ਮੋਗਾ ਦੇ ਨੌਜਵਾਨ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਅਤੇ ਕਤਲ ਦਾ ਕੀ ਹੈ ਪੂਰਾ ਮਾਮਲਾ
Friday, Oct 27, 2023 - 06:59 PM (IST)
ਸੋਸ਼ਲ ਮੀਡੀਆ ''''ਤੇ ਇੱਕ ਨੌਜਵਾਨ ਦੀ ਕੁਝ ਲੋਕਾਂ ਵੱਲੋਂ ਡੰਡਿਆਂ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਨੌਜਵਾਨ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਘਟਨਾ 15 ਅਕਤੂਬਰ ਸਵੇਰੇ 7 ਵਜੇ ਦੇ ਕਰੀਬ ਵਾਪਰੀ ਸੀ। ਪਰ ਇਸ ਦੀ ਵੀਡੀਓ ਕਰੀਬ 10 ਦਿਨ ਬਾਅਦ 25 ਅਕਤੂਬਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਨੂੰ ਬਾਰੀ ਦੇ ਜੰਗਲੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ।
ਪੁਲਿਸ ਨੇ ਘਟਨਾ ਬਾਰੇ ਕੀ ਦੱਸਿਆ
ਪੰਜਾਬ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਪਿੰਡ ਮੁਸਤਫ਼ਾ ਦੇ ਇਲਾਕੇ ਗੁਰੂਸਰ ਮਾੜੀ ਵਿੱਚ ਵਾਪਰੀ ਸੀ।
ਸਬ-ਡਿਵੀਜ਼ਨ ਬਾਘਾਪੁਰਾਣਾ ਦੇ ਡੀਐੱਸਪੀ ਜਸਜੋਤ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਨੇ ਪਿੰਡ ਗੁਰੂਸਰ ਮਾੜੀ ਦੇ ਹੀ 6 ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨਾਂ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਜਦਕਿ 10-15 ਅਣਪਛਾਤੇ ਲੋਕਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਘਟਨਾ ਪਿੰਡ ਦੇ ਬਾਹਰਵਾਰ ਬਣੇ ਇੱਕ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਕਥਿਤ ਤੌਰ ''''ਤੇ ਤੋੜਨ ਕਰਕੇ ਵਾਪਰੀ।
ਚਸ਼ਮਦੀਦਾਂ ਨੇ ਘਟਨਾ ਬਾਰੇ ਕੀ ਦੱਸਿਆ
ਪਿੰਡ ਮਾੜੀ ਦੇ ਲੋਕ ਇਸ ਘਟਨਾ ਬਾਬਤ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਸਨ।
ਇਸ ਮਾਮਲੇ ’ਤੇ ਗੁਰਦੁਆਰਾ ਗੁਰਪੁਰੀ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਾਬਕਾ ਪ੍ਰਧਾਨ ਦਲਵਾਰਾ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
