‘ਦਾਸਤਾਨ ਏ-ਸਰਹਿੰਦ’ ਫ਼ਿਲਮ ਰਿਲੀਜ਼ ਤੋਂ ਪਹਿਲਾਂ ਮੁੜ ਵਿਵਾਦ, ਛੋਟੇ ਸਾਹਿਬਜ਼ਾਦਿਆਂ ਪਾਤਰਾਂ ਬਾਰੇ ਇਹ ਹੈ ਇਤਰਾਜ਼

Thursday, Oct 26, 2023 - 05:29 PM (IST)

ਐਨੀਮੇਸ਼ਨ
BBC
ਐੱਸਜੀਪੀਸੀ ਮੁਤਾਬਕ ਸਿੱਖ ਮਰਿਆਦਾ ਸਾਹਿਬਜ਼ਾਦਿਆਂ ਬਾਰੇ ਐਨੀਮੇਸ਼ਨ ਕਰਨ ਦੀ ਇਜ਼ਾਜਤ ਨਹੀਂ ਦਿੰਦੀ

ਪੰਜਾਬੀ ਫ਼ਿਲਮ ‘ਦਾਸਤਾਨ ਏ-ਸਰਹਿੰਦ’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਮੁੜ ਖੜਾ ਹੋ ਗਿਆ।

ਇਹ ਫ਼ਿਲਮ 3 ਨਵੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਦੂਜੀ ਵਾਰ ਫ਼ਿਲਮ ਦੀ ਰਿਲੀਜ਼ ਉੱਤੇ ਇਤਰਾਜ਼ ਪ੍ਰਗਟ ਕੀਤਾ ਹੈ।

ਐੱਸਜੀਪੀਸੀ ਨੂੰ ‘ਦਾਸਤਾਨ ਏ-ਸਰਹਿੰਦ’ ’ਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਬਣਾਈ ਗਈ ਐਨੀਮੇਸ਼ਨ ਨੂੰ ਲੈ ਕੇ ਵਿਵਾਦ ਹੈ।

ਕਈ ਸਿੱਖ ਵਿਵਦਾਨ ਫ਼ਿਲਮ ਵਿੱਚ ਸਾਹਿਬਜ਼ਾਦਿਆਂ ਬਾਰੇ ਜਾਣਕਾਰੀ ਦੇਣ ਲਈ ਵਰਤੇ ਗਏ ਸੰਵਾਦਾਂ ’ਤੇ ਵੀ ਇਤਰਾਜ਼ ਪ੍ਰਗਟਾ ਰਹੇ ਹਨ।

ਇਸ ਤੋਂ ਪਹਿਲਾਂ ਵੀ ਇੱਕ ਵਾਰ ਅਜਿਹਾ ਹੋਇਆ ਸੀ ਕਿ ਐੱਸਜੀਪੀਸੀ ਦੇ ਇਤਰਾਜ਼ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾ ਦਿੱਤੀ ਗਈ ਸੀ।

ਐੱਸਜੀਪੀਸੀ ਨੇ ਹੁਣ ਫ਼ਿਰ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।

ਫ਼ਿਲਮ ਦੇ ਕਲਾਕਾਰ
Dastaan-E-Sirhind/FB
ਫ਼ਿਲਮ ਦੇ ਕਲਾਕਾਰ

ਕੀ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਲੀਲ

ਐੱਸਜੀਪੀਸੀ, ਅੰਮ੍ਰਿਤਸਰ ਦੇ ਸਕੱਤਰ ਪ੍ਰਤਾਪ ਸਿੰਘ ਮੁਤਾਬਕ “ਦਾਸਤਾਨ-ਏ-ਸਰਹਿੰਦ ਫ਼ਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ।”

ਉਨ੍ਹਾਂ ਕਿਹਾ, “ਫ਼ਿਲਮ ਦੇ 3 ਨਵੰਬਰ ਨੂੰ ਜਾਰੀ ਹੋਣ ਬਾਰੇ ਲਗਾਏ ਜਾ ਰਹੇ ਬੋਰਡਾਂ ਲਈ ਫ਼ਿਲਮ ਦੇ ਪ੍ਰਬੰਧਕ ਹੀ ਜਵਾਬਦੇਹ ਹਨ।”

ਉਨ੍ਹਾਂ ਸੰਗਤ ਨੂੰ ਅਪੀਲ ਨੂੰ ਹੈ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹੇ ਅਤੇ ਫ਼ਿਲਮ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਮੁਤਾਬਕ ਹੀ ਫ਼ਿਲਮ ਸਬੰਧੀ ਕੋਈ ਫ਼ੈਸਲਾ ਲੈਣ।

