ਸਰਵੀਕਲ ਕੈਂਸਰ ਦੇ ਇਲਾਜ ’ਚ ਮਿਲੀ ਇਸ ਸਫ਼ਲਤਾ ਨਾਲ ਬਚੇਗੀ ਅਣਗਿਣਤ ਔਰਤਾਂ ਦੀ ਜ਼ਿੰਦਗੀ

Tuesday, Oct 24, 2023 - 01:59 PM (IST)

ਸਰਵੀਕਲ ਕੈਂਸਰ
Getty Images/ Fat Camera
ਇਹ ਅਧਿਐਨ ਕੈਂਸਰ ਰਿਸਰਚ ਯੂਕੇ ਵਲੋਂ ਕਰਵਾਇਆ ਗਿਆ

ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਵੀਕਲ ਕੈਂਸਰ ਦੇ ਇਲਾਜ ਵਿੱਚ ਪਿਛਲੇ 20 ਸਾਲਾਂ ਵਿੱਚ ਸਭ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਇਹ ਇਲਾਜ ਪਹਿਲਾਂ ਤੋਂ ਹੀ ਮੌਜੂਦ ਸਸਤੀ ਦਵਾਈ ਨਾਲ ਹੋਵੇਗਾ। ਇਹ ਇਲਾਜ ਰੇਡੀਓਥੇਰੈਪੀ ਟ੍ਰੀਟਮੈਂਟ ਤੋਂ ਪਹਿਲਾਂ ਹੋਵੇਗਾ।

ਯੂਰਪੀਨ ਸੋਸਾਇਟੀ ਫਾਰ ਮੈਡੀਕਲ ਓਨਕਾਲਜੀ ਕਾਨਫਰੰਸ (ਈਐੱਸਐੱਮਓ) ਵਿਖੇ ਜਾਰੀ ਕੀਤੇ ਗਏ ਅਧਿਐਨ ਦੇ ਨਤੀਜਿਆਂ ਵਿੱਚ ਇਹ ਸਾਹਮਣੇ ਆਇਆ ਕਿ ਇਸ ਤਰੀਕੇ ਇਲਾਜ ਕਰਨ ਨਾਲ ਇਸ ਕੈਂਸਰ ਕਾਰਨ ਔਰਤਾਂ ਦੀ ਮੌਤ ਦਾ ਖਤਰਾ ਅਤੇ ਕੈਂਸਰ ਮੁੜ ਹੋਣ ਦਾ ਖਤਰਾ 35 ਫ਼ੀਸਦ ਘੱਟ ਜਾਂਦਾ ਹੈ।

ਕੈਂਸਰ ਰਿਸਰਚ ਯੂਕੇ ਮੁਤਾਬਕ ਇਹ ਨਤੀਜੇ ਬਹੁਤ ਮਹੱਤਵਪੂਰਨ ਹਨ। ਇਸ ਸੰਸਥਾ ਵੱਲੋਂ ਅਧਿਐਨ ਦਾ ਖਰਚਾ ਚੁੱਕਿਆ ਗਿਆ ਸੀ।

ਸੰਸਥਾ ਨੂੰ ਉਮੀਦ ਹੈ ਕਿ ਡਾਕਟਰੀ ਕੇਂਦਰ ਇਸ ਨੂੰ ਮਰੀਜ਼ਾਂ ਦੇ ਇਲਾਜ ਲਈ ਵਰਤਣਾ ਸ਼ੁਰੂ ਕਰ ਦੇਣਗੇ।

ਸਰਵੀਕਲ ਕੈਂਸਰ ਤੋਂ ਯੂਕੇ ਵਿੱਚ ਹਰ ਸਾਲ ਹਜ਼ਾਰਾਂ ਔਰਤਾਂ ਪ੍ਰਭਾਵਿਤ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਔਰਤਾਂ ਦੀ ਉਮਰ 30 ਸਾਲ ਦੇ ਕਰੀਬ ਹੁੰਦੀ ਹੈ।

''''ਕੈਂਸਰ ਦੇ ਵਾਪਸ ਆਉਣ ਦੀ ਸੰਭਾਵਨਾ ਘਟੇਗੀ''''

