ਕਤਰ ਵਿੱਚ ਗ੍ਰਿਫ਼ਤਾਰ ਭਾਰਤੀ ਜਲ ਸੈਨਾ ਦੇ 8 ਸਾਬਕਾ ਅਫ਼ਸਰਾਂ ਨੂੰ ਮੌਤ ਦੀ ਸਜ਼ਾ, ਕੀ ਲੱਗੇ ਹਨ ਇਲਜ਼ਾਮ

Friday, Oct 27, 2023 - 04:59 PM (IST)

ਭਾਰਤੀ ਨੇਵੀ
GETTY IMAGES
ਕਤਰ ਵਿੱਚ ਸਜ਼ਾਯਾਫ਼ਤਾ ਸਾਰੇ ਭਾਰਤੀ ਨਾਗਰਿਕ ਨੇਵੀ ਤੋਂ ਸੇਵਾ ਮੁਕਤ ਹਨ

ਕਤਰ ਵਿੱਚ ਗ੍ਰਿਫ਼ਤਾਰ ਅੱਠ ਭਾਰਤੀ ਨਾਗਰਿਕਾਂ ਨੂੰ ਫ਼ਾਂਸੀ ਦੀ ਸਜ਼ਾ ਨੂੰ ਭਾਰਤ ਨੇ ਦੁੱਖ਼ਦਾਈ ਦੱਸਦਿਆਂ ਕਿਹਾ ਹੈ ਕਿ ਉਹ ਇਸ ਸਬੰਧ ਵਿੱਚ ਸਾਰੇ ਕਾਨੂੰਨੀ ਬਦਲਾਂ ਦੀ ਭਾਲ ਕਰੇਗਾ।

ਜਿਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਉਹ ਭਾਰਤੀ ਜਲ ਸੈਨਾ ਦੇ ਅੱਠ ਸੇਵਾਮੁਕਤ ਅਫ਼ਸਰ ਹਨ ਅਤੇ ਪਿਛਲੇ ਸਾਲ ਅਗਸਤ ਤੋਂ ਕਤਰ ਦੀ ਜੇਲ੍ਹ ਵਿੱਚ ਬੰਦ ਹਨ। ਹਾਲਾਂਕਿ ਕਤਰ ਨੇ ਉਨ੍ਹਾਂ ''''ਤੇ ਲੱਗੇ ਇਲਜ਼ਾਮਾਂ ਨੂੰ ਜਨਤਕ ਨਹੀਂ ਕੀਤਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਸਾਡੇ ਕੋਲ ਮੁੱਢਲੀ ਜਾਣਕਾਰੀ ਹੈ ਕਿ ਕਤਰ ਦੀ ਅਦਾਲਤ ਨੇ ਅਲ ਦਹਰਾ ਕੰਪਨੀ ਦੇ ਅੱਠ ਭਾਰਤੀ ਮੁਲਾਜ਼ਮਾਂ ਦੇ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਇਆ ਹੈ।"

ਬਿਆਨ ਦੇ ਮੁਤਾਬਕ, “ਅਸੀਂ ਫਾਂਸੀ ਦੇ ਫ਼ੈਸਲੇ ਤੋਂ ਹੈਰਾਨ ਹਾਂ ਅਤੇ ਪੂਰੇ ਹੁਕਮਾਂ ਦੀ ਉਡੀਕ ਕਰ ਰਹੇ ਹਾਂ। ਅਸੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਾਨੂੰਨੀ ਟੀਮ ਦੇ ਰਾਬਤੇ ਵਿੱਚ ਹਾਂ।”

"ਅਸੀਂ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਦੇਖ ਰਹੇ ਹਾਂ ਅਤੇ ਇਸ ਮਾਮਲੇ ਨੂੰ ਕਤਰ ਪ੍ਰਸ਼ਾਸਨ ਕੋਲ ਚੁੱਕਾਂਗੇ।"