ਉਨ੍ਹਾਂ ਕਿਹਾ ਕਿ,“ਸੰਗਤ ਨੂੰ ਇਹ ਵੀ ਯਾਦ ਕਰਵਾਇਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮਤੇ ਰਾਹੀਂ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਬਾਰੇ ਕਿਸੇ ਵੀ ਤਰ੍ਹਾਂ ਦੇ ਫ਼ਿਲਮਾਂਕਣ ''''ਤੇ ਰੋਕ ਲਗਾਈ ਹੋਈ ਹੈ।”

ਐੱਸਜੀਪੀਸੀ ਦਾ ਕਹਿਣਾ ਹੈ ਕਿ ਫ਼ਿਲਮ ਨਾਲ ਸਬੰਧਿਤ ਟੀਮ ਨੇ ਐੱਸਜੀਪੀਸੀ ਨਾਲ ਫ਼ਿਲਮ ਦੀ ਰਿਲੀਜ਼ ਸਬੰਧੀ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਪਰ ਕਿਸੇ ਕਾਰਨ ਇਹ ਕਮੇਟੀ ਫ਼ਿਲਮ ਨਹੀਂ ਸੀ ਦੇਖ ਸਕੀ।

ਐੱਸਜੀਪੀਸੀ ਮੁਤਾਬਕ ਸਿੱਖ ਜਥੇਬੰਦੀਆਂ ਲਗਾਤਾਰ ਇਸ ਫ਼ਿਲਮ ਦਾ ਵਿਰੋਧ ਕਰ ਰਹੀਆਂ ਹਨ। ਇਸ ਕਰ ਕੇ ਫ਼ਿਲਮ ਨਿਰਮਾਤਾਵਾਂ ਨੂੰ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਹੈ।

ਫ਼ਿਲਮ ਦੇ ਕਲਾਕਾਰ
Dastaan-E-Sirhind/FB
ਫ਼ਿਲਮ ਦਾ ਸੰਗੀਤ ਰਿਲੀਜ਼ ਕਰਨ ਮੌਕੇ ਦੀ ਇੱਕ ਤਸਵੀਰ

ਐੱਸਜੀਪੀਸੀ ਨੂੰ ਕੀ ਹੈ ਇਤਰਾਜ਼

ਪਹਿਲਾਂ ਇਸ ਫ਼ਿਲਮ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਐਨੀਮੇਸ਼ਨ ਰਾਹੀਂ ਪਰਦੇ ਉੱਤੇ ਦਿਖਾਇਆ ਗਿਆ ਸੀ।

ਇਸੇ ਗੱਲ ਨੂੰ ਲੈ ਕੇ ਫ਼ਿਲਮ ਵਿਵਾਦਾਂ ਵਿੱਚ ਘਿਰ ਗਈ ਸੀ।

ਫ਼ਿਲਮ ਦੇ ਸਹਾਇਕ ਨਿਰਦੇਸ਼ਕ ਨਵੀ ਸਿੱਧੂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਵਾਦ ਤੋਂ ਬਾਅਦ ਫ਼ਿਲਮ ਵਿੱਚ ਕੁਝ ਬਦਲਾਅ ਕੀਤੇ ਗਏ ਹਨ।

ਹਾਲਾਂਕਿ ਫ਼ਿਲਮ ਵਿੱਚ ਕੀ ਕੁਝ ਬਦਲਿਆ ਗਿਆ ਹੈ, ਇਸ ਬਾਰੇ ਉਨ੍ਹਾਂ ਨੇ ਕੋਈ ਖ਼ੁਲਾਸਾ ਨਹੀਂ ਕੀਤਾ।

ਫ਼ਿਲਮ ਦੇ ਨਵੇਂ ਪੋਸਟਰ ਵਿੱਚ ਵੀ ਸਾਹਿਬਜਾਦਿਆਂ ਦੀ ਤਸਵੀਰ ਨਜ਼ਰ ਨਹੀਂ ਆਉਂਦੀ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਧਾਰਮਿਕ ਫ਼ਿਲਮਾਂ ਸਬੰਧੀ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਹੋਇਆ ਹੈ।

''''''''ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਹੁਕਮ ਹੈ ਕਿ ਗੁਰਮਤਿ ਮਰਿਆਦਾ ਮੁਤਾਬਕ ਗੁਰੂ ਸਾਹਿਬਾਨ, ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਿਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀ ਨਕਲ ਕਰਨੀ ਜਾਂ ਉਨ੍ਹਾਂ ਨਾਲ ਸਬੰਧਿਤ ਕਿਸੇ ਕਿਸਮ ਦਾ ਸਵਾਂਗ ਰਚਣ ਦੀ ਸਖ਼ਤ ਮਨਾਹੀ ਹੈ।''''''''

