ਦੁਸ਼ਿਹਰਾ: ਪੰਜਾਬ ਦੇ ਇਨ੍ਹਾਂ ਕਸਬਿਆਂ ਵਿੱਚ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਹੁੰਦੀ ਹੈ ਪੂਜਾ

Tuesday, Oct 24, 2023 - 08:29 AM (IST)

ਦੁਸਹਿਰਾ ਰਾਵਣ
BBC
ਲੁਧਿਆਣਾ ਜ਼ਿਲ੍ਹੇ ਦੇ ਪਾਇਲ ਵਿੱਚ ਲੱਗਾ ਰਾਵਣ ਦਾ ਬੁੱਤ

ਦੁਸ਼ਹਿਰਾ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ, ਇਸ ਦਿਨ ਮੁੱਖ ਤੌਰ ‘ਤੇ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ।

ਪਰ ਪੰਜਾਬ ਵਿੱਚ ਘੱਟੋ-ਘੱਟ ਦੋ ਥਾਵਾਂ ਅਜਿਹੀਆਂ ਹਨ ਜਿੱਥੇ ਰਾਵਣ ਦੀ ਪੂਜਾ ਹੁੰਦੀ ਹੈ।

ਲੁਧਿਆਣਾ ਜ਼ਿਲ੍ਹੇ ਦੇ ਕਸਬਾ ਪਾਇਲ ਵਿੱਚ ਰਾਵਣ ਦਾ ਪੱਕਾ ਬੁੱਤ ਲੱਗਿਆ ਹੋਇਆ ਹੈ। ਇੱਥੇ ਦੇ ਲੋਕਾਂ ਮੁਤਾਬਕ ਇਹ ਬੁੱਤ ਤਕਰੀਬਨ 180 ਸਾਲ ਪੁਰਾਣਾ ਹੈ।

ਇਸੇ ਤਰ੍ਹਾਂ ਮੁਕਤਸਰ ਸਾਹਿਬ ਵਿੱਚ ਵੀ ਵਾਲਮੀਕੀ ਭਾਈਚਾਰੇ ਵੱਲੋਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।

ਦੁਸਹਿਰਾ ਰਾਵਣ
BBC
ਇੱਥੇ ਮੰਦਿਰ ਵਿੱਚ ਰਾਮ ਜੀ ਦੀ ਮੂਰਤੀ ਵੀ ਸਥਾਪਤ ਕੀਤੀ ਗਈ ਹੈ

ਇੱਥੇ ਲੋਕ ਬਕਾਇਦਾ ਰਾਵਣ ਦੀ ਪੂਜਾ ਕਰਦੇ ਹਨ, ਮੱਥਾ ਟੇਕਦੇ ਹਨ ਅਤੇ ਚੀਜ਼ਾਂ ਚੜ੍ਹਾਉਂਦੇ ਹਨ।

ਇੱਥੇ ਆਉਣ ਵਾਲੇ ਸ਼ਰਧਾਲੂ ਦੱਸਦੇ ਹਨ ਕਿ ਉਨ੍ਹਾਂ ਦੀ ਰਾਵਣ ਵਿੱਚ ਪੂਰੀ ਆਸਥਾ ਹੈ।

ਇੱਥੋਂ ਦੇ ਪ੍ਰਬੰਧਕਾਂ ਵਿੱਚੋਂ ਇੱਕ ਵਿਨੋਦ ਰਾਜ ਦੂਬੇ ਨੇ ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਵੱਡੇ-ਵਡੇਰਿਆਂ ਵੱਲੋਂ ਕਾਫੀ ਸਾਲ ਪਹਿਲਾਂ ਇੱਥੇ ਬੁੱਤ ਸਥਾਪਤ ਕੀਤਾ ਗਿਆ ਸੀ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪੁਰਖਿਆਂ ਨੂੰ ਇੱਕ ਸੰਤ ਮਿਲੇ, ਜਿਨ੍ਹਾਂ ਦੇ ਕਹਿਣ ਉੱਤੇ ਉਨ੍ਹਾਂ ਨੇ ਇੱਥੇ ਮੰਦਿਰ ਦੀ ਉਸਾਰੀ ਕੀਤੀ।

ਇਹ ਉਸਾਰੀ ਉਨ੍ਹਾਂ ਆਪਣੇ ਵੰਸ਼ਜਾਂ ਲਈ ਕਰਵਾਈ ਸੀ।

ਉਨ੍ਹਾਂ ਦੱਸਿਆ, “ਰਾਵਣ ਨੂੰ ਵੇਦਾਂ ਦਾ ਗਿਆਤਾ ਮੰਨਦੇ ਹੋਏ ਇੱਥੇ ਬੁਤ ਲਗਾਇਆ ਗਿਆ ਸੀ।”