ਸਰਵੀਕਲ ਕੈਂਸਰ
Getty Images

ਰੇਡੀਓਥੇਰੈਪੀ ਰਾਹੀਂ ਇਲਾਜ ਵਿੱਚ ਵਿਕਾਸ ਹੋਣ ਤੋਂ ਬਾਅਦ ਵੀ, ਇੱਕ ਤਿਹਾਈ ਮਰੀਜ਼ਾਂ ਨੂੰ ਮੁੜ ਕੈਂਸਰ ਹੋ ਜਾਂਦਾ ਹੈ, ਇਸ ਲਈ ਨਵੇਂ ਇਲਾਜ ਲੱਭਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।

ਕੈਂਸਰ ਰਿਸਰਚ ਯੂਕੇ ਵਿੱਚ ਕੰਮ ਕਰਦੇ ਡਾ. ਲੈਨ ਫੂਲਕਸ ਕਹਿੰਦੇ ਹਨ, “ਜਦੋਂ ਤੁਸੀਂ ਕੈਂਸਰ ਦਾ ਇਲਾਜ ਕਰਦੇ ਹੋ ਤਾਂ ਟਾਈਮਿੰਗ(ਸਮਾਂ) ਹੀ ਸਭ ਕੁਝ ਹੁੰਦਾ ਹੈ।

“ਸਾਹਮਣੇ ਆ ਰਹੇ ਤੱਥ ਇਹ ਦਰਸਾ ਰਹੇ ਹਨ ਕਿ ਕੈਂਸਰ ਦੀਆਂ ਹੋਰ ਕਿਸਮਾਂ ਦੇ ਇਲਾਜ ਲਈ ਸਰਜਰੀ ਅਤੇ ਰੇਡੀਥੇਰੈਪੀ ਤੋਂ ਪਹਿਲਾਂ ਕੀਮੋਥੇਰੈਪੀ ਦਾ ਬਹੁਤ ਮਹੱਤਵ ਹੈ।”

ਇਹ ਸਿਰਫ਼ ਕੈਂਸਰ ਦੇ ਦੁਬਾਰਾ ਵਾਪਸ ਆਉਣ ਦੀ ਸੰਭਾਵਨਾ ਨੂੰ ਘਟਾਉਂਦਾ ਹੀ ਨਹੀਂ ਹੈ ਬਲਕਿ ਇਹ ਪਹਿਲਾਂ ਤੋਂ ਹੀ ਮੌਜੂਦ ਸਸਤੀਆਂ ਦਵਾਈਆਂ ਰਾਹੀਂ ਸੰਭਵ ਹੈ।”

“ਅਸੀਂ ਇਸ ਅਧਿਐਨ ਦੇ ਸਰਵੀਕਲ ਕੈਂਸਰ ਦੇ ਇਲਾਜ ਵਿੱਚ ਹੋਣ ਵਾਲੇ ਵਿਕਾਸ ਬਾਰੇ ਬਹੁਤ ਖੁਸ਼ ਹਾਂ ਅਤੇ ਇੰਡਕਸ਼ਨ ਕੀਮੋਥੇਰੈਪੀ ਦੇ ਛੋਟੇ ਕੋਰਸ ਡਾਕਟਰੀ ਕੇਂਦਰਾਂ ਵਿੱਚ ਸ਼ੁਰੂ ਹੋਣਗੇ।”

ਸਰਵੀਕਲ ਕੈਂਸਰ
Getty Images

ਇੰਡਕਸ਼ਨ ਕੀਮੋਥੇਰੈਪੀ ਵਿੱਚ ਦਵਾਈ ਰਾਹੀਂ ਕੈਂਸਰ ਸੈੱਲ ਨਸ਼ਟ ਕੀਤੇ ਜਾਂਦੇ ਹਨ।

ਇਸ ਅਧਿਐਨ ਵਿੱਚ ਸਰਵੀਕਲ ਕੈਂਸਰ ਨਾਲ ਪ੍ਰਭਾਵਿਤ 250 ਔਰਤਾਂ ਦਾ ਇਸ ਤਰੀਕੇ ਨਾਲ ਇਲਾਜ ਕੀਤਾ ਗਿਆ। ਉਨ੍ਹਾਂ ਨੂੰ ਛੇ ਹਫ਼ਤਿਆਂ ਲਈ ਕਾਰਬੋਪਲੇਟਿਨ ਅਤੇ ਪੈਕਲੀਟੈਕਸਲ ਕੀਮੋਥੇਰੈਪੀ ਦਿੱਤੀ ਗਈ।

