ਜਦੋਂ ਇਹ ਬੱਚਾ ਚਾਰ ਦਿਨਾਂ ਤੱਕ ਲਗਾਤਾਰ ਵੀਡੀਓ ਗੇਮ ਖੇਡਦਾ ਰਿਹਾ ਤਾਂ ਜਾਣੋ ਉਸ ਦੇ ਦਿਮਾਗ ’ਤੇ ਇਸ ਦਾ ਕੀ ਅਸਰ ਹੋਇਆ
Monday, Oct 23, 2023 - 08:29 AM (IST)
ਤਾਮਿਲਨਾਡੂ ਦੇ ਰਹਿਣ ਵਾਲੇ ਇੱਕ ਅੱਲੜ ਉਮਰ ਦੇ ਮੁੰਡੇ ਨੂੰ ਇਲਾਜ ਲਈ ਸਰਕਾਰੀ ਮਨੋਰੋਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਹ ਮੁੰਡਾ ਆਪਣੇ ਆਪ ਨੂੰ ਵਰਚੂਅਲ ਗੇਮ ਦਾ ਸਭ ਤੋਂ ਤਾਕਤਵਰ ਕਿਰਦਾਰ ਸਮਝਦਾ ਸੀ।
ਇੱਕ ਪੂਰੇ ਹਫ਼ਤੇ ਦੇ ਇਲਾਜ ਤੋਂ ਬਾਅਦ ਹੁਣ ਇਸ ਮੁੰਡੇ ਨੂੰ ਮਾਨਸਿਕ ਰੋਗਾਂ ਦੇ ਡਾਕਟਰਾਂ ਵੱਲੋਂ ਨਸ਼ਾ ਛੁਡਾਊ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦਾ ਇਲਾਜ ਨੀਂਦ ਦੀਆਂ ਗੋਲੀਆਂ ਅਤੇ ਕਾਊਂਸਲਿੰਗ ਰਾਹੀਂ ਕੀਤਾ ਗਿਆ।
ਉਨ੍ਹਾਂ ਨੂੰ ਰਾਨੀਪੇਟ ਜ਼ਿਲ੍ਹੇ ਦੇ ਹਸਪਤਾਲ ਤੋਂ ਚੇਨੱਈ ਸ਼ਹਿਰ ਵਿੱਚ ਲਿਆਂਦੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਈ ਲੋਕਾਂ ਵੱਲੋਂ ਦੇਖੀ ਗਈ।
ਉਨ੍ਹਾਂ ਨੂੰ ਇੱਕ ਐਂਬੂਲੈਂਸ ਵਿੱਚ ਲੱਤਾਂ ਬਾਹਾਂ ਰੱਸੀ ਨਾਲ ਬੰਨ੍ਹ ਕੇ ਲਿਆਂਦਾ ਗਿਆ ਤਾਂ ਜੋ ਉਹ ਕੁਝ ਤੋੜ ਨਾ ਦੇਵੇ।
ਮੁੰਡੇ ਦੀ ਉਹ ਵੀਡੀਓ ਜਿਸ ਵਿੱਚ ਮੁੰਡਾ ਚੀਕਾਂ ਮਾਰ ਰਿਹਾ ਹੈ ਅਤੇ ਇਸ ਤਰ੍ਹਾਂ ਵਿਵਹਾਰ ਕਰ ਰਿਹਾ ਹੈ ਜਿਵੇਂ ਉਸ ਕੋਲ ‘ਸੁਪਰ ਪਾਵਰ’ ਹੋਵੇ, ਇਸ ਨੇ ਬਹੁਤ ਲੋਕਾਂ ਦਾ ਧਿਆਨ ਆਪਣੇ ਵੱਲ੍ਹ ਖਿੱਚਿਆ।
ਉਨ੍ਹਾਂ ਦੀ ਮਾਂ ਜਿਨ੍ਹਾਂ ਨੂੰ ਜਦੋਂ ਆਪਣੇ ਪੁੱਤਰ ਦੇ ਵਿਵਹਾਰ ਬਾਰੇ ਕੁਝ ਗ਼ਲਤ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਪ੍ਰਸ਼ਾਸਨ ਤੱਕ ਮਦਦ ਲਈ ਪਹੁੰਚ ਕੀਤੀ।
ਉਨ੍ਹਾਂ ਦਾ ਪੁੱਤਰ ਚਾਰ ਦਿਨਾਂ ਤੱਕ ਬਿਨਾਂ ਚੰਗੀ ਤਰ੍ਹਾਂ ਨੀਂਦ ਲਏ ਅਤੇ ਭੋਜਦ ਖਾਧੇ ਗੇਮ ਖੇਡਦਾ ਰਿਹਾ।
ਪਰਿਵਾਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ।
ਡਾਕਟਰ ਨੇ ਕੀ ਕਿਹਾ?
ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ, ਨਾਬਾਲਗ ਮੁੰਡੇ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਬੀਬੀਸੀ ਨਾਲ ਗੇਮ ਦੀ ਖ਼ਤਰਨਾਕ ਆਦਤ ਬਾਰੇ ਗੱਲ ਕੀਤੀ।
“ਉਸਨੂੰ ਇਹ ਆਦਤ ਇੱਕ ਜਾਂ ਦੋ ਦਿਨਾਂ ਵਿੱਚ ਨਹੀਂ ਪਈ। ਕਿਉਂਕਿ ਉਨ੍ਹਾਂ ਦਾ ਬਚਪਨ ਮੁਸ਼ਕਲਾਂ ਭਰਿਆ ਰਿਹਾ ਹੈ ਅਤੇ ਘਰ ਵਿੱਚ ਉਨ੍ਹਾਂ ਦਾ ਖਿਆਲ ਨਹੀਂ ਰੱਖਿਆ ਗਿਆ, ਬੱਚੇ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਕਿ ਵਰਚੂਅਲ ਗੇਮ ਹੀ ਉਸ ਦੀ ਸਭ ਤੋਂ ਚੰਗੀ ਸਾਥੀ ਹੈ।”
“ਗੇਮ ਦੇ ਸੰਸਾਰ ਨੇ ਉਨ੍ਹਾਂ ਨੂੰ ਸੁਰੱਖਿਆ ਦੀ ਭਾਵਨਾ ਦਿੱਤੀ ਅਤੇ ਇਹ ਹਰ ਵੇਲੇ ਉਨ੍ਹਾਂ ਲਈ ਮੌਜੂਦ ਸੀ। ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਕੋਲ ਕੰਮ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਉਨ੍ਹਾਂ ਦਾ ਵੱਡਾ ਭਰਾ ਵੀ ਨੌਕਰੀ ਲਈ ਵਿਦੇਸ਼ ਚਲਾ ਗਿਆ। ਇਸ ਮਗਰੋਂ ਬੱਚਾ ਵਰਚੂਅਲ ਗੇਮ ਦੇ ਸੰਸਾਰ ਵਿੱਚ ਚੰਗਾ ਮਹਿਸੂਸ ਕਰਨ ਲੱਗ ਪਿਆ ਅਤੇ ਉਨ੍ਹਾਂ ਨੂੰ ਇਸ ਦੀ ਮਾੜੀ ਆਦਤ ਪੈ ਗਈ।
ਇਹ ਕਹਿੰਦਿਆਂ ਕਿ ਵਰਚੂਅਲ ਗੇਮ ਸੰਸਾਰ ਵਿੱਚ ਹਾਸਲ ਹੋਈ ਸਫ਼ਲਤਾ ਅਤੇ ਅਸਫ਼ਲਤਾ ਨੇ ਉਨ੍ਹਾਂ ਦੀ ਖੁਸ਼ੀ ਵਿੱਚ ਇਜ਼ਾਫ਼ਾ ਕੀਤਾ।
ਡਾਕਟਰ ਨੇ ਕਿਹਾ, “ਉਸ ਨੂੰ ਚੰਗਾ ਲੱਗਾ ਜਦੋਂ ਉਸ ਨੂੰ ਆਪਣੇ ਪ੍ਰਦਰਸ਼ਨ ਦਾ ਇਨਾਮ ਮਿਲਿਆ। ਪਰ ਇਹ ਗੇਮਿੰਗ ਚਾਰ ਦਿਨਾਂ ਲਈ ਮੈਰਾਥਾਨ ਵਾਂਗ ਚੱਲਦੀ ਰਹੀ ਤਾਂ ਉਸ ’ਚ ਨੇ ਗੈਰ ਕੁਦਰਤੀ ਪ੍ਰਤੀਕਰਮ ਨਜ਼ਰ ਆਉਣ ਲੱਗੇ। ਉਹ ਇੱਕ ਤਾਕਤਵਰ ਬੰਦੇ ਵਾਂਗ ਚੀਜ਼ਾਂ ਸੁੱਟਣ ਲੱਗਾ।”
“ਸ਼ੁਰੂਆਤ ਵਿੱਚ ਅਸੀਂ ਉਸਨੂੰ ਸ਼ਾਂਤ ਕਰਨ ਲਈ ਨੀਂਦ ਦੀ ਦਵਾਈ ਦਾ ਡੋਜ਼ ਦਿੱਤਾ ਅਤੇ ਫ਼ਿਰ ਕਾਊਂਸਲਿੰਗ ਸ਼ੁਰੂ ਕੀਤੀ, ਉਸਨੇ ਇਲਾਜ ਦਾ ਬਹੁਤ ਵਿਰੋਧ ਕੀਤਾ ਪਰ ਅਸੀਂ ਉਸ ਨੂੰ ਮਨਾ ਲਿਆ ਸੀ।”
ਓਸੀਡੀ ਕੀ ਹੈ?
