''''84 ਦੇ ਸਿੱਖ ਕਤਲੇਆਮ ਦੇ ਪੀੜਤ ਬੱਚਿਆਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਵਾਲੇ ਕੁਲਬੀਰ ਸਿੰਘ ਨੇ ਕਿਵੇਂ ਕਈਆਂ ਨੂੰ ਨਸ਼ਿਆਂ ਤੋਂ ਬਚਾਇਆ
Wednesday, Nov 01, 2023 - 08:59 AM (IST)
“1984 ਦੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੇ ਬੱਚੇ ਕਿਤੇ ਆਵਾਰਾ ਜਾਂ ਨਸ਼ੇੜੀ ਨਾ ਬਣ ਜਾਣ। ਬਸ ਇਹੋ ਗੱਲ ਮੈਨੂੰ ਵਾਰ-ਵਾਰ ਝੰਜੋੜ ਰਹੀ ਸੀ। ਇਸ ਲਈ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦੀ ਪੜ੍ਹਾਈ ਬਾਰੇ ਸੋਚਿਆ।”
ਦਿੱਲੀ ਦੇ ਤਿਲਕ ਨਗਰ ਵਿੱਚ ਰਹਿੰਦੇ 75 ਸਾਲਾਂ ਕੁਲਬੀਰ ਸਿੰਘ ਨੇ ਇਹ ਗੱਲ ਭਰੇ ਮਨ ਨਾਲ ਕਹੀ।
31 ਅਕਤੂਬਰ, 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਕਾਰਨ ਸੈਂਕੜੇ ਬੱਚੇ ਬੇਸਹਾਰਾ ਹੋ ਗਏ ਸਨ।
ਇਸ ਦੌਰਾਨ ਕੁਲਬੀਰ ਸਿੰਘ ਅਤੇ ਉਨ੍ਹਾਂ ਨਾਲ ਜੁੜੇ ਕਈ ਲੋਕਾਂ ਨੇ ਕੈਂਪਾਂ ਵਿੱਚ ਦਿਨ ਕੱਟ ਰਹੇ ਅਨਾਥ ਬੱਚਿਆਂ ਦੀ ਪੜ੍ਹਾਈ ਲਈ ਯਤਨ ਕਰਨੇ ਸ਼ੁਰੂ ਕੀਤੇ ਸੀ।
ਸ਼ੁਰੂਆਤ ਵਿੱਚ ਕੁਲਬੀਰ ਸਿੰਘ ਬੱਚਿਆਂ ਨੂੰ ਪਾਰਕਾਂ ਵਿੱਚ ਪੜਾਉਂਦੇ ਸਨ। ਉਨ੍ਹਾਂ ਨੇ ਸਕੂਲ ਛੱਡ ਚੁੱਕੇ ਵਿਦਿਆਰਥੀਆਂ ਨੂੰ ਮੁੜ ਦਾਖਿਲ ਕਰਵਾਇਆ। ਉਹ ਬੱਚਿਆਂ ਨੂੰ ਪੜਾਈ ਨਾਲ ਜੋੜਨ ਲਈ ਗਲੀਆਂ ਵਿੱਚ ਜਾ ਕੇ ਭਾਸ਼ਣ ਦਿੰਦੇ ਸੀ ਤਾਂ ਜੋ ਕਿਸੇ ਤਰੀਕੇ ਨਾਲ ਬੱਚੇ ਪੜ੍ਹਾਈ ਵੱਲ ਮੁੜ ਸਕਣ।
ਕੁਲਬੀਰ ਸਿੰਘ ਦੱਸਦੇ ਹਨ, “ਅਸੀਂ ਕਿਰਾਏ ’ਤੇ ਮਕਾਨ ਲੈ ਲਏ ਅਤੇ ਘਰਾਂ ਵਿੱਚੋਂ ਬੱਚਿਆਂ ਨੂੰ ਇਕੱਠੇ ਕਰਦੇ। ਮੈਂ ਡੁੱਗ-ਡੁਗੀ ਵਜਾਉਂਦਾ ਸੀ। ਇਸ ਤਰ੍ਹਾਂ ਘੁਮੰਦਾ ਸੀ ਜਿਵੇਂ ਜਾਗੋ ਕੱਢਦੇ ਹਨ।"
