ਸੈਮ ਬਹਾਦੁਰ: ਜਦੋਂ 7 ਗੋਲੀਆਂ ਲੱਗੀਆਂ ਤੇ ਡਾਕਟਰ ਵੀ ਹੱਥ ਲਾਉਣ ਤੋਂ ਬਚੇ, ਪਰ ਫ਼ਿਰ ਕੁਝ ਅਜਿਹਾ ਹੋਇਆ...

Sunday, Nov 26, 2023 - 08:04 AM (IST)

ਸੈਮ ਬਹਾਦੁਰ: ਜਦੋਂ 7 ਗੋਲੀਆਂ ਲੱਗੀਆਂ ਤੇ ਡਾਕਟਰ ਵੀ ਹੱਥ ਲਾਉਣ ਤੋਂ ਬਚੇ, ਪਰ ਫ਼ਿਰ ਕੁਝ ਅਜਿਹਾ ਹੋਇਆ...
ਸੈਮ ਮਾਨੇਕਸ਼ਾ
Getty/FB-Meghna Gulzar
ਸੈਮ ਮਾਨੇਕਸ਼ਾ (ਖੱਬੇ) ਅਤੇ ਉਨ੍ਹਾਂ ਕਿਰਦਾਰ ਫ਼ਿਲਮ ‘ਸੈਮ ਬਹਾਦੁਰ’ ਵਿੱਚ ਅਦਾ ਕਰ ਰਹੇ ਵਿੱਕੀ ਕੌਸ਼ਲ (ਸੱਜੇ)

ਪੰਜਾਬ ਦੇ ਹੁਸ਼ਿਆਰਪੁਰ ਨਾਲ ਤਾਲੁਕ ਰੱਖਣ ਵਾਲੇ ਕੌਸ਼ਲ ਪਰਿਵਾਰ ਦੇ ਫਰਜ਼ੰਦ ਅਤੇ ਹਿੰਦੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਭਾਰਤ ਦੇ ਪਹਿਲੇ ਫ਼ੀਲਡ ਮਾਰਸ਼ਲ ਮਾਨੇਕਸ਼ਾ ਦਾ ਕਿਰਦਾਰ ਵੱਡੇ ਪਰਦੇ ਉੱਤੇ ਨਿਭਾ ਰਹੇ ਹਨ।

1 ਦਸੰਬਰ 2023 ਨੂੰ ਵਿੱਕੀ ਕੌਸ਼ਲ ਦੀ ਨਵੀਂ ਫ਼ਿਲਮ ''''ਸੈਮ ਬਹਾਦੁਰ'''' ਰੀਲੀਜ਼ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨਾਲ ਮੁੱਖ ਕਿਰਦਾਰ ਵਿੱਚ ਅਦਾਕਾਰਾ ਸਾਨਿਆ ਮਲਹੋਤਰਾ ਵੀ ਹਨ।

ਇਸ ਫ਼ਿਲਮ ਦੇ ਗੀਤ ਗੀਤਕਾਰ ਗੁਲਜ਼ਾਰ ਨੇ ਲਿਖੇ ਹਨ ਅਤੇ ਉਨ੍ਹਾਂ ਦੀ ਧੀ ਮੇਘਨਾ ਗੁਲਜ਼ਾਰ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ।

ਫ਼ਿਲਮ ਦੇ ਟਰੇਲਰ ’ਚ ਫ਼ੀਲਡ ਮਾਰਸ਼ਲ ਦਾ ਕਿਰਦਾਰ ਨਿਭਾ ਰਹੇ ਵਿੱਕੀ ਦੇਸ਼ ਦੇ ਮੁੱਖ ਸਿਆਸਤਦਾਨਾਂ ਨੂੰ ਉਨ੍ਹਾਂ ਲਈ ਫ਼ੌਜ ਤੇ ਜੰਗ ਦੀ ਅਹਿਮੀਅਤ ਦੱਸਦੇ ਹਨ। ਨਾਲ ਹੀ ਕਹਿੰਦੇ ਹਨ ਕਿ ਉਹ ਜੰਗ ਨੂੰ ਸਮਝਦੇ ਹਨ ਨਾ ਕਿ ਸਿਆਸਤ ਨੂੰ।

ਵਿੱਕੀ ਜਿਸ ਫ਼ੀਲਡ ਮਾਰਸ਼ਲ ਮਾਨੇਕਸ਼ਾ ਦਾ ਕਿਰਦਾਰ ਨਿਭਾ ਰਹੇ ਹਨ ਉਹ ਇੱਕ ਬਹਾਦੁਰ ਫ਼ੌਜੀ ਦੇ ਨਾਲ-ਨਾਲ, 1971 ਦੀ ਜੰਗ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਆਪਣੇ ਸਖ਼ਤ ਸੁਰ ਅਤੇ ਸੰਵਾਦ ਲਈ ਵੀ ਜਾਣੇ ਜਾਂਦੇ ਹਨ।

ਇਸ ਰਿਪੋਰਟ ਵਿੱਚ ਅਸੀਂ ਸੈਮ ਮਾਨੇਕਸ਼ਾ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਅਹਿਮ ਪਹਿਲੂਆਂ ਬਾਰੇ ਜਾਣਾਂਗੇ।

ਕੌਣ ਸਨ ‘ਸੈਮ ਬਹਾਦੁਰ’