ਡਾਕਟਰਾਂ ਨੇ ਦੱਸਿਆ ਕਿ ਉਹ ਓਬਸੈਸਿਵ ਕੰਪਲਸਿਵ ਡਿਸਆਰਡਰ (ਓਸੀਡੀ) ਜਿਹੇ ਹਾਲਾਤ ਵਿੱਚੋਂ ਲੰਘਿਆ ਅਤੇ ਉਨ੍ਹਾਂ ਨੂੰ ਗੇਮ ਖੇਡ ਕੇ ਤਣਾਅ ਤੋਂ ਰਾਹਤ ਮਿਲੀ ਅਤੇ ਚੰਗਾ ਮਹਿਸੂਸ ਹੋਇਆ।
ਓਸੀਡੀ ਇੱਕ ਅਜਿਹੀ ਮਾਨਸਿਕ ਸਥਿਤੀ ਹੈ ਜਿਸ ਵਿੱਚ ਲੋਕਾਂ ਨੁੰ ਬੇਕਾਬੂ ਵਿਚਾਰ ਵਾਰ-ਵਾਰ ਆਉਂਦੇ ਹਨ।
ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਕਿਸੇ ਵਿਅਕਤੀ ਨੂੰ ਕਿਸੇ ਕੰਮ ਦੀ ਆਦਤ ਪੈ ਗਈ ਹੈ ਤਾਂ ਉਸ ਨੂੰ ਇੱਕੋਦਮ ਇਸ ਕੰਮ ਤੋਂ ਨਹੀਂ ਹਟਾਉਣਾ ਚਾਹੀਦਾ, ਸਗੋਂ ਹੌਲੀ-ਹੌਲੀ ਇਸ ਕੰਮ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ, “ਜੇਕਰ ਅਸੀਂ ਕਿਸੇਂ ਵਿਅਕਤੀ ਉੱਤੇ ਜ਼ੋਰ ਪਾਵਾਂਗੇ ਤਾਂ ਇਸ ਦੇ ਮਾੜੇ ਨਤੀਜੇ ਹੋ ਸਕਦੇ ਹਨ, ਇਸਦੀ ਥਾਂ ਸਾਨੂੰ ਉਨ੍ਹਾਂ ਨੂੰ ਅਜਿਹੇ ਬਦਲਵੇਂ ਕੰਮਾਂ ਵਿੱਚ ਸ਼ਾਮਲ ਕਰਕੇ ਇਸ ਮਾੜੀ ਆਦਤ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ, ਨਸ਼ੇ ਅਤੇ ਸ਼ਰਾਬ ਵਾਂਗ।”
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਕੋਲ ਪਹਿਲਾਂ ਵੀ ਅਜਿਹੇ ਮਰੀਜ਼ ਆਉਂਦੇ ਰਹੇ ਹਨ ਅਤੇ ਇਹ ਵਰਤਾਰਾ ਬੱਚਿਆਂ ਅਤੇ ਨਾਬਾਲਗਾਂ ਤੱਕ ਸੀਮਤ ਨਹੀਂ ਹੈ ਇਹ 18 ਸਾਲ ਦੀ ਉਮਰ ਤੋਂ ਵੱਧ ਦੇ ਲੋਕਾਂ ਵਿੱਚ ਵੀ ਦੇਖਿਆ ਗਿਆ ਹੈ।
ਪਹਿਲਾ ਕੇਸ
ਇੱਕ ਮੱਧ-ਉਮਰ ਦੇ ਵਿਅਕਤੀ ਨੇ ਹਰ ਰੋਜ਼ ਸ਼ਹਿਰ ਦੀ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਉਂਣੀਆਂ ਸ਼ੁਰੂ ਕਰ ਦਿੱਤੀਆਂ। ਉਸ ਵਿਅਕਤੀ ਨੂੰ ਆਪਣੇ ਬਾਰੇ ਅਸੁਰੱਖਿਆ ਦੇ ਖਿਆਲ ਆਉਂਦੇ ਸਨ। ਉਹ ਹਰ ਰੋਜ਼ ਪੁਲਿਸ ਦੀ ਹੈਲਪਲਾਈਨ ਉੱਤੇ ਫੋਨ ਕਰਕੇ ਇਹ ਕਹਿੰਦਾ ਸੀ ਕਿ ਕਿਸੇ ਨੇ ਉਨ੍ਹਾਂ ਦੇ ਘਰ ਦੇ ਕੋਲ ਬੰਬ ਰੱਖ ਦਿੱਤਾ ਹੈ ਅਤੇ ਉਹ ਸੁਰੱਖਿਆ ਦੇ ਲਈ ਚੇਤਾਵਨੀ ਦੇ ਰਿਹਾ ਹੈ।