"ਇਲਾਕੇ ਵਿੱਚ ਲੋਕਾਂ ਨੂੰ ਛੋਟਾ-ਮੋਟਾ ਨਸ਼ਾ ਕਰਨ ਦੀ ਆਦਤ ਵੀ ਸੀ। ਮੈਂ ਸ਼ਰਾਬ ਖ਼ਿਲਾਫ਼ ਨਾਅਰੇ ਲਗਾਉਂਦਾ ਸੀ। ਅਸੀਂ ਖੇਡਾਂ ਸ਼ੁਰੂ ਕੀਤੀਆਂ। ਬੱਚਿਆਂ ਨੂੰ ਅਸੀਂ ਸਕੂਲ ਦਾ ਸਿਲੇਬਸ ਪੜ੍ਹਾਉਂਦੇ ਅਤੇ ਪੰਜਾਬੀ ਮੀਡੀਅਮ ਦੇ ਸਕੂਲ ਵੀ ਖੁਲ੍ਹਵਾਏ।”
ਉਹ ਕਹਿੰਦੇ ਹਨ, “ਅਸੀਂ ਇੱਕ ਸਰਵੇ ਕੀਤਾ ਕਿ ਕਿਹੜੇ ਬੱਚੇ ਪੜ੍ਹਨ ਵਾਲੇ ਹਨ। ਇਸ ਸਰਵੇ ਵਿੱਚ ਪਤਾ ਲਗਿਆ ਕਿ ਅਜਿਹੇ ਕਰੀਬ 800 ਬੱਚੇ ਹਨ। ਅਸੀਂ ਉਨ੍ਹਾਂ ਦੇ ਸਕੂਲ ਛੱਡਣ ਦੇ ਸਰਟੀਫਿਕੇਟ ਲਿਆਂਦੇ ਪਰ ਕੁਝ ਪ੍ਰਿੰਸੀਪਲ ਧਾਰਮਿਕ ਤੌਰ ’ਤੇ ਇੱਕ ਪਾਸੜ ਵਿਚਾਰ ਰੱਖਦੇ ਸਨ, ਉਨ੍ਹਾਂ ਨੇ ਬੱਚਿਆਂ ਦੇ ਸਰਟੀਫਿਕੇਟ ਨਹੀਂ ਦਿੱਤੇ।"
"ਅਸੀਂ ਬੱਚਿਆਂ ਨੂੰ ਇੱਕ-ਇੱਕ ਸਾਲ ਆਪ ਪੜ੍ਹਾ ਕੇ ਅਗਲੀ ਜਮਾਤ ਵਿੱਚ ਐਫੀਡੈਵਿਟ ਦੇ ਕੇ ਦਾਖ਼ਲ ਕਰਵਾ ਦਿੱਤਾ।”
ਕੁਲਬੀਰ ਸਿੰਘ ਦੱਸਦੇ ਹਨ, “ਅਸੀਂ ਕੁਝ ਦਾਨੀ ਸੱਜਣਾਂ ਤੋਂ ਆਰਥਿਕ ਸਹਾਇਤਾ ਲਈ ਤੇ ਬੱਚਿਆਂ ਨੂੰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾਉਂਦੇ ਰਹੇ। ਮੈਂ ਕਦੇ ਵੀ ਕਿਸੇ ਰਾਜਨੀਤਿਕ ਪਾਰਟੀ ਨਾਲ ਨਹੀਂ ਜੁੜਿਆ ਸਗੋਂ ਅਸੀਂ ਆਪਣੀ ਐੱਨਜੀਓ ਚਲਾਉਂਦੇ ਰਹੇ।”
ਮਨੋਵਿਗਿਆਨਿਕ ਡਾਕਟਰਾਂ ਦੀ ਸਹਾਇਤਾ
ਇੱਕੋ ਜਿਹੇ ਵਿਚਾਰਾਂ ਵਾਲੇ ਲੋਕਾਂ ਵੱਲੋਂ 1984 ਵਿੱਚ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਬਣਾਈ ਜੋ ਅੱਜ ਵੀ ਤਿਲਕ ਵਿਹਾਰ ਵਿੱਚ ਚੱਲ ਰਹੀ ਹੈ।
