ਖ਼ਬਰਦਾਰ! ਤੁਹਾਡਾ ਦਿਮਾਗ ਵੀ ਅਜਿਹੀਆਂ ਕਹਾਣੀਆਂ ਤਾਂ ਨਹੀਂ ਘੜ ਰਿਹਾ...
Tuesday, Oct 24, 2023 - 07:29 PM (IST)
ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਵੇ ਕਿ ਤੁਸੀਂ ਆਪਣੀਆਂ ਚਾਬੀਆਂ ਕਿਸ ਥਾਂ ''''ਤੇ ਰੱਖੀਆਂ ਸਨ, ਪਰ ਜਦੋਂ ਦੇਖਿਆ ਤਾਂ ਉਹ ਉਸ ਥਾਂ ''''ਤੇ ਨਹੀਂ ਸਨ, ਤੇ ਫਿਰ ਅਚਾਨਕ ਪਤਾ ਲੱਗਦਾ ਹੈ ਕਿ ਉਹ ਤਾਂ ਤੁਹਾਡੀ ਜੇਬ ਵਿੱਚ ਹੀ ਸਨ?
ਜਾਂ ਫਿਰ ਕੁਝ ਅਜਿਹਾ ਹੋਇਆ ਹੋਵੇ ਕਿ ਤੁਹਾਡੇ ਦੋਸਤ ਨੇ ਤੁਹਾਡੇ ਨਾਲ ਵਾਪਸੀ ਕਿਸੇ ਘਟਨਾ ਬਾਰੇ ਦੱਸਿਆ, ਪਰ ਉਹ ਉਸ ਤੋਂ ਬਿਲਕੁਲ ਵੱਖਰਾ ਸੀ, ਜੋ ਤੁਹਾਨੂੰ ਉਸ ਘਟਨਾ ਬਾਰੇ ਯਾਦ ਹੈ?
ਹਾਲਾਂਕਿ ਅਜਿਹੇ ਅਨੁਭਵ ਸਾਨੂੰ ਥੋੜਾ ਜਿਹਾ ਉਲਝਣ ਵਿੱਚ ਪਾ ਦਿੰਦੇ ਹਨ, ਪਰ ਇਹ ਅਕਸਰ ਹੀ ਵਾਪਰਦੇ ਹਨ ਅਤੇ ਇੱਥੋਂ ਤੱਕ ਕਿ ਸਾਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਸਾਡੇ ਨਾਲ ਅਜਿਹਾ ਕੁਝ ਵਾਪਰ ਰਿਹਾ ਹੈ।
ਯੂਨੀਵਰਸਿਟੀ ਕਾਲਜ ਲੰਡਨ ਦੇ ਮਨੋਵਿਗਿਆਨੀ ਜੂਲੀਆ ਸ਼ਾਅ ਕਹਿੰਦੇ ਹਨ, "ਭਾਵੇਂ ਤੁਸੀਂ ਇਹੀ ਕਿਉਂ ਨਾ ਸੋਚਦੋ ਹੋਵੋ ਕਿ ਤੁਹਾਡੀ ਯਾਦਦਾਸ਼ਤ ਦੁਨੀਆਂ ''''ਚ ਸਭ ਤੋਂ ਚੰਗੀ ਹੈ ਪਰ ਫਿਰ ਵੀ ਸਾਡੇ ਸਾਰਿਆਂ ਕੋਲ ਕੁਝ ਫਾਲਸ ਮੈਮੋਰੀਜ਼ (ਝੂਠੀਆਂ ਯਾਦਾਂ) ਹੁੰਦੀਆਂ ਹਨ।''''''''
ਜੂਲੀਆ ਵਿਸ਼ੇਸ਼ ਤੌਰ ''''ਤੇ ਸਵੈ-ਜੀਵਨੀ ਵਾਲੀ ਯਾਦਦਾਸ਼ਤ ਦਾ ਹਵਾਲਾ ਦਿੰਦੇ ਹਨ।
ਉਹ ਕਹਿੰਦੇ ਹਨ, "ਸਾਡੀਆਂ ਜ਼ਿੰਦਗੀਆਂ ਦੀਆਂ ਯਾਦਾਂ ਜੋ ਅਕਸਰ ''''ਮਲਟੀਸੈਂਸਰੀ ਕੰਪੋਨੈਂਟਸ'''' ਨਾਮਕ ਫੁਟਨੋਟ ਦੇ ਨਾਲ ਆਉਂਦੀਆਂ ਹਨ: ਇਹ ਯਾਦ ਰੱਖਣਾ ਕਿ ਕੋਈ ਚੀਜ਼ ਕਿਵੇਂ ਮਹਿਸੂਸ ਹੋਈ, ਉਸ ਦਾ ਸੁਆਦ ਕਿਹੋ ਜਿਹਾ ਸੀ, ਉਹ ਕਿਹੋ ਜਿਹਾ ਦਿਖਾਈ ਦਿੰਦੀ ਸੀ, ਕਿਹੋ ਜਿਹੀ ਜਾਪਦੀ ਸੀ ਆਦਿ ... ਅਤੇ ਇਸ ਵਿੱਚ ਭਾਵਨਾਵਾਂ ਵੀ ਸ਼ਾਮਲ ਹੁੰਦੀਆਂ ਹਨ।"