ਅਸਲੀਅਤ ਵਿੱਚ ਅਜਿਹਾ ਕੁਝ ਵੀ ਉਸ ਇਲਾਕੇ ਵਿੱਚ ਨਹੀਂ ਮਿਲਿਆ। ਪਰ ਉਹ ਪੁਲਿਸ ਨੂੰ ਰੋਜ਼ ਫੋਨ ਕਰਦਾ ਰਿਹਾ। ਅਸੀਂ ਉਸਦੇ ਵਿਵਹਾਰ ਉੱਤੇ ਨਜ਼ਰ ਰੱਖੀ ਕਿ ਅਤੇ ਆਪਣੇ ਪਰਿਵਾਰ ਬਾਰੇ ਉਸਦੇ ਖਿਆਲਾਂ ਬਾਰੇ ਪਤਾ ਲੱਗਾ, ਸਾਨੂੰ ਉਸ ਦੀ ਮੁਸ਼ਕਲ ਦਾ ਪਤਾ ਲੱਗਾ।
ਉਹ ਬੱਸ ਇਹੀ ਚਾਹੁੰਦਾ ਹੈ ਕਿ ਉਸ ਦੇ ਪਰਿਵਾਰ ਦੇ ਲੋਕ ਉਸਦੇ ਨਾਲ ਰਹਿਣ ਅਤੇ ਉਸਦੀ ਹੋਂਦ ਨੂੰ ਮੰਨਣ।
ਸ਼ੁਰੂਆਤ ਵਿੱਚ ਉਸ ਦੇ ਪਰਿਵਾਰ ਨੇ ਉਸ ਨੂੰ ਫੋਨ ਵਰਤਣ ਤੋਂ ਰੋਕਿਆ ਪਰ ਇਹ ਹੱਲ ਨਹੀਂ ਸੀ। ਪਰ ਇਲਾਜ ਤਿੰਨ ਮਹੀਨਿਆਂ ਤੱਕ ਚੱਲਿਆ।
ਅਸੀਂ ਉਸਦੇ ਪਰਿਵਾਰ ਨੂੰ ਇਹ ਸਲਾਹ ਦਿੱਤੀ ਕਿ ਉਹ ਦੋਸਤਾਂ ਦੀ ਇੱਕ ਸੂਚੀ ਦੇਣ ਜਿਸ ਨਾਲ ਉਹ ਹਰ ਵੇਲੇ ਗੱਲ ਕਰ ਸਕੇ। ਅਸੀਂ ਉਸ ਦੀ ਕਾਊਂਸਲਿੰਗ ਕੀਤੀ ਅਤੇ ਦਵਾਈਆਂ ਦਿੱਤੀਆਂ ਜਿਸ ਮਗਰੋਂ ਉਸ ਦੀ ਹਾਲਤ ਵਿੱਚ ਸੁਧਾਰ ਹੋਇਆ।
ਦੂਜਾ ਕੇਸ
ਇੱਕ ਬੱਚੇ ਦੇ ਇਮਤਿਹਾਨਾਂ ਵਿੱਚ ਬਹੁਤ ਘੱਟ ਨੰਬਰ ਆ ਰਹੇ ਸਨ, ਕਿਉਂਕਿ ਉਹ ਗੇਮਿੰਗ ਵਿੱਚ ਬਹੁਤ ਸਮਾਂ ਬਿਤਾ ਰਹਿਾ ਸੀ। ਉਨ੍ਹਾਂ ਦੇ ਮਾਪਿਆਂ ਨੇ ਉਸ ਨੂੰ ਚੇਤਾਵਨੀ ਦਿੱਤੀ ਅਤੇ ਆਨਲਾਈਨ ਗੇਮ ਖੇਡਣ ਤੋਂ ਰੋਕਿਆ।
ਗੇਮ ਸੈੱਟ ਨੂੰ ਤੋੜ ਕੇ ਛੱਤ ਉੱਤੇ ਰੱਖ ਦਿੱਤਾ ਗਿਆ। ਅਸੀਂ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਬੱਚੇ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਨ ਅਤੇ ਉਸ ਨਾਲ ਸਮਾਂ ਬਿਤਾਉਣ ਅਤੇ ਉਸ ਦੀ ਤਾਰੀਫ਼ ਵੀ ਕਰਨ।
ਇਸਦੇ ਨਾਲ ਹੀ ਇਹ ਵੀ ਮਹੱਤਵਪੂਰਨ ਹੈ ਕਿ ਉਹ ਆਪਣਾ ਸਕ੍ਰੀਨ ਟਾਈਮ ਘਟਾਉਣ। ਮਾਪਿਆਂ ਦੇ ਸਹਿਯੋਗ ਦੇ ਨਾਲ ਬੱਚੇ ਦਾ ਇਲਾਜ ਦੋ ਦਿਨ ਚੱਲਿਆ ਅਤੇ ਉਹ ਸਿਹਤਯਾਬ ਹੋ ਗਿਆ।
‘ਗੇਮਿੰਗ ਡਿਸਆਰਡਰ ਦੇ ਚਿੰਨ੍ਹ’