ਉਸ ਸਮੇਂ ਕੇਂਦਰ ਸਰਕਾਰ ਵਿੱਚ ਕਲਰਕ ਦੀ ਨੌਕਰੀ ਕਰਦੇ ਕੁਲਬੀਰ ਸਿੰਘ ਦੱਸਦੇ ਹਨ ਕਿ ਸਿੱਖਾਂ ਵਿਰੋਧੀ ਕਤਲੇਆਮ ਤੋਂ ਬਾਅਦ ਹਿੰਸਾ ਦਾ ਸ਼ਿਕਾਰ ਹੋਏ ਬੱਚੇ ਮਾਨਸਿਕ ਸਦਮੇ ਵਿੱਚ ਵੀ ਸਨ।
ਕੁਲਬੀਰ ਸਿੰਘ ਕਹਿੰਦੇ ਹਨ ਕਿ ਬੱਚਿਆਂ ਦੀ ਸਹਾਇਤਾ ਲਈ ਮਨੋਵਿਗਿਆਨਕ ਡਾਕਟਰ ਵੀ ਰੱਖੇ ਗਏ ਜੋ ਬੱਚਿਆਂ ਦੀ ਕਾਉਂਸਲਿੰਗ ਕਰਦੇ ਸਨ।
ਉਹ ਕਹਿੰਦੇ ਹਨ, “ਸਾਡੇ ਕੋਲ 25 ਬੱਚੇ ਅਨਾਥ ਸਨ ਤੇ 25 ਅਪਾਹਜ ਸਨ। ਉਨ੍ਹਾਂ ਨੂੰ ਸਕੂਲ ਵਿੱਚ ਦਾਖ਼ਲ ਕਰਵਾਇਆ, ਵਰਦੀ ਸਮੇਤ ਹੋਰ ਕੱਪੜੇ ਅਤੇ ਖਾਣਾ ਵੀ ਦਿੰਦੇ ਰਹੇ।”
ਬੱਚੇ ਕਾਰੋਬਾਰ ਤੇ ਨੌਕਰੀਆਂ ਦੇ ਕਾਬਲ ਹੋਏ
ਕੁਲਬੀਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਲਈ ਕਤਲੇਆਮ ਤੋਂ ਕੁਝ ਸਮੇਂ ਬਾਅਦ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ।
ਉਹ ਦੱਸਦੇ ਹਨ, “ਜੋ ਨੌਜਵਾਨ ਆਉਂਦਾ, ਅਸੀਂ ਉਸ ਨੂੰ ਪੁੱਛਦੇ ਕਿ ਉਹ ਕੀ ਕੰਮ ਕਰਦਾ ਸੀ। ਜੇ ਕੋਈ ਕਹਿੰਦਾ ਕਿ ਮੱਛੀ ਵੇਚਦਾ ਸੀ ਤਾਂ ਨਾਲ ਦੀ ਨਾਲ ਉਸ ਨੂੰ ਕੁਝ ਪੈਸੇ ਦੇ ਦੇਣੇ ਕਿ ਚੱਲੋ ਭਾਈ ਆਪਣਾ ਕੰਮ ਸ਼ੁਰੂ ਕਰੋ।"
"ਜੇ ਕਿਸੇ ਨੂੰ ਸਾਇਕਲ ਦੀ ਲੋੜ ਹੁੰਦੀ, ਉਸ ਨੂੰ ਸਾਇਕਲ ਦੇ ਦਿੰਦੇ।”
ਕੁਲਬੀਰ ਸਿੰਘ, “ਸਾਡੇ ਪੜ੍ਹਾਏ ਹੋਏ ਬੱਚੇ ਸਹਾਇਕ ਮੈਨੇਜਰ ਤੱਕ ਦੀਆਂ ਨੌਕਰੀਆਂ ਉਪਰ ਪਹੁੰਚੇ ਹਨ। ਕਈ ਮੁੰਡੇ-ਕੁੜੀਆਂ ਟੀਚਰ ਲੱਗ ਗਏ।”
ਅਨਾਥ ਆਸ਼ਰਮ ਤੋਂ ਸਰਕਾਰੀ ਅਧਿਆਪਕ ਬਣਨ ਦਾ ਸਫ਼ਰ
43 ਸਾਲਾ ਸੁਖਚੈਨ ਸਿੰਘ ਦਿੱਲੀ ਵਿੱਚ ਸਰਕਾਰੀ ਸਕੂਲ ਦੇ ਅਧਿਆਪਕ ਹਨ। ਕਤਲੇਆਮ ਵਿੱਚ ਉਨ੍ਹਾਂ ਦੇ ਪਿਤਾ ਦੇ ਕਤਲ ਤੋਂ ਬਾਅਦ ਉਹ ਅਨਾਥ ਆਸ਼ਰਮ ਵਿੱਚ ਰਹੇ।
