ਸਿਹਤ : ਹੱਡੀਆਂ ਤੇ ਮਾਸਪੇਸ਼ੀਆਂ ਕਮਜ਼ੋਰ ਹੋਣ ਦੇ ਕੀ ਹਨ ਕਾਰਨ, ਜਾਣੋ ਬਚਾਅ ਤੇ ਇਲਾਜ ਦੇ ਤਰੀਕੇ
Tuesday, Oct 31, 2023 - 05:44 PM (IST)
ਜਿਵੇਂ-ਜਿਵੇਂ ਸਾਡੀ ਵਧਦੀ ਉਮਰ ਦੇ ਨਾਲ ਸਾਡੀਆਂ ਮਾਸਪੇਸ਼ੀਆਂ ਦੀ ਤਾਕਤ ਘਟਦੀ ਹੈ, ਉਸੇ ਤਰ੍ਹਾਂ ਸਾਡੀਆਂ ਹੱਡੀਆਂ ਵੀ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ।
ਹੱਡੀਆਂ ਦਾ ਕਮਜ਼ੋਰ ਹੋਣਾ ਸਾਡੀ ਜੀਵਨ ਸ਼ੈਲੀ ''''ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ ਅਤੇ ਫ੍ਰੈਕਚਰ ਆਦਿ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ, ਜੋ ਕਿ ਮੌਤ ਦਾ ਜ਼ੋਖ਼ਮ ਵੀ ਵਧਾਉਂਦਾ ਹੈ।
ਪਰ ਰਾਹਤ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੀਆਂ ਮਾਸਪੇਸ਼ੀਆਂ ਦੀ ਤਾਕਤ ਵਧਾ ਸਕਦੇ ਹਾਂ, ਉਸੇ ਤਰ੍ਹਾਂ ਅਸੀਂ ਆਪਣੀਆਂ ਹੱਡੀਆਂ ਦੀ ਤਾਕਤ ਬਣਾਈ ਰੱਖ ਸਕਦੇ ਹਾਂ।
ਹੱਡੀਆਂ ਸਾਡੇ ਸਰੀਰ ਦੇ ਅੰਦਰ ਮਹਿਜ਼ ਇੱਕ ਢਾਂਚਾ ਨਹੀਂ ਹਨ, ਸਗੋਂ ਇਹ ਤਾਂ ਸਾਡੇ ਸਰੀਰ ਦਾ ਇੱਕ ਗੁੰਝਲਦਾਰ ਅੰਗ ਹੈ ਜੋ ਕਈ ਆਕਾਰ-ਪ੍ਰਕਾਰ ਦਾ ਹੁੰਦਾ ਹੈ।
ਇਹ ਜੈਵਿਕ ਅਤੇ ਅਜੈਵਿਕ ਤੱਤਾਂ, ਜਿਵੇਂ ਕਿ ਕੋਲੇਜਨ (ਇੱਕ ਪ੍ਰਕਾਰ ਦਾ ਪ੍ਰੋਟੀਨ) ਅਤੇ ਕੈਲਸ਼ੀਅਮ ਦੇ ਵਿਭਿੰਨ ਮਿਸ਼ਰਣ ਦਾ ਬਣਿਆ ਹੁੰਦਾ ਹੈ।
ਇਹ ਤੱਤ ਸੰਯੁਕਤ ਰੂਪ ਨਾਲ ਮਿਲ ਕੇ ਮਾਸਪੇਸ਼ੀਆਂ ਲਈ ਇੱਕ ਲਚਕਦਾਰ ਢਾਂਚਾ ਬਣਾਉਂਦੇ ਹਨ ਤਾਂ ਜੋ ਅਸੀਂ ਹਿੱਲ ਸਕੀਏ, ਫਿਰ ਵੀ ਇਹ ਢਾਂਚਾ ਇੰਨਾ ਕੁ ਮਜ਼ਬੂਤ ਹੁੰਦਾ ਹੈ ਕਿ ਨਾਜ਼ੁਕ ਅੰਗਾਂ ਦੀ ਰੱਖਿਆ ਕਰ ਸਕੇ।