ਸੈਮ ਮਾਨੇਕਸ਼ਾ
NIYOGI BOOKS
ਮਾਨੇਕਸ਼ਾ ਜ਼ਖ਼ਮੀ ਹੋਏ ਤਾਂ ਹੁਕਮ ਦਿੱਤਾ ਗਿਆ ਸੀ ਕਿ ਸਾਰੇ ਜ਼ਖ਼ਮੀਆਂ ਨੂੰ ਉਸੇ ਹਾਲ ਵਿੱਚ ਛੱਡ ਦਿੱਤਾ ਜਾਵੇ

ਅੰਮ੍ਰਿਤਸਰ ਵਿੱਚ 1914 ਵਿੱਚ ਜਨਮੇ ਸੈਮ ਦਾ ਤਾਲੁਕ ਪਾਰਸੀ ਪਰਿਵਾਰ ਨਾਲ ਹੈ।

ਸੈਮ ਮਾਨੇਕਸ਼ਾ ਦੇ ਨਾਮ ਨਾਲ ਜ਼ਿਆਦਾ ਜਾਣੇ ਜਾਂਦੇ ਫ਼ੀਲਡ ਮਾਰਸ਼ਲ ਦਾ ਪੂਰਾ ਨਾਮ ਸੈਮ ਹੋਰਮੁਜ਼ਜੀ ਫ੍ਰਾਮਜੀ ਜਮਸ਼ੇਦਜੀ ਮਾਨੇਕਸ਼ਾ ਸੀ ਪਰ ਸ਼ਾਇਦ ਹੀ ਉਨ੍ਹਾਂ ਨੂੰ ਕਦੇ ਉਨ੍ਹਾਂ ਦੇ ਪੂਰੇ ਨਾਮ ਨਾਲ ਪੁਕਾਰਿਆ ਗਿਆ।

ਉਨ੍ਹਾਂ ਦੇ ਦੋਸਤ, ਪਤਨੀ, ਰਿਸ਼ਤੇਦਾਰ, ਅਫ਼ਸਰ ਜਾਂ ਉਨ੍ਹਾਂ ਦੇ ਜਾਣਕਾਰ ਜਾਂ ਤਾਂ ਉਨ੍ਹਾਂ ਸੈਮ ਕਹਿੰਦੇ ਹਨ ਜਾਂ ਫ਼ਿਰ ‘ਸੈਮ ਬਹਾਦੁਰ।’

ਸੈਮ ਨੂੰ ਸਭ ਤੋਂ ਪਹਿਲਾਂ ਸ਼ੋਹਰਤ ਸਾਲ 1942 ਵਿੱਚ ਮਿਲੀ, ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਦੇ ਮੋਰਚੇ ਉੱਤੇ ਇੱਕ ਜਾਪਾਨੀ ਫੌਜੀ ਨੇ ਆਪਣੀ ਮਸ਼ੀਨਗਨ ਦੀਆਂ ਸੱਤ ਗੋਲੀਆਂ ਉਨ੍ਹਾਂ ਦੀਆਂ ਅੰਤੜੀਆਂ, ਜਿਗਰ ਅਤੇ ਗੁਰਦਿਆਂ ਵਿੱਚ ਮਾਰੀਆਂ।

ਉਨ੍ਹਾਂ ਦੀ ਜੀਵਨੀ ਲਿਖਣ ਵਾਲੇ ਮੇਜਰ ਜਨਰਲ ਵੀਕੇ ਸਿੰਘ ਨੇ ਬੀਬੀਸੀ ਨੂੰ ਦੱਸਿਆ, ‘‘ਉਨ੍ਹਾਂ ਦੇ ਕਮਾਂਡਰ ਮੇਜਰ ਜਨਰਲ ਕੋਵਾਨ ਨੇ ਉਸੇ ਸਮੇਂ ਆਪਣਾ ਮਿਲਟਰੀ ਕ੍ਰੌਸ ਲਾਹ ਕੇ ਉਨ੍ਹਾਂ ਦੀ ਛਾਤੀ ਉੱਤੇ ਇਸ ਲਈ ਲਗਾ ਦਿੱਤਾ ਕਿਉਂਕਿ ਮਰ ਚੁੱਕੇ ਫੌਜੀ ਨੂੰ ਮਿਲਟਰੀ ਕ੍ਰੌਸ ਨਹੀਂ ਦਿੱਤਾ ਜਾਂਦਾ ਸੀ।’’

ਜਦੋਂ ਮਾਨੇਕਸ਼ਾ ਜ਼ਖ਼ਮੀ ਹੋਏ ਤਾਂ ਹੁਕਮ ਦਿੱਤਾ ਗਿਆ ਸੀ ਕਿ ਸਾਰੇ ਜ਼ਖ਼ਮੀਆਂ ਨੂੰ ਉਸੇ ਹਾਲ ਵਿੱਚ ਛੱਡ ਦਿੱਤਾ ਜਾਵੇ ਕਿਉਂਕਿ ਜੇ ਉਨ੍ਹਾਂ ਨੂੰ ਵਾਪਸ ਲਿਆਇਆ ਜਾਂਦਾ ਤਾਂ ਪਿੱਛੇ ਹੱਟਦੀ ਬਟਾਲੀਅਨ ਦੀ ਰਫ਼ਤਾਰ ਹੌਲੀ ਪੈ ਜਾਂਦੀ। ਪਰ ਉਨ੍ਹਾਂ ਦੇ ਅਰਦਲੀ ਸੂਬੇਦਾਰ ਸ਼ੇਰ ਸਿੰਘ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਪਿੱਛੇ ਲੈ ਆਏ।

