ਅਮਰੀਕਾ ’ਚ ਨਸਲੀ ਧਮਕੀਆਂ ਦਾ ਸਾਹਮਣਾ ਕਰਨ ਵਾਲੇ ਸਿੱਖ ਮੇਅਰ, ‘ਵਿਸ਼ਵ ਜੰਗਾਂ ਨੇ ਯੂਕੇ ਨੂੰ ਸਿੱਖਾਂ ਦੀ ਅਹਿਮੀਅਤ ਦੱਸੀ ਪਰ ਅਮਰੀਕਾ ਨੇ ਹਾਲੇ ਸਮਝਣੀ ਹੈ’

Thursday, Oct 26, 2023 - 08:59 AM (IST)

ਰਵਿੰਦਰ ਸਿੰਘ ਭੱਲਾ
Ravinder Singh Bhalla/X
ਰਵਿੰਦਰ ਸਿੰਘ ਭੱਲਾ ਆਪਣੇ ਪਰਿਵਾਰ ਨਾਲ

‘ਪਿਛਲੇ ਦਿਨਾਂ ਦੌਰਾਨ ਦੋ ਸਿੱਖਾਂ ਉੱਪਰ ਹੋਏ ਹਮਲੇ ਮੰਦਭਾਗੇ ਹਨ ਅਤੇ ਅਮਰੀਕੀ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।’

‘ਇਹ ਨਸਲੀ ਹਿੰਸਾ ਨਾਲ ਸੰਬੰਧਿਤ ਹਨ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਨੂੰ ਸਜ਼ਾ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ''''

ਅਮਰੀਕਾ ਵਿੱਚ ਪਿਛਲੇ ਹਫ਼ਤੇ ਦੌਰਾਨ ਦੋ ਸਿੱਖਾਂ ਉੱਪਰ ਹਮਲੇ ਚਰਚਾ ਵਿੱਚ ਹਨ। ਇਨ੍ਹਾਂ ਵਿੱਚੋਂ ਇੱਕ ਹਮਲਾ 19 ਸਾਲਾ ਨੌਜਵਾਨ ਉੱਪਰ ਹੋਇਆ ਜਦਕਿ ਦੂਜਾ ਹਮਲਾ ਇੱਕ 66 ਸਾਲਾ ਬਜ਼ੁਰਗ ਉੱਪਰ ਹੋਇਆ ਸੀ। ਇਸ ਹਮਲੇ ਤੋਂ ਬਾਅਦ ਬਜ਼ੁਰਗ ਜਸਮੇਰ ਸਿੰਘ ਦੀ ਮੌਤ ਹੋ ਗਈ ਸੀ।

ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਵਿੱਚ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।

ਐੱਫਬੀਆਈ ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ਮੁਤਾਬਕ, ਸਾਲ 2022 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਨਫ਼ਰਤੀ ਹਿੰਸਾ ਦੇ ਕੇਸ ਸਾਹਮਣੇ ਆਏ ਹਨ, ਜੋ 2021 ਦੇ ਮੁਕਾਬਲੇ ਲਗਭਗ 7 ਫੀਸਦ ਵੱਧ ਹਨ।

ਜੇਕਰ ਇਨ੍ਹਾਂ ਅੰਕੜਿਆਂ ਵਿੱਚ ਧਰਮ ਵਿਰੁੱਧ ਹੋਏ ਨਫ਼ਰਤੀ ਅਪਰਾਧਾਂ ਦੀ ਗੱਲ ਕਰੀਏ ਤਾਂ ਸਿੱਖ ਧਰਮ ਦਾ ਨੰਬਰ ਦੂਜਾ ਹੈ।

ਅਮਰੀਕਾ ਵਿੱਚ ਵਧ ਰਹੇ ਨਸਲੀ ਹਿੰਸਾ ਦੇ ਮਾਮਲਿਆਂ ਬਾਰੇ ਅਸੀਂ ਹੋਬੋਕਨ (ਨਿਊਜਰਸੀ) ਦੇ ਮੇਅਰ ਰਵਿੰਦਰ ਸਿੰਘ ਭੱਲਾ ਨਾਲ ਗੱਲ ਕੀਤੀ।

ਅਮਰੀਕਾ ਦੇ ਜੰਮਪਲ ਅਤੇ ਹੋਬੋਕਨ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਵੀ ਨਸਲੀ ਹਿੰਸਾ ਦਾ ਸ਼ਿਕਾਰ ਹੋਏ ਹਨ।