ਮੰਤਰਾਲੇ ਨੇ ਕਿਹਾ ਹੈ ਕਿ ਉਹ ਫ਼ਿਲਹਾਲ ਇਸ ਮਾਮਲੇ ''''ਤੇ ਹੋਰ ਟਿੱਪਣੀ ਨਹੀਂ ਕਰ ਸਕਦਾ।

ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ''''ਤੇ ਲਿਖਿਆ, "ਇੰਡੀਅਨ ਨੈਸ਼ਨਲ ਕਾਂਗਰਸ ਨੇ ਕਤਰ ਵਿੱਚ ਭਾਰਤੀ ਜਲ ਸੈਨਾ ਦੇ 8 ਸਾਬਕਾ ਅਫ਼ਸਰਾਂ ਨਾਲ ਸਬੰਧਤ ਬਹੁਤ ਹੀ ਦੁਖਦਾਈ ਘਟਨਾਕ੍ਰਮ ਦਾ ਬਹੁਤ ਹੀ ਦੁੱਖ, ਦਰਦ ਅਤੇ ਅਫ਼ਸੋਸ ਨਾਲ ਨੋਟਿਸ ਲਿਆ ਹੈ।"

“ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ ਕਤਰ ਦੀ ਸਰਕਾਰ ਦੇ ਨਾਲ ਆਪਣੇ ਕੂਟਨੀਤਕ ਅਤੇ ਸਿਆਸੀ ਰਸੂਖ ਦੀ ਵੱਧ ਤੋਂ ਵੱਧ ਵਰਤੋਂ ਕਰੇਗੀ ਤਾਂ ਜੋ ਅਫ਼ਸਰਾਂ ਨੂੰ ਉਨ੍ਹਾਂ ਦੀ ਅਪੀਲ ਕਰਨ ਵਿੱਚ ਪੂਰੀ ਹਮਾਇਤ ਮਿਲਣੀ ਯਕੀਨੀ ਬਣਾਈ ਜਾ ਸਕੇ।”

“ਇਸ ਦੇ ਨਾਲ ਹੀ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।"

ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਸਰਕਾਰ ''''ਤੇ ਇਨ੍ਹਾਂ ਸਾਬਕਾ ਅਫ਼ਸਰਾਂ ਨੂੰ ਰਿਹਾਅ ਕਰਵਾਉਣ ਲਈ ਕਾਫੀ ਦਬਾਅ ਸੀ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਇਹ ਮਾਮਲਾ ਉਨ੍ਹਾਂ ਦੀ ''''ਸਭ ਤੋਂ ਵੱਡੀ ਤਰਜੀਹ'''' ਹੈ।

ਲੰਘੇ ਜੂਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਅਫ਼ਸਰਾਂ ਵਿੱਚੋਂ ਇੱਕ ਦੀ ਭੈਣ ਮੀਤੂ ਭਾਰਗਵ ਨੇ ਆਪਣੇ ਭਰਾ ਨੂੰ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਸੀ।

ਮੀਤੂ ਭਾਰਗਵ ਨੇ ਐਕਸ (ਟਵਿੱਟਰ) ’ਤੇ ਲਿਖਿਆ ਸੀ, “ਇਹ ਸਾਬਕਾ ਨੇਵੀ ਅਫ਼ਸਰ ਦੇਸ਼ ਦੀ ਸ਼ਾਨ ਹਨ ਅਤੇ ਮੈਂ ਮੁੜ ਤੋਂ ਮਾਣਯੋਗ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਬਿਨ੍ਹਾਂ ਦੇਰ ਕੀਤਿਆਂ ਉਨ੍ਹਾਂ ਨੂੰ ਤੁਰੰਤ ਭਾਰਤ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।"

ਕਤਰ ਵਿੱਚ ਭਾਰਤੀ ਨਾਗਰਿਕ
BBC
ਕਮਾਂਡਰ (ਸੇਵਾਮੁਕਤ) ਪੂਰਨੇਦੁ ਤਿਵਾਰੀ ਅਲ ਦਹਰਾ ਦੇ ਮੈਨੇਜਿੰਗ ਡਾਇਰੈਕਟਰ ਸਨ ਅਤੇ ਉਨ੍ਹਾਂ ਨੇ ਨੇਵੀ ਵਿੱਚ ਰਹਿੰਦਿਆਂ ਕਈ ਜੰਗੀ ਜਹਾਜ਼ਾਂ ਦੀ ਕਮਾਂਡ ਕੀਤੀ ਸੀ

ਕੀ ਸੀ ਮਾਮਲਾ, ਜਿਸ ਵਿੱਚ ਹੋਈ ਹੈ ਸਜ਼ਾ?