ਭਗਵਾਨ ਰਾਮ ਦੀ ਵੀ ਹੁੰਦੀ ਹੈ ਪੂਜਾ

ਦੁਸਹਿਰਾ ਰਾਵਣ
BBC

ਵਿਨੋਦ ਰਾਜ ਦੂਬੇ ਦੱਸਦੇ ਹਨ ਕਿ ਪਹਿਲਾਂ ਮੰਦਿਰ ਦੇ ਅੰਦਰ ਭਗਵਾਨ ਰਾਮ ਦੀ ਪੂਜਾ ਹੁੰਦੀ ਹੈ ਅਤੇ ਫਿਰ ਮੰਦਿਰ ਦੇ ਬਾਹਰ ਸ਼ਰਧਾਲੂ ਰਾਵਣ ਨੂੰ ਪੂਜਦੇ ਅਤੇ ਮੱਥਾ ਟੇਕਦੇ ਹਨ।

ਉਹ ਦੱਸਦੇ ਹਨ ਕਿ ਇੱਥੇ ਬੁੱਤ 1838-1840 ਦੇ ਵਿੱਚ ਬਣਾਇਆ ਗਿਆ ਸੀ।

ਪਹਿਲਾਂ ਇਹ ਮੰਦਿਰ 1835 ਵਿੱਚ ਬਣਿਆ, ਇੱਥੇ ਅਸਥਾਈ ਪੁਤਲਾ ਹੋਇਆ ਕਰਦਾ ਸੀ ਫਿਰ ਬਜ਼ੁਰਗਾਂ ਨੇ ਸਥਾਈ ਬੁੱਤ ਸਥਾਪਤ ਕੀਤਾ।

ਸ਼ਰਾਬ ਵੀ ਚੜ੍ਹਾਈ ਜਾਂਦੀ ਹੈ

ਦੁਸਹਿਰਾ ਰਾਵਣ
BBC
ਵਿਨੋਦ ਰਾਜ ਦੂਬੇ

ਅਖਿਲ ਪ੍ਰਕਾਸ਼ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਇਨ੍ਹਾਂ ਦੇ ਪੁਤਲੇ ਨੂੰ ਅਗਨੀ ਵੀ ਦਿੱਤੀ ਜਾਂਦੀ ਹੈ ਅਤੇ ਸ਼ਰਾਬ ਵੀ ਚੜ੍ਹਾਈ ਜਾਂਦੀ ਹੈ। ਉਨ੍ਹਾਂ ਦੱਸਿਆ ਸੀ ਕਿ ਸ਼ਰਾਬ ਪੁਤਲੇ ਦੇ ਆਲੇ-ਦੁਆਲੇ ਪਾਈ ਜਾਂਦੀ ਹੈ।

ਇੱਥੋਂ ਦੇ ਸਥਾਨਕ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਇੱਥੇ ਹਰ ਵਰਗ ਦੇ ਲੋਕ ਆਉਂਦੇ ਹਨ।

ਦਰਬਾਰਾ ਸਿੰਘ ਦੱਸਦੇ ਹਨ ਕਿ ਉਹ ਬਚਪਨ ਤੋਂ ਹੀ ਇੱਥੇ ਆ ਰਹੇ ਹਨ। ਉਨ੍ਹਾਂ ਦੱਸਿਆ, “ਸ਼ੁਰੂ ਵਿੱਚ ਅਸੀਂ ਥੋੜ੍ਹਾ ਡਰਦੇ ਸੀ ਕਿ ਸ਼ਾਇਦ ਕੋਈ ਜਾਤ ਦਾ ਚੱਕਰ ਨਾ ਹੋਵੇ ਪਰ ਇੱਥੇ ਸਭ ਧਰਮਾਂ ਦੇ ਲੋਕ ਆਉਂਦੇ ਹਨ।”

ਪਾਇਲ ਦੇ ਰਹਿਣ ਵਾਲੇ ਸ਼ਰਧਾਲੂ ਤਨੂੰ ਵਰਮਾ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਇੱਥੇ ਰਾਵਣ ਦੀ ਪੂਜਾ ਦੇਖੀ ਸੀ ਤਾਂ ਉਹ ਬਹੁਤ ਹੈਰਾਨ ਹੋਏ ਸਨ।

ਉਹ ਦੱਸਦੇ ਹਨ, ਉਹ ਘਰ ਵਿੱਚ ਗੋਬਰ ਦੇ ਦੱਸ ਮੂੰਹ ਬਣਾਉਂਦੇ ਹਾਂ ਅਤੇ ਉਨ੍ਹਾਂ ਨੂੰ ਸੱਤ ਚੀਜ਼ਾਂ ਦਾ ਭੋਗ ਲਾਇਆ ਜਾਂਦਾ ਹੈ।