ਪਰ ਸਿਲਾਈ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਮਾਂ ਨੇ ਸੁਖਚੈਨ ਸਿੰਘ ਤੇ ਉਨ੍ਹਾਂ ਦੇ ਭਰਾ ਨੂੰ ਆਪਣੇ ਕੋਲ ਰੱਖਣਾ ਹੀ ਠੀਕ ਸਮਝਿਆ ਤੇ ਉਹ ਨਿਸ਼ਕਾਮ ਸੰਸਥਾ ਦੀ ਮਦਦ ਨਾਲ ਪੜ੍ਹਨ ਲੱਗੇ।
ਸੁਖਚੈਨ ਸਿੰਘ ਕਹਿੰਦੇ ਹਨ, “ਮੈਂ ਪੜ੍ਹਾਈ ਵਿੱਚ ਬਹੁਤ ਕਮਜ਼ੋਰ ਸੀ ਅਤੇ ਸਭ ਕਹਿੰਦੇ ਸਨ ਕਿ ਤੈਨੂੰ ਨੌਕਰੀ ਨਹੀਂ ਮਿਲ ਸਕਦੀ ਪਰ ਕੁਲਬੀਰ ਅੰਕਲ ਨੇ ਮੈਨੂੰ ਹਮੇਸ਼ਾ ਇਹ ਹੌਸਲਾ ਦਿਤਾ ਕਿ ਤੂੰ ਕਰ ਸਕਦਾ ਹੈ।"
"ਮੈਂ ਕਾਫੀ ਮਿਹਨਤ ਕੀਤੀ। ਕੁਝ ਹੋਰ ਕੰਮ ਵੀ ਕਰਦਾ ਰਿਹਾ ਪਰ ਸਾਲ 2019 ਵਿੱਚ ਮੇਰੀ ਸਰਕਾਰੀ ਨੌਕਰੀ ਲੱਗ ਗਈ।”
ਇਸ ਤਰ੍ਹਾਂ 42 ਸਾਲ ਦੇ ਰਣਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਸੰਗੀਤ ਵਿੱਚ ਐੱਮਏ ਕੀਤੀ ਹੈ ਅਤੇ ਸਾਲ 2000 ਵਿੱਚ ਉਨ੍ਹਾਂ ਦੀ ਅਧਿਆਪਕ ਦੀ ਸਰਕਾਰੀ ਨੌਕਰੀ ਲੱਗ ਗਈ ਸੀ।
ਹੱਸਦੇ ਹੋਏ ਰਣਜੀਤ ਸਿੰਘ ਦੱਸਦੇ ਹਨ, “ਜਦੋਂ ਮੈਂ ਨੌਕਰੀ ਜੁਆਇਨ ਕੀਤੀ ਤਾਂ ਬਹੁਤ ਛੋਟਾ ਜਿਹਾ ਲੱਗਦਾ ਸੀ। ਮੇਰੇ ਹਾਲੇ ਪੂਰੀ ਦਾੜੀ ਵੀ ਨਹੀਂ ਆਈ ਸੀ। ਨਿਸ਼ਕਾਮ ਸੰਸਥਾ ਵਿੱਚੋਂ ਟਿਉਸ਼ਨ ਪੜ੍ਹ ਕੇ ਸਰਕਾਰੀ ਨੌਕਰੀ ਲੈਣ ਵਾਲਾ ਮੈਂ ਪਹਿਲਾ ਵਿਦਿਆਰਥੀ ਸੀ।"
ਤਿਲਕ ਵਿਹਾਰ ਤੋਂ ਸ਼ੁਰੂ ਹੋਈ ਨਿਸ਼ਕਾਮ ਸੰਸਥਾ ਹੁਣ ਦੇਸ਼ ਦੇ ਕਈ ਸੂਬਿਆਂ ਵਿੱਚ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇ ਰਹੀ ਹੈ।
ਸੰਸਥਾ ਵੱਲੋਂ ਬਿਨਾਂ ਕਿਸੇ ਧਾਰਮਿਕ ਵਿਤਕਰੇ ਦੇ ਬੱਚਿਆਂ ਲਈ ਲਾਇਬ੍ਰੇਰੀ ਸੇਵਾ, ਟਿਊਸ਼ਨ ਤੇ ਸੰਗੀਤ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ ਹਨ।