ਹੱਡੀ ਕੋਈ ਠੋਸ, ਅਚੱਲ, ਸਥਾਈ ਢਾਂਚਾ ਨਹੀਂ ਹੈ, ਜਿਵੇਂ ਕਿ ਬਹੁਤ ਸਾਰੇ ਲੋਕ ਸੋਚਦੇ ਹਨ।
ਇੱਕ ਜਿਉਂਦੀ ਅਤੇ ਸਿਹਤਮੰਦ ਹੱਡੀ ਇਸ ਲਈ ਮਜ਼ਬੂਤ ਰਹਿੰਦੀ ਹੈ ਕਿਉਂਕਿ ਇਹ ਲਗਾਤਾਰ ਨਵਿਆਈ ਜਾਂਦੀ ਹੈ (ਪੁਰਾਣੀ, ਖਰਾਬ ਹੱਡੀ ਦੀ ਥਾਂ ਨਵੀਂ ਹੱਡੀ ਬਣਦੀ ਰਹਿੰਦੀ ਹੈ)।
ਸਿਹਤਮੰਦ ਮਨੁਖਾਂ ਵਿੱਚ, ਇਹ ਅੰਦਰੂਨੀ ਗੁਣਵੱਤਾ ਨਿਯੰਤਰਣ ਤੰਤਰ ਪਿੰਜਰ ਨੂੰ ਲਗਭਗ ਹਰ ਦਸ ਸਾਲਾਂ ਵਿੱਚ ਬਦਲ ਦਿੰਦਾ ਹੈ। ਹਾਲਾਂਕਿ ਬਜ਼ੁਰਗ ਜਾਂ ਬਿਮਾਰ ਲੋਕਾਂ ਵਿੱਚ ਇਹ ਪ੍ਰਕਿਰਿਆ ਵਧੇਰੇ ਹੌਲੀ-ਹੌਲੀ ਹੁੰਦੀ ਹੈ।
ਸੈੱਲਾਂ ਦਾ ਸੁਮੇਲ
ਕੁਝ ਸਿਹਤ ਸਥਿਤੀਆਂ ਕਾਰਨ ਹੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ, ਜਿਵੇਂ ਕਿ ਕੈਂਸਰ ਜਾਂ ਮੀਨੋਪੌਜ਼ ਦੌਰਾਨ ਹਾਰਮੋਨਲ ਬਦਲਾਅ ਦੌਰਾਨ।
ਹਾਲਾਂਕਿ ਕਾਰਟਲਿਜ (ਹੱਡੀਆਂ ਅਤੇ ਜੋੜਾਂ ਨੂੰ ਜੋੜਨ ਵਾਲੇ ਟਿਸ਼ੂ), ਨਸਾਂ ਅਤੇ ਮਾਸਪੇਸ਼ੀਆਂ ਵਰਗੇ ਬਹੁਤ ਸਾਰੇ ਹੋਰ ਟਿਸ਼ੂਆਂ ਵਿੱਚ ਬਹੁਤ ਸਾਰੇ ਵੱਖੋ-ਵੱਖਰੇ ਸੈੱਲ ਨਹੀਂ ਹੁੰਦੇ ਹਨ, ਪਰ ਇਸ ਦੇ ਉਲਟ ਹੱਡੀਆਂ ਵੱਖ-ਵੱਖ ਸੈੱਲਾਂ ਨਾਲ ਮਿਲ ਕੇ ਬਣੀਆਂ ਹੁੰਦੀਆਂ ਹਨ।
ਇਨ੍ਹਾਂ ਵਿੱਚ ਹੱਡੀਆਂ, ਇਮਿਊਨ, ਚਰਬੀ ਅਤੇ ਖੂਨ ਦੇ ਸੈੱਲ ਤੋਂ ਇਲਾਵਾ ਕਈ ਹੋਰ ਸੈੱਲ ਸ਼ਾਮਲ ਹੁੰਦੇ ਹਨ।
ਇਨ੍ਹਾਂ ਸੈੱਲਾਂ ਦੀ ਸੰਯੁਕਤ ਕਿਰਿਆ ਸਾਡੇ ਸਰੀਰ ਲਈ ਸਾਡੀ ਸਾਰੀ ਉਮਰ ਹੱਡੀਆਂ ਦੀ ਲੋੜੀਂਦੀ ਮਾਤਰਾ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ, ਤਾਂ ਜੋ ਅਸੀਂ ਕਿਰਿਆਸ਼ੀਲ ਬਣੇ ਰਹੀਏ।