ਵਰਲਡ ਹੈਲਥ ਆਗਨਾਈਜ਼ੇਸ਼ਨ ਨੇ ਵੱਖ-ਵੱਖ ਦੇਸ਼ਾਂ ਵਿੱਚ ਨਸ਼ੇ ਦੀ ਆਦਤ ਨੂੰ ਮਾਨਤਾ ਦਿੱਤੀ ਅਤੇ ਇਸ ਨੂੰ 11ਵੀਂ ‘ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਡਿਸੀਜ਼ (ਆਈਸੀਡੀ)’ ਤਹਿਤ ਇੱਕ ਰੋਗ ਬੀਮਾਰੀ ਵਜੋਂ ਸ਼ਾਮਲ ਕੀਤਾ ਗਿਆ।
ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਬੁਲਾਰੇ ਕ੍ਰਿਸਚਿਅਨ ਲੰ[]]fਮੀਇਅਰ ਨੇ ਕਿਹਾ ਕਿ ਗੇਮਿੰਗ ਦੇ ਵਿਕਾਰ ਨੂੰ ਅਧਿਕਾਰਤ ਤੌਰ ਉੱਤੇ ਜਨਵਰੀ 2022 ਵਿੱਚ ਆਈਸੀਡੀ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। “ਹਾਲਾਂਕਿ ਇੱਕ ਜਾਂਚ ਕਰਨਯੋਗ ਸਿਹਤ ਅਵਸਥਾ ਵਜੋਂ ਇਸ ਨੂੰ 2019 ਵਿੱਚ ਮੰਨ ਲਿਆ ਗਿਆ ਸੀ ਅਤੇ ਇਸ ਨੂੰ ਆਈਸੀਡੀ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ 2022 ਵਿੱਚ ਲਿਆ ਗਿਆ।ਇਹ ਫ਼ੈਸਲਾ ਮਾਹਰਾਂ ਵੱਲੋਂ ਮੌਜੂਦ ਸਬੂਤਾਂ ਦੇ ਆਧਾਰ ਉੱਤੇ ਲਿਆ ਗਿਆ।”
ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਅਧਿਐਨ ਕਈ ਇਲਾਕਿਆਂ ਵਿੱਚ ਕਰਵਾੲ ਗਏੇ ਅਤੇ ਇਸ ਦੇ ਮਾਨਕੀਕਰਨ ਦੀ ਲੋੜ ਮਹਿਸੂਸ ਕੀਤੀ ਗਈ।
ਸ਼ੁਰੂਆਤੀ ਲੱਛਣ ਕੀ ਹਨ ?
ਮਾਹਰਾਂ ਮੁਤਾਬਕ ਇਹ ਕੁਝ ਸ਼ੁਰੂਆਤੀ ਲੱਛਣ ਹਨ, ਜਿਹੜੇ ਗੇਮਿੰਗ ਡਿਸਆਰਡਰ ਦੇ ਚਿੰਨ੍ਹ ਹੋ ਸਕਦੇ ਹਨ
- ਜਦੋਂ ਕੋਈ ਵਿਅਕਤੀ ਆਪਣਾ ਵਧੇਰੇ ਸਮਾਂ ਆਮ ਕੰਮਾਂ ਦੀ ਥਾਂ ਗੇਮ ਖੇਡਣ ਵਿੱਚ ਲਗਾਉਂਦਾ ਹੋਵੇ
- ਗੇਮ ਖੇਡਣ ਦਾ ਮੌਕਾ ਨਾ ਮਿਲਣ ਉੱਤੇ ਉਦਾਸੀ ਜਾਂ ਥਕਾਵਟ ਜ਼ਾਹਰ ਕਰਨਾ
- ਸਕੂਲ, ਕੰਮ ਜਾਂ ਘਰ ਵਿੱਚ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਕੋਈ ਦਿਲਚਸਪੀ ਨਾ ਦਿਖਾਉਣਾ
- ਆਪਣੀ ਪਸੰਦ ਦੇ ਖਾਣੇ ਜਾ ਹੋਰ ਮਨੋਰੰਜਨ ਵੱਲ ਧਿਆਨ ਨਾ ਦੇਣਾ
- ਸਕੂਲ ਅਤੇ ਕੰਮ ਵਾਲੀ ਥਾਂ ਉੱਤੇ ਘੱਟ ਧਿਆਨ ਲਾਉਣਾ