45 ਸਾਲਾਂ ਸਤਨਾਮ ਕੌਰ ਦੱਸਦੇ ਹਨ ਕਿ ਜਦੋਂ ਕਤਲੇਆਮ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਕੈਂਪਾਂ ਵਿੱਚ ਰਹਿਣਾ ਪਿਆ ਸੀ।
ਸਤਨਾਮ ਕੌਰ ਯਾਦ ਕਰਦੇ ਹਨ, “ਜਦੋਂ ਅਸੀਂ ਤਿਲਕ ਵਿਹਾਰ ਆਏ ਤਾਂ ਕੁਲਬੀਰ ਸਿੰਘ ਅੰਕਲ ਹੁਰਾਂ ਨੇ ਸਾਨੂੰ ਦਰੀਆਂ ਵਿਛਾ ਕੇ ਪੜਾਉਣਾ ਸ਼ੁਰੂ ਕੀਤਾ।"
"ਉਹ ਗਲੀਆਂ ਵਿੱਚ ਬੱਚਿਆਂ ਨੂੰ ਖਿਡਾਉਣੇ ਵੰਡਦੇ ਤੇ ਇਕੱਠੇ ਬੈਠ ਕੇ ਖੇਡਣ ਲਈ ਕਹਿੰਦੇ ਤਾਂ ਜੋ ਆਪਸੀ ਭਾਈਚਾਰਾ ਵੱਧ ਸਕੇ।”
ਉਹ ਕਹਿੰਦੇ ਹਨ, “ਇੱਕ ਸਮੇਂ ਬਾਅਦ ਸੀ-ਬਲਾਕ ਵਿੱਚ ਇੱਕ ਫਲੋਰ ਕਿਰਾਏ ’ਤੇ ਲਿਆ ਗਿਆ। ਅਸੀਂ ਉੱਥੇ ਸੰਗੀਤ ਸਿੱਖਿਆ ਅਤੇ ਮੈਂ ਮਿਉਜਿਕ ਵਿੱਚ ਬੀਏ ਕੀਤੀ। ਅੱਜਕੱਲ੍ਹ ਮੈਂ ਬੱਚਿਆਂ ਨੂੰ ਸੰਗੀਤ ਸਿਖਾ ਰਹੀ ਹਾਂ।”
46 ਸਾਲਾ ਤ੍ਰਿਲੋਚਨ ਕੌਰ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਹਨ।
ਉਨ੍ਹਾਂ ਨੇ ਕਤਲੇਆਮ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਕੈਂਪਾਂ ਵਿੱਚ ਰਹਿਣ ਤੋਂ ਬਾਅਦ ਉਹ ਕੁਲਬੀਰ ਸਿੰਘ ਹੁਰਾਂ ਦੇ ਸੰਪਰਕ ਵਿੱਚ ਆਏ ਤੇ ਪੜਾਈ ਕਰਨ ਲੱਗੇ।
ਤ੍ਰਿਲੋਚਨ ਕੌਰ ਦੱਸਦੇ ਹਨ, “ਅਸੀਂ ਜਮਨਾ ਪਾਰ ਰਹਿੰਦੇ ਸੀ। ਮੇਰੇ ਪਿਤਾ ਰੌਲਾ-ਰੱਪਾ ਹੋਣ ਤੋਂ ਬਾਅਦ ਇੱਕ ਵਾਰ ਘਰੋਂ ਨਿਕਲ ਗਏ, ਉਸ ਤੋਂ ਬਾਅਦ ਸਾਨੂੰ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਾ।"
"ਕੈਂਪਾਂ ਵਿੱਚ ਰਹਿਣ ਤੋਂ ਬਾਅਦ 1985 ਵਿੱਚ ਅਸੀਂ ਤਿਲਕ ਵਿਹਾਰ ਆ ਗਏ। ਜੇਕਰ ਅੰਕਲ ਜੀ (ਕੁਲਬੀਰ ਸਿੰਘ) ਨਾ ਹੁੰਦੇ ਤਾਂ ਅਸੀਂ ਰੁਲ ਜਾਂਦੇ।”