ਹੱਡੀਆਂ ਦੇ ਵਿਸ਼ੇਸ਼ ਸੈੱਲ (ਜਿਨ੍ਹਾਂ ਨੂੰ ਓਸਟੀਓਬਲਾਸਟਸ ਅਤੇ ਓਸਟੀਓਕਲਾਸਟਸ ਕਿਹਾ ਜਾਂਦਾ ਹੈ) ਸਾਡੀਆਂ ਹੱਡੀਆਂ ਦੇ ਨੁਕਸਾਨ ਦੀ ਮੁਰੰਮਤ ਕਰਨ ਅਤੇ ਜ਼ਰੂਰਤ ਮੁਤਾਬਕ ਉਨ੍ਹਾਂ ਨੂੰ ਵਧਾਉਣ ਲਈ ਕੰਮ ਕਰਦੇ ਹਨ।
ਇਸੇ ਲਈ ਇੱਕ ਟੈਨਿਸ ਖਿਡਾਰੀ ਜੋ ਵਾਰ-ਵਾਰ ਇੱਕੋ ਬਾਂਹ ਨਾਲ ਖੇਡਦਾ ਕਰਦਾ ਹੈ, ਉਸ ਦੀ ਉਸ ਬਾਂਹ ਵਿੱਚ ਹੱਡੀਆਂ ਦੀ ਮਾਤਰਾ ਵਧੇਰੇ ਹੁੰਦੀ ਹੈ।
ਤਾਂ ਆਪਣੀਆਂ ਹੱਡੀਆਂ ਦੀ ਦੇਖਭਾਲ ਕਿਵੇਂ ਕੀਤੀ ਜਾਵੇ?
ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਜੀਵਨ ਭਰ ਬੋਨ ਵਾਲਿਯੂਮ (ਹੱਡੀਆਂ ਦੀ ਮਾਤਰਾ) ਨੂੰ ਬਣਾਏ ਰੱਖਣਾ ਜ਼ਰੂਰੀ ਹੈ।
ਫ੍ਰੈਕਚਰ ਆਦਿ ਦੇ ਨਤੀਜੇ ਵਜੋਂ ਸਾਡੀ ਗਤੀਸ਼ੀਲਤਾ ਨੂੰ ਹੁੰਦੇ ਅਚਾਨਕ ਨੁਕਸਾਨ ਦਾ ਸਾਡੀ ਜੀਵਨਸ਼ੈਲੀ ''''ਤੇ ਬਹੁਤ ਪ੍ਰਭਾਵ ਪੈਂਦਾ ਹੈ।
ਅਜਿਹੇ ਵਿੱਚ ਖਰੀਦਦਾਰੀ ਕਰਨ, ਦੋਸਤਾਂ ਨੂੰ ਮਿਲਣ ਜਾਂ ਘਰ ਦੇ ਰੋਜ਼ਾਨਾ ਦੇ ਘੱਟੋ-ਘੱਟ ਕੰਮਾਂ ਨੂੰ ਪੂਰਾ ਕਰਨਾ ਵੀ ਦਰਦਨਾਕ ਹੋ ਸਕਦਾ ਹੈ।
ਉਮਰ ਭਾਵੇਂ ਕੋਈ ਵੀ ਹੋਵੇ, ਚੰਗੀ ਖੁਰਾਕ ਅਤੇ ਕਸਰਤ ਨਾਲ ਹੱਡੀਆਂ ਦੀ ਘਣਤਾ (ਤਾਕਤ) ਨੂੰ ਬਣਾ ਕੇ ਰੱਖਿਆ ਜਾ ਸਕਦਾ ਹੈ।
ਕੈਲਸ਼ੀਅਮ ਹੈ ਜ਼ਰੂਰੀ
ਇਸ ਦੇ ਲਈ ਕੈਲਸ਼ੀਅਮ (ਹੱਡੀਆਂ ਅੰਦਰ ਇੱਕ ਮਹੱਤਵਪੂਰਨ ਖਣਿਜ) ਨਾਲ ਭਰਪੂਰ ਸੰਤੁਲਿਤ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਸ ਮੁਤਾਬਕ, ਪ੍ਰਤੀ ਦਿਨ 700 ਮਿਲੀਗ੍ਰਾਮ ਕੈਲਸ਼ੀਅਮ ਸਾਡੇ ਲਈ ਜ਼ਰੂਰੀ ਦੱਸਿਆ ਜਾਂਦਾ ਹੈ।
