੱਲ ਦੇਖਿਆ ਅਤੇ ਆਪਣੀਆਂ ਨਜ਼ਰਾਂ ਝੁਕਾ ਲਈਆਂ।”
ਦੇਵਿਕਾ ਦਾ ਪਿਛੋਕੜ ਅਤੇ ਹੁਣ ਵਰਤਮਾਨ ਵੀ 26/11 ਦੇ ਹਮਲੇ ਨੇ ਬਦਲ ਦਿੱਤਾ।
15 ਸਾਲਾਂ ਬਾਅਦ ਮੁੰਬਈ ਸ਼ਹਿਰ ਭਾਵੇਂ ਉਸ ਹਾਦਸੇ ਤੋਂ ਅੱਗੇ ਵੱਧ ਗਿਆ ਹੋਵੇ ਪਰ ਦੇਵਿਕਾ ਦੀ ਜ਼ਿੰਦਗੀ ਹਾਲੇ ਵੀ ਇਸ ਹਮਲੇ ਦੇ ਪਰਛਾਵੇਂ ਹੇਠ ਹੈ।
ਇੰਸਟਾਗ੍ਰਾਮ ਅਤੇ ਟਵਿੱਟਰ ਪ੍ਰੋਫਾਈਲ ਉੱਤੇ ਵੀ ਦੇਵਿਕਾ ਦਾ ਨਾਂਅ ਦੇਵਿਕਾ ਰੋਤਾਵਨ 26/11 ਉੱਤੇ ਹੈ।
ਫੇਸਬੁੱਕ ਉੱਤੇ ਉਹ ਆਪਣੇ ਆਪ ਨੂੰ ‘ਮੁੰਬਈ ਹਮਲੇ ਦੀ ਸਭ ਤੋਂ ਛੋਟੀ ਉਮਰ ਦੀ ਸ਼ਿਕਾਰ'''' ਦੱਸਦੇ ਹਨ।
''''ਟੀਵੀ ਪ੍ਰੋਗਰਾਮਾਂ ਲਈ ਸੱਦੇ ਮਿਲਦੇ ਹਨ''''

ਉਨ੍ਹਾਂ ਨੂੰ ਸਿਰਫ਼ ਪ੍ਰਸ਼ੰਸਾ ਨਹੀਂ ਬਲਕਿ ਵਿੱਤੀ ਮਦਦ ਵੀ ਮਿਲਦੀ ਹੈ।
ਉਨ੍ਹਾਂ ਦੇ ਘਰ ਦੀਆਂ ਕੰਧਾਂ ਉੱਤੇ 26/11 ਦੇ ਹਮਲੇ ਨਾਲ ਜੁੜੀਆਂ ਯਾਦਾਂ ਟੰਗੀਆਂ ਹੋਈਆਂ ਹਨ।
ਇੱਥੇ ਉਨ੍ਹਾਂ ਦੀ ਬਹਾਦੁਰੀ ਦੀ ਤਾਰੀਫ ਕਰਦੇ ਸਰਟੀਫਿਕੇਟ ਵੀ ਲੱਗੇ ਹੋਏ ਹਨ।
ਪਿਛਲੇ ਸਾਲ ਮੁੰਬਈ ਆਏ ਸੰਯੁਕਤ ਰਾਸ਼ਟਰ ਦੇ ਜਨਰਲ ਸੈਕਰੇਟਰੀ ਐਂਟੋਨੀਓ ਗੁਟਰਸ ਦੀ ਉਨ੍ਹਾਂ ਦੇ ਨਾਲ ਇੱਕ ਤਸਵੀਰ ਵੀ ਲੱਗੀ ਹੋਈ ਹੈ।
ਦੀਵਾਰ ਉੱਤੇ ਟੰਗੀ ਇੱਕ ਪੱਟੜੀ ਉੱਤੇ ਲੜੀ ਸਿਰ ਟਰੌਫੀਆਂ ਸਜੀਆਂ ਹੋਈਆਂ ਹਨ।
ਬੈੱਡਰੂਮ ਦੀ ਅਲਮਾਰੀ ਦੇ ਉੱਪਰ ਪਲਾਸਟਿਕ ਨਾਲ ਢਕੇ ਹੋਏ ਟੈਡੀਬਿਅਰ ਪਏ ਹਨ। ਇਹ ਟੈਡੀਬਿਅਰ ਦੇਵਿਕਾ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਨੇ ਦਿੱਤੇ ਹਨ।