ਸਤੰਬਰ 2022 ਵਿੱਚ ਕਤਰ ਸਰਕਾਰ ਨੇ ਭਾਰਤੀ ਨੇਵੀ ਦੇ 8 ਸਾਬਕਾ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮਾਰਚ ਵਿੱਚ ਇਨ੍ਹਾਂ ’ਤੇ ਜਸੂਸੀ ਦੇ ਇਲਜ਼ਾਮ ਤੈਅ ਕੀਤੇ ਗਏ ਸਨ।

ਇਹ ਲੋਕ ਕਤਰ ਦੀ ਜ਼ਾਹਿਰਾ ਅਲ ਆਲਮੀ ਨਾਮ ਦੀ ਕੰਪਨੀ ਵਿੱਚ ਕੰਮ ਕਰਦੇ ਸਨ।

ਇਹ ਕੰਪਨੀ ਪਣਡੁੱਬੀ ਪ੍ਰੋਗਰਾਮ ਵਿੱਚ ਕਤਰ ਦੀ ਨੇਵੀ ਲਈ ਕੰਮ ਕਰ ਰਹੀ ਸੀ। ਇਸ ਪ੍ਰੋਗਰਾਮ ਦਾ ਮਕਸਦ ਰਡਾਰ ਤੋਂ ਬਚਣ ਵਾਲੀ ਇਤਲਾਵੀ ਤਕਨੀਕ ਉੱਪਰ ਅਧਾਰਿਤ ਹਾਈਟੈਕ ਪਣਡੁੱਬੀ ਤਿਆਰ ਕਰਨਾ ਸੀ।

ਕੰਪਨੀ ਵਿੱਚ 75 ਭਾਰਤੀ ਨਾਗਰਿਕ ਕਰਮਚਾਰੀ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਜਲ ਸੈਨਾ ਦੇ ਸਾਬਕਾ ਅਫ਼ਸਰ ਸਨ। ਮਈ ਵਿੱਚ ਕੰਪਨੀ ਨੇ ਕਿਹਾ ਸੀ ਕਿ ਉਹ 31 ਮਈ ਨੂੰ 2022 ਵਿੱਚ ਕੰਪਨੀ ਬੰਦ ਕਰ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਕੰਪਨੀ ਦੇ ਮੁਖੀ ਖਮੀਸ ਅਲ ਅਜਾਮੀ ਅਤੇ ਗ੍ਰਿਫ਼ਤਾਰ ਕੀਤੇ ਗਏ 8 ਭਾਰਤੀਆਂ ਦੇ ਖ਼ਿਲਾਫ਼ ਕੁਝ ਇਲਜ਼ਾਮ ਆਮ ਹੀ ਲਗਾਏ ਜਾਣ ਵਾਲੇ ਹਨ ਜਦਕਿ ਕੁਝ ਦੇ ਖ਼ਿਲਾਫ਼ ਖ਼ਾਸ ਕਿਸਮ ਦੇ ਇਲਜ਼ਾਮ ਹਨ।

ਜਸੂਸੀ ਦੇ ਇਲਜ਼ਾਮਾਂ ਵਿੱਚ ਫੜੇ ਗਏ ਅੱਠ ਕਰਮਚਾਰੀਆਂ ਨੂੰ ਪਹਿਲਾਂ ਹੀ ਬਰਖ਼ਾਸਤ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਤਨਖਾਹਾਂ ਦਾ ਹਿਸਾਬ ਵੀ ਨਹੀਂ ਕੀਤਾ ਗਿਆ ਸੀ।