ਬੀਬੀਸੀ ਪ੍ਰੋਗਰਾਮ "ਲਾਈਫ ਸਾਇੰਟਿਫਿਕ" ''''ਤੇ ਜੂਲੀਆ ਨੇ ਦੱਸਿਆ, ''''''''ਉਹ (ਯਾਦਾਂ) ਇੱਕ ਘਟਨਾ (ਨੂੰ ਯਾਦ ਰੱਖਣ) ਨਾਲੋਂ ਬਹੁਤ ਜ਼ਿਆਦਾ ਗੁੰਝਲਦਾਰ ਹਨ।''''''''
ਉਦਾਹਰਨ ਲਈ, ਜੇ ਤੁਸੀਂ "11 ਸਤੰਬਰ, 2001 ਨੂੰ ਨਿਊਯਾਰਕ ਵਿੱਚ ਟਵਿਨ ਟਾਵਰਾਂ ''''ਤੇ ਹੋਏ ਹਮਲੇ'''''''' ਨੂੰ ਯਾਦ ਕਰ ਰਹੇ ਹੋ, ਤਾਂ ਤੁਹਾਨੂੰ ਆਪਣੇ ਦਿਮਾਗ ਵਿੱਚ ਬਹੁਤ ਸਾਰੀਆਂ ਥਾਵਾਂ ਨੂੰ ਯਾਦ ਕਰਨ ਦੀ ਲੋੜ ਨਹੀਂ।
ਪਰ ਜਦੋਂ ਆਪਣੇ ਖੁਦ ਦੇ ਅਨੁਭਵ ਨੂੰ ਯਾਦ ਕਰਨਾ ਹੋਵੇ ਤਾਂ ਤੁਹਾਨੂੰ ਦਿਮਾਗ ਦੇ ਉਨ੍ਹਾਂ ਸਾਰੇ ਹਿੱਸਿਆਂ ਦੀ ਲੋੜ ਹੁੰਦੀ ਹੈ ਜੋ ਵੱਖ-ਵੱਖ ਸੰਵੇਦਨਾਵਾਂ ਲਈ ਜ਼ਿੰਮੇਵਾਰ ਹੁੰਦੇ ਹਨ ਅਤੇ ਨਿਊਰੋਨਸ ਦਾ ਇੱਕ ਵਿਸ਼ਾਲ ਅਤੇ ਗੁੰਝਲਦਾਰ ਨੈੱਟਵਰਕ ਬਣਾਉਂਦੇ ਹਨ।
ਜੂਲੀਆ ਚੇਤਾਵਨੀ ਦਿੰਦੇ ਹਨ ਕਿ ਯਾਦਾਂ, ਅਤੀਤ ਦਾ ਸਹੀ ਰਿਕਾਰਡ ਨਹੀਂ ਹੁੰਦੀਆਂ, ਪਰ ਅਸੀਂ ਸੋਚਦੇ ਹਾਂ ਕਿ ਉਹ ਹੁੰਦੀਆਂ ਹਨ।
ਉਹ ਕਹਿੰਦੇ ਹਨ, ਜਿਸ ਤਰੀਕੇ ਨੂੰ ਅਸੀਂ ਯਾਦ ਕਰਦੇ ਹਾਂ ਉਸ ''''ਚ ਨਿਰਾਸ਼ਾਜਨਕ ਤੌਰ ''''ਤੇ ਕਮੀ (ਤਰੁਟੀ) ਹੁੰਦੀ ਹੈ। ਇਸ ਦਾ ਅਕਸਰ ਹੀ ਪ੍ਰਮਾਣਿਤ ਘਟਨਾਵਾਂ ਨਾਲ ਬਹੁਤ ਘੱਟ ਸਬੰਧ ਹੁੰਦਾ ਹੈ। ਵਿਗਿਆਨਕ ਅਧਿਐਨਾਂ ਵਿੱਚ ਇਸ ਗੱਲ ਦੀ ਵਾਰ-ਵਾਰ ਪੁਸ਼ਟੀ ਕੀਤੀ ਗਈ ਹੈ।
ਪਛਾਣ ਸਬੰਧੀ ਦਿੱਕਤ
ਲੇਖਕ ਜੋਰਜ ਲੁਈਸ ਬੋਰਗੇਸ, ਚੰਗੀ ਤਰ੍ਹਾਂ ਸਮਝਦੇ ਸਨ ਕਿ ਯਾਦਾਂ ਗਤੀਸ਼ੀਲ, ਪਰਿਵਰਤਨਸ਼ੀਲ ਅਤੇ ਅਸ਼ੁੱਧ ਹਕੀਕਤਾਂ ਹਨ।
ਇਸੇ ਲਈ ਉਨ੍ਹਾਂ ਕਿਹਾ ਸੀ, "ਅਸੀਂ ਸਾਡੀ ਯਾਦਾਸ਼ਤ ਹਾਂ, ਅਸੀਂ ਅਸਥਿਰ ਰੂਪਾਂ ਦਾ ਉਹ ਅਜਾਇਬ ਘਰ ਹਾਂ, ਜਿੱਥੇ ਟੁੱਟੇ ਹੋਏ ਸ਼ੀਸ਼ਿਆਂ ਦਾ ਢੇਰ ਹੈ।"
ਪਰ, ਜੇ "ਅਸੀਂ ਸਾਡੀ ਯਾਦਾਸ਼ਤ ਹਾਂ", ਅਤੇ ਇਹ ਇੰਨੀ ਭਰੋਸੇਮੰਦ ਨਹੀਂ ਹੈ ... ਤਾਂ ਕੀ ਅਸੀਂ ਝੂਠੇ ਹਾਂ?