ਦੁੱਧ, ਦਹੀਂ ਅਤੇ ਪਨੀਰ ਕੈਲਸ਼ੀਅਮ ਦੇ ਸਾਰੇ ਵਧੀਆ ਸਰੋਤ ਹਨ। ਜੇਕਰ ਤੁਸੀਂ ਵਿਗਨ ਹੋ ਅਤੇ ਦੁੱਧ ਜਾਂ ਦੁੱਧ ਤੋਂ ਪਦਾਰਥਾਂ ਦਾ ਸੇਵਨ ਨਹੀਂ ਕਰਦੇ ਤਾਂ ਟੋਫੂ, ਬੀਨਜ਼ ਅਤੇ ਦਾਲ ਵਰਗੇ ਭੋਜਨਾਂ ਤੋਂ ਕੈਲਸ਼ੀਅਮ ਪ੍ਰਾਪਤ ਕਰ ਸਕਦੇ ਹੋ।
ਜੇਕਰ ਤੁਸੀਂ ਆਪਣੀ ਖੁਰਾਕ ਰਾਹੀਂ ਜ਼ਰੂਰੀ ਮਾਤਰਾ ਦਾ ਸੇਵਨ ਨਹੀਂ ਕਰ ਸਕਦੇ ਤਾਂ ਤੁਹਾਨੂੰ ਸਪਲੀਮੈਂਟ (ਇਸ ਸਬੰਧੀ ਦਵਾਈ) ਲੈਣ ਦੀ ਲੋੜ ਪੈ ਸਕਦੀ ਹੈ।
:-
ਵਿਟਾਮਿਨ ਡੀ ਵੀ ਅਹਿਮ
ਇੱਕ ਹੋਰ ਮਹੱਤਵਪੂਰਨ ਤੱਥ ਇਹ ਹੈ ਕਿ ਸਾਡੇ ਸਰੀਰ ਨੂੰ ਕੈਲਸ਼ੀਅਮ ਨੂੰ ਪੂਰੀ ਤਰ੍ਹਾਂ ਜਜ਼ਬ ਕਰਨ ਲਈ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ, ਇਸ ਲਈ ਸੂਰਜ ਰੌਸ਼ਨੀ ਵਿੱਚ ਸਮਾਂ ਬਿਤਾਉਣਾ ਚਾਹੀਦਾ ਹੈ।
ਧੁੱਪ ਨਾਲ ਸਾਡੀ ਚਮੜੀ ਨੂੰ ਵਿਟਾਮਿਨ ਡੀ ਬਣਾਉਣ ਵਿੱਚ ਮਦਦ ਮਿਲਦੀ ਹੈ। ਕੋਸ਼ਿਸ਼ ਕਰੋ ਕਿ ਦਿਨ ਵਿੱਚ ਦੋ ਵਾਰ 10-10 ਮਿੰਟ ਦੀ ਧੁੱਪ ਜ਼ਰੂਰ ਲਈ ਜਾਵੇ।
ਸਰਦੀਆਂ ਵਿੱਚ, ਜਦੋਂ ਘੱਟ ਧੁੱਪ ਹੁੰਦੀ ਹੈ, ਵਿਟਾਮਿਨ ਡੀ ਕੇ ਕੈਪਸੂਲ ਆਦਿ ਲੈਣ ਬਾਰੇ ਡਾਕਟਰ ਦੀ ਸਲਾਹ ਲਓ।
ਕਸਰਤ
ਹੱਡੀਆਂ ਨੂੰ ਮਜ਼ਬੂਤ ਰੱਖਣ ਦਾ ਇੱਕ ਹੋਰ ਤਰੀਕਾ ਹੈ - ਕਸਰਤ, ਖਾਸ ਕਰਕੇ ਭਾਰ ਚੁੱਕਣ ਵਾਲੀਆਂ ਕਸਰਤਾਂ।
ਜੇਕਰ ਤੁਸੀਂ ਨਿਯਮਿਤ ਤੌਰ ''''ਤੇ ਕਸਰਤ ਨਹੀਂ ਕਰਦੇ ਹੋ ਤਾਂ ਪੈਦਲ ਚੱਲਣਾ ਅਤੇ ਪੌੜੀਆਂ ਚੜ੍ਹਨਾ ਸ਼ੁਰੂ ਕਰ ਸਕਦੇ ਹੋ।
ਪਰ ਰੱਸੀ ਟੱਪਣਾ ਜਾਂ ਭਾਰ ਚੁੱਕਣਾ ਵਧੇਰੇ ਬਿਹਤਰ ਰਹਿੰਦਾ ਹੈ, ਕਿਉਂਕਿ ਇਹ ਹੱਡੀਆਂ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਮਦਦਗਾਰ ਹੁੰਦਾ ਹੈ।
