ਆਂਧਰਾ ਪ੍ਰਦੇਸ਼ ''''ਚ ਰੇਲ ਗੱਡੀਆਂ ਦੀ ਟੱਕਰ, ਮਰਨ ਵਾਲਿਆਂ ਦੀ ਗਿਣਤੀ 11 ਹੋਈ, ਪਰ ਇਹ ਹੋਇਆ ਕਿਵੇਂ? - ਬੀਬੀਸੀ ਦੀ ਗਰਾਊਂਡ ਰਿਪੋਰਟ
Monday, Oct 30, 2023 - 09:14 AM (IST)
ਆਂਧਰਾ ਪ੍ਰਦੇਸ਼ ਵਿੱਚ ਦੋ ਟਰੇਨਾਂ ਵਿਚਕਾਰ ਹੋਈ ਟੱਕਰ ਵਿੱਚ ਹੁਣ ਤੱਕ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹਨ।
ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਗੱਡੀਆਂ ਇੱਕੋ ਪੱਟੜੀ ''''ਤੇ ਚੱਲ ਰਹੀਆਂ ਸਨ।
ਇਸੇ ਦੌਰਾਨ, ਰਾਏਗੜਾ ਐਕਸਪ੍ਰੈੱਸ ਨੇ ਐਤਵਾਰ ਰਾਤ ਕਰੀਬ ਸੱਤ ਵਜੇ ਵਿਜ਼ੀਆਨਗਰਮ ਜ਼ਿਲੇ ''''ਚ ਕਾਂਤਾਕਾਪੱਲੀ-ਅਲਾਮੰਡਾ ਵਿਚਾਲੇ ਪਲਾਸਾ ਪੈਸੇਂਜਰ ਟਰੇਨ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਮਗਰੋਂ, ਆਂਧਰਾ ਦੇ ਮੁੱਖ ਮੰਤਰੀ ਦਫ਼ਤਰ ਦੀ ਤਰਫੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਲਈ ਨਿਰਦੇਸ਼ ਦਿੱਤੇ ਹਨ ਅਤੇ ਵਿਸ਼ਾਖਾਪਟਨਮ ਅਤੇ ਅਨਾਕਾਪੱਲੀ ਤੋਂ ਕਈ ਐਂਬੂਲੈਂਸਾਂ ਭੇਜਣ ਲਈ ਕਿਹਾ।
ਇਸ ਰਿਪੋਰਟ ਵਿੱਚ, ਬੀਬੀਸੀ ਸਹਿਯੋਗੀ ਸ੍ਰੀਨਿਵਾਸ ਲਕੋਜੂ ਨੇ ਘਟਨਾ ਵਾਲੀ ਥਾਂ ਦਾ ਅੱਖੀਂ ਡਿੱਠਾ ਮੰਜ਼ਰ ਬਿਆਨ ਕੀਤਾ ਹੈ:
ਵਿਜ਼ਿਆਨਗਰਮ ਦੇ ਜ਼ਿਲ੍ਹਾ ਕੁਲੈਕਟਰ ਨਾਗਲਕਸ਼ਮੀ ਨੇ ਐਲਾਨ ਕੀਤਾ ਕਿ ਉਨ੍ਹਾਂ ਕੋਲ 8 ਮੌਤਾਂ ਦੀ ਜਾਣਕਾਰੀ ਹੈ। ਹਾਲਾਂਕਿ ਮੈਂ ਖੁਦ ਉੱਥੇ 11 ਲਾਸ਼ਾਂ ਦੇਖੀਆਂ ਹਨ।
ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਨੁਕਸਾਨੀਆਂ ਗਈਆਂ ਬੋਗੀਆਂ ਵਿੱਚ ਇੱਕ ਹੋਰ ਵਿਅਕਤੀ ਦੇਖਿਆ ਗਿਆ।
ਕੁਝ ਹੋਰ ਬੋਗੀਆਂ ਦੇ ਹੇਠਾਂ ਹੋਰ ਵੀ ਹੋ ਸਕਦੇ ਹਨ। ਬਚਾਅ ਕਰਮਚਾਰੀ ਬੋਗੀਆਂ ਨੂੰ ਕੱਟਣ ਤੋਂ ਬਾਅਦ ਪੀੜਤਾਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਹਾਦਸਾ ਕਾਂਤਾਕਾਪੱਲੀ-ਅਲਮਾਂਡਾ ਪਿੰਡਾਂ ਦੇ ਵਿਚਕਾਰ ਵਾਪਰਿਆ। ਤੁਰੰਤ ਇਨ੍ਹਾਂ ਦੋਵਾਂ ਪਿੰਡਾਂ ਦੇ ਲੋਕ ਮੌਕੇ ’ਤੇ ਪਹੁੰਚ ਗਏ।
ਪੁਲਿਸ ਅਤੇ ਰੇਲਵੇ ਸਟਾਫ਼ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਖ਼ੁਦ ਹੀ ਰਾਹਤ ਕਾਰਜ ਸ਼ੁਰੂ ਕਰ ਦਿੱਤੇ।