ਉਹ ਦੱਸਦੇ ਹਨ ਕਿ ਫਿਰ ਉਸ ਤੋਂ ਬਾਅਦ ਉਹ ਰਾਮ ਮੰਦਿਰ ਆਉਂਦੇ ਹਨ ਅਤੇ ਮੱਥਾ ਟੇਕ ਕੇ ਰਾਵਣ ਦੀ ਪੂਜਾ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਰਾਵਣ ਵੀ ਮਹਾਪੁਰਸ਼ ਸਨ, ਅਸੀਂ ਉਨ੍ਹਾਂ ਨੂੰ ਸਾੜਣਾ ਸਹੀ ਨਹੀਂ ਮੰਨਦੇ।

ਘਰ ਵਿੱਚ ਬੱਸ ਰਾਵਣ ਦੀ ਫੋਟੋ

ਦੁਸਹਿਰਾ ਰਾਵਣ
BBC
ਵਿਕਰਮ ਸਿੰਘ

ਰੋਪੜ ਤੋਂ ਆਏ ਸ਼ਰਧਾਲੂ ਵਿਕਰਮ ਸਿੰਘ ਨੇ ਦੱਸਿਆ ਸੀ ਕਿ ਉਹ ਪਿਛਲੇ ਪੰਜ ਸੱਤ ਸਾਲ ਤੋਂ ਇੱਥੇ ਮੱਥਾ ਟੇਕਣ ਆ ਰਹੇ ਹਨ ਅਤੇ ਉਨ੍ਹਾਂ ਦੀਂਆ ਸਾਰੀਆਂ ਮਨੋਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਵਿੱਚ ਬੱਸ ਰਾਵਣ ਦੀ ਫੋਟੋ ਲੱਗੀ ਹੈ ਜਿਹੜੀ ਉਨ੍ਹਾਂ ਨੇ ਜੈਪੁਰ ਤੋਂ ਬਣਵਾਈ ਸੀ।

ਉਹ ਕਹਿੰਦੇ ਹਨ ਕਿ ਸਾਡੇ ਬਜ਼ੁਰਗਾਂ ਵਿੱਚ ਇਹ ਰੀਤ ਚਲਦੀ ਆ ਰਹੀ ਹੀ ਇਸੇ ਨੂੰ ਅਸੀਂ ਅੱਗੇ ਚਲਾ ਰਹੇ ਹਾਂ।

ਅਗਨੀਦਹਨ ਦੇ ਵੇਲੇ ਅਸੀਂ ਸ਼ਰਾਬ ਵੀ ਚੜ੍ਹਾਉਂਦੇ ਹਾਂ।

ਮੁਕਤਸਰ ਵਿੱਚ 7 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਪੂਜਾ

ਮੁਕਤਸਰ  ਦੁਸਹਿਰਾ
Ashok Sonu
ਮੁਕਤਸਰ ਦੇ ਅਸ਼ੋਕ ਸੋਨੂ ਵੱਲੋਂ ਸੱਤ ਸਾਲ ਪਹਿਲਾਂ ਤੋਂ ਰਾਵਣ ਦੀ ਪੂਜਾ ਸ਼ੁਰੂ ਕੀਤੀ ਗਈ

ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਬਾਈਪਾਸ ’ਤੇ ਦੁਸਹਿਰਾ ਮੌਕੇ ਵਾਲਮੀਕੀ ਭਾਈਚਾਰੇ ਵੱਲੋਂ ਹਰ ਸਾਲ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।

ਬੀਬੀਸੀ ਸਹਿਯੋਗੀ ਭਾਰਤ ਭੂਸ਼ਣ ਨੂੰ ਵਾਲਮੀਕੀ ਸਭਾ ਦੇ ਪ੍ਰਧਾਨ ਅਸ਼ੋਕ ਸੋਨੂੰ ਨੇ ਦੱਸਿਆ ਕਿ ਇਸ ਦਿਨ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਲੰਕਾ ਦੇ ਰਾਜਾ ਰਾਵਣ ਦੀ ਤਸਵੀਰ ਅੱਗੇ ਮੋਮਬੱਤੀਆਂ ਜਗਾ ਕੇ ਭਗਵਾਨ ਵਾਲਮੀਕੀ ਦਾ ਪਾਠ ਕੀਤਾ ਜਾਂਦਾ ਹੈ।

ਮਗਰੋਂ ਇਕੱਠ ਵਿੱਚ ਵਾਲਮੀਕੀ ਸਭਾ ਦੇ ਪ੍ਰਧਾਨ ਅਸ਼ੋਕ ਸੋਨੂੰ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਰਾਵਣ ਦੀਆਂ ਚੰਗਿਆਈਆਂ ਦਾ ਪ੍ਰਚਾਰ ਕੀਤਾ ਜਾਂਦਾ ਹੈ।

ਕਦੋਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ

ਦੁਸਹਿਰਾ ਰਾਵਣ
Ashok Sonu

ਵਾਲਮੀਕੀ ਸਭਾ ਦੇ ਪ੍ਰਧਾਨ ਅਸ਼ੋਕ ਸੋਨੂੰ ਨੇ ਨੂੰ ਦੱਸਿਆ ਕਿ ਤਕਰੀਬਨ 7 ਸਾਲ ਪਹਿਲਾਂ ਉਨ੍ਹਾਂ ਵੱਲੋਂ ਇਕੱਲਿਆਂ ਹੀ ਇਸ ਚੌਂਕ ਵਿਚ ਦਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕਰਨੀ ਸ਼ੁਰੂ ਕੀਤੀ ਗਈ ਸੀ।

ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਭਾਈਚਾਰੇ ਦੇ ਕੁੱਝ ਲੋਕ ਹੁਣ ਵੱਡੀ ਗਿਣਤੀ ਵਿੱਚ ਇਸ ਦਿਨ ਮੌਕੇ ਇਕੱਠੇ ਹੁੰਦੇ ਹਨ ਤੇ ਰਾਵਣ ਨੂੰ ਪੂਜਦੇ ਹਨ।

ਅਜਿਹਾ ਕਿਉਂ ਕੀਤਾ ਜਾਂਦਾ ਹੈ

ਉਨ੍ਹਾਂ ਦੱਸਿਆ ਕਿ, “ਹਿੰਦੂ ਧਰਮ ਦੇ ਪਵਿੱਤਰ ਗ੍ਰੰਥ ਸੰਸਕ੍ਰਿਤ ਭਾਸ਼ਾ ਵਿੱਚ ਵਾਲਮੀਕੀ ਰਾਮਾਇਣ ਅਤੇ ਬ੍ਰਜ ਭਾਸ਼ਾ ਵਿਚ ਲਿਖੀ ਗੋਸੁਆਮੀ ਤੁਲਸੀ ਦਾਸ ਦੁਆਰਾ ਰਚਿਤ ਰਾਮ ਚਰਿੱਤਰ ਮਾਨਸ ਅਨੁਸਾਰ ਰਾਵਣ ਮਹਾਨ ਰਿਸ਼ੀ ਵਿਸ਼ਰਵਾ ਦੀ ਸੰਤਾਨ ਸੀ ਤੇ ਉਹ ਰਾਖ਼ਸ਼ ਕੁਲ ਵਿਚ ਪੈਦਾ ਹੋਏ ਸੀ।”

ਅਸ਼ੋਕ ਸੋਨੂੰ ਦੱਸਦੇ ਹਨ ਕਿ ਕੁੱਝ ਸਮਾਂ ਪਹਿਲਾਂ ਜਦ ਵਾਲਮਿਕ ਤੀਰਥ ਸਬੰਧੀ ਵਿਵਾਦ ਚੱਲਿਆ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਕਿ ਰਾਵਣ ਨਾਲ ਉਨ੍ਹਾਂ ਦੇ ਸਮਾਜ ਦਾ ਸਬੰਧ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਤਕਰੀਬਨ ਦਸ ਸਾਲ ਪਹਿਲਾਂ ਉਨ੍ਹਾਂ ਜ਼ੀ.ਟੀ ਉੁਤੇ ਪ੍ਰਸਾਰਿਤ ਹੋਏ ਸੀਰੀਅਲ ਦੌਰਾਨ ‘ਰਾਵਣ’ ਨੂੰ ਵੇਖਿਆ ਤੇ ਉਸ ਵਿਚ ਰਾਵਣ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਿਆ ਜਿਸ ਤੋਂ ਕਾਫੀ ਪ੍ਰਭਾਵਿਤ ਹੋਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਕਰਨਾ ਸ਼ੁਰੂ ਕੀਤਾ ਸੀ।

‘ਕਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ’

ਵਾਲਮੀਕੀ ਸਭਾ ਦੇ ਪ੍ਰਧਾਨ ਅਨੁਸਾਰ ਦੁਸਹਿਰੇ ਵਾਲੇ ਦਿਨ ਜਿਥੇ ਦੇਸ਼ ਭਰ ਵਿਚ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ, ਉਥੇ ਹੀ ਉਨ੍ਹਾਂ ਵੱਲੋਂ ਰਾਵਣ ਨੂੰ ਇਸ ਦਿਨ ਪੂਜਣ ਦੀ ਰਵਾਇਤ ਕਾਇਮ ਕਰਨ ਤੇ ਉਨ੍ਹਾਂ ਨੂੰ ਕਦੀ ਵੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News