ਰਾਜਸਥਾਨ ਚੋਣਾਂ: ਗੁਰਦੁਆਰੇ ਤੇ ਮਸਜਿਦਾਂ ਉਖਾੜਨ ਦਾ ਬਿਆਨ ਦੇ ਕੇ ਭਾਜਪਾ ਆਗੂ ਨੇ ਪਾਰਟੀ ਕਸੂਤੀ ਫਸਾਈ

Thursday, Nov 02, 2023 - 07:29 PM (IST)

ਰਾਜਸਥਾਨ ਚੋਣਾਂ: ਗੁਰਦੁਆਰੇ ਤੇ ਮਸਜਿਦਾਂ ਉਖਾੜਨ ਦਾ ਬਿਆਨ ਦੇ ਕੇ ਭਾਜਪਾ ਆਗੂ ਨੇ ਪਾਰਟੀ ਕਸੂਤੀ ਫਸਾਈ
ਸੰਦੀਪਦਾਇਮਾ
Sandeep Dayma/Insta
ਸੰਦੀਪ ਦਾਇਮਾ ਭਾਜਪਾ ਦੇ ਤਿਜਾਰਾ ਤੋਂ ਪੁਰਾਣੇ ਆਗੂ ਹਨ

ਰਾਜਸਥਾਨ ਦੇ ਤਿਜਾਰਾ ਵਿੱਚ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਸੰਦੀਪ ਦਾਇਮਾ ਨੇ ਗੁਰਦੁਆਰਿਆਂ ਬਾਰੇ ਦਿੱਤੇ ਆਪਣੇ ਬਿਆਨ ਨੂੰ ਗ਼ਲਤ ਦੱਸਦਿਆਂ, ਸਿੱਖ ਕੌਮ ਤੋਂ ਮੁਆਫ਼ੀ ਮੰਗੀ ਹੈ।

ਉਨ੍ਹਾਂ ਨੇ ਮਾਫ਼ੀ ਮੰਗਦਿਆਂ ਜਾਰੀ ਕੀਤੀ ਵੀਡੀਓ ਵਿੱਚ ਕਿਹਾ ਕਿ ਉਹ ਗੁਰਦੁਆਰਿਆਂ ਬਾਰੇ ਨਹੀਂ ਬਲਕਿ ਮਸਜਿਦ ਜਾਂ ਮਦਰਸਿਆਂ ਦੀ ਗੱਲ ਕਰਨਾ ਚਾਹੁੰਦੇ ਸਨ।

ਜ਼ਿਕਰਯੋਗ ਹੈ ਕਿ ਦਾਇਮਾ ਦੀ ਰੈਲੀ ਦੌਰਾਨ ਗੁਰਦੁਆਰਿਆਂ ਬਾਰੇ ਕੀਤੀ ਗਈ ਟਿੱਪਣੀ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਅਲੋਚਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੋਸ਼ਲ ਮੀਡੀਆ ਵਰਤੋਂਕਾਰ ਇਸ ਨੂੰ ਧਰਮ ਦੇ ਨਾਂ ਉੱਤੇ ਵੰਡ ਪਾਉਣ ਵਾਲੀ ਰਾਜਨੀਤੀ ਦੱਸ ਰਹੇ ਹਨ ਅਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਦੀ ਸਖ਼ਤ ਨਿੰਦਾ ਕੀਤੀ ਹੈ।

ਦਾਇਮਾ
Sandeep Dayma/Insta
ਦਾਇਮਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਜਾਰੀ ਕਰੇ ਮੁਆਫ਼ੀ ਮੰਗੀ ਹੈ

ਦਾਇਮਾ ਦਾ ਬਿਆਨ

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੰਦੀਪ ਦਾਮਿਆ ਨੇ ਰਾਜਸਥਾਨ ਵਿੱਚ ਰੈਲੀ ਦੌਰਾਨ ਕਿਹਾ ਸੀ ਕਿ, “ਕੁਝ ਲੋਕ ਧਰਮ ਅਤੇ ਜਾਤੀਆਂ ਨੇ ਨਾਂ ਉੱਤੇ ਸਾਨੂੰ ਵੰਡਣਾ ਚਾਹੁੰਦੇ ਹਨ, ਸਾਨੂੰ ਬਹੁਤ ਸਮਝ ਕੇ ਰਹਿਣ ਦੀ ਲੋੜ ਹੈ।