ਝੂਠੀਆਂ ਯਾਦਾਂ ਸਬੰਧੀ ਇੱਕ ਮਾਹਰ ਦੇ ਅਨੁਸਾਰ, ਇੱਕ ਅਰਥ ਵਿੱਚ ਕਹੀਏ ਤਾਂ - ਹਾਂ, ਪਰ ਇਸ ਬਾਰੇ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਅਸੀਂ ਕਦੇ ਵੀ ਨਿਸ਼ਚਤ ਨਹੀਂ ਹੋ ਸਕਦੇ ਕਿ ਜੋ ਅਸੀਂ ਯਾਦ ਕਰਦੇ ਹਾਂ ਉਹ ਸੱਚ ਹੈ ਜਾਂ ਨਹੀਂ।
ਉਹ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ ਕਿ ਸਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ।''''''''
"ਅਤੇ ਅੰਤ ਵਿੱਚ ਕਹੀਏ ਤਾਂ, ਸਾਡਾ ਦਿਮਾਗ ਅਤੀਤ ਨੂੰ ਪੂਰੀ ਤਰ੍ਹਾਂ ਅਤੇ ਭਰੋਸੇਮੰਦ ਢੰਗ ਨਾਲ ਰਿਕਾਰਡ ਕਰਨ ਲਈ ਨਹੀਂ ਹੈ।''''''''
"ਉਹ ਵਰਤਮਾਨ ਨੂੰ ਨੈਵੀਗੇਟ ਕਰਨ ਅਤੇ ਭਵਿੱਖ ਬਾਰੇ ਸੋਚਣ ਲਈ ਹੈ।"
"ਇਹ ਉਹ ਸ਼ਾਨਦਾਰ, ਸਿਰਜਣਾਤਮਕ ਚੀਜ਼ ਹੈ ਜੋ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਵਧੀਆ ਹੈ, ਜੋ ਸਾਨੂੰ ਸਮਾਰਟ ਬਣਾਉਂਦਾ ਹੈ, ਅਤੀਤ ਵਿੱਚ ਸਾਡੇ ਦੁਆਰਾ ਜੁਟਾਈ ਜਾਣਕਾਰੀ ਨੂੰ ਰਚਨਾਤਮਕ ਢੰਗ ਨਾਲ ਜੋੜਨ ''''ਚ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਇਸ ਤਰੀਕੇ ਨਾਲ ਇਕੱਠੀਆਂ ਰੱਖਦਾ ਹੈ, ਜੋ ਅਸੀਂ ਪਹਿਲਾਂ ਕਦੇ ਨਹੀਂ ਕੀਤਾ।''''''''
"ਇਹ ਇਸੇ ਕੰਮ ਦੇ ਅਨੁਕੂਲ ਬਣਾਇਆ ਗਿਆ ਹੈ ਅਤੇ ਇਸ ਲਈ ਝੂਠੀਆਂ ਯਾਦਾਂ ਵਰਗੀਆਂ ਚੀਜ਼ਾਂ ਉਸ ਸ਼ਾਨਦਾਰ ਖੁਫੀਆ ਸਮਰੱਥਾ ਵਾਲੇ ਦਿਮਾਗ ਦਾ ਵਾਧੂ ਉਤਪਾਦਨ ਹਨ।''''''''
ਜੂਲੀਆ ਯਾਦਾਂ ਨੂੰ ਗਿੱਲੀ ਮਿੱਟੀ ਦੀਆਂ ਆਕ੍ਰਿਤੀਆਂ ਕਹਿੰਦੇ ਹਨ। ਉਹ ਕਹਿੰਦੇ ਹਨ, "ਜਦੋਂ ਵੀ ਤੁਸੀਂ ਇੱਕ ਟੁਕੜਾ ਦੁਬਾਰਾ ਚੁੱਕਦੇ ਹੋ, ਤੁਸੀਂ ਇਸ ਨੂੰ ਮੁੜ ਆਕਾਰ ਦਿੰਦੇ ਹੋ ਅਤੇ ਸੰਭਾਵਤ ਤੌਰ ''''ਤੇ ਪਹਿਲਾਂ ਵਾਲੇ ਨਾਲੋਂ ਬਹੁਤ ਵੱਖਰਾ ਆਕਾਰ ਬਣਾ ਦਿੰਦੇ ਹੋ।"
ਤੁਸੀਂ ਉਨ੍ਹਾਂ ਵਿੱਚੋਂ ਕੁਝ ਹਿੱਸੇ ਹਟਾਉਂਦੇ ਅਤੇ ਕੁਝ ਜੋੜਦੇ ਹੋ, ਕਿਉਂਕਿ ਤੁਸੀਂ ਕੁਝ ਚੀਜ਼ਾਂ ਭੁੱਲ ਜਾਂਦੇ ਹੋ ਅਤੇ ਕੁਝ ਦੂਜੇ ਲੋਕਾਂ ਜਾਂ ਹੋਰ ਸਰੋਤਾਂ ਤੋਂ ਲੈਂਦੇ ਹੋ (ਯਾਦਾਂ ਦੇ ਰੂਪ ''''ਚ)।
"ਯਾਦਾਂ ਬਾਰੇ ਦਿਲਚਸਪ ਗੱਲ ਇਹ ਹੈ ਕਿ ਸਾਡੇ ਕੋਲ ਅਸਲ ਯਾਦ ਤੱਕ ਦੀ ਪਹੁੰਚ ਨਹੀਂ ਹੁੰਦੀ, ਸਾਨੂੰ ਸਿਰਫ ਉਹੀ ਯਾਦ ਰਹਿੰਦਾ ਹੈ ਜੋ ਅਸੀਂ ਪਿਛਲੀ ਵਾਰ ਬਣਾਇਆ ਸੀ।''''''''
:-
ਮੈਮੋਰੀ ਇਮਪਲਾਂਟ
ਜੂਲੀਆ ਨੂੰ ਆਪਣੇ ਪੀਐਚਡੀ ਲਈ ਕੀਤੇ ਗਏ ਇੱਕ ਪ੍ਰਯੋਗ ਲਈ ਜਾਣਿਆ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਨੇ ਦਿਖਾਇਆ ਸੀ ਕਿ ਕਿਵੇਂ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਝੂਠੀਆਂ ਯਾਦਾਂ ਬਣਾਈਆਂ।