26/11 ਦੇ ਪੀੜਤ (ਸਰਵਾਈਵਰ) ਦੇ ਤੌਰ ਉੱਤੇ ਦੇਵਿਕਾ ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਵਿੱਚ ਵੀ ਮਹਿਮਾਨ ਦੇ ਤੌਰ ''''ਤੇ ਸ਼ਾਮਲ ਹੁੋ ਚੁੱਕੇ ਹਨ।
ਉਨ੍ਹਾਂ ਨੂੰ ਇੰਡਿਅਨ ਆਈਡਲ ਸ਼ੋਅ ਵਿੱਚ ਵੀ ਬੁਲਾਇਆ ਗਿਆ ਸੀ।
ਜਦੋਂ ਵੀ ਕੋਈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਨਾਲ ਭਰੀ ਖ਼ਬਰ ਆਉਂਦੀ ਹੈ ਤਾਂ ਪੱਤਰਕਾਰ ਉਨ੍ਹਾਂ ਦਾ ਬਿਆਨ ਲੈਣ ਲਈ ਪਹੁੰਚ ਜਾਂਦੇ ਹਨ।
ਦੇਵਿਕਾ ਦੱਸਦੇ ਹਨ, “ਅਜੀਬ ਗੱਲ ਤਾਂ ਇਹ ਹੈ ਕਿ ਕਦੇ-ਕਦੇ ਪੱਤਰਕਾਰ ਸਿੱਧੇ ਅੰਦਰ ਵੜ ਆਉਂਦੇ ਹਨ।”
ਦੇਵਿਕਾ ਇਸਦਾ ਗੁੱਸਾ ਨਹੀਂ ਮੰਨਦੀ। ਉਹ ਮੀਡੀਆ ਵਿੱਚ ਆਪਣੇ ਬਿਆਨਾਂ ਨੂੰ ਦਿਲਚਸਪੀ ਨਾਲ ਵੇਖਦੇ ਹਨ।
ਉਹ ਆਪਣੇ ਇੰਸਟਾਗ੍ਰਾਮ ਉੱਤੇ ਲਿਖਦੇ ਹਨ, “ਜੋ ਕੁਝ ਵੀ ਕਰੋ ਇਹ ਪੱਕਾ ਕਰ ਲਓ ਕਿ ਤੁਹਾਡਾ ਦਿਨ ਖੁਸ਼ੀ ਖੁਸ਼ੀ ਖ਼ਤਮ ਹੋਵੇ।”
ਪਰ ਰੋਤਾਵਨ ਪਰਿਵਾਰ ਕੋਲ ਖੁਸ਼ੀਆਂ ਆਸਾਨੀ ਨਾਲ ਨਹੀਂ ਆਈਆਂ ਹਨ। ਹੋਰ ਲੋਕਾਂ ਦੇ ਵਾਂਗ ਹੀ ਉਹ ਗੁਜ਼ਰ-ਬਸਰ ਲਈ ਚੁਣੌਤੀਆਂ ਦਾ ਸਾਹਮਣਾ ਕਰਦੇ ਰਹੇ ਹਨ।
12 ਸਾਲਾਂ ਤੱਕ ਬਸਤੀ ਵਿੱਚ ਰਿਹਾ ਪਰਿਵਾਰ

ਪਰਿਵਾਰ 12 ਸਾਲ ਇੱਕ ਬਸਤੀ (ਚਾਲ) ਵਿੱਚ ਰਿਹਾ। ਇਸ ਇਲਾਕੇ ਦਾ ਪੁਨਰਨਿਰਮਾਣ ਹੋਣ ਲੱਗਾ ਇਸ ਲਈ ਉਨ੍ਹਾਂ ਨੂੰ ਉੱਥੋਂ ਹਟਣਾ ਪਿਆ।