ਸੈਮ ਮਾਨੇਕ ਸ਼ਾ
Getty Images

ਸ਼ਰਾਰਤੀ ਸੈਮ

ਸੈਮ ਮਾਨੇਕ ਸ਼ਾ
NIYOGI BOOKS
ਜਨਤੱਕ ਜ਼ਿੰਦਗੀ ਵਿੱਚ ਹਾਸੇ-ਮਖੌਲ ਲਈ ਮਸ਼ਹੂਰ ਸੈਮ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਅਜਿਹੇ ਹੀ ਸਨ

ਉਸੇ ਸਮੇਂ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਅਤੇ ਰੱਖਿਆ ਮੰਤਰੀ ਯਸ਼ਵੰਤਰਾਵ ਚਵਹਾਣ ਨੇ ਸਰਹੱਦੀ ਖ਼ੇਤਰਾਂ ਦਾ ਦੌਰਾ ਕੀਤਾ ਸੀ। ਨਹਿਰੂ ਦੀ ਧੀ ਇੰਦਰਾ ਗਾਂਧੀ ਵੀ ਉਨ੍ਹਾਂ ਦੇ ਨਾਲ ਸਨ।

ਸੈਮ ਦੇ ਏਡੀਸੀ ਬ੍ਰਿਗੇਡੀਅਰ ਬਹਰਾਮ ਪੰਤਾਖੀ ਆਪਣੀ ਕਿਤਾਬ ''''ਸੈਮ ਮਾਨੇਕਸ਼ਾ – ਦਿ ਮੈਨ ਐਂਡ ਹਿਜ਼ ਟਾਈਮਜ਼'''' ਵਿੱਚ ਲਿਖਦੇ ਹਨ, ‘‘ਸੈਮ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਤੁਸੀਂ ਆਪਰੇਸ਼ਨ ਰੂਮ ਵਿੱਚ ਨਹੀਂ ਆ ਸਕਦੇ ਕਿਉਂਕਿ ਤੁਸੀਂ ਨਿੱਜਤਾ ਦੀ ਸਹੁੰ ਨਹੀਂ ਲਈ ਹੈ। ਇੰਦਰਾ ਨੂੰ ਉਦੋਂ ਇਹ ਗੱਲ ਬੁਰੀ ਵੀ ਲੱਗੀ ਸੀ ਪਰ ਖ਼ੁਸ਼ਕਿਸਮਤੀ ਨਾਲ ਇੰਦਰਾ ਗਾਂਧੀ ਅਤੇ ਮਾਨੇਕਸ਼ਾ ਦੇ ਰਿਸ਼ਤੇ ਇਸ ਕਾਰਨ ਖ਼ਰਾਬ ਨਹੀਂ ਹੋਏ ਸਨ।’’

ਜਨਤੱਕ ਜ਼ਿੰਦਗੀ ਵਿੱਚ ਹਾਸੇ-ਮਖੌਲ ਲਈ ਮਸ਼ਹੂਰ ਸੈਮ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਅਜਿਹੇ ਹੀ ਸਨ।

ਉਨ੍ਹਾਂ ਦੀ ਧੀ ਮਾਇਆ ਦਾਰੂਵਾਲਾ ਨੇ ਬੀਬੀਸੀ ਨੂੰ ਦੱਸਿਆ, ‘‘ਲੋਕ ਸੋਚਦੇ ਹਨ ਕਿ ਸੈਮ ਬਹੁਤ ਵੱਡੇ ਜਨਰਲ ਹਨ, ਉਨ੍ਹਾਂ ਨੇ ਕਈ ਲੜਾਈਆਂ ਲੜੀਆਂ ਹਨ, ਉਨ੍ਹਾਂ ਦੀਆਂ ਵੱਡੀਆਂ-ਵੱਡੀਆਂ ਮੁੱਛਾਂ ਹਨ ਤਾਂ ਘਰ ਵਿੱਚ ਵੀ ਉਸੇ ਤਰ੍ਹਾਂ ਰੌਬ ਝਾੜਦੇ ਹੋਣਗੇ। ਪਰ ਅਜਿਹਾ ਕੁਝ ਵੀ ਨਹੀਂ ਸੀ।’’

‘‘ਉਹ ਬਹੁਤ ਦੇਸੀ ਸਨ, ਬੱਚੇ ਵਾਂਗ। ਸਾਡੇ ਨਾਲ ਸ਼ਰਾਰਤ ਕਰਦੇ ਸਨ ਤੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਸਨ। ਕਈ ਵਾਰ ਤਾਂ ਸਾਨੂੰ ਕਹਿਣਾ ਪੈਂਦਾ ਸੀ ਕਿ ਡੈਡ ਸਟੌਪ ਇਟ। ਜਦੋਂ ਉਹ ਕਮਰੇ ਵਿੱਚ ਦਾਖਲ ਹੁੰਦੇ ਸੀ ਤਾਂ ਸਾਨੂੰ ਇਹ ਸੋਚਣਾ ਪੈਂਦਾ ਸੀ ਕਿ ਇਹ ਹੁਣ ਕੀ ਕਰਨ ਜਾ ਰਹੇ ਹਨ।’’

ਸੈਮ ਮਾਨੇਕਸ਼ਾ ਨੂੰ ਮਿਲੇ ਸਨਮਾਨ ਤੇ ਉਪਲਬਧੀਆਂ

ਸੈਮ ਮਾਨੇਕ ਸ਼ਾ
Getty Images
1971 ਦੀ ਭਾਰਤ-ਪਾਕਿਸਤਾਨ ਜੰਗ ਲਈ ਸੈਮ ਮਾਨੇਕਸ਼ਾ ਨੂੰ ‘ਆਰਕੀਟੇਕਟ ਆਫ਼ ਇੰਡੀਆਜ਼ ਵਿਕਟਰੀ’ ਕਿਹਾ ਜਾਂਦਾ ਹੈ