ਅਤੇ ਅਸੀਂ ਕੋਈ ਛੋਟੇ- ਮੋਟੇ ਵੇਰਵਿਆਂ ਬਾਰੇ ਗੱਲ ਨਹੀਂ ਕਰ ਰਹੇ ਹਾਂ, ਸਗੋਂ ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਕਿਵੇਂ ਕੁਝ ਸਾਲ ਪਹਿਲਾਂ, ਉਨ੍ਹਾਂ ਨੇ ਲੋਕਾਂ ''''ਤੇ ਹਮਲਾ ਕੀਤਾ ਸੀ ਜਾਂ ਕਿਸੇ ਜਾਨਵਰ ਦੁਆਰਾ ਹਮਲਾ ਕੀਤਾ ਗਿਆ ਸੀ, ਜਦਕਿ ਅਸਲ ਵਿੱਚ ਅਜਿਹਾ ਕੁਝ ਹੋਇਆ ਹੀ ਨਹੀਂ ਸੀ।
ਪਰ ਵਿਦਿਆਰਥੀਆਂ ਨੇ ਇਹ ਯਾਦਾਂ ਆਪਣੇ-ਆਪ ਨਹੀਂ ਬਣਾਈਆਂ, ਜੂਲੀਆ ਨੇ ਉਨ੍ਹਾਂ ਨੂੰ ਅਜਿਹਾ ਕਰਨ ਵਿੱਚ ਮਦਦ ਕੀਤੀ ਅਤੇ ਉਹ ਵੀ ਸਿਰਫ ਤਿੰਨ ਸੈਸ਼ਨਾਂ ਵਿੱਚ।
ਜੂਲੀਆ ਨੇ ਇਸ ਦੇ ਲਈ ਵਲੰਟੀਅਰਾਂ ਦੇ ਮਾਪਿਆਂ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੀ ਵਰਤੋਂ ਕੀਤੀ।
ਪਹਿਲਾਂ ਜੂਲੀਆ ਨੇ ਉਨ੍ਹਾਂ ਦਾ ਭਰੋਸਾ ਹਾਸਿਲ ਕੀਤਾ ਤੇ ਫਿਰ ਉਨ੍ਹਾਂ ਨੂੰ ਦੱਸਿਆ ਉਨ੍ਹਾਂ ਦੇ ਮਾਪਿਆਂ ਨੇ ਜੂਲੀਆ ਨੂੰ ਦੱਸਿਆ ਹੈ ਕਿ ਜਦੋਂ ਉਹ (ਵਲੰਟੀਅਰ) 14 ਸਾਲਾਂ ਦੇ ਸਨ ਤਾਂ ਉਨ੍ਹਾਂ ਨੇ ਕਿਸੇ ''''ਤੇ ਬੰਦੂਕ ਨਾਲ ਹਮਲਾ ਕੀਤਾ ਸੀ ਅਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਸੀ।
ਜੂਲੀਆ ਕਹਿੰਦੇ ਹਨ, "ਫਿਰ ਮੈਂ ਅਸਲ-ਜੀਵਨ ਦੇ ਵੇਰਵਿਆਂ ਨੂੰ ਸ਼ਾਮਲ ਕੀਤਾ, ਜਿਵੇਂ ਕਿ ''''ਤੁਹਾਡਾ ਦੋਸਤ ਐਲਨ ਵੀ ਘਟਨਾ ਸਮੇਂ ਉੱਥੇ ਸੀ'''', ਅਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਉੱਥੇ ਹੋਇਆ ਸੀ, ਜਿੱਥੇ ਉਹ ਪਹਿਲਾਂ ਰਹਿੰਦੇ ਸਨ।''''''''
ਜੂਲੀਆ ਕਹਿੰਦੇ ਹਨ ਕਿ "ਇਹ ਕਿਸੇ ਨੂੰ ਅਜਿਹਾ ਸੋਚਣ ਲਈ ਮਜਬੂਰ ਕਰਨ ਕਾਫੀ ਹੈ ਕਿ ''''ਸ਼ਾਇਦ ਅਜਿਹਾ ਹੋਇਆ ਹੈ।''''''''
ਅੱਗੇ, ਜੂਲੀਆ ਨੇ ਉਨ੍ਹਾਂ ਨੂੰ ਇਸ ਯਾਦ ਬਾਰੇ ਚੇਤਾ ਕਰਨ ਵਿੱਚ ਮਦਦ ਦੀ ਪੇਸ਼ਕਸ਼ ਕੀਤੀ, ਹਾਲਾਂਕਿ ਉਹ ਜਾਣਦੇ ਸਨ ਕਿ ਇਸ ਨੂੰ ਸਾਧਾਰਨ ਤੌਰ ''''ਤੇ ਯਾਦ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਸੀ। ਇਸ ਦੇ ਲਈ ਜੂਲੀਆ ਨੇ ਉਨ੍ਹਾਂ ਨੂੰ ਕਲਪਨਾ ਸਬੰਧੀ ਐਕਸਰਸਾਈਜ਼ ਕਰਨ ਵਿੱਚ ਮਦਦ ਕੀਤੀ।
ਜੂਲੀਆ ਦੱਸਦੇ ਹਨ ਕਿ "ਅੰਤ ਵਿੱਚ, ਉਨ੍ਹਾਂ ਨੇ ਮੈਨੂੰ ਜੋ ਵੇਰਵੇ ਦਿੱਤੇ ਹਨ, ਉਹ ਮੇਰੀਆਂ ਉਮੀਦਾਂ ਤੋਂ ਕਿਤੇ ਵੱਧ ਹਨ।"
ਸਿਰਫ ਇੰਨਾ ਹੀ ਨਹੀਂ, "ਸਾਡੇ ਅਧਿਐਨ ਵਿੱਚ ਇੱਕ 70 ਫੀਸਦੀ ਭਾਗੀਦਾਰਾਂ ਨੇ ਤਾਂ ਅਪਰਾਧਿਕ ਗਤੀਵਿਧੀਆਂ ਦੀਆਂ ਝੂਠੀਆਂ ਯਾਦਾਂ ਬਣਾਈਆਂ।"
ਉਹ ਕਹਿੰਦੇ ਹਨ "ਇੱਕ ਪੂਰੀ ਤਰ੍ਹਾਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ, ਇਹ ਬਹੁਤ ਦਿਲਚਸਪ ਹੈ।''''''''
ਪਰ ਕੀ ਇਹ ਠੀਕ ਹੈ?