ਮੁੰਬਈ ਵਿਚਲੇ ਇਸ ਤਰ੍ਹਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਕਾਰੋਬਾਰੀ ਦਫ਼ਤਰਾਂ ਅਤੇ ਅਪਾਰਟਮੈਂਟਸ ਲਈ ਕਈ ਵਾਰੀ ਤੋੜਿਆ ਜਾ ਚੁੱਕਾ ਹੈ।
ਰੋਤਾਵਨ ਪਰਿਵਾਰ ਨੂੰ ਹੁਣ ਜਾ ਕੇ ਇੱਕ ਕਸਬੇ ਵਿੱਚ ਬਸਤੀ ਵਿੱਚ ਰਹਿੰਦੇ ਲੋਕਾਂ ਦੇ ਪੁਨਰਵਾਸ ਲਈ ਬਣਾਏ ਗਏ ਇੱਕ ਬਹੁ ਮੰਜ਼ਿਲਾ ਇਮਾਰਤ ਵਿੱਚ 25 ਵਰਗ ਮੀਟਰ ਦੇ ਇੱਕ ਮਕਾਨ ਵਿੱਚ ਟਿਕਾਣਾ ਮਿਲ ਸਕਿਆ ਹੈ।
ਪਰ ਇਸਦਾ ਕਿਰਾਇਆ ਵੀ 19 ਹਜ਼ਾਰ ਰੁਪਏ ਹੈ, ਜੋ ਕਿ ਪਰਿਵਾਰ ਦੇ ਲਈ ਇੱਕ ਵੱਡੇ ਬੋਝ ਦੇ ਵਾਂਗ ਹੈ।
ਪਰ ਇੱਕ ਮਸ਼ਹੂਰ ਸ਼ਖ਼ਸੀਅਤ ਬਣਨ ਦੇ ਬਾਵਜੂਦ ਦੇਵਿਕਾ ਦੀ ਜ਼ਿੰਦਗੀ ਵਿੱਚ ਸਭ ਕੁਝ ਬੇਹਤਰੀਨ ਨਹੀਂ ਹੈ।
ਪਰ 15 ਸਾਲਾਂ ਤੋਂ ਚੱਲੀ ਆ ਰਹੀ ਉਨ੍ਹਾਂ ਦੀ ਪ੍ਰਸਿੱਧੀ ਨੇ ਪਰਿਵਾਰ ਨੂੰ ਟਿਕਾ ਕੇ ਰੱਖਣ ਵਿੱਚ ਮਦਦ ਕੀਤੀ ਹੈ।
ਦੇਵਿਕਾ ਦੇ ਪਿਤਾ 60 ਸਾਲਾ ਨਟਵਰਲਾਲ ਦੇ ਕੋਲ ਹੁਣ ਕੋਈ ਕੰਮ ਨਹੀਂ ਹੈ। 26/11 ਦੇ ਹਮਲੇ ਤੋਂ ਬਾਅਦ ਉਨ੍ਹਾਂ ਦਾ ਡ੍ਰਾਈ ਫਰੂਟ ਦਾ ਵਪਾਰ ਠੱਪ ਹੋ ਗਿਆ।
ਦੇਵਿਕਾ ਦੇ ਭਰਾ ਜਏਸ਼ ਦੀ ਉਮਰ 28 ਸਾਲ ਹੋ ਗਈ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਇੱਕ ਦਫ਼ਤਰ ਵਿੱਚ ਸਹਾਇਕ ਵਜੋਂ ਨੌਕਰੀ ਮਿਲੀ ਹੈ। ਪਿਛਲੇ ਅੱਠ ਸਾਲਾਂ ਦੌਰਾਨ ਦੇਵਿਕਾ ਨੂੰ ਦੋ ਕਿਸ਼ਤਾਂ ਵਿੱਚ 13 ਲੱਖ ਰੁਪਏ ਦਾ ਸਰਕਾਰੀ ਮੁਆਵਜ਼ਾ ਮਿਲਿਆ ਹੈ।
ਦੇਵਿਕਾ ਦੇ ਕੀ ਸੁਪਨੇ ਹਨ