ਰਵਿੰਦਰ ਸਿੰਘ ਭੱਲਾ
Ravinder Singh Bhalla/X
ਰਵਿੰਦਰ ਸਿੰਘ ਭੱਲਾ ਮੰਨਦੇ ਹਨ ਕਿ ਨਸਲੀ ਹਿੰਸਾਂ ਦਾ ਮੁਕਾਬਲਾ ਵੱਖ-ਵੱਖ ਭਾਈਚਾਰਿਆਂ ਵਲੋਂ ਮਿਲਜੁਲ ਕੇ ਕੀਤਾ ਜਾ ਸਕਦਾ ਹੈ

ਸਿੱਖਾਂ ਉੱਪਰ ਹੋਏ ਹਮਲਿਆਂ ਦੀ ਜਾਂਚ ਕਿੱਥੇ ਪਹੁੰਚੀ?

ਸਿੱਖਾਂ ਉੱਪਰ ਹੋਏ ਇਹਨਾਂ ਦੋ ਹਮਲਿਆਂ ਬਾਰੇ ਰਵਿੰਦਰ ਸਿੰਘ ਭੱਲਾ ਆਖਦੇ ਹਨ ਕਿ ਨਿਊਯਾਰਕ ਵਿਖੇ ਇੱਕ ਬਜ਼ੁਰਗ ਉੱਪਰ ਹਮਲੇ ਅਤੇ ਉਹਨਾਂ ਦੀ ਮੌਤ ''''ਤੇ ਪ੍ਰਸ਼ਾਸਨ ਗੰਭੀਰ ਹੈ। ਨਿਊਯਾਰਕ ਦੇ ਮੇਅਰ ਦੇ ਨਾਲ ਉਹ ਲਗਾਤਾਰ ਸੰਪਰਕ ਵਿੱਚ ਹਨ। ਉਹਨਾਂ ਉੱਪਰ ਹਮਲੇ ਅਤੇ ਮੌਤ ਨੂੰ ਨਸਲੀ ਹਿੰਸਾ ਦੇ ਕੇਸ ਵਜੋਂ ਦੇਖਿਆ ਜਾ ਰਿਹਾ ਹੈ।

ਉਹ ਆਖਦੇ ਹਨ,“ਬਜ਼ੁਰਗ ਜਸਮੀਰ ਸਿੰਘ ਦੀ ਮੌਤ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ।”

“ਸਥਾਨਕ ਪੁਲਿਸ ਇਸ ਨੂੰ ਲੈ ਕੇ ਗੰਭੀਰ ਹੈ ਅਤੇ ਅਤੇ ਯਕੀਨੀ ਬਣਾ ਰਹੀ ਹੈ ਕਿ ਵੱਖ ਵੱਖ ਧਰਮਾਂ ਦੇ ਲੋਕ ਅਤੇ ਗੁਰਦੁਆਰੇ, ਮੰਦਿਰ ਜਾਂ ਹੋਰ ਧਾਰਮਿਕ ਸਥਾਨ ਸੁਰੱਖਿਤ ਰਹਿਣ।”

ਉਹ ਆਖਦੇ ਹਨ ਕਿ ਘਟਨਾ ਦੇ ਹਾਲਾਤ ਤੋਂ ਪਤਾ ਲੱਗਦਾ ਹੈ ਕਿ ਇਹ ਅਚਾਨਕ ਨਹੀਂ ਹੋਇਆ ਸੀ ਬਲਕਿ ਸੋਚ ਸਮਝ ਕੇ ਕੀਤਾ ਗਿਆ ਹਮਲਾ ਸੀ ਜਿਸ ਤੋਂ ਬਾਅਦ ਬਜ਼ੁਰਗ ਜਸਮੇਰ ਸਿੰਘ ਦੀ ਮੌਤ ਹੋ ਗਈ।