ਲੰਘੀ ਮਈ ਵਿੱਚ ਕਤਰ ਨੇ ਕੰਪਨੀ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਇਸ ਦੇ ਲਗਭਗ 70 ਕਰਮਚਾਰੀਆਂ ਨੂੰ ਮਈ 2023 ਦੇ ਅੰਤ ਤੱਕ ਦੇਸ਼ ਛੱਡਣ ਦੇ ਹੁਕਮ ਦਿੱਤੇ।

ਰਿੰਦਰ ਮੋਦੀ ਅਤੇ ਕਤਰ ਦੇ ਅਮੀਰ
Hindustan times
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਤਰ ਦੇ ਅਮੀਰ ਦੀ ਸਾਲ 2015 ਵਿੱਚ ਹੋਈ ਮੁਲਾਕਾਤ ਦੀ ਇੱਕ ਤਸਵੀਰ

ਜਸੂਸੀ ਦੇ ਇਲਜ਼ਾਮ

ਮੀਡੀਆ ਰਿਪੋਰਟਾਂ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਕਰਮਚਾਰੀਆਂ ਨੇ ਸੰਵੇਦਨਾਸ਼ੀਲ ਜਾਣਕਾਰੀ ਇਜ਼ਰਾਈਲ ਨੂੰ ਦਿੱਤੀ ਸੀ।

ਭਾਰਤੀ ਮੀਡੀਆ ਅਤੇ ਹੋਰ ਗਲੋਬਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਸਾਬਕਾ ਜਲ ਸੈਨਿਕਾਂ ਉੱਪਰ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਥਿਤ ਤੌਰ ’ਤੇ ਅਤਿ ਉੱਨਤ ਇਤਲਾਵੀ ਪਣਡੁੱਬੀ ਨੂੰ ਖ਼ਰੀਦਣ ਬਾਰੇ ਕਤਰ ਦੇ ਗੁਪਤ ਪ੍ਰੋਗਰਾਮ ਬਾਰੇ ਇਜ਼ਰਾਈਲ ਨੂੰ ਸੂਚਨਾ ਦਿੱਤੀ ਸੀ।

ਯਾਨੀ ਇਨ੍ਹਾਂ ਜਲ ਸੈਨਿਕਾਂ ਉੱਪਰ ਇਜ਼ਰਾਈਲ ਦੇ ਲਈ ਕਤਰ ਦੀ ਜਸੂਸੀ ਕਰਨ ਦੇ ਇਲਜ਼ਾਮ ਵੀ ਲਾਏ ਜਾ ਸਕਦੇ ਹਨ।

ਕਤਰ ਦੀ ਸੂਹੀਆ ਏਜੰਸੀ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਕਥਿਤ ਜਸੂਸੀ ਬਾਰੇ ਇਲੈਕਟਰਾਨਿਕ ਸਬੂਤ ਹਨ।

ਕਤਰ ਦੀ ਨਿੱਜੀ ਸੁਰੱਖਿਆ ਕੰਪਨੀ ਜਾਹਿਰਾ ਅਲ ਆਲਮੀ ਦੇ ਲਈ ਕੰਮ ਕਰਨ ਵਾਲੇ ਇਹ ਸਾਬਕਾ ਅਫ਼ਸਰ ਕਤਰ ਦੀ ਜਲ ਸੈਨਾ ਨੂੰ ਕਈ ਤਰ੍ਹਾਂ ਦੀ ਸਿਖਲਾਈ ਦਿੰਦੇ ਸਨ।

ਇਨ੍ਹਾਂ ਨੂੰ ਭਾਰਤ ਅਤੇ ਕਤਰ ਦਰਮਿਆਨ ਦੁਵੱਲੇ ਸਮਝੌਤੇ ਤਹਿਤ ਲਾਇਆ ਗਿਆ ਸੀ।

ਸੰਕੇਤਕ ਤਸਵੀਰ
Getty Images
ਸੰਕੇਤਕ ਤਸਵੀਰ

ਜ਼ਾਹਿਰਾ ਅਲ ਆਲਮੀ ਕੰਪਨੀ ਦਾ ਕੀ ਸੀ ਕਾਰੋਬਾਰ?