ਇਸ ਤੋਂ ਬਾਅਦ ਉਨ੍ਹਾਂ ਦਾ ਰੇਡੀਓਥੇਰੈਪੀ ਰਾਹੀਂ ਅਤੇ ਹਫ਼ਤੇਵਾਰੀ ਸਿਸਪਲੇਟਨਿ ਅਤੇ ਬਰੈਕੀਥੇਰੈਪੀ, ਜਿਸਨੂੰ ਕੀਮੋਰੇਡੀਏਸ਼ਨ ਵਜੋਂ ਜਾਣਿਆ ਜਾਂਦਾ ਹੈ, ਇਲਾਜ ਜਾਰੀ ਰੱਖਿਆ ਗਿਆ।

ਬਾਕੀ 250 ਔਰਤਾਂ ਨੂੰ ਦਾ ਇਲਾਜ ਕੇਵਲ ਕੀਮੋਰੇਡੀਏਸ਼ਨ ਰਾਹੀਂ ਚੱਲਿਆ।

ਪੰਜ ਸਾਲਾਂ ਬਾਅਦ ਜਿਨ੍ਹਾਂ ਔਰਤਾਂ ਦਾ ਇਲਾਜ ਨਵੇਂ ਤਰੀਕੇ ਰਾਹੀਂ ਕੀਤਾ ਗਿਆ ਉਨ੍ਹਾਂ ਵਿੱਚੋਂ 80 ਫ਼ੀਸਦ ਔਰਤਾਂ ਜ਼ਿੰਦਾ ਹਨ ਅਤੇ 73 ਫ਼ੀਸਦ ਔਰਤਾਂ ਦਾ ਕੈਂਸਰ ਵਾਪਸ ਨਹੀਂ ਆਇਆ ਅਤੇ ਨਾ ਹੀ ਫੈਲਿਆ।

ਇਸਦੇ ਮੁਕਾਬਲੇ ਵਿੱਚ ਜਿਨ੍ਹਾਂ ਦਾ ਇਲਾਜ ਰਵਾਇਤੀ ਢੰਗ ਨਾਲ ਹੋਇਆ ਉਨ੍ਹਾਂ ਵਿੱਚੋਂ 72 ਫ਼ੀਸਦ ਔਰਤਾਂ ਜ਼ਿੰਦਾ ਸਨ ਅਤੇ 64 ਫ਼ੀਸਦ ਔਰਤਾਂ ਦਾ ਕੈਂਸਰ ਨਹੀਂ ਵਾਪਸ ਆਇਆ ਅਤੇ ਨਹੀਂ ਫੈਲਿਆ।

ਸਰਵੀਕਲ ਕੈਂਸਰ
Getty Images

‘ਪਿਛਲੇ 20 ਸਾਲਾਂ ’ਚ ਵੱਡਾ ਨਤੀਜਾ’

ਯੂਨੀਵਰਸਿਟੀ ਕਾਲਜ ਲੰਡਨ (ਯੂਸੀਐੱਲ), ਕੈਂਸਰ ਇੰਸਟੀਟਊਟ ਅਤੇ ਯੂਨੀਵਰਸਿਟੀ ਕਾਲਜ ਲੰਡਨ ਹਸਪਤਾਲ ਐੱਐੱਚਐੱਸ ਫਾਊਂਡੇਸ਼ਨ ਟਰਸਟ ਨਾਲ ਜੁੜੇ ਡਾ ਮੈਰੀ ਮਕੋਰਮੈਕ ਨੇ ਇਸ ਜਾਂਚ ਵਿੱਚ ਮੋਹਰੀ ਭੂਮਿਕਾ ਨਿਭਾਈ।