ਉਨਾਂ ਦੱਸਿਆ, "ਲੰਘੀ 14 ਅਕਤੂਬਰ ਦੀ ਰਾਤ ਨੂੰ ਕੁਝ ਲੋਕਾਂ ਨੇ ਗੁਰਦੁਆਰੇ ਦੀ ਗੋਲਕ ਭੰਨ੍ਹ ਕੇ ਉਸ ਵਿੱਚੋਂ ਪੈਸੇ ਚੋਰੀ ਕਰ ਲਏ ਸਨ।”
“ਜਦੋਂ ਅਸੀਂ ਗੁਰਦਵਾਰੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਨੂੰ ਘੋਖਣਾ ਸ਼ੁਰੂ ਕੀਤਾ ਤਾਂ ਪਿੰਡ ਦੇ ਲੋਕਾਂ ਨੇ ਗੋਲਕ ਭੰਨ੍ਹਣ ਵਾਲੇ ਇੱਕ ਵਿਅਕਤੀ ਦੀ ਸ਼ਨਾਖ਼ਤ ਕਰ ਲਈ ਸੀ।"
ਉਨ੍ਹਾਂ ਦੱਸਿਆ, "ਮਸਲੇ ਦੀ ਸ਼ੁਰੂਆਤ ਇਸੇ ਤੋਂ ਹੋਈ ਸੀ। ਗੁਰੂ ਘਰ ਦਾ ਮਸਲਾ ਹੋਣ ਕਰਕੇ ਕੁਝ ਲੋਕ ਭੜਕ ਗਏ ਸਨ। ਅਸਲ ਵਿੱਚ ਸਾਡੇ ਇਸ ਗੁਰੂ ਘਰ ਤੋਂ ਕੁਝ ਸਮਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਸੀ। ਲੋਕ ਗੁੱਸੇ ਵਿੱਚ ਸਨ।”
“ਹੁਣ ਜਦੋਂ ਗੋਲਕ ਦਾ ਮਾਮਲਾ ਸਾਹਮਣੇ ਆਇਆ ਤਾਂ ਭੜਕੇ ਲੋਕਾਂ ਨੇ ਸੀਸੀਟੀਵੀ ਵਿੱਚ ਦਿਖਾਈ ਦਿੱਤੇ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ ਸੀ। ਫਿਰ ਪਤਾ ਲੱਗਾ ਕੇ ਉਹ ਹਸਪਤਾਲ ਜਾ ਕੇ ਮਰ ਗਿਆ।"
ਪੁਲਿਸ ਮੁਤਾਬਕ ਮਰਨ ਵਾਲੇ ਇਸ ਨੌਜਵਾਨ ਦੀ ਸ਼ਨਾਖ਼ਤ 30 ਸਾਲਾਂ ਦੇ ਕਰਮ ਸਿੰਘ ਵਾਸੀ ਗੁਰੂਸਰ ਮਾੜੀ ਵਜੋਂ ਹੋਈ ਹੈ।
ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ।
ਮ੍ਰਿਤਕ ਦੇ ਪਰਿਵਾਰ ਦੇ ਬਿਆਨ
ਦੂਜੇ ਪਾਸੇ, ਮ੍ਰਿਤਕ ਨੌਜਵਾਨ ਕਰਮ ਸਿੰਘ ਦੀ ਮਾਤਾ ਸੀਤੋ ਕੌਰ ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਨਾਂ ਦਾ ਪਰਿਵਾਰ ਖੇਤ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਘਟਨਾ ਵਾਲੇ ਦਿਨ ਕਰਮ ਸਿੰਘ ਘਰ ਵਿੱਚ ਇਕੱਲਾ ਸੀ।
ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫ਼ਆਈਆਰ ਮੁਤਾਬਕ ਸੀਤੋ ਕੌਰ ਨੇ ਕਿਹਾ ਹੈ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪਤੀ ਨਾਲ ਮਜ਼ਦੂਰੀ ਕਰਨ ਲਈ ਰਾਜਸਥਾਨ ਗਈ ਸੀ।
ਸੀਤੋ ਕੌਰ ਨੇ ਦੱਸਿਆ, "ਮੈਂ ਆਪਣੇ ਪਤੀ ਨਾਲ ਰਾਜਸਥਾਨ ਵਿੱਚ ਨਰਮਾ ਚੁਗਣ ਦਾ ਕੰਮ ਕਰਨ ਗਈ ਸੀ। ਮੈਨੂੰ 15 ਅਕਤੂਬਰ ਵਾਲੇ ਦਿਨ ਪਤਾ ਲੱਗਿਆ ਕਿ ਮੇਰੇ ਮੁੰਡੇ ਦੀ ਮੌਤ ਹੋ ਗਈ ਹੈ।”