ਭਾਰਤ ਲਈ ਦਿੱਤੀਆਂ ਆਪਣੀਆਂ ਸੇਵਾਵਾਂ ਸਦਕਾ ਮਾਨੇਕਸ਼ਾ ਨੂੰ ਕਈ ਐਵਾਰਡ ਅਤੇ ਉਪਲਬਧੀਆਂ ਮਿਲੀਆਂ, ਭਾਰਤ ਸਰਕਾਰ ਦੀ ਵੈੱਬਸਾਈਟ ਉੱਤੇ ਮੌਜੂਦ ਵਿੱਚ ਇਸ ਬਾਰੇ ਵੇਰਵਾ ਦਿੱਤਾ ਗਿਆ ਹੈੈ...

  • ਉਹ ਪਹਿਲੇ ਭਾਰਤੀ ਫੌਜੀ ਸਨ ਜਿੰਨ੍ਹਾਂ ਨੂੰ ਫੀਲਡ ਮਾਰਸ਼ਲ ਦੇ ਰੈਂਕ ’ਤੇ ਪ੍ਰਮੋਟ ਕੀਤਾ ਗਿਆ
  • 1957 ''''ਚ ਜਨਰਲ ਆਫ਼ਿਸਰ ਕਮਾਂਡਿੰਗ (ਜੀਓਸੀ) ਦੀ 26ਵੀਂ ਇਨਫੈਂਟਰੀ ਡਿਵੀਜ਼ਨ ਦਾ ਮੇਜਰ ਜਨਰਲ (ਐਕਟਿੰਗ ਰੈਂਕ) ਲਗਾਇਆ ਗਿਆ।
  • 1959 ਵਿੱਚ ਮਾਨੇਕਸ਼ਾ ਨੂੰ ਸਬਸਟੈਂਟਿਵ ਮੇਜਰ ਜਨਰਲ ਪ੍ਰਮੋਟ ਕੀਤਾ ਗਿਆ
  • ਉਨ੍ਹਾਂ ਨੂੰ 1971 ਦੀ ਭਾਰਤ-ਪਾਕਿਸਤਾਨ ਜੰਗ ਲਈ ‘ਆਰਕੀਟੇਕਟ ਆਫ਼ ਇੰਡੀਆਜ਼ ਵਿਕਟਰੀ’ ਕਿਹਾ ਜਾਂਦਾ ਹੈ
  • 1972 ਵਿੱਚ ਭਾਰਤ ਦੇ ਰਾਸ਼ਟਰਪਤੀ ਹੱਥੋਂ ਮਿਲਿਆ ਪਦਮ ਵਿਭੁਸ਼ਣ

ਕੱਪੜਿਆਂ ਦੇ ਸ਼ੌਕੀਨ

ਸੈਮ ਮਾਨੇਕ ਸ਼ਾ
Getty Images
ਸਾਦੇ ਕੱਪੜਿਆਂ ਵਾਲੇ ਸੱਦੇ ਨੂੰ ਸੈਮ ਠੁਕਰਾ ਦਿੰਦੇ ਸਨ

ਮਾਨੇਕਸ਼ਾ ਨੂੰ ਚੰਗੇ ਕੱਪੜੇ ਪਹਿਨਣ ਦਾ ਸ਼ੌਕ ਸੀ। ਜੇ ਉਨ੍ਹਾਂ ਨੂੰ ਕੋਈ ਸੱਦਾ ਮਿਲਦਾ ਸੀ, ਜਿਸ ਵਿੱਚ ਲਿਖਿਆ ਹੋਵੇ ਕਿ ਤੁਸੀਂ ਸਾਦੇ ਕੱਪੜਿਆਂ ਵਿੱਚ ਆਉਣਾ ਹੈ ਤਾਂ ਉਹ ਸੱਦਾ ਠੁਕਰਾ ਦਿੰਦੇ ਹਨ।

ਦੀਪੇਂਦਰ ਸਿੰਘ ਯਾਦ ਕਰਦੇ ਹਨ, ‘‘ਇੱਕ ਵਾਰ ਮੈਂ ਇਹ ਸੋਚ ਕੇ ਸੈਮ ਦੇ ਘਰ ਸਫ਼ਾਰੀ ਸੂਟ ਪਹਿਨ ਕੇ ਚਲਾ ਗਿਆ ਕਿ ਉਹ ਘਰ ਨਹੀਂ ਹਨ ਅਤੇ ਮੈਂ ਥੋੜ੍ਹੀ ਦੇਰ ਵਿੱਚ ਉਨ੍ਹਾਂ ਦੀ ਪਤਨੀ ਨੂੰ ਮਿਲ ਕੇ ਆ ਜਾਵਾਂਗਾ। ਪਰ ਅਚਾਨਕ ਸੈਮ ਉੱਥੇ ਪਹੁੰਚ ਗਏ।’’

‘‘ਮੇਰੀ ਪਤਨੀ ਵੱਲ ਦੇਖ ਕੇ ਬੋਲੇ, ਤੁਸੀਂ ਤਾਂ ਹਮੇਸ਼ਾਂ ਵਾਂਗ ਚੰਗੇ ਲੱਗ ਰਹੇ ਹੋ। ਪਰ ਤੁਸੀਂ ਇਸ ‘ਜੰਗਲੀ’ ਨਾਲ ਬਾਹਰ ਆਉਣ ਲਈ ਤਿਆਰ ਕਿਵੇਂ ਹੋਏ, ਜਿਸ ਨੇ ਐਨੇ ਬੇਤਰਤੀਬ ਕੱਪੜੇ ਪਹਿਨੇ ਹੋਏ ਹਨ?’’