ਆਖ਼ਰਕਾਰ, ਜੂਲੀਆ ਨੇ ਵਲੰਟੀਅਰਾਂ ਦੇ ਇੱਕ ਸਮੂਹ ਨੂੰ ਅਜਿਹੀਆਂ ਭੈੜੀਆਂ ਯਾਦਾਂ ਦੇ ਦਿੱਤੀਆਂ ਸਨ, ਜੋ ਉਨ੍ਹਾਂ ਨੂੰ ਹਫ਼ਤਿਆਂ ਤੱਕ ਪ੍ਰੇਸ਼ਾਨ ਕਰਦੀਆਂ ਰਹੀਆਂ ਅਤੇ ਫਿਰ ਖੁਲਾਸਾ ਕੀਤਾ ਗਿਆ ਕਿ ਇਹ ਸਭ ਇੱਕ ਝੂਠ ਸੀ।
ਮਨੋਵਿਗਿਆਨੀ ਇਸ ਗੱਲ ''''ਤੇ ਜ਼ੋਰ ਦਿੰਦੇ ਹਨ ਕਿ ਇਹ ਅਧਿਐਨ ਵਿਆਪਕ ਤੌਰ ''''ਤੇ ਅਨੈਤਿਕ ਢੰਗ ਵਾਲਾ ਸੀ ਕਿਉਂਕਿ ਇਸ ਵਿੱਚ ਉਨ੍ਹਾਂ ਨੂੰ ਪੂਰੇ ਤਰੀਕੇ ਨਾਲ ਝੂਠ ''''ਤੇ ਯਕੀਨ ਦਿਵਾਇਆ ਗਿਆ ਸੀ।
ਹਾਲਾਂਕਿ ਜੂਲੀਆ ਭਰੋਸਾ ਦਿਵਾਉਂਦੇ ਹਨ ਕਿ ਜਦੋਂ ਉਨ੍ਹਾਂ ਨੇ ਭਾਗੀਦਾਰਾਂ ਨੂੰ ਸਮਝਾਇਆ ਕਿ ਅਧਿਐਨ ਕਿਸ ਬਾਰੇ ਸੀ, ਤਾਂ ਉਨ੍ਹਾਂ ਵਿੱਚੋਂ "ਬਹੁਤ ਸਾਰੀਆਂ ਨੇ ਰਾਹਤ ਮਹਿਸੂਸ ਕੀਤੀ ਅਤੇ ਕੋਈ ਵੀ ਗੁੱਸੇ ਨਹੀਂ ਹੋਇਆ, ਘੱਟੋ-ਘੱਟ ਉਨ੍ਹਾਂ ਨੇ ਮੈਨੂੰ ਤਾਂ ਨਹੀਂ ਦੱਸਿਆ।"
ਜੂਲੀਆ ਦੇ ਦ੍ਰਿਸ਼ਟੀਕੋਣ ਤੋਂ, "ਇਹ ਸਿੱਖਣ ਦਾ ਇੱਕ ਚੰਗਾ ਤਜਰਬਾ ਸੀ।"
ਉਹ ਕਹਿੰਦੇ ਹਨ, "ਸਾਡੀਆਂ ਯਾਦਾਂ ਲੋਕਾਂ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ, ਆਮ ਤੌਰ ''''ਤੇ ਅਣਜਾਣੇ ਵਿੱਚ ਅਤੇ ਹਰ ਸਮੇਂ। ਇਸ ਲਈ ਮੈਂ ਸਮਝਦੀ ਹਾਂ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਸਿਖਾਉਣਾ ਅਤੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਇਹ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ।"
ਪਰ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ?