ਰਵਿੰਦਰ ਸਿੰਘ ਭੱਲਾ ਨੇ ਖਦਸ਼ਾ ਜਤਾਇਆ ਕਿ ਇਜਰਾਇਲ ਅਤੇ ਗਾਜ਼ਾ ਦਰਮਿਆਨ ਚੱਲ ਰਿਹਾ ਵਿਵਾਦ ਵੀ ਸਿੱਖਾਂ ਉੱਪਰ ਅਜਿਹੇ ਹਮਲਿਆਂ ਦਾ ਕਾਰਨ ਹੋ ਸਕਦਾ ਹੈ ਪਰ ਕਿਸੇ ਵੀ ਸਭਿਅਕ ਸਮਾਜ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੁੰਦੀ।

ਉਹਨਾਂ ਆਖਿਆ ਕਿ ਸਿੱਖ ਭਾਈਚਾਰੇ ਅਤੇ ਉਨਾਂ ਵੱਲੋਂ ਹਰ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਦੋਸ਼ੀ ਨੂੰ ਸਜ਼ਾ ਮਿਲੇ।

ਰਵਿੰਦਰ ਸਿੰਘ ਭੱਲਾ ਨੂੰ ਖੁਦ ਨੂੰ ਈਮੇਲ ਅਤੇ ਖ਼ਤਾਂ ਰਾਹੀਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਮਿਲੀਆਂ ਧਮਕੀਆਂ ਬਾਰੇ ਰਵਿੰਦਰ ਆਖਦੇ ਹਨ ਕਿ ਇਹ ਵਧ ਰਹੀਆਂ ਸਿਆਸੀ ਧਮਕੀਆਂ ਦਾ ਹੀ ਇੱਕ ਹੋਰ ਕੇਸ ਹੈ ਜਿਸ ਦਾ ਸਾਹਮਣਾ ਹਿੰਸਾ ਖਿਲਾਫ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਕਰਨਾ ਪੈਂਦਾ ਹੈ।

ਪੁਲਿਸ ਵੱਲੋਂ ਇਨ੍ਹਾਂ ਧਮਕੀ ਭਰੇ ਖਤਾਂ ਅਤੇ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ।

ਭੱਲਾ ਵੱਲੋਂ ਪਿਛਲੇ ਦਿਨੀ ਇੱਕ ਇੰਟਰਵਿਊ ਵਿੱਚ ਆਖਿਆ ਗਿਆ ਸੀ ਕਿ ਉਨ੍ਹਾਂ ਨੂੰ ਕੁਝ ਧਮਕੀ ਭਰੀਆਂ ਚਿੱਠੀਆਂ ਅਤੇ ਈਮੇਲ ਮਿਲੇ ਹਨ ਜਿਸ ਵਿੱਚ ਆਖਿਆ ਗਿਆ ਹੈ ਕਿ ਉਹ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ। ਅਜਿਹਾ ਨਾ ਕਰਨਾ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਉਹ ਆਖਦੇ ਹਨ ਕਿ ਚੁਣੇ ਹੋਏ ਨੁਮਾਇੰਦੇ ਹੋਣ ਕਰਕੇ ਕਿਸੇ ਕਾਰਨ ਉਹਨਾਂ ਨਾਲ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਇਸ ਦਾ ਖਮਿਆਜ਼ਾ ਉਨਾਂ ਦੇ ਪਰਿਵਾਰ ਅਤੇ ਬੱਚਿਆਂ ਨੂੰ ਭੁਗਤਨਾ ਪਵੇ, ਇਹ ਠੀਕ ਨਹੀਂ ਹੈ। ਉਹਨਾਂ ਮੁਤਾਬਕ ਅਮਰੀਕੀ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਰਹੀ ਹੈ।

ਰਵਿੰਦਰ ਸਿੰਘ ਭੱਲਾ ਆਖਦੇ ਹਨ ਕਿ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਪਾਕਿਸਤਾਨ ਦੇ ਲਾਹੌਰ ਤੋਂ ਹੈ ਅਤੇ ਉਹਨਾਂ ਦੇ ਪਿਤਾ ਬਹੁਤਾ ਸਮਾਂ ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਰਹੇ ਹਨ ਅਤੇ ਉਹਨਾਂ ਨੂੰ ਵੀ ਆਪਣੇ ਸਿੱਖ ਹੋਣ ''''ਤੇ ਮਾਣ ਹੈ।