ਸੈਮ ਚਾਹੁੰਦੇ ਸਨ ਕਿ ਉਨ੍ਹਾਂ ਦੇ ਏਡੀਸੀ ਵੀ ਉਸੇ ਤਰ੍ਹਾਂ ਦੇ ਕੱਪੜੇ ਪਹਿਨਣ ਜਿਵੇਂ ਉਹ ਪਹਿਨਦੇ ਹਨ, ਪਰ ਬ੍ਰਿਗੇਡੀਅਰ ਬਹਰਾਮ ਪੰਤਾਖੀ ਕੋਲ ਸਿਰਫ਼ ਇੱਕ ਸੂਟ ਹੁੰਦਾ ਸੀ। ਇੱਕ ਵਾਰ ਜਦੋਂ ਸੈਮ ਪੂਰਬੀ ਕਮਾਨ ਦੇ ਮੁਖੀ ਸਨ ਤਾਂ ਉਨ੍ਹਾਂ ਨੇ ਆਪਣੀ ਕਾਰ ਮੰਗਵਾਈ ਅਤੇ ਏਡੀਸੀ ਬਹਰਾਮ ਨੂੰ ਆਪਣੇ ਨਾਲ ਬਿਠਾ ਕੇ ਪਾਰਕ ਸਟਰੀਟ ਦੇ ਬੌਂਬੇ ਡਾਈਂਗ ਸ਼ੋਅ ਰੂਮ ਚੱਲਣ ਲਈ ਕਿਹਾ।

ਉੱਥੇ ਬ੍ਰਿਗੇਡੀਅਰ ਬਹਰਾਮ ਨੇ ਉਨ੍ਹਾਂ ਨੂੰ ਇੱਕ ਬਲੇਜ਼ਰ ਅਤੇ ਟਵੀਡ ਦਾ ਕੱਪੜਾ ਖਰੀਦਣ ਵਿੱਚ ਮਦਦ ਕੀਤੀ। ਸੈਮ ਨੇ ਬਿੱਲ ਦਿੱਤਾ ਅਤੇ ਘਰ ਪਹੁੰਚਦੇ ਹੀ ਕੱਪੜਿਆਂ ਦਾ ਉਹ ਪੈਕੇਟ ਏਡੀਸੀ ਬਹਰਾਮ ਨੂੰ ਫੜਾ ਕੇ ਕਿਹਾ, ‘‘ਇਸ ਵਿੱਚੋਂ ਆਪਣੇ ਲਈ ਦੋ ਕੋਟ ਸਵਾ ਲਓ।’’

ਇੰਦਰਾ ਗਾਂਧੀ ਦੇ ਨਾਲ ਰਿਸ਼ਤੇ

ਸੈਮ ਮਾਨੇਕਸ਼ਾ
SAM MANEKSHAW FAMILY
ਇੰਦਰਾ ਗਾਂਧੀ ਦੇ ਨਾਲ ਉਨ੍ਹਾਂ ਦੇ ਸਿੱਧੇ ਸਾਦੇ ਵਿਵਹਾਰ ਕਰਨ ਦੇ ਕਈ ਕਿੱਸੇ ਮਸ਼ਹੂਰ ਹਨ

1971 ਦੀ ਲੜਾਈ ਵਿੱਚ ਇੰਦਰਾ ਗਾਂਧੀ ਚਾਹੁੰਦੇ ਸਨ ਕਿ ਉਹ ਮਾਰਚ ਵਿੱਚ ਹੀ ਪਾਕਿਸਤਾਨ ਉੱਤੇ ਚੜ੍ਹਾਈ ਕਰ ਦੇਣ ਪਰ ਸੈਮ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਭਾਰਤੀ ਫੌਜ ਹਮਲੇ ਲਈ ਤਿਆਰ ਨਹੀਂ ਸੀ।

ਇੰਦਰਾ ਗਾਂਧੀ ਇਸ ਗੱਲ ਤੋਂ ਨਰਾਜ਼ ਵੀ ਹੋਏ। ਮਾਨੇਕਸ਼ਾ ਨੇ ਪੁੱਛਿਆ ਕਿ ਤੁਸੀਂ ਲੜਾਈ ਜਿੱਤਣਾ ਚਾਹੁੰਦੇ ਹੋ ਜਾਂ ਨਹੀਂ. ਉਨ੍ਹਾਂ ਨੇ ਕਿਹਾ, ‘‘ਹਾਂ।’’

ਇਸ ’ਤੇ ਮਾਨੇਕਸ਼ਾ ਨੇ ਕਿਹਾ, ਮੈਨੂੰ ਛੇ ਮਹੀਨੇ ਦਾ ਸਮਾਂ ਦਿਓ। ਮੈਂ ਗਾਰੰਟੀ ਦਿੰਦਾਂ ਹਾਂ ਕਿ ਜਿੱਤ ਤੁਹਾਡੀ ਹੋਵੇਗੀ।