- ਖਿੱਝੇ ਹੋਏ ਅਤੇ ਚਿੰਤਤ ਲੱਗਣਾ
- ਆਪਣੇ ਦੋਸਤਾਂ ਤੋਂ ਅਲੱਗ ਰਹਿਣਾ
ਗੇਮਿੰਗ ਕੰਪਨੀਆਂ ਦੀ ਜ਼ਿੰਮੇਵਾਰੀ
ਰੋਜ਼ਾਨਾਂ ਸੈਂਕੜੇ ਨਵੀਆਂ ਖੇਡਾਂ ਬਣਦੀਆਂ ਹਨ। ਬਹੁਤ ਸਾਰੀਆਂ ਖੇਡਾਂ ਮੁਫ਼ਤ ਹਨ। ਕਿਉਂਕਿ ਕੰਪਨੀਆਂ ਵੱਲੋਂ ਖੇਡਾਂ ਸਾਰੇ ਸੰਸਾਰ ਵਿੱਚ ਲਾਂਚ ਕੀਤੀਆਂ ਜਾਂਦੀਆਂ ਹਨ।
ਭਾਰਤ ਵਿੱਚ ਲਿਆਂਦੇ ਗਏ ਕੋਈ ਵੀ ਨਿਯਮ ਇਨ੍ਹਾਂ ਉੱਤੇ ਪ੍ਰਭਾਵੀ ਤੌਰ ਉੱਤੇ ਲਾਗੂ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਕਿ ਗੇਮਿੰਗ ਦਾ ਨਸ਼ਾ ਰੋਕਣ ਲਈ ਵਰਤਿਆ ਜਾ ਸਕੇ।
ਅਸੀਂ ਚੇਨੱਈ ਵਿੱਚ ਗੇਮਾਂ ਬਣਾਉਣ ਵਾਲੀਆਂ ਕੰਪਨੀਆਂ ਕੋਲ ਵਰਚੂਅਲ ਗੇਮਾਂ ਦੇ ਵਿੱਚ ਹੀ ਸੁਰੱਖਿਆ ਦੇ ਇੰਤਜ਼ਾਮਾਂ ਬਾਰੇ ਪੜਤਾਲ ਕਰਨੀ ਚਾਹੁੰਦੇ ਸੀ।
ਸ੍ਰੀਧਰ, ਜੋ ਕਿ ਇੱਕ ਪ੍ਰਾਈਵੇਟ ਗੇਮ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕਰਦੇ ਹਨ, ਇਸ ਬਾਰੇ ਗੇਮਿੰਗ ਕੰਪਨੀਆਂ ਦੇ ਸਟੈਂਡ ਨੂੰ ਸਪੱਸ਼ਟ ਕਰਨਾ ਚਾਹੁੰਦੇ ਸੀ।
ਗੇਮ ਡਿਵੈਲਪਿੰਗ ਵਿੱਚ ਆਪਣੇ ਦੋ ਦਹਾਕਿਆਂ ਦੇ ਤਜ਼ਰਬੇ ਦੇ ਅਧਾਰ ਉੱਤੇ ਸ਼੍ਰੀਧਰ ਨੇ ਦੱਸਿਆ , ''''''''ਜ਼ਿਆਦਾਤਰ ਖੇਡਾਂ ਵਿੱਚ ਚੇਤਾਵਨੀ ਦਿੱਤੀ ਹੁੰਦੀ ਹੈ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਇਹ ਗੇਮ ਖੇਡਣੀ ਚਾਹੀਦੀ ਹੈ। ਬੱਚਿਆਂ ਲਈ ਵੀ ਕੁਝ ਗੇਮਾਂ ਤਿਆਰ ਕੀਤੀਆਂ ਜਾਂਦੀਆਂ ਹਨ, ਪਰ ਇਹ ਮਾਪਿਆਂ ਦੀ ਇਜਾਜ਼ਤ ਅਤੇ ਨਿਗਰਾਨੀ ਨਾਲ ਹੀ ਖੇਡੀਆਂ ਜਾਂਦੀਆਂ ਹਨ।”
ਉਨ੍ਹਾਂ ਦੱਸਿਆ, “ਪਰ ਮਾਪੇ ਆਮ ਤੌਰ ਉੱਤੇ ਉਮਰ ਦੀ ਸਹਿਮਤੀ ਨੂੰ ਗੰਭੀਰ ਮੁੱਦਾ ਨਹੀਂ ਮੰਨਦੇ । ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ, ਜੋ ਵਿਅਕਤੀ ਗੇਮ ਖੇਡਦਾ ਹੈ, ਉਸ ਨੂੰ ਗੇਮਿੰਗ ''''ਤੇ ਬਿਤਾਇਆ ਗਿਆ ਆਪਣਾ ਸਮਾਂ ਸਵੈ-ਸੀਮਤ ਕਰਨਾ ਚਾਹੀਦਾ ਹੈ, ਨਾ ਕਿ ਉਸ ਕੰਪਨੀ ਨੂੰ ਜਿਸ ਨੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਪੈਸਾ ਲਗਾਇਆ ਹੈ। ਕੋਈ ਵੀ ਕੰਪਨੀ ਚਾਹੇਗੀ ਕਿ ਖਪਤਕਾਰ ਉਸਦੇ ਉਤਪਾਦ ਦੀ ਵਰਤੋਂ ਕਰੇ ਅਤੇ ਅਸੀਂ ਵੀ ਅਜਿਹਾ ਹੀ ਚਾਹੁੰਦੇ ਹਾਂ।''''''''
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਰਤੋਂ ਦੇ ਸਮੇਂ ਨੂੰ ਸੀਮਤ ਕਰਨ ਲਈ ਕੋਈ ਇਨਬਿਲਟ ਵਿਕਲਪ ਕਿਉਂ ਨਹੀਂ ਹਨ, ਤਾਂ ਉਨ੍ਹਾਂ ਦੱਸਿਆ , ‘‘ਗੂਗਲ ਪਲੇ ਸਟੋਰ ਅਤੇ ਐਪਲ ਪਲੇ ਸਟੋਰ ਨੇ ਗੇਮਾਂ ਵਿੱਚ ਹਿੰਸਾ ਨੂੰ ਲੈ ਕੇ ਪਾਬੰਦੀਆਂ ਲਗਾਈਆਂ ਹਨ। ਪਰ ਹੁਣ ਤੱਕ ਕਿਸੇ ਵੀ ਗੇਮ ਵਿੱਚ ਸਕ੍ਰੀ ਟਾਈਮ (ਗੇਮ ਖੇਡਣ ਦੇ ਸਮੇਂ) ਨੂੰ ਲੈ ਕੇ ਕੋਈ ਪਾਬੰਦੀ ਵਿਕਲਪ ਨਹੀਂ ਹੈ।”
ਉਨ੍ਹਾਂ ਕਿਹਾ, “ਸੰਭਵ ਤੌਰ ''''ਤੇ ਉਪਭੋਗਤਾ ਸਕ੍ਰੀਨ ਸਮੇਂ ਦਾ ਪ੍ਰਬੰਧਨ ਕਰਨ ਲਈ ਔਨਲਾਈਨ ਅਲਾਰਮ ਦੀ ਵਰਤੋਂ ਕਰ ਸਕਦਾ ਹੈ। ਜ਼ਿਆਦਾਤਰ ਗੇਮਾਂ ਮੁਫ਼ਤ ਹਨ। ਕੁਝ ਗੇਮਾਂ ਵਿੱਚ ਖਿਡਾਰੀ ਕੁਝ ਦੌਰ ਮੁਫ਼ਤ ਖੇਡ ਸਕਦਾ ਹੈ ਅਤੇ ਗੇਮ ਨੂੰ ਜਾਰੀ ਰੱਖਣ ਲਈ ਪੈਸੇ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਸਕਰੀਨ ਦੇ ਸਮੇਂ ਨੂੰ ਸੀਮਤ ਕਰਨ ਲਈ ਹੁਣ ਇਹੀ ਇੱਕੋ ਇੱਕ ਵਿਕਲਪ ਉਪਲੱਬਧ ਹੈ।’’
ਭਾਰਤੀ ਕਾਨੂੰਨ ਦੀ ਭੂਮਿਕਾ
ਐਡਵੋਕੇਟ ਕਾਰਤੀਕੇਅਨ ਸਾਈਬਰ ਅਪਰਾਧ ਅਤੇ ਸੂਚਨਾ ਤਕਨਾਲੋਜੀ ਵਿੱਚ ਮਾਹਰ ਹਨ, ਉਨ੍ਹਾਂ ਮੁਤਾਬਕ ਕਿਸੇ ਵੀ ਕੰਪਨੀ ''''ਤੇ ਗੇਮਿੰਗ ਦੀ ਲਤ ਲਈ ਮੁਕੱਦਮਾ ਨਹੀਂ ਕੀਤਾ ਜਾ ਸਕਦਾ ਹੈ।
ਕਾਰਤੀਕੇਅਨ ਨੇ ਕਿਹਾ, ‘‘ਜੇਕਰ ਕਿਸੇ ਦੀ ਨਿੱਜਤਾ ਦੇ ਵੇਰਵੇ ਜਿਵੇਂ ਕਿ ਬੈਂਕ ਵੇਰਵੇ, ਪਛਾਣ ਸਬੂਤ ਗੇਮਿੰਗ ਸਾਈਟ ''''ਤੇ ਔਨਲਾਈਨ ਹੈਕ ਹੋ ਜਾਂਦੇ ਹਨ ਤਾਂ ਅਸੀਂ ਸਾਈਬਰ ਅਪਰਾਧ ਵਿਭਾਗ ਨੂੰ ਸੂਚਿਤ ਕਰ ਸਕਦੇ ਹਾਂ।”