ਰਵਿੰਦਰ ਸਿੰਘ ਆਖਦੇ ਹਨ ਕਿ ਲੋਕਤਾਂਤਰਿਕ ਸਮਾਜ ਵਿੱਚ ਕਿਸੇ ਨੂੰ ਵੀ ਆਪਣੇ ਰੰਗ ਨਸਲ ਜਾਂ ਧਰਮ ਕਰਕੇ ਡਰਨਾ ਨਹੀਂ ਚਾਹੀਦਾ ਤੇ ਨਾ ਹੀ ਉਹਨਾਂ ਨਾਲ ਕੋਈ ਭੇਦਭਾਵ ਹੋਣਾ ਚਾਹੀਦਾ ਹੈ।

ਰਵਿੰਦਰ ਸਿੰਘ ਭੱਲਾ
Ravinder Singh Bhalla/X
ਭੱਲਾ ਮੁਤਾਬਕ ਆਮ ਨਾਲੋਂ ਵੱਖਰੀ ਪਛਾਣ ਕਰਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ

ਕੀ ਆਉਣ ਵਾਲੇ ਦਿਨਾਂ ਵਿੱਚ ਸਿੱਖਾਂ ਉੱਪਰ ਹੋਣ ਵਾਲੇ ਹਮਲੇ ਵੱਧ ਸਕਦੇ ਹਨ?

ਰਵਿੰਦਰ ਸਿੰਘ ਭੱਲਾ ਖਦਸ਼ਾ ਜਤਾਉਂਦੇ ਹਨ ਕਿ ਅਜਿਹਾ ਹੋ ਸਕਦਾ ਹੈ ਕਿ ਭਵਿੱਖ ਵਿੱਚ ਸਿੱਖਾਂ ਉੱਤੇ ਹਮਲੇ ਵਧਣ। ਉਨ੍ਹਾਂ ਮੁਤਾਬਕ ਦੁਨੀਆਂ ਦੇ ਮੱਧ ਪੂਰਵੀ ਹਿੱਸੇ ਵਿੱਚ ਹਿੰਸਾ ਅਤੇ ਤਣਾਅ ਕਾਰਨ ਅਮਰੀਕਾ ਤੇ ਇੰਗਲੈਂਡ ਵਿੱਚ ਵਸਦੇ ਸਿੱਖਾਂ ਪ੍ਰਤੀ ਨਸਲੀ ਹਿੰਸਾ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ।

“ਮੈਂ ਕੁਝ ਸਮਾਂ ਲੰਡਨ ਵਿੱਚ ਰਿਹਾ ਹਾਂ ਅਤੇ ਕਹਿ ਸਕਦਾ ਹਾਂ ਕਿ ਵਿਸ਼ਵ ਯੁੱਧ ਵਿੱਚ ਸਿੱਖਾਂ ਦੀ ਸ਼ਮੂਲੀਅਤ ਕਾਰਨ ਯੂਕੇ ਵਿੱਚ ਕੁਝ ਹੱਦ ਤੱਕ ਲੋਕ ਸਿੱਖਾਂ ਅਤੇ ਉਹਨਾਂ ਦੀ ਪਹਿਚਾਨ ਨਾਲ ਰੂਬਰੂ ਹਨ ਜਦਕਿ ਅਮਰੀਕਾ ਵਿੱਚ ਹਾਲਾਤ ਵੱਖਰੇ ਹਨ।”

“ਇੱਥੇ ਲੋਕਾਂ ਨੂੰ ਸਿੱਖਾਂ ਅਤੇ ਉਨ੍ਹਾਂ ਦੇ ਇਤਿਹਾਸ ਬਾਰੇ ਜ਼ਿਆਦਾ ਨਹੀਂ ਪਤਾ। ਮੀਡੀਆ ਵਿੱਚ ਹੋਏ ਪ੍ਰਚਾਰ ਕਾਰਨ ਕਈ ਵਾਰ ਦਿੱਖ ਤੋਂ ਮੈਨੂੰ ਵੀ ਮੁਸਲਮਾਨ ਸਮਝ ਲਿਆ ਜਾਂਦਾ ਹੈ। ਅਜਿਹਾ ਸਿਰਫ ਮੇਰੇ ਨਾਲ ਨਹੀਂ ਸਗੋਂ ਅਮਰੀਕਾ ਦੇ ਅੱਧੇ ਤੋਂ ਵੱਧ ਸਿੱਖਾਂ ਨਾਲ ਹੁੰਦਾ ਹੈ ਅਤੇ ਉਹ ਜਿਸ ਕਾਰਨ ਉਹ ਕਈ ਵਾਰ ਨਫਰਤੀ ਹਿੰਸਾ ਦਾ ਸ਼ਿਕਾਰ ਹੋ ਜਾਂਦੇ ਹਨ।”