“ਜਦੋਂ ਅਸੀਂ ਪਿੰਡ ਪਹੁੰਚੇ ਤਾਂ ਪਤਾ ਲੱਗਿਆ ਕਿ ਮੇਰੇ ਪੁੱਤਰ ਦੀ ਮੌਤ ਸੱਟਾਂ ਲੱਗਣ ਕਾਰਨ ਹੋਈ ਹੈ।"
ਆਪਣੇ ਬਿਆਨ ਵਿੱਚ ਸੀਤੋ ਕੌਰ ਨੇ ਕਿਹਾ ਹੈ, "ਮੇਰੇ ਪੁੱਤ ਦੀ ਮੌਤ ਤੋਂ ਬਾਅਦ ਅਸੀਂ ਵਾਕਫ਼ਕਾਰਾਂ ਦੀ ਸਲਾਹ ''''ਤੇ ਪੁਲਿਸ ਕੋਲ ਬਿਆਨ ਦਰਜ ਕਰਵਾ ਦਿੱਤੇ ਸਨ।"
ਵੀਡੀਓ ਵਾਇਰਲ ਹੋਣ ਤੋਂ ਬਾਅਦ ਕੇਸ ਬਦਲਿਆ
ਉੱਧਰ, ਡੀਐੱਸਪੀ ਜਸਜੋਤ ਸਿੰਘ ਕਹਿੰਦੇ ਹਨ, "ਪੁਲਿਸ ਨੇ ਪਰਿਵਾਰ ਵੱਲੋਂ ਪਹਿਲਾਂ ਲਿਖਵਾਏ ਗਏ ਬਿਆਨ ਦੇ ਅਧਾਰ ''''ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਰਵਾਈ ਕੀਤੀ ਸੀ।”
“ਪਰ ਹੁਣ ਜਦੋਂ ਸੋਸ਼ਲ ਮੀਡੀਆ ''''ਤੇ ਇਸ ਨੌਜਵਾਨ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਤਾਂ ਅਸੀਂ ਆਈਪੀਸੀ ਦੀਆਂ ਧਾਰਾਵਾਂ 302, 342, 148, 149 ਅਤੇ ਇਨਫਰਮੇਸ਼ਨ ਟੈਕਨਾਲੋਜੀ ਐਕਟ ਦੀ ਧਾਰਾ 67 ਅਧੀਨ ਵੀ ਕੇਸ ਦਰਜ ਕੀਤਾ ਹੈ।"
ਮ੍ਰਿਤਕ ਦੀ ਮਾਤਾ ਸੀਤੋ ਕੌਰ ਨੇ ਪੁਲਿਸ ਕੋਲ ਲਿਖਵਾਏ ਗਏ ਬਿਆਨਾਂ ਵਿੱਚ ਇਹ ਵੀ ਖੁਲਾਸਾ ਕੀਤਾ ਹੈ ਕੇ ਗੋਲਕ ਚੋਰੀ ਹੋਣ ਦੀ ਗੱਲ ਨੂੰ ਲੈ ਕੇ ਉਨ੍ਹਾਂ ਦੇ ਪੁੱਤਰ ਨੂੰ ਕਥਿਤ ਤੌਰ ''''ਤੇ ਗੁਰਦੁਆਰਾ ਸਾਹਿਬ ਵਿੱਚ ਬੰਦੀ ਬਣਾਇਆ ਗਿਆ ਸੀ।
ਬਿਆਨ ਵਿੱਚ ਕਿਹਾ ਗਿਆ ਹੈ, "ਮੇਰੇ ਮੁੰਡੇ ਦੀ ਗੁਰਦੁਆਰੇ ਵਿਚ ਕੁੱਟਮਾਰ ਕੀਤੀ ਗਈ ਸੀ, ਜਿਸ ਮਗਰੋਂ ਉਸ ਦੀ ਮੌਤ ਹੋ ਗਈ।"
ਪਿੰਡ ਮਾੜੀ ਮੁਸਤਫ਼ਾ ਦੇ ਪੰਚਾਇਤ ਮੈਂਬਰ ਬਲੌਰ ਸਿੰਘ ਨੇ ਕਿਹਾ, "ਪਹਿਲਾਂ ਤਾਂ ਸਾਨੂੰ ਪਤਾ ਲੱਗਿਆ ਸੀ ਕਿ ਕਰਮ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਮਾ ਹੋ ਗਿਆ ਹੈ, ਪਰ ਸੋਸ਼ਲ ਮੀਡੀਆ ''''ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਤਲ ਕੇਸ ਦਰਜ ਹੋਣ ਤੱਕ ਪਹੁੰਚ ਗਿਆ ਹੈ।"
ਪੁਲਿਸ ਮੁਤਾਬਕ ਕਰਮ ਸਿੰਘ ਦੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)