ਜੂਲੀਆ ਸਮਝਾਉਂਦੇ ਹਨ, "ਮੈਂ ਅਪਰਾਧਿਕ ਸੋਚ ਨਾਮਕ ਕਿਸੇ ਚੀਜ਼ ਦਾ ਅਧਿਐਨ ਕਰਨਾ ਚਾਹੁੰਦੀ ਸੀ ਅਤੇ ਮੈਂ ਹਮੇਸ਼ਾ ਤੋਂ ''''ਆਮ'''' ਦਿਮਾਗ ਵਿੱਚ ਦਿਲਚਸਪੀ ਰੱਖਦੀ ਸੀ, ਇਹ ਜਾਣਨ ਵਿੱਚ ਕਿ ਆਮ ਲੋਕ ਅਪਰਾਧੀ ਕਿਵੇਂ ਬਣ ਜਾਂਦੇ ਹਨ।"
ਜੂਲੀਆ ਨੂੰ ਪੁੱਛਿਆ ਗਿਆ ਕਿ ਕੀ ਲੋਕਾਂ ਨੂੰ ਉਨ੍ਹਾਂ ਅਪਰਾਧਾਂ ਲਈ ਕਬੂਲਨਾਮਾ ਕਰਨ ਲਈ ਕਿਹਾ ਜਾ ਸਕਦਾ ਹੈ, ਜੋ ਉਨ੍ਹਾਂ ਨੇ ਕੀਤੇ ਹੀ ਨਹੀਂ।
ਜੂਲੀਆ ਨੇ ਦੱਸਿਆ, “ਲੋਕਾਂ ਨੇ ਸਿਰਫ਼ ਅਜਿਹਾ ਕਰਨ ਦੀ ਗੱਲ ਹੀ ਨਹੀਂ ਕਬੂਲੀ, ਬਲਕਿ ਉਨ੍ਹਾਂ ਨੇ ਅਸਲ ਵਿੱਚ ਇਸ ''''ਤੇ ਵਿਸ਼ਵਾਸ ਵੀ ਕੀਤਾ।''''''''
"ਤਾਂ ਜਵਾਬ ਹੈ: ਹਾਂ, ਤੁਸੀਂ ਕਰ ਸਕਦੇ ਹੋ।"
ਇਸ ਖੇਤਰ ਵਿੱਚ ਸਭ ਤੋਂ ਪ੍ਰਮੁੱਖ ਮਨੋਵਿਗਿਆਨੀ, ਐਲਿਜ਼ਾਬੈਥ ਐਫ ਲੁਫਟਸ ਨੇ ਵੀ ਇਸ ਤਰ੍ਹਾਂ ਦੇ ਪ੍ਰਯੋਗ ਕੀਤੇ ਹਨ ਅਤੇ ਉਹ ਲਿਖਦੇ ਹਨ ਕਿ - ਇਹ ਦੱਸਦਾ ਹੈ ਕਿ "ਸਾਡੀ ਕਲਪਨਾ ਅਤੇ ਸਾਡੀ ਯਾਦਦਾਸ਼ਤ ਨੂੰ ਵੱਖ ਕਰਨ ਵਾਲਾ ਪਰਦਾ" ਕਿੰਨਾ ਕਮਜ਼ੋਰ ਹੈ।
ਨਿਆਂ ਪ੍ਰਣਾਲੀ ਵਿੱਚ ਮਦਦਗਾਰ
ਅਮਰੀਕੀ ਮਨੋਵਿਗਿਆਨਕ ਐਸੋਸੀਏਸ਼ਨ ਨੇ ਲੁਫਟਸ ਨੂੰ 20ਵੀਂ ਸਦੀ ਦੇ ਸਭ ਤੋਂ ਉੱਘੇ ਮਨੋਵਿਗਿਆਨੀਆਂ ਵਿੱਚੋਂ ਇੱਕ ਮੰਨਿਆ ਹੈ।
ਲੁਫਟਸ ਨੇ ਕੁਝ ਦਹਾਕੇ ਪਹਿਲਾਂ ਤੱਕ ਸੱਚ ਮੰਨੇ ਜਾਂਦੇ ਇਸ ਵਿਚਾਰ ਨੂੰ ਬਦਲਣ ਵਿੱਚ ਮਦਦ ਕੀਤੀ ਕਿ ਸਾਡੀਆਂ ਯਾਦਾਂ ਇੱਕ ਕਿਸਮ ਦੀ ਮਾਨਸਿਕ ਲਾਇਬ੍ਰੇਰੀ ਵਿੱਚ ਸਟੋਰ ਕੀਤੀਆਂ ਪਿਛਲੀਆਂ ਘਟਨਾਵਾਂ ਦੇ ਰਿਕਾਰਡ ਹਨ।
ਦਰਜਨਾਂ ਕਿਤਾਬਾਂ ਦੇ ਲੇਖਕ ਲੁਫਟਸ ਨੇ ਲਿਖਿਆ, ਇਸ ਦੇ ਉਲਟ "ਅਤੀਤ ਦੀ ਸਾਡੀ ਪ੍ਰਤੀਨਿਧਤਾ (ਯਾਦ) ਇੱਕ ਜੀਵਤ ਅਤੇ ਬਦਲਦੀ ਹਕੀਕਤ ਹੈ।"
ਉਨ੍ਹਾਂ ਲਿਖਿਆ ਹੈ, "ਇਹ ਕੋਈ ਅਜਿਹੀ ਥਾਂ ਨਹੀਂ ਹੈ ਜਿੱਥੇ ਸਭ ਕੁਝ ਅਸਲ ਰੂਪ ''''ਚ ਮੌਜੂਦ ਹੋਵੇ, ਸਗੋਂ ਇਹ ਇੱਕ ਜੀਵਤ ਜੀਵ ਹੈ, ਜੋ ਆਕਾਰ ਬਦਲਦਾ ਹੈ, ਫੈਲਦਾ ਹੈ, ਸੁੰਗੜਦਾ ਹੈ ਅਤੇ ਦੁਬਾਰਾ ਫੈਲਦਾ ਹੈ, ਇੱਕ ਅਮੀਬਾ ਵਰਗਾ ਜੀਵ।"