ਉਨ੍ਹਾਂ ਅੱਗੇ ਕਿਹਾ,“ਜਿਸ ਤਰ੍ਹਾਂ ਮਸਜਿਦਾਂ ਅਤੇ ਗੁਰਦੁਆਰੇ ਬਣਾ ਕੇ ਛੱਡੇ ਦਿੱਤੇ ਗਏ ਹਨ, ਉਹ ਅੱਗੇ ਜਾ ਕੇ ਨਾਸੂਰ ਬਣ ਜਾਣਗੇ। ਇਸ ਲਈ ਸਾਡਾ ਸਾਰਿਆਂ ਦਾ ਧਰਮ ਵੀ ਬਣਦਾ ਹੈ ਕਿ ਇਥੋਂ ਨਾਸੂਰ ਨੂੰ ਉਖਾੜ ਕੇ ਸੁੱਟ ਦਿੱਤਾ ਜਾਵੇ।”

ਇਸ ਮਾਮਲੇ ਦੀ ਖਾਸ ਗੱਲ ਇਹ ਹੈ ਕਿ ਜਿਸ ਵੇਲੇ ਇਹ ਬਿਆਨ ਦਿੱਤਾ ਜਾ ਰਿਹਾ ਸੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਹਾਜ਼ਰ ਸਨ, ਉਹ ਵੀ ਬਿਆਨ ਸੁਣ ਕੇ ਤਾੜੀਆਂ ਮਾਰਨ ਵਾਲਿਆਂ ਵਿੱਚ ਸ਼ਾਮਲ ਸਨ।

ਇਸ ਗੱਲ ਉੱਤੇ ਕਿਸੇ ਨੇ ਵੀ ਘਟਨਾ ਵੇਲੇ ਇਤਰਾਜ਼ ਜਾਹਰ ਨਹੀਂ ਕੀਤਾ, ਪਰ ਜਦੋਂ ਸੋਸ਼ਲ ਮੀਡੀਆ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਤਾਂ ਭਾਜਪਾ ਨੇ ਇਸ ਉੱਤੇ ਮਾਫ਼ੀ ਮੰਗੀ।

ਦਾਇਮਾ ਨੇ ਮੰਗੀ ਮਾਫ਼ੀ

ਆਪਣੇ ਬਿਆਨ ਉੱਤੇ ਅਲੋਚਣਾ ਅਤੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਦਾਇਮਾ ਨੇ ਫ਼ੇਸਬੁੱਕ ਉੱਤੇ ਇੱਕ ਵੀਡੀਓ ਜਾਰੀ ਕਰਕੇ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ।

ਉਨ੍ਹਾਂ ਕਿਹਾ,“ਅੱਜ ਚੋਣ ਭਾਸ਼ਣ ਵਿੱਚ ਮਸਜਿਦ ਮਦਰਸੇ ਦੀ ਜਗ੍ਹਾ ਗੁਰਦੁਆਰਾ ਸਾਹਿਬ ਬਾਰੇ ਕੁਝ ਗ਼ਲਤ ਸ਼ਬਦਾਂ ਦੀ ਵਰਤੋਂ ਮੇਰੇ ਤੋਂ ਗ਼ਲਤੀ ਨਾਲ ਹੋਈ ਹੈ। ਇਸ ਲਈ ਮੈਂ ਪੂਰੇ ਸਿੱਖ ਸਮਾਜ ਤੋਂ ਮੁਆਫ਼ੀ ਮੰਗਦਾ ਹਾਂ।”

“ਮੈਨੂੰ ਨਹੀਂ ਪਤਾ ਮੇਰੇ ਤੋਂ ਕਿਵੇਂ ਗ਼ਲਤੀ ਹੋਈ ਹੈ। ਅਜਿਹੇ ਸਿੱਖ ਸਮਾਜ ਜਿਸ ਨੇ ਹਮੇਸ਼ਾਂ ਹਿੰਦੂ ਧਰਮ ਅਤੇ ਸਨਾਤਨ ਦੀ ਰੱਖਿਆ ਕੀਤੀ ਹੋਵੇ, ਬਾਰੇ ਅਜਿਹਾ ਕਹਿਣ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਕਿ ਅਜਿਹੀ ਗ਼ਲਤੀ ਕਰ ਸਕਦਾ ਹਾਂ।”

ਦਾਇਮਾ ਨੇ ਗੁਰਦੁਆਰੇ ਜਾ ਕੇ ਭੁੱਲ ਬਖ਼ਸ਼ਾਉਣ ਵੀ ਕਰਨ ਦੀ ਗੱਲ ਵੀ ਆਖੀ ਹੈ।

ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ
Getty Images
ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ

ਸ਼੍ਰੋਮਣੀ ਦੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿਖੇਧੀ

ਸੰਦੀਪ ਦਾਇਮਾ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ਉੱਤੇ ਆਪਣਾ ਇਤਰਾਜ਼ ਜ਼ਾਹਰ ਕੀਤਾ ਗਿਆ ਸੀ