ਕੰਪਨੀ ਦੀ ਵੈੱਬਸਾਈਟ ਉੱਤੇ ਇਸ ਕੰਪਨੀ ਨੂੰ ਕਤਰ ਦੇ ਰੱਖਿਆ ਮੰਤਰਾਲੇ, ਸੁਰੱਖਿਆ ਅਤੇ ਦੂਜੀਆਂ ਸਰਕਾਰੀ ਏਜੰਸੀਆਂ ਦਾ ਸਥਾਨਕ ਸਾਂਝੇਦਾਰ ਦੱਸਿਆ ਗਿਆ ਹੈ।

ਇਹ ਨਿੱਜੀ ਕੰਪਨੀ ਕਤਰ ਦੀ ਹਥਿਆਰਬੰਦ ਫ਼ੌਜ ਨੂੰ ਸਿਖਲਾਈ ਅਤੇ ਸੇਵਾਵਾਂ ਮੁਹਈਆ ਕਰਾਉਂਦੀ ਹੈ।

ਕੰਪਨੀ ਨੇ ਖ਼ੁਦ ਨੂੰ ਰੱਖਿਆ ਉਪਕਰਣ ਚਲਾਉਣ ਅਤੇ ਉਨ੍ਹਾਂ ਦੀ ਮੁਰੰਮਤ ਅਤੇ ਦੇਖਭਾਲ ਦਾ ਮਾਹਰ ਦੱਸਿਆ ਹੈ।

ਇਸ ਵੈਬਸਾਈਟ ਉੱਪਰ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਅਤੇ ਉਨ੍ਹਾਂ ਦੇ ਅਹੁਦਿਆਂ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

ਕੰਪਨੀ ਦੇ ਸਿਖਰਲੇ ਅਧਿਕਾਰੀਆਂ ਵਿੱਚ ਭਾਰਤੀ ਵੀ ਸ਼ਾਮਲ ਹਨ।

ਕੰਪਨੀ ਦੇ ਲਿੰਕਡਿਨ ਪੇਜ ’ਤੇ ਲਿਖਿਆ ਹੈ, “ਇਹ ਰੱਖਿਆ ਉਪਕਰਣਾਂ ਨੂੰ ਚਲਾਉਣ ਅਤੇ ਲੋਕਾਂ ਨੂੰ ਸਿਖਲਾਈ ਦੇਣ ਦੇ ਮਾਮਲੇ ਵਿੱਚ ਕਤਰ ਵਿੱਚ ਸਭ ਤੋਂ ਅੱਗੇ ਹੈ।“

ਅੱਗੇ ਲਿਖਿਆ ਹੈ, “ਅਲ ਜਾਹਿਰਾ ਕੰਪਨੀ ਰੱਖਿਆ ਅਤੇ ਐਰੋਸਪੇਸ ਦੇ ਮਾਮਲੇ ਵਿੱਚ ਕਤਰ ਵਿੱਚ ਵਿਸ਼ੇਸ਼ ਮੁਕਾਮ ਰੱਖਦੀ ਹੈ।"

ਭਾਰਤੀ ਨੇਵੀ
Getty Images
ਸੰਕੇਤਕ ਤਸਵੀਰ

ਮਾਹਰਾਂ ਦਾ ਕੀ ਕਹਿਣਾ ਹੈ

ਭਾਰਤੀ ਜਲ ਸੈਨਾ ਦੇ ਸਾਬਕਾ ਬੁਲਾਰੇ ਕੈਪਟਨ ਡੀਕੇ ਸ਼ਰਮਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਕਿਹਾ, “ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ, ਕਤਰ ਦੇ ਨਾਲ ਭਾਰਤ ਦੇ ਚੰਗੇ ਸਬੰਧ ਹਨ ਅਜਿਹੇ ਵਿੱਚ ਇਸ ਦੀ ਉਮੀਦ ਨਹੀ ਕੀਤੀ ਗਈ ਸੀ।”