ਉਹ ਦੱਸਦੇ ਹਨ, “ਸਾਡੇ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਇਲਾਜ ਵਿੱਚ ਕੀਮੋਰੇਡੀਓਥੇਰੈਪੀ ਤੋਂ ਪਹਿਲਾਂ ਅਡਿਸ਼ਨਲ ਕੀਮੋਥੇਰੈਪੀ ਸ਼ਾਮਲ ਕਰਨ ਨਾਲ ਕੈਂਸਰ ਦੇ ਮੁੜ ਆਉਣ ਅਤੇ ਕੈਂਸਰ ਨਾਲ ਮੌਤ ਦਾ ਖਤਰਾ 35 ਫ਼ੀਸਦ ਤੱਕ ਘੱਟ ਸਕਦਾ ਹੈ।”

“ਇਹ ਪਿਛਲੇ 20 ਸਾਲਾਂ ਵਿੱਚ ਇਸ ਕੈਂਸਰ ਦੇ ਇਲਾਜ ਦੇ ਅਧਿਐਨ ਵਿੱਚ ਆਇਆ ਸਭ ਤੋਂ ਵੱਡਾ ਨਤੀਜਾ ਹੈ।”

ਉਨ੍ਹਾਂ ਨੇ ਬੀਬੀਸੀ ਦੇ ਰੇਡੀਓ ਪ੍ਰੋਗਰਾਮ ਉੱਤੇ ਦੱਸਿਆ, “ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਮਰੀਜ਼ ਜ਼ਿੰਦਾ ਹਨ ਅਤੇ ਚੰਗੀ ਹਾਲਤ ਵਿੱਚ ਹਨ ਉਹ ਵੀ ਬਗੈਰ ਕੈਂਸਰ ਦੇ ਵਾਪਸ ਆਏ, ਤਾਂ ਉਨ੍ਹਾਂ ਦਾ ਇਲਾਜ ਬਹੁਤ ਸੰਭਵ ਹੈ, ਇਹ ਇੱਕ ਵੱਡੀ ਗੱਲ ਹੈ।”

ਕਿਉਂਕਿ ਕੀਮੋਥੇਰੈਪੀ ਦੀਆਂ ਦੋ ਦਵਾਈਆਂ ਸਸਤੀਆਂ ਹਨ ਅਤੇ ਸੌਖਿਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਅਤੇ ਨਾਲ ਹੀ ਮਰੀਜ਼ਾਂ ਦੇ ਵਿੱਚ ਵਰਤੋਂ ਲਈ ਪ੍ਰਵਾਨਤ ਹਨ, ਮਾਹਰਾਂ ਦਾ ਕਹਿਣਾ ਹੈ ਕਿ ਇਲਾਜ ਵਿੱਚ ਇਸ ਤਰੀਕੇ ਦੀ ਵਰਤੋਂ ਜਲਦੀ ਸ਼ੁਰੂ ਹੋ ਸਕਦੀ ਹੈ।

ਇਸਦੇ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਸਰਵੀਕਲ ਕੈਂਸਰ ਨਾਲ ਪ੍ਰਭਾਵਿਤ ਹਰ ਔਰਤ ਨੂੰ ਇਸਦਾ ਫਾਇਦਾ ਹੋਵੇ, ਇਹ ਜ਼ਰੂਰੀ ਨਹੀਂ ਹੈ।

ਇਸ ਅਧਿਐਨ ਵਿੱਚ ਅਜਿਹੀਆਂ ਕਈ ਔਰਤਾਂ ਸ਼ਾਮਲ ਸਨ ਜਿਨ੍ਹਾਂ ਦੇ ਹੋਰ ਅੰਗਾਂ ਵਿੱਚ ਕੈਂਸਰ ਦਾ ਫੈਲਾਅ ਸ਼ੁਰੂ ਨਹੀਂ ਹੋਇਆ ਸੀ।

ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਜਿਨ੍ਹਾਂ ਔਰਤਾਂ ਵਿੱਚ ਇਹ ਕੈਂਸਰ ਵੱਧ ਚੁੱਕਿਆਂ ਹੈ ਉਨ੍ਹਾਂ ਦੇ ਲਈ ਇਹ ਇਲਾਜ ਕਿਵੇਂ ਕੰਮ ਕਰੇਗਾ।

ਇਨ੍ਹਾਂ ਦਵਾਈਆਂ ਨਾਲ ਕਈ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ ਜਿਵੇਂ ਬੀਮਾਰ ਰਹਿਣਾ, ਉਲਟੀ ਆਉਣਾ ਅਤੇ ਵਾਲਾਂ ਦਾ ਝੜਨਾ ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News