ਐਫਬੀਆਈ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਯਹੂਦੀਆਂ ਤੋਂ ਬਾਅਦ ਅਮਰੀਕਾ ਵਿੱਚ ਸਭ ਤੋਂ ਵੱਧ ਨਫ਼ਰਤੀ ਹਿੰਸਾ ਦਾ ਸ਼ਿਕਾਰ ਸਿੱਖ ਹੀ ਹੁੰਦੇ ਹਨ।

ਰਵਿੰਦਰ ਸਿੰਘ ਭੱਲਾ
Ravinder Singh Bhalla/X
ਅਲੱਗ-ਅਲੱਗ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਭੱਲਾ

ਸਿਆਸੀ ਅਹੁਦਿਆਂ ਉੱਪਰ ਸਿੱਖਾਂ ਦੀ ਪ੍ਰਤੀਨਿਧਤਾ ਦਾ ਕੀ ਅਸਰ ਹੋ ਸਕਦਾ ਹੈ?

ਰਵਿੰਦਰ ਭੱਲਾ ਨੂੰ ਜਦੋਂ ਪੁੱਛਿਆ ਕਿ ਸਿੱਖ ਆਪਣੀ ਵੱਖਰੀ ਪਹਿਚਾਣ ਕਾਰਨ ਨਫਰਤੀ ਹਿੰਸਾ ਦਾ ਸ਼ਿਕਾਰ ਨਾ ਹੋਣ ਇਹ ਯਕੀਨੀ ਬਣਾਉਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ।

ਇਸ ਦੇ ਜਵਾਬ ਵਿੱਚ ਉਹ ਆਖਦੇ ਹਨ, “ਇਹ ਜ਼ਰੂਰੀ ਹੈ ਕਿ ਸਿੱਖ ਅਜਿਹੇ ਅਹੁਦਿਆਂ ''''ਤੇ ਹੋਣ ਜਿਸ ''''ਤੇ ਵੱਧ ਤੋਂ ਵੱਧ ਲੋਕ ਉਨ੍ਹਾਂ ਨੂੰ ਪਛਾਣ ਸਕਣ। ਹੋਬੋਕਨ ਦੇ ਮੇਅਰ ਵਜੋਂ ਹੁਣ ਸ਼ਹਿਰ ਦੇ ਲੋਕ ਸਿੱਖਾਂ ਬਾਰੇ ਜਾਣਦੇ ਹਨ।”

''''ਅਸੀਂ ਵਿਸਾਖੀ, ਬੰਦੀ ਛੋੜ, ਦੀਵਾਲੀ ਵਰਗੇ ਤਿਉਹਾਰ ਵੀ ਮਨਾਉਂਦੇ ਹਾਂ ਅਤੇ ਕੁਝ ਅਜਿਹੀਆਂ ਸੰਸਥਾਵਾਂ ਵੀ ਹਨ ਜੋ ਲੋਕਾਂ ਨੂੰ ਸਿੱਖਾਂ ਦੇ ਉਹਨਾਂ ਦੇ ਇਤਿਹਾਸ ਤੇ ਵਿਚਾਰਾਂ ਬਾਰੇ ਜਾਣੂ ਕਰਵਾਉਂਦੀਆਂ ਹਨ। ਸਿੱਖ ਅਤੇ ਉਨ੍ਹਾਂ ਦੀ ਜ਼ਿੰਦਗੀ ਵੀ ਸਮਾਜ ਵਿੱਚ ਮਾਅਨੇ ਰੱਖਦੀ ਹੈ।''''

ਰਵਿੰਦਰ ਸਿੰਘ ਭੱਲਾ
Ravinder Singh Bhalla/X
ਭੱਲਾ ਹੋਰ ਭਾਈਚਾਰਿਆਂ ਦੇ ਲੋਕਾਂ ਨੂੰ ਮਿਲਦੇ ਰਹਿੰਦੇ ਹਨ

ਨਫ਼ਰਤੀ ਹਿੰਸਾਂ ਦਾ ਸਾਹਮਣਾ ਕਰਨ ’ਤੇ ਤੁਹਾਡੇ ਮਨੋਭਾਵ ਕੀ ਸਨ?