ਐੱਸਜੀਪੀਸੀ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸਾਹਿਬਾਨ ਨੂੰ ‘ਉਖਾੜਨ’ ਬਾਰੇ ਕਹੀ ਗੱਲ ਦਾ ਨੋਟਿਸ ਲੈਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਸਾਰੀ ਦੁਨੀਆਂ ਵਿੱਚ ਗੁਰਦੁਆਰੇ ਸਥਾਪਿਤ ਹਨ।

“ਜਦੋਂ ਵੀ ਦੇਸ਼ ਵਿਦੇਸ਼ ਵਿਚ ਕੋਈ ਬਿਪਤਾ ਸਾਹਮਣੇ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮੋਹਰੀ ਹੋ ਕੇ ਮਾਨਵਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਸੇਵਾ ਕੀਤੀ ਹੈ।”

ਐਡਵੋਕੇਟ ਧਾਮੀ ਨੇ ਕਿਹਾ ਕਿ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨ ਬਾਰੇ ਨਫ਼ਰਤੀ ਬਿਆਨ ਭਾਜਪਾ ਆਗੂਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਮੇਸ਼ਾ ਹੀ ਸਭਨਾ ਲਈ ਖੁੱਲ੍ਹੇ ਹਨ।

ਧਾਮੀ ਨੇ ਕਿਹਾ ਕਿ ਰਾਜਸਥਾਨ ਦੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਜੋ ਕਿ ਰੈਲੀ ਵਿੱਚ ਮੌਜੂਦ ਸਨ, ਸਣੇ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਮੁਆਫੀ ਮੰਗਣ ਅਤੇ ਭਾਰਤੀ ਜਨਤਾ ਪਾਰਟੀ ਵੀ ਇਸ ਬਾਰੇ ਆਪਣਾ ਪੱਖ ਸਪਸ਼ਟ ਕਰੇ।

ਤਿਜਾਰਾ
Ramandeep Singh Mann/X
ਤਿਜਾਰਾ ਵਿੱਚ ਚੋਣ ਰੈਲੀ ਸੀ

ਚੋਣ ਕਮਿਸ਼ਨ ਨੇ ਵੀ ਲਿਆ ਨੋਟਿਸ

ਚੋਣ ਕਮਿਸ਼ਨ ਨੇ ਵੀ ਸੰਦੀਪ ਦਾਇਮਾ ਨੂੰ ਵਿਵਾਦਿਤ ਬਿਆਨ ਬਾਰੇ ਸਪੱਸ਼ਟੀਕਰਨ ਦੇਣ ਲਈ ਨੋਟਿਸ ਜਾਰੀ ਕੀਤਾ ਹੈ।

ਚੋਣ ਕਮਿਸ਼ਨ ਨੇ ਇਸ ਨੂੰ ਕੋਡ ਆਫ਼ ਕੰਡਕਟ ਦੀ ਉਲੰਘਣਾ ਮੰਨਦਿਆਂ ਤਿਜਾਰਾ-ਖੈਰਥਲ ਦੇ ਰਿਟਰਨਿੰਗ ਅਧਿਕਾਰੀ ਨੇ ਨੋਟਿਸ ਜਾਰੀ ਕੀਤਾ ਹੈ।

ਕਮਿਸ਼ਨ ਨੇ ਤਿੰਨ ਦਿਨਾਂ ਦੇ ਅੰਦਰ ਅੰਦਰ ਜਵਾਪ ਪੇਸ਼ ਨਾ ਕਰਨ ਦੇ ਸੂਰਤੇਹਾਲ ਕਾਰਵਾਈ ਕਰਨ ਦੀ ਗੱਲ ਆਖੀ ਹੈ।

ਸੰਦੀਪ ਨੇ ਗੁਰਦੁਆਰਿਆਂ ਬਾਰੇ ਬਿਆਨ ਤੋਂ ਤਾਂ ਮੁਆਫ਼ੀ ਮੰਗੀ ਹੈ ਪਰ ਉਹ ਮਸਜਿਦਾਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਚੁੱਪ ਹਨ।

ਨੋਟਿਸ
Election Commission of India

ਸ਼ੋਸਲ ਮੀਡੀਆ ’ਤੇ ਆਇਆ ਪ੍ਰਤੀਕਰਮ

ਸੰਦੀਪ ਦਾਇਮਾ ਦੇ ਗੁਰਦੁਆਰਿਆਂ ਬਾਰੇ ਆਏ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਅਲੋਚਣਾ ਹੋ ਰਹੀ ਹੈ ਅਤੇ ਧਰਮ ਦੇ ਨਾਂ ਉੱਤੇ ਵੰਡਣ ਦੀਆਂ ਕੋਸ਼ਿਸ਼ਾਂ ਕਰਨ ਦੇ ਇਲਜ਼ਮ ਵੀ ਲੱਗ ਰਹੇ ਹਨ।