ਇੰਦਰਾ ਗਾਂਧੀ ਦੇ ਨਾਲ ਉਨ੍ਹਾਂ ਦੇ ਸਿੱਧੇ ਸਾਦੇ ਵਿਵਹਾਰ ਕਰਨ ਦੇ ਕਈ ਕਿੱਸੇ ਮਸ਼ਹੂਰ ਹਨ।

ਮੇਜਰ ਜਨਰਲ ਵੀਕੇ ਸਿੰਘ ਕਹਿੰਦੇ ਹਨ, ‘‘ਇੱਕ ਵਾਰ ਇੰਦਰਾ ਗਾਂਧੀ ਜਦੋਂ ਵਿਦੇਸ਼ ਯਾਤਰਾ ਤੋਂ ਪਰਤੇ ਤਾਂ ਮਾਨੇਕਸ਼ਾ ਉਨ੍ਹਾਂ ਨੂੰ ਰਿਸੀਵ ਕਰਨ ਪਾਲਮ ਹਵਾਈ ਅੱਡੇ ਗਏ। ਇੰਦਰਾ ਗਾਂਧੀ ਨੂੰ ਦੇਖਦੇ ਹੀ ਉਨ੍ਹਾਂ ਨੇ ਕਿਹਾ ਕਿ ਤੁਹਾਡਾ ਹੇਅਰ ਸਟਾਈਲ ਜ਼ਬਰਦਸਤ ਲੱਗ ਰਿਹਾ ਹੈ। ਇਸ ਉੱਤੇ ਇੰਦਰਾ ਗਾਂਧੀ ਮੁਸਕੁਰਾਏ ਅਤੇ ਬੋਲੇ, ਹੋਰ ਕਿਸੇ ਨੇ ਤਾਂ ਇਸ ਨੂੰ ਨੋਟਿਸ ਨਹੀਂ ਕੀਤਾ।’’

‘ਕੋਈ ਪਿੱਛੇ ਨਹੀਂ ਹਟੇਗਾ’

ਸੈਮ ਮਾਨੇਕ ਸ਼ਾ
Getty Images
1962 ਵਿੱਚ ਚੀਨ ਨਾਲ ਜੰਗ ਹਾਰਨ ਤੋਂ ਬਾਅਦ ਸੈਮ ਨੂੰ ਬਿਜੀ ਕੌਲ ਦੀ ਥਾਂ ਉੱਤੇ ਚੌਥੀ ਕੋਰ ਦੀ ਕਮਾਨ ਦਿੱਤੀ ਗਈ

1942 ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਦੇ ਮੋਰਚੇ ਉੱਤੇ ਇੱਕ ਜਾਪਾਨੀ ਫੌਜੀ ਨੇ ਆਪਣੀ ਮਸ਼ੀਨਗਨ ਦੀਆਂ ਸੱਤ ਗੋਲੀਆਂ ਉਨ੍ਹਾਂ ਦੀਆਂ ਅੰਤੜੀਆਂ, ਜਿਗਰ ਅਤੇ ਗੁਰਦਿਆਂ ਵਿੱਚ ਮਾਰੀਆਂ।

ਸੈਮ ਦੀ ਹਾਲਤ ਐਨੀਂ ਖ਼ਰਾਬ ਸੀ ਕਿ ਡਾਕਟਰਾਂ ਨੇ ਉਨ੍ਹਾਂ ਉੱਤੇ ਆਪਣਾ ਸਮਾਂ ਬਰਬਾਦ ਕਰਨਾ ਸਹੀ ਨਹੀਂ ਸਮਝਿਆ।

ਉਸ ਵੇਲੇ ਸੂਬੇਦਾਰ ਸ਼ੇਰ ਸਿੰਘ ਨੇ ਡਾਕਟਰਾਂ ਵੱਲ ਆਪਣੀ ਭਰੀ ਹੋਈ ਰਾਈਫ਼ਲ ਤਾਨਦਿਆਂ ਕਿਹਾ ਸੀ, ‘‘ਅਸੀਂ ਆਪਣੇ ਅਫ਼ਸਰ ਨੂੰ ਜਾਪਾਨੀਆਂ ਨਾਲ ਲੜਦੇ ਹੋਏ ਆਪਣੇ ਮੋਢਿਆਂ ਉੱਤੇ ਚੁੱਕ ਕੇ ਲਿਆਏ ਹਾਂ। ਅਸੀਂ ਨਹੀਂ ਚਾਹਾਂਗੇ ਕਿ ਉਹ ਸਾਡੇ ਸਾਹਮਣੇ ਇਸ ਲਈ ਮਰ ਜਾਣ ਕਿਉਂਕਿ ਤੁਸੀਂ ਉਨ੍ਹਾਂ ਦਾ ਇਲਾਜ ਨਹੀਂ ਕੀਤਾ। ਤੁਸੀਂ ਉਨ੍ਹਾਂ ਦਾ ਇਲਾਜ ਕਰੋ ਨਹੀਂ ਤਾਂ ਮੈਂ ਤੁਹਾਡੇ ਉੱਤੇ ਗੋਲੀ ਚਲਾ ਦਿਆਂਗਾ।’’

ਡਾਕਟਰ ਦਾ ਮਨ ਨਹੀਂ ਸੀ ਪਰ ਉਨ੍ਹਾਂ ਨੇ ਸੈਮ ਦੇ ਸਰੀਰ ਵਿੱਚ ਲੱਗੀਆਂ ਗੋਲੀਆਂ ਕੱਢੀਆਂ ਅਤੇ ਉਨ੍ਹਾਂ ਦੀ ਅੰਤੜੀ ਦਾ ਨੁਕਸਾਨਿਆ ਹਿੱਸਾ ਕੱਟ ਦਿੱਤਾ। ਇਹ ਹੈਰਾਨ ਕਰਨ ਵਾਲਾ ਪਲ ਸੀ ਕਿ ਸੈਮ ਬੱਚ ਗਏ।