2017 ਵਿੱਚ ਜਦੋਂ ਰਵੀ ਨੇ ਪਹਿਲੀ ਵਾਰ ਡੈਮੋਕਰੇਟ ਉਮੀਦਵਾਰ ਵਜੋਂ ਚੋਣਾਂ ਲੜੀਆਂ ਉਹਨਾਂ ਨੂੰ ਵੀ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ।

ਸ਼ਹਿਰ ਵਿੱਚ ਅਜਿਹੇ ਪੈਫਲੇਟ ਵੰਡੇ ਗਏ ਜਿਸ ਉੱਪਰ ਰਵੀ ਭੱਲਾ ਦੀ ਤਸਵੀਰ ਦੇ ਨਾਲ ਲਿਖਿਆ ਗਿਆ ਸੀ ਕਿ ‘ਅੱਤਵਾਦ ਨੂੰ ਸ਼ਹਿਰ ਉੱਪਰ ਹਾਵੀ ਨਾ ਹੋਣ ਦਿਓ।’

ਰਵੀ ਭੱਲਾ ਨੇ ਇਸ ਦੇ ਜਵਾਬ ਵਿੱਚ ਫੇਸਬੁੱਕ ਉੱਪਰ ਪੋਸਟ ਪਾਉਂਦੇ ਹੋਏ ਲਿਖਿਆ ਸੀ, “ਅਸੀਂ ਹੋਬੋਕਨ ਵਿੱਚ ਨਫ਼ਰਤ ਨੂੰ ਜਿੱਤਣ ਨਹੀਂ ਦੇਵਾਂਗੇ।”

“ਹੋਬੋਕਨ ਵਿਖੇ ਕਿਸੇ ਵੀ ਧਰਮ, ਜਾਤ, ਨਸਲ ਅਤੇ ਰੰਗ ਦੇ ਲੋਕ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜੀਅ ਸਕਦੇ ਹਨ। ਅਤੇ ਮੇਅਰ ਬਣਨ ਤੋਂ ਬਾਅਦ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਆਜ਼ਾਦੀ ਹਮੇਸ਼ਾ ਕਾਇਮ ਰਹੇ।”

ਰਵਿੰਦਰ ਸਿੰਘ ਭੱਲਾ
BBC

2018 ਵਿੱਚ ਚੋਣਾਂ ਜਿੱਤਣ ਤੋਂ ਬਾਅਦ ਵੀ ਉਹਨਾਂ ਦੇ ਪਰਿਵਾਰ ਨੂੰ ਧਮਕੀ ਭਰੇ ਪੱਤਰ ਮਿਲੇ ਅਤੇ ਹੁਣ ਅਕਤੂਬਰ 2023 ਵਿੱਚ ਵੀ ਅਜਿਹਾ ਹੀ ਹੋਇਆ ਹੈ।

ਐੱਫਬੀਆਈ ਮੁਤਾਬਕ, ਪਿਛਲੇ ਸਾਲ ਅਮਰੀਕਾ ਵਿੱਚ ਨਫ਼ਰਤੀ ਹਿੰਸਾ ਦੇ ਅੰਕੜੇ ਸਭ ਤੋਂ ਉੱਚੇ ਪੱਧਰ ''''ਤੇ ਪਹੁੰਚ ਗਏ ਸਨ।

ਐੱਫਬੀਆਈ ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ਮੁਤਾਬਕ, ਸਾਲ 2022 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਨਫ਼ਰਤੀ ਹਿੰਸਾ ਦੇ ਕੇਸ ਸਾਹਮਣੇ ਆਏ ਹਨ, ਜੋ 2021 ਦੇ ਮੁਕਾਬਲੇ ਲਗਭਗ 7 ਫੀਸਦ ਵੱਧ ਹਨ।

ਜੇਕਰ ਇਨ੍ਹਾਂ ਅੰਕੜਿਆਂ ਵਿੱਚ ਧਰਮ ਵਿਰੁੱਧ ਹੋਏ ਨਫ਼ਰਤੀ ਅਪਰਾਧਾਂ ਦੀ ਗੱਲ ਕਰੀਏ ਤਾਂ ਸਿੱਖ ਧਰਮ ਦਾ ਨੰਬਰ ਦੂਜਾ ਹੈ।