ਰਮਨਦੀਪ ਸਿੰਘ ਮਾਨ ਨਾਂ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਐਕਸ ਉੱਤੇ ਲਿਖਿਆ,“ ਮਸਜਿਤ ਤੋਂ ਬਾਅਦ ਗੁਰਦੁਆਰੇ ਹੁਣ ਇਨ੍ਹਾਂ ਨੂੰ ਨਾਸੂਰ ਲੱਗਣ ਲੱਗੇ ਹਨ। ਤਿਜਾਰਾ ਵਿੱਚ ਯੋਗੀ ਅਦਿਤਿਆਨਾਥ ਦੀ ਮੌਜੂਦਗੀ ਵਿੱਚ ਇਹ ਬੇਹੱਦ ਸ਼ਰਮਨਾਕ ਟਿੱਪਣੀ ਦਿੱਤੀ ਗਈ ਹੈ। ਦੇਖੋ ਤੇ ਸਮਝੋ।

ਰਮਨਦੀਪ ਸਿੰਘ
Ramandeep Singh Mann/X

ਸੰਦੀਪ ਦਾਇਮਾ ਦੀ ਮੁਆਫ਼ੀ ਵਾਲੀ ਫ਼ੇਸਬੁੱਕ ਪੋਸਟ ’ਤੇ ਕੁਮੈਂਟ ਵੀ ਕੁਝ ਇਸੇ ਸੁਰ ਦੇ ਨਜ਼ਰ ਆ ਰਹੇ ਹਨ।

ਇੰਦਰਪ੍ਰੀਤ ਸਿੰਘ ਨੇ ਲਿਖਿਆ,“ਤੁਹਾਡੇ ਲੋਕ ਬਸ ਇਹ ਹੀ ਮੁੱਦੇ ਰਹਿ ਗਏ, ਚੋਣਾਂ ਵਿੱਚ ਹਿੰਦੂ ਮੁਸਲਿਮ, ਹਿੰਦੂ ਸਿੱਖ ਦੇ?”

ਇੰਦਰਜੀਤ ਨੇ ਸਵਾਲ ਕਰਦਿਆਂ ਲਿਖਿਆ,“ ਆਪਣੇ ਵਿਕਾਸ ਕਾਰਜਾਂ ਦੇ ਨਾਂ ਉੱਤੇ ਵੀ ਕਦੀ ਚੋਣਾਂ ਜਿੱਤਿਆ ਕਰੋ। ਧਰਮ ਕੋਈ ਵੀ ਹੋਵੇ ਉਸ ਦੀ ਬੇਇੱਝਤੀ ਕਦੋਂ ਠੀਕ ਹੋ ਗਈ, ਕੀ ਮਸਜਿਦ ਬਾਰੇ ਗ਼ਲਤ ਬੋਲਣਾ ਠੀਕ ਹੈ?

ਇੰਜੀਨੀਅਰ ਦਲਜੀਤ ਭਮਰਾ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਐਕਸ ਉੱਤੇ ਲਿਖਿਆ,“ਘੱਟਗਿਣਤੀਆਂ ਦੇ ਖ਼ਿਲਾਫ਼ ਨਫਰਤ ਫੈਲਾਉਣ ਵਾਲੇ ਭਾਸ਼ਣ ਤੋਂ ਬਾਅਦ ਯੂਪੀ ਦੇ ਮੁੱਖ ਮੰਤਰੀ ਉੱਥੇ ਬੈਠੇ ਹਨ ਅਤੇ ਤਾੜੀਆਂ ਵਜਾ ਰਹੇ ਹਨ।”

ਆਸਿਫ਼ ਖ਼ਾਨ ਨਾਮ ਦੇ ਇੱਕ ਵਿਅਕਤੀ ਨੇ ਸੰਦੀਪ ਦਾਇਮਾ ਨੂੰ ਸੰਬੋਧਿਤ ਹੁੰਦਿਆਂ ਲਿਖਿਆ,“ਸਿਖਿਆ, ਸਿਹਤ ਅਤੇ ਤਰੱਕੀ ਦੀਆਂ ਗੱਲਾਂ ਦੀ ਬਜਾਇ ਫ਼ਜ਼ੂਲ ਗੱਲਾ ਚੁਣਾਵੀ ਰੈਲੀ ਵਿੱਚ ਹੋਣਗੀਆਂ ਤਾਂ ਫ਼ਿਰ ਇਨ੍ਹਾਂ ਲੋਕਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News