ਸਕੂਲੀ ਸਿੱਖਿਆ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਟੀਬੀ ਦਾ ਰੋਗ ਹੋ ਗਿਆ ਸੀ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਉੱਤੇ ਅਸਰ ਪਿਆ ਸੀ।
ਸਰਕਾਰ ਨੇ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਸੀ। ਅੱਜਕੱਲ ਉਹ ਇਸੇ ਲਈ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।
ਮੁੰਬਈ ਹਮਲੇ ਵਿੱਚ ਬਚੇ ਲੋਕਾਂ ਨੂੰ ਮਦਦ ਦੇਣ ਵਾਲੀ ਇੱਕ ਨਿੱਜੀ ਸੰਸਥਾ ਦੇਵਿਕਾ ਦੇ ਕਾਲਜ ਦੀ ਫ਼ੀਸ ਭਰਦੀ ਹੈ।
ਇਸ ਸਾਲ ਜਨਵਰੀ ਵਿੱਚ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਕੱਢੀ ਤਾਂ ਦੇਵਿਕਾ ਰਾਜਸਥਾਨ ਵਿੱਚ ਇਸ ਵਿੱਚ ਸ਼ਾਮਲ ਹੋਈ ਸੀ। ਦੇਵਿਕਾ ਦੇ ਪਿਤਾ ਰਾਜਸਥਾਨ ਤੋਂ ਹਨ।
ਕਾਂਗਰਸ ਸਰਕਾਰ ਨੇ ਰਾਜਸਥਾਨ ਵਿੱਚ ਉਨ੍ਹਾਂ ਨੂੰ ਇੱਕ ਜ਼ਮੀਨ ਦਾ ਪਲਾਟ ਦਿੱਤਾ ਸੀ।

ਦੇਵਿਕਾ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰ ਸਕਦੀ ਹੈ।
ਰਾਜਨੀਤੀ ਵਿਗਿਆਨ ਅਤੇ ਹੋਰ ਵਿਸ਼ਿਆਂ ਦੀ ਪੜ੍ਹਾਈ ਕਰ ਰਹੀ ਦੇਵਿਕਾ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹੈ।
ਉਹ ਕਹਿੰਦੇ ਹਨ, “ਮੈਂ ਪਿਛਲੇ ਕੁਝ ਮਹੀਨਿਆਂ ਤੋਂ ਨੌਕਰੀ ਲੱਭ ਰਹੀ ਹਾਂ ਪਰ ਹਾਲੇ ਤੱਕ ਨਹੀਂ ਮਿਲੀ, ਮੁੰਬਈ ਬਹੁਤ ਮਹਿੰਗਾ ਸ਼ਹਿਰ ਹੈ, ਮੈਨੂੰ ਬਹੁਤ ਚਿੰਤਾ ਰਹਿੰਦੀ ਹੈ।”