ਯਾਦਾਂ ਦੁਬਾਰਾ ਪੈਦਾ ਨਹੀਂ ਕੀਤੀਆਂ ਜਾਂਦੀਆਂ, ਪਰ ਦੁਬਾਰਾ ਬਣਾਈਆਂ ਜਾਂਦੀਆਂ ਹਨ।
ਯਾਦਦਾਸ਼ਤ ਦੀ ਵਿਗਿਆਨ ਸਬੰਧੀ ਖੋਜ ਵਿੱਚ, ਦਿਮਾਗ ਦੇ ਕੰਮਕਾਜ ਬਾਰੇ ਦਿਲਚਸਪ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ ਇਸ ਦਾ ਅਪਰਾਧ ਸਬੰਧੀ ਨਿਆਂ ''''ਤੇ ਵੀ ਪ੍ਰਭਾਵ ਪੈਂਦਾ ਹੈ।
ਕੁਝ ਮਨੋਵਿਗਿਆਨੀ ਇਹ ਦੱਸਣ ਵਿੱਚ ਲੁਫਟਸ ਨਾਲੋਂ ਵੀ ਵਧੇਰੇ ਪ੍ਰਭਾਵਸ਼ਾਲੀ ਰਹੇ ਹਨ ਕਿ ਕਿਵੇਂ ਮਿਆਰੀ ਪ੍ਰਕਿਰਿਆਵਾਂ ਯਾਦਦਾਸ਼ਤ ਨੂੰ ਦੂਸ਼ਿਤ ਕਰ ਸਕਦੀਆਂ ਹਨ।
ਕਿਸੇ ਘਟਨਾ ਦਾ ਵਰਣਨ ਕਰਨ ਲਈ ਵਰਤੀ ਜਾਂਦੀ ਭਾਸ਼ਾ, ਉਸ ਘਟਨਾ ਨੂੰ ਯਾਦ ਰੱਖਣ ਦੇ ਤਰੀਕੇ ਨੂੰ ਬਦਲ ਸਕਦੀ ਹੈ।
ਇਸ ਲਈ, ਪੁਲਿਸ ਦੁਆਰਾ ਪੁੱਛਗਿੱਛ ਦੌਰਾਨ ਸ਼ੱਕੀ ਵਿਅਕਤੀਆਂ ਤੋਂ ਪੁੱਛੇ ਗਏ ਕੁਝ ਸਵਾਲ, ਉਨ੍ਹਾਂ ਦੇ ਬਿਆਨਾਂ ਅਤੇ ਪੂਰੇ ਮਾਮਲੇ ਆਦਿ ਵਿੱਚ ਫਰਕ ਪਾ ਸਕਦੇ ਹਨ।
ਇਸੇ ਕਾਰਨ, ਲੁਫਟਸ ਅਤੇ ਜੂਲੀਆ ਵਰਗੇ ਮਾਹਰਾਂ ਨੂੰ ਅਦਾਲਤੀ ਕੇਸਾਂ ਵਿੱਚ ਸਬੂਤਾਂ ਦੀ ਜਾਂਚ ਕਰਨ ਲਈ ਅਕਸਰ ਹੀ ਬੁਲਾਇਆ ਜਾਂਦਾ ਹੈ।
ਜੂਲੀਆ ਕਹਿੰਦੇ ਹਨ, "ਸਾਨੂੰ ਲਗਭਗ ਹਮੇਸ਼ਾ ਹੀ ਰੱਖਿਆ ਵਿਭਾਗ ਦੁਆਰਾ ਕੰਮ ਮਿਲਦਾ ਰਹਿੰਦਾ ਹੈ।''''''''
ਉਹ ਕਹਿੰਦੇ ਹਨ ਕਿ ਇਸ ਦਾ "ਕਾਰਨ ਇਹ ਹੈ ਕਿ ਕਿਸੇ ਦੀ ਯਾਦਦਾਸ਼ਤ ''''ਤੇ ਸਵਾਲ ਕਰਨਾ, ਵਾਜਬ ਸ਼ੱਕ ਪੈਦਾ ਕਰਨ ਦੀ ਯੋਗਤਾ ਰੱਖਦਾ ਹੈ।"
ਕਿਸੇ ਵੀ ਵਿਅਕਤੀ ਨੂੰ ਦੋਸ਼ੀ ਸਾਬਿਤ ਕਰਨ ਲਈ ਉਸ ਖ਼ਿਲਾਫ਼ ਇਕੱਠੇ ਕੀਤੇ ਗਏ ਸਬੂਤ ਮਹਿਜ਼ ਸ਼ੱਕ ''''ਤੇ ਅਧਾਰਿਤ ਨਹੀਂ ਹੋ ਸਕਦੇ, ਉਨ੍ਹਾਂ ਦਾ ਕੁਝ ਸਾਬਿਤ ਕਰਨਾ ਵੀ ਜ਼ਰੂਰੀ ਹੈ।
ਝੂਠੀਆਂ ਯਾਦਾਂ ਦੇ ਵਿਗਿਆਨ ਨੂੰ ਲਾਗੂ ਕਰਦੇ ਸਮੇਂ ਜੇ ਇਸ ਪ੍ਰਕਿਰਿਆ ਦੇ ਕਿਸੇ ਵੀ ਬਿੰਦੂ ''''ਤੇ ਸੰਭਾਵਿਤ ਹੇਰਾਫੇਰੀਆਂ ਦਾ ਪਤਾ ਲੱਗਦਾ ਹੈ ਤਾਂ ਵੇਰਵੇ ਆਦਿ ਵਿੱਚ ਬਦਲਾਅ ਆ ਜਾਂਦਾ ਹੈ ਅਤੇ "ਅਸੀਂ ਸਬੰਧੀ ਚੇਤਾਵਨੀ ਜਾਰੀ ਕਰ ਦਿੰਦੇ ਹਾਂ''''''''।