31 ਸਾਲ ਫੌਜ ਵਿੱਚ ਕੰਮ ਕਰਨ ਵਾਲੇ ਰਿਟਾਇਰਡ ਕੈਪਟਨ ਡੀਕੇ ਸ਼ਰਮਾ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਵਿਸ਼ਿਸ਼ਟ ਸੇਵਾ ਮੈਡਲ ਵੀ ਦਿੱਤਾ ਗਿਆ ਹੈ।

ਉਹ ਕਹਿੰਦੇ ਹਨ, “ਇਹ ਸਾਬਕਾ ਭਾਰਤੀ ਅਧਿਕਾਰੀ ਜਿਸ ਕੰਪਨੀ ਵਿੱਚ ਸਨ, ਉਹ ਬੱਸ ਕਤਰ ਦੀ ਸੈਨਾ ਨੂੰ ਸਿਖਲਾਈ ਦੇਣ ਦਾ ਕੰਮ ਕਰ ਰਹੇ ਸਨ, ਇਹ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਸਨ, ਇਸ ਦੀ ਉਮੀਦ ਨਹੀਂ ਕੀਤਾ ਜਾ ਰਹੀ ਸੀ।"

“ਸਾਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਕੀ ਇਲਜ਼ਾਮ ਹਨ, ਮੈਨੂੰ ਨਹੀਂ ਲੱਗਦਾ ਕਿ ਮਾਮਲੇ ਦੀ ਸੁਣਵਾਈ ਨਿਰਪੱਖ ਢੰਗ ਨਾਲ ਹੋਈ ਹੈ।”

“ਇਹ ਮੇਰੀ ਰਾਏ ਹੈ, ਉਹ ਸਾਡੇ ਪੁਰਾਣੇ ਫੌਜੀ ਰਹੇ ਹਨ, ਅਜਿਹੇ ਵਿੱਚ ਭਾਰਤ ਸਰਕਾਰ ਨੂੰ ਕਿਰਿਆਸ਼ੀਲ ਭੂਮਿਕਾ ਅਪਣਾਉਣੀ ਚਾਹੀਦੀ ਹੈ ਅਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਣ ਦੀ ਕੋਸ਼ਿਸ਼ ਕਰਨ।”

ਭਾਜਪਾ ਦੇ ਆਗੂ ਸੁਬਰਾਮਨਿਅਮ ਸਵਾਮੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ, “ਭਾਰਤ ਸਰਕਾਰ ਨੂੰ ਇਨ੍ਹਾਂ ਅੱਠ ਜਣਿਆਂ ਨੂੰ ਦਿੱਤੀ ਗਈ ਸਜ਼ਾ ਉੱਤੇ ਅਮਲ ਹੋਣ ਤੋਂ ਪਹਿਲਾਂ ਮਾਮਲੇ ਵਿੱਚ ਦਖਲ ਦੇਣਾ ਚਾਹੀਦੀ ਹੈ, ਉਨ੍ਹਾਂ ਨੂੰ ਬਚਾਉਣਾ ਚਾਹੀਦਾ ਹੈ, ਜੋ ਸੁਣਵਾਈ ਹੋਈ ਹੈ ਉਹ ਗੁਪਤ ਰੱਖੀ ਗਈ ਹੈ, ਇਸ ਲਈ ਇਸ ਬਾਰੇ ਕੁਝ ਨਹੀਂ ਪਤਾ।”

ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ, “ਪਰ ਜੇਕਰ ਮੋਦੀ ਤਾਮਿਲਨਾਡੂ ਦੇ ਗਵਰਨਰ ਨੂੰ ਨਹੀਂ ਬਚਾ ਸਕਦੇ ਹਨ ਜਾਂ ਡੀਐੱਮਕੇ ਤੋਂ ਮਿਲ ਰਹੀਆਂ ਚੁਣੌਤੀਆਂ ਦਾ ਜਵਾਬ ਨਹੀਂ ਦੇ ਸਕਦੇ ਤਾਂ ਕਤਰ ਵਿੱਚ ਅਸੀਂ ਉਨ੍ਹਾਂ ਤੋਂ ਕੀ ਉਮੀਦ ਕਰ ਸਕਦੇ ਹਾਂ?”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News