ਪੋਸਟਰ
Dastaan-E-Sirhind/FB
ਫ਼ਿਲਮ ਦਾ ਪੁਰਾਣਾ ਪੋਸਟਰ, ਪਹਿਲਾਂ ਫ਼ਿਲਮ ਦਸੰਬਰ 2022 ਵਿੱਚ ਰਿਲੀਜ਼ ਹੋਣੀ ਸੀ।

ਫ਼ਿਲਮ ਦਾ ਵਿਸ਼ਾ

ਪੁਸ਼ਪਿੰਦਰ ਸਿੰਘ ਵੱਲੋਂ ਬਣਾਈ ਗਈ ਇਸ ਫ਼ਿਲਮ ਦੇ ਲੇਖਕ ਨਵੀ ਸਿੱਧੂ ਹਨ ਅਤੇ ਫ਼ਿਲਮ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ''''ਤੇ ਆਧਾਰਿਤ ਹੈ।

ਇਸ ਵਿੱਚ ਸਰਹਿੰਦ ਅਤੇ ਫ਼ਤਿਹਗੜ੍ਹ ਸਾਹਿਬ ਦੇ ਸਿੱਖ ਇਤਿਹਾਸ ਵਿੱਚ ਯੋਗਦਾਨ ਨੂੰ ਦਰਸਾਇਆ ਗਿਆ ਹੈ।

ਨਵੀ ਸਿੱਧੂ ਨੇ ਦੱਸਿਆ ਕਿ ਫ਼ਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਲੱਗਣ ਵਾਲੇ ਜੋੜ ਮੇਲ ਦੀ ਮਹੱਤਤਾ ਵੀ ਇਸ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਫ਼ਿਲਮ ਲੇਖਕ ਨਵੀ ਸਿੱਧੂ ਨੇ ਦੱਸਿਆ ਕਿ ਫ਼ਿਲਮ ਦੀ ਸਟੋਰੀ ਲਾਈਨ ਪਹਿਲਾਂ ਵਾਲੀ ਹੀ ਹੈ ਪਰ ਕੁਝ ਗੱਲਾਂ ਵਿੱਚ ਬਦਲਾਅ ਕੀਤਾ ਗਿਆ ਹੈ।

ਫ਼ਿਲਮ ਦੇ ਯੂ-ਟਿਊਬ ਉੱਤੇ ਮੌਜੂਦ ਟਰੇਲਰ ਵਿੱਚ ਸਾਹਿਬਜ਼ਾਦਿਆਂ ਨੂੰ ਐਨੀਮੇਸ਼ਨ ਦੀ ਥਾਂ ਉਨ੍ਹਾਂ ਆਵਾਜ਼ ਰਾਹੀਂ ਸਕਰੀਨ ਉੱਤੇ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।

ਲੇਖਕ ਨਵੀ ਸਿੱਧੂ ਨੇ ਦੱਸਿਆ ਕਿ ਸ੍ਰੋਮਣੀ ਕਮੇਟੀ ਤੋਂ ਬਕਾਇਦਾ ਲਿਖਤੀ ਪ੍ਰਵਾਨਗੀ ਲੈਣ ਤੋਂ ਬਾਅਦ ਹੀ 3 ਨਵੰਬਰ ਨੂੰ ਫ਼ਿਲਮ ਰਿਲੀਜ਼ ਕਰਨ ਦੀ ਤਾਰੀਖ ਤੈਅ ਕੀਤੀ ਹੈ।

ਉਨ੍ਹਾਂ ਦੱਸਿਆ ਕਿ 2 ਨਵੰਬਰ ਨੂੰ ਫ਼ਿਲਮ ਦਾ ਪ੍ਰੀਮੀਅਰ ਰੱਖਿਆ ਗਿਆ ਹੈ।

ਫ਼ਿਲਮ
Dastaan E Sirhind
ਫ਼ਿਲਮ ਦਾਸਤਾਨ ਏ ਸਰਹਿੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਰੇ ਕੀਤੀ ਗਈ ਐਨੀਮੇਸ਼ਨ ਨੂੰ ਲੈ ਕੇ ਵਿਵਾਦ ਹੈ

ਸ੍ਰੋਮਣੀ ਕਮੇਟੀ ਦੇ ਫ਼ਿਲਮ ਸਬੰਧੀ ਕੀਤੇ ਗਏ ਤਾਜ਼ਾ ਟਵੀਟ ਉੱਤੇ ਪ੍ਰਤੀਕਿਰਿਆ ਦਿੰਦਿਆਂ ਨਵੀ ਸਿੱਧੂ ਨੇ ਦੱਸਿਆ ਕਿ ਹਰ ਪ੍ਰਵਾਨਗੀ ਉਨ੍ਹਾਂ ਕਮੇਟੀ ਕੋਲੋਂ ਲਿਖਤੀ ਵਿੱਚ ਲਈ ਹੈ ਅਤੇ ਉਸ ਦੋ ਬਾਅਦ ਹੀ ਉਹ ਫ਼ਿਲਮ ਨੂੰ ਰਿਲੀਜ਼ ਕਰਨ ਜਾ ਰਹੇ ਹਨ।