ਇਸ ਵਿੱਚ ਪਹਿਲੇ ਸਥਾਨ ''''ਤੇ ਯਹੂਦੀ, ਫਿਰ ਕ੍ਰਮਵਾਰ, ਸਿੱਖ, ਇਸਲਾਮ, ਕੈਥੋਲਿਕ ਅਤੇ ਬੁੱਧ ਮਤ ਹੈ।

ਰਵਿੰਦਰ ਸਿੰਘ ਭੱਲਾ
Ravinder Singh Bhalla/X
ਭੱਲਾ ਸਮਾਜ ਭਲਾਈ ਦੇ ਕੰਮਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ

ਨਸਲੀ ਹਿੰਸਾ ਖ਼ਿਲਾਫ਼ ਭਾਈਚਾਰੇ ਦੇ ਲੋਕਾਂ ਦੇ ਇੱਕਜੁੱਟ ਹੋਣ ਕੀ ਫ਼ਰਕ ਪੈ ਸਕਦਾ ਹੈ?

ਐੱਫਬੀਆਈ ਦੇ ਅੰਕੜਿਆਂ ਮੁਤਾਬਿਕ ਪਿਛਲੇ ਦੋ ਸਾਲਾਂ ਵਿੱਚ ਅਮਰੀਕਾ ਵਿੱਚ ਤਕਰੀਬਨ 7 ਫੀਸਦ ਨਸਲੀ ਹਿੰਸਾ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ।

ਇਸ ਬਾਰੇ ਉਹ ਆਖਦੇ ਹਨ, ''''ਸਮਾਜ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਜ਼ਰੂਰਤ ਹੈ।’

ਇਸਲਾਮ, ਯਹੂਦੀ, ਸਿੱਖ ਜਾਂ ਕਿਸੇ ਵੀ ਧਰਮ ਦੇ ਲੋਕਾਂ ਖਿਲਾਫ਼ ਨਫਰਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਸ ਦੇ ਵਿਰੁੱਧ ਮਿਲ ਕੇ ਆਵਾਜ਼ ਚੁੱਕਣੀ ਚਾਹੀਦੀ ਹੈ''''

'''' ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਵਿੱਚ ਆਪਣੇ ਦੇਸ਼ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਮਤਭੇਦ ਹੋ ਸਕਦੇ ਹਨ ਪਰ ਇੱਥੇ ਸਾਡੇ ਸਭ ਅੱਗੇ ਇੱਕੋ ਜਿਹੀਆਂ ਚੁਣੌਤੀਆਂ ਹਨ ਅਤੇ ਉਹਨਾਂ ਦਾ ਸਾਨੂੰ ਮਿਲ ਕੇ ਸਾਹਮਣਾ ਕਰਨਾ ਚਾਹੀਦਾ ਹੈ।‘

''''ਸਿੱਖ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿੱਖ ਕਿਸੇ ਵੀ ਤਰ੍ਹਾਂ ਦੇ ਮਾੜੇ ਵਤੀਰੇ ਨੂੰ ਬਰਦਾਸ਼ਤ ਨਹੀਂ ਕਰਨਗੇ।''''

ਰਵਿੰਦਰ ਸਿੰਘ ਭੱਲਾ
Ravinder Singh Bhalla/X
ਰਵਿੰਦਰ ਸਿੰਘ ਭੱਲਾ

ਸਿੱਖਾਂ ਦੀ ਵੱਖਰੀ ਪਛਾਣ ਕਿੰਨੀ ਕੁ ਗੁੰਝਲਦਾਰ ਚੁਣੌਤੀ ਹੈ?

ਰਵਿੰਦਰ ਸਿੰਘ ਭੱਲਾ ਮੰਨਦੇ ਹਨ ਕਿ ਸਿੱਖਾਂ ਦੀ ਵੱਖਰੀ ਪਛਾਣ ਕਰਕੇ ਕਈ ਵਾਰ ਇਹ ਚੁਣੌਤੀ ਬਣ ਜਾਂਦੀ ਹੈ।