“ਗੇਮਿੰਗ ਪਲੇਟਫਾਰਮਾਂ ਨੂੰ ਸੀਮਤ ਕਰਨ ਲਈ ਕੋਈ ਹੋਰ ਪਾਬੰਦੀ ਨਹੀਂ ਹੈ। ਕਈ ਕੰਪਨੀਆਂ ਆਪਣੇ ਉਤਪਾਦ ਔਨਲਾਈਨ ਜਾਰੀ ਕਰਦੀਆਂ ਹਨ ਅਤੇ ਕਲਾਉਡ ਪਲੇਟਫਾਰਮਾਂ ''''ਤੇ ਆਪਣੀਆਂ ਔਨਲਾਈਨ ਕੰਪਨੀਆਂ ਚਲਾਉਂਦੀਆਂ ਹਨ।’’
ਹਾਲ ਹੀ ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ‘ਗੇਮਿੰਗ ਡਿਸਆਰਡਰ’ ਬਾਰੇ ਇੱਕ ਸਲਾਹ ਦਿੱਤੀ ਹੈ ਅਤੇ ਗੇਮਿੰਗ ਕੰਪਨੀਆਂ ਨੂੰ ਗੇਮਾਂ ਦੇ ‘ਇੰਨ ਐਪ’ ਵਿਕਲਪ ਖਰੀਦਣ ਲਈ ਮਜਬੂਰ ਕਰਨ ਲਈ ਵੀ ਜ਼ਿੰਮੇਵਾਰ ਠਹਿਰਾਇਆ।
ਸਰਕਾਰੀ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਗੇਮ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਹਰ ਪੱਧਰ ਪਿਛਲੇ ਇੱਕ ਨਾਲੋਂ ਵਧੇਰੇ ਗੁੰਝਲਦਾਰ ਹੈ ਅਤੇ ਇਸ ਕਾਰਨ ਇੱਕ ਖਿਡਾਰੀ ਖੇਡ ਦੇ ਅਗਲੇ ਪੜ੍ਹਾਅ ਵਿੱਚ ਪਹੁੰਚਣ ਲਈ ਆਪਣੇ ਆਪ ਨੂੰ ਇਸ ਵਿੱਚ ਫਸਦਾ ਚਲਾ ਜਾਂਦਾ ਹੈ।
ਸਲਾਹਕਾਰੀ ਨੋਟ ਵਿੱਚ ਕਿਹਾ ਗਿਆ ਹੈ, ''''''''ਬਿਨਾਂ ਕਿਸੇ ਪਾਬੰਦੀ ਅਤੇ ਸਵੈ-ਸੀਮਾ ਦੇ ਔਨਲਾਈਨ ਗੇਮਾਂ ਖੇਡਣ ਨਾਲ ਬਹੁਤ ਸਾਰੇ ਖਿਡਾਰੀ ਆਦੀ ਹੋ ਜਾਂਦੇ ਹਨ ਅਤੇ ਅੰਤ ਵਿੱਚ ਗੇਮ ਦੀ ਲਤ ਲੱਗਣ ਦਾ ਪਤਾ ਲੱਗਦਾ ਹੈ। ਗੇਮਿੰਗ ਕੰਪਨੀਆਂ ਭਾਵਨਾਤਮਕ ਤੌਰ ''''ਤੇ ਬੱਚੇ ਨੂੰ ਹੋਰ ਪੱਧਰਾਂ ਦੀ ਖਰੀਦਦਾਰੀ ਕਰਨ ਲਈ ਮਜਬੂਰ ਕਰਦੀਆਂ ਹਨ ਅਤੇ ਲਗਭਗ ਇੰਨ-ਐਪ ਖਰੀਦਦਾਰੀ ਲਈ ਮਜਬੂਰ ਕਰਦੀਆਂ ਹਨ,''''''''
ਔਨਲਾਈਨ ਗੇਮਾਂ ਨਾਲ ਸਬੰਧਤ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਰਿਪੋਰਟ ਕਰਨ ਲਈ:
ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਦੀ ਹੈਲਪਲਾਈਨ: 1930
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)