ਮੁੰਬਈ ਹਮਲੇ ਜਿਹੀ ਭਿਆਨਕ ਘਟਨਾ ਦੇ 15 ਸਾਲ ਬੀਤ ਜਾਣ ਤੋਂ ਬਾਅਦ ਦੇਵਿਕਾ ਦਾ ਪਰਿਵਾਰ ਹਾਲੇ ਵੀ ਦੋਸਤਾਂ, ਸ਼ੁਭਚਿੰਤਕਾਂ ਅਤੇ ਕਲੱਬਾਂ ਦੇ ਵੱਲੋਂ ਦਿੱਤੀ ਜਾਣ ਵਾਲੀ ਥੋੜੀ ਬਹੁਤ ਆਰਥਿਕ ਮਦਦ ਦੇ ਜ਼ਰੀਏ ਆਪਣਾ ਕੰਮ ਚਲਾ ਰਿਹਾ ਹੈ।
ਨਟਵਰਲਾਲ ਕਹਿੰਦੇ ਹਨ, “ਅਸੀਂ ਅਜਿਹੇ ਸ਼ੋਅ ਦੇ ਲਈ ਰੇਲ ਗੱਡੀ ਅਤੇ ਜਹਾਜ਼ ਵਿੱਚ ਜਾਂਦੇ ਹਾਂ ਜਿੱਥੇ ਦੇਵਿਕਾ ਨੂੰ ਬੋਲਣ ਦੇ ਲਈ ਬੁਲਾਇਆ ਜਾਂਦਾ ਹੈ, ਉੱਥੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਇੱਥੋਂ ਤੱਕ ਕੇ ਪੈਸੇ ਵੀ ਦਿੱਤੇ ਜਾਂਦੇ ਹਨ।”
ਉਹ ਕਹਿੰਦੇ ਹਨ, “ਅਸੀਂ ਅਜਿਹੇ ਸੈਂਕੜੇ ਸ਼ੋਅ ਕੀਤੇ ਹਨ।” ਇਸੇ ਨਾਲ ਸਾਡਾ ਗੁਜ਼ਾਰਾ ਹੋ ਰਿਹਾ ਹੈ।
ਪਰ ਅਜਿਹੇ ਸ਼ੋਅ ਕਦੋਂ ਤੱਕ ਚੱਲਣਗੇ? ਕਸਾਬ ਨਾਲ ਜੁੜੀ ਉਨ੍ਹਾਂ ਦੀ ਪਛਾਣ ਦੇ ਨਾਲ ਦੇਵਿਕਾ ਹੁਣ ਕਿਹੋ ਜਿਹਾ ਮਹਿਸੂਸ ਕਰਦੀ ਹੈ”
ਦੇਵਿਕਾ ਜਵਾਬ ਦਿੰਦੇ ਹਨ, “ਇਹ ਪਛਾਣ ਮੇਰੇ ਉੱਤੇ ਥੋਪੀ ਗਈ ਹੈ, ਮੈਂ ਇਸ ਤੋਂ ਭੱਜ ਨਹੀਂ ਰਹੀ ਹਾਂ, ਮੈਂ ਇਸਨੂੰ ਅਪਣਾ ਲਿਆ ਹੈ।”
ਦੇਵਿਕਾ ਕਹਿੰਦੇ ਹਨ, “ਮੈਂ ਆਪਣੀ ਦੂਜੀ ਪਛਾਣ ਵੀ ਬਣਾਉਣਾ ਚਾਹੁੰਦੀ ਹਾਂ, ਮੈਂ ਪੁਲਿਸ ਅਫ਼ਸਰ ਬਣਨਾ ਚਾਹੁੰਦੀ ਹਾਂ, ਜੋ ਅੱਤਵਾਦੀਆਂ ਤੋਂ ਇਸ ਦੇਸ ਦੀ ਰੱਖਿਆ ਕਰੇ।”
ਅਜਿਹੇ ਕਹਿੰਦੇ ਹੋਏ ਦੇਵਿਕਾ ਹੱਸਦੇ ਹਨ, “ਸਪਨੇ ਸ਼ਾਇਦ ਹੀ ਇੰਨੀ ਆਸਾਨੀ ਨਾਲ ਮਰਦੇ ਹਨ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)