ਪਹਿਲਾਂ ਉਨ੍ਹਾਂ ਨੂੰ ਮਾਂਡਲੇ ਲਿਜਾਇਆ ਗਿਆ, ਫ਼ਿਰ ਰੰਗੂਨ ਅਤੇ ਫ਼ਿਰ ਵਾਪਸ ਭਾਰਤ ਲਿਆਇਆ ਗਿਆ। ਸਾਲ 1946 ਵਿੱਚ ਲੈਫ਼ਟੀਨੇਟ ਕਰਨਲ ਸੈਮ ਮਾਨੇਕਸ਼ਾ ਨੂੰ ਫ਼ੌਜ ਦੇ ਮੁੱਖ ਦਫ਼ਤਰ, ਦਿੱਲੀ ’ਚ ਤਾਇਨਾਤ ਕੀਤਾ ਗਿਆ।

1948 ਵਿੱਚ ਜਦੋਂ ਵੀਪੀ ਮੇਨਨ ਕਸ਼ਮੀਰ ਦਾ ਭਾਰਤ ਵਿੱਚ ਸੁਮੇਲ ਕਰਵਾਉਣ ਲਈ ਮਹਾਰਾਜਾ ਹਰੀ ਸਿੰਘ ਨਾਲ ਗੱਲਬਾਤ ਲਈ ਸ਼੍ਰੀਨਗਰ ਗਏ ਤਾਂ ਸੈਮ ਮਾਨੇਕਸ਼ਾ ਵੀ ਉਨ੍ਹਾਂ ਨਾਲ ਸਨ। 1962 ਵਿੱਚ ਚੀਨ ਨਾਲ ਜੰਗ ਹਾਰਨ ਤੋਂ ਬਾਅਦ ਸੈਮ ਨੂੰ ਬਿਜੀ ਕੌਲ ਦੀ ਥਾਂ ਉੱਤੇ ਚੌਥੀ ਕੋਰ ਦੀ ਕਮਾਨ ਦਿੱਤੀ ਗਈ।

ਅਹੁਦੇ ਉੱਤੇ ਬੈਠਦੇ ਹੀ ਸੈਮ ਨੇ ਸਰਹੱਦ ਉੱਤੇ ਤਾਇਨਾਤ ਫੌਜੀਆਂ ਨੂੰ ਸੰਬੋਧਿਤ ਕੀਤਾ ਤੇ ਕਿਹਾ ਸੀ, ‘‘ਅੱਜ ਤੋਂ ਬਾਅਦ ਤੁਹਾਡੇ ਵਿੱਚੋਂ ਕੋਈ ਵੀ ਉਦੋਂ ਤੱਕ ਪਿੱਛੇ ਨਹੀਂ ਹਟੇਗਾ, ਜਦੋਂ ਤੱਕ ਤੁਹਾਨੂੰ ਇਸ ਲਈ ਲਿਖਤੀ ਹੁਕਮ ਨਹੀਂ ਮਿਲਦੇ। ਧਿਆਨ ਰੱਖੋ ਇਹ ਹੁਕਮ ਤੁਹਾਨੂੰ ਕਦੇ ਵੀ ਨਹੀਂ ਦਿੱਤਾ ਜਾਵੇਗਾ।’’

ਪਾਕ ਫੌਜ ਮੁਖੀ ਟਿੱਕਾ ਖ਼ਾਨ ਨਾਲ ਮੁਲਾਕਾਤ

ਸੈਮ ਮਾਨੇਕਸ਼ਾ
X@ADGPI

ਪਾਕਿਸਤਾਨ ਨਾਲ ਲੜਾਈ ਤੋਂ ਬਾਅਦ ਸਰਹੱਦ ਦੇ ਕੁਝ ਇਲਾਕਿਆਂ ਦੀ ਅਦਲਾ ਬਦਲੀ ਬਾਰੇ ਗੱਲ ਕਰਨ ਸੈਮ ਮਾਨੇਕਸ਼ਾ ਪਾਕਿਸਤਾਨ ਗਏ। ਉਸ ਸਮੇਂ ਜਨਰਲ ਟਿੱਕਾ ਖ਼ਾਨ ਪਾਕਿਸਤਾਨ ਦੀ ਫੌਜ ਦੇ ਮੁਖੀ ਹੁੰਦੇ ਸਨ।

ਪਾਕਿਸਤਾਨ ਦੇ ਕਬਜ਼ੇ ਵਿੱਚ ਭਾਰਤੀ ਕਮਸ਼ੀਰ ਦੀ ਚੌਕੀ ਥਾਕੋਚਕ ਸੀ, ਜਿਸ ਨੂੰ ਛੱਡਣ ਲ਼ਈ ਉਹ ਤਿਆਰ ਨਹੀਂ ਸੀ।

ਜਨਰਲ ਐੱਸਕੇ ਸਿਨਹਾ ਦੱਸਦੇ ਹਨ ਕਿ ਟਿੱਕਾ ਖ਼ਾਨ ਸੈਮ ਤੋਂ ਅੱਠ ਸਾਲ ਜੂਨੀਅਰ ਸਨ ਅਤੇ ਉਨ੍ਹਾਂ ਦਾ ਅੰਗਰੇਜ਼ੀ ਵਿੱਚ ਹੱਥ ਥੋੜ੍ਹਾ ਤੰਗ ਸੀ ਕਿਉਂਕਿ ਉਹ ਸੂਬੇਦਾਰ ਦੇ ਅਹੁਦੇ ਤੋਂ ਸ਼ੁਰੂਆਤ ਕਰਦੇ ਹੋਏ ਇਸ ਅਹੁਦੇ ਉੱਤੇ ਪਹੁੰਚੇ ਸਨ।