ਉਹ ਆਖਦੇ ਹਨ, “ਦਸਤਾਰ ਅਤੇ ਕੇਸ ਹੋਣ ਕਰਕੇ ਕਈ ਵਾਰ ਸਿੱਖਾਂ ਨੂੰ ਮੁਸਲਮਾਨ ਸਮਝ ਲਿਆ ਜਾਂਦਾ ਹੈ ਅਤੇ ਮੁਸਲਮਾਨਾਂ ਤੋਂ ਅੱਤਵਾਦ ਨਾਲ ਜੋੜ ਦਿੱਤਾ ਜਾਂਦਾ ਹੈ। ਇਹ ਦੋਵੇਂ ਧਾਰਨਾਵਾਂ ਹੀ ਗ਼ਲਤ ਹਨ।”

“ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਰਹਿੰਦੇ ਹਨ ਜੋ ਅਮਨ ਪਸੰਦ ਹਨ।”

“ਮੁਹੰਮਦ ਖੈਰਉਲਾ ਤਕਰੀਬਨ 17 ਸਾਲ ਨਿਊਜਰਸੀ ਦੇ ਮੇਅਰ ਰਹੇ ਹਨ ਅਤੇ ਉਨਾਂ ਦੇ ਅਮਰੀਕਾ ਪ੍ਰਤੀ ਪਿਆਰ ਉੱਪਰ ਕਿਸੇ ਨੂੰ ਕੋਈ ਸ਼ੱਕ ਨਹੀਂ।”

ਬਚਪਨ,ਜਵਾਨੀ ਅਤੇ ਮੇਅਰ ਦੇ ਤੌਰ ''''ਤੇ ਵੀ ਉਹਨਾਂ ਨੂੰ ਕਈ ਵਾਰ ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ।

ਨੌਜਵਾਨ ਅਜਿਹੇ ਹਾਲਾਤਾਂ ਨਾਲ ਕਿਵੇਂ ਨਜਿੱਠਣ ਕਿ ਬਾਰੇ ਉਹ ਆਖਦੇ ਹਨ, “ਮੈਂ ਨਹੀਂ ਚਾਹੁੰਦਾ ਕਿ ਕਿਸੇ ਵੀ ਸਿੱਖ ਬੱਚੇ ਜਾਂ ਨੌਜਵਾਨ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਵੇ।”

“ਅਜਿਹੇ ਲੋਕਾਂ ਨੂੰ ਕਦੇ ਜਿੱਤਣ ਨਾ ਦਿਓ। ਸਾਡੀ ਅਰਦਾਸ ਵਿੱਚ ਵੀ ਆਖਿਆ ਜਾਂਦਾ ਹੈ ਕਿ ਅਣਮਨੁੱਖੀ ਤਸੀਹਿਆਂ ਦੇ ਬਾਵਜੂਦ ਗੁਰੂਆਂ ਅਤੇ ਸਿੰਘਾਂ ਨੇ ਧਰਮ ਦਾ ਸਾਥ ਨਹੀਂ ਛੱਡਿਆ।”

“ਸਾਡੇ ਪੁਰਖ ਸਾਡੇ ਲਈ ਪ੍ਰੇਰਨਾ ਸਰੋਤ ਹਨ ਅਤੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਦਾਇਕ ਕੰਮ ਕਰਨੇ ਹਨ।”

ਭਾਰਤ- ਕੈਨੇਡਾ ਦਰਮਿਆਨ ਮੌਜੂਦਾ ਸਥਿਤੀ ਬਾਰੇ ਉਨ੍ਹਾਂ ਕਿਹਾ, “ਅਸੀਂ ਹਰਦੀਪ ਸਿੰਘ ਨਿੱਜਰ ਦੀ ਵਿਚਾਰਧਾਰਾ ਨਾਲ ਸਹਿਮਤ ਅਸਹਿਮਦ ਹੋ ਸਕਦੇ ਹਾਂ ਪਰ ਲੋਕਤੰਤਰ ਵਿੱਚ ਉਹਨਾਂ ਨੂੰ ਆਪਣੀ ਰਾਜਨੀਤਿਕ ਵਿਚਾਰਧਾਰਾ ਨੂੰ ਖੁੱਲ ਕੇ ਵਿਅਕਤ ਕਰਨ ਦਾ ਅਧਿਕਾਰ ਹੈ।”

“ਕੈਨੇਡਾ ਅਤੇ ਅਮਰੀਕਾ ਨੂੰ ਇਸ ਮੌਤ ਦੀ ਜਾਂਚ ਕਰਨੀ ਚਾਹੀਦੀ ਹੈ।”

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News