ਇਸ ਫ਼ਿਲਮ ਉੱਤੇ 2017 ਤੋਂ ਕੰਮ ਚੱਲ ਰਿਹਾ ਸੀ ਅਤੇ 2022 ਵਿੱਚ ਇਸ ਨੂੰ ਰਿਲੀਜ਼ ਕੀਤਾ ਜਾਣਾ ਸੀ।

ਇਸ ਤੋਂ ਪਹਿਲਾਂ ਕਿ ਫ਼ਿਲਮ ਰਿਲੀਜ਼ ਹੁੰਦੀ ਇਸ ਉੱਤੇ ਵਿਵਾਦ ਛਿੜ ਗਿਆ ਅਤੇ ਫ਼ਿਲਮ ਰਿਲੀਜ਼ ਨਾ ਹੋ ਸਕੀ। ਫ਼ਿਲਮ ਦੇ ਡਾਇਰੈਕਟਰ ਨਵੀ ਸਿੱਧੂ ਅਤੇ ਮਨਪ੍ਰੀਤ ਬਰਾੜ ਹਨ।

ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਯੋਗਰਾਜ ਸਿੰਘ, ਸ਼ਾਹਬਾਜ਼ ਖ਼ਾਨ ਅਤੇ ਅਲੀ ਖ਼ਾਨ ਨੇ ਕੰਮ ਕੀਤਾ ਹੈ ਅਤੇ ਫ਼ਿਲਮ ਨੂੰ ਵਾਈਟ ਹਿੱਲਜ਼ ਕੰਪਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।

ਵਿਰੋਧ ਪਿੱਛੇ ਕੀ ਹਨ ਦਲੀਲਾਂ

ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਉਨ੍ਹਾਂ ਦਾ ਫ਼ਿਲਮ ਬਾਰੇ ਸਟੈਂਡ ਪੁਰਾਣਾ ਹੀ ਹੈ ਯਾਨੀ ਉਹ ਇਸ ਦੀ ਰਿਲੀਜ਼ ਦਾ ਵਿਰੋਧ ਕਰਦੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਮੰਡ ਨੇ ਆਖਿਆ ਕਿ ਭਾਵੇਂ ਫ਼ਿਲਮ ਦੇ ਟਰੇਲਰ ਵਿੱਚ ਸਾਹਿਬਜ਼ਾਦਿਆਂ ਸਬੰਧੀ ਐਨੀਮੇਸ਼ਨ ਨਜ਼ਰ ਨਹੀਂ ਆ ਰਿਹਾ ਪਰ ਫ਼ਿਲਮ ਦੇ ਸੰਵਾਦ ਵੀ ਠੀਕ ਨਹੀਂ ਹਨ।

ਉਨ੍ਹਾਂ ਆਖਿਆ ਕਿ,“ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਸਾਖੀ ਦੇ ਰੂਪ ਵਿੱਚ ਤਾਂ ਸੁਣਾਇਆ ਜਾ ਸਕਦਾ ਹੈ ਪਰ ਫ਼ਿਲਮੀ ਸੰਵਾਦਾਂ ਰਾਹੀਂ ਅਜਿਹਾ ਬਿਲਕੁਲ ਨਹੀਂ ਕੀਤਾ ਜਾ ਸਕਦਾ ਹੈ। ਇਸ ਕਰਕੇ ਉਹ ਫ਼ਿਲਮ ਦਾ ਵਿਰੋਧ ਕਰਦੇ ਹਨ।”

ਇਸ ਤੋਂ ਪਹਿਲਾਂ ਨਾਨਕ ਸ਼ਾਹ ਫਕੀਰ ਫ਼ਿਲਮ ਉੱਤੇ ਵੀ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਇਹ ਫ਼ਿਲਮ ਵੱਡੇ ਪਰਦੇ ਉੱਤੇ ਰਿਲੀਜ਼ ਨਹੀਂ ਹੋ ਸਕੀ।

ਇਸੀ ਤਰਾਂ ਭਾਰਤੀ ਫ਼ੌਜ ਦੇ ਸਾਬਕਾ ਜਨਰਲ ਅਰੁਣ ਕੁਮਾਰ ਵੈਦਿਆ ਦੇ ਕਤਲ ਨੂੰ ਲੈ ਕੇ ਬਣੀ ਪੰਜਾਬੀ ਫ਼ਿਲਮ ਜਿੰਦਾ-ਸੁੱਖਾ ਉੱਤੇ ਸੈਂਸਰ ਬੋਰਡ ਨੇ ਪਾਬੰਦੀ ਲਗਾ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News