ਉਨ੍ਹਾਂ ਨੇ ਪਹਿਲਾਂ ਤੋਂ ਤਿਆਰ ਸਟੇਟਮੈਂਟ ਪੜ੍ਹਨੀ ਸ਼ੁਰੂ ਕੀਤੀ, ‘‘ਦੇਅਰ ਆਰ ਥ੍ਰੀ ਆਲਟਰਨੇਟਿਵ ਟੂ ਦਿਸ।’’

ਇਸ ਉੱਤੇ ਮਾਨੇਕਸ਼ਾ ਨੇ ਉਨ੍ਹਾਂ ਨੂੰ ਤੁਰੰਤ ਟੋਕਿਆ, ‘‘ਜਿਸ ਸਟਾਫ਼ ਅਫ਼ਸਰ ਦਾ ਲਿਖਿਆ ਬ੍ਰੀਫ਼ ਤੁਸੀਂ ਪੜ੍ਹ ਰਹੇ ਹੋ, ਉਸ ਨੂੰ ਅੰਗਰੇਜ਼ੀ ਲਿਖਣੀ ਨਹੀਂ ਆਉਂਦੀ ਹੈ। ਆਲਟਰਨੇਟਿਵਸ ਹਮੇਸ਼ਾ ਦੋ ਹੁੰਦੇ ਹਨ, ਤਿੰਨ ਨਹੀਂ। ਹਾਂ ਸੰਭਾਵਨਾਵਾਂ ਜਾਂ ਪਾਸਿਬਿਲੀਟੀਜ਼ ਦੋ ਤੋਂ ਵੱਧ ਹੋ ਸਕਦੀਆਂ ਹਨ।’’

ਸੈਮ ਦੀ ਗੱਲ ਸੁਣ ਕੇ ਟਿੱਕਾ ਐਨੇ ਨਰਵਸ ਹੋ ਗਏ ਕਿ ਹਕਲਾਉਣ ਲੱਗੇ....ਅਤੇ ਥੋੜ੍ਹੀ ਦੇਰ ਵਿੱਚ ਉਹ ਥਾਕੋਚਕ ਨੂੰ ਵਾਪਸ ਭਾਰਤ ਨੂੰ ਦੇਣ ਲਈ ਤਿਆਰ ਹੋ ਗਏ।

ਆਖਰੀ ਸਮਾਂ

ਸੈਮ ਮਾਨੇਕਸ਼ਾ
Getty Images
94 ਸਾਲ ਦੀ ਉਮਰ ਵਿੱਚ 27 ਜੂਨ, 2008 ਨੂੰ ਉਨ੍ਹਾਂ ਦੀ ਮੌਤ ਹੋ ਗਈ

ਭਾਰਤ ਸਰਕਾਰ ਦੀ ਵੈੱਬਸਾਈਟ ਉੱਤੇ ਮੌਜੂਦ ਵਿੱਚ ਮੌਜੂਦ ਜਾਣਕਾਰੀ ਮੁਤਾਬਕ ਉਹ 15 ਜਨਵਰੀ 1973 ਨੂੰ ਸੇਵਾਮੁਕਤ ਹੋਏ।

ਉਨ੍ਹਾਂ ਦਾ ਕਰੀਅਰ ਲਗਭਗ ਚਾਰ ਦਹਾਕਿਆਂ ਦਾ ਰਿਹਾ।

ਇਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਤਾਮਿਲਨਾਡੂ ਦੇ ਵਲਿੰਗਟਨ ਕੈਂਟੋਨਮੈਂਟ ਇਲਾਕੇ ਵਿੱਚ ਵੱਸ ਗਏ, ਜਿੱਥੇ ਉਨ੍ਹਾਂ ਨੇ ਡਿਫ਼ੈਂਸ ਸਰਵਿਸ ਸਟਾਫ਼ ਕਾਲਜ ਵਿੱਚ ਬਤੌਰ ਕਮਾਂਡੈਂਟ ਸੇਵਾਵਾਂ ਦਿੱਤੀਆਂ।

ਇਸ ਮਗਰੋਂ ਉਹ ਕਈ ਕੰਪਨੀਆਂ ਵਿੱਚ ਬਤੌਰ ਸੁਤੰਤਰ ਡਾਇਰੈਕਟਰ ਵੀ ਰਹੇ ਅਤੇ ਕੁਝ ਵਿੱਚ ਬਤੌਰ ਚੇਅਰਮੈਨ ਵੀ ਰਹੇ।

ਵਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਨਿਮੋਨੀਆ ਤੋਂ ਬਾਅਦ ਵਿਗੜੀ ਸਿਹਤ ਕਾਰਨ 94 ਸਾਲ ਦੀ ਉਮਰ ਵਿੱਚ 27 ਜੂਨ, 2008 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਸੈਮ ਮਾਨੇਕਸ਼ਾ ਦੀ ਅਗਵਾਈ ਵਿੱਚ 1971 ਦੀ ਜੰਗ ਵਿੱਚ ਜਿੱਤ ਸਦਕਾ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 16 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News