ਉਹ ਕਹਿੰਦੇ ਹਨ, “ਇਨ੍ਹਾਂ ਨੇ ਸਭ ਤੋਂ ਪਹਿਲਾਂ ਸਾਨੂੰ ਗੁਰੂ ਨਾਲ ਜੋੜਿਆ। ਸਾਨੂੰ ਨਿਸ਼ਕਾਮ ਐੱਨਜੀਓ ਨੇ ਚੁੱਕਿਆ। ਅਸੀਂ ਛੋਟੇ-ਛੋਟੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਸੀ।"
"ਇੱਕ-ਦੂਜੇ ਨੂੰ ਦੇਖ ਕੇ ਸਾਡਾ ਹੌਸਲਾ ਵੱਧਦਾ। ਅੱਜ ਮੈਂ ਹਿੰਦੀ ਤੇ ਹਿਸਟਰੀ ਦੀ ਐੱਮਏ ਕੀਤੀ ਹੈ। ਅਸੀਂ ਇਸ ਲਾਇਕ ਹੋ ਗਏ ਹਾਂ ਕਿ ਹੋਰ ਲੋਕਾਂ ਨੂੰ ਪ੍ਰੇਰਣਾ ਦੇ ਸਕੀਏ।”
‘ਆਪਣੇ ਸੁਪਨੇ ਅਧੂਰੇ ਰਹਿ ਗਏ ’
ਕੁਲਬੀਰ ਸਿੰਘ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਹੈ। ਉਹ ਵਕੀਲ ਬਣਨਾ ਚਾਹੁੰਦੇ ਸਨ ਪਰ ਘਰ ਦੀ ਗਰੀਬੀ ਕਾਰਨ ਉਹ ਇਹ ਸੁਪਨਾ ਪੂਰਾ ਨਹੀਂ ਕਰ ਸਕੇ।
ਪਰ ਉਹ ਚਾਹੁੰਦੇ ਸਨ ਕਿ ਕਤਲੇਆਮ ਦੇ ਪੀੜਤ ਬੱਚਿਆਂ ਦੇ ਸੁਪਨੇ ਅਧੂਰੇ ਨਾ ਰਹਿ ਜਾਣ।
ਕੁਲਬੀਰ ਸਿੰਘ ਕਹਿੰਦੇ ਹਨ, “ਮੈਂ ਜਦੋਂ ਦੇਰ ਰਾਤ ਥੱਕਿਆ ਟੁੱਟਿਆ ਘਰ ਵਾਪਸ ਜਾਂਦਾ ਸੀ ਤਾਂ ਇੱਕ ਸਕੂਨ ਜਿਹਾ ਆਉਂਦਾ ਸੀ।"
"ਅੱਜ ਜਦੋਂ ਡੇਢ ਲੱਖ ਤਨਖਾਹ ਲੈਣ ਵਾਲਾ ਬੱਚਾ ਮੇਰੇ ਸਾਹਮਣੇ ਖੜਾ ਹੁੰਦਾ ਹੈ ਤਾਂ ਇੱਕ ਮਾਣ ਮਹਿਸੂਸ ਹੁੰਦਾ ਹੈ। ਮੇਰੀ ਆਪਣੀ ਤਨਖਾਹ 200-250 ਰੁਪਏ ਤੋਂ ਸ਼ੁਰੂ ਹੋਈ ਸੀ।”
ਇਹ ਕਹਿ ਕੇ ਕੁਲਬੀਰ ਸਿੰਘ ਹੱਸਣ ਲੱਗਦੇ ਹਨ।
ਫਿਰ ਕਹਿੰਦੇ ਹਨ, “ਮੇਰੀ ਆਪਣੀ ਨੌਕਰੀ ਡੇਢ ਲੱਖ ’ਤੇ ਖ਼ਤਮ ਨਹੀਂ ਹੋਈ ਸੀ। ਉਨ੍ਹਾਂ ਨੂੰ ਤਰੱਕੀ ਕਰਦੇ ਦੇਖ ਕੇ ਇੱਕ ਖੁਸ਼ੀ ਮਿਲਦੀ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)