ਜੂਲੀਆ ਕਹਿੰਦੇ ਹਨ ਕਿ ਇਹ ਸਮਝਣਾ ਕਿ ਸਾਡੀਆਂ ਯਾਦਾਂ ਕਿੰਨੀਆਂ ਨਾਜ਼ੁਕ ਅਤੇ ਧੋਖੇਬਾਜ਼ ਹੋ ਸਕਦੀਆਂ ਹਨ, ਨਿਆਂ ਸਬੰਧੀ ਗਲਤ ਫੈਸਲੇ ਰੋਕਣ ਵਿੱਚ ਮਦਦ ਕਰਦਾ ਹੈ।
ਹਾਲਾਂਕਿ ਇਹ ਲਾਭਦਾਇਕ ਤਾਂ ਜਾਪਦਾ ਹੈ, ਪਰ ਬਹੁਤ ਸਾਰੇ ਲੋਕ ਇਸ ਬਾਰੇ ਵੀ ਚਿੰਤਾ ਜ਼ਾਹਿਰ ਕਰਦੇ ਹਨ ਕਿ ਅਦਾਲਤ ਵਿੱਚ ਜਿਨਸੀ ਅਪਰਾਧਾਂ ਦੇ ਪੀੜਤਾਂ ਲਈ ਇਹ ਸਭ ਮੁਸ਼ਕਿਲ ਹੋ ਸਕਦਾ ਹੈ।
ਬੇਸ਼ੱਕ, ਨਿਰਦੋਸ਼ਤਾ ਦੀ ਧਾਰਨਾ ਹਮੇਸ਼ਾਂ ਪ੍ਰਬਲ ਹੁੰਦੀ ਹੈ ਅਤੇ ਹਰ ਕੋਈ ਬਚਾਅ ਦਾ ਹੱਕਦਾਰ ਹੁੰਦਾ ਹੈ।
ਹਾਲਾਂਕਿ, ਦੁਰਵਿਵਹਾਰ ਦੇ ਮਾਮਲਿਆਂ ਵਿੱਚ, ਜਿੱਥੇ ਅਕਸਰ ਇੱਕ-ਦੂਜੇ ''''ਤੇ ਇਲਜ਼ਾਮ ਲਗਾਏ ਜਾਂਦੇ ਹਨ, ਇਹ ਦੇਖਣਾ ਮੁਸ਼ਕਲ ਹੁੰਦਾ ਹੈ ਕਿ ਕਿਵੇਂ ਯਾਦਦਾਸ਼ਤ ਦਾ ਵਿਗਿਆਨ ਪੀੜਤਾਂ ਦੀਆਂ ਯਾਦਾਂ ਨੂੰ ਉਸ ਦਰਦਨਾਕ ਪਲ ਨੂੰ ਮੁੜ ਸੁਰਜੀਤ ਕਰਨ ਲਈ ਮਜਬੂਰ ਕਰਦਾ ਹੈ।
ਜੂਲੀਆ ਜ਼ੋਰ ਦੇ ਕੇ ਕਹਿੰਦੇ ਹਨ, "ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਇਹ ਨਹੀਂ ਮੰਨਣਾ ਚਾਹੀਦਾ ਹੈ ਕਿ ਯਾਦਾਂ ਸਬੂਤ ਵਜੋਂ ਕਾਫ਼ੀ ਨਹੀਂ ਹਨ।''''''''
"ਜੇ ਅਸੀਂ ਯਾਦਾਂ ''''ਤੇ ਭਰੋਸਾ ਨਹੀਂ ਕਰ ਸਕਦੇ, ਤਾਂ ਸਾਡੀ ਕਾਨੂੰਨੀ ਪ੍ਰਣਾਲੀ ਢਹਿ ਜਾਵੇਗੀ ਅਤੇ ਕੁਝ ਕਿਸਮ ਦੇ ਅਪਰਾਧਿਕ ਮਾਮਲਿਆਂ ਵਿੱਚ ਕਦੇ ਦੋਸ਼ ਸਾਬਿਤ ਨਹੀਂ ਹੋ ਪਵੇਗਾ।''''''''
ਉਨ੍ਹਾਂ ਲਈ ਮਹੱਤਵਪੂਰਨ ਚੀਜ਼ ਹੈ, "ਜਨਤਾ ਨੂੰ ਸਿੱਖਿਅਤ ਕਰਨਾ।"
ਉਹ ਕਹਿੰਦੇ ਹਨ, "ਮੈਂ ਹਮੇਸ਼ਾ ਸਲਾਹ ਦਿੰਦੀ ਹਾਂ ਕਿ ਜੇ ਤੁਹਾਡੇ ਨਾਲ ਕੋਈ ਮਹੱਤਵਪੂਰਣ ਚੀਜ਼ ਵਾਪਰਦੀ ਹੈ ਜਾਂ ਤੁਸੀਂ ਗਵਾਹੀ ਦਿੰਦੇ ਹੋ, ਤਾਂ ਤੁਸੀਂ ਇਸ ਨੂੰ ਆਪਣੇ ਦਿਮਾਗ ਤੋਂ ਬਾਹਰ ਰਿਕਾਰਡ ਕਰੋ।"
"ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਹਾਡੀ ਆਪਣੀ ਯਾਦਦਾਸ਼ਤ ਕਿਵੇਂ ਬਦਲ ਸਕਦੀ ਹੈ, ਤਾਂ ਜੋ ਤੁਸੀਂ ਇਸਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਰੱਖ ਸਕੋ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)