ਇਹ ਇਸ ਲਈ ਹੈ ਕਿਉਂਕਿ ਮਾਸਪੇਸ਼ੀਆਂ ਉਸ ਹੱਡੀ ਨੂੰ ਜ਼ੋਰ ਨਾਲ ਖਿੱਚਦੀਆਂ ਹਨ ਜਿਸ ਨਾਲ ਉਹ ਜੁੜੀਆਂ ਹੁੰਦੀਆਂ ਹਨ, ਇਸ ਤਰ੍ਹਾਂ ਉਹ ਵਿਕਾਸ ਨੂੰ ਉਤੇਜਿਤ ਕਰਦੀਆਂ ਹਨ।
ਇਸ ਤਰ੍ਹਾਂ ਦੀਆਂ ਕਸਰਤਾਂ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਕਰ ਸਕਦਾ ਹੈ।
ਤੁਹਾਨੂੰ ਸਿਰਫ਼ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਸੀਂ ਕਸਰਤ ਨੂੰ ਆਪਣੀ ਤੰਦਰੁਸਤੀ ਅਤੇ ਹੁਨਰ ਮੁਤਾਬਕ ਕਰ ਰਹੇ ਹੋ।
ਕਿਸੇ ਤਰ੍ਹਾਂ ਦੀ ਸੱਟ ਨਾ ਲੱਗੇ, ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਕਸਰਤ ਦੀ ਮਾਤਰਾ ਨੂੰ ਹੌਲੀ-ਹੌਲੀ ਵਧਾਇਆ ਜਾਵੇ।
ਡਾਕਟਰ ਦੀ ਸਲਾਹ ਲਓ
ਸਰੀਰ ਵਿੱਚ ਪ੍ਰਦੂਸ਼ਕਾਂ ਨੂੰ ਘਟਾਉਣਾ (ਜਿਵੇਂ ਕਿ ਸਿਗਰਟਨੋਸ਼ੀ ਅਤੇ ਅਲਕੋਹਲ ਬੰਦ ਕਰਨਾ) ਤੁਹਾਡੀਆਂ ਹੱਡੀਆਂ ਦੇ ਸੈੱਲਾਂ ਨੂੰ ਜੀਵਨ ਭਰ ਸਹੀ ਢੰਗ ਨਾਲ ਕੰਮ ਕਰਨ ''''ਚ ਮਦਦ ਕਰੇਗਾ।
ਜੇ ਤੁਸੀਂ ਇਸ ਬਾਰੇ ਚਿੰਤਤ ਹੋ ਕਿ ਤੁਹਾਡੀਆਂ ਹੱਡੀਆਂ ਕਿੰਨੀਆਂ ਮਜ਼ਬੂਤ ਹਨ ਜਾਂ ਜੇਕਰ ਤੁਹਾਡੀ ਕੋਈ ਸਿਹਤ ਸਮੱਸਿਆ ਹੈ ਜੋ ਤੁਹਾਡੀ ਹੱਡੀਆਂ ਨੂੰ ਕਮਜ਼ੋਰ ਕਰ ਸਕਦੀ ਹੈ (ਜਿਵੇਂ ਕਿ ਸ਼ੂਗਰ, ਕੈਂਸਰ ਜਾਂ ਕੋਈ ਹੋਰ ਬਿਮਾਰੀ) ਤਾਂ ਤੁਸੀਂ ਇਸ ਬਾਰੇ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ।
ਉਹ ਦੱਸ ਸਕਦੇ ਹਨ ਕਿ ਤੁਹਾਡੀਆਂ ਹੱਡੀਆਂ ਦੀ ਦੇਖਭਾਲ ਕਰਨ ਲਈ ਕਿਹੜਾ ਤਰੀਕਾ ਸਭ ਤੋਂ ਚੰਗਾ ਰਹੇਗਾ।
ਜੇਮਸ ਐਡਵਰਡਸ ਆਕਸਫੋਰਡ ਸਕੈਲੇਟਲ ਏਜਿੰਗ ਐਂਡ ਰੀਜਨਰੇਸ਼ਨ ਗਰੁੱਪ, ਆਕਸਫੋਰਡ ਯੂਨੀਵਰਸਿਟੀ, ਯੂਕੇ ਵਿੱਚ ਐਸੋਸੀਏਟ ਪ੍ਰੋਫ਼ੈਸਰ ਹਨ।